ਦੁਨੀਆ ਦਾ ਸਭ ਤੋਂ ਮਹਿੰਗਾ ਰੇਸ ਘੋੜਾ, ਜਿਸ ਦੀ ਕਿਡਨੈਪਿੰਗ ਦਾ ਰਹੱਸ ਅੱਜ ਤੱਕ ਨਹੀਂ ਸੁਲਝਿਆ

ਤਸਵੀਰ ਸਰੋਤ, ਮਾਈਕਲ ਡੈਨਸ/ਮਿਰਰਪਿਕਸ/ਗੇਟੀ ਇਮੇਜੇਸ
- ਲੇਖਕ, ਗ੍ਰੈਗ ਮੈਕਕੇਵਿਟ
- ਪੜ੍ਹਨ ਦਾ ਸਮਾਂ: 9 ਮਿੰਟ
ਸ਼ੇਰਗਰ ਦੁਨੀਆ ਦਾ ਸਭ ਤੋਂ ਨਾਮੀ ਅਤੇ ਕੀਮਤੀ ਘੋੜਾ ਸੀ। ਜਦੋਂ ਇਸ ਘੋੜੇ ਨੂੰ ਹਥਿਆਰਬੰਦ ਲੋਕਾਂ ਨੇ 8 ਫਰਵਰੀ, 1983 ਨੂੰ ਇੱਕ ਆਇਰਿਸ਼ ਸਟੱਡ ਫਾਰਮ (ਘੋੜਿਆਂ ਦਾ ਤਬੇਲਾ) ਤੋਂ ਅਗਵਾ ਕੀਤਾ ਤਾਂ ਬੀਬੀਸੀ ਨੇ ਇਸ ਸਨਸਨੀਖੇਜ਼ ਸੱਚੀ ਕਹਾਣੀ 'ਤੇ ਰਿਪੋਰਟ ਕੀਤੀ ਸੀ।
1983 ਦੀ ਇੱਕ ਠੰਡੀ ਰਾਤ ਨੂੰ, ਸ਼ੇਰਗਰ ਨਾਂਅ ਦੇ ਇਨਾਮ ਜੇਤੂ ਘੋੜੇ ਨੂੰ ਆਇਰਲੈਂਡ ਦੇ ਇੱਕ ਸਟੱਡ ਫਾਰਮ (ਘੋੜਿਆਂ ਦਾ ਤਬੇਲਾ) ਤੋਂ ਅਗਵਾ ਕਰ ਲਿਆ ਗਿਆ। ਬੀਬੀਸੀ ਦੇ ਨਿਕੋਲਸ ਵਿਟਚੇਲ ਮੁਤਾਬਕ, "ਘੁੜਦੌੜ ਦੀ ਦੁਨੀਆ 'ਚ ਕਦੇ-ਕਦੇ ਡੋਪਿੰਗ ਜਾਂ ਫਿਕਸਿੰਗ ਵਰਗੇ ਘੁਟਾਲੇ ਹੁੰਦੇ ਰਹਿੰਦੇ ਹਨ ਪਰ ਇਹ ਕਿਡਨੈਪਿੰਗ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਸੀ। ਹਥਿਆਰਬੰਦ ਮੁਲਜ਼ਮਾਂ ਦੇ ਇੱਕ ਗਿਰੋਹ ਨੇ ਇੱਕ ਬੇਸ਼ਕੀਮਤੀ ਘੋੜੇ ਦੀ ਚੋਰੀ ਕੀਤੀ, ਜਿਸ ਖਿਲਾਫ ਵੱਡੇ ਪੱਧਰ 'ਤੇ ਰੋਸ ਦੇਖਣ ਨੂੰ ਮਿਲਿਆ।"
ਉਸ ਸਮੇਂ, ਸ਼ੇਰਗਰ ਖੇਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਪ੍ਰਜਣਨ ਦੇ ਦੌਰ ਚੋਂ ਲੰਘ ਰਿਹਾ ਸੀ। ਘੋੜੇ ਦਾ ਰਿਕਾਰਡ ਜਿੰਨਾ ਚੰਗਾ ਹੁੰਦਾ ਹੈ, ਉਸਦੀ ਦੇਖਭਾਲ ਦੀ ਕੀਮਤ ਉਨੀ ਹੀ ਵੱਧ ਹੁੰਦੀ ਹੈ।
1981 ਦੀ ਐਪਸਮ ਡਰਬੀ ਦੌੜ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਸ਼ੇਰਗਰ ਚਰਚਾ ਦਾ ਵਿਸ਼ਾ ਬਣ ਗਿਆ ਸੀ, ਜੋ ਇਸ ਦੌੜ ਦੇ 246 ਸਾਲਾ ਇਤਿਹਾਸ ਦੀ ਸਭ ਤੋਂ ਅਹਿਮ ਦੌੜਾਂ ਚੋਂ ਇੱਕ ਮੰਨੀ ਜਾਂਦੀ ਹੈ। ਜਦੋਂ ਇਹ ਘੋੜਾ ਰਿਕਾਰਡ 10 ਲੰਬਾਈ ਨੂੰ ਪਾਰ ਕਰਦੇ ਹੋਏ ਜਿੱਤ ਵੱਲ ਵੱਧ ਰਿਹਾ ਸੀ ਤਾਂ ਬੀਬੀਸੀ ਦੇ ਕੁਮੈਂਟੇਟਰ ਪੀਟਰ ਬ੍ਰੋਮਲੇਅ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਸੀ, "ਇਸ ਦੌੜ 'ਚ ਸਿਰਫ਼ ਇੱਕ ਹੀ ਘੋੜਾ ਨਜ਼ਰ ਆ ਰਿਹਾ। ਬਾਕੀਆਂ ਨੂੰ ਦੇਖਣ ਲਈ ਦੂਰਬੀਨ ਦੀ ਲੋੜ ਪੈ ਰਹੀ ਹੈ।"
