ਖਿਡੌਣੇ ਵਾਲੀਆਂ ਬੰਦੂਕਾਂ ਨਾਲ ਜਹਾਜ਼ ਨੂੰ ਅਗਵਾ ਕਰਨ ਵਾਲੇ ਹਾਈਜੈਕਰ, ਜੋ ਬਾਅਦ ਵਿੱਚ ਇਸ ਪਾਰਟੀ ਵੱਲੋਂ ਵਿਧਾਇਕ ਬਣੇ

ਤਸਵੀਰ ਸਰੋਤ, Bureau of Aircraft Accidents Archives
- ਲੇਖਕ, ਵੱਕਾਰ ਮੁਸਤਫ਼ਾ
- ਰੋਲ, ਪੱਤਰਕਾਰ ਤੇ ਖੋਜਕਰਤਾ
20 ਦਸੰਬਰ, 1978 ਦੀ ਠੰਡੀ ਸ਼ਾਮ ਨੂੰ ਇੰਡੀਅਨ ਏਅਰਲਾਈਨਜ਼ ਫਲਾਈਟ 410 'ਤੇ ਸਵਾਰ ਦੋ ਨੌਜਵਾਨ 15ਵੀਂ ਕਤਾਰ ਵਿੱਚ ਆਪਣੀਆਂ ਸੀਟਾਂ ਤੋਂ ਉੱਠੇ ਅਤੇ ਕਾਕਪਿਟ ਵੱਲ ਚੱਲ ਪਏ। ਕਿਸੇ ਵੀ ਯਾਤਰੀ ਨੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਕਰੂ ਮੈਂਬਰਾਂ ਨੂੰ ਕੁਝ ਵੀ ਪਰੇਸ਼ਾਨ ਕਰਨ ਵਾਲਾ ਲੱਗਿਆ।
ਉਨ੍ਹਾਂ ਨੂੰ ਅਜਿਹਾ ਲੱਗਦਾ ਵੀ ਕਿਵੇਂ ਕਿਉਂਕਿ ਇੱਕ ਨੌਜਵਾਨ ਨੇ ਨਿਮਰਤਾ ਨਾਲ ਕਾਕਪਿਟ ਤੱਕ ਜਾਣ ਦੀ ਬੇਨਤੀ ਕੀਤੀ ਸੀ।
ਕਲਕੱਤਾ (ਹੁਣ ਕੋਲਕਾਤਾ) ਤੋਂ ਲਖਨਊ ਰਾਹੀਂ 126 ਯਾਤਰੀਆਂ ਅਤੇ ਛੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾਣ ਵਾਲੀ ਇਹ ਉਡਾਣ 15 ਮਿੰਟਾਂ ਵਿੱਚ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਉਤਰਨ ਵਾਲੀ ਸੀ ਪਰ ਉਦੋਂ ਹੀ ਮੰਜ਼ਰ ਬਦਲ ਗਿਆ।
ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ ਨੌਜਵਾਨ ਦੀ ਬੇਨਤੀ ਤੋਂ ਬਾਅਦ ਚਾਲਕ ਦਲ ਦੇ ਮੈਂਬਰ ਜੀਵੀ ਡੇ ਕੈਪਟਨ ਤੱਕ ਪਹੁੰਚਣ ਦੇ ਲਈ ਕਾਕਪਿਟ ਵਿੱਚ ਦਾਖਲ ਹੋਣ ਹੀ ਵਾਲੇ ਸਨ ਕਿ ਇੱਕ ਨੌਜਵਾਨ ਨੇ ਇੰਦਰਾ ਠਾਕਰੀ ਨਾਮਕ ਏਅਰ ਹੋਸਟੇਸ ਦੀ ਕੂਹਣੀ ਫੜ ਲਈ ਅਤੇ ਉਸ ਦੇ ਦੂਜੇ ਸਾਥੀ ਨੇ ਕਾਕਪਿਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਰਿਪੋਰਟ ਦੇ ਅਨੁਸਾਰ, "ਕਾਕਪਿਟ ਦੇ ਚੁੰਬਕੀ ਦਰਵਾਜ਼ੇ ਦਾ ਆਟੋਮੈਟਿਕ ਲੌਕ ਜਾਮ ਹੋ ਗਿਆ ਸੀ ਅਤੇ ਜਦੋਂ ਦੋਵੇਂ ਨੌਜਵਾਨਾਂ ਨੇ ਪੂਰਾ ਜ਼ੋਰ ਲਗਾਇਆ ਤਾਂ ਦਰਵਾਜ਼ਾ ਖੁੱਲ੍ਹ ਗਿਆ ਅਤੇ ਉਹ ਅੰਦਰ ਦਾਖਲ ਹੋ ਗਏ।"
ਉਦੋਂ ਤੱਕ ਯਾਤਰੀਆਂ ਅਤੇ ਚਾਲਕ ਦਲ ਨੂੰ ਅਹਿਸਾਸ ਹੋ ਗਿਆ ਸੀ ਕਿ ਕੋਈ ਗੜਬੜ ਹੈ।
ਕੁਝ ਮਿੰਟਾਂ ਬਾਅਦ ਕੈਪਟਨ ਦੀ ਆਵਾਜ਼ ਆਈ, "ਸਾਨੂੰ ਹਾਈਜੈਕ ਕਰ ਲਿਆ ਗਿਆ ਹੈ ਅਤੇ ਫਲਾਈਟ ਪਟਨਾ ਜਾ ਰਹੀ ਹੈ।"
ਇਸ ਐਲਾਨ ਤੋਂ ਕੁਝ ਪਲਾਂ ਬਾਅਦ ਦੂਜਾ ਐਲਾਨ ਹੋਇਆ, "ਅਸੀਂ ਵਾਰਾਣਸੀ ਵੱਲ ਜਾ ਰਹੇ ਹਾਂ।"
