ਇਲੋਨ ਮਸਕ ਦੀ 'ਸੈਲਫ ਗ੍ਰੋਇੰਗ ਸਿਟੀ' ਕੀ ਹੈ, ਜਿਸ ਨੂੰ ਉਹ ਮੰਗਲ ਦੀ ਬਜਾਇ ਚੰਦਰਮਾ 'ਤੇ ਬਣਾਉਣ ਦੀ ਯੋਜਨਾ ਬਣਾ ਰਹੇ ਹਨ

ਇਲੋਨ ਮਸਕ

ਤਸਵੀਰ ਸਰੋਤ, Harun Ozalp/Anadolu via Getty Images

ਤਸਵੀਰ ਕੈਪਸ਼ਨ, ਇਲੋਨ ਮਸਕ ਨੇ ਹਾਲ ਹੀ ਵਿੱਚ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਸਪੇਸਐਕਸ ਨੇ ਆਪਣਾ ਧਿਆਨ ਮੰਗਲ 'ਤੇ ਸ਼ਹਿਰ ਬਣਾਉਣ ਦੀ ਬਜਾਇ ਚੰਦਰਮਾ 'ਤੇ ਸ਼ਹਿਰ ਬਣਾਉਣ ਵੱਲ ਕਰ ਦਿੱਤਾ ਹੈ
    • ਲੇਖਕ, ਲੁਈਸ ਬਾਰੂਚੋ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 8 ਮਿੰਟ

ਚੰਦਰਮਾ 'ਤੇ ਇੱਕ "ਸੈਲਫ ਗ੍ਰੋਇੰਗ ਸਿਟੀ", ਜੋ 10 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਬਣਾਈ ਜਾ ਸਕਦੀ ਹੈ - ਇਹ ਯੋਜਨਾ ਹਾਲ ਹੀ ਵਿੱਚ ਇਲੋਨ ਮਸਕ ਨੇ ਬਣਾਈ ਹੈ।

ਐਕਸ, ਟੈਸਲਾ ਅਤੇ ਸਪੇਸਐਕਸ ਦੇ ਮੁਖੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਇਲੋਨ ਮਸਕ ਨੇ ਹਾਲ ਹੀ ਵਿੱਚ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਸਪੇਸਐਕਸ ਨੇ ਆਪਣਾ ਧਿਆਨ ਮੰਗਲ 'ਤੇ ਸ਼ਹਿਰ ਬਣਾਉਣ ਦੀ ਬਜਾਏ ਚੰਦਰਮਾ 'ਤੇ ਸ਼ਹਿਰ ਬਣਾਉਣ ਵੱਲ ਕਰ ਦਿੱਤਾ ਹੈ। ਉਨ੍ਹਾਂ ਦੀ ਇਸ ਪੋਸਟ ਨੂੰ 40 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।

ਪਰ ਮਸਕ ਨੇ ਆਪਣਾ ਮਨ ਕਿਉਂ ਬਦਲਿਆ? ਅਤੇ ਅਸੀਂ ਚੰਦਰਮਾ ਦੇ ਇਸ ''ਸੈਲਫ ਗ੍ਰੋਇੰਗ'' ਸ਼ਹਿਰ ਬਾਰੇ ਕੀ ਜਾਣਦੇ ਹਾਂ?

ਮੰਗਲ ਦੀ ਬਜਾਏ ਚੰਦਰਮਾ ਨੂੰ ਤਰਜੀਹ

ਚੰਦਰਮਾ 'ਤੇ ਇੱਕ ਬੇਸ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੰਦਰਮਾ 'ਤੇ ਇੱਕ ਬੇਸ ਦੀ ਸੰਕੇਤਕ ਤਸਵੀਰ

ਇਸ ਸੈਲਫ-ਗ੍ਰੋਇੰਗ ਸਿਟੀ ਲਈ ਅਜੇ ਤੱਕ ਕੋਈ ਅਧਿਕਾਰਤ, ਬਲੂਪ੍ਰਿੰਟ ਦੇ ਨਾਲ ਪੂਰੀ ਤਰ੍ਹਾਂ ਜਾਣਕਾਰੀ ਵਾਲਾ ਪਲਾਨ ਮੌਜੂਦ ਨਹੀਂ ਹੈ, ਸਗੋਂ ਇਹ ਇੱਕ ਵਿਜ਼ਨ ਹੈ ਜਿਸ ਨੂੰ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝਾ ਕੀਤਾ ਹੈ।