ਸ਼ੇਰਗਰ ਦੇ ਹਰੇ ਰੇਸ਼ਮੀ ਕੱਪੜਿਆਂ 'ਤੇ ਲਾਲ ਰੰਗ ਦੀਆਂ ਫੀਤੀਆਂ ਸਜੀਆਂ ਹੋਈਆਂ ਸਨ ਜੋ ਉਸਦੇ ਮਾਲਕ ਅਰਬਪਤੀ ਅਧਿਆਤਮਕ ਆਗੂ ਆਗਾ ਖਾਨ ਦੇ ਰੇਸਿੰਗ ਰੰਗਾਂ ਨੂੰ ਦਰਸਾਉਂਦੇ ਸਨ।
2011 'ਚ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੇਰਗਰ ਦੀ ਜਿੱਤ ਦਾ ਉਹ ਦ੍ਰਿਸ਼ ਅਜੇ ਵੀ ਉਨ੍ਹਾਂ ਦੀਆਂ ਯਾਦਾਂ 'ਚ ਦਰਜ ਹੈ। "ਉਸ ਘੋੜੇ ਦੀਆਂ ਦੋ ਗੱਲਾਂ ਮੈਨੂੰ ਹਮੇਸ਼ਾ ਪ੍ਰਭਾਵਿਤ ਕਰਦੀਆਂ ਰਹੀਆਂ, ਇੱਕ ਤਾਂ ਉਸਦੀ ਬੇਮਿਸਾਲ ਰਫ਼ਤਾਰ ਅਤੇ ਦੂਜਾ ਇਹ ਕਿ ਜਿੱਤ ਦੇ ਆਖਰੀ ਪਲਾਂ ਤੱਕ ਉਹ ਦੌੜਦਾ ਰਿਹਾ। ਇਹ ਵਾਕਈ ਕਾਬਿਲ-ਏ-ਤਾਰੀਫ਼ ਸੀ।
ਇੱਕ ਕੀਮਤੀ ਘੋੜੇ ਦੀ ਕਿਡਨੈਪਿੰਗ

ਤਸਵੀਰ ਸਰੋਤ, ਅਲਾਮੀ
ਆਇਰਿਸ਼ ਡਰਬੀ ਅਤੇ ਕਿੰਗ ਜੌਰਜ VI ਚੇਜ਼ 'ਚ ਜਿੱਤ ਨੇ ਸ਼ੇਰਗਰ ਨੂੰ ਕੌਮਾਂਤਰੀ ਰੇਸਿੰਗ ਸੁਪਰਸਟਾਰ ਦਾ ਦਰਜਾ ਦੇ ਦਿੱਤਾ। ਆਗਾ ਖਾਨ ਨੇ ਆਪਣੇ ਇਸ ਬੇਸ਼ਕੀਮਤੀ ਘੋੜੇ ਦੀ ਕੀਮਤ 10 ਮਿਲੀਅਨ ਪਾਊਂਡ (ਅੱਜ ਦੇ ਹਿਸਾਬ ਨਾਲ 36 ਮਿਲੀਅਨ ਪਾਊਂਡ ਜਾਂ 49 ਮਿਲੀਅਨ ਡਾਲਰ) ਰੱਖੀ ਅਤੇ 250,000 ਪਾਊਂਡ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 34 ਸ਼ੇਅਰ ਵੇਚ ਦਿੱਤੇ ਜਦੋਂਕਿ ਛੇ ਸ਼ੇਅਰ ਆਪਣੇ ਕੋਲ ਰੱਖ ਲਏ।
ਬਾਕੀ ਸ਼ੇਅਰ ਧਨਾਢ ਕੌਮਾਂਤਰੀ ਨਿਵੇਸ਼ਕਾਂ ਵੱਲੋਂ ਖਰੀਦੇ ਗਏ, ਜਿਨ੍ਹਾਂ ਨੇ ਸ਼ੇਰਗਰ ਵੱਲੋਂ ਭਵਿੱਖ ਦੇ ਚੈਂਪੀਅਨ ਪੈਦਾ ਕਰਨ ਦੀ ਸਮਰੱਥਾ 'ਤੇ ਭਰੋਸਾ ਜਤਾਇਆ। ਸ਼ਾਨਦਾਰ ਜਿੱਤਾਂ ਤੋਂ ਬਾਅਦ, ਸ਼ੇਰਗਰ ਨੂੰ ਰਿਪਬਲਿਕ ਆਫ ਆਇਰਲੈਂਡ 'ਚ ਇੱਕ ਸਟੱਡ (ਪ੍ਰਜਣਨ) ਘੋੜੇ ਦੇ ਤੌਰ 'ਤੇ ਆਪਣਾ ਜੀਵਨ ਸ਼ੁਰੂ ਕਰਨ ਲਈ ਰਿਟਾਇਰ ਕਰ ਦਿੱਤਾ ਗਿਆ- ਇਹ ਤੇਜ਼ੀ ਨਾਲ ਵਧਦੇ ਥੋਰਬਰੈਡ ਘੋੜੇ ਦੇ ਪ੍ਰਜਣਨ ਉਦਯੋਗ ਲਈ ਇੱਕ ਵੱਡੀ ਸਫਲਤਾ ਸੀ, ਜਿਸ ਵਿੱਚ ਵੰਸ਼ ਨੂੰ ਬਹੁਤ ਮਹੱਤਵ ਦਿੱਤਾ ਗਿਆ।