ਇੰਡੀਆ ਟੂਡੇ ਨੇ ਕੈਪਟਨ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਐਲਾਨਾਂ ਤੋਂ ਪਹਿਲਾਂ ਕਾਕਪਿਟ ਵਿੱਚ ਹਾਈਜੈਕਰਾਂ ਅਤੇ ਪਾਇਲਟਾਂ ਵਿਚਕਾਰ ਕਾਫੀ ਬਹਿਸ ਹੋਈ ਸੀ।
ਕੈਪਟਨ ਦੇ ਅਨੁਸਾਰ, "ਉਨ੍ਹਾਂ ਮੂਰਖਾਂ (ਹਾਈਜੈਕਰਾਂ) ਨੂੰ ਯਕੀਨ ਦਿਵਾਉਣਾ ਮੁਸ਼ਕਲ ਸੀ ਕਿ ਉਡਾਣ ਦੀ ਇੱਕ ਸੀਮਾ ਹੁੰਦੀ ਹੈ, ਜਿਸਨੂੰ ਰੇਂਜ ਕਿਹਾ ਜਾਂਦਾ ਹੈ। ਪਹਿਲਾਂ, ਉਨ੍ਹਾਂ ਨੇ ਨੇਪਾਲ ਜਾਣ ਦੀ ਮੰਗ ਕੀਤੀ। ਜਦੋਂ ਮੈਂ, ਖਾਸ ਕਰਕੇ ਦੋਵਾਂ ਵਿੱਚੋਂ ਜ਼ਿਆਦਾ ਪਾਗਲ ਸ਼ਖਸ, ਜੋ ਵਾਰ-ਵਾਰ ਮੇਰੇ ਸਿਰ 'ਤੇ ਪਿਸਤੌਲ ਤਾਣ ਰਿਹਾ ਸੀ, ਨੇ ਉਨ੍ਹਾਂ ਨੂੰ ਦੱਸਿਆ ਕਿ ਸਾਡੇ ਕੋਲ ਲੋੜੀਂਦਾ ਤੇਲ ਨਹੀਂ ਹੈ, ਤਾਂ ਉਨ੍ਹਾਂ ਨੇ ਬੰਗਲਾਦੇਸ਼ ਜਾਣ ਦੀ ਮੰਗ ਕੀਤੀ। ਮੈਨੂੰ ਲੱਗਦਾ ਹੈ ਕਿ ਉਹ ਸਕੂਲ ਵਿੱਚ ਸਿੱਖੇ ਭੂਗੋਲ ਦੇ ਸਬਕ ਭੁੱਲ ਚੁੱਕੇ ਸਨ।"
ਮੈਗਜ਼ੀਨ ਦੇ ਅਨੁਸਾਰ ਹਥਿਆਰਬੰਦ ਹਾਈਜੈਕਰ ਬਾਅਦ ਵਿੱਚ ਕਾਕਪਿਟ ਤੋਂ ਬਾਹਰ ਆਏ ਅਤੇ ਪੂਰੇ ਜੋਸ਼ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਅਤੇ ਮਾਰਚ 1977 ਦੀਆਂ ਚੋਣਾਂ ਵਿੱਚ ਜਿੱਤ ਤੋਂ ਬਾਅਦ ਸੱਤਾ ਵਿੱਚ ਜਨਤਾ ਪਾਰਟੀ ਦੀ "ਬਦਲੇ ਦੀ ਭਾਵਨਾ" ਦੀ ਜ਼ੋਰਦਾਰ ਨਿੰਦਾ ਕੀਤੀ।
ਇੰਦਰਾ ਗਾਂਧੀ ਨੂੰ ਇਸ ਘਟਨਾ ਤੋਂ ਠੀਕ ਇੱਕ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।
ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ

ਤਸਵੀਰ ਸਰੋਤ, Getty Images
ਵਿਲੀਅਮ ਬਾਰਡਰਸ ਨੇ ਅਮਰੀਕੀ ਅਖ਼ਬਾਰ ਦਿ ਨਿਊਯਾਰਕ ਟਾਈਮਜ਼ ਲਈ ਲਿਖਿਆ ਕਿ ਸੱਤ ਦਿਨਾਂ ਦੀ ਗਰਮਾ-ਗਰਮ ਬਹਿਸ ਤੋਂ ਬਾਅਦ, ਲੋਕ ਸਭਾ ਨੇ ਬਹੁਮਤ ਨਾਲ ਇੰਦਰਾ ਗਾਂਧੀ ਨੂੰ ਸਦਨ ਵਿੱਚੋਂ ਕੱਢ ਦਿੱਤਾ ਅਤੇ ਜੇਲ੍ਹ ਭੇਜ ਦਿੱਤਾ।
"ਸ੍ਰੀਮਤੀ ਗਾਂਧੀ 'ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ 1975 ਵਿੱਚ ਆਪਣੇ ਪੁੱਤਰ ਸੰਜੇ ਗਾਂਧੀ ਦੁਆਰਾ ਨਿਯੰਤਰਿਤ ਕੰਪਨੀ ਮਾਰੂਤੀ ਲਿਮਟਿਡ ਦੀ ਜਾਂਚ ਕਰ ਰਹੇ ਸਰਕਾਰੀ ਅਧਿਕਾਰੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਸੀ, ਤਾਂ ਕਿ ਉਹ ਇਸ ਕੇਸ ਤੋਂ ਪਿੱਛੇ ਹਟ ਜਾਣ। ਸਾਬਕਾ ਪ੍ਰਧਾਨ ਮੰਤਰੀ ਨੇ ਇਸ ਕਾਰਵਾਈ ਨੂੰ "ਬਦਲੇ ਦੀ ਭਾਵਨਾ ਅਤੇ ਰਾਜਨੀਤਿਕ ਉਦੇਸ਼ਾਂ ਦੁਆਰਾ ਪ੍ਰੇਰਿਤ" ਦੱਸਿਆ।
