ਇਸ ਦੇਸ਼ ਵਿੱਚ ਸਰਕਾਰ ਨੇ ਕੰਡੋਮ ਉੱਤੇ ਟੈਕਸ ਕਿਉਂ ਵਧਾਇਆ ਹੈ, ਕਿਹੜੇ ਕਾਰਨਾਂ ਕਰਕੇ ਸਰਕਾਰ ਫਿਕਰਮੰਦ ਹੈ

ਤਸਵੀਰ ਸਰੋਤ, Getty Images
- ਲੇਖਕ, ਆਸਮੰਡ ਚਿਆ
- ਰੋਲ, ਬਿਜ਼ਨਸ ਰਿਪੋਰਟਰ
- ਲੇਖਕ, ਯਾਨ ਚੇਨ
- ਰੋਲ, ਬੀਬੀਸੀ ਨਿਊਜ਼ ਚੀਨ
ਚੀਨ ਨੇ ਜਨਮ ਦਰ ਵਧਾਉਣ ਦੇ ਮਕਸਦ ਨਾਲ ਕੰਡੋਮ ਸਮੇਤ ਹੋਰ ਗਰਭਨਿਰੋਧਕ ਸਾਧਨਾਂ 'ਤੇ 13 ਫ਼ੀਸਦੀ ਸੇਲਜ਼ ਟੈਕਸ ਲਗਾ ਦਿੱਤਾ ਹੈ, ਜਦਕਿ ਬੱਚਿਆਂ ਦੀ ਦੇਖਭਾਲ ਨਾਲ ਜੁੜੀਆਂ ਸੇਵਾਵਾਂ ਨੂੰ ਅਜਿਹੇ ਟੈਕਸ ਤੋਂ ਬਾਹਰ ਰੱਖਿਆ ਗਿਆ ਹੈ। ਇਹ ਵਿਵਸਥਾ 1 ਜਨਵਰੀ 2026 ਤੋਂ ਲਾਗੂ ਹੋ ਗਈ ਹੈ।
ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਆਪਣੇ ਦੇਸ਼ ਵਿੱਚ ਜਨਮ ਦਰ ਵਧਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ।
ਚੀਨ ਨੇ ਹਾਲ ਹੀ ਵਿੱਚ ਆਪਣੇ ਟੈਕਸ ਸਿਸਟਮ ਵਿੱਚ ਕਈ ਬਦਲਾਅ ਕੀਤੇ ਹਨ। ਇਸ ਸੁਧਾਰ ਦੇ ਤਹਿਤ ਦੇਸ਼ ਵਿੱਚ ਸਾਲ 1994 ਤੋਂ ਲਾਗੂ ਕਈ ਤਰ੍ਹਾਂ ਦੀਆਂ ਟੈਕਸ ਛੋਟਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਸ ਸਮੇਂ ਚੀਨ ਦਹਾਕਿਆਂ ਪੁਰਾਣੇ 'ਇੱਕ ਬੱਚਾ' ਨਿਯਮ ਅਧੀਨ ਚੱਲ ਰਿਹਾ ਸੀ।
ਚੀਨ ਨੇ ਕਈ ਕਰ ਵਿਵਸਥਾਵਾਂ ਵਿੱਚ ਵਿਆਹ ਨਾਲ ਜੁੜੀਆਂ ਸੇਵਾਵਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਨਾਲ ਸਬੰਧਿਤ ਸੇਵਾਵਾਂ ਨੂੰ ਵੈਲਿਊ ਐਡਿਡ ਟੈਕਸ (ਵੀਏਟੀ) ਤੋਂ ਛੋਟ ਦਿੱਤੀ ਹੈ। ਇਹ ਚੀਨ ਦੇ ਇੱਕ ਵੱਡੇ ਯਤਨ ਦਾ ਹਿੱਸਾ ਹੈ, ਜਿਸ ਵਿੱਚ ਪੈਰੈਂਟਲ ਲੀਵ ਵਧਾਉਣਾ ਅਤੇ ਨਕਦ ਮਦਦ ਦੇਣਾ ਵੀ ਸ਼ਾਮਲ ਹੈ।
