ਨਿਊਜ਼ੀਲੈਂਡ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਦੇ ਵਿਰੋਧ ਦਾ ਕੀ ਹੈ ਮਾਮਲਾ, ਜਿਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ

ਨਿਊਜ਼ੀਲੈਂਡ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਦਾ ਵਿਰੋਧ

ਤਸਵੀਰ ਸਰੋਤ, Sourced

ਤਸਵੀਰ ਕੈਪਸ਼ਨ, ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ

ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਸਿੱਖਾਂ ਦੇ ਧਾਰਮਿਕ ਨਗਰ ਕੀਰਤਨ ਦੇ ਵਿਰੋਧ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਮਗਰੋਂ ਨਿਊਜ਼ੀਲੈਂਡ ਅਤੇ ਭਾਰਤ ਵਿੱਚ ਸਿੱਖ ਸੰਗਤਾਂ, ਪੰਥਕ ਆਗੂਆਂ ਤੇ ਸਿਆਸੀ ਆਗੂਆਂ ਵੱਲੋਂ ਸਖਤ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਲੰਘੇ ਸ਼ਨੀਵਾਰ ਨੂੰ ਆਕਲੈਂਡ ਵਿਖੇ ਕੱਢਿਆ ਜਾ ਰਿਹਾ ਸੀ ਅਤੇ ਉਸੇ ਦੌਰਾਨ ਰਸਤੇ ਵਿੱਚ ਲੋਕਾਂ ਦੇ ਇੱਕ ਸਮੂਹ ਨੇ ਇਸ ਦਾ ਵਿਰੋਧ ਕੀਤਾ।

ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਪੁੱਛਗਿੱਛ ਕਰ ਰਹੇ ਹਨ ਅਤੇ ਲਗਾਤਾਰ ਸਿੱਖ ਭਾਈਚਾਰੇ ਨਾਲ ਸੰਪਰਕ ਵਿੱਚ ਹਨ।

ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਨਗਰ ਕੀਰਤਨ ਦਾ ਵਿਰੋਧ ਕਰ ਰਹੇ ਹਨ ਅਤੇ ਆਪਣੇ ਹੱਕਾਂ ਤੇ ਆਪਣੀ ਧਰਤੀ ਦੀਆਂ ਗੱਲਾਂ ਕਰ ਰਹੇ ਹਨ।

ਵਾਇਰਲ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ

ਧਾਰਮਿਕ ਨਗਰ ਕੀਰਤਨ

ਤਸਵੀਰ ਸਰੋਤ, Sourced

ਤਸਵੀਰ ਕੈਪਸ਼ਨ, ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਪੁੱਛਗਿੱਛ ਕਰ ਰਹੇ ਹਨ ਅਤੇ ਲਗਾਤਾਰ ਸਿੱਖ ਭਾਈਚਾਰੇ ਨਾਲ ਸੰਪਰਕ ਵਿੱਚ ਹਨ

ਇਸ ਪੂਰੇ ਘਟਨਾਕ੍ਰਮ ਨਾਲ ਸਬੰਧਤ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਿੱਖ ਭਾਈਚਾਰੇ ਦੇ ਨਗਰ ਕੀਰਤਨ ਦੌਰਾਨ ਕੁਝ ਲੋਕਾਂ ਦਾ ਸਮੂਹ ਉਨ੍ਹਾਂ ਦੇ ਸਾਹਮਣੇ ਆ ਕੇ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ।

ਇਸ ਦੌਰਾਨ ਪ੍ਰਦਰਸ਼ਨਕਾਰੀ ਆਪਣੇ ਹੱਕਾਂ ਅਤੇ ਆਪਣੀ ਧਰਤੀ ਸਬੰਧੀ ਨਾਅਰੇਬਾਜ਼ੀ ਵੀ ਕਰ ਰਹੇ। ਵਿਚਕਾਰ ਖੜੇ ਪੁਲਿਸ ਕਰਮਚਾਰੀ ਕਿਸੇ ਵੀ ਟਕਰਾਅ ਨੂੰ ਰੋਕਣ ਲਈ ਤਿਆਰ ਨਜ਼ਰ ਆਉਂਦੇ ਹਨ।

ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Sourced

ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਕਾਂ ਅਤੇ ਆਪਣੀ ਧਤਰੀ ਸਬੰਧੀ ਨਾਅਰੇਬਾਜ਼ੀ ਕੀਤੀ

