ਯੂਕੇ: 2 ਸਾਲ ਪਹਿਲਾਂ ਇੱਕ ਕੱਬਡੀ ਮੈਚ ਦੌਰਾਨ ਹੋਈ ਹਿੰਸਾ ਮਾਮਲੇ 'ਚ 3 ਵਿਅਕਤੀ ਭੇਜੇ ਗਏ ਜੇਲ੍ਹ, ਪਹਿਲਾਂ ਵੀ 7 ਨੂੰ ਹੋ ਚੁੱਕੀ ਹੈ ਸਜ਼ਾ, ਜਾਣੋ ਕੀ ਸੀ ਇਹ ਮਾਮਲਾ

ਤਸਵੀਰ ਸਰੋਤ, Derbyshire Police
- ਲੇਖਕ, ਡੈਨ ਹੰਟ
- ਰੋਲ, ਡਰਬੀ
ਯੂਕੇ ਦੇ ਸ਼ਹਿਰ ਡਰਬੀ ਵਿੱਚ ਇੱਕ ਖੇਡ ਸਮਾਗਮ ਵਿੱਚ ਹਿੰਸਾ ਭੜਕਣ ਦੇ ਮਾਮਲੇ 'ਚ ਤਿੰਨ ਹੋਰ ਆਦਮੀਆਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦਰਅਸਲ, ਅਗਸਤ 2023 ਦੇ ਇਸ ਮਾਮਲੇ ਵਿੱਚ ਅਲਵਾਸਟਨ ਦੇ ਇੱਕ ਮੈਦਾਨ ਵਿੱਚ ਕੱਬਡੀ ਮੈਚ ਦੌਰਾਨ ਹਿੰਸਾ ਭੜਕ ਗਈ ਸੀ ਅਤੇ ਦੋ ਧਿਰਾਂ ਵਿਚਕਾਰ ਯੋਜਨਾਬੱਧ ਤਰੀਕੇ ਨਾਲ ਲੜਾਈ ਹੋਈ ਸੀ।
ਦੋ ਵਿਰੋਧੀ ਸਮੂਹਾਂ ਦੇ ਮੈਂਬਰਾਂ ਵਿਚਕਾਰ ਹੋਈ ਇਸ ਲੜਾਈ ਵਿੱਚ "ਹਥਿਆਰ, ਚਾਕੂ, ਤਲਵਾਰਾਂ ਅਤੇ ਬੱਲੇ" ਵਰਤੇ ਗਏ ਸਨ। ਜਦੋਂ ਇਹ ਲੜਾਈ ਹੋਈ ਉਸ ਵੇਲੇ ਉੱਥੇ ਬੱਚੇ ਵੀ ਮੌਜੂਦ ਸਨ, ਅਤੇ ਕਈ ਲੋਕ ਜ਼ਖਮੀ ਵੀ ਹੋ ਗਏ ਸਨ।
ਹੁਣ ਇਸ ਮਾਮਲੇ ਵਿੱਚ ਲਗਭਗ 2 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਦਮਨਜੀਤ ਸਿੰਘ, ਬੂਟਾ ਸਿੰਘ ਅਤੇ ਰਾਜ ਟੀ ਸਿੰਘ ਨੂੰ ਸ਼ੁੱਕਰਵਾਰ ਨੂੰ ਡਰਬੀ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਈ ਗਈ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਸਾਲ 2024 ਵਿੱਚ ਪਹਿਲਾਂ ਹੀ ਸੱਤ ਵਿਅਕਤੀਆਂ ਨੂੰ ਜੇਲ੍ਹ ਭੇਜਿਆ ਜਾ ਚੁੱਕਿਆ ਹੈ।
ਪੁਲਿਸ ਨੇ ਤਿੰਨ ਦੋਸ਼ੀਆਂ ਬਾਰੇ ਕੀ ਦੱਸਿਆ

ਤਸਵੀਰ ਸਰੋਤ, Getty Images