ਵੱਧ ਰਹੀ ਬਜ਼ੁਰਗ ਆਬਾਦੀ ਅਤੇ ਸੁਸਤ ਅਰਥਵਿਵਸਥਾ ਦਾ ਸਾਹਮਣਾ ਕਰ ਰਹੇ ਚੀਨ ਵਿੱਚ ਲੋਕਾਂ ਨੂੰ ਵਿਆਹ ਕਰਨ ਅਤੇ ਜੋੜਿਆਂ ਨੂੰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।

ਤਸਵੀਰ ਸਰੋਤ, Getty Images
ਸਰਕਾਰੀ ਨੀਤੀ ਦੇ ਖ਼ਤਰੇ
ਪਿਛਲੇ ਦਹਾਕੇ ਵਿੱਚ ਚੀਨ ਵਿੱਚ ਬੱਚਿਆਂ ਦੀ ਜਨਮ ਦਰ ਵਿੱਚ ਕਾਫ਼ੀ ਕਮੀ ਆਈ ਹੈ। (ਸੰਕੇਤਕ ਤਸਵੀਰ)
ਅਧਿਕਾਰਕ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਚੀਨ ਦੀ ਆਬਾਦੀ ਲਗਾਤਾਰ ਤਿੰਨ ਸਾਲਾਂ ਤੋਂ ਘਟ ਰਹੀ ਹੈ ਅਤੇ ਸਾਲ 2024 ਵਿੱਚ ਦੇਸ਼ ਵਿੱਚ ਇੱਕ ਕਰੋੜ ਤੋਂ ਵੀ ਘੱਟ ਬੱਚੇ ਪੈਦਾ ਹੋਏ। ਇਹ ਇੱਕ ਦਹਾਕਾ ਪਹਿਲਾਂ ਹੋਏ ਬੱਚਿਆਂ ਦੇ ਜਨਮ ਦੇ ਮੁਕਾਬਲੇ ਅੱਧੇ ਹਨ।
ਉਸ ਵੇਲੇ ਚੀਨ ਨੇ ਬੱਚੇ ਪੈਦਾ ਕਰਨ ਨਾਲ ਜੁੜੇ ਆਪਣੇ ਨਿਯਮਾਂ ਵਿੱਚ ਢਿੱਲ ਦੇਣੀ ਸ਼ੁਰੂ ਕੀਤੀ ਸੀ।
ਫਿਰ ਵੀ, ਕੰਡੋਮ ਗਰਭਨਿਰੋਧਕ ਗੋਲੀਆਂ ਅਤੇ ਹੋਰ ਸਮਾਨ 'ਤੇ ਟੈਕਸ ਲਗਾਉਣ ਨਾਲ ਅਣਚਾਹੇ ਗਰਭਧਾਰਣ ਅਤੇ ਐੱਚਆਈਵੀ ਦੀ ਦਰ ਵਧਣ ਦੀ ਖਦਸ਼ਾ ਜਤਾਇਆ ਜਾ ਰਿਹਾ ਸੀ ਅਤੇ ਇਸ ਨੀਤੀ ਨੂੰ ਇੱਕ ਤਰ੍ਹਾਂ ਦੇ ਮਜ਼ਾਕ ਦਾ ਵਿਸ਼ਾ ਵੀ ਬਣਾਇਆ ਗਿਆ ਹੈ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਮਹਿੰਗੇ ਕੰਡੋਮ ਕਾਰਨ ਉਹ ਇਸਦੀ ਵਰਤੋਂ ਨਹੀਂ ਕਰਨਗੇ ਅਤੇ ਵੱਧ ਬੱਚੇ ਪੈਦਾ ਕਰਨਗੇ, ਬੱਚੇ ਪੈਦਾ ਕਰਨ ਲਈ ਉਨ੍ਹਾਂ ਨੂੰ ਇਸ ਤੋਂ ਕਿਤੇ ਵੱਧ ਹੋਰ ਚੀਜ਼ਾਂ ਦੀ ਲੋੜ ਹੋਵੇਗੀ।
ਇੱਕ ਰਿਟੇਲਰ ਨੇ ਖ਼ਰੀਦਦਾਰਾਂ ਨੂੰ ਕੀਮਤਾਂ ਵਧਣ ਤੋਂ ਪਹਿਲਾਂ ਸਟਾਕ ਇਕੱਠਾ ਕਰਨ ਦੀ ਅਪੀਲ ਕੀਤੀ, ਜਦਕਿ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, "ਮੈਂ ਹੁਣੇ ਤੋਂ ਹੀ ਜ਼ਿੰਦਗੀ ਭਰ ਲਈ ਕੰਡੋਮ ਖਰੀਦ ਲਵਾਂਗਾ।"
