ਭਗਵੰਤ ਮਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਸਰੂਪ ਮਿਲਣ ਦੇ ਦਾਅਵੇ ਕੀਤੇ, ਸੁਖਬੀਰ ਨੇ ਪੰਜਾਬੀਆਂ ਨੂੰ ਕੀ ਵਾਅਦੇ ਕੀਤੇ, ਮਾਘੀ 'ਤੇ ਕੀ-ਕੀ ਸੁਰਖ਼ੀਆਂ 'ਚ ਰਿਹਾ

 ਭਗਵੰਤ ਮਾਨ, ਸੁਖਬੀਰ ਬਾਦਲ
    • ਲੇਖਕ, ਰਾਹੁਲ ਕਾਲਾ
    • ਰੋਲ, ਬੀਬੀਸੀ ਪੱਤਰਕਾਰ

''ਬੰਗਾ ਨੇੜੇ ਇੱਕ ਧਾਰਮਿਕ ਸਥਾਨ (ਡੇਰੇ) ਤੋਂ 169 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲੇ ਹਨ, ਜਿਨ੍ਹਾਂ ’ਚੋਂ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ ਸਿਰਫ਼ 30 ਸਰੂਪਾਂ ਦਾ ਹੀ ਰਿਕਾਰਡ ਮਿਲ ਸਕਿਆ ਅਤੇ ਨਾ ਹੀ ਡੇਰੇ ਦੇ ਪ੍ਰਬੰਧਕ ਜਾਂਚ ਕਮੇਟੀ (ਸਿੱਟ) ਨੂੰ ਜਵਾਬ ਦੇ ਸਕੇ ਕਿ 139 ਸਰੂਪ ਕਿੱਥੋਂ ਤੇ ਕਿਵੇਂ ਲਿਆਂਦੇ ਗਏ।''

ਇਹ ਦਾਅਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਰੱਖੀ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਵਿੱਚ ਕੀਤਾ ਗਿਆ।

ਮਾਘੀ ਦੇ ਮੇਲੇ ਮੌਕੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੀ ਸਿਆਸੀ ਸਟੇਜਾਂ ਸਜਾਈਆਂ ਗਈਆਂ ਪਰ ਇਸ ਮੈਦਾਨ 'ਚ ਕਾਂਗਰਸ ਪਾਰਟੀ ਦੀ ਸਟੇਜ ਕਿਤੇ ਨਜ਼ਰ ਨਹੀਂ ਆਈ।

ਹਲਾਂਕਿ ਕਾਂਗਰਸ ਨੇ ਕਾਨਫਰੰਸ ਨਾ ਕੀਤੇ ਜਾਣ ਦਾ ਕਾਰਨ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਦੱਸਿਆ ਹੈ। ਮਾਘੀ ਮੇਲੇ ਦਾ ਆਯੋਜਨ ਹਰ ਸਾਲ ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਂਦਾ ਹੈ।

ਲਾਪਤਾ ਸਰੂਪਾਂ ਦੀ ਕਿੱਥੋਂ ਭਾਲ ਹੋਈ

ਭਗਵੰਤ ਮਾਨ

ਤਸਵੀਰ ਸਰੋਤ, Punjab Govt

ਸਭ ਤੋਂ ਵੱਡਾ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਬਾਰੇ ਕੀਤਾ। ਇਸੇ ਹੀ ਮੁੱਦੇ 'ਤੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਵੀ ਆ ਚੁੱਕੀ ਹੈ।

ਸੀਐਮ ਭਗਵੰਤ ਮਾਨ ਨੇ ਕਿਹਾ, ''ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਭ ਤੋਂ ਪਹਿਲਾਂ ਹੈ। 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੂੰ ਨਵਾਂ ਸ਼ਹਿਰ ਦੇ ਬੰਗਾ ਨੇੜੇ ਇੱਕ ਧਾਰਮਿਕ ਸਥਾਨ (ਡੇਰੇ) ਤੋਂ 169 ਸਰੂਪ ਮਿਲੇ ਹਨ।