ਉਨ੍ਹਾਂ ਨੇ ਇੱਕ ਸਥਾਈ ਮਨੁੱਖੀ ਬਸਤੀ ਕਾਇਮ ਕਰਨ ਦੀ ਜਾਣਕਾਰੀ ਦਿੱਤੀ ਜੋ ਚੰਦਰਮਾ ਦੇ ਸਰੋਤਾਂ ਦੀ ਮਦਦ ਨਾਲ ਹੌਲੀ-ਹੌਲੀ ਫੈਲ ਸਕਦੀ ਹੈ। ਇਸ ਵਿੱਚ ਚੰਦਰਮਾ 'ਤੇ ਵਾਰ-ਵਾਰ ਲਾਂਚਾਂ ਦਾ ਵੱਡਾ ਯੋਗਦਾਨ ਰਹੇਗਾ।

ਆਪਣੀ ਪੋਸਟ ਵਿੱਚ ਮਸਕ ਨੇ ਕਿਹਾ ਕਿ ਇਹ "10 ਸਾਲਾਂ ਤੋਂ ਘੱਟ ਸਮੇਂ ਵਿੱਚ ਸੰਭਵ ਹੈ, ਜਦਕਿ ਮੰਗਲ 'ਤੇ 20 ਤੋਂ ਵੱਧ ਸਾਲ ਲੱਗਣਗੇ।"

ਉਨ੍ਹਾਂ ਕਿਹਾ, "ਸਪੇਸਐਕਸ ਦਾ ਮਿਸ਼ਨ ਉਹੀ ਹੈ: ਜਿਵੇਂ ਅਸੀਂ ਜਾਣਦੇ ਹਾਂ, ਜੀਵਨ ਅਤੇ ਚੇਤਨਾ ਨੂੰ ਤਾਰਿਆਂ ਤੱਕ ਪਹੁੰਚਾਉਣਾ।"

ਮਸਕ ਨੇ ਸਮਝਾਇਆ ਕਿ ਮੰਗਲ ਦੀ ਯਾਤਰਾ ਉਦੋਂ ਹੀ ਸੰਭਵ ਹੈ ਜਦੋਂ "ਗ੍ਰਹਿ ਹਰ 26 ਮਹੀਨੇ ਬਾਅਦ ਇਕ ਸਿੱਧੀ ਲਾਈਨ ਵਿੱਚ ਆਉਂਦੇ ਹਨ (ਛੇ ਮਹੀਨੇ ਦੀ ਯਾਤਰਾ ਸਮੇਂ ਨਾਲ)।"

ਉਨ੍ਹਾਂ ਨੇ ਕਿਹਾ ਕਿ ਇਸ ਦੇ ਉਲਟ "ਅਸੀਂ ਹਰ 10 ਦਿਨਾਂ ਵਿੱਚ ਚੰਦਰਮਾ ਵੱਲ ਲਾਂਚ ਕਰ ਸਕਦੇ ਹਾਂ (ਦੋ ਦਿਨਾਂ ਦੀ ਯਾਤਰਾ ਸਮੇਂ ਨਾਲ)।"

"ਇਸ ਦਾ ਮਤਲਬ ਹੈ ਕਿ ਅਸੀਂ ਮੰਗਲ ਦੇ ਸ਼ਹਿਰ ਨਾਲੋਂ ਚੰਦਰਮਾ ਦੇ ਸ਼ਹਿਰ ਨੂੰ ਕਾਫ਼ੀ ਤੇਜ਼ੀ ਨਾਲ ਤਿਆਰ ਕਰ ਸਕਦੇ ਹਾਂ।"

ਉਨ੍ਹਾਂ ਐਕਸ 'ਤੇ ਲਿਖਿਆ, ਸਪੇਸਐਕਸ ਦਾ ਮਿਸ਼ਨ ਮਸਕ ਦੀ ਲੰਮੇ ਸਮੇਂ ਤੋਂ ਰਹੀ ਇੱਛਾ - ਮੰਗਲ 'ਤੇ ਸ਼ਹਿਰ ਬਣਾਉਣ ਨੂੰ ਅੱਗੇ ਵਧਾਉਣਾ ਹੀ ਰਹੇਗਾ ਅਤੇ "ਲਗਭਗ ਪੰਜ ਤੋਂ ਸੱਤ ਸਾਲਾਂ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।"

"ਪਰ ਸਭ ਤੋਂ ਵੱਡੀ ਤਰਜੀਹ ਸੱਭਿਅਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ ਅਤੇ ਚੰਦਰਮਾ ਇਸ ਦੇ ਲਈ ਤੇਜ਼ ਬਦਲ ਹੈ।"