ਦੁਨੀਆ ਦੇ ਸਭ ਤੋਂ ਕੀਮਤੀ ਘੋੜੇ ਵਜੋਂ, ਸ਼ੇਰਗਰ ਨੇ 1982 ਵਿੱਚ 44 ਘੋੜੀਆਂ ਨਾਲ ਪ੍ਰਜਨਨ ਕੀਤਾ, ਜਿਸਦੀ ਕੀਮਤ ਪ੍ਰਤੀ ਘੋੜੀ 80,000 ਪਾਊਂਡ (ਅੱਜ ਦੇ ਹਿਸਾਬ ਨਾਲ 290,000 ਪਾਊਂਡ ਜਾਂ 396,000 ਡਾਲਰ) ਸੀ। 1983 ਦੀ ਸ਼ੁਰੂਆਤ ਤੱਕ, ਕਾਊਂਟੀ ਕਿਲਡੇਅਰ ਵਿੱਚ ਆਗਾ ਖਾਨ ਦੇ ਬੈਲੀਮਨੀ ਸਟੱਡ ਫਾਰਮ ਵਿੱਚ ਉਸਦਾ ਦੂਜਾ ਸੀਜ਼ਨ ਪੂਰੀ ਤਰ੍ਹਾਂ ਬੁੱਕ ਹੋ ਚੁੱਕਾ ਸੀ ਅਤੇ ਉਸਦੇ ਸ਼ੇਅਰਧਾਰਕ ਇੱਕ ਹੋਰ ਫਾਇਦੇਮੰਦ ਸਾਲ ਦੀ ਉਮੀਦ ਕਰ ਰਹੇ ਸਨ ਪਰ 8 ਫ਼ਰਵਰੀ ਨੂੰ ਹਥਿਆਰਬੰਦ ਅਤੇ ਨਕਾਬਪੋਸ਼ ਲੁਟੇਰੇ ਫਾਰਮ ਵਿੱਚ ਦਾਖ਼ਲ ਹੋ ਗਏ।
ਇੰਨੇ ਕੀਮਤੀ ਘੋੜੇ ਦੀ ਸੁਰੱਖਿਆ ਨਾ-ਮਾਤਰ ਸੀ। ਮੁੱਖ ਘੁੜਸਵਾਰ ਜੇਮਸ ਫਿਟਜ਼ਗੇਰਾਲਡ ਦੇ ਪਰਿਵਾਰ ਨੂੰ ਬੰਦੂਕ ਦੀ ਨੋਕ 'ਤੇ ਬੰਦੀ ਬਣਾ ਲਿਆ ਗਿਆ ਅਤੇ ਫਿਟਜ਼ਗੇਰਾਲਡ ਨੂੰ ਘੋੜੇ ਨੂੰ ਇੱਕ ਟ੍ਰੇਲਰ ਵਿੱਚ ਚੜ੍ਹਾਉਣ ਦਾ ਹੁਕਮ ਦਿੱਤਾ ਗਿਆ। ਫਿਟਜ਼ਗੇਰਾਲਡ ਨੂੰ ਇੱਕ ਵੱਖਰੀ ਵੈਨ 'ਚ ਬਿਠਾਕੇ ਕਈ ਘੰਟਿਆਂ ਤੱਕ ਘੁਮਾਇਆ। ਕਰੀਬ 40 ਮੀਲ ਦੂਰ ਛੱਡਣ ਤੋਂ ਪਹਿਲਾਂ ਕਿਡਨੈਪਰਾਂ ਨੇ ਉਨ੍ਹਾਂ ਨੂੰ "ਕਿੰਗ ਨੈਪਚਿਊਨ" ਪਾਸਵਰਡ ਦਿੱਤਾ, ਜਿਸਦਾ ਇਸਤੇਮਾਲ ਉਹ ਫਿਰੌਤੀ ਦੀ ਗੱਲਬਾਤ ਦੌਰਾਨ ਆਪਣੀ ਪਛਾਣ ਸਾਬਿਤ ਕਰਨ ਲਈ ਕਰਨ ਵਾਲੇ ਸਨ।
ਫਿਟਜ਼ਗੇਰਾਲਡ ਨੇ ਕਈ ਘੰਟਿਆਂ ਤੱਕ ਪੁਲਿਸ ਨੂੰ ਇਸਦੀ ਖਬਰ ਨਹੀਂ ਦਿੱਤੀ ਕਿਉਂਕਿ ਕਿਡਨੈਪਰਾਂ ਨੇ ਉਨ੍ਹਾਂ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ।
ਇਸਤੋਂ ਬਾਅਦ ਮਚੀ ਹਫੜਾ-ਦਫੜੀ 'ਚ ਕਈ ਐਮਰਜੈਂਸੀ ਕਾਲ ਕੀਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੂੰ ਕਿਡਨੈਪਿੰਗ ਦੀ ਖ਼ਬਰ ਅੱਠ ਘੰਟਿਆਂ ਬਾਅਦ ਮਿਲੀ ਪਰ ਉਦੋਂ ਤੱਕ ਇਹ ਖਬਰ ਆਇਰਲੈਂਡ ਦੇ ਦੋ ਕੈਬਨਿਟ ਮੰਤਰੀਆਂ ਤੱਕ ਪਹੁੰਚ ਚੁੱਕੀ ਸੀ। ਉਦੋਂ ਤੱਕ, ਸ਼ੁਰੂਆਤੀ ਅਹਿਮ ਘੰਟਿਆਂ 'ਚ ਹੋਈ ਦੇਰੀ ਕਾਰਨ ਮਾਮਲੇ ਦੀ ਕਈ ਵੇਰਵੇ ਅਸਪੱਸ਼ਟ ਹੋ ਚੁੱਕੇ ਸਨ।