''ਇਨ੍ਹਾਂ ਵਿੱਚੋਂ 139 ਸਰੂਪ ਅਜਿਹੇ ਹਨ ਜਿਨ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਹੈ। ਹਲਾਂਕਿ 30 ਸਰੂਪਾਂ ਦੀਆਂ ਪਰਚੀਆਂ ਜ਼ਰੂਰ ਮਿਲੀਆਂ ਹਨ ਜੋ ਕਿਸੇ ਹੋਰ ਦੋ ਗੁਰਦੁਆਰਿਆਂ ਨੂੰ ਜਾਰੀ ਕੀਤੇ ਗਏ ਸਨ ਤੇ ਇਨ੍ਹਾਂ ਨੂੰ ਵੀ ਡੇਰੇ 'ਚ ਰੱਖਿਆ ਹੋਇਆ ਹੈ।''

ਅੱਗੇ ਭਗਵੰਤ ਮਾਨ ਨੇ ਕਿਹਾ ਕਿ 139 ਸਰੂਪਾਂ ਦਾ ਰਿਕਾਰਡ ਨਾ ਤਾਂ ਸ਼੍ਰੋਮਣੀ ਕਮੇਟੀ ਕੋਲ ਹੈ ਅਤੇ ਨਾ ਹੀ ਡੇਰੇ ਦੇ ਪ੍ਰਬੰਧਕਾਂ ਤੋਂ ਮਿਲਿਆ ਹੈ ਅਤੇ ਨਾ ਹੀ ਡੇਰੇ ਦੇ ਪ੍ਰਬੰਧਕ ਇਸ ਦਾ ਹਿਸਾਬ ਦੇ ਸਕੇ ਕਿ ਇਹ ਕਦੋਂ ਅਤੇ ਕਿੱਥੋਂ ਲਿਆਂਦੇ ਗਏ।

''ਸਾਡਾ ਕੰਮ ਸਰੂਪਾਂ ਦੀ ਭਾਲ ਕਰਨਾ ਤੇ ਹੁਣ ਜਿਵੇਂ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਹੁਕਮ ਕਰੇਗੀ ਅਸੀਂ ਪੂਰੇ ਮਰਿਯਾਦਾ ਤੇ ਸਤਿਕਾਰ ਨਾਲ ਉਸੇ ਥਾਂ 'ਤੇ ਸਰੂਪਾਂ ਨੂੰ ਦੇ ਦੇਵਾਂਗੇ।''

ਭਗਵੰਤ ਮਾਨ

'ਆਪ' ਦੇ ਹੋਰ ਕਿਹੜੇ ਵਾਅਦੇ ਹੋਏ

ਆਮ ਆਦਮੀ ਪਾਰਟੀ ਦੀ ਸਟੇਜ

ਤਸਵੀਰ ਸਰੋਤ, Punjab Govt

ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵਆਦਾ ਕੀਤਾ ਸੀ ਕਿ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਪਰ ਹਾਲੇ ਤੱਕ ਇਹ ਵਾਅਦਾ ਪੂਰਾ ਨਹੀਂ ਹੋ ਸਕਿਆ ਹੈ।

ਇਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਔਰਤਾਂ ਨਾਲ ਕੀਤਾ ਵਾਅਦਾ ਅਗਲੇ ਬਜਟ ਸੈਸ਼ਨ ਵਿੱਚ ਪੂਰਾ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਅਸੀਂ 10 ਲੱਖ ਰੁਪਏ ਤੱਕ ਦੇ ਇਲਾਜ ਦਾ ਸਿਹਤ ਬੀਮਾ ਹਰ ਪਰਿਵਾਰ ਦੇ ਹਰ ਮੈਂਬਰ ਲਈ ਕਰਨ ਜਾ ਰਹੇ ਹਨ।

ਪੰਜਾਬ ਵਿੱਚ 800 ਪ੍ਰਾਈਵੇਟ ਅਤੇ 200-250 ਦੇ ਕਰੀਬ ਸਰਕਾਰੀ ਹਸਪਤਾਲ ਚੁਣੇ ਗਏ ਹਨ ਜਿੱਥੋਂ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ।