"ਸੰਸਦ ਵਿੱਚ ਬਹਿਸ ਦੌਰਾਨ ਇੰਦਰਾ ਗਾਂਧੀ ਸਰਕਾਰ ਦੀ ਜੇਲ੍ਹ ਵਿੱਚ ਭੇਜਣ ਅਤੇ ਸੈਂਸਰਸ਼ਿਪ ਦੀਆਂ ਨੀਤੀਆਂ ਅਤੇ ਤਾਨਾਸ਼ਾਹੀ ਸ਼ਾਸਨ ਦਾ ਵਾਰ-ਵਾਰ ਹਵਾਲਾ ਦਿੱਤਾ ਗਿਆ ਪਰ ਉਨ੍ਹਾਂ ਨੇ ਮੁਆਫ਼ੀ ਮੰਗਣ ਦੀਆਂ ਅਪੀਲਾਂ ਨੂੰ ਰੱਦ ਕਰਦੇ ਹੋਏ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਨ੍ਹਾਂ ਨੂੰ ਕਿਸੇ ਗੱਲ ਦਾ ਕੋਈ ਪਛਤਾਵਾ ਨਹੀਂ ਹੈ।"
"ਮੈਂ ਟਾਇਲਟ ਜਾ ਰਿਹਾ ਹਾਂ, ਬੇਸ਼ੱਕ ਗੋਲੀ ਮਾਰ ਦਿਓ"
ਵਿਲੀਅਮ ਬਾਰਡਰਸ ਲਿਖਦੇ ਹਨ ਕਿ ਇੰਦਰਾ ਗਾਂਧੀ ਨੇ ਸੈਸ਼ਨ ਖਤਮ ਹੋਣ ਤੋਂ ਬਾਅਦ ਘਰ ਜਾਂ 'ਰਾਤ ਦੇ ਹਨੇਰੇ ਵਿੱਚ' ਦੀ ਬਜਾਏ ਸੰਸਦ ਵਿੱਚ ਹੀ ਗ੍ਰਿਫ਼ਤਾਰ ਹੋਣ 'ਤੇ ਜ਼ੋਰ ਦਿੱਤਾ।
"ਤਿੰਨ ਘੰਟੇ ਉਡੀਕ ਕਰਨ ਤੋਂ ਬਾਅਦ ਪੁਲਿਸ ਅਧਿਕਾਰੀ ਗ੍ਰਿਫ਼ਤਾਰੀ ਵਾਰੰਟ ਲੈ ਕੇ ਉਨ੍ਹਾਂ ਕੋਲ ਪਹੁੰਚੇ। ਮੁਸਕਰਾਉਂਦੇ ਹੋਏ, ਸ੍ਰੀਮਤੀ ਗਾਂਧੀ ਇੱਕ ਭਾਰੀ ਲੱਕੜ ਦੀ ਮੇਜ਼ 'ਤੇ ਚੜ੍ਹ ਗਏ, ਆਪਣੇ ਹੱਥ ਜੋੜ ਲਏ ਅਤੇ ਫਿਰ ਹੇਠਾਂ ਆ ਗਏ। ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਪੁਰਾਣੇ ਅੰਗਰੇਜ਼ੀ ਗੀਤ ਦੀਆਂ ਲਾਈਨਾਂ ਲਿਖੀਆਂ, ਜਿਸਨੂੰ ਬਾਅਦ ਵਿੱਚ ਉਨ੍ਹਾਂ ਦੇ ਇੱਕ ਸਮਰਥਕ ਨੇ ਭੀੜ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਇਆ।"
"ਮੈਨੂੰ ਅਲਵਿਦਾ ਕਹਿੰਦੇ ਹੋਏ ਮੇਰੇ ਲਈ ਸ਼ੁਭਕਾਮਨਾਵਾਂ ਦੀ ਦੁਆ ਕਰਨਾ"
ਅੱਖਾਂ ਵਿੱਚ ਹੰਝੂ ਨਹੀਂ, ਇਕ ਮੁਸਕਾਨ ਦੇ ਨਾਲ।
ਮੈਨੂੰ ਇੱਕ ਅਜਿਹੀ ਮੁਸਕਾਨ ਦੇ ਜਾਣਾ ਜੋ ਮੇਰੀ ਗੈਰਹਾਜ਼ਰੀ ਦੇ ਤਮਾਮ ਅਰਸੇ ਵਿੱਚ ਮੇਰੇ ਨਾਲ ਰਹੇ।"
ਜਿਵੇਂ ਹੀ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਫੈਲੀ, ਕਈ ਇਲਾਕਿਆਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਕਾਂਗਰਸ ਨੇ ਧਮਕੀ ਦਿੱਤੀ ਕਿ ਜਦੋਂ ਤੱਕ ਉਹ ਜੇਲ੍ਹ ਵਿੱਚ ਰਹਿਣਗੇ, ਵਿਰੋਧ ਪ੍ਰਦਰਸ਼ਨਾਂ ਅਤੇ ਧਰਨਿਆਂ ਦਾ ਸਿਲਸਿਲਾ ਜਾਰੀ ਰਹੇਗਾ।
