ਇੱਕ ਬਿਸਕੁਟ ਦੇ ਪੈਕੇਟ ਕਾਰਨ ਕਿਵੇਂ ਪੁਲਿਸ ਦੇ ਹੱਥੇ ਚੜ੍ਹਿਆ 9 ਸਾਲ ਤੋਂ ਫਰਾਰ ਪਤਨੀ ਦਾ ਕਾਤਲ

ਸੁਰੇਂਦਰ ਕੁਮਾਰ

ਤਸਵੀਰ ਸਰੋਤ, Bhargav Parikh

ਤਸਵੀਰ ਕੈਪਸ਼ਨ, ਪੁਲਿਸ ਨੇ ਫਰਾਰ ਹੋਏ ਕੈਦੀ ਨੂੰ 9 ਸਾਲਾਂ ਬਾਅਦ ਫੜ੍ਹਿਆ
    • ਲੇਖਕ, ਭਾਰਗਵ ਪਰੀਖ
    • ਰੋਲ, ਬੀਬੀਸੀ ਪੱਤਰਕਾਰ

ਕਈ ਲੋਕਾਂ ਨੂੰ ਹਰ ਰੋਜ਼ ਸਵੇਰੇ ਚਾਹ ਨਾਲ ਬਿਸਕੁਟ ਖਾਣ ਦੀ ਆਦਤ ਹੁੰਦੀ ਹੈ, ਪਰ ਗੁਜਰਾਤ ਵਿੱਚ ਸਾਲਾਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਭੱਜ ਰਹੇ ਇੱਕ ਅਪਰਾਧੀ ਨੂੰ ਇਹੀ ਬਿਸਕੁਟਾਂ ਕਾਰਨ ਭਾਰੀ ਕੀਮਤ ਚੁਕਾਉਣੀ ਪਈ।

ਦਰਅਸਲ, ਗੁਜਰਾਤ ਵਿੱਚ ਆਪਣੀ ਪਤਨੀ ਦੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇੱਕ ਅਪਰਾਧੀ ਪੈਰੋਲ 'ਤੇ ਛੁੱਟਣ ਤੋਂ ਬਾਅਦ ਫਰਾਰ ਹੋ ਗਿਆ ਸੀ ਅਤੇ ਨੌਂ ਸਾਲਾਂ ਤੋਂ ਪੁਲਿਸ ਉਸ ਦੀ ਭਾਲ਼ ਕਰ ਰਹੀ ਸੀ।

ਇਸ ਦੌਰਾਨ ਉਸ ਨੇ ਦੂਜਾ ਵਿਆਹ ਵੀ ਕਰਵਾ ਲਿਆ ਅਤੇ ਘਰ ਵੀ ਬਣਾ ਲਿਆ ਸੀ। ਪਰ ਬਿਸਕੁਟ ਦੇ ਇੱਕ ਪੈਕੇਟ ਕਰ ਕੇ ਆਖ਼ਰ ਪੁਲਿਸ ਉਸ ਤੱਕ ਪਹੁੰਚ ਹੀ ਗਈ ਅਤੇ ਉਸ ਨੂੰ ਫੜ੍ਹ ਕੇ ਮੁੜ ਜੇਲ੍ਹ 'ਚ ਬੰਦ ਕਰ ਦਿੱਤਾ।

ਕੀ ਹੈ ਮਾਮਲਾ

ਸੂਰਤ ਦੇ ਏਸੀਪੀ ਨੀਰਵ ਗੋਹਿਲ

ਤਸਵੀਰ ਸਰੋਤ, Bhargav Parikh

ਤਸਵੀਰ ਕੈਪਸ਼ਨ, ਸੂਰਤ ਦੇ ਏਸੀਪੀ ਨੀਰਵ ਗੋਹਿਲ ਨੇ ਦੱਸਿਆ ਕਿ ਸੁਰੇਂਦਰ ਨੂੰ 28 ਦਿਨਾਂ ਦੀ ਪੈਰੋਲ ਮਿਲੀ ਤੇ ਉਹ ਫਰਾਰ ਹੋ ਗਿਆ

ਸੂਰਤ ਵਿੱਚ ਇੱਕ ਇੰਜੀਨੀਅਰਿੰਗ ਕੰਪਨੀ ਵਿੱਚ ਕੰਮ ਕਰਨ ਵਾਲਾ ਸੁਰੇਂਦਰ ਵਰਮਾ ਸੂਰਤ ਦੇ ਸਚਿਨ ਇਲਾਕੇ ਵਿੱਚ ਕਿਰਾਏ ਦੇ ਇੱਕ ਕਮਰੇ ਤੇ ਰਸੋਈ ਵਾਲੇ ਮਕਾਨ ਵਿੱਚ ਰਹਿੰਦਾ ਸੀ, ਜਿੱਥੇ ਉਸ ਦੀ ਆਪਣੀ ਪਤਨੀ ਨਾਲ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ।