ਡਰਬੀਸ਼ਾਇਰ ਪੁਲਿਸ ਨੇ ਕਿਹਾ ਹੈ ਕਿ ਬੂਟਾ ਸਿੰਘ ਨੂੰ ਪ੍ਰੋਗਰਾਮ ਦੀ ਵੀਡੀਓ ਫੁਟੇਜ ਵਿੱਚ ਵਿਰੋਧੀ ਸਮੂਹ ਦੇ ਪਿੱਛੇ ਭੱਜਦੇ ਦੇਖਿਆ ਗਿਆ ਸੀ।
ਪੁਲਿਸ ਮੁਤਾਬਕ, ਹਿੰਸਾ ਦੇ ਸਮੇਂ ਉਸ ਕੋਲ ਕੋਈ ਹਥਿਆਰ ਨਹੀਂ ਸੀ, ਪਰ ਜਦੋਂ ਪੁਲਿਸ ਨੇ ਦੋ ਦਿਨ ਬਾਅਦ ਉਸ ਦੀ ਕਾਰ ਰੋਕੀ, ਤਾਂ ਅਧਿਕਾਰੀਆਂ ਨੂੰ ਬੂਟ ਵਿੱਚ ਦੋ ਚਾਕੂ ਮਿਲੇ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫੁਟੇਜ ਵਿੱਚ ਦਮਨਜੀਤ ਸਿੰਘ ਅਤੇ ਰਾਜ ਟੀ ਸਿੰਘ ਨੂੰ ਵੀ ਵੱਡੇ ਚਾਕੂਆਂ ਨਾਲ ਦੇਖਿਆ ਗਿਆ ਸੀ।
ਨਵੰਬਰ ਵਿੱਚ ਡਰਬੀ ਕਰਾਊਨ ਕੋਰਟ ਵਿੱਚ ਇੱਕ ਮੁਕੱਦਮੇ ਵਿੱਚ, ਵਿਥਮ ਡਰਾਈਵ, ਡਰਬੀ ਦੇ ਰਹਿਣ ਵਾਲੇ 35 ਸਾਲਾ ਬੂਟਾ ਸਿੰਘ ਨੂੰ ਹਿੰਸਕ ਗੜਬੜ ਦਾ ਦੋਸ਼ੀ ਪਾਇਆ ਗਿਆ। ਉਸ ਨੇ ਮੁਕੱਦਮੇ ਦੀ ਸ਼ੁਰੂਆਤ ਵਿੱਚ ਇੱਕ ਇਤਰਾਜ਼ਯੋਗ ਹਥਿਆਰ ਰੱਖਣ ਦੀ ਗੱਲ ਵੀ ਸਵੀਕਾਰ ਕੀਤੀ।
ਇਸ ਤਰ੍ਹਾਂ ਪਾਵੇਲ ਪਲੇਸ, ਟਿਪਟਨ ਦੇ ਰਹਿਣ ਵਾਲੇ 35 ਸਾਲਾ ਦਮਨਜੀਤ ਸਿੰਘ ਨੂੰ ਹਿੰਸਕ ਗੜਬੜ ਅਤੇ ਇੱਕ ਧਾਰਦਾਰ ਚੀਜ਼ ਰੱਖਣ ਦਾ ਦੋਸ਼ੀ ਪਾਇਆ ਗਿਆ। ਪੈਟਰਡੇਲ ਡਰਾਈਵ, ਹਡਰਸਫੀਲਡ ਦੇ ਰਹਿਣ ਵਾਲੇ 42 ਸਾਲਾ ਰਾਜ ਟੀ ਸਿੰਘ ਨੂੰ ਹਿੰਸਕ ਗੜਬੜ ਅਤੇ ਇੱਕ ਇਤਰਾਜ਼ਯੋਗ ਹਥਿਆਰ ਰੱਖਣ ਦਾ ਦੋਸ਼ੀ ਪਾਇਆ ਗਿਆ।
ਲੰਘੇ ਸ਼ੁੱਕਰਵਾਰ ਨੂੰ ਅਦਾਲਤ ਨੇ ਬੂਟਾ ਸਿੰਘ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦਮਨਜੀਤ ਸਿੰਘ - ਜਿਸਨੂੰ ਆਟੋਮੈਟਿਕ ਦੇਸ਼ ਨਿਕਾਲੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ - ਨੂੰ 