ਪੁਲਿਸ ਨੇ ਕੀ ਦੱਸਿਆ

ਪੁਲਿਸ ਦੁਆਰਾ ਬੀਬੀਸੀ ਨਿਊਜ਼ ਪੰਜਾਬੀ ਨੂੰ ਜਾਰੀ ਕੀਤੇ ਅਧਿਕਾਰਿਤ ਬਿਆਨ ਮੁਤਾਬਕ, ਸ਼ਨੀਵਾਰ ਦੁਪਹਿਰ 2 ਵਜੇ ਦੇ ਕਰੀਬ ਲਗਭਗ 50 ਲੋਕਾਂ ਦੇ ਇੱਕ ਸਮੂਹ ਨੇ ਗ੍ਰੇਟ ਸਾਊਥ ਰੋਡ ਨੂੰ ਰੋਕ ਦਿੱਤਾ ਅਤੇ ਆਕਲੈਂਡ ਸਿੱਖ ਭਾਈਚਾਰੇ ਦੇ ਮੈਂਬਰਾਂ ਵੱਲੋਂ ਇੱਕ ਨਿਰਧਾਰਤ ਜਨਤਕ ਪਰੇਡ (ਨਗਰ ਕੀਰਤਨ) ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਨਗਰ ਕੀਰਤਨ ਨੂੰ ਸੁਰੱਖਿਅਤ ਢੰਗ ਨਾਲ ਜਾਰੀ ਰੱਖਣ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਵਾਧੂ ਅਧਿਕਾਰੀਆਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਤਾਂ ਜੋ ਨਗਰ ਕੀਰਤਨ 'ਚ ਸ਼ਾਮਲ ਲੋਕਾਂ ਨੂੰ ਬਾਕੀ ਦੇ ਰਸਤੇ ਵਿੱਚ ਕੋਈ ਦਿੱਕਤ ਨਾ ਆਵੇ।

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੁੱਛਗਿੱਛ ਜਾਰੀ ਹੈ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇਗਾ।

ਨਿਊਜ਼ੀਲੈਂਡ ਗੁਰਦੁਆਰਿਆਂ ਨਾਲ ਸਬੰਧਿਤ ਕਮੇਟੀ ਦੇ ਪ੍ਰਧਾਨ ਨੇ ਕੀ ਦੱਸਿਆ

ਧਾਰਮਿਕ ਨਗਰ ਕੀਰਤਨ

ਤਸਵੀਰ ਸਰੋਤ, Sourced

ਤਸਵੀਰ ਕੈਪਸ਼ਨ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਲੰਘੇ ਸ਼ਨੀਵਾਰ ਨੂੰ ਆਕਲੈਂਡ ਵਿਖੇ ਕੱਢਿਆ ਜਾ ਰਿਹਾ ਸੀ

ਇਸ ਪੂਰੇ ਮਾਮਲੇ 'ਤੇ ਬੀਬੀਸੀ ਪੰਜਾਬੀ ਨੇ ਨਿਉਜ਼ੀਲੈਂਡ ਦੇ 25 ਗੁਰਦੁਆਰਿਆਂ ਦੀ ਕਮੇਟੀ, ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ।

ਦਲਜੀਤ ਸਿੰਘ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰਿਆਂ ਨੂੰ ਮਾਣ ਦਿੱਤਾ ਜਾਂਦਾ ਹੈ। ਵੱਡੇ ਪੱਧਰ 'ਤੇ ਈਸਾਈ ਅਤੇ ਮੋਹਰੀ ਲੋਕ ਸਾਰੇ ਹੀ ਸਿਖਾਂ ਦੇ ਨਾਲ ਹਨ।'

ਉਨ੍ਹਾਂ ਕਿਹਾ ਕਿ ''ਪ੍ਰਦਰਸ਼ਨ ਕਰਨ ਵਾਲਾ ਸਮੂਹ ਇਸ ਲਈ ਜ਼ਿਆਦਾ ਪਰੇਸ਼ਾਨ ਹੈ ਕਿ ਪ੍ਰਧਾਨ ਮੰਤਰੀ, ਉਪ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਪਿਛਲੇ 2 ਹਫਤਿਆਂ 'ਚ ਦੋ ਵਾਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਆਏ ਹਨ।''

