'ਮੈਂ ਨੀਂਦ 'ਚ ਚੀਕਦੀ ਹਾਂ, ਮੇਰਾ ਕਈ ਵਾਰ ਰੇਪ ਹੋਇਆ ਹੈ', ਕਹਾਣੀ ਉਨ੍ਹਾਂ ਔਰਤਾਂ ਦੀ ਜੋ ਕਈ ਵਾਰ ਅਗਵਾ ਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੋਈਆਂ

ਈਰਾਨ
    • ਲੇਖਕ, ਬੀਬੀਸੀ ਅਰਬੀ ਸਰਵਿਸ
  • ਪੜ੍ਹਨ ਦਾ ਸਮਾਂ: 10 ਮਿੰਟ

(ਚੇਤਾਵਨੀ: ਇਸ ਰਿਪੋਰਟ ਵਿੱਚ ਜਿਨਸੀ ਸ਼ੋਸ਼ਣ ਅਤੇ ਹਿੰਸਾ ਨਾਲ ਸਬੰਧਤ ਕੁਝ ਜਾਣਕਾਰੀ ਹੈ ਜੋ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ।)

ਪੱਛਮੀ ਸੀਰੀਆ ਦੇ ਲਤਾਕੀਆ ਸੂਬੇ ਵਿੱਚ ਆਪਣੇ ਪਿੰਡ ਵਿੱਚ ਰਾਮੀਆ ਗਰਮੀਆਂ ਦੇ ਇੱਕ ਗਰਮ ਦਿਨ ਵਿੱਚ ਪਰਿਵਾਰ ਨਾਲ ਪਿਕਨਿਕ ਦੀ ਤਿਆਰੀ ਕਰ ਰਹੀ ਸੀ, ਉਸ ਸਮੇਂ ਇੱਕ ਚਿੱਟੀ ਕਾਰ ਆ ਕੇ ਰੁਕੀ।

ਰਾਮੀਆ (ਸੁਰੱਖਿਆ ਕਾਰਨਾਂ ਕਰਕੇ ਨਾਮ ਬਦਲਿਆ ਗਿਆ ਹੈ) ਨਾਮ ਦੀ ਇੱਕ ਨੌਜਵਾਨ ਕੁੜੀ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਕਿ ਤਿੰਨ ਹਥਿਆਰਬੰਦ ਆਦਮੀ ਕਾਰ ਵਿੱਚੋਂ ਨਿਕਲੇ ਅਤੇ ਉਸ ਨੂੰ ਘਸੀਟ ਕੇ ਕਾਰ ਵਿੱਚ ਵਾੜ ਲਿਆ ਅਤੇ ਖੁਦ ਨੂੰ ਸਰਕਾਰੀ ਸੁਰੱਖਿਆ ਬਲਾਂ ਦੇ ਮੈਂਬਰ ਦੱਸਿਆ।

ਰਾਮੀਆ ਦੇ ਅਨੁਸਾਰ ਉਨ੍ਹਾਂ ਆਦਮੀਆਂ ਨੇ ਉਸ ਨੂੰ ਕੁੱਟਿਆ ਅਤੇ ਜਦੋਂ ਉਹ ਰੋਣ ਅਤੇ ਚੀਕਣ ਲੱਗੀ, ਤਾਂ ਉਸ ਨੂੰ ਹੋਰ ਵੀ ਕੁੱਟਿਆ ਗਿਆ।

ਰਾਮੀਆ ਨੇ ਅੱਗੇ ਕਿਹਾ, "ਉਨ੍ਹਾਂ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਸੁੰਨੀ ਹਾਂ ਜਾਂ ਅਲਾਵੀ। ਜਦੋਂ ਮੈਂ ਅਲਾਵੀ ਕਿਹਾ, ਤਾਂ ਉਸ ਨੇ ਉਸ ਭਾਈਚਾਰੇ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ।"

ਦਸੰਬਰ 2024 ਵਿੱਚ ਬਸ਼ਰ ਅਲ-ਅਸਦ ਦੀ ਤਾਨਾਸ਼ਾਹੀ ਦੇ ਪਤਨ ਤੋਂ ਬਾਅਦ ਦਰਜਨਾਂ ਔਰਤਾਂ ਨੂੰ ਅਗਵਾ ਕੀਤਾ ਗਿਆ ਹੈ ਅਤੇ ਰਾਮੀਆ ਉਨ੍ਹਾਂ ਵਿੱਚੋਂ ਇੱਕ ਹੈ।

ਮਹਿਲਾ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਸੰਸਥਾ ਸੀਰੀਅਨ ਫੇਮਿਨਿਸਟ ਲੌਬੀ (ਐੱਸਐੱਫਐੱਲ) ਦਾ ਕਹਿਣਾ ਹੈ ਕਿ ਉਸ ਨੇ ਪਰਿਵਾਰਾਂ, ਮੀਡੀਆ ਅਤੇ ਹੋਰ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ 80 ਤੋਂ ਵੱਧ ਲਾਪਤਾ ਔਰਤਾਂ ਨੂੰ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ 26 ਮਾਮਲਿਆਂ ਦੀ ਪੁਸ਼ਟੀ ਅਗਵਾ ਵਜੋਂ ਹੋਈ ਹੈ।