ਇੱਕ ਹੋਰ ਵਿਅਕਤੀ ਨੇ ਲਿਖਿਆ ਕਿ ਲੋਕ ਕੰਡੋਮ ਦੀ ਕੀਮਤ ਅਤੇ ਬੱਚੇ ਦੇ ਪਾਲਣ-ਪੋਸ਼ਣ 'ਤੇ ਆਉਣ ਵਾਲੇ ਖ਼ਰਚ ਦੇ ਅੰਤਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਬੀਜਿੰਗ ਸਥਿਤ ਯੁਵਾ ਆਬਾਦੀ ਰਿਸਰਚ ਸੰਸਥਾ ਦੀ ਸਾਲ 2024 ਦੀ ਇੱਕ ਰਿਪੋਰਟ ਮੁਤਾਬਕ, ਚੀਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਸਭ ਤੋਂ ਮਹਿੰਗਾ ਹੈ।
ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਬਹੁਤ ਹੀ ਮੁਕਾਬਲੇ ਵਾਲੀ ਸਿੱਖਿਆ ਪ੍ਰਣਾਲੀ ਦੇ ਮਾਹੌਲ ਵਿੱਚ ਸਕੂਲ ਫੀਸ ਅਤੇ ਔਰਤਾਂ ਲਈ ਕੰਮ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਵਿਚਕਾਰ ਸੰਤੁਲਨ ਬਣਾਉਣਾ ਇੱਕ ਵੱਡੀ ਚੁਣੌਤੀ ਹੈ, ਜਿਸ ਕਾਰਨ ਖ਼ਰਚ ਵਧ ਜਾਂਦਾ ਹੈ।
ਲੋਕਾਂ ਦੀ ਆਰਥਿਕ ਪਰੇਸ਼ਾਨੀ

ਤਸਵੀਰ ਸਰੋਤ, Getty Images
ਆਰਥਿਕ ਮੰਦੀ, ਜੋ ਕੁਝ ਹੱਦ ਤੱਕ ਜਾਇਦਾਦ ਸੰਕਟ ਕਾਰਨ ਹੋਈ ਹੈ, ਨੇ ਲੋਕਾਂ ਦੀ ਬਚਤ 'ਤੇ ਅਸਰ ਪਾਇਆ ਹੈ। ਇਸ ਨਾਲ ਪਰਿਵਾਰਾਂ, ਖ਼ਾਸ ਕਰਕੇ ਨੌਜਵਾਨਾਂ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਅਣਸ਼ਚਿਤਤਾ ਵਧੀ ਹੈ ਜਾਂ ਘੱਟੋ-ਘੱਟ ਇਸ ਮਾਮਲੇ ਵਿੱਚ ਉਨ੍ਹਾਂ ਦਾ ਆਤਮ-ਵਿਸ਼ਵਾਸ਼ ਤਾਂ ਘੱਟ ਹੋਇਆ ਹੈ।
ਚੀਨ ਦੇ ਪੂਰਬੀ ਸੂਬੇ ਹੇਨਾਨ ਵਿੱਚ ਰਹਿਣ ਵਾਲੇ 36 ਸਾਲਾ ਡੈਨੀਅਲ ਲੂਓ ਕਹਿੰਦੇ ਹਨ, "ਮੇਰਾ ਇੱਕ ਬੱਚਾ ਹੈ, ਮੈਂ ਹੋਰ ਬੱਚੇ ਨਹੀਂ ਚਾਹੁੰਦਾ।"
