ਸ਼ੁਕਰਾਣੂ ਦਾਨੀਆਂ ਦੇ ਸੈਂਕੜੇ ਬੱਚੇ ਪੈਦਾ ਹੋਣ ਨਾਲ ਕੀ ਖ਼ਤਰਾ ਹੈ ਅਤੇ ਕੀ ਸਾਰੇ ਪੁਰਸ਼ ਸ਼ੁਕਰਾਣੂ ਦਾਨ ਕਰ ਸਕਦੇ ਹਨ, ਮਾਹਰਾਂ ਤੋਂ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਜੇਮਜ਼ ਗੈਲਾਘਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
- ਲੇਖਕ, ਕੈਥਰੀਨ ਸਨੋਡਨ
- ਰੋਲ, ਸਿਹਤ ਪੱਤਰਕਾਰ
ਕੁਝ ਪੁਰਸ਼ ਸ਼ੁਕਰਾਣੂ ਦਾਨ ਕਰਕੇ ਵੱਡੀ ਗਿਣਤੀ ਵਿੱਚ ਬੱਚੇ ਪੈਦਾ ਕਰ ਰਹੇ ਹਨ। ਇਸ ਹਫ਼ਤੇ ਬੀਬੀਸੀ ਨੇ ਇੱਕ ਅਜਿਹੇ ਆਦਮੀ ਬਾਰੇ ਰਿਪੋਰਟ ਦਿੱਤੀ ਸੀ, ਜਿਸ ਦੇ ਸ਼ੁਕਰਾਣੂ ਵਿੱਚ ਇੱਕ ਜੈਨੇਟਿਕ ਮਿਊਟੇਸ਼ਨ ਸੀ, ਜੋ ਨਾਟਕੀ ਢੰਗ ਨਾਲ ਉਸ ਦੇ ਕੁਝ ਬੱਚਿਆਂ ਲਈ ਕੈਂਸਰ ਦੇ ਜੋਖ਼ਮ ਨੂੰ ਵਧਾਉਂਦਾ ਹੈ।
ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਸੀ ਕਿ ਉਸ ਆਦਮੀ ਦੇ ਸ਼ੁਕਰਾਣੂ 14 ਦੇਸ਼ਾਂ ਵਿੱਚ ਭੇਜੇ ਗਏ ਸਨ ਅਤੇ ਜਿਨ੍ਹਾਂ ਨਾਲ ਘੱਟੋ-ਘੱਟ 197 ਬੱਚੇ ਪੈਦਾ ਹੋਏ ਸਨ। ਇਹ ਖੁਲਾਸੇ ਨਾਲ ਇਹ ਤੱਥ ਵੀ ਸਾਹਮਣੇ ਆਇਆ ਕਿ ਸ਼ੁਕਰਾਣੂ ਦਾਨ ਜਾਂ ਸਪਰਮ ਡੋਨੇਸ਼ਨ ਉਦਯੋਗ ਦਾ ਪੈਮਾਨਾ ਕਿੰਨਾ ਵੱਡਾ ਹੈ।
ਸਪਰਮ ਡੋਨੇਸ਼ਨ ਉਸ ਸਥਿਤੀ ਵਿੱਚ ਮਹਿਲਾਵਾਂ ਨੂੰ ਮਾਂ ਬਣਨ ਦੀ ਆਗਿਆ ਦਿੰਦਾ ਹੈ, ਜਦੋਂ ਇਹ ਕੁਝ ਕਾਰਨਾਂ ਕਰਕੇ ਸੰਭਵ ਨਹੀਂ ਹੋ ਸਕਦਾ ਜਿਵੇਂ - ਜੇਕਰ ਉਨ੍ਹਾਂ ਦਾ ਸਾਥੀ ਬਾਂਝ ਹੈ, ਜੇ ਉਹ ਸਮਲਿੰਗੀ ਸਬੰਧਾਂ ਵਿੱਚ ਹਨ, ਜਾਂ ਇਕੱਲਿਆਂ ਹੀ ਬੱਚੇ ਚਾਹੁੰਦੇ ਹਨ (ਸੋਲੋ ਪੇਰੈਂਟਿੰਗ)।
ਉਸ ਲੋੜ ਨੂੰ ਪੂਰਾ ਕਰਨਾ ਵੱਡਾ ਕਾਰੋਬਾਰ ਬਣ ਗਿਆ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ 2033 ਤੱਕ ਯੂਰਪ ਵਿੱਚ ਇਸ ਦਾ ਬਾਜ਼ਾਰ 2 ਪੌਂਡ ਬਿਲੀਅਨ ਤੋਂ ਵੱਧ ਦਾ ਹੋਵੇਗਾ। ਇੱਥੇ ਇਹ ਵੀ ਦੱਸ ਦੇਈਏ ਕਿ ਯੂਰਪ ਦਾ ਡੈਨਮਾਰਕ ਦੇਸ਼ ਸ਼ੁਕਰਾਣੂਆਂ (ਸਪਰਮਜ਼) ਦਾ ਇੱਕ ਵੱਡਾ ਨਿਰਯਾਤਕ ਹੈ।
ਤਾਂ ਫਿਰ ਕੁਝ ਸ਼ੁਕਰਾਣੂ ਦਾਨ ਕਰਨ ਵਾਲੇ ਜਾਂ ਸਪਰਮ ਡੋਨਰ ਇੰਨੇ ਸਾਰੇ ਬੱਚਿਆਂ ਦੇ ਪਿਤਾ ਕਿਉਂ ਬਣ ਰਹੇ ਹਨ, ਡੈਨਿਸ਼ ਜਾਂ ਅਖੌਤੀ "ਵਾਈਕਿੰਗ ਸਪਰਮ" ਇੰਨਾ ਮਸ਼ਹੂਰ ਕਿਉਂ ਹੈ ਅਤੇ ਕੀ ਇਸ ਉਦਯੋਗ 'ਤੇ ਲਗਾਮ ਲਗਾਉਣ ਦੀ ਲੋੜ ਹੈ?