ਸਾਲ 2007 ਵਿੱਚ ਸੁਰੇਂਦਰ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਪੁਲਿਸ ਨੇ ਉਸ ਨੂੰ ਫੜ੍ਹ ਲਿਆ। ਪੱਕੇ ਸਬੂਤਾਂ ਅਤੇ ਗਵਾਹਾਂ ਦੀ ਗਵਾਹੀ ਦੇ ਆਧਾਰ 'ਤੇ ਸੂਰਤ ਸੈਸ਼ਨਜ਼ ਕੋਰਟ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਉਦੋਂ ਤੋਂ ਉਹ ਲਾਜਪੋਰ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਸੀ।

ਸੂਰਤ ਦੇ ਏਸੀਪੀ ਨੀਰਵ ਗੋਹਿਲ ਨੇ ਕਿਹਾ, "2016 ਵਿੱਚ ਸੁਰੇਂਦਰ ਵਰਮਾ ਨੇ ਪੈਰੋਲ ਲਈ ਅਰਜ਼ੀ ਦਿੱਤੀ ਸੀ। ਉਸ ਦੀ ਅਰਜ਼ੀ ਮਨਜ਼ੂਰ ਹੋ ਗਈ ਅਤੇ ਸੁਰੇਂਦਰ ਨੂੰ 28 ਦਿਨਾਂ ਦੀ ਪੈਰੋਲ ਮਿਲ ਗਈ।"

"ਪੈਰੋਲ ਪੀਰੀਅਡ ਦੌਰਾਨ ਸੁਰੇਂਦਰ ਫਰਾਰ ਹੋ ਗਿਆ, ਜਿਸ ਕਾਰਨ ਉਸ ਦੇ ਖ਼ਿਲਾਫ਼ ਸਚਿਨ ਪੁਲਿਸ ਸਟੇਸ਼ਨ ਵਿੱਚ 'ਪ੍ਰਿਜ਼ਨ ਐਕਟ' ਤਹਿਤ ਕੇਸ ਦਰਜ ਕੀਤਾ ਗਿਆ। ਉਹ ਉਸ ਵੇਲੇ ਤੋਂ ਹੀ ਫਰਾਰ ਹੈ।"

ਸੁਰੇਂਦਰ ਵਰਮਾ ਦੇ ਪਰਿਵਾਰਕ ਮੈਂਬਰ ਰਵਿੰਦਰ ਕੁਮਾਰ ਨੇ ਕਿਹਾ, "ਸੁਰੇਂਦਰ ਦੇ ਪਰਿਵਾਰ ਕੋਲ ਯੂਪੀ ਵਿੱਚ ਕੁਝ ਜ਼ਮੀਨ ਹੈ, ਪਰ ਕੋਈ ਖ਼ਾਸ ਆਮਦਨੀ ਨਹੀਂ ਹੁੰਦੀ ਸੀ। ਸੁਰੇਂਦਰ ਵੱਧ ਪੜ੍ਹਿਆ-ਲਿਖਿਆ ਨਹੀਂ ਸੀ। ਖੇਤੀ ਤੋਂ ਚੰਗੀ ਆਮਦਨ ਨਾ ਹੋਣ ਕਾਰਨ ਉਹ ਬਿਓਹਰਾ ਪਿੰਡ ਤੋਂ 10 ਕਿਲੋਮੀਟਰ ਦੂਰ ਕਾਰਵੀ ਵਿੱਚ ਰਿਕਸ਼ਾ ਚਲਾਉਂਦਾ ਸੀ ਅਤੇ ਲੋਕਾਂ ਨੂੰ ਰਿਕਸ਼ੇ ਵਿੱਚ ਬਿਠਾ ਕੇ ਚਿੱਤਰਕੂਟ ਤੱਕ ਲੈ ਕੇ ਜਾਂਦਾ ਸੀ।"

ਉਹ ਕਹਿੰਦੇ ਹਨ, "ਇਸ ਦੌਰਾਨ ਉਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ, ਜਿਸ ਕਾਰਨ ਪਿੰਡ ਵਿੱਚ ਝਗੜਾ ਹੋਇਆ ਅਤੇ 2005 ਵਿੱਚ ਉਸ ਦਾ ਵਿਆਹ ਆਪਣੀ ਹੀ ਜਾਤੀ ਦੀ ਕੁੜੀ ਨਾਲ ਕਰ ਦਿੱਤਾ ਗਿਆ।"