ਸੁਖਬੀਰ ਦੇ ਕੀ ਐਲਾਨ ਰਹੇ

ਸੁਖਬੀਰ ਬਾਦਲ

ਤਸਵੀਰ ਸਰੋਤ, FB/Sukhbir Singh Badal

ਅਗਾਮੀ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਅਕਾਲੀ ਦਲ ਵੱਲੋਂ ਅੱਜ ਸ੍ਰੀ ਮੁਕਤਸਰ ਤੋਂ ਕਈ ਐਲਾਨ ਕੀਤੇ ਗਏ। ਅਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਸਟੇਜ਼ 'ਤੇ ਬੈਠੀ ਹੋਈ ਸੀ।

ਵਾਰੀ ਵਾਰੀ ਬੁਲਾਰੇ ਆਉਂਦੇ ਗਏ ਅਤੇ ਸਰਕਾਰ ਦੀਆਂ ਨਾਕਾਮੀਆਂ ਗਿਣਵਾਉਂਦੇ ਗਏ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਾਰੀ ਜਦੋਂ ਆਈ ਤਾਂ ਉਨ੍ਹਾਂ ਨੇ ਪੰਜਾਬੀਆਂ ਨਾਲ ਕਈ ਅਜਿਹੇ ਵਾਅਦੇ ਕੀਤੇ ਜੋ ਵਿਧਾਨ ਸਭਾ ਚੋਣਾਂ ਲਈ ਮੈਦਾਨ ਤਿਆਰ ਕਰ ਗਿਆ।

ਸੁਖਬੀਰ ਸਿੰਘ ਬਾਦਲ ਨੇ ਪਹਿਲਾ ਵਾਅਦਾ ਕੀਤਾ, “ਜਿਹੜੇ ਕਿਸਾਨਾਂ ਕੋਲ ਇੱਕ ਵੀ ਟਿਊਬਵੈੱਲ ਕੁਨੈਸ਼ਨ ਨਹੀਂ ਹੈ ਜੇਕਰ ਸਾਡੀ ਸਰਕਾਰੀ ਆਈ ਤਾਂ ਪਹਿਲੇ 10 ਦਿਨਾਂ 'ਚ ਉਨ੍ਹਾਂ ਸਾਰਿਆਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਮੌਜੂਦਾ ਸਮੇਂ ਟਿਊਬਵੈੱਲ ਕੁਨੈਸ਼ਨ 15 ਤੋਂ 20 ਲੱਖ ਰੁਪਏ ਦਾ ਲਗਾਇਆ ਜਾ ਰਿਹਾ ਹੈ।”

“ਟੇਲਾਂ 'ਤੇ ਪਾਣੀ ਪਹੁੰਚਾਉਣ ਵਾਸਤੇ ਹਰ ਇੱਕ ਖੇਤ ਤੱਕ ਪਾਈਪਾਂ ਵਿਛਾਈਆਂ ਜਾਣਗੀਆਂ। ਰਾਜਸਥਾਨ ਨੂੰ ਪਾਣੀ ਦੇਣ ਦਾ ਫੈਸਲਾ ਕਾਂਗਰਸ ਦਾ ਸੀ, ਇਹ ਨਹਿਰ ਬੰਦ ਕਰਵਾਈ ਜਾਵੇਗੀ। ਪਹਿਲੇ ਦਸ ਦਿਨਾਂ ਅੰਦਰ ਬਾਰਡਰ ਦੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣਗੀਆਂ ਅਤੇ ਇੱਕ ਸਾਲ ਦੇ ਅੰਦਰ ਅੰਦਰ ਸਾਰੀਆਂ ਜ਼ਮੀਨਾਂ ਦਾ ਮੁਫ਼ਤ ਇੰਤਕਾਲ ਕੀਤਾ ਜਾਵੇਗਾ।”