ਜ਼ਿਆਦਾਤਰ ਮਰਦਾਂ ਦੇ ਸ਼ੁਕਰਾਣੂ ਓਨੇ ਚੰਗੇ ਨਹੀਂ ਹੁੰਦੇ

ਤਸਵੀਰ ਸਰੋਤ, Getty Images
ਜੇਕਰ ਤੁਸੀਂ ਇੱਕ ਪੁਰਸ਼ ਹੋ ਅਤੇ ਇਹ ਪੜ੍ਹ ਰਹੇ ਹੋ, ਤਾਂ ਸਾਨੂੰ ਤੁਹਾਡੇ ਨਾਲ ਇਹ ਸਾਂਝਾ ਕਰਦੇ ਹੋਏ ਅਫ਼ਸੋਸ ਹੋ ਰਿਹਾ ਹੈ, ਪਰ ਹੋ ਸਕਦਾ ਹੈ ਕਿ ਤੁਹਾਡੇ ਸ਼ੁਕਰਾਣੂ ਦੀ ਗੁਣਵੱਤਾ ਸ਼ਾਇਦ ਇੰਨੀ ਚੰਗੀ ਨਾ ਹੋਵੇ ਕਿ ਤੁਸੀਂ ਇੱਕ ਸਪਰਮ ਡੋਨਰ ਬਣ ਸਕੋ। ਕਿਉਂਕਿ 100 ਵਿੱਚੋਂ ਪੰਜ ਵੀ ਤੋਂ ਘੱਟ ਵਲੰਟੀਅਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਸ਼ੁਕਰਾਣੂ ਅਸਲ ਵਿੱਚ ਇੰਨੇ ਚੰਗੇ ਹੁੰਦੇ ਹਨ ਅਤੇ ਉਹ ਮਾਪਦੰਡਾਂ 'ਤੇ ਖਰੇ ਉਤਰਦੇ ਹਨ।
ਸਭ ਤੋਂ ਪਹਿਲਾਂ ਇਹ ਜਾਂਚਿਆ ਜਾਂਦਾ ਹੈ ਕਿ ਤੁਹਾਡੇ ਇੱਕ ਨਮੂਨੇ ਵਿੱਚ ਕਾਫ਼ੀ ਸ਼ੁਕਰਾਣੂ ਹੋਣੇ ਚਾਹੀਦੇ ਹਨ - ਇਹ ਹੈ ਤੁਹਾਡੇ ਸ਼ੁਕਰਾਣੂਆਂ ਦੀ ਗਿਣਤੀ ਭਾਵ ਸਪਰਮ ਕਾਉਂਟ - ਫਿਰ ਦੇਖਿਆ ਜਾਂਦਾ ਹੈ ਕਿ ਉਹ ਸ਼ੁਕਰਾਣੂ ਕਿੰਨੀ ਚੰਗੀ ਤਰ੍ਹਾਂ ਤੈਰਦੇ ਹਨ - ਉਨ੍ਹਾਂ ਦੀ ਮੋਟਿਲਿਟੀ (ਗਤੀਸ਼ੀਲਤਾ) - ਅਤੇ ਫਿਰ ਆਉਂਦੀ ਹੈ ਸ਼ੁਕਰਾਣੂਆਂ ਦੀ ਬਣਤਰ ਜਾਂ ਰੂਪ ਵਿਗਿਆਨ। ਇਹ ਤਿੰਨੇ ਟੈਸਟ ਪਾਸ ਕਰਨੇ ਲਾਜ਼ਮੀ ਹੁੰਦੇ ਹਨ।
ਸ਼ੁਕਰਾਣੂਆਂ ਦੀ ਇਹ ਵੀ ਜਾਂਚ ਕੀਤੀ ਜਾਂਦੀ ਹੈ ਕਿ ਕੀ ਇਹ ਫ੍ਰੀਜ਼ ਕਰਨ 'ਤੇ ਅਤੇ ਸ਼ੁਕਰਾਣੂ ਬੈਂਕ ਵਿੱਚ ਸਟੋਰ ਕੀਤੇ ਜਾਣ ਤੋਂ ਬਾਅਦ ਵੀ ਜ਼ਿੰਦਾ ਰਹਿ ਸਕਦੇ ਹਨ।
ਹੋ ਸਕਦਾ ਹੈ ਕਿ ਤੁਸੀਂ ਪੂਰੀ ਤਰ੍ਹਾਂ ਫਰਟਾਇਲ ਹੋਵੋ ਜਾਂ ਤੁਹਾਡੇ ਛੇ ਬੱਚੇ ਹਨ, ਅਤੇ ਫਿਰ ਵੀ ਤੁਸੀਂ ਡੋਨਰ ਬਣਨ ਦੇ ਯੋਗ ਨਾ ਹੋਵੋ।
