'ਮੈਂ ਇੱਕੋ ਹੀ ਡੋਨਰ ਤੋਂ ਦੂਜਾ ਬੱਚਾ ਕਰ ਰਹੀ ਹਾਂ...', ਇਕੱਲਿਆਂ ਮਾਂ ਬਣਨ ਦਾ ਫ਼ੈਸਲਾ ਕਰਨ ਵਾਲੀਆਂ ਔਰਤਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਕਿਉਂ ਹੋ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਯਾਸਮਿਨ ਰੂਫੋ
- ਰੋਲ, ਬੀਬੀਸੀ ਨਿਊਜ਼
"ਮੈਂ ਉਹ ਜ਼ਿੰਦਗੀ ਨਹੀਂ ਜੀ ਰਹੀ ਜੋ ਮੈਂ ਆਪਣੇ ਲਈ ਸੋਚੀ ਸੀ," ਇਹ ਸ਼ਬਦ 41 ਸਾਲਾ ਲੂਸੀ ਦੇ ਹਨ, ਜਿਨ੍ਹਾਂ ਨੇ ਹਮੇਸ਼ਾ ਇਹ ਸੋਚਿਆ ਸੀ ਕਿ ਮਾਂ ਬਣਨ ਦਾ ਸਫ਼ਰ ਇੱਕ ਰਵਾਇਤੀ ਤਰੀਕੇ ਨਾਲ ਹੋਵੇਗਾ, ਪਹਿਲਾਂ ਸਾਥੀ, ਫਿਰ ਵਿਆਹ ਅਤੇ ਫਿਰ ਬੱਚੇ।
ਪਰ ਬਜਾਏ ਇਸ ਦੀ, ਮਾਂ ਬਣਨ ਦਾ ਉਨ੍ਹਾਂ ਦਾ ਸਫ਼ਰ ਆਈਵੀਐੱਫ਼ ਅਤੇ ਡੋਨਰ ਸਪਰਮ ਨਾਲ ਸ਼ੁਰੂ ਹੋਇਆ। ਇਹ ਫ਼ੈਸਲਾ ਉਨ੍ਹਾਂ ਨੇ ਮਹਾਮਾਰੀ ਦੌਰਾਨ ਲਿਆ, ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਆਪਣੀ ਭੈਣ ਅਤੇ ਦੋਸਤਾਂ ਦੇ ਬੱਚਿਆਂ ਨੂੰ ਕਿੰਨਾ ਯਾਦ ਕਰਦੀ ਹੈ।
ਉਹ ਹਾਸੇ-ਮਜ਼ਾਕ ਵਿੱਚ ਆਪਣੇ ਮਾਪਿਆਂ ਨੂੰ ਕਹਿੰਦੀ ਸੀ ਕਿ ਉਹ ਆਪਣੇ-ਆਪ ਇੱਕ ਬੱਚਾ ਕਰ ਸਕਦੀ ਹੈ ਅਤੇ ਯਾਦ ਕਰਦੀ ਹੈ, "ਮੈਨੂੰ ਲੱਗਿਆ ਸੀ ਕਿ ਉਹ ਇਸ ਗੱਲ ਨੂੰ ਹੱਸ ਕੇ ਟਾਲ ਦੇਣਗੇ, ਪਰ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਕਰ ਲੈਣਾ ਚਾਹੀਦਾ ਹੈ ਅਤੇ ਉਹ ਬਹੁਤ ਖੁਸ਼ ਹੋ ਗਏ।