ਚੀਫ ਸੁਪਰਟੈਂਡੈਂਟ ਜੇਮਸ ਮਰਫੀ ਪੁਲਿਸ ਜਾਂਚ ਦਾ ਜਨਤਕ ਚਿਹਰਾ ਬਣ ਗਏ। ਸਪੱਸ਼ਟ ਲਹਿਜ਼ੇ ਵਾਲੇ, ਟੋਪੀ ਪਾਏ ਇਸ ਜਾਸੂਸ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ, "ਸੁਰਾਗ, ਅਜੇ ਤੱਕ ਸਾਡੇ ਹੱਥ ਨਹੀਂ ਲੱਗਾ।"
ਨਕਾਬਪੋਸ਼ ਮਸ਼ੀਨਗੰਨਾਂ ਨਾਲ ਸਟੱਡ ਫਾਰਮ 'ਚ ਵੜੇ

ਤਸਵੀਰ ਸਰੋਤ, Getty Images
ਕਿਡਨੈਪਿੰਗ ਦੇ ਪਿੱਛੇ ਸੰਭਾਵੀ ਮਕਸਦਾਂ ਨੂੰ ਲੈਕੇ ਕਿਆਸ ਲਗਾਏ ਜਾ ਰਹੇ ਸਨ। ਬੀਬੀਸੀ ਦੇ ਰੇਸਿੰਗ ਪੱਤਰਕਾਰ ਜੂਲੀਅਨ ਵਿਲਸਨ ਨੇ ਸਪੋਰਟਨਾਈਟ ਦੇ ਡੇਸ ਲਿਨਾਮ ਨੂੰ ਦੱਸਿਆ, "ਸ਼ਾਇਦ ਕੋਈ ਘੋੜਾ ਚੋਰ ਸ਼ੇਰਗਰ ਨੂੰ ਆਪਣੀ ਘੋੜੀ ਦੇ ਪ੍ਰਜਣਨ ਲਈ ਇਸਤੇਮਾਲ ਕਰਨ ਲਈ ਬੇਤਾਬ ਹੋਵੇਗਾ ਪਰ ਹੁਣ ਘੋੜਿਆਂ ਦੀ ਪਛਾਣ ਅਤੇ ਬਲੱਡ ਟਾਈਪਿੰਗ ਦੀ ਪ੍ਰਕਿਰਿਆ ਇੰਨੀ ਵਿਕਸਿਤ ਹੋ ਗਈ ਹੈ ਕਿ ਆਇਰਿਸ਼ ਰੇਸਿੰਗ 'ਚ ਨਕਲੀ ਸ਼ੇਰਗਰ ਨੂੰ ਦੌੜਾਉਣਾ ਮੁਸ਼ਕਿਲ ਹੈ।"
ਇੱਕ ਹੋਰ ਬੇਤੁਕੀ ਥਿਓਰੀ ਇਹ ਸੀ ਕਿ ਘੋੜੇ ਨੂੰ ਆਇਰਲੈਂਡ ਤੋਂ ਲੀਬੀਆ 'ਚ ਕਰਨਲ ਗੱਦਾਫੀ ਕੋਲ ਆਈਆਰਐਫ ਲਈ ਹਥਿਆਰਾਂ ਦੇ ਬਦਲੇ ਲਿਜਾਇਆ ਗਿਆ ਸੀ। ਮੁੱਖ ਸ਼ੱਕੀ ਆਰਥਿਕ ਤੰਗੀ ਨਾਲ ਜੂਝ ਰਿਹਾ ਆਇਰਿਸ਼ ਰਿਪਬਲਿਕਨ ਅਰਧਸੈਨਿਕ ਸਮੂਹ ਸੀ, ਜਿਸਨੇ ਆਪਣੇ ਹਿੰਸਕ ਅਭਿਆਨ ਲਈ ਪੈਸਾ ਇਕੱਠਾ ਕਰਨ ਲਈ ਕਈ ਲੋਕਾਂ ਨੂੰ ਅਗਵਾ ਕੀਤਾ ਸੀ।
ਬਾਅਦ 'ਚ ਪਤਾ ਲੱਗਾ ਕਿ ਕਿਡਨੈਪਿੰਗ ਦੇ ਪਿੱਛੇ ਇਕਲੌਤਾ ਮਕਸਦ ਪੈਸਾ ਹਾਸਲ ਕਰਨਾ ਸੀ। ਸ਼ੇਰਗਰ ਦੀ ਕਿਡਨੈਪਿੰਗ 'ਚ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ, ਕਿਡਨੈਪਰਾਂ ਨੇ ਕਿੰਗ ਨੈਪਚਿਊਨ ਕੋਡ ਦਾ ਇਸਤੇਮਾਲ ਕਰ ਬੇਲੇਮ ਸਟੱਡ ਨੂੰ ਫੋਨ ਕੀਤਾ ਅਤੇ 20 ਲੱਖ ਪਾਊਂਡ (ਅੱਜ ਦੇ ਹਿਸਾਬ ਨਾਲ 70 ਲੱਖ ਪਾਊਂਡ ਜਾਂ 95 ਲੱਖ ਡਾਲਰ) ਦੀ ਫਿਰੌਤੀ ਦੀ ਮੰਗ ਕੀਤੀ।