ਸਪਰਮ ਡੋਨੇਸ਼ਨ ਸਬੰਧੀ ਨਿਯਮ ਦੁਨੀਆਂ ਭਰ ਵਿੱਚ ਵੱਖੋ-ਵੱਖਰੇ ਹਨ, ਜਿਵੇਂ ਯੂਕੇ ਵਿੱਚ ਡੋਨਰ ਜਵਾਨ ਹੋਣਾ ਚਾਹੀਦਾ ਹੈ - 18-45 ਸਾਲ ਦੀ ਉਮਰ ਵਾਲਾ, ਐਚਆਈਵੀ ਅਤੇ ਗੋਨੋਰੀਆ ਵਰਗੀਆਂ ਲਾਗਾਂ ਤੋਂ ਮੁਕਤ ਹੋਣਾ ਚਾਹੀਦਾ ਹੈ, ਅਤੇ ਮਿਊਟੇਸ਼ਨ ਦਾ ਵਾਹਕ ਨਹੀਂ ਹੋਣਾ ਚਾਹੀਦਾ ਜੋ ਸਿਸਟਿਕ ਫਾਈਬਰੋਸਿਸ, ਸਪਾਈਨਲ ਮਸਕੁਲਰ ਐਟ੍ਰੋਫੀ ਅਤੇ ਦਾਤਰੀ ਸੈੱਲ ਬਿਮਾਰੀ ਵਰਗੀਆਂ ਜੈਨੇਟਿਕ ਸਥਿਤੀਆਂ ਦਾ ਕਾਰਨ ਬਣ ਸਕਦੇ ਹਨ।
ਕੁੱਲ ਮਿਲਾ ਕੇ ਇਸ ਦਾ ਮਤਲਬ ਹੈ ਕਿ ਅੰਤ ਵਿੱਚ ਸਪਰਮ ਡੋਨਰ ਬਣਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਯੂਕੇ ਵਿੱਚ, ਅੱਧੇ ਸ਼ੁਕਰਾਣੂ ਤਾਂ ਦਰਾਮਦ ਦੌਰਾਨ ਹੀ ਖ਼ਤਮ ਹੋ ਜਾਂਦੇ ਹਨ।

ਤਸਵੀਰ ਸਰੋਤ, Getty Images
ਪਰ ਜੀਵ ਵਿਗਿਆਨ ਦਾ ਅਰਥ ਹੈ ਕਿ ਦਾਨੀਆਂ ਜਾਂ ਡੋਨਰਾਂ ਦੀ ਇੱਕ ਛੋਟੀ ਜਿਹੀ ਗਿਣਤੀ ਵੀ ਵੱਡੀ ਗਿਣਤੀ ਵਿੱਚ ਬੱਚੇ ਪੈਦਾ ਕਰ ਸਕਦੀ ਹੈ। ਇੱਕ ਅੰਡੇ ਨੂੰ ਫਰਟੀਲਾਈਜ਼ ਕਰਨ ਲਈ ਸਿਰਫ਼ ਇੱਕ ਸ਼ੁਕਰਾਣੂ ਦੀ ਲੋੜ ਹੁੰਦੀ ਹੈ, ਪਰ ਹਰੇਕ ਇਜੈਕੁਲੇਸ਼ ਵਿੱਚ ਲੱਖਾਂ ਸ਼ੁਕਰਾਣੂ ਹੁੰਦੇ ਹਨ।
ਪੁਰਸ਼ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਕਲੀਨਿਕ ਆਉਂਦੇ ਹਨ ਅਤੇ ਸ਼ੁਕਰਾਣੂ ਦਾਨ ਕਰਦੇ ਹਨ, ਕਈ ਵਾਰ ਉਹ ਮਹੀਨਿਆਂ ਬਾਅਦ ਵੀ ਆ ਸਕਦੇ ਹਨ।
ਫਰਟੀਲਿਟੀ ਅਤੇ ਜੀਨੋਮਿਕਸ 'ਤੇ ਕੰਮ ਕਰਨ ਵਾਲੀ ਪ੍ਰੋਗਰੈਸ ਐਜੂਕੇਸ਼ਨਲ ਟਰੱਸਟ ਚੈਰਿਟੀ ਦੇ ਡਾਇਰੈਕਟਰ ਸਾਰਾਹ ਨੋਰਕ੍ਰਾਸ ਕਹਿੰਦੇ ਹਨ ਕਿ ਡੋਨਰ ਸਪਰਮ ਦੀ ਘਾਟ ਨੇ ਇਸਨੂੰ "ਇੱਕ ਕੀਮਤੀ ਵਸਤੂ" ਬਣਾ ਦਿੱਤਾ ਹੈ ਅਤੇ "ਸ਼ੁਕਰਾਣੂ ਬੈਂਕ ਅਤੇ ਫਰਟੀਲਿਟੀ ਕਲੀਨਿਕ ਮੰਗ ਨੂੰ ਪੂਰਾ ਕਰਨ ਲਈ ਉਪਲੱਬਧ ਦਾਨੀਆਂ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਹਨ"।