ਉਨ੍ਹਾਂ ਨੇ ਰੇਡੀਓ 4 ਦੇ ਪ੍ਰੋਗਰਾਮ 'ਵੁਮਨਜ਼ ਆਵਰ' ਨੂੰ ਦੱਸਿਆ "ਮੈਨੂੰ ਅਜਿਹੀ ਪ੍ਰਤੀਕਿਰਿਆ ਦੀ ਆਸ ਨਹੀਂ ਸੀ ਅਤੇ ਇਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸ਼ਾਇਦ ਮੈਨੂੰ ਸੱਚਮੁੱਚ ਇਹ ਕਰਨਾ ਚਾਹੀਦਾ ਹੈ।"
ਆਪਣੇ ਵੀਹਵਿਆਂ ਦੀ ਉਮਰ ਵਿੱਚ ਲੂਸੀ ਦੀ ਮੰਗਣੀ ਹੋ ਗਈ ਸੀ ਅਤੇ ਉਹ ਹਮੇਸ਼ਾ ਇਹ ਸੋਚਦੀ ਸੀ ਕਿ ਉਹ ਮਾਂ ਬਣੇਗੀ। ਪਰ ਜਦੋਂ ਉਨ੍ਹਾਂ ਆਪਣੇ 30ਵੇਂ ਜਨਮਦਿਨ ਤੋਂ ਥੋੜ੍ਹਾ ਪਹਿਲਾਂ ਆਪਣੇ ਆਪ ਨੂੰ ਇਕੱਲਿਆ ਪਾਇਆ, ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ "ਇਸ ਗੱਲ ਨੂੰ ਲੈ ਕੇ ਡੂੰਘੇ ਦੁੱਖ ਦੇ ਦੌਰ ਵਿਚੋਂ ਲੰਘੀ ਕਿ ਜੇ ਮੈਂ ਮਾਂ ਨਾ ਬਣੀ ਤਾਂ ਕੀ ਹੋਵੇਗਾ।"
ਲੂਸੀ ਦਾ ਪਹਿਲਾ ਪੁੱਤਰ ਹੁਣ ਲਗਭਗ ਤਿੰਨ ਸਾਲ ਦਾ ਹੈ ਅਤੇ ਉਹ ਹੁਣੇ ਉਸੇ ਹੀ ਡੋਨਰ ਦੇ ਸਪਰਮ ਨਾਲ ਦੁਬਾਰਾ ਗਰਭਵਤੀ ਹਨ।
ਉਨ੍ਹਾਂ ਨੂੰ ਨਾ ਤਾਂ ਉਸ ਡੋਨਰ ਦੀ ਪਛਾਣ ਪਤਾ ਹੈ ਅਤੇ ਨਾ ਹੀ ਇਹ ਕਿ ਉਹ ਦਿਖਣ ਵਿੱਚ ਕਿਵੇਂ ਦਾ ਹੈ।
ਉਹ ਕਹਿੰਦੀ ਹੈ, "ਮੈਂ ਆਪਣੇ ਮੁੰਡੇ ਵੱਲ ਹਰ ਵੇਲੇ ਵੇਖਦੀ ਰਹਿੰਦੀ ਹਾਂ ਅਤੇ ਸੋਚਦੀ ਹਾਂ ਕਿ ਉਹ ਡੋਨਰ ਵਰਗਾ ਕਿੰਨਾ ਲੱਗਦਾ ਹੋਵੇਗਾ, ਪਰ ਇਹ ਜਾਣਨਾ ਅਸੰਭਵ ਹੈ ਅਤੇ ਇਸ ਨਾਲ ਕੋਈ ਫ਼ਰਕ ਵੀ ਨਹੀਂ ਪੈਂਦਾ, ਕਿਉਂਕਿ ਉਹ ਸਿਰਫ਼ ਆਪਣੇ-ਆਪ ਵਰਗਾ ਹੀ ਦਿਖਦਾ ਹੈ।"
ਉਹ ਆਪਣੇ ਦੂਜੇ ਬੱਚੇ ਦੇ ਜਨਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਅਤੇ ਕਹਿੰਦੀ ਹੈ ਕਿ ਇਹ "ਦੇਖਣਾ ਦਿਲਚਸਪ ਹੋਵੇਗਾ ਕਿ ਨਵਾਂ ਬੱਚਾ ਕਿਹੋ-ਜਿਹਾ ਨਜ਼ਰ ਆਵੇਗਾ ਅਤੇ ਕੀ ਉਹ ਇੱਕ ਦੂਜੇ ਵਰਗੇ ਲੱਗਣਗੇ ਜਾਂ ਉਨ੍ਹਾਂ ਵਿੱਚ ਕੁਝ ਮਿਲਦੇ-ਜੁਲਦੇ ਗੁਣ ਹੋਣਗੇ।"