ਸਾਰੀਆਂ ਲਾਪਤਾ ਔਰਤਾਂ ਅਲਾਵੀ ਭਾਈਚਾਰੇ ਦੀਆਂ ਮੈਂਬਰ ਹਨ, ਜੋ ਕਿ ਸ਼ੀਆ ਇਸਲਾਮ ਦੀ ਇੱਕ ਸ਼ਾਖਾ ਹੈ, ਜੋ ਸੀਰੀਆ ਦੀ ਆਬਾਦੀ ਦਾ ਲਗਭਗ 10 ਫੀਸਦ ਬਣਦੀ ਹੈ। ਬੇਦਖਲ ਕੀਤੇ ਗਏ ਰਾਸ਼ਟਰਪਤੀ ਵੀ ਅਲਾਵੀ ਭਾਈਚਾਰੇ ਨਾਲ ਸਬੰਧਤ ਹਨ।

ਦੋ ਔਰਤਾਂ ਪੋਸਟਰ ਚੁੱਕੀਆਂ ਖੜ੍ਹੀਆਂ ਹਨ, ਜਿਨ੍ਹਾਂ ’ਤੇ ਅਲਾਵੀ ਭਾਈਚਾਰੇ ਲਈ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ

ਤਸਵੀਰ ਸਰੋਤ, Kenana Hendawi/Anadolu via Getty Image

ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਨੇ ਦਸੰਬਰ ਵਿੱਚ ਅਲਾਵੀ ਭਾਈਚਾਰੇ ਦੇ ਲਈ ਜ਼ਿਆਦਾ ਸੁਰੱਖਿਆ ਦੀ ਮੰਗ ਕੀਤੀ

ਸੰਪਰਦਾਇਕ ਹਿੰਸਾ

ਦੋ ਅਲਾਵੀ ਔਰਤਾਂ ਅਤੇ ਤਿੰਨ ਹੋਰ ਲੋਕਾਂ ਦੇ ਪਰਿਵਾਰਾਂ ਨੇ ਬੀਬੀਸੀ ਦੇ ਨਾਲ ਅਗਵਾ ਅਤੇ ਹਮਲੇ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਹੈ। ਨਿੱਜਤਾ ਅਤੇ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦਾ ਨਾਮ ਬਦਲਿਆ ਗਿਆ ਹੈ।

ਉਨ੍ਹਾਂ ਸਾਰਿਆਂ ਨੇ ਕਿਹਾ ਕਿ ਅੰਤਰਿਮ ਸਰਕਾਰ ਦੀ ਜਨਰਲ ਸਕਿਊਰਿਟੀ ਸਰਵਿਸ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਵਿੱਚ ਅਸਫਲ ਰਹੀ। ਇੱਕ ਔਰਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੀ ਦਰਦਨਾਕ ਕਹਾਣੀ ਸੁਣਾਈ ਤਾਂ ਉਨ੍ਹਾਂ ਨੇ ਉਸ ਦਾ ਮਜ਼ਾਕ ਉਡਾਇਆ।

ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਨਵੰਬਰ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਅਗਵਾ ਦੇ 42 ਕਥਿਤ ਮਾਮਲਿਆਂ ਦੀ ਜਾਂਚ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ 'ਝੂਠਾ' ਪਾਇਆ ਹੈ। ਬੀਬੀਸੀ ਵੱਲੋਂ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਕੁਝ ਹੋਰ ਕਹਿਣ ਨੂੰ ਨਹੀਂ ਹੈ।

ਹਾਲਾਂਕਿ, ਇੱਕ ਸੁਰੱਖਿਆ ਸਰੋਤ ਨੇ ਬੀਬੀਸੀ ਨੂੰ ਦੱਸਿਆ ਕਿ ਅਗਵਾ ਦੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਸੁਰੱਖਿਆ ਸੇਵਾਵਾਂ ਦੇ ਕੁਝ ਮੈਂਬਰ ਸ਼ਾਮਲ ਸਨ ਅਤੇ ਉਨ੍ਹਾਂ ਲੋਕਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

ਐੱਸਐੱਫਐੱਲ ਵੱਲੋਂ ਦਰਜ ਕੀਤੇ ਗਏ ਅਗਵਾ ਅਤੇ ਲਾਪਤਾ ਦੇ ਮਾਮਲੇ ਫਰਵਰੀ 2025 ਤੋਂ ਲੈ ਕੇ ਦਸੰਬਰ ਦੀ ਸ਼ੁਰੂਆਤ ਤੱਕ ਦੇ ਹਨ।

ਇਹ ਮਾਰਚ ਤੋਂ ਪਹਿਲਾਂ ਅਤੇ ਬਾਅਦ ਦਾ ਸਮਾਂ ਹੈ। ਇਸ ਸਮੇਂ ਦੌਰਾਨ ਪੱਛਮੀ ਤੱਟਵਰਤੀ ਖੇਤਰਾਂ ਵਿੱਚ ਸੰਪਰਦਾਇਕ ਹਿੰਸਾ ਵਿੱਚ 1,400 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਲਾਵੀ ਭਾਈਚਾਰੇ ਨਾਲ ਸਬੰਧਤ ਸਨ।