“ਲਾਲ ਡੋਰੇ ਦੇ ਅੰਦਰ ਜਿਸ ਕੋਲ ਜਿੰਨੀ ਜ਼ਮੀਨ ਹੈ ਉਸ ਦੀ ਰਜਿਸਟਰੀ ਮਾਲਕ ਦੇ ਨਾਮ ਕੀਤੀ ਜਾਵੇਗੇ। ਮੋਟਰਸਾਈਕਲ (ਜੁਗਾੜੂ ਰੇਹੜੀ) 'ਤੇ ਕੋਈ ਟੈਕਸ ਨਹੀਂ ਲੱਗੇਗਾ।”

“ਪੰਜਾਬ ਵਿੱਚ ਇੱਕ ਵੀ ਗੈਂਗਸਟਰ ਨਹੀਂ ਰਹਿਣ ਦਿੱਤਾ ਜਾਵੇਗਾ, ਜਿਹੜਾ ਗੈਂਗਸਟਰ ਬਣੇਗਾ ਧਮਕੀ ਦੇਵੇਗਾ, ਉਸ ਦੀ ਜ਼ਮੀਨ ਜ਼ਬਤ ਹੋਵੇਗੀ। ਨਸ਼ਾ ਵੇਚਣ ਵਾਲੇ ਦੀ ਜ਼ਮੀਨ ਵੀ ਜ਼ਬਤ ਹੋਵੇਗੀ ਤੇ ਸਾਡੀ ਸਰਕਾਰ ਕਾਨੂੰਨ ਵਿੱਚ ਸੋਧ ਕਰੇਗੀ ਕਿ ਪੰਜ ਸਾਲ ਜ਼ਮਾਨਤ ਹੀ ਨਾ ਹੋ ਸਕੇ।”

ਸੁਖਬੀਰ ਬਾਦਲ

'ਵੰਝ ਬਰਾਬਰ ਗੱਡਾਂਗੇ'

ਭਾਜਪਾ ਦੀ ਸਿਆਸੀ ਕਾਨਫਰੰਸ

ਤਸਵੀਰ ਸਰੋਤ, BJPPunjab

ਮਾਘੀ ਦੇ ਮੇਲੇ 'ਤੇ ਭਾਜਪਾ ਨੇ ਵੀ ਸਿਆਸੀ ਕਾਨਫਰੰਸ ਕੀਤੀ ਅਤੇ ਅਗਲੀਆਂ ਚੋਣਾਂ ਵਿੱਚ 'ਵੰਝ ਬਰਾਬਰ ਗੱਡਣ' ਦਾ ਦਾਅਵਾ ਕੀਤਾ। ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸਟੇਜ ਤੋਂ ਅਕਾਲੀ ਦਲ ਨਾਲ ਗਠਜੋੜ ਦਾ ਜ਼ਿਕਰ ਵੀ ਕੀਤਾ ਅਤੇ ਕਾਂਗਰਸੀਆਂ 'ਤੇ ਸਵਾਲ ਵੀ ਖੜ੍ਹੇ ਕੀਤੇ।

ਸੁਨੀਲ ਜਾਖੜ ਨੇ ਕਿਹਾ, “ਅਕਾਲੀ ਦਲ ਨਾਲ ਸਮਝੌਤਾ ਭਾਈਚਾਰਕ ਸਾਂਝ ਨੂੰ ਇਕੱਠਾ ਰੱਖਣਾ ਲਈ ਹੋਇਆ ਸੀ ਨਾ ਕਿ ਰਾਜ ਬਣਾਉਣ ਲਈ ਇਹ ਕੋਈ ਰਾਜਨੀਤੀਕ ਸਮਝੌਤਾ ਸੀ। ਇਸ ਸਮਝੌਤੇ ਵਾਸਤੇ ਰਾਜ ਵਾਰ ਦਿੱਤੇ ਸਨ। ਇੱਕ ਨੈਸ਼ਨਲ ਪਾਰਟੀ, ਸੂਬੇ ਦੀ ਪਾਰਟੀ ਨਾਲ ਛੋਟੇ ਭਰਾ ਬਣ ਕੇ ਖੜ੍ਹੀ ਸੀ ਇਸ ਦੇ ਵੀ ਕਾਰਨ ਸਨ। ਕਿਉਂਕਿ ਪੰਜਾਬ ਨੇ ਕਾਲੇ ਦਿਨ ਦੇਖੇ ਹਨ ਤੇ ਪੰਜਾਬ ਨੂੰ ਕਾਲੇ ਦਿਨਾਂ 'ਚੋਂ ਬਾਹਰ ਕੱਢਣ ਵਾਸਤੇ ਸਮਝੋਤਾ ਹੋਇਆ ਸੀ।”