ਇਕੱਲੀ ਮਾਂ ਬਣਨ ਦਾ ਫ਼ੈਸਲਾ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਬ੍ਰਿਟੇਨ ਵਿੱਚ ਫਰਟੀਲਿਟੀ ਇੰਡਸਟਰੀ ਦੇ ਕੰਟ੍ਰੋਲ ਕਰਨ ਵਾਲੀ ਐੱਚਐੱਫ਼ਈਏ ਦੇ ਅੰਕੜਿਆਂ ਮੁਤਾਬਕ, 2019 ਵਿੱਚ ਯੂਕੇ ਵਿੱਚ 3,147 ਇਕੱਲੀਆਂ ਔਰਤਾਂ ਨੇ ਡੋਨਰ ਸਪਰਮ ਨਾਲ ਫਰਟੀਲਿਟੀ ਇਲਾਜ ਕਰਵਾਇਆ ਸੀ। 2022 ਵਿੱਚ, ਜੋ ਸਭ ਤੋਂ ਤਾਜ਼ਾ ਅੰਕੜੇ ਹਨ, ਇਹ ਗਿਣਤੀ ਵੱਧ ਕੇ 5,084 ਹੋ ਗਈ, ਜੋ 60 ਫੀਸਦੀ ਤੋਂ ਵੱਧ ਦਾ ਵਾਧਾ ਹੈ।
ਯੂਕੇ ਆਧਾਰਿਤ ਚੈਰਿਟੀ ਡੋਨਰ ਕਨਸੈਪਸ਼ਨ ਨੈੱਟਵਰਕ ਦੀ ਡਾਇਰੈਕਟਰ ਨੀਨਾ ਬਾਰਨਜ਼ਲੀ ਕਹਿੰਦੇ ਹਨ ਕਿ ਔਰਤਾਂ ਵੱਲੋਂ ਇਕੱਲੀ ਮਾਂ ਬਣਨ ਦਾ ਰਸਤਾ ਚੁਣਨ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਸਮਾਂ ਹੈ, "ਭਾਵੇਂ ਉਹ ਫਰਟੀਲਿਟੀ ਨਾਲ ਜੁੜਿਆ ਹੋਵੇ ਜਾਂ ਜ਼ਿੰਦਗੀ ਦੇ ਕਿਸੇ ਖ਼ਾਸ ਮੋੜ 'ਤੇ ਬੱਚੇ ਚਾਹੁਣ ਨਾਲ।"

ਖੁੱਲ੍ਹੀ ਗੱਲਬਾਤ
ਬਾਰਨਜ਼ਲੀ ਕਹਿੰਦੇ ਹਨ ਕਿ ਸਵੈ-ਇੱਛਾ ਨਾਲ ਇਕੱਲੀ ਮਾਂ ਬਣਨ ਦਾ ਫ਼ੈਸਲਾ ਕਰਨ ਨਾਲ ਵਾਧੂ ਜਜ਼ਬਾਤੀ, ਸਮਾਜਿਕ ਅਤੇ ਵਿਹਾਰਕ ਚੁਣੌਤੀਆਂ ਵੀ ਆ ਸਕਦੀਆਂ ਹਨ।
ਕਈ ਔਰਤਾਂ ਨੂੰ ਇਸ ਗੱਲ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਡੋਨਰ ਕੌਣ ਹੈ ਅਤੇ ਭਾਵੇਂ ਇਹ ਸਵਾਲ "ਅਕਸਰ ਚੰਗੀ ਨੀਅਤ ਨਾਲ ਪੁੱਛੇ ਜਾਂਦੇ ਹਨ, ਪਰ ਇਹ ਦਖ਼ਲਅੰਦਾਜ਼ੀ ਵਰਗੇ ਮਹਿਸੂਸ ਹੋ ਸਕਦੇ ਹਨ।"