ਪਰ ਖੁਦ ਨੂੰ ਯੂਥ ਕਾਂਗਰਸ ਦੇ ਮੈਂਬਰ ਦੱਸਣ ਵਾਲੇ ਹਾਈਜੈਕਰਾਂ ਨੇ ਇੰਦਰਾ ਗਾਂਧੀ ਦੀ ਰਿਹਾਈ ਦੀ ਮੰਗ ਲਈ ਪੂਰਾ ਜਹਾਜ਼ ਹੀ ਹਾਈਜੈਕ ਕਰ ਲਿਆ। ਇਹਨਾਂ ਅਗਵਾਕਾਰਾਂ ਦੀ ਪਛਾਣ ਬਾਅਦ ਵਿੱਚ 27 ਸਾਲਾ ਭੋਲਾਨਾਥ ਪਾਂਡੇ ਅਤੇ 28 ਸਾਲਾ ਦੇਵੇਂਦਰ ਪਾਂਡੇ ਵਜੋਂ ਹੋਈ।
ਅਗਵਾਕਾਰਾਂ ਨੇ ਜਹਾਜ਼ ਵਿੱਚ ਐਲਾਨ ਕੀਤਾ ਕਿ ਉਹ "ਗਾਂਧੀਵਾਦੀ" ਹਨ ਅਤੇ "ਅਹਿੰਸਾ" ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਯਾਤਰੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਰੱਖਦੇ।
ਇੰਡੀਆ ਟੂਡੇ ਨੇ ਲਿਖਿਆ ਕਿ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਦੋ ਅਗਵਾਕਾਰਾਂ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਸੀ ਪਰ ਯਾਤਰੀਆਂ ਜਾਂ ਚਾਲਕ ਦਲ ਦੁਆਰਾ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
ਇੱਕ ਸਮੇਂ ਅਗਵਾਕਾਰਾਂ ਨੇ ਯਾਤਰੀਆਂ ਨੂੰ ਟਾਇਲਟ ਦੀ ਵਰਤੋਂ ਕਰਨ ਤੋਂ ਰੋਕਿਆ। ਸਾਬਕਾ ਕਾਨੂੰਨ ਮੰਤਰੀ ਏ.ਕੇ. ਸੇਨ ਵੀ ਇਸੇ ਜਹਾਜ਼ ਵਿੱਚ ਸਵਾਰ ਸਨ ਅਤੇ ਉਹ ਟਾਇਲਟ ਦੀ ਵਰਤੋਂ ਕਰਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕੇ ਅਤੇ ਚੀਕੇ, "ਜੇ ਤੁਸੀਂ ਚਾਹੋ ਤਾਂ ਮੈਨੂੰ ਗੋਲੀ ਮਾਰ ਦਿਓ, ਮੈਂ ਟਾਇਲਟ ਜਾ ਰਿਹਾ ਹਾਂ।"
ਇਸ ਦੌਰਾਨ ਜਹਾਜ਼ ਵਾਰਾਣਸੀ ਵਿੱਚ ਉਤਰ ਚੁੱਕਿਆ ਸੀ ਅਤੇ ਰਨਵੇਅ ਦੇ ਇੱਕ ਕੋਨੇ 'ਤੇ ਖੜ੍ਹਾ ਸੀ।
ਅਗਵਾਕਾਰਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਾਮ ਨਰੇਸ਼ ਯਾਦਵ ਨਾਲ ਗੱਲ ਕਰਨ ਦੀ ਮੰਗ ਕੀਤੀ। ਸੰਪਰਕ ਕਰਨ 'ਤੇ ਯਾਦਵ ਨੇ ਸ਼ੁਰੂ ਵਿੱਚ ਇਨਕਾਰ ਕਰ ਦਿੱਤਾ ਪਰ ਪ੍ਰਧਾਨ ਮੰਤਰੀ ਦੇਸਾਈ ਦੇ ਨਿਰਦੇਸ਼ਾਂ ਤੋਂ ਬਾਅਦ ਉਹ ਵਾਰਾਣਸੀ ਲਈ ਰਵਾਨਾ ਹੋ ਗਏ।
ਅਗਵਾਕਾਰਾਂ ਨੇ ਜਹਾਜ਼ ਦੇ ਵਾਇਰਲੈੱਸ ਰਾਹੀਂ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀਆਂ ਚਾਰ ਮੰਗਾਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਇੰਦਰਾ ਗਾਂਧੀ ਦੀ ਬਿਨਾਂ ਸ਼ਰਤ ਰਿਹਾਈ ਸੀ।
ਮੁੱਖ ਮੰਤਰੀ ਰਾਮ ਨਰੇਸ਼ ਯਾਦਵ ਅਤੇ ਅਗਵਾਕਾਰਾਂ ਵਿਚਕਾਰ ਗੱਲਬਾਤ ਇਸ ਮੰਗ ਨਾਲ ਸ਼ੁਰੂ ਹੋਈ ਕਿ ਯਾਦਵ ਨਿੱਜੀ ਤੌਰ 'ਤੇ ਜਹਾਜ਼ ਵਿੱਚ ਆਉਣ ਅਤੇ ਉਨ੍ਹਾਂ ਨਾਲ ਗੱਲ ਕਰਨ। ਜਵਾਬ ਵਿੱਚ, ਯਾਦਵ ਨੇ ਜਹਾਜ਼ ਵਿੱਚ ਸਵਾਰ ਸਾਰੇ ਵਿਦੇਸ਼ੀ ਨਾਗਰਿਕਾਂ ਅਤੇ ਮਹਿਲਾ ਯਾਤਰੀਆਂ ਦੀ ਰਿਹਾਈ ਦੀ ਮੰਗ ਕੀਤੀ।