"ਕੁਝ ਸਮੇਂ ਬਾਅਦ ਕੰਮ ਦੀ ਤਲਾਸ਼ ਵਿੱਚ ਉਹ ਪਿੰਡ ਦੇ ਕੁਝ ਲੋਕਾਂ ਨਾਲ ਸੂਰਤ ਆ ਗਿਆ ਅਤੇ ਸਚਿਨ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗ ਪਿਆ। ਇਸ ਤੋਂ ਇਲਾਵਾ ਉਹ ਰਾਤ ਨੂੰ ਕਿਰਾਏ ਦਾ ਰਿਕਸ਼ਾ ਵੀ ਚਲਾਉਂਦਾ ਸੀ।"

ਦੱਸਿਆ ਜਾਂਦਾ ਹੈ ਕਿ ਸੁਰੇਂਦਰ ਆਪਣੀ ਪਤਨੀ ਤੋਂ ਲਗਾਤਾਰ ਦਾਜ ਦੀ ਮੰਗ ਕਰਦਾ ਸੀ ਅਤੇ ਦਾਜ ਦੇ ਪੈਸੇ ਮਿਲਣ 'ਤੇ ਉਹ ਕਿਰਾਏ ਦਾ ਰਿਕਸ਼ਾ ਛੱਡ ਕੇ ਆਪਣਾ ਰਿਕਸ਼ਾ ਖਰੀਦਣ ਦੀ ਗੱਲ ਕਰਦਾ ਸੀ।

ਫਿਰ ਉਸ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਕਿ ਸੁਰੇਂਦਰ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ।

9 ਸਾਲਾਂ ਬਾਅਦ ਕਿਵੇਂ ਆਇਆ ਕਾਬੂ?

ਸੁਰੇਂਦਰ ਨੂੰ ਉੱਤਰ ਪ੍ਰਦੇਸ਼ ਤੋਂ ਪੁਲਿਸ ਸੂਰਤ ਲੈ ਕੇ ਆਈ ਹੈ

ਤਸਵੀਰ ਸਰੋਤ, Bhargav Parikh

ਤਸਵੀਰ ਕੈਪਸ਼ਨ, ਸੁਰੇਂਦਰ ਨੂੰ ਉੱਤਰ ਪ੍ਰਦੇਸ਼ ਤੋਂ ਪੁਲਿਸ ਸੂਰਤ ਲੈ ਕੇ ਆਈ ਹੈ

ਪੁਲਿਸ ਨੇ ਪੈਰੋਲ ਦੌਰਾਨ ਫਰਾਰ ਹੋਏ 42 ਸਾਲਾ ਸੁਰੇਂਦਰ ਨੂੰ ਫੜ੍ਹਨ ਲਈ ਇੱਕ ਖ਼ਾਸ ਓਪਰੇਸ਼ਨ ਚਲਾਇਆ ਸੀ।

ਏਸੀਪੀ ਗੋਹਿਲ ਨੇ ਦੱਸਿਆ, "ਸਭ ਤੋਂ ਪਹਿਲਾਂ ਸੁਰੇਂਦਰ ਦੇ ਪਿੰਡ ਦੇ ਲੋਕਾਂ ਤੋਂ ਕੁਝ ਜਾਣਕਾਰੀ ਮਿਲਣ ਤੋਂ ਬਾਅਦ ਇੱਕ ਟੀਮ ਬਣਾਈ ਗਈ। ਟੀਮ ਨੂੰ ਜਾਂਚ ਲਈ ਸੁਰੇਂਦਰ ਦੇ ਜੱਦੀ ਪਿੰਡ ਬਿਓਹਰਾ, ਉੱਤਰ ਪ੍ਰਦੇਸ਼ ਭੇਜਿਆ ਗਿਆ। ਅਸੀਂ ਯੂਪੀ ਪੁਲਿਸ ਨਾਲ ਵੀ ਸੰਪਰਕ ਵਿੱਚ ਸੀ।"

ਸੁਰੇਂਦਰ ਨੂੰ ਅੰਦਾਜ਼ਾ ਸੀ ਕਿ ਇੱਕ ਦਿਨ ਪੁਲਿਸ ਉਸ ਨੂੰ ਲੱਭਣ ਜ਼ਰੂਰ ਆਵੇਗੀ, ਇਸ ਲਈ ਪੈਰੋਲ ਦੌਰਾਨ ਫਰਾਰ ਹੋਣ ਤੋਂ ਬਾਅਦ ਉਸ ਨੇ ਆਪਣੇ ਮਾਪਿਆਂ ਅਤੇ ਭਰਾ ਨਾਲ ਕੋਈ ਸੰਪਰਕ ਨਹੀਂ ਰੱਖਿਆ।