ਸ਼ੇਅਰਧਾਰਕ ਇਸ ਗੱਲ 'ਤੇ ਵੰਡੇ ਹੋਏ ਸਨ ਕਿ ਫਿਰੌਤੀ ਦਿੱਤੀ ਜਾਂ ਨਹੀਂ। ਅਮਰੀਕੀ ਟ੍ਰੇਨਰ ਬ੍ਰਾਇਨ ਸਵੇਨੀ ਫਿਰੌਤੀ ਦੇਣ ਦੇ ਪੱਖ 'ਚ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜੇ ਕਿਸੇ ਬੱਚੇ ਨੂੰ ਅਗਵਾ ਕਰ ਲਿਆ ਜਾਵੇ ਅਤੇ ਉਸਦੀ ਮਾਂ ਤੋਂ ਫਿਰੌਤੀ ਮੰਗੀ ਜਾਵੇ ਤਾਂ ਉਹ ਤੁਰੰਤ ਹਾਂ ਕਹੇਗੀ।" ਪਰ ਲਾਰਡ ਡਰਬੀ, ਜੋ 18ਵੀਂ ਸਦੀ ਦੇ ਉਸ ਅੰਗ੍ਰੇਜ਼ ਰਈਸ ਦੇ ਵੰਸ਼ਜ ਹਨ ਜਿਨ੍ਹਾਂ ਦੇ ਨਾਂਅ 'ਤੇ ਇਹ ਨਾਮੀ ਘੁੜਦੌੜ ਆਯੋਜਿਤ ਕੀਤੀ ਜਾਂਦੀ ਹੈ, ਦਾ ਮੰਨਣਾ ਸੀ ਕਿ ਜੇਕਰ ਫਿਰੌਤੀ ਦੇ ਦਿੱਤੀ ਜਾਵੇ ਤਾਂ "ਆਉਣ ਵਾਲੇ ਸਾਲਾਂ 'ਚ ਘੋੜਿਆਂ ਦੀ ਕਿਡਨੈਪਿੰਗ ਦੀਆਂ ਘਟਨਾਵਾਂ ਦਾ ਖਤਰਾ ਵੱਧ ਜਾਵੇਗਾ, ਜਿਸਨੂੰ ਕਿਸੇ ਹਾਲ 'ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।"
ਘੋੜੇ ਦੇ ਬਦਲੇ ਪੈਸੇ ਦੀ ਮੰਗ

ਤਸਵੀਰ ਸਰੋਤ, Getty Images
ਸ਼ੇਰਗਰ ਨੂੰ ਅਗਵਾ ਕਰਨ ਵਾਲੀ ਥਾਂ ਤੋਂ ਕਰੀਬ 130 ਮੀਲ ਉੱਤਰ 'ਚ ਸਥਿਤ ਬੇਲਫਾਸਟ ਦੇ ਬੀਬੀਸੀ ਨਿਊਜ਼ਰੂਮ 'ਚ ਇੱਕ ਅਣਪਛਾਤੇ ਸ਼ਖਸ ਦਾ ਫੋਨ ਆਉਣ ਤੋਂ ਇੱਕ ਦਿਨ ਬਾਅਦ ਜਾਂਚ 'ਚ ਨਵਾਂ ਮੋੜ ਆ ਗਿਆ। ਅਣਪਛਾਤੇ ਕਾਲਰ ਨੇ ਕਿਹਾ ਕਿ ਉਹ ਸਿਰਫ਼ ਤਿੰਨ ਪ੍ਰਮੁੱਖ ਅੰਗ੍ਰੇਜ਼ੀ ਘੁੜਦੌੜ ਪੱਤਰਕਾਰਾਂ ਨਾਲ ਹੀ ਰਾਬਤਾ ਰੱਖਣਗੇ। ਇਨ੍ਹਾਂ ਨੂੰ ਅਗਲੀ ਸ਼ਾਮ ਤੱਕ ਬੇਲਫਾਸਟ ਦੇ ਯੂਰੋਪਾ ਹੋਟਲ ਪਹੁੰਚਣਾ ਸੀ, ਜੋ ਉੱਤਰੀ ਆਇਰਲੈਂਡ 'ਚ ਅਸ਼ਾਂਤੀ ਦੌਰਾਨ ਦੁਨੀਆ ਦਾ ਸਭ ਤੋਂ ਵੱਧ ਬੰਬਾਰੀ ਦਾ ਸ਼ਿਕਾਰ ਹੋਇਆ ਹੋਟਲ ਸੀ।
ਇਨ੍ਹਾਂ ਪੱਤਰਕਾਰਾਂ ’ਚੋਂ ਇੱਕ ਆਈਟੀਵੀ ਦੇ ਰੇਸਿੰਗ ਪੱਤਰਕਾਰ ਡੇਰੇਕ ਥੌਮਪਸਨ ਸਨ, ਜਿਨ੍ਹਾਂ ਨੇ 2013 'ਚ ਬੀਬੀਸੀ ਦੇ ਵਿਟਨੇਸ ਹਿਸਟਰੀ ਨੂੰ ਦੱਸਿਆ ਕਿ ਉਹ ਅਜੇ ਪਹੁੰਚੇ ਹੀ ਸਨ ਕਿ ਉਨ੍ਹਾਂ ਨੂੰ ਕਿਡਨੈਪਰਾਂ ਦਾ ਫੋਨ ਆ ਗਿਆ।