3 ਸਾਲ 4 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਉਸੇ ਸੁਣਵਾਈ ਵਿੱਚ, ਰਾਜ ਟੀ ਸਿੰਘ ਨੂੰ 3 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਕੀ ਸੀ ਪੂਰਾ ਮਾਮਲਾ

ਤਸਵੀਰ ਸਰੋਤ, Getty Images
ਬੀਬੀਸੀ ਨਿਊਜ਼ ਪੱਤਰਕਾਰ ਆਸ਼ਾ ਪਟੇਲ ਦੀ 7 ਨਵੰਬਰ 2024 ਨੂੰ ਛਪੀ ਇੱਕ ਰਿਪੋਰਟ ਵਿੱਚ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਸੀ। ਉਸੇ ਰਿਪੋਰਟ ਦੇ ਹਵਾਲੇ ਨਾਲ ਇਸ ਮਾਮਲੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ...
20 ਅਗਸਤ 2023 ਨੂੰ ਯੂਕੇ ਦੇ ਡਰਬੀ ਸ਼ਹਿਰ ਦੇ ਅਲਵਾਸਟਨ ਪਿੰਡ ਦੇ ਇੱਕ ਮੈਦਾਨ ਵਿੱਚ ਪੁਲਿਸ ਨੂੰ ਬੁਲਾਇਆ ਗਿਆ। ਕਾਰਨ ਸੀ - ਇੱਕ ਕਬੱਡੀ ਟੂਰਨਾਮੈਂਟ ਦੌਰਾਨ ਭੜਕੀ ਹਿੰਸਾ।
ਇਸ ਦੌਰਾਨ ਦੋ ਵਿਰੋਧੀ ਸਮੂਹਾਂ ਦੇ ਮੈਂਬਰਾਂ ਨੇ ਇੱਕ-ਦੂਜੇ 'ਤੇ "ਹਥਿਆਰ, ਚਾਕੂ, ਤਲਵਾਰਾਂ ਅਤੇ ਬੱਲੇ" ਨਾਲ ਹਮਲੇ ਕੀਤੇ।
ਜਿਸ ਵੇਲੇ ਇਹ ਹਿੰਸਾ ਭੜਕੀ, ਸੈਂਕੜੇ ਦਰਸ਼ਕ ਕੱਬਡੀ ਦਾ ਮੈਚ ਦੇਖਣ ਲਈ ਉੱਥੇ ਮੌਜੂਦ ਸਨ। ਮਾਮਲੇ ਨਾਲ ਸਬੰਧਿਤ ਇੱਕ ਫੁਟੇਜ ਵਿੱਚ ਨਜ਼ਰ ਆ ਰਿਹਾ ਸੀ ਕਿ ਲਗਭਗ 40 ਲੋਕਾਂ ਵਿਚਕਾਰ ਹੋਈ ਇਸ ਖੂਨ-ਖਰਾਬੇ ਵਾਲੀ ਲੜਾਈ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਨ੍ਹਾਂ ਨੂੰ ਮੌਕੇ 'ਤੋਂ ਭੱਜਦੇ ਹੋਏ ਵੀ ਦੇਖਿਆ ਜਾ ਸਕਦਾ ਹੈ।