ਪੁਲਿਸ ਮੁਤਾਬਕ, ਉੱਤਰ ਪ੍ਰਦੇਸ਼ ਵਿੱਚ ਸੁਰੇਂਦਰ ਦਾ ਪਿੰਡ ਛੋਟਾ ਜਿਹਾ ਹੈ, ਇਸ ਲਈ ਉਨ੍ਹਾਂ ਨੇ ਕੁਝ ਰਿਸ਼ਤੇਦਾਰਾਂ ਨਾਲ ਆਰਾਮ ਨਾਲ ਪੁੱਛਗਿੱਛ ਕੀਤੀ।

ਪਤਾ ਲੱਗਿਆ ਕਿ ਸੁਰੇਂਦਰ ਬਿਓਹਰਾ ਤੋਂ ਥੋੜ੍ਹੀ ਦੂਰ ਕਾਰਵੀ ਵਿੱਚ ਰਿਕਸ਼ਾ ਚਲਾ ਰਿਹਾ ਸੀ। ਇੱਥੇ ਪੁਲਿਸ ਨੇ ਕੁਝ ਰਿਕਸ਼ਾ ਚਾਲਕਾਂ ਤੋਂ ਪੁੱਛਗਿੱਛ ਕੀਤੀ।

ਪੁਲਿਸ ਨੇ ਜਦੋਂ ਰਿਕਸ਼ਾ ਚਾਲਕਾਂ ਨੂੰ ਸੁਰੇਂਦਰ ਦੀ ਫੋਟੋ ਦਿਖਾਈ, ਤਾਂ ਇੱਕ ਰਿਕਸ਼ਾ ਚਾਲਕ ਨੇ ਦੱਸਿਆ ਕਿ ਸੁਰੇਂਦਰ ਇੱਥੇ ਇਲੈਕਟ੍ਰਿਕ ਰਿਕਸ਼ਾ ਚਲਾਉਂਦਾ ਸੀ। ਹੁਣ ਉਸ ਨੇ ਦੂਜਾ ਵਿਆਹ ਕਰਵਾ ਲਿਆ ਹੈ ਅਤੇ ਆਪਣੀ ਪਤਨੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਸ ਦਾ ਇੱਕ ਪੁੱਤਰ ਵੀ ਹੈ।

ਛੇ ਮਹੀਨੇ ਪਹਿਲਾਂ ਉਹ ਸ਼ੰਕਰਪੁਰ ਪਿੰਡ ਵਿੱਚ ਆਪਣੇ ਸਾਲੇ ਦੇ ਵਿਆਹ 'ਚ ਵੀ ਸ਼ਾਮਲ ਹੋਇਆ ਸੀ। ਪੁਲਿਸ ਨੇ ਜਦੋਂ ਸੁਰੇਂਦਰ ਦੀ ਦੂਜੀ ਪਤਨੀ ਦੇ ਭਰਾ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਹ ਗੁਰੁਗ੍ਰਾਮ ਵਿੱਚ ਘਾਟ ਦੇ ਕੋਲ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਹੈ।

ਪੁਲਿਸ ਕੋਲ ਹੁਣ ਉਸ ਦੀ ਪਤਨੀ ਦਾ ਫ਼ੋਨ ਨੰਬਰ ਅਤੇ ਪਤਾ ਵੀ ਸੀ।

ਸੁਰੇਂਦਰ ਨੂੰ ਹਰ ਰੋਜ਼ ਸਵੇਰੇ ਚਾਹ ਨਾਲ ਬਿਸਕੁਟ ਖਾਣ ਦੀ ਆਦਤ ਸੀ। ਇਸ ਲਈ ਪੁਲਿਸ ਨੇ ਦੋ ਦਿਨ ਤੱਕ ਸਾਦੇ ਕੱਪੜਿਆਂ ਵਿੱਚ ਉਸ ਦੇ ਘਰ ਦੇ ਨੇੜੇ ਨਿਗਰਾਨੀ ਰੱਖੀ।

ਇਸ ਦੌਰਾਨ ਹੀ 14 ਨਵੰਬਰ ਨੂੰ ਜਦੋਂ ਸੁਰੇਂਦਰ ਆਪਣੇ ਪੁੱਤਰ ਨਾਲ ਬਿਸਕੁਟ ਖਰੀਦਣ ਆਇਆ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਸੁਰੇਂਦਰ ਨੂੰ ਉੱਤਰ ਪ੍ਰਦੇਸ਼ ਤੋਂ ਸੂਰਤ ਲਿਆਂਦਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਕਾਤਲ ਨੂੰ ਪੈਰੋਲ ਕਦੋਂ ਮਿਲ ਸਕਦੀ ਹੈ?