ਉਨ੍ਹਾਂ ਨੂੰ ਬੇਲਫਾਸਟ ਤੋਂ ਕਰੀਬ 30 ਮੀਲ ਦੂਰ ਡਾਊਨਪੈਟ੍ਰਿਕ ਨੇੜੇ ਸਥਿਤ ਘੁੜਦੌੜ ਬ੍ਰੀਡਰ ਜੇਰੇਮੀ ਮੈਕਸਵੈੱਲ ਦੇ ਸੁੰਨਸਾਨ ਫਾਰਮਹਾਊਸ 'ਤੇ ਜਾਣ ਨੂੰ ਕਿਹਾ ਗਿਆ। ਜਦੋਂ ਉਹ ਉੱਥੇ ਜਾ ਰਹੇ ਸਨ ਤਾਂ ਇੱਕ ਪੇਂਡੂ ਜਿਹੇ ਇਲਾਕੇ ਕੋਲ ਮਸ਼ੀਨਗੰਨਾਂ ਨਾਲ ਲੈਸ ਪੰਜ ਨਕਾਬਪੋਸ਼ਾਂ ਨੇ ਉਨ੍ਹਾਂ ਦੀ ਕਾਰ ਰੋਕ ਲਈ।
ਥੌਮਪਸਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਾਰ ਦੀ ਖਿੜਕੀ ਹੇਠਾਂ ਕੀਤੀ ਤਾਂ ਉਨ੍ਹਾਂ ਚੋਂ ਇੱਕ ਸ਼ਖਸ ਨੇ ਪੁੱਛਿਆ ਕਿ ਕੀ ਉਹ ਡੇਰੇਕ ਥੌਮਪਸਨ ਹਨ। "ਮੈਂ ਉਨ੍ਹਾਂ ਵੱਲ ਦੇਖਿਆ ਅਤੇ ਕਿਹਾ, 'ਹਾਂ'।" ਫਿਰ ਉਸਨੇ ਕਿਹਾ, "ਅਸੀਂ ਪੁਲਿਸ ਹਾਂ।" ਇਹ ਸੁਣਕੇ ਮੈਂ ਜਵਾਬ ਦਿੱਤਾ, 'ਰੱਬ ਦਾ ਸ਼ੁਕਰ ਹੈ।'
ਅਗਲੇ 8 ਘੰਟਿਆਂ 'ਚ ਥੌਮਪਸਨ ਨੂੰ 10 ਤੋਂ 12 ਫੋਨ ਕਾਲ ਆਏ, ਜਿਨ੍ਹਾਂ ਚੋਂ ਹਰੇਕ ਦੀ ਸ਼ੁਰੂਆਤ ਇੱਕ ਵੱਖਰੇ ਪਾਸਵਰਡ ਨਾਲ ਹੋਈ। ਪੁਲਿਸ ਉਸ ਸਮੇਂ ਕਾਲ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਗੱਲਬਾਤ, ਕਿਡਨੈਪਰਾਂ ਵੱਲੋਂ 40,000 ਪਾਊਂਡ (ਅੱਜ ਦੇ ਹਿਸਾਬ ਨਾਲ 1,37,000 ਪਾਊਂਡ ਜਾਂ 1,87,000 ਡਾਲਰ) ਦੀ ਸ਼ੁਰੂਆਤੀ ਮੰਗ ਅਤੇ ਥੌਮਪਸਨ ਵੱਲੋਂ ਸ਼ੇਰਗਰ ਦੇ ਜ਼ਿੰਦਾ ਹੋਣ ਦੇ ਸਬੂਤ ਵੱਜੋਂ ਤਸਵੀਰ ਭੇਜਣ ਦੀ ਮੰਗ ਤੋਂ ਅੱਗੇ ਨਹੀਂ ਵਧੀ।
ਘੰਟਿਆਂ ਦੀ ਚੁੱਪੀ ਤੋਂ ਬਾਅਦ, ਅਗਲੀ ਸਵੇਰ 6.55 ਵਜੇ ਆਖਰੀ ਕਾਲ ਆਇਆ। ਕਾਲਰ ਨੇ ਕਿਹਾ, "ਘੋੜੇ ਨਾਲ ਹਾਦਸਾ ਵਾਪਰ ਗਿਆ ਅਤੇ ਉਹ ਮਰ ਗਿਆ" ਅਤੇ ਫੋਨ ਕੱਟ ਦਿੱਤਾ।
ਘੋੜੇ ਦੀ ਕਿਡਨੈਪਿੰਗ ਦਾ ਰਹੱਸ, ਰਹੱਸ ਹੀ ਰਹਿ ਗਿਆ

ਤਸਵੀਰ ਸਰੋਤ, ਸਟੀਵ ਪੋਵੇਲ/ਆਲਸਪੋਰਟ ਗੇਟੀ ਇਮੇਜੇਸ
ਬੀਬੀਸੀ ਦੀ 2018 ਦੀ ਡਾਕੂਮੈਂਟਰੀ (ਸਰਚਿੰਗ ਫੋਰ ਸ਼ੇਰਗਰ) ਮੁਤਾਬਕ, ਇਹ ਫੋਨ ਕਾਲ ਕਿਤੇ ਹੋਰ ਚੱਲ ਰਹੀ ਗੱਲਬਾਤ ਨੂੰ ਛੁਪਾਉਣ ਦਾ ਇੱਕ ਜ਼ਰੀਆ ਸਨ।