ਇਸ ਮਾਮਲੇ ਦੇ ਸੀਨੀਅਰ ਜਾਂਚ ਅਧਿਕਾਰੀ, ਡਿਟੈਕਟਿਵ ਚੀਫ਼ ਇੰਸਪੈਕਟਰ ਮੈਟ ਕਰੂਮ ਨੇ ਕਿਹਾ ਸੀ. "ਇਹ ਇੱਕ ਖੇਡ ਸਮਾਗਮ ਵਿੱਚ ਇੱਕ ਮਜ਼ੇਦਾਰ ਪਰਿਵਾਰਕ ਦਿਨ ਹੋਣਾ ਚਾਹੀਦਾ ਸੀ ਪਰ ਇਹ ਇੱਕ ਵੱਡੀ ਹਿੰਸਕ ਅਰਾਜਕਤਾ ਵਿੱਚ ਬਦਲ ਗਿਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ਅਤੇ ਬਹੁਤ ਸਾਰੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਗਏ।''
"ਇਹ ਆਦਮੀ ਇਸ ਸਮਾਗਮ ਵਿੱਚ ਆਪਣੇ ਹਮਲੇ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਹਥਿਆਰਾਂ ਨਾਲ ਲੈਸ ਹੋਣ ਦੇ ਖਾਸ ਇਰਾਦੇ ਨਾਲ ਸ਼ਾਮਲ ਹੋਏ ਸਨ।''
"ਇਹ ਬਹੁਤ ਘਿਨਾਉਣੀ ਹਿੰਸਾ ਸੀ।''
ਸਥਾਨਕ ਲੋਕਾਂ ਨੇ ਕੀ ਦੱਸਿਆ ਸੀ

ਸਥਾਨਕ ਵਸਨੀਕ, ਜੋ ਨੇੜੇ ਹੀ ਰਹਿ ਰਹੇ ਸਨ, ਨੇ ਉਸ ਵੇਲੇ ਬੀਬੀਸੀ ਰੇਡੀੳ ਡਰਬੀ ਨੂੰ ਦੱਸਿਆ ਸੀ ਕਿ ਇਹ ਇੱਕ ਖੇਡ ਮੁਕਾਬਲਾ ਸੀ, ਜਿਸ ਵਿੱਚ ਲੋਕ ਟਿਕਟਾਂ ਲੈ ਕੇ ਆਏ ਸਨ।
ਉਨ੍ਹਾਂ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਕਿਹਾ ਸੀ ਕਿ, ''ਪੁਲਿਸ ਦੀਆਂ ਗੱਡੀਆਂ ਘੰਟਿਆਂ ਤੱਕ ਆਉਂਦੀਆਂ ਰਹੀਆਂ, ਐਂਬੂਲੈਂਸ, ਡੌਗ ਯੁਨਿਟ ਅਤੇ ਘੱਟੋ-ਘੱਟ ਹੋਰ ਚਾਲ਼ੀ ਕਾਰਾਂ ਆਈਆਂ।''
ਉਨ੍ਹਾਂ ਦੱਸਿਆ, "ਅਸੀਂ ਬਹੁਤ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚੋਂ ਬਾਹਰ ਆਉਂਦਿਆਂ ਦੇਖਿਆ। ਕੁਝ ਲੋਕਾਂ ਨਾਲ ਅਸੀਂ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਦਾ ਇੱਕ ਸਮੂਹ, ਜਿਨ੍ਹਾਂ ਨੂੰ ਆਉਣ ਦਾ ਸੱਦਾ ਨਹੀਂ ਦਿੱਤਾ ਗਿਆ ਸੀ, ਪ੍ਰੋਗਰਾਮ ਵਿੱਚ ਦਾਖਲ ਹੋਇਆ ਅਤੇ ਉਨ੍ਹਾਂ ਕੋਲ ਹਥਿਆਰ ਸਨ।"