ਉਨ੍ਹਾਂ ਕਿਹਾ ਕਿ ''ਇਨ੍ਹਾਂ ਨੇ ਸਿਰਫ ਲਾਇਮਲਾਇਟ ਲਈ ਅਜਿਹਾ ਕੀਤਾ ਹੈ। ਅਸੀਂ ਕਿਹਾ ਹੈ ਇਸ ਨੂੰ ਬਹੁਤੀ ਤਵੱਜੋ ਨਾ ਦਿੱਤੀ ਜਾਵੇ ਅਤੇ ਸਾਰੇ 25 ਗੁਰਦੁਆਰਾ ਸਾਹਿਬ ਮਿਲ ਕੇ ਰਾਇ ਕਰ ਰਹੇ ਹਨ ਕਿ ਅੱਗੇ ਤੋਂ ਨਗਰ ਕੀਰਤਨ ਕਿਵੇਂ ਕੀਤੇ ਜਾਣ।''

ਦਲਜੀਤ ਸਿੰਘ ਨੇ ਕਿਹਾ ਕਿ ''ਅਸੀਂ ਇਹ ਫੈਸਲਾ ਕੀਤਾ ਹੈ ਕਿ ਇੱਕ ਜ਼ਿਲ੍ਹੇ 'ਚ, ਇੱਕ ਸਾਲ 'ਚ ਇੱਕ ਤੋਂ ਵੱਧ ਨਗਰ ਕੀਰਤਨ ਨਾ ਕਰੋ। ਜਿੱਥੇ ਵੀ ਨਗਰ ਕੀਰਤਨ ਹੁੰਦਾ ਹੈ ਉੱਥੇ ਬਾਕੀ ਗੁਰਦੁਆਰੇ ਆਪਣੇ 10-10 ਬੰਦੇ ਸੁਰੱਖਿਆ ਲਈ ਦੇਣ। ਤੇ ਪੁਲਿਸ ਨੂੰ ਪਹਿਲਾਂ ਦੱਸਿਆ ਜਾਵੇ ਤਾਂ ਜੋ ਲੋੜੀਂਦੇ ਪੁਲਿਸ ਕਰਮੀ ਤਾਇਨਾਤ ਰਹਿ ਸਕਣ।''

ਉਨ੍ਹਾਂ ਕਿਹਾ ਕਿ ਹਾਲੀਆ ਨਗਰ ਕੀਰਤਨ 'ਚ ਵੀ ਪੁਲਿਸ ਮੌਜੂਦ ਸੀ, ਵਿਰੋਧ ਕਾਰਨ ਹੋਰ ਬੈਕਅਪ ਦੀ ਲੋੜ ਪਈ, ਜਿਸ ਦੇ ਆਉਣ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਧੱਕ ਦਿੱਤਾ ਅਤੇ ਨਗਰ ਕੀਰਤਨ ਤੈਅ ਪ੍ਰੋਗਰਾਮ ਤਹਿਤ ਚੱਲਦਾ ਰਿਹਾ।

ਉਨ੍ਹਾਂ ਕਿਹਾ ਕਿ ''ਸੱਤਾਧਾਰੀ ਪਾਰਟੀ ਦੇ ਸਾਡੇ ਇਲਾਕੇ ਦੇ ਐਮਪੀ ਰੀਮਾ ਨਾਕਲੇ, ਜੋ ਖੁਦ ਇੱਕ ਈਸਾਈ ਹਨ, ਨੇ ਵੀ ਇਸ ਮਾਮਲੇ 'ਤੇ ਬਹੁਤ ਸਖ਼ਤ ਬਿਆਨ ਜਾਰੀ ਕੀਤੇ ਹਨ।''

ਉਨ੍ਹਾਂ ਨੇ ਲਿਖਿਆ, "ਮਨੁਰੇਵਾ ਵਿੱਚ ਜੋ ਹੋਇਆ ਉਹ 'ਸ਼ਾਂਤਮਈ ਮੁਜ਼ਾਹਰੇ' ਦਾ ਹਿੱਸਾ ਨਹੀਂ ਸੀ, ਇਹ ਮਿੱਥ ਕੇ ਪਾਇਆ ਗਿਆ ਵਿਘਨ ਸੀ ਜਿਸ ਨੇ ਸਭਿਆਚਾਰ, ਪਛਾਣ ਅਤੇ ਪਬਲਿਕ ਸਪੇਸ ਨੂੰ ਹਥਿਆਰ ਬਣਾ ਕੇ ਵ੍ਹਨਾਉ ਦੇ ਲੋਕਾਂ ਨੂੰ ਸ਼ਰਮਿੰਦਾ ਕੀਤਾ ਅਤੇ ਉਨ੍ਹਾਂ ਨੂੰ ਅਲੱਗ ਮਹਿਸੂਸ ਕਰਵਾਇਆ।"