ਕੁਝ ਸ਼ੁਕਰਾਣੂ ਵਧੇਰੇ ਪ੍ਰਸਿੱਧ ਹਨ

ਤਸਵੀਰ ਸਰੋਤ, Allan Pacey
ਦਾਨੀਆਂ ਦੇ ਇਸ ਛੋਟੇ ਜਿਹੇ ਪੂਲ/ਸਮੂਹ 'ਚੋਂ ਕੁਝ ਮਰਦਾਂ ਦੇ ਸ਼ੁਕਰਾਣੂ ਦੂਜਿਆਂ ਨਾਲੋਂ ਜ਼ਿਆਦਾ ਮਸ਼ਹੂਰ ਹਨ।
ਇਨ੍ਹਾਂ ਡੋਨਰਾਂ ਜਾਂ ਦਾਨੀਆਂ ਨੂੰ ਬੇਤਰਤੀਬ ਢੰਗ ਨਾਲ ਨਹੀਂ ਚੁਣਿਆ ਜਾਂਦਾ ਹੈ। ਸਗੋਂ ਇਹ ਵੀ ਡੇਟਿੰਗ ਐਪਸ ਵਰਗੀ ਪ੍ਰਕਿਰਿਆ ਹੈ, ਜਿੱਥੇ ਕੁਝ ਮਰਦਾਂ ਨੂੰ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਮੈਚ ਮਿਲਦੇ ਹਨ।
ਸ਼ੁਕਰਾਣੂ ਬੈਂਕ ਦੇ ਮੁਤਾਬਕ, ਤੁਸੀਂ ਫੋਟੋਆਂ ਬ੍ਰਾਊਜ਼ ਕਰ ਸਕਦੇ ਹੋ, ਉਨ੍ਹਾਂ ਦੀ ਆਵਾਜ਼ ਸੁਣ ਸਕਦੇ ਹੋ, ਪਤਾ ਲਗਾ ਸਕਦੇ ਹੋ ਕਿ ਉਹ ਕੀ ਕੰਮ ਕਰਦੇ ਹਨ - ਇੰਜੀਨੀਅਰ, ਕਲਾਕਾਰ ਜਾਨ ਕੁਝ ਹੋਰ? - ਅਤੇ ਉਨ੍ਹਾਂ ਦਾ ਕੱਦ, ਭਾਰ ਅਤੇ ਹੋਰ ਬਹੁਤ ਕੁਝ ਦੇਖ ਸਕਦੇ ਹੋ।
ਉਪਰੋਕਤ ਤਸਵੀਰ ਵਿੱਚ ਨਜ਼ਰ ਆ ਰਹੇ ਮੇਲ ਫਰਟੀਲਿਟੀ ਮਾਹਰ ਪ੍ਰੋਫੈਸਰ ਐਲਨ ਪੇਸੀ, ਸ਼ੈਫੀਲਡ ਵਿੱਚ ਇੱਕ ਸ਼ੁਕਰਾਣੂ ਬੈਂਕ ਚਲਾਉਂਦੇ ਸਨ।
ਉਹ ਕਹਿੰਦੇ ਹਨ ਕਿ "ਤੁਸੀਂ ਜਾਣਦੇ ਹੋ ਕਿ ਜੇ ਉਨ੍ਹਾਂ ਦਾ ਨਾਮ ਸਵੈਨ ਹੈ ਅਤੇ ਉਨ੍ਹਾਂ ਦੇ ਵਾਲ ਸੁਨਹਿਰੀ ਹਨ, ਅਤੇ ਉਹ 6 ਫੁੱਟ 4 (1.93 ਮੀਟਰ) ਦੇ ਪੁਰਸ਼ ਹਨ ਅਤੇ ਇੱਕ ਐਥਲੀਟ ਹਨ, ਅਤੇ ਵਾਇਲਨ ਵਜਾਉਂਦੇ ਹਨ ਅਤੇ ਸੱਤ ਭਾਸ਼ਾਵਾਂ ਬੋਲ ਸਕਦੇ ਹਨ - ਤਾਂ ਤੁਸੀਂ ਜਾਣਦੇ ਹੋ ਕਿ ਇਹ ਮੇਰੇ ਵਰਗੇ ਦਿਖਣ ਵਾਲੇ ਕਿਸੇ ਵੀ ਦਾਨੀ ਨਾਲੋਂ ਕਿਤੇ ਜ਼ਿਆਦਾ ਆਕਰਸ਼ਕ ਹੈ।"
"ਆਖਰਕਾਰ, ਜਦੋਂ ਦਾਨੀ ਲੱਭਣ ਦੀ ਗੱਲ ਆਉਂਦੀ ਹੈ ਤਾਂ ਲੋਕ ਖੱਬੇ ਅਤੇ ਸੱਜੇ ਸਵਾਈਪ (ਵੱਖ-ਵੱਖ ਡੋਨਰਾਂ ਦੀਆਂ ਤਸਵੀਰਾਂ ਜਾਂ ਜਾਣਕਾਰੀ) ਚੈਕ ਕਰਦੇ ਹਨ।"
ਵਾਈਕਿੰਗ ਸ਼ੁਕਰਾਣੂ ਪ੍ਰਸਿੱਧ ਕਿਉਂ?