ਇੱਕ ਹੋਰ ਸਥਾਨਕ ਵਸਨੀਕ ਜੋ ਉਸ ਵੇਲੇ ਜਿੰਮ ਤੋਂ ਆਪਣੇ ਘਰ ਵਾਪਸ ਪਰਤ ਰਹੇ ਸਨ, ਨੇ ਦੱਸਿਆ ਸੀ ਕਿ ਉਨ੍ਹਾਂ ਨੇ ਪਹਿਲਾਂ ਪੁਲਿਸ ਦੀਆਂ ਕੁਝ ਗੱਡੀਆਂ ਨੂੰ ਹਾਰਵੇ ਰੋਡ ਉੱਤੇ ਅਲਵਾਸਟਨ ਵੱਲ ਜਾਂਦੇ ਵੇਖਿਆ।
ਉਨ੍ਹਾਂ ਦੱਸਿਆ, "ਮੈਂ ਜਦੋਂ ਘਰ ਆਇਆ ਤਾਂ ਹੋਰ ਸਾਇਰਨ ਸੁਣਾਈ ਦਿੱਤੇ ਅਤੇ ਫਿਰ ਉੱਪਰ ਹੈਲੀਕਾਪਟਰ ਵੀ ਆਉਂਦਾ ਵੇਖਿਆ।"
''ਫਿਰ ਪੁਲਿਸ ਦੀਆਂ ਹੋਰ ਗੱਡੀਆਂ ਜਿਹੜੀਆਂ ਕਿ ਸ਼ਾਇਦ ਆਰਮਡ ਰਿਸਪੌਂਸ ਵਹੀਕਲ ਸਨ, ਚਰਚ ਸਟ੍ਰੀਟ ਵੱਲ ਜਾ ਰਹੀਆਂ ਸਨ। ਮੈਂ ਪਿਛਲੇ ਕਈ ਸਾਲਾਂ ਬਾਅਦ ਐਨੀ ਪੁਲਿਸ ਵੇਖੀ।''
ਸਾਲ 2024 ਵਿੱਚ 7 ਜਣਿਆਂ ਨੂੰ ਸੁਣਾਈ ਗਈ ਸਜ਼ਾ

ਤਸਵੀਰ ਸਰੋਤ, Derbyshire Police
ਇਸ ਮਾਮਲੇ ਵਿੱਚ ਡਰਬੀ ਕਰਾਊਨ ਕੋਰਟ ਨਵੰਬਰ 2024 ਵਿੱਚ ਸੱਤ ਜਣਿਆਂ ਨੂੰ ਇਸ ਲੜਾਈ ਵਿੱਚ ਹਿੱਸਾ ਲੈਣ ਲਈ ਸਜ਼ਾ ਸੁਣਾਈ ਸੀ, ਜਿਸ ਮਗਰੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਅਦਾਲਤ ਨੂੰ ਦੱਸਿਆ ਗਿਆ ਸੀ ਕਿ ਡਰਬੀ ਦੇ ਬਰੰਸਵਿਕ ਸਟਰੀਟ ਵਿੱਚ ਇੱਕ ਸਮੂਹ ਮੀਟਿੰਗ ਵਿੱਚ ਇਸ ਲੜਾਈ ਦੀ ਯੋਜਨਾ ਬਣਾਈ ਗਈ ਸੀ।
ਸੁਣਵਾਈ ਦੌਰਾਨ ਦੱਸਿਆ ਗਿਆ ਸੀ ਜਿਸ ਵੇਲੇ ਦੋਵੇਂ ਵਿਰੋਧੀ ਧਿਰਾਂ ਲੜ ਰਹੀਆਂ ਸਨ, ਦੂਧਨਾਥ ਤ੍ਰਿਪਾਠੀ ਨੇ ਮਲਕੀਤ ਸਿੰਘ 'ਤੇ ਤਲਵਾਰ ਨਾਲ "ਭਿਆਨਕ ਹਮਲਾ" ਕੀਤਾ।
ਇਸ ਦੌਰਾਨ, ਕਰਮਜੀਤ ਸਿੰਘ, ਜਿਸ ਕੋਲ ਚਾਕੂ ਸੀ, ਨੂੰ ਹਰਦੇਵ ਉੱਪਲ ਨੇ ਕਮਰ ਵਿੱਚ ਗੋਲ਼ੀ ਮਾਰ ਦਿੱਤੀ ਪਰ ਉਹ ਫਿਰ ਵੀ ਲੜਦਾ ਰਿਹਾ।
ਅਦਾਲਤ ਨੇ ਸੁਣਿਆ ਕਿ ਫਿਰ ਉੱਪਲ 'ਤੇ ਹਮਲਾ ਕੀਤਾ ਗਿਆ ਅਤੇ ਉਸ ਦੇ ਸਰ ਵਿੱਚ ਸੱਟ ਲੱਗੀ।