ਸੁੰਨੀ ਇਸਲਾਮੀ-ਅਗਵਾਈ ਵਾਲੀ ਸਰਕਾਰ ਪ੍ਰਤੀ ਵਫ਼ਾਦਾਰ ਬਲਾਂ 'ਤੇ ਅਸਦ ਸਮਰਥਕਾਂ ਵੱਲੋਂ ਕੀਤੇ ਗਏ ਘਾਤਕ ਹਮਲਿਆਂ ਦੇ ਬਦਲੇ ਵਿੱਚ ਇਨ੍ਹਾਂ ਲੋਕਾਂ ਨੂੰ ਮਾਰਨ ਦਾ ਇਲਜ਼ਾਮ ਲਗਾਇਆ ਗਿਆ ਸੀ।

ਅਸਦ ਸਰਕਾਰ ਦੇ ਕਈ ਮੈਂਬਰ ਅਲਾਵੀ ਸਨ, ਪਰ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਸਾਬਕਾ ਰਾਸ਼ਟਰਪਤੀ ਦਾ ਵਿਰੋਧ ਕਰਨ ਲਈ ਜ਼ੁਲਮ ਦਾ ਸਾਹਮਣਾ ਕਰਨਾ ਪਿਆ।

'ਖੁਦਕੁਸ਼ੀ ਦੀ ਕੋਸ਼ਿਸ਼'

ਰਾਮੀਆ ਨੇ ਦ੍ਰਿੜਤਾ ਨਾਲ ਕਿਹਾ ਕਿ ਉਸਨੂੰ ਆਪਣੇ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ ਲਈ ਮਜਬੂਰ ਕੀਤਾ ਗਿਆ ਅਤੇ ਇੱਕ ਅਜਿਹਾ ਨਕਾਬ ਪਹਿਨਾਇਆ ਗਿਆ, ਜਿਸ ਨਾਲ ਸਿਰਫ ਉਸ ਦੀਆਂ ਅੱਖਾਂ ਦਿਖਾਈ ਦਿੰਦੀਆਂ ਸਨ।

ਉਸ ਨੂੰ ਇੱਕ ਅੰਡਰਗਰਾਊਂਡ ਕਮਰੇ ਵਿੱਚ ਕੈਦ ਕੀਤਾ ਗਿਆ ਸੀ। ਉਸ ਕਮਰੇ ਵਿੱਚ ਇੱਕ ਬੈੱਡ ਅਤੇ ਇੱਕ ਅਲਮਾਰੀ ਸੀ।

ਉਸ ਦੇ ਉੱਪਰ ਬਾਥਰੂਮ ਦੀ ਸਮੱਗਰੀ ਅਤੇ ਇੱਕ ਕੰਡੋਮ ਰੱਖਿਆ ਹੋਇਆ ਸੀ।

ਰਾਮੀਆ ਦੇ ਅਨੁਸਾਰ, ਉਸ ਨੂੰ ਦੋ ਦਿਨਾਂ ਲਈ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਸ ਨੇ ਇੱਕ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਰਾਮੀਆ ਦੇ ਅਨੁਸਾਰ, ਉਸ ਨੂੰ ਬੰਦੀ ਬਣਾਉਣ ਵਾਲਾ ਵਿਅਕਤੀ ਅਰਬੀ ਚੰਗੀ ਤਰ੍ਹਾਂ ਨਹੀਂ ਬੋਲਦਾ ਸੀ ਅਤੇ ਉਹ ਸ਼ਕਲ-ਸੂਰਤ ਤੋਂ ਇੱਕ ਏਸ਼ੀਆਈ ਆਦਮੀ ਵਰਗਾ ਲੱਗਦਾ ਸੀ। ਉਸ ਆਦਮੀ ਨੇ ਰਾਮੀਆ ਦਾ ਨਕਾਬ ਹਟਾਇਆ ਅਤੇ ਉਸ ਦੀਆਂ ਫੋਟੋਆਂ ਖਿੱਚੀਆਂ।

ਰਾਮੀਆ ਨੇ ਅੱਗੇ ਕਿਹਾ ਕਿ ਅਗਵਾਕਾਰ ਦੀ ਪਤਨੀ, ਜੋ ਉਸੇ ਇਮਾਰਤ ਵਿੱਚ ਰਹਿੰਦੀ ਹੈ, ਨੇ ਕਿਹਾ ਕਿ "ਫੋਟੋਆਂ ਰਾਮੀਆ ਨੂੰ ਵੇਚਣ ਦੀ ਕੀਮਤ ਤੈਅ ਕਰਨ ਲਈ ਲਈਆਂ ਗਈਆਂ ਸਨ।"

ਰਾਮੀਆ ਦੇ ਅਨੁਸਾਰ, ਉਸ ਔਰਤ ਨੇ ਦੱਸਿਆ ਕਿ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੂੰ ਅਗਵਾ ਕੀਤਾ ਗਿਆ ਸੀ। ਕੁਝ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਅਤੇ ਛੱਡ ਦਿੱਤਾ ਗਿਆ ਸੀ, ਜਦੋਂ ਕਿ ਕੁਝ ਨੂੰ "ਵੇਚ ਦਿੱਤਾ ਗਿਆ ਸੀ"।