ਤਸਵੀਰ ਸਰੋਤ, Getty Images
ਡੈਨਮਾਰਕ ਦੁਨੀਆਂ ਦੇ ਕੁਝ ਸਭ ਤੋਂ ਵੱਡੇ ਸ਼ੁਕਰਾਣੂ ਬੈਂਕਾਂ ਦਾ ਘਰ ਹੈ, ਅਤੇ "ਵਾਈਕਿੰਗ ਬੇਬੀਜ਼" ਪੈਦਾ ਕਰਨ ਲਈ ਪ੍ਰਸਿੱਧ ਹੈ।
ਕ੍ਰਾਇਓਸ ਇੰਟਰਨੈਸ਼ਨਲ ਸਪਰਮ ਬੈਂਕ ਦੇ 71 ਸਾਲਾ ਸੰਸਥਾਪਕ ਓਲੇ ਸ਼ੌ ਦਾ ਕਹਿਣਾ ਹੈ ਕਿ ਡੈਨਮਾਰਕ ਵਿੱਚ ਸ਼ੁਕਰਾਣੂ ਦਾਨ ਕਰਨ ਸਬੰਧੀ ਸੱਭਿਆਚਾਰ ਦੂਜੇ ਦੇਸ਼ਾਂ ਨਾਲੋਂ ਬਹੁਤ ਵੱਖਰਾ ਹੈ।
ਉਨ੍ਹਾਂ ਦੇ ਇਸ ਸ਼ਕਰਾਣੂ ਬੈਂਕ 'ਚ ਇੱਕ 0.5 ਮਿ.ਲੀ. ਸ਼ੁਕਰਾਣੂ ਦੀ ਕੀਮਤ 100 ਯੂਰੋ ਤੋਂ ਲੈ ਕੇ 1000 ਯੂਰੋ ਤੋਂ ਵੀ ਵੱਧ ਤੱਕ ਹੁੰਦੀ ਹੈ।
ਉਹ ਕਹਿੰਦੇ ਹਨ ਕਿ "ਆਬਾਦੀ ਇੱਕ ਵੱਡੇ ਪਰਿਵਾਰ ਵਾਂਗ ਹੈ। ਇਨ੍ਹਾਂ ਮੁੱਦਿਆਂ ਬਾਰੇ ਟੈਬੂ ਘੱਟ ਹੈ ਅਤੇ ਅਸੀਂ ਇੱਕ ਪਰਉਪਕਾਰੀ ਆਬਾਦੀ ਹਾਂ, ਸ਼ੁਕਰਾਣੂ ਦਾਨ ਕਰਨ ਵਾਲੇ ਕਈ ਲੋਕ ਖੂਨ ਵੀ ਦਾਨ ਕਰਦੇ ਹਨ।"
ਸ਼ੌ ਕਹਿੰਦੇ ਹਨ ਕਿ ਇਹ ਦੇਸ਼ ਨੂੰ "ਸ਼ੁਕਰਾਣੂ ਦੇ ਕੁਝ ਨਿਰਯਾਤਕਾਂ ਵਿੱਚੋਂ ਇੱਕ" ਬਣਾਉਂਦਾ ਹੈ।

ਤਸਵੀਰ ਸਰੋਤ, Cryos International
ਪਰ ਉਹ ਦਲੀਲ ਦਿੰਦੇ ਹਨ ਕਿ ਡੈਨਿਸ਼ ਸ਼ੁਕਰਾਣੂ ਜੈਨੇਟਿਕਸ ਦੇ ਕਾਰਨ ਵੀ ਪ੍ਰਸਿੱਧ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਡੈਨਿਸ਼ "ਨੀਲੀਆਂ ਅੱਖਾਂ ਵਾਲੇ ਅਤੇ ਸੁਨਹਿਰੇ ਵਾਲਾਂ ਵਾਲੇ ਜੀਨ" ਰਿਸੇਸਿਵ ਟ੍ਰੇਟਸ ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਬੱਚੇ ਵਿੱਚ ਉਹ ਗੁਣ ਨਜ਼ਰ ਆਉਣ ਲਈ ਉਨ੍ਹਾਂ ਦਾ ਦੋਵਾਂ ਮਾਪਿਆਂ ਤੋਂ ਆਉਣਾ ਜ਼ਰੂਰੀ ਹੁੰਦਾ ਹੈ।
ਨਤੀਜੇ ਵਜੋਂ, ਮਾਂ ਦੇ ਗੁਣ, ਜਿਵੇਂ ਕਿ ਕਾਲੇ ਵਾਲ, "ਪੈਦਾ ਹੋਣ ਵਾਲੇ ਬੱਚੇ ਵਿੱਚ ਪ੍ਰਮੁੱਖ ਹੋ ਸਕਦੇ ਹਨ''।
ਉਹ ਕਹਿੰਦੇ ਹਨ ਕਿ ਦਾਨੀ ਸ਼ੁਕਰਾਣੂਆਂ ਦੀ ਮੰਗ ਮੁੱਖ ਤੌਰ 'ਤੇ "ਇਕੱਲੀਆਂ, ਉੱਚ ਸਿੱਖਿਆ ਪ੍ਰਾਪਤ, 30 ਸਾਲ ਦੀਆਂ ਔਰਤਾਂ ਤੋਂ ਆ ਰਹੀ ਹੈ ਜਿਨ੍ਹਾਂ ਨੇ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਪਰਿਵਾਰ ਨਿਯੋਜਨ ਵਿੱਚ ਬਹੁਤ ਦੇਰੀ ਕਰ ਦਿੱਤੀ ਹੈ।'' 60 ਫੀਸਦੀ ਬੇਨਤੀਆਂ ਅਜਿਹੀਆਂ ਮਹਿਲਾਵਾਂ ਦੀਆਂ ਹੀ ਹੁੰਦੀਆਂ ਹਨ।
ਸਰਹੱਦ ਪਾਰ ਜਾਂਦੇ ਸ਼ੁਕਰਾਣੂ