ਉਹ ਕਹਿੰਦੇ ਹਨ, "ਜਦੋਂ ਮੈਟਰੋ ਦਾ ਕਿਰਾਇਆ ਵਧਦਾ ਹੈ, ਤਾਂ ਵੀ ਲੋਕ ਆਪਣੀਆਂ ਆਦਤਾਂ ਨਹੀਂ ਬਦਲਦੇ ਅਤੇ ਮੈਟਰੋ ਦੀ ਵਰਤੋਂ ਕਰਨੀ ਹੈ ਪੈਂਦੀ ਹੈ ਨਾ।"
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੀਮਤਾਂ ਦੇ ਵਾਧੇ ਦੀ ਚਿੰਤਾ ਨਹੀਂ ਹੈ। "ਕੰਡੋਮ ਦੇ ਇੱਕ ਡੱਬੇ ਦੀ ਕੀਮਤ ਵਿੱਚ ਸ਼ਾਇਦ ਪੰਜ ਯੁਆਨ ਜਾਂ ਜ਼ਿਆਦਾ ਤੋਂ ਜ਼ਿਆਦਾ 20 ਯੁਆਨ ਵਾਧਾ ਹੋ ਸਕਦੀ ਹੈ। ਪੂਰੇ ਸਾਲ ਵਿੱਚ ਇਹ ਸਿਰਫ਼ ਕੁਝ ਸੌ ਯੁਆਨ ਹੀ ਹੋਵੇਗਾ, ਇਹ ਖਰਚ ਚੁੱਕਿਆ ਜਾ ਸਕਦਾ ਹੈ।"
ਪਰ ਗਰਭਨਿਰੋਧਕਾਂ ਦੀ ਕੀਮਤ ਵਿੱਚ ਵਾਧਾ ਕਈ ਲੋਕਾਂ ਲਈ ਸਮੱਸਿਆ ਬਣ ਸਕਦਾ ਹੈ ਅਤੇ ਇਹੀ ਗੱਲ ਰੋਜੀ ਢਾਓ ਨੂੰ ਚਿੰਤਾ ਵਿੱਚ ਪਾਉਂਦੀ ਹੈ, ਜੋ ਮੱਧ ਚੀਨ ਦੇ ਸ਼ੀਆਨ ਸ਼ਹਿਰ ਵਿੱਚ ਰਹਿੰਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਗਰਭਨਿਰੋਧਕ ਇੱਕ ਲੋੜ ਹੈ। ਇਸਨੂੰ ਮਹਿੰਗਾ ਕਰਨ ਦਾ ਮਤਲਬ ਇਹ ਹੋ ਸਕਦਾ ਹੈ ਕਿ ਵਿਦਿਆਰਥੀ ਜਾਂ ਆਰਥਿਕ ਤੌਰ 'ਤੇ ਸੰਘਰਸ਼ ਕਰ ਰਹੇ ਲੋਕ ਖ਼ਤਰਾ ਮੋਲ ਲੈਣ ਲੱਗਣ।"
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਇਸ ਨੀਤੀ ਦਾ "ਸਭ ਤੋਂ ਖ਼ਤਰਨਾਕ ਸੰਭਾਵਿਤ ਨਤੀਜਾ" ਹੋਵੇਗਾ।
ਦਾਅ ਉਲਟ ਪੈਣ ਦਾ ਖ਼ਤਰਾ

ਤਸਵੀਰ ਸਰੋਤ, Getty Images
ਚੀਨ ਵਿੱਚ ਇਸ ਕਰ ਸੁਧਾਰ ਦੇ ਮਕਸਦ ਨੂੰ ਲੈ ਕੇ ਜਾਣਕਾਰਾਂ ਵਿੱਚ ਮਤਭੇਦ ਨਜ਼ਰ ਆਉਂਦਾ ਹੈ। ਵਿਸਕੌਂਸਿਨ-ਮੈਡਿਸਨ ਯੂਨੀਵਰਸਿਟੀ ਦੇ ਜਨਸੰਖਿਆ ਮਾਹਰ ਯੀ ਫੁਕਸ਼ਿਆਨ ਦਾ ਕਹਿਣਾ ਹੈ, "ਕੰਡੋਮ 'ਤੇ ਟੈਕਸ ਵਧਾਉਣ ਨਾਲ ਜਨਮ ਦਰ 'ਤੇ ਅਸਰ ਪਵੇਗਾ, ਇਹ ਬਹੁਤ ਜ਼ਿਆਦਾ ਸੋਚਣਾ ਹੈ।"
ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਨੂੰ ਟੈਕਸ ਚਾਹੀਦਾ, ਦੇਸ਼ ਦੇ ਹਾਊਸਿੰਗ ਸੈਕਟਰ ਵਿੱਚ ਆਈ ਮੰਦੀ ਅਤੇ ਵਧਦੇ ਕਰਜ਼ ਕਾਰਨ ਚੀਨ ਜਿੱਥੇ ਵੀ ਸੰਭਵ ਹੋਵੇ ਉੱਥੇ ਟੈਕਸ ਵਸੂਲਣ ਲਈ ਉਤਸ਼ਾਹਿਤ ਹੈ।
ਪਿਛਲੇ ਸਾਲ ਚੀਨ ਦੇ ਵੀਏਟੀ ਮਾਲੀਏ ਦਾ ਹਿੱਸਾ ਲਗਭਗ 1 ਟ੍ਰਿਲੀਅਨ ਡਾਲਰ ਸੀ, ਜੋ ਦੇਸ਼ ਨੂੰ ਮਿਲਣ ਵਾਲੇ ਕੁੱਲ ਟੈਕਸ ਦਾ ਕਰੀਬ 40 ਫ਼ੀਸਦ ਸੀ।
ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੀ ਹੇਨਰਿਟਾ ਲੈਵਿਨ ਨੇ ਕਿਹਾ ਕਿ ਕੰਡੋਮ 'ਤੇ ਟੈਕਸ ਲਗਾਉਣ ਦਾ ਕਦਮ "ਸੰਕੇਤਕ" ਹੈ।
ਉਨ੍ਹਾਂ ਦਾ ਮੰਨਣਾ ਹੈ, "ਇਹ ਚੀਨ ਦੀ ਹੈਰਾਨੀਜਨਕ ਤੌਰ 'ਤੇ ਘੱਟ ਪ੍ਰਜਨਨ ਦਰ ਨੂੰ ਵਧਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਬੀਜਿੰਗ ਦੇ ਯਤਨਾਂ ਨੂੰ ਦਰਸਾਉਂਦਾ ਹੈ।"
ਉਹ ਅੱਗੇ ਕਹਿੰਦੇ ਹਨ ਕਿ ਇਨ੍ਹਾਂ ਯਤਨਾਂ ਨਾਲ ਜੁੜੀ ਇੱਕ ਹੋਰ ਸਮੱਸਿਆ ਇਹ ਹੈ ਕਿ ਕਈ ਨੀਤੀਆਂ ਅਤੇ ਸਬਸਿਡੀਆਂ ਨੂੰ ਕਰਜ਼ੇ ਵਿੱਚ ਡੁੱਬੀਆਂ ਸੂਬਾਈ ਸਰਕਾਰਾਂ ਵੱਲੋਂ ਲਾਗੂ ਕਰਨਾ ਪਵੇਗਾ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਸਰਕਾਰਾਂ ਕੋਲ ਇਸ ਲਈ ਸੰਸਾਧਨ ਹਨ ਜਾਂ ਨਹੀਂ।
ਉਨ੍ਹਾਂ ਨੇ ਕਿਹਾ ਕਿ ਬੱਚੇ ਪੈਦਾ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦਾ ਚੀਨ ਦਾ ਇਹ ਦਾਅ ਉਲਟ ਵੀ ਪੈ ਸਕਦਾ ਹੈ, ਜੇ ਲੋਕਾਂ ਨੂੰ ਲੱਗਗਾ ਕਿ ਸਰਕਾਰ ਇੱਕ ਬਹੁਤ ਨਿੱਜੀ ਮਾਮਲੇ ਵਿੱਚ "ਬਹੁਤ ਜ਼ਿਆਦਾ ਦਖ਼ਲਅੰਦਾਜ਼ੀ" ਕਰ ਰਹੀ ਹੈ।