ਇਸ ਦੌਰਾਨ, ਇੱਕ ਯਾਤਰੀ, ਐਸ.ਕੇ. ਮੋਦੀ ਨੇ ਜਹਾਜ਼ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਛਾਲ ਮਾਰ ਦਿੱਤੀ, ਜਿਸ 'ਤੇ ਅੰਦਰ ਕਿਸੇ ਦਾ ਧਿਆਨ ਨਹੀਂ ਗਿਆ।

ਤਸਵੀਰ ਸਰੋਤ, Screengrab/Indian Express
21 ਦਸੰਬਰ ਨੂੰ ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਪੁਰਸ਼ੋਤਮ ਕੌਸ਼ਿਕ ਨੇ ਲੋਕ ਸਭਾ ਦੇ ਸੈਸ਼ਨ ਵਿੱਚ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ, "ਐਸ.ਕੇ. ਮੋਦੀ ਇੱਕ ਏਅਰ ਹੋਸਟੇਸ ਦੀ ਮਦਦ ਨਾਲ ਜਹਾਜ਼ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ। ਭੱਜਣ ਤੋਂ ਬਾਅਦ, ਮੋਦੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਹਾਜ਼ ਵਿੱਚ ਦੋ ਹਾਈਜੈਕਰ ਹਨ, ਇੱਕ ਨੇ ਚਿੱਟਾ ਪਜਾਮਾ-ਕੁੜਤਾ ਪਾਇਆ ਹੋਇਆ ਅਤੇ ਦੂਜੇ ਨੇ ਚਿੱਟਾ ਧੋਤੀ-ਕੁੜਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਹਾਈਜੈਕਰਾਂ ਕੋਲ ਹਿੰਦੀ ਅਤੇ ਅੰਗਰੇਜ਼ੀ ਵਿੱਚ ਛਪੇ ਪਰਚੇ ਹਨ, ਜਿਨ੍ਹਾਂ ਵਿੱਚ 'ਰਾਸ਼ਟਰੀ ਨੇਤਾ' ਦੀ ਰਿਹਾਈ ਦੀ ਮੰਗ ਕੀਤੀ ਗਈ ਹੈ ਅਤੇ ਆਪਣੇ ਇਸ ਕਦਮ ਦੀ ਵਿਆਪਕ ਪ੍ਰਚਾਰ ਕਰਨ ਦੀ ਅਪੀਲ ਕੀਤੀ ਗਈ ਹੈ।"
"ਮੁੱਖ ਮੰਤਰੀ ਨਾਲ ਆਪਣੀ ਗੱਲਬਾਤ ਵਿੱਚ, ਹਾਈਜੈਕਰਾਂ ਨੇ ਮੰਗ ਕੀਤੀ ਕਿ ਇੰਦਰਾ ਗਾਂਧੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਉਨ੍ਹਾਂ ਵਿਰੁੱਧ ਸਾਰੇ ਫੌਜਦਾਰੀ ਮਾਮਲੇ ਵਾਪਸ ਲਏ ਜਾਣ, ਜਨਤਾ ਪਾਰਟੀ ਦੀ ਸਰਕਾਰ ਅਸਤੀਫਾ ਦੇਵੇ, ਅਤੇ ਅੰਤ ਵਿੱਚ, ਜਹਾਜ਼ ਲਖਨਊ ਵਾਪਸ ਜਾਵੇ ਅਤੇ ਉਨ੍ਹਾਂ ਨੂੰ ਪ੍ਰੈਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ।"
"ਮੁੱਖ ਮੰਤਰੀ ਨੇ ਸਾਰੇ ਯਾਤਰੀਆਂ ਨੂੰ ਰਿਹਾਅ ਕਰਨ 'ਤੇ ਹਾਈਜੈਕਰਾਂ ਨੂੰ ਸਰਕਾਰੀ ਜਹਾਜ਼ ਵਿੱਚ ਲਖਨਊ ਲਿਜਾਣ ਦੀ ਪੇਸ਼ਕਸ਼ ਕੀਤੀ। ਹਾਈਜੈਕਰਾਂ ਨੇ ਸ਼ੁਰੂ ਵਿੱਚ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਮੰਗ ਕੀਤੀ ਕਿ ਜਹਾਜ਼ ਵਿੱਚ ਈਂਧਨ ਭਰਿਆ ਜਾਵੇ। ਕੇਂਦਰੀ ਕਮੇਟੀ ਨੇ ਵਾਰਾਣਸੀ ਵਿੱਚ ਗੱਲਬਾਤ ਕਰਨ ਵਾਲਿਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਹਾਜ਼ ਵਿੱਚ ਈਂਧਨ ਨਾ ਭਰਨ ਅਤੇ ਗੱਲਬਾਤ ਜਾਰੀ ਰੱਖਣ।"