ਤਸਵੀਰ ਸਰੋਤ, Getty Images
ਇਸ ਹਫ਼ਤੇ ਦੇ ਸ਼ੁਰੂ ਵਿੱਚ ਪ੍ਰਕਾਸ਼ਿਤ ਸਪਰਮ ਡੋਨਰ ਇਨਵੈਸਟੀਗੇਸ਼ਨ ਦਾ ਇੱਕ ਪਹਿਲੂ ਇਹ ਸੀ ਕਿ ਕਿਵੇਂ ਇੱਕ ਆਦਮੀ ਦੇ ਸ਼ੁਕਰਾਣੂ ਨੂੰ ਡੈਨਮਾਰਕ ਦੇ ਯੂਰਪੀਅਨ ਸ਼ੁਕਰਾਣੂ ਬੈਂਕ ਵਿੱਚ ਇਕੱਠਾ ਕੀਤਾ ਗਿਆ ਅਤੇ ਫਿਰ 14 ਦੇਸ਼ਾਂ ਦੇ 67 ਫਰਟੀਲਿਟੀ ਕਲੀਨਿਕਾਂ ਵਿੱਚ ਭੇਜਿਆ ਗਿਆ।
ਵੱਖ-ਵੱਖ ਦੇਸ਼ਾਂ ਦੇ ਆਪਣੇ-ਆਪਣੇ ਨਿਯਮ ਹਨ ਕਿ ਇੱਕ ਆਦਮੀ ਦੇ ਸ਼ੁਕਰਾਣੂ ਨੂੰ ਕਿੰਨੀ ਵਾਰ ਵਰਤਿਆ ਜਾ ਸਕਦਾ ਹੈ। ਕਈ ਵਾਰ ਇਸ ਨੂੰ ਬੱਚਿਆਂ ਦੀ ਕੁੱਲ ਗਿਣਤੀ ਨਾਲ ਜੋੜਿਆ ਜਾਂਦਾ ਹੈ, ਕਿਤੇ-ਕਿਤੇ ਇਹ ਮਾਵਾਂ ਦੀ ਇੱਕ ਨਿਸ਼ਚਿਤ ਗਿਣਤੀ ਤੱਕ ਸੀਮਤ ਹੁੰਦਾ ਹੈ (ਇਸ ਲਈ ਹਰੇਕ ਪਰਿਵਾਰ ਜਿੰਨੇ ਮਰਜ਼ੀ ਸਬੰਧਤ ਬੱਚੇ ਪੈਦਾ ਕਰ ਸਕਦਾ ਹੈ)।
ਅਜਿਹੀਆਂ ਸੀਮਾਵਾਂ ਨੂੰ ਤੈਅ ਕਰਨ ਪਿੱਛੇ ਅਕਸਰ ਦਲੀਲ ਦਿੱਤੀ ਜਾਂਦੀ ਹੈ - ਹਾਫ਼ ਸਿਬਲਿੰਗਜ਼ ਦੀ ਸਥਿਤੀ ਤੋਂ ਬਚਣਾ। ਸੌਖੇ ਸ਼ਬਦਾਂ ਵਿੱਚ ਇਹ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਦੋ ਜਣੇ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਬਾਇਓਲਾਜਿਕਲ ਮਾਪਿਆਂ ਵਿੱਚੋਂ ਇੱਕ (ਇਸ ਮਾਮਲੇ ਵਿੱਚ ਪਿਤਾ) ਇੱਕੋ ਹੈ, ਉਨ੍ਹਾਂ ਨੂੰ ਹਾਫ਼ ਸਿਬਲਿੰਗ ਕਹਿੰਦੇ ਹਨ। ਅਜਿਹੇ ਹਾਫ਼ ਸਿਬਲਿੰਗ ਇੱਕ-ਦੂਜੇ ਨੂੰ ਮਿਲ ਕੇ ਆਪਸੀ ਸਬੰਧ ਬਣਾ ਸਕਦੇ ਹਨ ਅਤੇ ਬੱਚੇ ਪੈਦਾ ਕਰ ਸਕਦੇ ਹਨ ਤੇ ਇਸੇ ਸਥਿਤੀ ਤੋਂ ਬਚਣ ਲਈ ਸਪਰਮ ਡੋਨੇਸ਼ਨ ਸਬੰਧੀ ਸੀਮਾਵਾਂ ਤੈਅ ਕੀਤੀਆਂ ਜਾਂਦੀਆਂ ਹਨ।

ਪਰ ਅਜਿਹਾ ਕੁਝ ਨਹੀਂ ਹੈ ਜੋ ਇਟਲੀ, ਸਪੇਨ ਅਤੇ ਫਿਰ ਨੀਦਰਲੈਂਡਜ਼ ਅਤੇ ਬੈਲਜੀਅਮ ਵਿੱਚ ਇੱਕੋ ਦਾਨੀ ਦੇ ਸ਼ੁਕਰਾਣੂ ਦੀ ਵਰਤੋਂ ਨੂੰ ਰੋਕ ਸਕੇ, ਜਿੰਨਾ ਚਿਰ ਹਰੇਕ ਦੇਸ਼ ਵਿੱਚ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਇਸ ਨਾਲ ਅਜਿਹੀਆਂ ਸਥਿਤੀਆਂ ਬਣ ਜਾਂਦੀਆਂ ਹਨ, ਜਦੋਂ ਇੱਕ ਸਪਰਮ ਡੋਨਰ ਕਾਨੂੰਨੀ ਤੌਰ 'ਤੇ ਵੱਡੀ ਗਿਣਤੀ ਵਿੱਚ ਬੱਚਿਆਂ ਦਾ ਪਿਤਾ ਹੋ ਸਕਦਾ ਹੈ। ਹਾਲਾਂਕਿ ਸਪਰਮ ਡੋਨਰ ਜਾਂ ਸ਼ੁਕਰਾਣੂ ਦਾਨ ਕਰਨ ਵਾਲਾ ਵਿਅਕਤੀ ਖੁਦ ਅਕਸਰ ਇਸ ਤੱਥ ਤੋਂ ਅਣਜਾਣ ਹੁੰਦਾ ਹੈ।