ਕਾਂਗਰਸ 'ਤੇ ਵਰ੍ਹਦਿਆਂ ਪ੍ਰਧਾਨ ਜਾਖੜ ਨੇ ਕਿਹਾ, ''ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਸਵਾਲ 'ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ 'ਸਾਡੇ ਤੋਂ ਗ਼ਲਤੀ ਹੋ ਗਈ', ਬਘੇਲ ਸਾਹਿਬ ਇਹ ਦੱਸਣ ਕਿ ਚੰਨੀ ਨੂੰ ਸੀਐਮ ਬਣਾਉਣ 'ਤੇ ਕੀ ਗ਼ਲਤੀ ਹੋਈ ਤੇ ਇਸ ਬਿਆਨ ਦਾ ਮਤਲਬ ਕੀ ਹੈ?”

ਸੁਨੀਲ ਜਾਖੜ ਨੇ ਵਿਧਾਨ ਸਭਾ ਚੋਣਾਂ ਬਾਰੇ ਕਿਹਾ ਸੀ ਹੁਣ 'ਵੰਝ ਬਰਾਬਰ ਗੱਡਾਂਗੇ' ਤੇ ਵੱਡਾ ਗੱਡਾਂਗੇ।

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ' ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ ਵੀ ਸਿਆਸੀ ਕਾਨਫਰੰਸ ਕੀਤੀ ਗਈ। ਇਨ੍ਹਾਂ ਦੀ ਸਟੇਜ 'ਤੇ ਅਕਾਲੀ ਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੀ ਪਹੁੰਚੇ ਸਨ।

ਕਾਨਫਰੰਸ ਨਾ ਕਰਨ 'ਤੇ ਕਾਂਗਰਸ ਦਾ ਦਾਅਵਾ

ਪੰਜਾਬ ਕਾਂਗਰਸ

ਤਸਵੀਰ ਸਰੋਤ, Raja Warring/FB

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 2017 ਵਿੱਚ ਜਾਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਸਤਿਕਾਰ ਕੀਤਾ ਹੈ। ਦਸੰਬਰ 2017 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਪਵਿੱਤਰ ਧਾਰਮਿਕ ਮੌਕਿਆਂ 'ਤੇ ਸਿਆਸੀ ਕਾਨਫਰੰਸਾਂ ਨਾ ਕਰਨ ਦੀ ਅਪੀਲ ਕੀਤੀ ਸੀ।

ਇਸ ਬਾਰੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, "ਮੈਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਫ਼ਤਹਿਗੜ੍ਹ ਸਾਹਿਬ ਅਤੇ ਮੁਕਤਸਰ ਸਾਹਿਬ ਵਿਖੇ ਸ਼ਹੀਦੀ ਮੇਲਿਆਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਸਿਆਸੀ ਕਾਨਫਰੰਸਾਂ ਦੇ ਮੁੱਦੇ 'ਤੇ ਸਥਿਤੀ ਸਪੱਸ਼ਟ ਕਰਨ। ਅੱਜ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਿਆਸੀ ਕਾਨਫਰੰਸਾਂ ਕਿਵੇਂ ਕੀਤੀਆਂ?”