ਬੀਬੀਸੀ ਅਗਵਾ ਕੀਤੀਆਂ ਗਈਆਂ ਔਰਤਾਂ ਦੀ ਖਰੀਦੋ-ਫਰੋਖਤ ਦੇ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ, ਪਰ ਕਾਰਕੁਨਾਂ ਨੇ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਹੈ, ਜਿਸ ਵਿੱਚ ਪੀੜਤਾਂ ਨੂੰ ਵੇਚਣ ਜਾਂ ਜ਼ਬਰਦਸਤੀ ਵਿਆਹ ਦੀ ਧਮਕੀ ਦਿੱਤੀ ਗਈ ਹੈ।

'ਕਈ ਵਾਰ ਬਲਾਤਕਾਰ ਹੋਇਆ'

ਜੀਪ ਉਪਰ ਇੱਕ ਗਰੁੱਪ ਦੇ ਕੁਝ ਲੋਕ ਜਾਂਦੇ ਹੋਏ

ਤਸਵੀਰ ਸਰੋਤ, Abdulvacit Haci Isteyfi/Anadolu via Getty Images

ਤਸਵੀਰ ਕੈਪਸ਼ਨ, ਮਾਰਚ ਵਿੱਚ ਪੱਛਮੀ ਸੀਰੀਆ ਦੇ ਸੂਬਾਈ ਹਿੰਸਾ ਦੇ ਕਾਰਨ ਲਗਭਗ 1,400 ਲੋਕਾਂ ਦੀ ਮੌਤ ਹੋ ਗਈ

ਇੱਕ 30 ਸਾਲਾ ਮਾਂ ਨੇਸਮਾ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਨਾਲ ਕਈ ਵਾਰ ਬਲਾਤਕਾਰ ਹੋਇਆ।"

ਨੇਸਮਾ ਨੂੰ ਲਤਾਕਿਆ ਸੂਬੇ ਵਿੱਚ ਸਥਿਤ ਉਸ ਦੇ ਪਿੰਡ 'ਚੋਂ ਪਰਦੇ ਵਾਲੀ ਵੈਨ ਵਿੱਚ ਲਿਜਾਇਆ ਗਿਆ ਸੀ।

ਫ਼ੋਨ 'ਤੇ ਗੱਲ ਕਰਦੇ ਸਮੇਂ ਨੇਸਮਾ ਦੀ ਆਵਾਜ਼ ਕੰਬ ਰਹੀ ਸੀ।

ਉਨ੍ਹਾਂ ਨੇ ਦੱਸਿਆ ਕਿ ਉਸਨੂੰ ਸੱਤ ਦਿਨਾਂ ਲਈ ਇੱਕ ਉੱਚੀਆਂ ਖਿੜਕੀਆਂ ਵਾਲੇ ਕਮਰੇ ਵਿੱਚ ਰੱਖਿਆ ਗਿਆ ਸੀ, ਜੋ ਇੱਕ ਉਦਯੋਗਿਕ ਖੇਤਰ ਵਰਗਾ ਦਿਖਦਾ ਸੀ।

ਤਿੰਨ ਵਿਅਕਤੀਆਂ ਨੇ ਉਸ ਨੂੰ ਪੁੱਛਿਆ ਕਿ ਕੀ ਉਸ ਦੇ ਪਿੰਡ ਦੇ ਲੋਕਾਂ ਅਤੇ ਪਿਛਲੀ ਸਰਕਾਰ ਵਿਚਕਾਰ ਕੋਈ ਸਬੰਧ ਸੀ।

ਨੇਸਮਾ ਦੇ ਅਨੁਸਾਰ, ਉਸ ਨੂੰ ਬੰਦੀ ਬਣਾਉਣ ਵਾਲੇ ਸਾਰੇ ਆਦਮੀਆਂ ਨੇ ਨਕਾਬ ਪਾਇਆ ਹੋਇਆ ਸੀ ਅਤੇ ਸੀਰੀਆਈ ਅਰਬੀ ਬੋਲਦੇ ਸਨ। ਉਨ੍ਹਾਂ ਨੇ ਕਿਹਾ, "ਅਲਵਾਈਟ ਔਰਤਾਂ ਸਬਾਇਆ ਲਈ ਹੀ ਬਣੀਆਂ ਹਨ।"

ਸਬਾਇਆ ਇੱਕ ਪੁਰਾਣਾ ਅਰਬੀ ਸ਼ਬਦ ਹੈ, ਜਿਸਦਾ ਅਰਥ ਹੈ: ਬੰਦੀ ਔਰਤ।

ਕੁਝ ਇਸਲਾਮੀ ਕੱਟੜਪੰਥੀ ਇਸ ਸ਼ਬਦ ਦੀ ਵਰਤੋਂ ਉਨ੍ਹਾਂ ਔਰਤਾਂ ਲਈ ਕਰਦੇ ਸਨ ਜਿਨ੍ਹਾਂ ਨਾਲ ਸੈਕਸ ਗੁਲਾਮਾਂ ਵਰਗਾ ਸਲੂਕ ਕੀਤਾ ਜਾਂਦਾ ਹੈ।

ਨੇਸਮਾ ਨੇ ਕਿਹਾ ਕਿ ਉਸ ਨੂੰ ਬੰਦੀ ਬਣਾਉਣ ਵਾਲਿਆਂ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।