ਹਾਲ ਹੀ ਵਿੱਚ ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਕੁਝ ਸੂਬਿਆਂ ਵਿੱਚ ਔਰਤਾਂ ਨੂੰ ਸਥਾਨਕ ਅਧਿਕਾਰੀਆਂ ਵੱਲੋਂ ਫ਼ੋਨ ਆਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਤੋਂ ਉਨ੍ਹਾਂ ਦੇ ਮਾਸਿਕ ਧਰਮ ਚੱਕਰ ਅਤੇ ਬੱਚੇ ਪੈਦਾ ਕਰਨ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਗਿਆ ਹੈ।
ਯੁਨਾਨ ਸੂਬੇ ਦੇ ਸਥਾਨਕ ਹੈਲਥ ਬਿਊਰੋ ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਪਛਾਣ ਕਰਨ ਲਈ ਇਸ ਤਰ੍ਹਾਂ ਦੇ ਅੰਕੜਿਆਂ ਦੀ ਲੋੜ ਹੁੰਦੀ ਹੈ।
ਹੇਨਰਿਟਾ ਲੈਵਿਨ ਕਹਿੰਦੀ ਹਨ, "ਇਸ ਨਾਲ ਸਰਕਾਰ ਦੇ ਅਕਸ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਹੈ। (ਕਮਿਊਨਿਸਟ) ਪਾਰਟੀ ਆਪਣੇ ਹਰ ਮਹੱਤਵਪੂਰਨ ਫ਼ੈਸਲੇ ਵਿੱਚ ਦਖ਼ਲ ਦੇਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ। ਇਸ ਲਈ ਇੱਕ ਤਰ੍ਹਾਂ ਨਾਲ ਉਹ ਖ਼ੁਦ ਹੀ ਆਪਣੀ ਸਭ ਤੋਂ ਵੱਡੀ ਦੁਸ਼ਮਣ ਬਣ ਜਾਂਦੀ ਹੈ।"
ਸੈਕਸ ਟੌਇਜ਼ ਦਾ ਸਹਾਰਾ

ਤਸਵੀਰ ਸਰੋਤ, Getty Images
ਨਿਰੀਖਕਾਂ ਅਤੇ ਖ਼ੁਦ ਔਰਤਾਂ ਦਾ ਕਹਿਣਾ ਹੈ ਕਿ ਦੇਸ਼ ਦੀ ਪੁਰਸ਼-ਪ੍ਰਧਾਨ ਵਾਲੀ ਅਗਵਾਈ ਇਨ੍ਹਾਂ ਵਿਆਪਕ ਬਦਲਾਵਾਂ ਦੀ ਜੜ੍ਹ ਵਿੱਚ ਮੌਜੂਦ ਸਮਾਜਿਕ ਤਬਦੀਲੀਆਂ ਨੂੰ ਸਮਝਣ ਵਿੱਚ ਅਸਫ਼ਲ ਰਹੀ ਹੈ ਅਤੇ ਇਹ ਸਮੱਸਿਆ ਸਿਰਫ਼ ਚੀਨ ਤੱਕ ਸੀਮਤ ਨਹੀਂ ਹੈ।
ਪੱਛਮੀ ਦੇਸ਼ਾਂ ਦੇ ਨਾਲ-ਨਾਲ ਦੱਖਣੀ ਕੋਰੀਆ ਅਤੇ ਜਪਾਨ ਵੀ ਆਪਣੀ ਵੱਧਦੀ ਉਮਰ ਵਾਲੀ ਆਬਾਦੀ ਕਾਰਨ ਜਨਮ ਦਰ ਵਧਾਉਣ ਲਈ ਸੰਘਰਸ਼ ਕਰ ਰਹੇ ਹਨ।