"ਹਾਕਾ ਦੀ ਇਸ ਸੰਦਰਭ ਵਿੱਚ ਦੁਰਵਰਤੋਂ ਕਰਨੀ ਕਾਫੀ ਅਪਮਾਨਜਨਕ ਹੈ।"

ਇਹ ਵੀ ਪੜ੍ਹੋ-

ਵਿਰੋਧ ਕਰਨ ਵਾਲੇ ਇੱਕ ਕਾਰਕੁਨ ਨੇ ਕੀ ਕਿਹਾ

ਵਿਰੋਧ ਕਰਨ ਵਾਲੇ

ਤਸਵੀਰ ਸਰੋਤ, Sourced

ਤਸਵੀਰ ਕੈਪਸ਼ਨ, ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੁੱਛਗਿੱਛ ਜਾਰੀ ਹੈ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇਗਾ

ਇਸ ਮਾਮਲੇ ਵਿੱਚ ਵਿਰੋਧ ਕਰਨ ਵਾਲੇ ਡੈਸਟਿਨੀ ਚਰਚ ਸੰਗਠਨ ਦੇ ਫਾਊਂਡਰ ਬ੍ਰਾਇਨ ਤਮਾਕੀ ਨੇ ਇਸ ਘਟਨਾ ਦੀ ਵੀਡੀਓ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤੀ ਤੇ ਲਿਖਿਆ ਕਿ ''ਨਿਊਜ਼ੀਲੈਂਡ ਵਾਸੀਆਂ ਨੂੰ ਚਿੰਤਤ ਹੋਣ ਦਾ ਪੂਰਾ ਹੱਕ ਹੈ।''

ਉਨ੍ਹਾਂ ਲਿਖਿਆ ਕਿ ''ਵੱਡੇ ਪੱਧਰ 'ਤੇ ਇਮੀਗ੍ਰੇਸ਼ਨ ਰਾਹੀਂ ਵੱਡੇ ਪੱਧਰ ਦੀ ਘੁਸਪੈਠ ਹੋ ਰਹੀ ਹੈ, ਜੋ ਸਾਡੇ ਦੇਸ਼ ਵਿੱਚ ਹੜ੍ਹ ਵਾਂਗ ਆ ਰਹੀ ਹੈ।''

ਉਨ੍ਹਾਂ ਕਿਹਾ ਕਿ ''ਅਸੀਂ ਆਪਣੀ ਸੰਪ੍ਰਭੂਤਾ, ਆਪਣੀ ਏਕਤਾ, ਜਾਂ ਆਪਣਾ ਭਵਿੱਖ ਨਹੀਂ ਛੱਡਾਂਗੇ। ਜੇ ਤੁਸੀਂ ਇੱਥੇ ਆਉਂਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਨਿਊਜ਼ੀਲੈਂਡ ਦੇ ਤਰੀਕਿਆਂ ਅਨੁਸਾਰ ਢਾਲਦੇ ਹੋ। ਆਪਣੇ ਨਾਲ ਵੱਖਵਾਦੀ ਏਜੰਡੇ, ਧਰਮ, ਨਸਲੀ ਵੰਡ, ਜਾਂ ਵਿਦੇਸ਼ੀ ਤਾਕਤਾਂ ਦੀਆਂ ਲੜਾਈਆਂ ਨਹੀਂ ਲਿਆਉਂਦੇ।''

ਉਨ੍ਹਾਂ ਲਿਖਿਆ, ''ਇਹ ਸਾਡੀ ਧਰਤੀ ਹੈ। ਇਹ ਸਾਡਾ ਸਟੈਂਡ ਹੈ।''

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਸਖਤ ਨਿੰਦਾ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਤਸਵੀਰ ਸਰੋਤ, SGPC