"ਮੈਂ ਸਿਰਫ਼ ਆਪਣੀ ਮੌਤ ਬਾਰੇ ਸੋਚ ਰਹੀ ਸੀ। ਮੈਂ ਸੋਚ ਰਹੀ ਸੀ ਕਿ ਮੈਂ ਮਰ ਜਾਵਾਂਗੀ ਅਤੇ ਮੇਰੇ ਬੱਚੇ ਮਾਪਿਆਂ ਤੋਂ ਬਿਨ੍ਹਾਂ ਹੋ ਜਾਣਗੇ।"

ਲਿਨ ਨਾਮ ਦੀ ਇੱਕ ਹੋਰ ਕੁੜੀ ਦੀ ਮਾਂ ਹਸਨਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਰੋਜ਼ਾਨਾ ਕੁੱਟਿਆ ਜਾਂਦਾ ਸੀ, ਬੰਦੂਕ ਦੀ ਨੋਕ 'ਤੇ ਧਮਕਾਇਆ ਜਾਂਦਾ ਸੀ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਸੀ।

ਹਸਨਾ ਨੇ ਦੱਸਿਆ ਕਿ ਲਿਨ ਨੂੰ ਬੰਦੀ ਬਣਾਉਣ ਵਾਲਿਆਂ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ, ਉਹ ਬਹੁਤ ਮਾੜੀ ਅਰਬੀ ਬੋਲਦਾ ਸੀ ਅਤੇ ਮਾਰਚ ਵਿੱਚ ਹੋਈ ਹਿੰਸਾ ਦੌਰਾਨ ਅਲਾਵੀ ਭਾਈਚਾਰੇ ਦੇ ਲੋਕਾਂ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਦਾ ਦਾਅਵਾ ਕਰ ਰਹੇ ਸਨ।

ਹਸਨਾ ਨੇ ਕਿਹਾ, "ਉਹ ਸਾਡੀਆਂ ਬੇਟੀਆਂ ਨੂੰ ਸਬਾਇਆ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਉਹ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਕਰਦੇ।" ਕੁਝ ਸੁੰਨੀ ਕੱਟੜਪੰਥੀ ਅਲਾਵੀ ਭਾਈਚਾਰੇ ਦੇ ਲੋਕਾਂ ਨੂੰ ਧਰਮ ਵਿਰੋਧੀ ਮੰਨਦੇ ਹਨ।

ਬੀਬੀਸੀ ਨੇ ਅਲੀ ਨਾਲ ਵੀ ਗੱਲਬਾਤ ਕੀਤੀ।

ਅਲੀ ਦੀ ਪਤਨੀ ਨੂਰ ਨੂੰ ਅਗਵਾ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਕਈ ਹਫ਼ਤਿਆਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ।

ਬੀਬੀਸੀ ਨੇ ਸੋਮਾਇਆ ਨਾਮ ਦੀ ਇੱਕ ਔਰਤ ਨਾਲ ਵੀ ਗੱਲਬਾਤ ਕੀਤੀ।

ਸੋਮਾਇਆ ਨੇ ਕਿਹਾ ਕਿ ਉਨ੍ਹਾਂ ਦੀ ਨੌਜਵਾਨ ਧੀ ਦੇ ਨਾਲ "ਲਗਾਤਾਰ 10 ਦਿਨਾਂ ਤੱਕ" ਜਿਨਸੀ ਸ਼ੋਸ਼ਣ ਕੀਤਾ ਗਿਆ।

"ਫੋਨ 'ਤੇ ਧਮਕੀਆਂ ਦਿੱਤੀਆਂ ਗਈਆਂ"

ਨੇਸਮਾ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਹ ਆਪਣੇ ਅਗਵਾ ਦੀ ਰਿਪੋਰਟ ਕਰਨ ਗਈ, ਤਾਂ ਸੁਰੱਖਿਆ ਅਧਿਕਾਰੀਆਂ ਨੇ ਉਸ ਨਾਲ "ਮਜ਼ਾਕ ਅਤੇ ਅਪਮਾਨਜਨਕ" ਵਿਵਹਾਰ ਕੀਤਾ।

"ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਪਿਕਨਿਕ 'ਤੇ ਗਏ ਸੀ।"

ਰਾਮੀਆ ਨੇ ਕਿਹਾ ਕਿ ਅਧਿਕਾਰੀਆਂ ਨੇ ਸ਼ੁਰੂ ਵਿੱਚ ਉਸ ਦੇ ਕੇਸ 'ਤੇ ਕੰਮ ਕਰਨਾ ਜਾਰੀ ਰੱਖਿਆ, ਪਰ ਜਿਵੇਂ ਹੀ ਅਗਵਾਕਾਰ ਦੀ ਪਛਾਣ ਹੋਈ, ਉਨ੍ਹਾਂ ਨੇ ਉਸਦੇ ਫੋਨ ਚੁੱਕਣੇ ਬੰਦ ਕਰ ਦਿੱਤੇ।

ਰਾਮੀਆ ਨੇ ਕਿਹਾ ਕਿ ਪਰਿਵਾਰ ਨੂੰ ਫ਼ੋਨ 'ਤੇ ਧਮਕੀਆਂ ਮਿਲੀਆਂ ਸਨ, ਜਿਸ ਵਿੱਚ ਕਿਹਾ ਗਿਆ ਸੀ, "ਜੇ ਅਸੀਂ ਗੱਲ ਕੀਤੀ ਤਾਂ ਸਾਨੂੰ ਕੀਮਤ ਚੁਕਾਉਣੀ ਪਵੇਗੀ।" ਆਖਿਰਕਾਰ ਉਨ੍ਹਾਂ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ।