ਸਾਰਾਹ ਨੋਰਕ੍ਰਾਸ ਦਲੀਲ ਦਿੰਦੇ ਹਨ ਕਿ ਇੱਕ ਦਾਨੀ ਰਾਹੀਂ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਘਟਾਉਣਾ "ਸਮਝਦਾਰੀ" ਵਾਲੀ ਗੱਲ ਹੋਵੇਗੀ।
ਉਹ ਕਹਿੰਦੇ ਹਨ, "ਬਹੁਤ ਸਾਰੇ ਪ੍ਰਾਪਤਕਰਤਾ, ਅਤੇ ਦਾਨੀ ਵੀ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਇੱਕ ਦਾਨੀ ਦੇ ਸ਼ੁਕਰਾਣੂ ਨੂੰ ਕਈ ਵੱਖ-ਵੱਖ ਦੇਸ਼ਾਂ ਵਿੱਚ ਕਾਨੂੰਨੀ ਤੌਰ 'ਤੇ ਵਰਤਿਆ ਜਾ ਸਕਦਾ ਹੈ - ਇਸ ਤੱਥ ਨੂੰ ਬਿਹਤਰ ਢੰਗ ਨਾਲ ਸਮਝਾਇਆ ਜਾਣਾ ਚਾਹੀਦਾ ਹੈ।"
ਇੱਕੋ ਵਿਅਕਤੀ ਦੇ ਸ਼ੁਕਰਾਣੂ ਦੀ ਵਿਆਪਕ ਵਰਤੋਂ ਦਾ ਕੀ ਖ਼ਤਰਾ

ਤਸਵੀਰ ਸਰੋਤ, Getty Images
ਉਹ ਸ਼ੁਕਰਾਣੂ ਦਾਨੀ, ਜਿਸ ਦੇ 197 ਬੱਚਿਆਂ ਵਿੱਚੋਂ ਕੁਝ ਵਿੱਚ ਕੈਂਸਰ ਦਾ ਕਾਰਨ ਬਣਨ ਵਾਲੇ ਜੀਨ ਚਲੇ ਗਏ ਹਨ, ਉਸ ਸਬੰਧੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਬੈਲਜੀਅਮ ਦੇ ਅਧਿਕਾਰੀਆਂ ਨੇ ਯੂਰਪੀਅਨ ਕਮਿਸ਼ਨ ਨੂੰ ਸਰਹੱਦਾਂ ਪਾਰ ਯਾਤਰਾ ਕਰਨ ਵਾਲੇ ਸ਼ੁਕਰਾਣੂਆਂ ਦੀ ਨਿਗਰਾਨੀ ਕਰਨ ਲਈ ਇੱਕ ਯੂਰਪ-ਵਿਆਪੀ ਸ਼ੁਕਰਾਣੂ ਦਾਨੀ ਰਜਿਸਟਰ ਸਥਾਪਤ ਕਰਨ ਦੀ ਮੰਗ ਕੀਤੀ ਹੈ।
ਉਪ ਪ੍ਰਧਾਨ ਮੰਤਰੀ ਫ੍ਰੈਂਕ ਵੈਂਡੇਨਬਰੂਕੇ ਨੇ ਕਿਹਾ ਕਿ ਇਹ ਉਦਯੋਗ "ਵਾਈਲਡ ਵੈਸਟ" ਵਰਗਾ ਸੀ ਅਤੇ "ਲੋਕਾਂ ਨੂੰ ਇੱਕ ਪਰਿਵਾਰ ਦੀ ਸੰਭਾਵਨਾ ਦਾ ਇੱਕ ਸ਼ੁਰੂਆਤੀ ਮਿਸ਼ਨ ਇੱਕ ਫਰਟੀਲਿਟੀ ਕਾਰੋਬਾਰ ਬਣਾ ਗਿਆ।''
ਯੂਰਪੀਅਨ ਸੋਸਾਇਟੀ ਆਫ਼ ਹਿਊਮਨ ਰੀਪ੍ਰੋਡਕਸ਼ਨ ਐਂਡ ਐਂਬ੍ਰਾਇਓਲੋਜੀ ਨੇ ਯੂਰਪੀਅਨ ਯੂਨੀਅਨ ਵਿੱਚ ਪ੍ਰਤੀ ਦਾਨੀ 50 ਪਰਿਵਾਰਾਂ ਦੀ ਸੀਮਾ ਦਾ ਪ੍ਰਸਤਾਵ ਵੀ ਰੱਖਿਆ ਹੈ ਅਤੇ ਜੇਕਰ ਪਰਿਵਾਰ ਦੋ ਜਾਂ ਵੱਧ ਬੱਚੇ ਚਾਹੁੰਦੇ ਹਨ ਤਾਂ ਇਹ ਪ੍ਰਣਾਲੀ ਅਜੇ ਵੀ ਇੱਕ ਦਾਨੀ ਦੇ ਸ਼ੁਕਰਾਣੂ ਨੂੰ 100 ਤੋਂ ਵੱਧ ਬੱਚੇ ਪੈਦਾ ਕਰਨ ਦੀ ਆਗਿਆ ਦੇਵੇਗੀ।
ਸ਼ੁਕਰਾਣੂ ਦਾਨ ਦੁਆਰਾ ਪੈਦਾ ਹੋਣ ਵਾਲੇ ਬੱਚਿਆਂ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ। ਇਹ ਜਾਣ ਕੇ ਕੀ ਉਹ ਦਾਨ ਕੀਤੇ ਸ਼ੁਕਰਾਣੂ ਨਾਲ ਪੈਦਾ ਹੋਏ ਹਨ ਅਤੇ ਉਨ੍ਹਾਂ ਦੇ ਸੈਂਕੜੇ ਹੋਰ ਮਤਰੇਏ ਭੈਣ-ਭਰਾ ਹੋ ਸਕਦੇ ਹਨ, ਕੁਝ ਸ਼ਾਇਦ ਇਸ ਨਾਲ ਖੁਸ਼ ਹੋਣਗੇ ਜਦਕਿ ਬਾਕੀਆਂ ਲਈ ਇਹ ਇੱਕ ਸਦਮੇ ਵਰਗਾ ਵੀ ਹੋ ਸਕਦਾ ਹੈ।