ਸੁਰੇਂਦਰ

ਤਸਵੀਰ ਸਰੋਤ, Bhargav Parikh

ਤਸਵੀਰ ਕੈਪਸ਼ਨ, ਜਦੋਂ ਸੁਰੇਂਦਰ ਬਿਸਕੁਟ ਖਰੀਦਣ ਆਇਆ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ

ਸੁਰੇਂਦਰ ਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ ਅਤੇ ਇਸ ਜੁਰਮ ਵਿੱਚ ਉਹ ਜੇਲ੍ਹ ਵਿੱਚ ਬੰਦ ਸੀ, ਜਿੱਥੋਂ ਉਹ ਪੈਰੋਲ 'ਤੇ ਬਾਹਰ ਆਇਆ ਹੋਇਆ ਸੀ।

ਕਤਲ ਦੇ ਦੋਸ਼ੀ ਨੂੰ ਪੈਰੋਲ ਕਦੋਂ ਮਿਲ ਸਕਦੀ ਹੈ, ਇਸ ਬਾਰੇ ਵਕੀਲ ਆਸ਼ੀਸ਼ ਸ਼ੁਕਲਾ ਨੇ ਕਿਹਾ, "ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਕਾਤਲ ਨੂੰ ਦੋ ਤਰੀਕਿਆਂ ਨਾਲ ਪੈਰੋਲ ਮਿਲ ਸਕਦੀ ਹੈ।"

"ਇੱਕ, ਜਦੋਂ ਕਾਤਲ ਦੇ ਪਰਿਵਾਰ ਵਿੱਚ ਕੋਈ ਗੰਭੀਰ ਤੌਰ 'ਤੇ ਬਿਮਾਰ ਹੋਵੇ ਜਾਂ ਕੋਈ ਹੋਰ ਠੋਸ ਕਾਰਨ ਹੋਵੇ, ਤਾਂ ਉਹ ਆਪਣੇ ਵਕੀਲ ਦੀ ਮਦਦ ਨਾਲ ਹਾਈ ਕੋਰਟ ਵਿੱਚ ਅਰਜ਼ੀ ਦੇ ਸਕਦਾ ਹੈ। ਜੇ ਕੋਰਟ ਅਰਜ਼ੀ ਮਨਜ਼ੂਰ ਕਰ ਲੈਂਦੀ ਹੈ, ਤਾਂ ਪੈਰੋਲ ਮਿਲ ਜਾਂਦੀ ਹੈ।"

"ਦੂਜਾ, ਜਦੋਂ ਕੋਈ ਕੈਦੀ ਕੁਝ ਸਾਲਾਂ ਦੀ ਸਜ਼ਾ ਪੂਰੀ ਕਰ ਲੈਂਦਾ ਹੈ, ਤਾਂ ਜੇਲ੍ਹ ਸੁਪਰੀਟੈਂਡੇਂਟ ਨੂੰ ਫ਼ਾਰਮ ਭਰ ਕੇ ਪੈਰੋਲ ਲਈ ਅਰਜ਼ੀ ਕਰ ਸਕਦਾ ਹੈ। ਇਸ ਤੋਂ ਬਾਅਦ, ਉਹ ਜੇਲ੍ਹ ਵਿੱਚ ਕਾਤਲ ਦੇ ਵਤੀਰੇ, ਹੋਰ ਕੈਦੀਆਂ ਨਾਲ ਉਸ ਦੇ ਵਿਵਹਾਰ ਆਦਿ 'ਤੇ ਆਪਣੀ ਰਾਇ ਦਿੰਦਾ ਹੈ ਅਤੇ ਪੁਲਿਸ ਉਸ ਦੀ ਤਸਦੀਕ ਕਰਦੀ ਹੈ। ਜੇ ਪੁਲਿਸ ਅਤੇ ਜੇਲ੍ਹ ਸੁਪਰੀਟੈਂਡੇਂਟ ਨੂੰ ਕਾਤਲ ਦੀ ਅਰਜ਼ੀ ਠੀਕ ਨਾ ਲੱਗੇ, ਤਾਂ ਪੈਰੋਲ ਨਹੀਂ ਮਿਲਦੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)