ਅਲੀ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਨੇ ਅਗਵਾਕਾਰ ਨੂੰ ਗ੍ਰਿਫਤਾਰ ਕਰ ਲਿਆ, ਪਰ ਸਾਨੂੰ ਨਹੀਂ ਪਤਾ ਕਿ ਉਸ ਤੋਂ ਬਾਅਦ ਕੀ ਹੋਇਆ।"

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਅਗਵਾਕਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਉਹ "ਸਾਡੇ ਪਿੱਛੇ ਆਏਗਾ।"

ਲਿਨ ਦੀ ਮਾਂ ਨੇ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੇ ਉਸਦੀ ਧੀ ਨਾਲ ਕਈ ਵਾਰ "ਦਿਲਚਸਪੀ ਅਤੇ ਹਮਦਰਦੀ" ਨਾਲ ਗੱਲ ਕੀਤੀ, ਪਰ ਮਹੀਨਿਆਂ ਬਾਅਦ ਵੀ, ਜਾਂਚ ਦੇ ਕੋਈ ਨਤੀਜੇ ਨਹੀਂ ਦੱਸੇ ਗਏ।

ਸੋਮਾਇਆ ਦਾ ਕਹਿਣਾ ਹੈ ਕਿ ਉਸਨੇ ਆਪਣੇ ਨਾਲ ਹੋਈ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ, ਪਰ ਕੋਈ ਅਪਡੇਟ ਨਹੀਂ ਮਿਲੀ।

ਸੀਰੀਆ ਦੇ ਗ੍ਰਹਿ ਮੰਤਰਾਲੇ, ਜੋ ਜਨਰਲ ਸੁਰੱਖਿਆ ਸੇਵਾ ਦੇ ਕਾਰਜਾਂ ਦੀ ਨਿਗਰਾਨੀ ਕਰਦੇ ਹਨ, ਨੇ ਨਵੰਬਰ ਵਿੱਚ ਅਗਵਾ ਹੋਣ ਦੀਆਂ 42 ਕਥਿਤ ਘਟਨਾਵਾਂ ਦੀ ਜਾਂਚ ਦੇ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ।

ਮੰਤਰਾਲੇ ਦੇ ਬੁਲਾਰੇ ਨੂਰ ਅਲ-ਦੀਨ ਅਲ-ਬਾਬਾ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਸਿਰਫ਼ ਇੱਕ ਕੇਸ "ਅਸਲ ਅਗਵਾ" ਦਾ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਬਾਕੀ ਘਟਨਾਵਾਂ ਵਿੱਚ "ਸਵੈ-ਇੱਛਤ ਭੱਜਣਾ, ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਰਹਿਣਾ, ਘਰੇਲੂ ਹਿੰਸਾ ਤੋਂ ਭੱਜਣਾ, ਸੋਸ਼ਲ ਮੀਡੀਆ 'ਤੇ ਝੂਠੇ ਦਾਅਵੇ ਕਰਨਾ, ਜਾਂ ਵੇਸਵਾਗਮਨੀ ਅਤੇ ਜਬਰੀ ਵਸੂਲੀ ਵਿੱਚ ਸ਼ਾਮਲ ਹੋਣਾ" ਸ਼ਾਮਲ ਹੈ। ਚਾਰ ਮਾਮਲੇ "ਅਪਰਾਧਿਕ ਅਪਰਾਧ" ਸਨ, ਅਤੇ ਇਨ੍ਹਾਂ ਲਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਮੰਤਰਾਲਾ ਅਜਿਹੀਆਂ ਰਿਪੋਰਟਾਂ ਪ੍ਰਤੀ "ਬਹੁਤ ਗੰਭੀਰ ਅਤੇ ਜ਼ਿੰਮੇਦਾਰ" ਹੈ।

ਤੱਟ ਸੁਰੱਖਿਆ ਬਲਾਂ ਦੇ ਇੱਕ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲ ਕੀਤੀ।

ਲਤਾਕਿਆ ਦੀ ਫੋਟੋ

ਤਸਵੀਰ ਸਰੋਤ, OMAR HAJ KADOUR/AFP via Getty Images

ਉਨ੍ਹਾਂ ਦਾਅਵਾ ਕੀਤਾ ਕਿ "ਕੁਝ ਲੋਕ ਬਿਨ੍ਹਾਂ ਸੋਚੇ-ਸਮਝੇ ਅਜਿਹਾ ਕੰਮ ਕਰ ਰਹੇ ਹਨ, ਜਿਸ ਦਾ ਉਦੇਸ਼ ਸਿਰਫ਼ ਪੈਸਾ ਕਮਾਉਣਾ ਹੈ। ਕੁਝ ਲੋਕ ਇਸ ਨੂੰ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਕਰ ਰਹੇ ਹਨ ਜਾਂ ਪਿਛਲੀ ਸਰਕਾਰ ਦੇ ਸਮੇਂ ਵਿੱਚ ਮਿਲੇ ਨਿੱਜੀ ਮਕਸਦ ਨਾਲ ਕੁਝ ਸਮੇਂ ਲਈ ਕਿਡਨੈਪਿੰਗ ਕਰਦੇ ਸਨ।"