ਇਲੋਨ ਮਸਕ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮਸਕ ਦੀ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਫੌਲੋਅਰਜ਼ ਨੇ ਤੁਰੰਤ ਚੰਦਰਮਾ 'ਤੇ ਇਸ ਸ਼ਹਿਰ ਦੇ ਸੰਭਾਵਿਤ ਰੂਪ ਦੇ ਸਕੈਚ ਵੀ ਬਣਾ ਕੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ

ਮਸਕ ਦੀ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਫੌਲੋਅਰਜ਼ ਨੇ ਤੁਰੰਤ ਚੰਦਰਮਾ 'ਤੇ ਇਸ ਸ਼ਹਿਰ ਦੇ ਸੰਭਾਵਿਤ ਰੂਪ ਦੇ ਸਕੈਚ ਵੀ ਬਣਾਕੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚੋਂ ਕੁਝ ਨੇ ਇਸ ਕੰਮ ਦੇ ਲਈ ਮਸਕ ਦੇ ਹੀ ਏਆਈ ਟੂਲ ਗਰੋਕ ਦੀ ਵਰਤੋਂ ਕੀਤੀ।

ਮਸਕ ਦੀਆਂ ਟਿੱਪਣੀਆਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਛਪੀ ਵਾਲ ਸਟਰੀਟ ਜਰਨਲ ਦੀ ਰਿਪੋਰਟ ਨਾਲ ਮਿਲਦੀਆਂ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਸਪੇਸਐਕਸ ਨੇ ਨਿਵੇਸ਼ਕਾਂ ਨੂੰ ਦੱਸਿਆ ਹੈ ਕਿ ਉਹ ਚੰਦਰਮਾ ਮਿਸ਼ਨਾਂ ਨੂੰ ਤਰਜੀਹ ਦੇਵੇਗੀ, ਜਿਸ ਵਿੱਚ ਮਾਰਚ 2027 ਲਈ ਮਨੁੱਖ ਰਹਿਤ ਚੰਦਰ ਲੈਂਡਿੰਗ ਦੀ ਯੋਜਨਾ ਹੈ, ਅਤੇ ਫਿਰ ਮੰਗਲ ਦੀ ਯਾਤਰਾ ਕਰਨ ਦੀ ਕੋਸ਼ਿਸ਼ ਬਾਅਦ ਵਿੱਚ ਕੀਤੀ ਜਾਵੇਗੀ।

ਮਸਕ ਦਾ ਧਿਆਨ ਲੰਮੇ ਸਮੇਂ ਤੋਂ ਮੰਗਲ 'ਤੇ ਕੇਂਦ੍ਰਿਤ ਸੀ ਜਿਸ ਨੂੰ ਉਹ ਸਪੇਸਐਕਸ ਦੀ ਮੁੱਖ ਮੰਜ਼ਿਲ ਮੰਨਦੇ ਸਨ, ਪਰ ਹੁਣ ਇਹ ਬਦਲਾਅ ਉਸ ਦੇ ਉਲਟ ਹੈ। ਪਿਛਲੇ ਸਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਕੰਪਨੀ 2026 ਦੇ ਅੰਤ ਤੱਕ ਮਨੁੱਖ ਰਹਿਤ ਮੰਗਲ ਮਿਸ਼ਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।

ਮਸਕ ਨੇ ਪਿਛਲੇ ਸਾਲ ਜਨਵਰੀ ਵਿੱਚ ਐਕਸ 'ਤੇ ਇੱਕ ਪੋਸਟ ਦੇ ਜਵਾਬ ਵਿੱਚ ਕਿਹਾ ਸੀ ਕਿ "ਨਹੀਂ, ਅਸੀਂ ਸਿੱਧੇ ਮੰਗਲ 'ਤੇ ਜਾ ਰਹੇ ਹਾਂ। ਚੰਦਰਮਾ ਧਿਆਨ ਭੰਗ ਕਰਦਾ ਹੈ।"

ਮਸਕ ਦਾ ਇਲੈਕਟ੍ਰਿਕ ਵਾਹਨਾਂ ਅਤੇ ਸਵੈ-ਚਲਿਤ ਤਕਨੀਕ ਵਰਗੇ ਪ੍ਰੋਜੈਕਟਾਂ ਲਈ ਸਮਾਂ-ਸੀਮਾਵਾਂ ਨਿਰਧਾਰਤ ਕਰਨ ਦਾ ਲੰਮਾ ਇਤਿਹਾਸ ਹੈ, ਜੋ ਵਾਰ-ਵਾਰ ਸਮੇਂ 'ਤੇ ਪੂਰੇ ਨਹੀਂ ਹੋ ਸਕੇ।