ਲੂਸੀ ਕਹਿੰਦੀ ਹੈ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਇਸ ਗੱਲ ਬਾਰੇ ਖੁੱਲ੍ਹ ਕੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਕਿਵੇਂ ਹੋਇਆ।
ਉਨ੍ਹਾਂ ਨੇ ਪਹਿਲਾਂ ਹੀ ਆਪਣੇ ਪੁੱਤਰ ਨੂੰ ਉਸ ਦੀ ਪੈਦਾਇਸ਼ ਬਾਰੇ ਸਮਝਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਲਈ ਉਹ ਜਿਸ ਭਾਸ਼ਾ ਦੀ ਵਰਤੋਂ ਕਰਦੇ ਹਨ, ਉਸ ਨੂੰ ਉਹ "ਸਰਲ ਪਰ ਸੱਚੀ" ਦੱਸਦੇ ਹਨ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਚਾਹੁੰਦੀ ਹੈ ਕਿ ਉਨ੍ਹਾਂ ਦਾ ਪੁੱਤਰ "ਇਸ ਬਾਰੇ ਗੱਲ ਕਰਨ ਵਿੱਚ ਆਤਮ-ਵਿਸ਼ਵਾਸ ਵਿਕਸਿਤ ਕਰੇ।"
ਉਨ੍ਹਾਂ ਦਾ ਕਹਿਣਾ ਹੈ, "ਮੈਂ ਨਹੀਂ ਚਾਹੁੰਦੀ ਕਿ ਉਸਦਾ ਪਰਿਵਾਰ ਕਿਸੇ ਅਜਿਹੇ ਪਰਿਵਾਰ ਨਾਲੋਂ ਘੱਟ ਕਬੂਲਣਯੋਗ ਜਾਂ ਘੱਟ ਮਜ਼ਬੂਤ ਹੈ, ਜਿਸ ਵਿੱਚ ਦੋ ਮਾਪੇ ਹੁੰਦੇ ਹਨ।"

ਤਸਵੀਰ ਸਰੋਤ, Getty Images
ਲੂਸੀ ਉਨ੍ਹਾਂ ਲੋਕਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਨ ਜੋ ਉਨ੍ਹਾਂ ਦੇ ਫ਼ੈਸਲੇ ਨੂੰ ਖੁਦਗਰਜ਼ ਕਹਿੰਦੇ ਹਨ।
ਉਹ ਕਹਿੰਦੀ ਹੈ, "ਬੱਚੇ ਦੀ ਖੁਸ਼ੀ ਇੱਕ ਮਾਪੇ ਜਾਂ ਦੋ ਮਾਪੇ ਹੋਣ ਨਾਲ ਨਹੀਂ ਜੁੜੀ ਹੁੰਦੀ, ਇਹ ਪਿਆਰ, ਦੇਖਭਾਲ ਅਤੇ ਸਮੇਂ ਨਾਲ ਜੁੜੀ ਹੁੰਦੀ ਹੈ।"