ਉਨ੍ਹਾਂ ਕਿਹਾ, "ਕੁਝ ਅਧਿਕਾਰੀ ਬਦਲਾ ਲੈਣ ਲਈ ਅਗਵਾ ਕਰਦੇ ਹਨ" ਅਤੇ ਨਾਲ ਹੀ ਇਹ ਵੀ ਦੱਸਿਆ ਕਿ ਜਨਰਲ ਸਕਿਊਰਿਟੀ ਸਰਵਿਸ ਦੇ ਮੈਂਬਰ ਵੀ ਇਸ ਵਿੱਚ ਸ਼ਾਮਲ ਹਨ।

"ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਤੁਰੰਤ ਉਨ੍ਹਾਂ ਦੇ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।"

ਚਾਰ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਬੀਬੀਸੀ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਅਗਵਾਕਾਰਾਂ ਨੂੰ ਨਹੀਂ ਜਾਣਦੇ।

ਅਗਵਾਕਾਰ ਨੂੰ ਜਾਣਨ ਵਾਲੇ ਇੱਕ ਵਿਅਕਤੀ ਨੇ ਕਿਹਾ ਕਿ ਉਸਦਾ ਸੁਰੱਖਿਆ ਸੇਵਾਵਾਂ ਨਾਲ ਕੋਈ ਸਬੰਧ ਨਹੀਂ ਸੀ।

ਦੋ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਕ ਦਬਾਅ ਕਾਰਨ ਰਿਹਾਅ ਕਰ ਦਿੱਤਾ ਗਿਆ।

ਹੋਰਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਮੁਲਜ਼ਮਾਂ ਨੂੰ ਕਿਉਂ ਰਿਹਾਅ ਕੀਤਾ ਗਿਆ।

'ਸਜ਼ਾ ਮੁਕਤ ਵਾਤਾਵਰਣ'

ਐਮਨੈਸਟੀ ਇੰਟਰਨੈਸ਼ਨਲ ਨੇ ਜੁਲਾਈ ਵਿੱਚ ਕਿਹਾ ਸੀ ਕਿ ਉਸ ਨੂੰ ਤਿੰਨ ਤੋਂ 40 ਸਾਲ ਦੀਆਂ ਘੱਟੋ-ਘੱਟ 36 ਔਰਤਾਂ ਦੇ ਅਗਵਾ ਹੋਣ ਦੀਆਂ ਭਰੋਸੇਯੋਗ ਰਿਪੋਰਟਾਂ ਮਿਲੀਆਂ ਹਨ। ਅੱਠ ਮਾਮਲਿਆਂ ਦਾ ਵਿਸਥਾਰ ਨਾਲ ਦਸਤਾਵੇਜ਼ੀਕਰਨ ਕੀਤਾ ਗਿਆ ਹੈ।

ਡਿਪਟੀ ਰੀਜਨਲ ਡਾਇਰੈਕਟਰ ਕ੍ਰਿਸਟੀਨ ਬੇਕਰਲੇ ਨੇ ਬੀਬੀਸੀ ਨੂੰ ਦੱਸਿਆ, "ਲਗਭਗ ਸਾਰੇ ਮਾਮਲਿਆਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਸੀ, ਪਰ ਪੀੜਤਾਂ ਦੇ ਪਰਿਵਾਰਾਂ ਨੂੰ ਕੋਈ ਉਪਯੋਗੀ ਜਾਣਕਾਰੀ ਪ੍ਰਦਾਨ ਨਹੀਂ ਮਿਲੀ ਅਤੇ ਜਾਂਚ ਵਿੱਚ ਕੋਈ ਤੇਜ਼ੀ ਨਹੀਂ ਹੋਈ ਹੈ।"

ਜਰਮਨੀ ਵਿੱਚ ਰਹਿਣ ਵਾਲੇ ਸੀਰੀਆਈ ਮਨੁੱਖੀ ਅਧਿਕਾਰ ਕਾਰਕੁਨ ਅਤੇ ਲੇਖਕ ਯਮਨ ਹੁਸੈਨ ਅਜਿਹੀਆਂ ਘਟਨਾਵਾਂ 'ਤੇ ਸਖ਼ਤ ਨਜ਼ਰ ਰੱਖਦੇ ਹਨ।

ਉਨ੍ਹਾਂ ਦੇ ਅਨੁਸਾਰ ਪੀੜਤਾਂ ਦੇ ਬਿਆਨ ਦਰਸਾਉਂਦੇ ਹਨ ਕਿ ਉਨ੍ਹਾਂ ਨੂੰ ਅਗਵਾ ਵਿਚਾਰਧਾਰਕ ਕਾਰਨਾਂ ਕਰਕੇ ਕੀਤਾ ਗਿਆ ਸੀ ਅਤੇ ਵਿਚਾਰਧਾਰਾ "ਹਾਰੀਆਂ ਧਿਰਾਂ ਦੇ ਜ਼ੁਲਮ" ਦੇ ਅਧਾਰ 'ਤੇ ਸਨ ਅਤੇ ਇਸਦਾ ਉਦੇਸ਼ "ਅਲਾਵੀ ਔਰਤਾਂ ਵਿੱਚ ਡਰ ਫੈਲਾਉਣਾ" ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਵਿਚਾਰਧਾਰਕ ਤੌਰ 'ਤੇ ਪ੍ਰੇਰਿਤ ਸਮੂਹਾਂ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ, ਅਤੇ ਇਹ ਸਥਿਤੀ ਅਗਵਾ ਨੂੰ ਉਤਸ਼ਾਹਿਤ ਕਰ ਰਹੀ ਹੈ।