ਇਹ ਕਿਵੇਂ ਕੀਤਾ ਜਾ ਸਕਦਾ ਹੈ

ਇਲੋਮ ਮਸਕ

ਯੂਕੇ ਦੀ ਯੂਨੀਵਰਸਿਟੀ ਆਫ ਸਰੀ ਵਿੱਚ ਸਪੇਸ ਐਪਲੀਕੇਸ਼ਨਾਂ, ਖੋਜ ਅਤੇ ਯੰਤਰਾਂ ਦੇ ਇੱਕ ਸੀਨੀਅਰ ਲੈਕਚਰਾਰ ਡਾ. ਸੁੰਗਵੂ ਲਿਮ, ਚੰਦਰਮਾ 'ਤੇ ਬੇਸ ਬਣਾਉਣ ਦੀ ਸਪੇਸਐਕਸ ਦੀ ਯੋਜਨਾ ਨੂੰ "ਮਹੱਤਵਾਕਾਂਖੀ" ਦੱਸਦੇ ਹਨ, ਪਰ ''ਸਾਇੰਸ ਫਿਕਸ਼ਨ'' ਨਹੀਂ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੂਲ ਵਿਚਾਰ - ਚੰਦਰਮਾ ਦੀ ਮਿੱਟੀ ਨਾਲ ਆਕਸੀਜਨ, ਪਾਣੀ ਅਤੇ ਨਿਰਮਾਣ ਸਮੱਗਰੀ ਤਿਆਰ ਕਰਨਾ - ਉਨ੍ਹਾਂ ਉਦਯੋਗਿਕ ਪ੍ਰਕਿਰਿਆਵਾਂ 'ਤੇ ਆਧਾਰਿਤ ਹੈ ਜੋ ਅਸੀਂ ਧਰਤੀ 'ਤੇ ਪਹਿਲਾਂ ਹੀ ਵਰਤ ਰਹੇ ਹਾਂ। ਸਿਧਾਂਤਕ ਤੌਰ 'ਤੇ ਇਹ ਸੰਭਵ ਹੈ।"

ਡਾ. ਲਿਮ ਸਮਝਾਉਂਦੇ ਹਨ ਕਿ ਚੁਣੌਤੀ ਇਹ ਹੈ ਕਿ ਕੀ ਇਹ ਪ੍ਰਣਾਲੀਆਂ ਚੰਦਰਮਾ ਦੇ ਕਠੋਰ ਮਾਹੌਲ ਵਿੱਚ ਭਰੋਸੇਯੋਗ ਤਰੀਕੇ ਨਾਲ ਕੰਮ ਕਰ ਸਕਣਗੀਆਂ, ਜਿਸ ਵਿੱਚ ਬਹੁਤ ਜ਼ਿਆਦਾ ਉੱਚਾ ਤਾਪਮਾਨ, ਮਹੀਨ ਧੂੜ, ਘੱਟ ਗੁਰੁਤਾਕਰਸ਼ਣ ਅਤੇ ਸੀਮਿਤ ਊਰਜਾ ਸ਼ਾਮਲ ਹਨ। "ਸਾਨੂੰ ਅਜੇ ਵੀ ਚੰਦ ਦੀ ਸਤ੍ਹਾ 'ਤੇ ਸਹੀ ਢੰਗ ਨਾਲ ਟੈਸਟ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ 'ਤੇ ਭਰੋਸਾ ਕੀਤਾ ਜਾ ਸਕੇ।''

ਉਹ ਨੋਟ ਕਰਦੇ ਹਨ ਕਿ ਸਰਕਾਰੀ ਪੁਲਾੜ ਏਜੰਸੀਆਂ "ਸਾਵਧਾਨੀ ਨਾਲ" ਅੱਗੇ ਵਧਦੀਆਂ ਹਨ ਕਿਉਂਕਿ ਉਹ ਜਨਤਕ ਫੰਡਾਂ ਅਤੇ ਲੰਬੇ ਸਿਆਸੀ ਚੱਕਰਾਂ 'ਤੇ ਨਿਰਭਰ ਹੁੰਦੀਆਂ ਹਨ, ਜੋ ਇਸ ਚੀਜ਼ ਨੂੰ ਸੀਮਿਤ ਕਰਦਾ ਹੈ ਕਿ "ਨਵੇਂ ਵਿਚਾਰਾਂ ਨੂੰ ਟੈਸਟ ਕਰ ਸਕਦੇ ਹਨ।"

ਉਨ੍ਹਾਂ ਦੇ ਅਨੁਸਾਰ ਸਪੇਸਐਕਸ "ਵੱਖਰੇ ਢੰਗ ਨਾਲ ਕੰਮ ਕਰਦੀ ਹੈ।"