ਭਾਵੇਂ ਲੂਸੀ ਨੂੰ ਇਹ ਪਤਾ ਸੀ ਕਿ ਇਹ ਰਸਤਾ ਚੁਣਨ ਦਾ ਮਤਲਬ ਉਹ ਇਕੱਲੀ ਮਾਂ ਹੋਣਾ, ਪਰ ਉਨ੍ਹਾਂ ਨੇ ਕਦੇ ਆਪਣੇ-ਆਪ ਨੂੰ ਇਕੱਲਾ ਮਹਿਸੂਸ ਨਹੀਂ ਕੀਤਾ ਕਿਉਂਕਿ ਯੋਜਨਾ ਦਾ ਇੱਕ ਹਿੱਸਾ ਇਹ ਸੀ ਕਿ ਉਨ੍ਹਾਂ ਦੇ ਮਾਪੇ ਪੂਰੀ ਤਰ੍ਹਾਂ ਉਨ੍ਹਾਂ ਨਾਲ ਰਹਿਣਗੇ।
2023 ਵਿੱਚ ਜਦੋਂ ਉਹ ਗਰਭਵਤੀ ਸਨ ਤਾਂ ਉਨ੍ਹਾਂ ਦੀ ਮਾਂ ਗੰਭੀਰ ਤੌਰ 'ਤੇ ਬਿਮਾਰ ਹੋ ਗਏ, ਜੋ ਇੱਕ ਅਜਿਹਾ ਮੋੜ ਸੀ, ਜਿਸ ਨੇ ਸਿਰਫ਼ ਉਨ੍ਹਾਂ ਦੀ ਪਰਵਿਰਸ਼ ਦੀ ਯੋਜਨਾ ਹੀ ਨਹੀਂ, ਸਗੋਂ ਉਨ੍ਹਾਂ ਦੀ ਪੂਰੀ ਦੁਨੀਆ ਬਦਲ ਦਿੱਤੀ।
ਪਿਛਲੇ ਸਾਲ, ਜਦੋਂ ਉਨ੍ਹਾਂ ਦਾ ਪੁੱਤਰ 18 ਮਹੀਨੇ ਦਾ ਸੀ, ਲੂਸੀ ਦੇ ਮਾਪਿਆਂ ਦੀ ਛੇ ਹਫ਼ਤਿਆਂ ਦੇ ਅੰਦਰ-ਅੰਦਰ ਮੌਤ ਹੋ ਗਈ।
ਉਹ ਕਹਿੰਦੇ ਹਨ, "ਕਈ ਵਾਰ ਮੈਂ ਸੋਚਦੀ ਸੀ ਕਿ ਮੈਂ ਇਹ ਸਭ ਕਿਵੇਂ ਕਰਾਂਗੀ, ਪਰ ਇਹ ਸਿਰਫ਼ ਇਸਨੂੰ ਸੰਭਾਲਣ ਦਾ ਮਾਮਲਾ ਸੀ, ਕਿਉਂਕਿ ਮੇਰੇ ਕੋਲ ਹੋਰ ਕੋਈ ਬਦਲ ਨਹੀਂ ਸੀ।"
ਉਹ ਆਖਦੇ ਹਨ, ਬਿਮਾਰੀ ਅਤੇ ਭਾਰੀ ਨੁਕਸਾਨ ਦੇ ਉਨ੍ਹਾਂ ਮਹੀਨਿਆਂ ਦੌਰਾਨ, ਉਨ੍ਹਾਂ ਦਾ ਪੁੱਤਰ ਉਨ੍ਹਾਂ ਦਾ ਹੌਸਲਾ ਤੇ ਮਦਦ ਬਣਿਆ।
ਉਹ ਕਹਿੰਦੇ ਹਨ, "ਉਸ ਨੇ ਸਭ ਕੁਝ ਬਿਹਤਰ ਬਣਾ ਦਿੱਤਾ ਕਿਉਂਕਿ ਉਸ ਨਾਲ ਵੱਡੇ ਪੱਧਰ 'ਤੇ ਧਿਆਨ ਭਟਕ ਜਾਂਦਾ ਸੀ।"

ਤਸਵੀਰ ਸਰੋਤ, Kim
30 ਸਾਲਾ ਕਿਮ ਵੀ ਇੱਕ ਅਜਿਹੀ ਮਾਂ ਦਾ ਵੱਡਾ ਹੋਇਆ ਬੱਚਾ ਹੈ, ਜਿਸ ਨੇ ਲੂਸੀ ਵਾਂਗ ਸਪਰਮ ਡੋਨਰ ਰਾਹੀਂ ਇਕੱਲੀ ਮਾਂ ਬਣਨ ਦਾ ਫ਼ੈਸਲਾ ਕੀਤਾ ਸੀ।