ਅਸਲ ਕਿਡਨੈਪਰ ਹੁਣ ਆਗਾ ਖਾਨ ਦੇ ਦਫ਼ਤਰ ਨਾਲ ਸਿੱਧੇ ਸੰਪਰਕ 'ਚ ਸਨ ਪਰ ਗੱਲਬਾਤ ਕੋਈ ਖਾਸ ਅੱਗੇ ਨਹੀਂ ਵੱਧ ਰਹੀ ਸੀ। ਪੁਲਿਸ ਵੱਲੋਂ ਰਿਕਾਰਡ ਕੀਤੀ ਗਈ ਇੱਕ ਕਾਲ 'ਚ ਇੱਕ ਸ਼ਖਸ ਕਹਿੰਦਾ ਹੈ, "ਜੇਕਰ ਅੱਜ ਰਾਤ 9 ਵਜੇ ਤੱਕ ਫੋਨ ਦਾ ਜਵਾਬ ਨਹੀਂ ਮਿਲਿਆ ਤਾਂ ਘੋੜੇ ਬਾਰੇ ਭੁੱਲ ਜਾਓ- ਤੁਸੀਂ ਉਸਨੂੰ ਫਿਰ ਕਦੇ ਨਹੀਂ ਦੇਖ ਸਕੋਗੇ।"
ਕਿਡਨੈਪਿੰਗ ਤੋਂ ਤਿੰਨ ਦਿਨ ਬਾਅਦ, ਇੱਕ ਆਖਰੀ, ਖੌਫ਼ਨਾਕ ਸੁਨੇਹਾ ਆਇਆ, "ਜੇਕਰ ਫਿਰੌਤੀ ਦੀ ਮੰਗ ਪੂਰੀ ਨਹੀਂ ਕੀਤੀ ਗਈ, ਤਾਂ "ਸਭ ਖਤਮ ਹੋ ਜਾਵੇਗਾ।"
ਜਿਵੇਂ-ਜਿਵੇਂ ਸ਼ੇਰਗਰ ਦੀ ਤਲਾਸ਼ ਲਈ ਪੁਲਿਸ ਦੀ ਕਾਰਵਾਈ ਜਾਰੀ ਰਹੀ, ਜਨਤਾ ਦੀ ਦਿਲਚਸਪੀ ਨੂੰ ਕਾਇਮ ਰੱਖਣ ਲਈ ਪੱਤਰਕਾਰਾਂ ਨੂੰ ਕੋਈ ਨਾ ਕੋਈ ਨਵਾਂ ਐਂਗਲ ਲੱਭਣਾ ਪੈਂਦਾ ਸੀ ਅਤੇ ਚੀਫ ਸੁਪਰਟੈਂਡੈਂਟ ਮਰਫੀ ਕੋਈ ਨਾ ਕੋਈ ਖ਼ਬਰ ਦੇ ਹੀ ਦਿੰਦੇ ਸਨ।
ਉਸ ਸਮੇਂ ਬੀਬੀਸੀ ਆਇਰਲੈਂਡ ਦੇ ਪੱਤਰਕਾਰ ਨਿਕੋਲਸ ਵਿਟਚੇਲ ਨੇ 2018 ਦੀ ਇੱਕ ਡਾਕੂਮੈਂਟਰੀ 'ਚ ਕਿਹਾ, "ਸੁਪਰਟੈਂਡੈਂਟ ਮਰਫੀ ਇੱਕ ਦਿਲਚਸਪ ਸ਼ਖਸੀਅਤ ਬਣ ਗਏ ਸਨ। ਉਹ ਹਰ ਸਵੇਰ ਆਪਣੀ ਟ੍ਰਿਲਬੀ ਟੋਪੀ ਪਾਕੇ ਆਉਂਦੇ ਸਨ ਅਤੇ ਸਾਨੂੰ ਕੋਈ ਖਾਸ ਜਾਣਕਾਰੀ ਨਹੀਂ ਦਿੰਦੇ ਸਨ ਪਰ ਉਨ੍ਹਾਂ ਦਾ ਨਜ਼ਰੀਆ ਕਾਫੀ ਦਿਲਚਸਪ ਅਤੇ ਮਨੋਰੰਜਕ ਹੁੰਦਾ ਸੀ।"
ਕਿਸੇ ਵੀ ਪੁਖਤਾ ਜਾਣਕਾਰੀ ਦੀ ਘਾਟ ਹੋਣ ਕਾਰਨ ਸਾਨੂੰ ਇਹ ਸੋਚਣਾ ਪੈਂਦਾ ਸੀ ਕਿ ਅਸੀਂ ਇਸ ਮਾਮਲੇ ਨੂੰ ਕਿਵੇਂ ਕਵਰ ਕਰਾਂਗੇ।"

ਤਸਵੀਰ ਸਰੋਤ, Getty Images
ਸ਼ੇਰਗਰ ਦੇ ਲਾਪਤਾ ਹੋਣ ਦੇ ਇੱਕ ਹਫ਼ਤੇ ਬਾਅਦ, ਮਰਫੀ ਨੇ ਪੱਤਰਕਾਰਾਂ ਨੂੰ ਮਜ਼ਾਕ 'ਚ ਕਿਹਾ ਕਿ ਹੁਣ ਸਿਰਫ਼ ਜੋਤਸ਼ੀ ਹੀ ਉਨ੍ਹਾਂ ਦੀ ਮਦਦ ਲਈ ਪੇਸ਼ਕਸ਼ ਕਰ ਰਹੇ ਹਨ।