ਹਲਾਂਕਿ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਾਂਗਰਸ ਨੂੰ ਵੀ ਸਿਆਸੀ ਕਾਨਫਰੰਸ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਪੀਲ ਠੁਕਰਾਅ ਦਿੱਤੀ ਤਾਂ ਫਿਰ ਕਾਂਗਰਸ ਨੂੰ ਸਿਆਸੀ ਕਾਨਫਰੰਸ ਕਰਨੀ ਚਾਹੀਦੀ ਸੀ।

''ਇਸੇ ਕਰਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੇਂਜ ਕਰ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ ਸਵਾਲ ਕਰ ਰਹੇ ਹਨ।''

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਮੁੱਦੇ 'ਤੇ ਸਾਰੀ ਕੌਮ ਨੂੰ ਸਿੱਖ ਸਮਾਜ ਤੇ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਸਿੱਖ ਪੰਥ ਨੂੰ ਬਚਾਇਆ ਜਾ ਸਕੇ।

ਕਾਨਫਰੰਸਾਂ ਦਾ ਕੀ 2027 ਚੋਣਾਂ ਨਾਲ ਕੀ ਕਨੈਕਸ਼ਨ

ਸਿਆਸੀ ਮਾਹਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਕਾਨਫਰੰਸਾਂ ਦੇ ਸਿਰ 'ਤੇ 2027 ਦੀਆਂ ਚੋਣਾਂ ਨਹੀਂ ਲੜੀਆਂ ਜਾਣਗੀਆਂ।

ਇਨ੍ਹਾਂ ਕਾਨਫਰੰਸਾਂ 'ਚ ਜੋ ਲੋਕਾਂ ਦੇ ਕੰਨਾਂ ਨੂੰ ਚੰਗਾ ਲੱਗਦਾ ਉਹ ਓਧਰ ਨੂੰ ਚਲੇ ਜਾਂਦੇ ਹਨ। ਪਰ ਅਸਲੀਅਤ ਕੁਝ ਹੋਰ ਹੁੰਦੀ ਹੈ।

ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਦਿੱਲੀ ਦੀ ਸਿੱਧੀ ਦਖਲ ਹੋਵੇ। ਇੱਕ ਕਾਰਨ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਕੀਤੇ ਹੋਏ ਪਿਛਲੇ ਵਾਅਦੇ ਵੀ ਪੂਰੀ ਨਹੀਂ ਕੀਤੇ।

ਕਾਂਗਰਸ ਬਾਰੇ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਆਪਸੀ ਝਗੜਾ, ਪਾਰਟੀ ਅੰਦਰ ਕੋਈ ਅਨੁਸਾਸ਼ਨ ਨਹੀਂ ਹੈ। 2027 ਤੋਂ ਪਹਿਲਾਂ ਕੀ ਕਾਂਗਰਸ ਇਸ ਤੋਂ ਉੱਭਰ ਸਕੇਗੀ ਇਹ ਪਾਰਟੀ 'ਤੇ ਹੀ ਨਿਰਭਰ ਕਰਦਾ ਹੈ ਤੇ ਨਤੀਜੇ ਵੀ ਉਸੇ ਹਿਸਾਬ ਨਾਲ ਆਉਣਗੇ।

ਗੁਰਦਰਸ਼ਨ ਸਿੰਘ ਨੇ ਕਿਹਾ ਕਿ ਅਕਾਲੀ ਦਲ ਹੌਲੀ ਹੌਲੀ ਰਿਕਵਰ ਕਰ ਰਿਹਾ ਹੈ। ਸੁਖਬੀਰ ਬਾਦਲ ਪੰਜਾਬ ਦੇ ਸਭ ਤੋਂ ਧਨੀ ਲੀਡਰਾਂ 'ਚ ਸ਼ਾਮਲ ਹਨ ਤੇ ਬਾਦਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਭ ਕੁਝ ਕਰ ਰਹੇ ਹਨ ਜੋ ਠੀਕ ਵੀ ਹੈ। ਉਨ੍ਹਾਂ ਭਾਜਪਾ ਬਾਰੇ ਕਿਹਾ ਕਿ ਬੀਜੇਪੀ ਥੋੜ੍ਹੀ ਮਜ਼ਬੂਤ ਜ਼ਰੂਰ ਹੋਈ ਹੈ ਪਰ ਅਜੇ ਪੰਜਾਬ ਭਾਜਪਾ ਲਈ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)