ਤਸਵੀਰ ਕੈਪਸ਼ਨ, ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਪੂਰੇ ਘਟਨਾਕ੍ਰਮ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਸਿੱਖਾਂ ਅਤੇ ਸਮਾਜਕ ਭਾਈਚਾਰਕ ਸਾਂਝ ਲਈ ਚੁਣੌਤੀ ਕਰਾਰ ਦਿੱਤਾ ਹੈ।

ਉਨ੍ਹਾਂ ਇਸ ਨੂੰ ਮੰਦਭਾਗੀ ਘਟਨਾ ਆਖਦਿਆਂ ਕਿਹਾ ਹੈ ਕਿ ਸਰਕਾਰ ਭਾਈਚਾਰਕ ਸਾਂਝ ਤੇ ਸਦਭਾਵਨਾ ਕਾਇਮ ਰੱਖਣ ਲਈ ਸ਼ਰਾਰਤੀ ਅਨਸਰਾਂ 'ਤੇ ਕਾਰਵਾਈ ਕਰੇ।

ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਇੱਕ ਪੋਸਟ ਮੁਤਾਬਕ, ਉਨ੍ਹਾਂ ਕਿਹਾ ਕਿ ਕੁਝ ਲੋਕਾਂ - ਜਿਨ੍ਹਾਂ ਦੀ ਅਗਵਾਈ ਬ੍ਰਾਇਨ ਤਾਮਾਕੀ ਨਾਮ ਦੇ ਵਿਅਕਤੀ ਵੱਲੋਂ ਕੀਤੀ ਦੱਸੀ ਜਾ ਰਹੀ ਹੈ ਜੋ ਕਿ ਇੱਕ ਸਮੂਹ ਦਾ ਵਿਵਾਦਤ ਆਗੂ ਹੈ - ਵੱਲੋਂ ਜਾਣਬੁੱਝ ਕੇ ਨਿਊਜ਼ੀਲੈਂਡ ਦੀਆਂ ਸਥਾਨਕ ਰਵਾਇਤਾਂ ਦੀ ਦੁਰਵਰਤੋਂ ਕਰਦਿਆਂ ਨਫ਼ਰਤੀ ਭਾਵਨਾ ਨਾਲ ਸਿੱਖਾਂ ਨੂੰ ਇਹ ਚੁਣੌਤੀ ਦਿੱਤੀ ਗਈ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਹਰ ਧਰਮ ਅਤੇ ਫਿਰਕੇ ਦਾ ਸਤਿਕਾਰ ਕਰਦੇ ਹਨ ਅਤੇ ਇਸੇ ਤਰ੍ਹਾਂ ਬਾਕੀਆਂ ਦਾ ਵੀ ਇਹ ਫ਼ਰਜ਼ ਹੈ ਕਿ ਸਿੱਖਾਂ ਦੀ ਧਾਰਮਿਕ ਅਜ਼ਾਦੀ ਦਾ ਵੀ ਸਤਿਕਾਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਰਕਾਰੀ ਪ੍ਰਵਾਨਗੀਆਂ ਤੋਂ ਬਾਅਦ ਹੀ ਸਜਾਏ ਜਾਂਦੇ ਹਨ, ਇਸ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਸਥਾਨਕ ਸਰਕਾਰ ਦੀ ਜ਼ਿੰਮੇਵਾਰੀ ਹੈ।

ਉਨ੍ਹਾਂ ਨਿਊਜ਼ੀਲੈਂਡ ਦੀ ਸਿੱਖ ਸੰਗਤ ਦੀ ਸ਼ਲਾਘਾ ਕੀਤੀ ਕਿ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਵਿਰੋਧ ਦੇ ਬਾਵਜੂਦ ਵੀ ਉਨ੍ਹਾਂ ਸੰਜਮ ਬਣਾਈ ਰੱਖਿਆ ਅਤੇ ਕਿਸੇ ਤਰ੍ਹਾਂ ਦੀ ਭੜਕਾਹਟ ਨਹੀਂ ਦਿਖਾਈ।

ਪੰਜਾਬ ਦੇ ਸੀਐਮ ਸਣੇ ਹੋਰ ਆਗੂਆਂ ਨੇ ਕੀਤੀ ਨਿੰਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਤਸਵੀਰ ਸਰੋਤ, X/BhagwantMann

ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਿਊਜ਼ੀਲੈਂਡ ਵਰਗੇ ਵਿਕਸਤ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਹੈਰਾਨੀਜਨਕ ਹਨ