ਉਹ 1990ਵਿਆਂ ਵਿੱਚ ਲੰਡਨ ਵਿੱਚ ਪੈਦਾ ਹੋਇਆ ਸੀ। ਉਨ੍ਹਾਂ ਦੀ ਪੈਦਾਇਸ਼ ਡੋਨਰ ਇੰਸੀਮੀਨੇਸ਼ਨ ਰਾਹੀਂ ਹੋਈ ਸੀ, ਉਸ ਸਮੇਂ ਜਦੋਂ ਫਰਟੀਲਿਟੀ ਇਲਾਜ ਘੱਟ ਵਿਕਸਿਤ ਸਨ ਅਤੇ ਸਪਰਮ ਡੋਨਰ ਗੁਪਤ ਰਹਿ ਸਕਦੇ ਸਨ। ਨਾ ਕੋਈ ਤਸਵੀਰ ਸੀ, ਨਾ ਕੋਈ ਪ੍ਰੋਫ਼ਾਈਲ ਅਤੇ ਨਾ ਹੀ ਸੰਪਰਕ ਦੀ ਕੋਈ ਸੰਭਾਵਨਾ ਸੀ।
ਉਹ ਕਹਿੰਦੇ ਹਨ ਕਿ ਪਿਤਾ ਦੀ ਗ਼ੈਰਹਾਜ਼ਰੀ ਉਨ੍ਹਾਂ ਨੂੰ ਕਦੇ ਵੀ ਖਾਲ੍ਹੀਪਣ ਵਾਂਗ ਮਹਿਸੂਸ ਨਹੀਂ ਹੋਈ ਅਤੇ ਉਨ੍ਹਾਂ ਨੇ ਕਦੇ ਆਪਣੀ ਮਾਂ ਐਮਿਲੀ ਨਾਲ ਨਾਰਾਜ਼ਗੀ ਨਹੀਂ ਰੱਖੀ ਅਤੇ ਨਾ ਹੀ ਇਹ ਕਾਮਨਾ ਕੀਤੀ ਕਿ ਉਸ ਦਾ ਕੋਈ ਹੋਰ ਪਰਿਵਾਰ ਹੁੰਦਾ।
ਉਨ੍ਹਾਂ ਨੂੰ ਸਭ ਤੋਂ ਵੱਧ ਜਿਸ ਗੱਲ ਨੇ ਉਤਸ਼ਾਹਿਤ ਕੀਤਾ, ਉਹ ਇਹ ਨਹੀਂ ਸੀ ਕਿ ਐਮਿਲੀ ਨੇ ਉਨ੍ਹਾਂ ਨੂੰ ਕਿਵੇਂ ਜਨਮ ਦਿੱਤਾ, ਸਗੋਂ ਇਹ ਸੀ ਕਿ ਰਿਟਾਇਰਡ ਸਮਾਜਿਕ ਕਰਮਚਾਰੀ ਹੋਣ ਦੇ ਨਾਤੇ ਐਮਿਲੀ ਨੇ ਉਨ੍ਹਾਂ ਦੀ ਪਰਵਿਰਸ਼ ਕਿਵੇਂ ਕੀਤੀ।
ਉਹ ਕਹਿੰਦੇ ਹਨ, "ਉਨ੍ਹਾਂ ਨੂੰ ਇਕੱਲੇ ਹੀ ਇੰਨਾ ਕੁਝ ਕਰਦੇ ਦੇਖ ਕੇ ਮੈਨੂੰ ਖ਼ੁਦਮੁਖ਼ਤਿਆਰੀ ਦੀ ਮਜ਼ਬੂਤ ਭਾਵਨਾ ਮਿਲੀ ਹੈ।"
ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਹ ਲੋਕ ਸਮਝ ਨਹੀਂ ਆਉਂਦੇ ਜੋ ਉਨ੍ਹਾਂ ਦੀ ਮਾਂ ਦੇ ਇਕੱਲੇ ਹੀ ਇਹ ਰਸਤਾ ਚੁਣਨ ਦੇ ਫ਼ੈਸਲੇ ਨੂੰ ਖ਼ੁਦਗਰਜ਼ ਮੰਨਦੇ ਹਨ।
ਉਹ ਆਖਦੇ ਹਨ, "ਅਸਲ ਖ਼ੁਦਗਰਜ਼ੀ ਤਾਂ ਇਹ ਹੈ ਕਿ ਤੁਸੀਂ ਉਸ ਵੇਲੇ ਬੱਚਾ ਕਰੋ, ਜਦੋਂ ਤੁਹਾਨੂੰ ਪੂਰਾ ਯਕੀਨ ਹੀ ਨਾ ਹੋਵੇ ਕਿ ਤੁਸੀਂ ਬੱਚਾ ਚਾਹੁੰਦੇ ਹੋ।"