ਇਸਦਾ ਇੱਕ ਕਾਰਨ ਬੱਚਿਆਂ ਦੀ ਦੇਖਭਾਲ ਦਾ ਬੋਝ ਹੈ, ਜੋ ਖੋਜ ਅਨੁਸਾਰ, ਔਰਤਾਂ 'ਤੇ ਕਾਫ਼ੀ ਵੱਧ ਹੁੰਦਾ ਹੈ।
ਪਰ ਇਸ ਤੋਂ ਇਲਾਵਾ ਹੋਰ ਤਬਦੀਲੀਆਂ ਵੀ ਆਈਆਂ ਹਨ, ਜਿਵੇਂ ਵਿਆਹ ਅਤੇ ਇੱਥੋਂ ਤੱਕ ਕਿ ਡੇਟਿੰਗ ਵਿੱਚ ਵੀ ਕਮੀ ਆਉਣਾ।
ਹੇਨਾਨ ਦੇ ਲੂਓ ਨੇ ਕਿਹਾ ਕਿ ਚੀਨ ਦੇ ਉਪਾਅ ਅਸਲੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਉਹ ਕਹਿੰਦੇ ਹਨ, "ਅੱਜ ਦੇ ਨੌਜਵਾਨਾਂ ਦਾ ਆਪਸ ਵਿੱਚ ਗੱਲਬਾਤ ਕਰਨ ਦਾ ਢੰਗ ਤੇਜ਼ੀ ਨਾਲ ਅਸਲੀ ਮਨੁੱਖੀ ਸੰਬੰਧਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ।"
ਉਹ ਚੀਨ ਵਿੱਚ ਸੈਕਸ ਟੌਇਜ਼ ਦੀ ਵੱਧਦੀ ਵਿਕਰੀ ਵੱਲ ਇਸ਼ਾਰਾ ਕਰਦੇ ਹਨ, ਜਿਸਨੂੰ ਉਹ ਇਸ ਗੱਲ ਦਾ ਸੰਕੇਤ ਮੰਨਦੇ ਹਨ ਕਿ "ਲੋਕ ਸਿਰਫ਼ ਆਪਣੀਆਂ ਇੱਛਾਵਾਂ ਪੂਰੀਆਂ ਕਰ ਰਹੇ ਹਨ ਕਿਉਂਕਿ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਕਰਨਾ ਹੁਣ ਇੱਕ ਬੋਝ ਬਣ ਗਿਆ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਆਨਲਾਈਨ ਰਹਿਣਾ ਵੱਧ ਆਸਾਨ ਅਤੇ ਆਰਾਮਦਾਇਕ ਹੈ ਕਿਉਂਕਿ ਉਨ੍ਹਾਂ 'ਤੇ ਅਸਲ ਵਿੱਚ ਕਾਫ਼ੀ ਦਬਾਅ ਹੈ।
ਉਹ ਕਹਿੰਦੇ ਹਨ, "ਅੱਜ ਦੇ ਨੌਜਵਾਨ 20 ਸਾਲ ਪਹਿਲਾਂ ਦੇ ਨੌਜਵਾਨਾਂ ਦੇ ਮੁਕਾਬਲੇ ਕਿਤੇ ਵੱਧ ਤਣਾਅ ਦਾ ਸਾਹਮਣਾ ਕਰ ਰਹੇ ਹਨ। ਬੇਸ਼ੱਕ ਸੁਵਿਧਾਵਾਂ ਅਤੇ ਖੁਸ਼ਹਾਲੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਸਥਿਤੀ ਬਿਹਤਰ ਹੈ, ਪਰ ਉਨ੍ਹਾਂ ਤੋਂ ਉਮੀਦਾਂ ਕਾਫ਼ੀ ਵੱਧ ਹਨ। ਹਰ ਕੋਈ ਸਿਰਫ਼ ਥੱਕਿਆ ਹੋਇਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