ਜੱਜ ਜੋਨਾਥਨ ਬੇਨੇਟ ਨੇ ਕਿਹਾ ਸੀ ਕਿ ਲੜਾਈ ਦਾ ਕਾਰਨ ਅਜੇ ਤੱਕ ਵੀ ਨਹੀਂ ਪਤਾ ਹੈ।
ਉਨ੍ਹਾਂ ਨੇ ਸਜ਼ਾ ਸੁਣਾਉਣ ਸਮੇਂ ਇੱਕ ਪਹਿਲਾਂ ਦੀ ਰਿਪੋਰਟ ਵਿੱਚ ਇੱਕ ਦੋਸ਼ੀ ਦੇ ਹਵਾਲੇ ਨਾਲ ਕਿਹਾ: "ਮੈਂ ਸਿਰਫ਼ ਇਹੀ ਜਾਣਦਾ ਹਾਂ ਕਿ ਇਸ ਵਿੱਚ ਇੱਕ ਧਿਰ ਦਾ ਇਜ਼ਤ [ਆਨਰ] ਸ਼ਾਮਲ ਸੀ।"
ਪਹਿਲਾਂ ਕਿਸ-ਕਿਸ ਨੂੰ ਸੁਣਾਈ ਗਈ ਸਜ਼ਾ
- 34 ਸਾਲਾ ਹਰਦੇਵ ਉੱਪਲ ਨੂੰ 10 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
- 31 ਸਾਲਾ ਦੂਧਨਾਥ ਤ੍ਰਿਪਾਠੀ ਨੂੰ 5 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
- 25 ਸਾਲਾ ਪਰਮਿੰਦਰ ਸਿੰਘ ਨੂੰ 6 ਸਾਲ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
- 25 ਸਾਲਾ ਮਲਕੀਤ ਸਿੰਘ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
- 36 ਸਾਲਾ ਕਰਮਜੀਤ ਸਿੰਘ ਨੂੰ 4 ਸਾਲ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
- 33 ਸਾਲਾ ਬਲਜੀਤ ਸਿੰਘ ਨੂੰ 3 ਸਾਲ 9 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
- 31 ਸਾਲਾ ਜਗਜੀਤ ਸਿੰਘ ਨੂੰ 4 ਸਾਲ ਅਤੇ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਇਨ੍ਹਾਂ ਸਾਰੇ ਦੋਸ਼ੀਆਂ ਨੂੰ ਵੱਖ-ਵੱਖ ਦੋਸ਼ਾਂ ਜਿਵੇਂ ਕਿ ਪਾਬੰਦੀਸ਼ੁਦਾ ਹਥਿਆਰ ਰੱਖਣ, ਧਾਰਦਾਰ ਚੀਜ਼ਾਂ ਰੱਖਣ, ਜਾਨ ਨੂੰ ਖਤਰੇ ਵਿੱਚ ਪਾਉਣ ਅਤੇ ਹਿੰਸਕ ਅਰਾਜਕਤਾ ਵਰਗੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