"ਜੇ ਇਸ ਦੀ ਨਵੀਂ ਰਾਕੇਟ ਪ੍ਰਣਾਲੀ ਯੋਜਨਾ ਦੇ ਮੁਤਾਬਕ ਕੰਮ ਕਰਦੀ ਹੈ, ਤਾਂ ਇਹ ਚੰਦਰਮਾ 'ਤੇ ਵੱਧ ਵਾਰ ਅਤੇ ਘੱਟ ਲਾਗਤ ਨਾਲ ਸਾਜ਼ੋ-ਸਾਮਾਨ ਭੇਜ ਸਕਦੀ ਹੈ, ਜਿਸ ਨਾਲ ਸਾਰੀ ਪ੍ਰਕਿਰਿਆ ਤੇਜ਼ੀ ਨਾਲ ਹੋ ਸਕਦੀ ਹੈ।"

ਭਾਰਤ ਦੀ ਜੀਡੀ ਗੋਇਨਕਾ ਯੂਨੀਵਰਸਿਟੀ ਵਿੱਚ ਏਅਰੋਸਪੇਸ ਅਤੇ ਊਰਜਾ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਉਗੁਰ ਗੁਵੇਨ ਕਹਿੰਦੇ ਹਨ ਕਿ ਸ਼ੁਰੂਆਤੀ ਮਨੁੱਖੀ ਬਸਤੀਆਂ ਲਈ ਮੰਗਲ ਦੀ ਬਜਾਏ ਚੰਦਰਮਾ ਇੱਕ ਵੱਡਾ ਫਾਇਦਾ ਦਿੰਦਾ ਹੈ: ਤੇਜ਼ ਰੀ-ਸਪਲਾਈ ਅਤੇ ਐਮਰਜੈਂਸੀ ਰਿਸਪਾਂਸ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜੇ ਕੁਝ ਗਲਤ ਹੋ ਜਾਂਦਾ ਹੈ ਅਤੇ ਉੱਥੇ ਤੁਹਾਡਾ ਨਿਵਾਸ ਹੈ, ਤਾਂ ਤੁਸੀਂ ਤੁਰੰਤ ਫਾਲੋ-ਅੱਪ ਮਿਸ਼ਨ ਭੇਜ ਸਕਦੇ ਹੋ।" ਉਨ੍ਹਾਂ ਧਿਆਨ ਦਿਵਾਇਆ ਕਿ ਧਰਤੀ ਤੋਂ ਚੰਦਰਮਾ ਦੀ ਵਿੱਚ ਯਾਤਰਾ ਆਮ ਤੌਰ 'ਤੇ "ਦੋ ਤੋਂ ਤਿੰਨ ਦਿਨ" ਲੱਗਦੇ ਹਨ।

ਇਸ ਦੇ ਬਾਵਜੂਦ, ਡਾ. ਲਿਮ ਚੇਤਾਵਨੀ ਦਿੰਦੇ ਹਨ ਕਿ ਇੱਕ "ਵਾਕਈ ਆਪਣੇ ਆਪ ਚੱਲਣ ਵਾਲਾ ਚੰਦਰਮਾ ਦਾ ਸ਼ਹਿਰ" ਅਜੇ ਵੀ ਦੂਰ ਦੀ ਗੱਲ ਹੈ।

ਉਨ੍ਹਾਂ ਕਿਹਾ, "ਧਰਤੀ ਤੋਂ ਪੋਸ਼ਕ ਤੱਤ ਲਿਆਂਦੇ ਬਿਨ੍ਹਾਂ ਭੋਜਨ ਉਗਾਉਣਾ ਅਤੇ ਇੱਕ ਬੰਦ ਸਿਸਟਮ ਬਣਾਉਣਾ ਜਿਸ ਵਿੱਚ ਹਰ ਚੀਜ਼ ਰੀ-ਸਾਈਕਲ ਹੋਵੇ, ਕਾਫ਼ੀ ਜ਼ਿਆਦਾ ਜਟਿਲ ਹੈ। ਇਸ ਲਈ ਸ਼ਾਇਦ ਦਹਾਕੇ ਲੱਗ ਜਾਣਗੇ। ਇਸ ਲਈ ਵਿਜ਼ਨ ਸੰਭਵ ਹੈ, ਪਰ ਇਹ ਕਦਮ ਦਰ ਕਦਮ ਹੋਵੇਗਾ, ਇੱਕੋ ਵਾਰ 'ਚ ਨਹੀਂ।"