ਆਪਣੇ ਵੀਹਵਿਆਂ ਦੀ ਉਮਰ ਵਿੱਚ ਲੰਬੇ ਸਮੇਂ ਦੇ ਸਾਥੀ ਤੋਂ ਦੂਰ ਹੋ ਜਾਣ ਤੋਂ ਬਾਅਦ, ਐਮਿਲੀ ਨੂੰ ਯਕੀਨ ਸੀ ਕਿ ਉਹ ਕਿਸੇ ਹੋਰ ਰਿਸ਼ਤੇ ਵਿੱਚ ਪੱਕੇ ਤੌਰ 'ਤੇ ਜਾ ਸਕਦੇ ਹਨ।
ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਬਿਨਾਂ ਬੋਏਫ੍ਰੈਂਡ ਦੇ ਵੀ ਬੱਚਾ ਕਰ ਸਕਦੀ ਹੈ ਤਾਂ ਉਨ੍ਹਾਂ ਨੇ ਮੰਨ ਲਿਆ ਕਿ "ਇਹੀ ਉਹ ਰਾਹ ਸੀ ਜਿਸ 'ਤੇ ਉਹ ਜਾਣ ਵਾਲੀ ਸੀ।"
ਉਹ ਕਹਿੰਦੀ ਹੈ ਕਿ ਇਕੱਲੇ ਪਰਵਿਰਸ਼ ਕਰਨ ਦਾ ਸਭ ਤੋਂ ਵਧੀਆ ਪੱਖ ਇਹ ਸੀ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਨਾਲ ਗੱਲਬਾਤ ਕਰਨੀ ਪੈਂਦੀ ਸੀ ਅਤੇ ਨਾ ਹੀ ਕੋਈ ਸਮਝੌਤਾ ਕਰਨਾ ਪੈਂਦਾ ਸੀ।
ਉਹ ਆਖਦੇ ਹਨ, "ਇੱਕ ਵਾਰ ਜਦੋਂ ਮੈਂ ਕੋਈ ਫ਼ੈਸਲਾ ਲੈ ਲੈਂਦੀ ਸੀ, ਭਾਵੇਂ ਉਹ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਮੈਨੂੰ ਕਦੇ ਸਮਝੌਤਾ ਨਹੀਂ ਕਰਨਾ ਪੈਂਦਾ ਸੀ ਅਤੇ ਮੈਂ ਹਮੇਸ਼ਾ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੀ ਸੀ।"
72 ਸਾਲਾ ਐਮਿਲੀ ਕਹਿੰਦੇ ਹਨ ਕਿ ਜਿਵੇਂ ਕੁਝ ਵੀ ਹੋਇਆ, ਉਸ ਬਾਰੇ ਉਨ੍ਹਾਂ ਨੂੰ ਕੋਈ ਅਫ਼ਸੋਸ ਨਹੀਂ ਹੈ ਅਤੇ ਉਨ੍ਹਾਂ ਦਾ ਪੁੱਤਰ "ਬਿਲਕੁਲ ਉਹੋ ਜਿਹਾ ਇਨਸਾਨ ਬਣਿਆ ਹੈ, ਜਿਹੋ-ਜਿਹਾ ਮੈਂ ਚਾਹੁੰਦੀ ਸੀ ਅਤੇ ਮੇਰੇ ਲਈ ਉਹ ਇਸ ਤੋਂ ਵੱਧ ਆਦਰਸ਼ ਪੁੱਤਰ ਹੋ ਹੀ ਨਹੀਂ ਸਕਦਾ ਸੀ।"
ਜੋ ਮੋਰਿਸ ਅਤੇ ਐਮਾ ਪੀਅਰਸ ਵੱਲੋਂ ਵਾਧੂ ਰਿਪੋਰਟਿੰਗ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