ਇਹੀ ਗੱਲ ਦਾਨੀਆਂ ਬਾਰੇ ਵੀ ਸੱਚ ਹੈ, ਜਿਨ੍ਹਾਂ ਨੂੰ ਅਕਸਰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਸ਼ੁਕਰਾਣੂ ਇੰਨੇ ਵਿਆਪਕ ਤੌਰ 'ਤੇ ਵੰਡੇ ਜਾ ਰਹੇ ਹਨ।
ਇਹ ਖੁਲਾਸੇ ਹੋਣ ਦੇ ਜੋਖਮ, ਆਸਾਨੀ ਨਾਲ ਉਪਲੱਬਧ ਡੀਐਨਏ ਟੈਸਟਾਂ ਅਤੇ ਸੋਸ਼ਲ ਮੀਡੀਆ ਕਾਰਨ ਹੋਰ ਵਧ ਗਏ ਹਨ ਜਿੱਥੇ ਲੋਕ ਆਪਣੇ ਬੱਚਿਆਂ, ਭੈਣ-ਭਰਾਵਾਂ ਜਾਂ ਦਾਨੀ ਦੀ ਖੋਜ ਕਰ ਸਕਦੇ ਹਨ।
ਯੂਕੇ ਵਿੱਚ ਹੁਣ ਸ਼ੁਕਰਾਣੂ ਦਾਨੀ ਗੁਮਨਾਮਤਾ ਨਹੀਂ ਰੋਕ ਸਕਦੇ ਅਤੇ ਇੱਕ ਅਧਿਕਾਰਤ ਪ੍ਰਕਿਰਿਆ ਰਾਹੀਂ ਬੱਚੇ ਆਪਣੇ ਬਾਇਓਲਾਜਿਕਲ ਪਿਤਾ ਦੀ ਪਛਾਣ ਕਰ ਸਕਦੇ ਹਨ।
ਕ੍ਰਾਇਓਸ ਵਿਖੇ ਸ਼ੋ ਤਰਕ ਦਿੰਦੇ ਹਨ ਕਿ ਸ਼ੁਕਰਾਣੂ ਦਾਨ 'ਤੇ ਵਧੇਰੇ ਪਾਬੰਦੀਆਂ ਕਾਰਨ ਪਰਿਵਾਰ "ਨਿੱਜੀ, ਪੂਰੀ ਤਰ੍ਹਾਂ ਅਨਿਯੰਤ੍ਰਿਤ, ਬਾਜ਼ਾਰ ਵੱਲ ਰੁਖ" ਕਰ ਸਕਦੇ ਹਨ।
ਲੈਂਕੈਸਟਰ ਯੂਨੀਵਰਸਿਟੀ ਦੇ ਇੱਕ ਮੈਡੀਕਲ ਐਥੀਸਿਸਟ ਵਿਗਿਆਨੀ ਡਾਕਟਰ ਜੌਨ ਐਪਲਬੀ ਨੇ ਕਿਹਾ ਕਿ ਸ਼ੁਕਰਾਣੂ ਦੀ ਇੰਨੀ ਵਿਆਪਕ ਵਰਤੋਂ ਇੱਕ ''ਬਹੁਤ ਵੱਡਾ'' ਨੈਤਿਕ ਸੰਕਟ ਪੈਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਪਛਾਣ, ਗੋਪਨੀਯਤਾ, ਸਹਿਮਤੀ, ਮਾਣ ਅਤੇ ਹੋਰ ਬਹੁਤ ਸਾਰੇ ਸਬੰਧਿਤ ਮੁੱਦੇ ਹਨ - ਜਿਸ ਨਾਲ ਇਹ ਮੁਕਾਬਲੇ ਵਾਲੀਆਂ ਜ਼ਰੂਰਤਾਂ ਵਿਚਕਾਰ ਇੱਕ "ਸੰਤੁਲਨ ਬਣਾਉਣ ਵਾਲਾ ਕੰਮ" ਬਣ ਜਾਂਦਾ ਹੈ।
ਡਾਕਟਰ ਐਪਲਬੀ ਨੇ ਕਿਹਾ ਕਿ ਫਰਟੀਲਿਟੀ ਉਦਯੋਗ ਦੀ "ਜ਼ਿੰਮੇਵਾਰੀ ਹੈ ਕਿ ਉਹ ਇੱਕ ਦਾਨੀ ਦੀ ਵਰਤੋਂ ਦੀ ਗਿਣਤੀ ਦਾ ਪਤਾ ਲਗਾਉਣ'', ਪਰ ਵਿਸ਼ਵਵਿਆਪੀ ਨਿਯਮਾਂ ਨਾਲ ਸਹਿਮਤ ਹੋਣਾ ਬੇਸ਼ੱਕ "ਬਹੁਤ ਮੁਸ਼ਕਲ" ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇੱਕ ਗਲੋਬਲ ਸਪਰਮ ਡੋਨਰ ਰਜਿਸਟਰ, ਜਿਸਦਾ ਸੁਝਾਅ ਦਿੱਤਾ ਗਿਆ ਹੈ, ਦੀਆਂ ਆਪਣੀਆਂ "ਨੈਤਿਕ ਅਤੇ ਕਾਨੂੰਨੀ ਚੁਣੌਤੀਆਂ" ਹੋਣਗੀਆਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