ਇਸ ਮਾਮਲੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਆਗੂ ਵੀ ਨਿੰਦਾ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ''ਹਰ ਕਿਸੇ ਨੂੰ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ, ਅਤੇ ਨਿਊਜ਼ੀਲੈਂਡ ਵਰਗੇ ਵਿਕਸਤ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਹੈਰਾਨੀਜਨਕ ਹਨ।

ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਾਂਗਾ ਕਿ ਇਸ ਮੁੱਦੇ 'ਤੇ ਚਰਚਾ ਕਰਨ ਲਈ ਨਿਊਜ਼ੀਲੈਂਡ ਦੇ ਰਾਜਦੂਤ ਨੂੰ ਤਲਬ ਕੀਤਾ ਜਾਵੇ।''

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਿੱਖ ਭਾਈਚਾਰਾ ਅਮਨ ਪਸੰਦ ਅਤੇ ਮਿਹਨਤੀ ਹੈ, ਜੋ ਜਿੱਥੇ ਵੀ ਜਾਂਦਾ ਹੈ ਉਸ ਦੀ ਤਰੱਕੀ ਵਿੱਚ ਯੋਗਦਾਨ ਪਾਉਂਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੀ ਸਖਤ ਨਿੰਦਾ ਕਰਦਿਆਂ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ''ਨਗਰ ਕੀਰਤਨ ਇੱਕ ਪਵਿੱਤਰ ਸਿੱਖ ਪਰੰਪਰਾ ਹੈ - ਇਹ ਖੁਸ਼ੀ ਨਾਲ ਭਰਪੂਰ ਧਾਰਮਿਕ ਜੁਲੂਸ ਹੁੰਦਾ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ਬਦ ਗਾਇਨ ਕੀਤੇ ਜਾਂਦੇ ਹਨ ਅਤੇ ਜੋ ਭਗਤੀ, ਏਕਤਾ ਅਤੇ ਸਾਰੀ ਮਨੁੱਖਤਾ ਨਾਲ ਆਸ਼ੀਰਵਾਦ ਸਾਂਝੇ ਕਰਨ ਦਾ ਸੰਦੇਸ਼ ਦਿੰਦੇ ਹਨ।''

''ਮੈਨੂੰ ਇਹ ਵੇਖ ਕੇ ਖੁਸ਼ੀ ਹੋਈ ਕਿ ਉਕਸਾਵੇ ਦੇ ਬਾਵਜੂਦ ਸਿੱਖ ਭਾਈਚਾਰੇ ਨੇ ਬੇਮਿਸਾਲ ਸੰਯਮ ਅਤੇ ਸ਼ਾਂਤੀ ਨਾਲ ਪ੍ਰਤੀਕਿਰਿਆ ਦਿੱਤੀ - ਜੋ ਗੁਰੂ ਸਾਹਿਬ ਦੀਆਂ 'ਚੜਦੀ ਕਲਾ' ਅਤੇ 'ਸਰਬੱਤ ਦਾ ਭਲਾ' ਦੀਆਂ ਸਿੱਖਿਆਵਾਂ ਦੇ ਅਨੁਕੂਲ ਹੈ।''

ਉਨ੍ਹਾਂ ਅੱਗੇ ਲਿਖਿਆ, ''ਇਸ ਤਰ੍ਹਾਂ ਦੀ ਡਰਾਉਣੀ ਹਰਕਤ ਧਾਰਮਿਕ ਆਜ਼ਾਦੀ ਅਤੇ ਵਿਸ਼ਵ ਦੇ ਭਾਈਚਾਰੇ ਦੀ ਭਾਵਨਾ ਲਈ ਖ਼ਤਰਾ ਹੈ।''

ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਨਿਊਜ਼ੀਲੈਂਡ ਸਰਕਾਰ ਦੇ ਸਾਹਮਣੇ ਉਠਾਉਣ ਅਤੇ ਯਕੀਨ ਬਣਾਉਣ ਕਿ ਭਾਰਤੀ ਡਾਇਸਪੋਰਾ ਦੇ ਅਧਿਕਾਰਾਂ ਦੀ ਰੱਖਿਆ ਲਈ ਕੜੇ ਕਦਮ ਚੁੱਕੇ ਜਾਣ ਅਤੇ ਅਜਿਹੀਆਂ ਘਟਨਾਵਾਂ ਮੁੜ ਤੋਂ ਨਾ ਵਾਪਰਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)