ਅਮਰੀਕਾ ਦੇ ਇੰਡੀਆਨਾ ਦੀ ਯੂਨੀਵਰਸਿਟੀ ਆਫ ਨੋਟਰ ਡੇਮ ਵਿੱਚ ਸਿਵਲ ਅਤੇ ਵਾਤਾਵਰਣ ਇੰਜੀਨੀਅਰਿੰਗ ਅਤੇ ਧਰਤੀ ਵਿਗਿਆਨ ਦੇ ਪ੍ਰੋਫੈਸਰ ਕਲਾਈਵ ਨੀਲ, ਜੋ ਚੰਦਰਮਾ ਦੀ ਮਨੁੱਖੀ ਖੋਜ 'ਤੇ ਅਧਿਐਨ ਕਰਦੇ ਹਨ, ਵੀ ਇਸ ਵਿਚਾਰ ਨਾਲ ਸਹਿਮਤ ਹਨ।

ਉਨ੍ਹਾਂ ਬੀਬੀਸੀ ਨੂੰ ਦੱਸਿਆ, "ਜਦੋਂ ਤੱਕ ਅਸੀਂ ਇੱਕ ਵਿਆਪਕ ਸਰੋਤ-ਖੋਜ ਮੁਹਿੰਮ ਨਹੀਂ ਚਲਾਉਂਦੇ ਜੋ ਇਹ ਦਰਸਾਵੇ ਕਿ ਚੰਦਰਮਾ 'ਤੇ ਆਰਥਿਕ ਤੌਰ 'ਤੇ ਕੱਢੇ ਜਾ ਸਕਣ ਵਾਲੇ ਸਰੋਤ ਮੌਜੂਦ ਹਨ, ਉਦੋਂ ਤੱਕ ਸਾਨੂੰ ਇਹ ਨਹੀਂ ਪਤਾ ਕਿ ਪਹੁੰਚਯੋਗ ਅਤੇ ਕੱਢੇ ਜਾ ਸਕਣ ਵਾਲੇ ਸਰੋਤਾਂ ਦੇ ਬਿਨ੍ਹਾਂ 'ਸੈਲਫ-ਗ੍ਰੋਇੰਗ' ਸ਼ਹਿਰ ਕਿੱਥੇ ਬਣਾਇਆ ਜਾਵੇ।''

ਡਾ. ਲਿਮ ਮੰਨਦੇ ਹਨ ਕਿ ਇਹ "ਯਥਾਰਥਵਾਦੀ" ਹੈ ਕਿ ਇੱਕ "ਛੋਟਾ ਲੂਨਰ ਆਊਟਪੋਸਟ" ਅਗਲੇ 10 ਸਾਲਾਂ ਵਿੱਚ ਆਪਣੀ ਕੁਝ ਆਕਸੀਜਨ ਤਿਆਰ ਕਰਨ ਅਤੇ ਸੰਭਵ ਤੌਰ 'ਤੇ ਪਾਣੀ ਕੱਢਣਾ ਸ਼ੁਰੂ ਕਰ ਸਕਦਾ ਹੈ। "ਇਹ ਇੱਕ ਵੱਡੀ ਉਪਲਬਧੀ ਹੋਵੇਗੀ''।

ਨਾਸਾ ਦੇ ਸਾਬਕਾ ਪੁਲਾੜ ਯਾਤਰੀ ਅਤੇ ਵਰਤਮਾਨ ਵਿੱਚ ਅਮਰੀਕਾ ਦੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਏਰੋਨਾਟਿਕਸ ਅਤੇ ਐਸਟ੍ਰੋਨਾਟਿਕਸ ਦੇ ਪ੍ਰੋਫੈਸਰ ਜੇਫਰੀ ਹੋਫਮੈਨ ਦਲੀਲ ਦਿੰਦੇ ਹਨ ਕਿ "ਜੇ ਸਪੇਸਐਕਸ ਅਤੇ ਬਲੂ ਓਰਿਜਿਨ - ਅਮੇਜ਼ਾਨ ਦੇ ਸੰਸਥਾਪਕ ਜੈਫ ਬੇਜ਼ੋਸ ਦੀ ਸਪੇਸ ਟੈਨੋਲਾਜੀ ਕੰਪਨੀ - ਸਫਲਤਾਪੂਰਵਕ ਚੰਦਰ ਲੈਂਡਰ ਵਿਕਸਿਤ ਕਰ ਲੈਂਦੀਆਂ ਹਨ, ਤਾਂ ਅਸੀਂ ਹੁਣੇ ਲੂਨਰ ਬੇਸ ਲਈ ਲਾਜਿਸਟਿਕ ਸਪਲਾਈ ਦਾ ਪ੍ਰਬੰਧਨ ਕਰ ਸਕਦੇ ਹਾਂ।"