ਇੰਡੀਆ ਟੂਡੇ ਨੇ ਲਿਖਿਆ ਕਿ ਸਾਰੀ ਰਾਤ ਗੱਲਬਾਤ ਜਾਰੀ ਰਹੀ ਅਤੇ ਪ੍ਰਧਾਨ ਮੰਤਰੀ ਦੇਸਾਈ ਦੇ ਵਿਸ਼ੇਸ਼ ਨਿਰਦੇਸ਼ਾਂ 'ਤੇ ਮੁੱਖ ਮੰਤਰੀ ਰਾਮ ਨਰੇਸ਼ ਯਾਦਵ ਹਾਈਜੈਕਰਾਂ ਦੀ ਕਿਸੇ ਵੀ ਮੰਗ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਰਹੇ।
"ਸਵੇਰੇ ਲਗਭਗ 6 ਵਜੇ, ਯਾਤਰੀਆਂ ਨੇ ਜਹਾਜ਼ ਦੇ ਅੰਦਰ ਸ਼ਿਕਾਇਤ ਕੀਤੀ ਕਿ ਇਹ ਘੁੱਟਣ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ, ਜਿਸ ਕਾਰਨ ਹਾਈਜੈਕਰਾਂ ਨੇ ਪਿਛਲੇ ਦਰਵਾਜ਼ੇ ਖੋਲ੍ਹਣ ਦੀ ਇਜਾਜ਼ਤ ਦਿੱਤੀ।"
"ਇਸ ਦੌਰਾਨ, ਕੈਪਟਨ ਨੇ ਐਮਰਜੈਂਸੀ ਸਲਾਈਡ ਦਾ ਰਿਲੀਜ਼ ਲੀਵਰ ਨੂੰ ਖਿੱਚ ਦਿੱਤਾ। ਦਰਵਾਜ਼ਿਆਂ ਤੋਂ ਸਲਾਇਡ ਡਿੱਗਦੇ ਹੀ ਕੁਝ ਯਾਤਰੀ ਭੱਜ ਕੇ ਰਨਵੇਅ 'ਤੇ ਉਤਰ ਗਏ। ਥੋੜ੍ਹੇ ਸਮੇਂ ਵਿੱਚ ਜਹਾਜ਼ ਵਿੱਚ ਸਵਾਰ ਲਗਭਗ ਅੱਧੇ ਯਾਤਰੀ ਉਨ੍ਹਾਂ ਦੇ ਪਿੱਛੇ ਉਤਰ ਆਏ ਅਤੇ ਇਸ ਤਰ੍ਹਾਂ ਲਗਭਗ 60 ਯਾਤਰੀ ਉਤਰ ਚੁੱਕੇ ਸਨ।"
"ਇਸ ਸਮੇਂ, ਇੱਕ ਅਗਵਾਕਾਰ ਦਾ ਪਿਤਾ ਵਾਰਾਣਸੀ ਹਵਾਈ ਅੱਡੇ 'ਤੇ ਪਹੁੰਚਿਆ ਅਤੇ ਵਾਇਰਲੈੱਸ ਰਾਹੀਂ ਆਪਣੇ ਪੁੱਤਰ ਨਾਲ ਗੱਲ ਕੀਤੀ। ਆਪਣੇ ਪਿਤਾ ਦੀ ਆਵਾਜ਼ ਸੁਣ ਕੇ ਦੋਵੇਂ ਨੌਜਵਾਨ ਇੰਦਰਾ ਗਾਂਧੀ ਦੇ ਹੱਕ ਵਿੱਚ ਨਾਅਰੇ ਲਗਾਉਂਦੇ ਹੋਏ ਜਹਾਜ਼ ਤੋਂ ਬਾਹਰ ਨਿਕਲ ਆਏ ਅਤੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ।"
ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਇਹ ਅਗਵਾ ਕਰਨ ਦਾ ਡਰਾਮਾ 13 ਘੰਟੇ ਚੱਲਿਆ। ਅਗਵਾਕਾਰਾਂ ਨੇ ਦੋ ਖਿਡੌਣਾ ਪਿਸਤੌਲਾਂ ਅਤੇ ਇੱਕ ਕ੍ਰਿਕਟ ਗੇਂਦ, ਜੋ ਕਾਲੇ ਕੱਪੜੇ ਵਿੱਚ ਲਪੇਟੀ ਹੋਈ ਸੀ, ਅਧਿਕਾਰੀਆਂ ਨੂੰ ਸੌਂਪ ਦਿੱਤੀ, ਜੋ ਕਿ ਇੱਕ ਹੱਥਗੋਲੇ ਵਰਗੀ ਦਿਖਦੀ ਸੀ।"
"ਉਹ ਸ਼ਾਂਤੀ ਨਾਲ ਉਤਰੇ ਅਤੇ 'ਇੰਦਰਾ ਗਾਂਧੀ ਜ਼ਿੰਦਾਬਾਦ' ਦੇ ਨਾਅਰੇ ਲਗਾਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।"