ਉਨ੍ਹਾਂ ਕਿਹਾ, "ਖੈਰ, ਭਵਿੱਖਵਾਣੀ ਕਰਨ ਵਾਲੇ, ਜੋਤਸ਼ੀ ਅਤੇ ਮਨੋਵਿਗਿਆਨੀ, ਇਹ ਤਿੰਨ ਵੱਖ-ਵੱਖ ਸ਼੍ਰੇਣੀਆਂ ਦੇ ਲੋਕ ਹਨ, ਜਿਨ੍ਹਾਂ ਦੀ ਗਿਣਤੀ ਹੁਣ 50 ਤੱਕ ਪਹੁੰਚ ਗਈ ਹੈ।" ਇਸ ਕੇਸ 'ਚ ਇੱਕ ਸੁਰਾਗ ਹੱਥ ਲੱਗਣ 'ਤੇ ਵਿਟਚੇਲ ਪੱਛਮ ਵੱਲ ਕਾਊਂਟੀ ਗੈਲਵੇ ਗਏ, ਜਿੱਥੇ ਬੌਬ ਅਤੇ ਐਲੀਨ ਏਸੇਨ ਨੇ ਇੱਕ ਖੰਡਹਰ ਹੋ ਚੁੱਕੇ ਮਠ 'ਚ ਸ਼ੇਰਗਰ ਨੂੰ ਦੇਖਣ ਦਾ ਦਾਅਵਾ ਕੀਤਾ ਸੀ। ਅਖੀਰ ਜਦੋਂ ਉਹ ਏਸੇਨ ਵੱਲੋਂ ਦੱਸੇ ਡੁਨਾਰੀ ਦੇ ਪੇਂਡੂ ਇਲਾਕੇ 'ਚ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਖੰਡਰ ਮਠ ਤਾਂ ਮਿਲਿਆ ਪਰ ਉੱਥੇ "ਘੋੜੇ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ।"
ਸ਼ੇਰਗਰ ਦੀ ਕਿਡਨੈਪਿੰਗ ਦੀ ਕਹਾਣੀ ਹੁਣ ਇੱਕ ਅਣਸੁਲਝੀ ਪਹੇਲੀ ਬਣ ਚੁੱਕੀ ਸੀ, ਜਿਸਦੀ ਚਰਚਾ "ਲਾਰਡ ਲੁਕਨ" ਦੇ ਲਾਪਤਾ ਹੋਣ, "ਲੋਚ ਨੇਸ ਮੌਨਸਟਰ", "ਐਲਵਿਸ ਜਿਉਂਦਾ ਹੈ" ਵਰਗੀਆਂ ਅਫ਼ਵਾਹਾਂ ਦੇ ਨਾਲ ਕੀਤੀ ਜਾਣ ਲੱਗੀ। ਇਸ 'ਚ ਉਤਸੁਕਤਾ ਦੇ ਨਾਲ-ਨਾਲ ਇੱਕ ਅਜੀਬੋਗਰੀਬ ਹਾਸੋਹੀਣਾ ਤੰਜ ਸੀ।
ਸਾਬਕਾ ਆਈਆਰਏ ਮੈਂਬਰ ਅਤੇ ਬਾਅਦ 'ਚ ਮੁਖਬਰ ਬਣੇ ਸੀਨ ਓ'ਕੈਲਾਗਨ ਨੇ ਆਪਣੀ ਜੀਵਣੀ 'ਚ ਲਿਖਿਆ ਹੈ ਕਿ ਕਿਡਨੈਪਰਾਂ ਨੇ ਸ਼ੇਰਗਰ ਨੂੰ ਅਗਵਾ ਕਰਨ ਤੋਂ ਕੁਝ ਸਮਾਂ ਬਾਅਦ ਹੀ ਮਾਰ ਦਿੱਤਾ ਕਿਉਂਕਿ ਉਹ ਉਸ ਨੂੰ ਸੰਭਾਲ ਨਹੀਂ ਸਕੇ ਸਨ ਪਰ ਸ਼ੇਰਗਰ ਦੀ ਕਿਡਨੈਪਿੰਗ ਨਾਲ ਸਬੰਧਤ ਕਿਸੇ ਵੀ ਅਪਰਾਧ ਲਈ ਅੱਜ ਤੱਕ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਇਹ ਮਾਮਲਾ ਅੱਜ ਵੀ ਅਣਸੁਲਝੀ ਗੁੱਥੀ ਹੈ।
ਕਿਡਨੈਪਿੰਗ ਦੇ ਕੁਝ ਮਹੀਨਿਆਂ ਬਾਅਦ, ਆਗਾ ਖਾਨ ਨੇ ਆਪਣੇ ਨਵੇਂ ਸੁਪਰਯਾਟ ਦਾ ਨਾਂਅ ਆਪਣੇ ਪਸੰਦੀਦਾ ਘੋੜੇ ਸ਼ੇਰਗਰ ਦੀ ਯਾਦ 'ਚ ਸ਼ੇਰਗਰ ਰੱਖਿਆ। ਸਾਲਾਂ ਬਾਅਦ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਡਰਬੀ ਰੇਸ 'ਚ ਸ਼ੇਰਗਰ ਦੀ ਸ਼ਾਨਦਾਰ ਜਿੱਤ ਦਾ ਵੀਡੀਓ ਸੈਂਕੜੇ ਵਾਰ ਦੇਖਿਆ ਗਿਆ ਸੀ। ਉਨ੍ਹਾਂ ਕਿਹਾ, "ਇਹ ਇੱਕ ਅਜਿਹੀ ਯਾਦ ਹੈ ਜਿਸਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)
