ਉਨ੍ਹਾਂ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਪਰ ਮੰਗਲ ਅਜੇ ਵੀ ਦੂਰ ਦੀ ਗੱਲ ਹੈ।"

ਹਾਲਾਂਕਿ, ਪ੍ਰੋਫੈਸਰ ਹੋਫਮੈਨ ਕਹਿੰਦੇ ਹਨ ਕਿ ਚੰਦਰਮਾ 'ਤੇ ਸਥਾਈ ਆਵਾਸ ਬਣਾਉਣ ਤੋਂ ਮਿਲਿਆ ਤਜਰਬਾ ਆਖਿਰਕਾਰ ਮੰਗਲ 'ਤੇ ਬੇਸ ਸਥਾਪਤ ਕਰਨ ਲਈ ਵਰਤਿਆ ਜਾ ਸਕਦਾ ਹੈ।

ਡਾ. ਗੁਵੇਨ ਵੀ ਇਸ ਨਾਲ ਸਹਿਮਤ ਹਨ ਅਤੇ ਕਹਿੰਦੇ ਹਨ ਕਿ ਜਦੋਂ ਇੱਕ ਲੂਨਰ ਬੇਸ ਸਥਾਪਿਤ ਕੀਤਾ ਜਾਵੇਗਾ, ਤਾਂ ਮੰਗਲ ਤੱਕ ਪਹੁੰਚਣਾ ਕਾਫ਼ੀ ਆਸਾਨ ਹੋ ਜਾਵੇਗਾ, ਕਿਉਂਕਿ ਚੰਦਰਮਾ "ਇੱਕ ਪੜਾਅ" ਵਜੋਂ ਕੰਮ ਕਰ ਸਕਦਾ ਹੈ।

ਵਧਦੀ ਮੁਕਾਬਲੇਬਾਜ਼ੀ

ਚੰਦਰਮਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਾਲ 2026 ਦਾ ਪਹਿਲਾ ਸੂਪਰਮੂਨ

ਮਸਕ ਦੀਆਂ ਟਿੱਪਣੀਆਂ ਉਸ ਵੇਲੇ ਆਈਆਂ ਹਨ ਜਦੋਂ ਸੰਯੁਕਤ ਰਾਜ ਅਮਰੀਕਾ ਇਸ ਦਹਾਕੇ ਵਿੱਚ ਮਨੁੱਖਾਂ ਨੂੰ ਮੁੜ ਚੰਦਰਮਾ 'ਤੇ ਭੇਜਣ ਲਈ ਚੀਨ ਵੱਲੋਂ ਵਧ ਰਹੀ ਮੁਕਾਬਲੇਬਾਜ਼ੀ ਦਾ ਸਾਹਮਣਾ ਕਰ ਰਿਹਾ ਹੈ।

1972 ਵਿੱਚ ਨਾਸਾ ਦੇ ਐਪੋਲੋ 17 ਮਿਸ਼ਨ ਤੋਂ ਬਾਅਦ ਕਿਸੇ ਨੇ ਵੀ ਚੰਦਰਮਾ ਸਤ੍ਹਾ 'ਤੇ ਕਦਮ ਨਹੀਂ ਰੱਖਿਆ।

ਮਸਕ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਸਪੇਸਐਕਸ ਨੇ ਉਸ ਏਆਈ ਕੰਪਨੀ ਨੂੰ ਖਰੀਦ ਲਿਆ ਹੈ ਜਿਸ ਦੀ ਅਗਵਾਈ ਉਹ ਖੁਦ ਕਰਦੇ ਹਨ, ਸਟਾਰਟਅੱਪ xAI.

ਇਸ ਸੌਦੇ ਵਿੱਚ ਜਿਸ ਵਿੱਚ ਰਾਕੇਟ ਅਤੇ ਸੈਟੇਲਾਈਟ ਕੰਪਨੀ ਦੀ ਕੀਮਤ 1 ਟ੍ਰਿਲੀਅਨ ਡਾਲਰ ਅਤੇ ਏਆਈ ਫਰਮ ਦੀ ਕੀਮਤ 250 ਬਿਲੀਅਨ ਡਾਲਰ ਲਗਾਈ ਗਈ ਹੈ।