ਸੀਰੀਅਨ ਨਾਰੀਵਾਦੀ ਲੌਬੀ ਦੇ ਅਨੁਸਾਰ, ਕੁਝ ਡ੍ਰੂਜ਼ ਅਤੇ ਸੁੰਨੀ ਔਰਤਾਂ ਨੂੰ ਵੀ ਅਗਵਾ ਕੀਤੇ ਜਾਣ ਦੀ ਖਬਰ ਸੀ, ਪਰ ਉਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।

ਇਸ ਵਿੱਚ ਕਿਹਾ ਗਿਆ ਹੈ ਕਿ 16 ਔਰਤਾਂ ਅਲਾਵੀ ਭਾਈਚਾਰੇ ਨਾਲ ਸਬੰਧਤ ਸਨ ਅਤੇ ਉਹ ਅਜੇ ਵੀ ਲਾਪਤਾ ਹਨ।

ਬੀਬੀਸੀ ਨੇ ਜਿਨ੍ਹਾਂ ਪਰਿਵਾਰਾਂ ਨਾਲ ਗੱਲ ਕੀਤੀ, ਉਹ ਦੋਵੇਂ ਹੀ ਗੱਲਾਂ ਤੋਂ ਡਰੇ ਹੋਏ ਹਨ, ਇੱਕ ਤਾਂ ਬੋਲਣ 'ਤੇ ਉਨ੍ਹਾਂ ਨੂੰ ਮਿਲਣ ਵਾਲੀ ਸਜ਼ਾ ਤੋਂ ਅਤੇ ਦੂਜੀ ਜਿਨਸੀ ਹਮਲੇ ਨਾਲ ਜੁੜੇ ਕਲੰਕ ਤੋਂ।

ਲਿਨ ਦੀ ਮਾਂ ਨੇ ਦੱਸਿਆ ਕਿ ਉਸਦੀ ਧੀ ਲਗਾਤਾਰ ਚਿੰਤਤ ਰਹਿੰਦੀ ਹੈ। ਉਸ ਨੂੰ ਡਰ ਰਹਿੰਦਾ ਹੈ ਕਿ ਕੋਈ ਦਰਵਾਜ਼ਾ ਖੜਕਾਏਗਾ। ਨੇਸਮਾ ਦਾ ਵਿਆਹ ਟੁੱਟ ਗਿਆ ਹੈ।

ਰਾਮੀਆ ਨੇ ਕਿਹਾ, "ਮੈਂ ਨੀਂਦ ਵਿੱਚ ਚੀਕਦੀ ਹਾਂ," ਅਤੇ ਉਸ ਨੇ ਦੱਸਿਆ ਕਿ ਉਹ ਇੱਕ ਥੈਰੇਪਿਸਟ ਨੂੰ ਮਿਲ ਰਹੀ ਹੈ ਪਰ ਫਿਰ ਵੀ ਉਸ ਨੂੰ ਨੀਂਦ ਨਹੀਂ ਆਉਂਦੀ ਅਤੇ "ਉਸ ਨੂੰ ਲੋੜੀਂਦਾ ਆਰਾਮ ਨਹੀਂ ਮਿਲਦਾ।"

ਅਲੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਤੇ ਨੂਰ ਇਨਸਾਫ਼ ਮੰਗਣ ਤੋਂ ਬਹੁਤ ਡਰਦੇ ਹਨ। ਸੋਮਾਇਆ ਨੇ ਕਿਹਾ ਕਿ ਉਸਦੀ ਧੀ ਨੇ ਦੁਬਾਰਾ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ ਪਰ "ਮੇਰੇ ਇਲਾਵਾ ਮੇਰੇ ਆਲੇ-ਦੁਆਲੇ ਕੋਈ ਨਹੀਂ ਜਾਣਦਾ ਕਿ ਕੀ ਹੋਇਆ ਸੀ।"

ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਇਸ ਗੱਲ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਕਿ ਕੀ ਹੋਇਆ, ਪਰ ਸਾਨੂੰ ਖੁਦ ਨੂੰ ਵੀ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੀਦਾ।"

  • ਇਹ ਰਿਪੋਰਟ ਬੀਬੀਸੀ ਵਰਲਡ ਸਰਵਿਸ ਦੀ 'ਗਲੋਬਲ ਵਿਮੈਨ' ਲੜੀ ਦਾ ਹਿੱਸਾ ਹੈ, ਜੋ ਦੁਨੀਆ ਭਰ ਦੀ ਅਣਕਹੀ ਅਤੇ ਮਹੱਤਵਪੂਰਨ ਕਹਾਣੀਆਂ ਨੂੰ ਪੇਸ਼ ਕਰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)