"ਪੁੱਛਗਿੱਛ ਦੌਰਾਨ, ਦੋਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਕਾਰਵਾਈ ਲਈ ਕਾਂਗਰਸੀ ਆਗੂਆਂ ਤੋਂ ਪੈਸੇ ਮਿਲੇ ਸਨ। ਉਨ੍ਹਾਂ ਨੇ ਦੋ ਸੂਬਾ ਕਾਂਗਰਸ ਕਮੇਟੀ ਦੇ ਅਧਿਕਾਰੀਆਂ ਦਾ ਨਾਮ ਲਿਆ ਜਿਨ੍ਹਾਂ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਕ੍ਰਮਵਾਰ 400 ਅਤੇ 200 ਰੁਪਏ ਦਿੱਤੇ। ਉਨ੍ਹਾਂ ਨੇ ਇਸ ਰਕਮ ਵਿੱਚੋਂ 350 ਰੁਪਏ ਲਖਨਊ ਤੋਂ ਦਿੱਲੀ ਲਈ ਹਵਾਈ ਟਿਕਟਾਂ ਖਰੀਦਣ ਲਈ ਖਰਚ ਕੀਤੇ।"
ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਇੰਦਰਾ ਗਾਂਧੀ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਹਾਲਾਂਕਿ ਦੋਵਾਂ ਨੌਜਵਾਨਾਂ ਨੂੰ ਹਾਈਜੈਕਿੰਗ ਮਾਮਲੇ ਵਿੱਚ ਲਖਨਊ ਜੇਲ੍ਹ ਵਿੱਚ ਨੌਂ ਮਹੀਨੇ ਅਤੇ 28 ਦਿਨ ਕੱਟਣੇ ਪਏ ਸਨ।
ਕੁਝ ਮਹੀਨਿਆਂ ਬਾਅਦ ਇੰਦਰਾ ਗਾਂਧੀ ਕੇਂਦਰ ਵਿੱਚ ਸੱਤਾ ਵਿੱਚ ਵਾਪਸ ਆਈ ਅਤੇ ਹਾਈਜੈਕਰਾਂ ਭੋਲਾਨਾਥ ਅਤੇ ਦੇਵੇਂਦਰ ਪਾਂਡੇ ਵਿਰੁੱਧ ਕੇਸ ਵਾਪਸ ਲੈ ਲਏ ਗਏ।
ਕਾਂਗਰਸ ਦੇ ਨੇਤਾਵਾਂ ਨੇ ਕੀ ਕਿਹਾ ਸੀ?

ਤਸਵੀਰ ਸਰੋਤ, ScreenGrab/ Indian Express
ਮੌਲਸ਼੍ਰੀ ਸੇਠ ਨੇ ਇੰਡੀਅਨ ਐਕਸਪ੍ਰੈਸ ਲਈ ਲਿਖਿਆ ਕਿ ਕਾਂਗਰਸ ਨੇ ਭੋਲਾਨਾਥ ਨੂੰ ਬਲੀਆ ਜ਼ਿਲ੍ਹੇ ਦੀ ਦੋਆਬਾ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ। 1980 ਵਿੱਚ, ਸਿਰਫ਼ 27 ਸਾਲ ਦੀ ਉਮਰ ਵਿੱਚ, ਭੋਲਾਨਾਥ ਪਹਿਲੀ ਵਾਰ ਵਿਧਾਇਕ ਚੁਣੇ ਗਏ। ਉਹ 1989 ਵਿੱਚ ਉਸੇ ਸੀਟ ਤੋਂ ਦੁਬਾਰਾ ਜਿੱਤੇ ਪਰ ਉਸ ਤੋਂ ਬਾਅਦ ਉਹ ਕੋਈ ਵੀ ਚੋਣ ਜਿੱਤਣ ਵਿੱਚ ਅਸਫਲ ਰਹੇ, ਹਾਲਾਂਕਿ ਕਾਂਗਰਸ ਨੇ ਉਨ੍ਹਾਂ ਨੂੰ ਕਈ ਅਹੁਦੇ ਦਿੱਤੇ।
ਦੇਵੇਂਦਰ ਪਾਂਡੇ ਕਾਂਗਰਸ ਦੀ ਟਿਕਟ 'ਤੇ ਜੈਸਿੰਘਪੁਰ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ। ਉਨ੍ਹਾਂ ਨੇ ਕਾਂਗਰਸ ਦੇ ਉੱਤਰ ਪ੍ਰਦੇਸ਼ ਰਾਜ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ।
ਆਪਣੀ ਕਿਤਾਬ, "ਇੰਡੀਅਨ ਏਅਰਪੋਰਟਸ (ਸ਼ਾਕਿੰਗ ਗਰਾਊਂਡ ਰੀਅਲਿਟੀਜ਼)," ਵਿੱਚ ਕ੍ਰਿਸ਼ਨਾ ਆਰ. ਵਾਧਵਾਨੀ ਨੇ ਦੇਵੇਂਦਰ ਨਾਥ ਪਾਂਡੇ ਦੇ ਹਵਾਲਾ ਤੋਂ ਲਿਖਿਆ, "ਇਹ ਪਾਗਲਪਨ ਸੀ, ਗਾਂਧੀ ਪਰਿਵਾਰ ਲਈ ਪਾਗਲਪਨ ਦੀ ਹੱਦ ਤੱਕ ਸਮਰਪਨ ਸੀ।"