ਬੀਬੀਸੀ ਦੇ ਨਿਊਯਾਰਕ ਸਥਿਤ ਪੱਤਰਕਾਰ ਮਿਸ਼ੇਲ ਫਲਿਊਰੀ ਦੇ ਅਨੁਸਾਰ, ਇਹ ਐਲਾਨ ਉਨ੍ਹਾਂ ਦੇ ਉਸ ਟੀਚੇ ਨੂੰ ਵੀ ਸਮਰਥਨ ਦੇ ਸਕਦਾ ਹੈ ਜਿਸ ਮੁਤਾਬਕ ਉਹ ਪੁਲਾੜ ਵਿੱਚ ਡਾਟਾ ਸੈਂਟਰ ਸਥਾਪਿਤ ਕਰਨਾ ਚਾਹੁੰਦੇ ਹਨ, ਕਿਉਂਕਿ ਇਹ ਵੱਡੀ ਮਾਤਰਾ ਵਿੱਚ ਏਆਈ ਕੰਪਿਊਟਿੰਗ ਨੂੰ ਸੰਭਾਲਣ ਲਈ ਵਰਤੇ ਜਾਣਗੇ।

ਬੀਬੀਸੀ ਪੱਤਰਕਾਰ ਮੁਤਾਬਕ, ਸਪੇਸਐਕਸ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਮਸਕ ਸੰਭਾਵੀ ਸਟਾਕ ਮਾਰਕੀਟ ਸੂਚੀ ਤੋਂ ਪਹਿਲਾਂ ਆਪਣੇ ਕਾਰੋਬਾਰਾਂ ਨੂੰ ਸੁਚਾਰੂ ਬਣਾ ਰਹੇ ਹਨ, ਕਿਉਂਕਿ ਉਹ ਕਥਿਤ ਤੌਰ 'ਤੇ ਸਪੇਸਐਕਸ ਨੂੰ ਜਨਤਕ ਕਰਨ ਬਾਰੇ ਵਿਚਾਰ ਕਰ ਰਹੇ ਹਨ।

ਇਸ ਕਦਮ ਨਾਲ 50 ਬਿਲੀਅਨ ਡਾਲਰ ਤੱਕ ਦਾ ਵਾਧਾ ਹੋ ਸਕਦਾ ਹੈ, ਜੋ ਸੰਭਾਵੀ ਤੌਰ 'ਤੇ ਇਸ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਜਨਤਕ ਪੇਸ਼ਕਸ਼ ਬਣਾ ਸਕਦਾ ਹੈ।

ਪਿਛਲੇ ਮਹੀਨੇ, ਮਸਕ ਨੇ ਪੁਲਾੜ ਵਿੱਚ ਇੱਕ ਮਿਲੀਅਨ ਡੇਟਾ ਸੈਂਟਰ ਸਥਾਪਿਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ, ਇੱਕ ਪ੍ਰੋਗਰਾਮ ਜਿਸ ਬਾਰੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ AI ਦੀ ਵੱਧਦੀ ਵਰਤੋਂ ਕਾਰਨ ਧਰਤੀ 'ਤੇ ਮੌਜੂਦਾ ਸਹੂਲਤਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।

ਪਰ ਕੁਝ ਮਾਹਿਰਾਂ ਨੂੰ ਅਜੇ ਵੀ ਖਦਸ਼ੇ ਹਨ, ਜੋ ਕਹਿੰਦੇ ਹਨ ਕਿ ਇੱਕ ਮੁੱਖ ਚੁਣੌਤੀ ਹੈ - ਪੁਲਾੜ ਦੇ ਖਾਲੀਪਣ ਵਿੱਚ ਹਵਾ ਦੀ ਘਾਟ, ਜੋ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟਾਂ ਨੂੰ ਠੰਢਾ ਕਰਨ ਲਈ ਲੋੜੀਂਦੀ ਹੁੰਦੀ ਹੈ, ਜਿਹੜੀਆਂ ਏਆਈ ਅਤੇ ਡੇਟਾ-ਸਬੰਧਤ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਪਿਛਲੇ ਸੋਮਵਾਰ, ਮਸਕ ਨੇ ਐਕਸ 'ਤੇ ਇੱਕ ਯੂਜ਼ਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਸ ਸਾਲ ਨਾਸਾ ਸਪੇਸਐਕਸ ਦੀ ਆਮਦਨ ਦਾ 5% ਤੋਂ ਘੱਟ ਹਿੱਸਾ ਬਣੇਗੀ।

ਸਪੇਸਐਕਸ ਨਾਸਾ ਦੇ ਆਰਟੇਮਿਸ ਮੂਨ ਪ੍ਰੋਗਰਾਮ ਵਿੱਚ ਇੱਕ ਮਹੱਤਵਪੂਰਨ ਠੇਕੇਦਾਰ ਹੈ, ਜਿਸ ਨੂੰ ਚੰਦਰਮਾ 'ਤੇ ਪੁਲਾੜ ਯਾਤਰੀ ਉਤਾਰਣ ਦਾ ਕੰਮ ਸੌਂਪਿਆ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)