ਉਹ ਅੱਗੇ ਕਹਿੰਦੇ ਹਨ, "ਉਨ੍ਹਾਂ ਦਿਨਾਂ ਵਿੱਚ, ਜਹਾਜ਼ ਨੂੰ ਅਗਵਾ ਕਰਨਾ ਅਪਰਾਧ ਹੀ ਨਹੀਂ ਮੰਨਿਆ ਜਾਂਦਾ ਸੀ।"
ਏ. ਸੂਰਿਆ ਪ੍ਰਕਾਸ਼, ਲੋਕ ਸਭਾ ਬਹਿਸਾਂ ਦਾ ਹਵਾਲਾ ਦਿੰਦੇ ਹੋਏ, ਇੱਕ ਖੋਜ ਲੇਖ ਵਿੱਚ ਲਿਖਦੇ ਹਨ ਕਿ ਇਸ ਘਟਨਾ 'ਤੇ 23 ਦਸੰਬਰ ਨੂੰ ਲੋਕ ਸਭਾ ਵਿੱਚ ਇੱਕ ਤਿੱਖੀ ਬਹਿਸ ਹੋਈ।
"ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਅਗਵਾ ਦੀ ਨਿੰਦਾ ਕੀਤੀ, ਹਾਲਾਂਕਿ ਆਰ. ਵੈਂਕਟਰਮਨ (ਜੋ ਬਾਅਦ ਵਿੱਚ ਭਾਰਤ ਦੇ ਰਾਸ਼ਟਰਪਤੀ ਬਣੇ) ਅਤੇ ਵਸੰਤ ਸਾਠੇ ਸਮੇਤ ਪ੍ਰਮੁੱਖ ਕਾਂਗਰਸ ਨੇਤਾਵਾਂ ਨੇ ਆਪਣੇ ਵਰਕਰਾਂ ਦੇ ਵਿਵਹਾਰ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਅਤੇ ਅਗਵਾ ਨੂੰ ਸਿਰਫ਼ ਇੱਕ ਮਜ਼ਾਕ ਕਰਾਰ ਦਿੱਤਾ।"
ਵੈਂਕਟਰਮਨ ਦੇ ਅਨੁਸਾਰ, "ਜਦੋਂ ਖ਼ਬਰ ਆਈ, ਤਾਂ ਦੇਸ਼ ਵਿੱਚ ਗੁੱਸਾ ਸੀ, ਪਰ ਜਦੋਂ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਸਿਰਫ਼ ਇੱਕ ਖਿਡੌਣਾ ਪਿਸਤੌਲ ਅਤੇ ਇੱਕ ਕ੍ਰਿਕਟ ਗੇਂਦ ਸੀ, ਤਾਂ ਇਹ ਸਾਲ ਦਾ ਮਜ਼ਾਕ ਬਣ ਗਿਆ।"
ਸੂਰਿਆਪ੍ਰਕਾਸ਼ ਦੇ ਅਨੁਸਾਰ, ਵਸੰਤ ਸਾਠੇ ਨੇ ਕਿਹਾ ਕਿ ਉਹ ਹਾਈਜੈਕਰਾਂ ਦੀ ਕਾਰਵਾਈ ਦਾ ਬਚਾਅ ਨਹੀਂ ਕਰ ਰਹੇ ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਸਨੂੰ ਹਾਈਜੈਕਿੰਗ ਕਿਹਾ ਜਾਵੇ ਜਾਂ "ਸਕਾਈ ਜੋਕਿੰਗ"। ਉਨ੍ਹਾਂ ਦੇ ਅਨੁਸਾਰ, ਇਹ ਗੁੰਮਰਾਹ ਨੌਜਵਾਨਾਂ ਦੀ ਇੱਕ ਸ਼ਰਾਰਤ ਸੀ ਕਿਉਂਕਿ ਉਨ੍ਹਾਂ ਨੇ ਇੱਕ ਕ੍ਰਿਕਟ ਗੇਂਦ ਅਤੇ ਇੱਕ ਖਿਡੌਣਾ ਪਿਸਤੌਲ ਦੀ ਵਰਤੋਂ ਕੀਤੀ ਸੀ।
ਉਹ ਲਿਖਦੇ ਹਨ ਕਿ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਕਾਂਗਰਸ ਦੇ ਮੈਂਬਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਨੇ ਹਾਈਜੈਕਿੰਗ ਨੂੰ ਮਾਮੂਲੀ ਦੱਸ ਕੇ ਖਾਰਜ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਜੇਕਰ ਪਾਇਲਟ ਘਬਰਾ ਜਾਂਦੇ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਇਹ ਖਿਡੌਣਾ ਪਿਸਤੌਲ ਸੀ ਜਾਂ ਕ੍ਰਿਕਟ ਗੇਂਦ, ਪਾਇਲਟ ਜੋਖਮ ਨਹੀਂ ਲੈ ਸਕਦੇ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ















