ਕੀ ਤੁਸੀਂ ਚੰਦ 'ਤੇ ਜਾ ਕੇ ਰਹਿ ਸਕਦੇ ਹੋ, ਜਾਣੋ ਇਨਸਾਨਾਂ ਲਈ ਉੱਥੇ ਰਹਿਣਾ ਅਸਾਨ ਹੋਵੇਗਾ ਜਾਂ ਮੁਸ਼ਕਿਲ

ਤਸਵੀਰ ਸਰੋਤ, Getty Images
- ਲੇਖਕ, ਰਿਚਰਡ ਹੋਲਿੰਗਮ
- ਪੜ੍ਹਨ ਦਾ ਸਮਾਂ: 9 ਮਿੰਟ
ਜਦੋਂ ਆਉਣ ਵਾਲੇ ਸਾਲਾਂ ਵਿੱਚ ਆਰਟੇਮਿਸ ਮਿਸ਼ਨ ਚੰਦ 'ਤੇ ਉਤਰੇਗਾ, ਤਾਂ ਇਸਦੇ ਚਾਲਕ ਦਲ ਨੂੰ ਇੱਕ ਚੁਣੌਤੀਪੂਰਨ ਵਾਤਾਵਰਣ ਅਤੇ ਬਹੁਤ ਜ਼ਿਆਦਾ ਇਕੱਲਤਾ ਨਾਲ ਜੂਝਣਾ ਪਵੇਗਾ। ਚੰਦ ਦੇ ਇੱਕਲੇਪਣ ਵਿੱਚ ਬਚੇ ਰਹਿਣ ਲਈ ਇਨ੍ਹਾਂ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਹੋਵੇਗੀ?
ਨਾਸਾ ਦੇ ਪੁਲਾੜ ਯਾਤਰੀ ਵਿਕਟਰ ਗਲੋਵਰ ਕਹਿੰਦੇ ਹਨ, "ਪੁਲਾੜ ਵਾਕਈ ਬਹੁਤ ਚੁਣੌਤੀਪੂਰਨ ਹੈ। ਅਸੀਂ ਭਾਵੇਂ ਅਕਸਰ ਇਸ ਬਾਰੇ ਗੱਲ ਨਹੀਂ ਕਰਦੇ ਪਰ ਇਹ ਦਿਖਣ ਨਾਲੋਂ ਕਿਤੇ ਜ਼ਿਆਦਾ ਔਖਾ ਹੈ।"
ਮੈਂ ਵਿਕਟਰ ਨਾਲ ਸਟਾਰਲਾਈਨਰ ਸਪੇਸ ਕਰਾਫ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਬਦਕਿਸਮਤ ਮਿਸ਼ਨ ਤੋਂ ਠੀਕ ਪਹਿਲਾਂ ਗੱਲ ਕੀਤੀ ਸੀ। ਬਾਅਦ ਵਿੱਚ, ਜਦੋਂ ਡੌਕਿੰਗ ਦੌਰਾਨ ਕੈਪਸੂਲ ਦਾ ਥ੍ਰਸਟਰ ਸਿਸਟਮ ਫੇਲ੍ਹ ਹੋ ਗਿਆ, ਤਾਂ ਚਾਲਕ ਦਲ ਅੱਠ ਮਹੀਨਿਆਂ ਲਈ ਪੁਲਾੜ ਵਿੱਚ ਫਸਿਆ ਰਿਹਾ। ਜੋ ਕਿ ਗਲੋਵਰ ਦੀ ਗੱਲ ਨੂੰ ਸਹੀ ਸਾਬਤ ਕਰਦਾ ਹੈ।
ਇਹ ਪੁਲਾੜ ਯਾਤਰੀ ਜਲਦੀ ਹੀ ਆਰਟੇਮਿਸ-II ਦਾ ਕੰਟਰੋਲ ਸੰਭਾਲਦੇ ਹੋਏ ਚੰਦ ਤੋਂ ਪਾਰ ਜਾਣ ਵਾਲੇ ਪਹਿਲੇ ਮਨੁੱਖੀ ਓਰੀਅਨ ਕੈਪਸੂਲ ਦਾ ਸੰਚਾਲਨ ਕਰਨਗੇ। ਜਿੱਥੋਂ ਤੱਕ ਮਨੁੱਖ ਪਹਿਲਾਂ ਕਦੇ ਨਹੀਂ ਗਿਆ। 10 ਦਿਨਾਂ ਤੱਕ, ਗਲੋਵਰ ਆਪਣੇ ਤਿੰਨ ਸਾਥੀਆਂ ਦੇ ਨਾਲ ਦਬਾਅ ਵਾਲੇ ਇੱਕ ਛੋਟੇ ਜਿਹੇ ਕੈਬਿਨ ਵਿੱਚ ਰਹਿਣਗੇ।
ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਹਲਕੇ ਵਿੱਚ ਨਹੀਂ ਲੈਂਦੇ। ਉਹ ਕਹਿੰਦੇ ਹਨ, "ਸਾਡੇ ਕੋਲ ਪਾਣੀ ਦਾ ਇੱਕ ਟੈਂਕ ਹੈ, ਅਤੇ ਜਦੋਂ ਅਸੀਂ ਉਹ ਪਾਣੀ ਪੀਂਦੇ ਹਾਂ, ਉਹ ਖ਼ਤਮ ਹੋ ਜਾਂਦਾ ਹੈ। ਸਾਡੇ ਕੋਲ ਭੋਜਨ ਹੈ, ਅਤੇ ਜਦੋਂ ਅਸੀਂ ਉਹ ਖਾਂਦੇ ਹਾਂ, ਉਹ ਖ਼ਤਮ ਹੋ ਜਾਂਦਾ ਹੈ - ਕੋਈ ਵੀ ਸਾਨੂੰ ਦੁਬਾਰਾ ਸਪਲਾਈ ਵਾਲਾ ਜਹਾਜ਼ ਨਹੀਂ ਭੇਜ ਰਿਹਾ।"
ਰੋਜ਼ਾਨਾ ਦੀਆਂ ਸਭ ਤੋਂ ਸਧਾਰਨ ਗਤੀਵਿਧੀਆਂ ਵੀ ਇੱਕ ਚੁਣੌਤੀ ਅਤੇ ਸੰਭਾਵੀ ਪਰੇਸ਼ਾਨੀ ਬਣ ਜਾਣਗੀਆਂ।
ਉਹ ਕਹਿੰਦੇ ਹਨ, "ਨਿੱਜਤਾ ਵਰਗੀ ਕੋਈ ਚੀਜ਼ ਨਹੀਂ ਹੈ। ਤੁਸੀਂ ਵੇਸਟ ਅਤੇ ਹਾਈਜੀਨ ਕੰਪਾਰਟਮੈਂਟ (ਪਖਾਨੇ) ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਸਕਦੇ ਹੋ, ਪਰ ਜਿਵੇਂ ਹੀ ਤੁਸੀਂ ਮਸ਼ੀਨ ਚਲਾਉਂਦੇ ਹੋ, ਤੁਸੀਂ ਸਾਰਿਆਂ ਨੂੰ ਜਗਾ ਦਿੰਦੇ ਹੋ - ਇਹ ਇੰਜਣ ਤੋਂ ਇਲਾਵਾ ਸਭ ਤੋਂ ਉੱਚੀ ਆਵਾਜ਼ ਵਾਲੀ ਚੀਜ਼ ਹੈ।"
"ਇਹ ਉਹ ਚੀਜ਼ਾਂ ਹਨ ਜਿਨ੍ਹਾਂ ਲਈ ਵੱਖਰੇ ਤਰ੍ਹਾਂ ਦੀਆਂ ਮਨੋਵਿਗਿਆਨਕ ਤਿਆਰੀਆਂ ਦੀ ਲੋੜ ਪਵੇਗੀ।"
ਆਰਟੇਮਿਸ-II ਚੰਦ 'ਤੇ ਮਨੁੱਖਤਾ ਦੀ ਵਾਪਸੀ ਵੱਲ ਪਹਿਲਾ ਕਦਮ ਹੈ। ਅਮਰੀਕਾ ਦੀ ਅਗਵਾਈ ਵਾਲੇ ਭਵਿੱਖ ਦੇ ਮਿਸ਼ਨ ਮਨੁੱਖਾਂ ਨੂੰ ਚੰਦ ਦੀ ਸਤ੍ਹਾ 'ਤੇ ਉਤਾਰਣਗੇ ਅਤੇ ਇਸਦੇ ਦੱਖਣੀ ਧਰੁਵ ਦੇ ਨੇੜੇ ਇੱਕ ਟਿਕਾਣਾ ਬਣਾਉਣਗੇ। ਪੁਲਾੜ ਯਾਤਰੀ ਧਰਤੀ ਤੋਂ ਕਈ ਦਿਨਾਂ ਦੀ ਦੂਰੀ 'ਤੇ ਹੋਣਗੇ, ਮਹੀਨਿਆਂ ਤੱਕ ਸਿਰਫ਼ ਆਪਣੇ ਸਹਿਯੋਗੀਆਂ ਦੇ ਨਾਲ ਇੱਕ ਬੰਦ ਜਗ੍ਹਾ ਵਿੱਚ ਰਹਿਣਗੇ। ਬਾਹਰ ਦਾ ਮਾਹੌਲ ਧੂੜ ਭਰਿਆ ਅਤੇ ਹਵਾ ਰਹਿਤ ਹੋਵੇਗਾ, ਜਿੱਥੇ ਤਾਪਮਾਨ ਬਹੁਤ ਜ਼ਿਆਦਾ ਹੋਵੇਗਾ ਅਤੇ ਖ਼ਤਰਨਾਕ ਰੇਡੀਏਸ਼ਨ ਵੀ ਹੋ ਸਕਦੀ ਹੈ।

ਤਸਵੀਰ ਸਰੋਤ, NASA/Getty Images
ਚੰਦ ਦੀ ਯਾਤਰਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਹੁਤ ਮੁਸ਼ਕਿਲ ਹੋਣ ਵਾਲੀ ਹੈ, ਅਤੇ ਇਸ ਕੰਮ ਲਈ ਸਹੀ ਲੋਕਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ।
ਸਰਗੀ ਵੈਕਰ ਅਰਾਊਜੋ ਯੂਰਪੀਅਨ ਸਪੇਸ ਏਜੰਸੀ (ਈਐਸਏ) ਵਿੱਚ ਸਪੇਸ ਮੈਡੀਸਨ ਟੀਮ ਦੇ ਮੁਖੀ ਅਤੇ ਭਵਿੱਖ ਦੇ ਚੰਦਰ ਮਿਸ਼ਨਾਂ ਲਈ ਪੁਲਾੜ ਯਾਤਰੀਆਂ ਦੀ ਚੋਣ ਦੇ ਨਿਗਰਾਨ ਹਨ।
ਉਹ ਕਹਿੰਦੇ ਹਨ, "ਪੁਲਾੜ ਯਾਤਰੀ ਦੀ ਚੋਣ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਤੁਸੀਂ ਕਿਸੇ ਇੱਕ ਖੇਤਰ ਵਿੱਚ ਪਰਮ-ਮਾਨਵ ਦੀ ਭਾਲ ਨਹੀਂ ਕਰ ਰਹੇ। ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਭਾਲ ਕਰ ਰਹੇ ਹੋ ਜੋ ਸਾਰੇ ਖੇਤਰਾਂ ਵਿੱਚ ਚੰਗਾ ਹੋਵੇ - ਅਤੇ ਅਜਿਹਾ ਸ਼ਖ਼ਸ ਲੱਭਣਾ ਬਹੁਤ ਔਖਾ ਹੈ।"
ਜਦੋਂ ਨਾਸਾ ਨੇ 1950 ਦੇ ਦਹਾਕੇ ਵਿੱਚ ਆਪਣੇ ਪਹਿਲੇ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਸੀ, ਤਾਂ ਸਾਰੇ ਉਮੀਦਵਾਰ ਟੈਸਟ ਪਾਇਲਟ ਸਨ ਜੋ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਸਨ। ਚੋਣ ਦੌਰਾਨ, ਇਨ੍ਹਾਂ ਮਰਦਾਂ (ਉਹ ਸਾਰੇ ਮਰਦ ਹੀ ਸਨ) ਨੂੰ ਹਫ਼ਤਿਆਂ ਤੱਕ ਟੈਸਟਾਂ ਵਿੱਚੋਂ ਗੁਜ਼ਰਨਾ ਪਿਆ - ਜਿਸ ਵਿੱਚ ਫੇਫੜਿਆਂ ਦੀ ਸਮਰੱਥਾ ਤੋਂ ਲੈ ਕੇ ਨਜ਼ਰ ਤੱਕ, ਪੇਟ ਦੀ ਸਫਾਈ ਤੋਂ ਲੈ ਕੇ ਸਪਰਮ ਕਾਊਂਟ ਤੱਕ ਸਭ ਕੁਝ ਸ਼ਾਮਲ ਸੀ। ਜੋ ਸਫਲ ਹੋਏ, ਉਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਨ੍ਹਾਂ ਕੋਲ "ਸਹੀ ਗੁਣ" ਸਨ।
ਅੱਜ ਦੇ ਪੁਲਾੜ ਯਾਤਰੀਆਂ ਲਈ ਹੁਣ ਇੰਨਾ ਜ਼ਿਆਦਾ ਫਿੱਟ ਹੋਣਾ ਜ਼ਰੂਰੀ ਨਹੀਂ ਹੈ, ਪਰ ਫਿਰ ਵੀ ਉਨ੍ਹਾਂ ਨੂੰ ਕੁਝ ਸਰੀਰਕ ਮਾਪਦੰਡ ਪੂਰੇ ਕਰਨੇ ਪੈਂਦੇ ਹਨ।
ਉਹ ਕਹਿੰਦੇ ਹਨ, "ਕਿਸੇ ਵੀ ਕਿਸਮ ਦੀ ਪੁਰਾਣੀ ਬਿਮਾਰੀ ਜੋ ਮਿਸ਼ਨ ਦੌਰਾਨ ਕੰਮ ਵਿੱਚ ਰੁਕਾਵਟ ਪਾਉਂਦੀ ਹੈ, ਉਸ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।"
ਇਸ ਲਈ, ਹਾਲਾਂਕਿ ਨੇੜੇ ਦੀ ਨਜ਼ਰ ਕਮਜ਼ੋਰ ਹੋਣਾ ਸਵੀਕਾਰ ਕੀਤਾ ਜਾ ਸਕਦਾ ਹੈ, ਪਰ ਫੇਫੜਿਆਂ ਦੀਆਂ ਸਥਿਤੀਆਂ (ਜਿਵੇਂ ਕਿ ਦਮਾ), ਦਿਲ ਦੀ ਧੜਕਣ ਵਿੱਚ ਗੜਬੜ ਜਾਂ ਰੰਗ ਨਾ ਦੇਖ ਸਕਣਾ ਸਭ ਤੋਂ ਵੱਧ ਯੋਗ ਉਮੀਦਵਾਰਾਂ ਨੂੰ ਵੀ ਬਾਹਰ ਕਰ ਸਕਦੀ ਹੈ।
ਵੈਕਰ ਅਰਾਊਜੋ ਕਹਿੰਦੇ ਹਨ, "ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਇੱਕ ਖੋਜ ਮਿਸ਼ਨ 'ਤੇ ਹਾਂ ਅਤੇ ਸਾਡੇ ਕੋਲ ਉਹ ਡਾਕਟਰੀ ਸਹੂਲਤਾਂ ਨਹੀਂ ਹਨ ਜੋ ਧਰਤੀ 'ਤੇ ਹਨ। ਖ਼ਤਰੇ ਨੂੰ ਘਟਾਉਣ ਲਈ, ਸਾਨੂੰ ਚੰਗੀ ਤਰ੍ਹਾਂ ਜਾਂਚੇ ਹੋਏ ਲੋਕ ਚਾਹੀਦੇ ਹਨ - ਜੇਕਰ ਮਿਸ਼ਨ ਦੌਰਾਨ ਤੁਹਾਨੂੰ ਦਮੇ ਦਾ ਦੌਰਾ ਪੈਂਦਾ ਹੈ, ਤਾਂ ਅਸੀਂ ਉਸਦਾ ਇਲਾਜ ਨਹੀਂ ਕਰ ਸਕਾਂਗੇ।"
ਕਿਹੋ ਜਿਹੀ ਕੀਤੀ ਜਾਂਦੀ ਹੈ ਜਾਂਚ
ਹਾਲਾਂਕਿ ਇਹ ਬਹੁਤ ਸਾਰੇ ਸੰਭਾਵੀ ਉਮੀਦਵਾਰਾਂ ਨੂੰ ਬਾਹਰ ਕਰ ਸਕਦਾ ਹੈ, ਪਰ ਜ਼ਿਆਦਾਤਰ ਵਾਜਬ ਤੌਰ 'ਤੇ ਫਿੱਟ ਲੋਕਾਂ ਕੋਲ ਸਰੀਰਕ ਟੈਸਟ ਪਾਸ ਕਰਨ ਦਾ ਚੰਗਾ ਮੌਕਾ ਹੁੰਦਾ ਹੈ।
ਚੋਣ ਪ੍ਰਕਿਰਿਆ ਦਾ ਬਹੁਤਾ ਹਿੱਸਾ ਪੁਲਾੜ ਮਿਸ਼ਨਾਂ ਲਈ ਬੌਧਿਕ ਯੋਗਤਾਵਾਂ ਅਤੇ ਮਨੋਵਿਗਿਆਨਕ ਅਨੁਕੂਲਤਾ ਦੇ ਮੁਲਾਂਕਣ ਬਾਰੇ ਹੈ।
ਪਹਿਲੇ ਪੁਲਾੜ ਯਾਤਰੀ ਬਹੁਤ ਜ਼ਿਆਦਾ ਮੁਕਾਬਲਿਆਂ ਵਿੱਚੋਂ ਲੰਘ ਕੇ ਸਫ਼ਲ ਹੋਏ ਸਨ - "ਅਲਫ਼ਾ ਮੇਲ" - ਜੋ ਆਪਣੀ ਜਾਨ ਦਾਅ 'ਤੇ ਲਗਾਉਣ ਲਈ ਤਿਆਰ ਰਹਿੰਦੇ ਸਨ।
ਉਹ ਮਿਲਣ-ਜੁਲਣ ਲਈ ਦਿਲਚਸਪ ਲੋਕ ਸਨ ਪਰ ਜ਼ਰੂਰੀ ਨਹੀਂ ਕਿ ਉਨ੍ਹਾਂ ਨਾਲ ਕਿਸੇ ਬੰਦ ਜਗ੍ਹਾ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਇਆ ਜਾ ਸਕੇ। ਅੱਜ, ਦੂਜਿਆਂ ਨਾਲ ਮਿਲ ਕੇ ਕੰਮ ਕਰਨ ਦੀ ਯੋਗਤਾ ਇੱਕ ਪੁਲਾੜ ਯਾਤਰੀ ਦੇ ਸਭ ਤੋਂ ਮਹੱਤਵਪੂਰਨ ਗੁਣਾਂ ਵਿੱਚੋਂ ਇੱਕ ਹੈ।

ਤਸਵੀਰ ਸਰੋਤ, NASA
ਯੂਰਪੀ ਪੁਲਾੜ ਏਜੰਸੀ ਵੱਲੋਂ ਹਾਲ ਹੀ ਵਿੱਚ ਮੁਕੰਮਲ ਕੀਤੀ ਗਈ ਪੁਲਾੜ ਯਾਤਰੀਆਂ ਦੀ ਚੋਣ ਪ੍ਰਕਿਰਿਆ ਦੌਰਾਨ, ਉਮੀਦਵਾਰਾਂ ਦੀ ਟੀਮ ਦੀ ਚੁਣੌਤੀਆਂ ਦੌਰਾਨ ਜਾਂਚ ਕੀਤੀ ਗਈ ਸੀ।
ਵੈਕਰ ਅਰਾਊਜੋ ਕਹਿੰਦੇ ਹਨ, "ਟੀਮ ਦੀ ਸਫ਼ਲਤਾ ਨਿੱਜੀ ਸਫ਼ਲਤਾ ਨਾਲੋਂ ਵੱਧ ਮਹੱਤਵਪੂਰਨ ਸੀ। ਜਿੱਥੇ ਸਫਲ ਹੋਣ ਲਈ, ਤੁਹਾਨੂੰ ਟੀਮ ਦੇ ਫਾਇਦੇ ਲਈ ਹਾਰਨਾ ਪੈਂਦਾ ਸੀ।"
ਇਹ ਪਤਾ ਲਾਉਣ ਦਾ ਇੱਕ ਹੋਰ ਤਰੀਕਾ ਕਿ ਕੀ ਤੁਹਾਡੇ ਵਿੱਚ ਚੰਦ 'ਤੇ ਜਾਣ ਦਾ ਦਮ ਹੈ, ਧਰਤੀ ਦੇ ਸਿਰਿਆਂ (ਦੂਰ-ਦਰਾਡੇ ਇਲਾਕਿਆਂ) ਉੱਤੇ ਰਹਿਣ ਦੀ ਕੋਸ਼ਿਸ਼ ਕਰਨਾ ਹੈ।
ਬ੍ਰਿਟਿਸ਼ ਸਰਜਨ ਨੀਨਾ ਪੁਰਵਿਸ ਹਾਲ ਹੀ ਵਿੱਚ ਅੰਟਾਰਕਟਿਕਾ ਵਿੱਚ ਫ੍ਰੈਂਚ ਇਟਾਲਅਨ ਕੌਨਕੋਰਡੀਆ ਰਿਸਰਚ ਸਟੇਸ਼ਨ ਤੋਂ ਵਾਪਸ ਆਏ ਹਨ। ਉਹ ਯੂਰਪੀ ਪੁਲਾੜ ਏਜੰਸੀ ਦੇ ਖੋਜ ਪ੍ਰੋਗਰਾਮ ਦੇ ਹਿੱਸੇ ਵਜੋਂ ਚੁਣੇ ਗਏ ਸਨ। ਉਨ੍ਹਾਂ ਨੇ ਪੂਰੀਆਂ ਸਰਦੀਆਂ ਸਿਰਫ 12 ਹੋਰ ਜਣਿਆਂ ਨਾਲ ਬਿਤਾਈਆਂ।
ਟੀਮ ਵਿੱਚ ਰਹਿਣਾ ਆਉਣਾ ਜ਼ਰੂਰੀ
ਪੁਰਵਿਸ ਕਹਿੰਦੇ ਹਨ, "ਇਸਨੂੰ ਚਿੱਟਾ ਮੰਗਲ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਵੱਖਰਾ, ਸੀਮਤ ਅਤੇ ਬਹੁਤ ਕਠਿਨ ਵਾਤਾਵਰਣ ਹੈ। ਧਰੁਵੀ ਰਾਤ ਦੌਰਾਨ ਉੱਥੇ ਸੂਰਜ ਦੀ ਰੌਸ਼ਨੀ ਨਹੀਂ ਹੁੰਦੀ ਅਤੇ ਤਾਪਮਾਨ ਹਰ ਰੋਜ਼ ਲਗਭਗ -80 ਡਿਗਰੀ ਸੈਲਸੀਅਸ (-112 ਫਾਰਨਹੀਟ) ਤੱਕ ਪਹੁੰਚ ਸਕਦਾ ਹੈ।"
ਉਹ ਕਹਿੰਦੀ ਹੈ, "ਫਰਵਰੀ ਤੋਂ ਨਵੰਬਰ ਤੱਕ ਸਟੇਸ਼ਨ ਪੂਰੀ ਤਰ੍ਹਾਂ ਕੱਟਿਆ ਰਹਿੰਦਾ ਹੈ, ਇਸ ਲਈ ਸਾਨੂੰ ਭੋਜਨ, ਬਾਲਣ ਅਤੇ ਡਾਕਟਰੀ ਦੇਖਭਾਲ ਦੇ ਮਾਮਲੇ ਵਿੱਚ ਆਤਮ-ਨਿਰਭਰ ਹੋਣਾ ਪੈਂਦਾ ਹੈ। ਜੇਕਰ ਕੋਈ ਬਿਮਾਰ ਹੁੰਦਾ ਹੈ, ਤਾਂ ਉੱਥੇ ਮੈਂ ਅਤੇ ਐਮਰਜੈਂਸੀ ਮੈਡੀਸਨ ਵਿੱਚ ਇੱਕ ਸੀਨੀਅਰ ਡਾਕਟਰ ਹੁੰਦੇ ਹਾਂ ਅਤੇ ਅਸੀਂ ਕਿਸੇ ਵੀ ਮਰੀਜ਼ ਦਾ ਇਲਾਜ ਕਰਨ ਲਈ ਮਿਲ ਕੇ ਕੰਮ ਕਰਦੇ ਹਾਂ।"
ਨੀਨਾ ਪੁਰਵਿਸ ਅਨੁਸਾਰ, "ਤੁਹਾਨੂੰ ਨਾਲ ਕੰਮ ਕਰਨ ਲਈ ਇੱਕ ਖੁਸ਼ਮਿਜ਼ਾਜ ਵਿਅਕਤੀ ਹੋਣਾ ਚਾਹੀਦਾ ਹੈ, ਇਹ ਸਭ ਤੋਂ ਪਹਿਲੀ ਸ਼ਰਤ ਹੈ।"
ਖੁਸ਼ਕਿਸਮਤੀ ਨਾਲ, ਕੌਨਕੋਰਡੀਆ ਵਿੱਚ ਐਮਰਜੈਂਸੀ ਬਹੁਤ ਘੱਟ ਹੁੰਦੀ ਹੈ, ਅਤੇ ਪੁਰਵਿਸ ਨੇ ਆਪਣਾ ਜ਼ਿਆਦਾਤਰ ਸਮਾਂ ਪ੍ਰਯੋਗ ਕਰਨ ਵਿੱਚ ਬਿਤਾਇਆ। ਕੁਝ ਪ੍ਰਯੋਗ ਉਨ੍ਹਾਂ ਨੇ ਆਪਣੇ ਸਾਥੀਆਂ 'ਤੇ ਵੀ ਕੀਤੇ। ਇੱਕ ਵੱਖਰੇ ਭਾਈਚਾਰੇ ਨਾਲ ਰਹਿਣ ਦੌਰਾਨ ਪੇਟ ਦੀ ਸਿਹਤ ਕਿਵੇਂ ਰਹਿੰਦੀ ਹੈ, ਤੋਂ ਇਲਾਵਾ ਉਨ੍ਹਾਂ ਕਈ ਅਧਿਐਨ ਮਾਨਸਿਕ ਤੰਦਰੁਸਤੀ ਬਾਰੇ ਵੀ ਕੀਤੇ।
ਅੰਟਾਰਕਟਿਕਾ ਵਿੱਚ ਕੰਮ ਕਰਨ ਲਈ ਚੁਣੇ ਗਏ ਕਿਸੇ ਵੀ ਵਿਅਕਤੀ ਨੂੰ ਪੁਲਾੜ ਯਾਤਰੀਆਂ ਵਾਂਗ ਹੀ ਚੋਣ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ, ਇਸ ਲਈ ਉਹਨਾਂ ਦੇ ਮੂਡ ਅਤੇ ਲਚਕੀਲੇਪਣ ਨੂੰ ਸੁਧਾਰਨ ਦੇ ਤਰੀਕਿਆਂ ਦੀ ਜਾਂਚ ਕਰਨਾ ਭਵਿੱਖ ਦੇ ਪੁਲਾੜ ਮਿਸ਼ਨਾਂ ਵਿੱਚ ਮਦਦਗਾਰ ਹੋ ਸਕਦਾ ਹੈ।

ਪੁਰਵਿਸ ਕਹਿੰਦੀ ਹੈ, "ਤੁਹਾਨੂੰ ਨਾਲ ਕੰਮ ਕਰਨ ਲਈ ਇੱਕ ਵਧੀਆ ਇਨਸਾਨ ਹੋਣਾ ਚਾਹੀਦਾ ਹੈ, ਇਹ ਪਹਿਲੀ ਗੱਲ ਹੈ। ਤੁਹਾਨੂੰ ਦਬਾਅ, ਤਣਾਅ ਅਤੇ ਅਨਿਸ਼ਚਿਤਤਾ ਨਾਲ ਨਜਿੱਠਣਾ ਪੈਂਦਾ ਹੈ ਅਤੇ ਫਿਰ ਵੀ ਆਪਣਾ ਕੰਮ ਕਰਕੇ ਦਿਖਾਉਣ ਦੇ ਯੋਗ ਹੋਣਾ ਚਾਹੀਦਾ ਹੈ। ਤੁਸੀਂ ਹਰ ਸਥਿਤੀ ਲਈ ਸਿਖਲਾਈ ਲੈ ਸਕਦੇ ਹੋ ਪਰ ਕੁਝ ਅਜਿਹਾ ਜ਼ਰੂਰ ਹੋਵੇਗਾ ਜਿਸਦੀ ਅਸੀਂ ਭਵਿੱਖਬਾਣੀ ਨਹੀਂ ਕਰ ਸਕਦੇ।"
ਧਰੁਵ ਉੱਤੇ ਕੀਤੇ ਦਹਾਕਿਆਂ ਦੀ ਖੋਜ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਜਿੱਥੇ ਕਦੇ-ਕਦੇ ਉਤਸ਼ਾਹ ਹੁੰਦਾ ਹੈ, ਉੱਥੇ ਬੋਰੀਅਤ ਇੱਕ ਗੰਭੀਰ ਵਿਸ਼ਾ ਹੈ। ਪੁਰਵਿਸ ਕਹਿੰਦੀ ਹੈ, "ਵਾਤਾਵਰਣ ਦੇ ਲਿਹਾਜ਼ ਨਾਲ ਇੱਥੇ ਬਹੁਤੀ ਹਲਚਲ ਨਹੀਂ ਹੈ, ਇਸ ਲਈ ਇਹ ਬਹੁਤ ਇਕਸਾਰਤਾ ਹੈ। ਤੁਸੀਂ ਹਰ ਵੇਲੇ ਆਪਣੇ ਕਮਰੇ ਵਿੱਚ ਹਨੇਰੇ ਵਿੱਚ ਬੈਠ ਕੇ ਨੈੱਟਫਲਿਕਸ ਨਹੀਂ ਦੇਖਣਾ ਚਾਹੋਗੇ।"
ਪੁਰਵਿਸ ਦੇ ਪ੍ਰਯੋਗਾਂ ਵਿੱਚੋਂ ਇੱਕ ਮਾਈਂਡਫੁਲਨੈੱਸ (ਸੁਚੇਤਤਾ) ਉੱਤੇ ਸੀ। ਪਿਛਲੀ ਖੋਜ ਦੇ ਆਧਾਰ 'ਤੇ, ਉਹ ਚਾਲਕ ਦਲ ਨੂੰ ਅਜਿਹੀਆਂ ਗਤੀਵਿਧੀਆਂ ਲਈ ਇਕੱਠਾ ਕਰਦੀ ਸੀ ਜਿਸ ਵਿੱਚ ਯੋਗਾ, ਲੈਗੋ ਨਿਰਮਾਣ ਅਤੇ ਚਿੱਤਰਕਾਰੀ ਸ਼ਾਮਲ ਹੁੰਦੀ ਸੀ।
ਧਰੁਵਾਂ ਉੱਤੇ ਜਾਰੀ ਦਹਾਕਿਆਂ ਦੀ ਖੋਜ

ਤਸਵੀਰ ਸਰੋਤ, Getty Images
ਪੁਰਵਿਸ ਕਹਿੰਦੀ ਹੈ, "ਸਾਨੂੰ ਅਜੇ ਸਾਰੇ ਨਤੀਜੇ ਨਹੀਂ ਮਿਲੇ ਹਨ, ਪਰ ਮੈਨੂੰ ਲੱਗਿਆ ਕਿ ਇਸ ਨਾਲ ਮੈਨੂੰ ਫਾਇਦਾ ਹੋਇਆ ਹੈ, ਅਤੇ ਟੀਮ ਅਸਲ ਵਿੱਚ ਇਹ ਸਰਗਰਮੀਆਂ ਦੀ ਉਡੀਕ ਕਰਦੀ ਸੀ ਅਤੇ ਇਨ੍ਹਾਂ ਨੇ ਉਨ੍ਹਾਂ ਨੂੰ ਜੋੜਿਆ। ਇਹ ਉਸ ਤਰ੍ਹਾਂ ਦਾ ਪ੍ਰਯੋਗ ਹੈ ਜਿਸ ਵਿੱਚ ਖਰਚਾ ਘੱਟ ਪਰ ਫਾਇਦਾ ਬਹੁਤ ਜ਼ਿਆਦਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਉਹ ਭਵਿੱਖ ਵਿੱਚ ਪੁਲਾੜ ਯਾਤਰੀਆਂ ਦੀ ਸਮਾਂ-ਸਾਰਨੀ ਵਿੱਚ ਇਸਨੂੰ ਯਕੀਨੀ ਤੌਰ 'ਤੇ ਲਾਗੂ ਕਰਨਗੇ।"
ਸਿਰਫ਼ ਪੁਲਾੜ ਏਜੰਸੀਆਂ ਹੀ ਮੂਨਬੇਸ ਵਿੱਚ ਰਹਿਣ ਦੇ ਪ੍ਰਯੋਗ ਨਹੀਂ ਕਰ ਰਹੀਆਂ ਹਨ।
ਸਤੰਬਰ 2020 ਵਿੱਚ ਜਦੋਂ ਕੋਵਿਡ ਮਹਾਂਮਾਰੀ ਆਪਣੇ ਪੂਰੇ ਸਿਖਰ ਉੱਤੇ ਸੀ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਦੂਜਿਆਂ ਤੋਂ ਅਲੱਗ ਰਹਿ ਕੇ ਅੱਕ ਚੁੱਕੇ ਸਨ। ਚੌਵੀ ਸਾਲਾ ਨਕਸ਼ਾਨਵੀਸ ਸੇਬੇਸਟੀਅਨ ਅਰਿਸਟੋਟੇਲਿਸ ਅਤੇ ਉਸਦੇ 22 ਸਾਲਾ ਸਾਥੀ ਕਾਰਲ-ਜੋਹਾਨ ਸੋਰੇਨਸਨ ਨੇ ਆਪਣੇ ਇੱਕ ਮਿਸ਼ਨ ਦੀ ਸ਼ੁਰੂਆਤ ਕੀਤੀ।
ਮੰਗਲ ਗ੍ਰਹਿ ਦੇ ਰਿਹਾਇਸ਼ੀ ਡਿਜ਼ਾਈਨ ਦਾ ਮੁਕਾਬਲਾ ਜਿੱਤਣ ਤੋਂ ਬਾਅਦ, ਉਨ੍ਹਾਂ ਨੇ ਚੰਦਰਮਾ ਦੇ ਰਿਹਾਇਸ਼ੀ ਸਥਾਨ ਦਾ ਇੱਕ ਨਮੂਨਾ (ਪ੍ਰੋਟੋਟਾਈਪ) ਬਣਾਉਣ ਅਤੇ ਉੱਤਰੀ ਗ੍ਰੀਨਲੈਂਡ ਵਿੱਚ 60 ਦਿਨਾਂ ਤੱਕ ਇਸ ਵਿੱਚ ਰਹਿਣ ਦਾ ਫੈਸਲਾ ਕੀਤਾ।
ਅਰਿਸਟੋਟੇਲਿਸ ਨੇ ਦੱਸਿਆ, "ਅਸੀਂ ਫੈਸਲਾ ਕੀਤਾ ਕਿ ਅਸੀਂ ਹੁਣ ਹੋਰ ਕਾਗਜ਼ੀ ਡਿਜ਼ਾਈਨ ਨਹੀਂ ਬਣਾਉਣਾ ਚਾਹੁੰਦੇ। ਲੋਕ ਪਹਿਲਾਂ ਹੀ ਸਾਨੂੰ ਪਾਗਲ ਸਮਝਦੇ ਸਨ, ਅਤੇ ਮੈਨੂੰ ਇਹ ਦੇਖਣ ਦੀ ਲੋੜ ਸੀ ਕਿ ਅਸੀਂ ਅਸਲ ਵਿੱਚ ਕੁਝ ਬਣਾ ਸਕਦੇ ਹਾਂ ਤਾਂ ਜੋ ਮੈਨੂੰ ਯਕੀਨ ਹੋ ਸਕੇ ਕਿ ਮੈਂ ਸਿਰਫ਼ ਇੱਕ ਸ਼ੇਖਚਿੱਲੀ ਨਹੀਂ ਸੀ।"
ਜਦੋਂ ਉਹਨਾਂ ਨੂੰ ਡੈਨਿਸ਼ ਨੇਵੀ ਉਨ੍ਹਾਂ ਨੂੰ ਪ੍ਰਯੋਗ ਵਾਲੀ ਥਾਂ ਛੱਡ ਰਹੀ ਸੀ, ਉਦੋਂ ਹੀ ਅਰਿਸਟੋਟੇਲਿਸ ਨੂੰ ਕੁਝ ਸ਼ੱਕ ਹੋਇਆ। ਉਹ ਕਹਿੰਦਾ ਹੈ, "ਮੈਂ ਇਸ ਬੰਜਰ ਇਲਾਕੇ ਵਿੱਚ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਦੇਖਿਆ ਅਤੇ ਉਹ ਪਹਿਲੀ ਵਾਰ ਸੀ ਜਦੋਂ ਮੈਨੂੰ ਲੱਗਿਆ ਕਿ ਅਸੀਂ ਕਿਸ ਚੀਜ਼ ਲਈ ਹਾਮੀ ਭਰੀ ਹੈ। ਸਾਰੀਆਂ ਖੁਸ਼ੀਆਂ ਅਤੇ ਉਤਸ਼ਾਹ ਭਾਫ਼ ਹੋ ਗਿਆ, ਅਤੇ ਇਹ ਬਿਲਕੁਲ ਸ਼ਾਂਤ ਪਲ ਸੀ... ਪਹਿਲੀ ਵਾਰ ਘਬਰਾਹਟ ਅਤੇ ਥੋੜ੍ਹੀ ਜਿਹੀ ਚਿੰਤਾ ਹੋ ਰਹੀ ਸੀ।"
ਕਾਰਬਨ ਫਾਈਬਰ ਤੋਂ ਬਣੇ ਅਤੇ ਸੋਲਰ ਪੈਨਲਾਂ ਨਾਲ ਢਕੇ ਹੋਏ, ਇਸ ਪਹਿਲਾਂ ਤੋਂ ਬਣੇ 'ਲੂਨਾਰਕ' ਮੂਨ ਬੇਸ ਨੂੰ ਓਰੀਗੈਮੀ (ਕਾਗਜ਼ ਮੋੜ ਕੇ ਕਲਾਕ੍ਰਿਤੀਆਂ ਬਣਾਉਣ ਦੀ ਜਪਾਨੀ ਕਲਾ) ਵਾਂਗ ਖੁੱਲ੍ਹਣ ਲਈ ਤਿਆਰ ਕੀਤਾ ਗਿਆ ਸੀ, ਪਰ ਇਸਨੂੰ ਇੰਨਾ ਮਜ਼ਬੂਤ ਹੋਣਾ ਚਾਹੀਦਾ ਸੀ ਕਿ ਉਹ ਧਰੁਵੀ ਭਾਲੂਆਂ ਦੇ ਹਮਲਿਆਂ ਦੇ ਸਾਹਮਣੇ ਟਿਕ ਸਕੇ (ਹਾਲਾਂਕਿ ਚੰਦ ਉੱਤੇ ਧਰੁਵੀ ਭਾਲੂਆਂ ਦੀ ਕੋਈ ਸਮੱਸਿਆ ਨਹੀਂ ਹੈ)।
ਹਾਲਾਂਕਿ ਇਹ ਸਿਰਫ ਕੁਝ ਮੀਟਰ ਚੌੜਾ ਸੀ, ਰਿਹਾਇਸ਼ ਦੇ ਅੰਦਰ ਉੱਪਰ ਦੀ ਉੱਪਰ ਤਿੰਨ ਹਿੱਸੇ ਬਣਾਏ ਗਏ ਸਨ ਤਾਂ ਜੋ ਸਾਥੀਆਂ ਕੋਲ ਆਪਣੀ ਨਿੱਜੀ ਜਗ੍ਹਾ ਹੋ ਸਕੇ। ਇੱਕ ਪ੍ਰਾਪਰਟੀ ਡੀਲਰ ਸ਼ਾਇਦ ਇਸਨੂੰ 'ਆਰਾਮਦਾਇਕ' ਕਹੇਗਾ। ਉਨ੍ਹਾਂ ਨੇ ਦਿਨ ਦੀ ਰੌਸ਼ਨੀ ਵਰਗਾ ਅਹਿਸਾਸ ਕਰਵਾਉਣ ਅਤੇ ਸਰੀਰ ਦੇ ਕੁਦਰਤੀ ਚੱਕਰ (ਸਰਕੇਡੀਅਨ ਰਿਦਮ) ਨੂੰ ਠੀਕ ਰੱਖਣ ਲਈ ਇੱਕ ਅੰਦਰੂਨੀ ਲਾਈਟਿੰਗ ਸਿਸਟਮ ਵੀ ਵਿਕਸਤ ਕੀਤਾ।
ਚੰਦ ਉੱਤੇ ਰਿਹਾਇਸ਼ ਦੇ ਡਿਜ਼ਾਈਨ

ਤਸਵੀਰ ਸਰੋਤ, Getty Images
ਅਰਿਸਟੋਟੇਲਿਸ ਕਹਿੰਦਾ ਹੈ, "ਪਹਿਲਾ ਦਿਨ ਬਹੁਤ ਘੁਟਣ ਵਾਲਾ ਸੀ, ਇੰਨਾ ਜ਼ਿਆਦਾ ਸਾਮਾਨ ਸੀ ਕਿ ਅਸੀਂ ਇਸ ਛੋਟੇ ਜਿਹੇ ਕੈਪਸੂਲ ਵਿੱਚ ਖੜ੍ਹੇ ਸੀ। ਫਿਰ ਕੁਝ ਦਿਨਾਂ ਬਾਅਦ ਜਦੋਂ ਅਸੀਂ ਸਹਿਜ ਹੋ ਗਏ, ਅਸੀਂ ਇੱਕ ਰੁਟੀਨ ਵਿੱਚ ਆ ਗਏ ਅਤੇ ਅਚਾਨਕ, ਕਿਉਂਕਿ ਬਾਹਰ ਦਾ ਮਾਹੌਲ ਬਹੁਤ ਕਠਿਨ ਅਤੇ ਡਰਾਉਣਾ ਸੀ, ਅੰਦਰ ਵਾਲੀ ਜਗ੍ਹਾ ਬਹੁਤ ਜਲਦੀ ਇੱਕ ਘਰ ਬਣ ਗਈ।"
ਇਸ ਪ੍ਰਯੋਗ ਦੇ ਨਤੀਜੇ ਵਜੋਂ, ਅਰਿਸਟੋਟੇਲਿਸ ਦਾ ਕਾਰੋਬਾਰ 'ਸਾਗਾ' ਹੁਣ ਦੋ ਮਹਾਂਦੀਪਾਂ ਵਿੱਚ ਕੰਮ ਕਰਦਾ ਹੈ, ਜੋ ਪੁਲਾੜ ਏਜੰਸੀਆਂ ਅਤੇ ਕੰਪਨੀਆਂ ਲਈ ਚੰਦਰਮਾ ਉੱਤੇ ਰਹਿਣ ਲਈ ਰਿਹਾਇਸ਼ਾਂ ਅਤੇ ਸਪੇਸ ਸਟੇਸ਼ਨ ਦੇ ਅੰਦਰੂਨੀ ਡਿਜ਼ਾਈਨ ਤਿਆਰ ਕਰਦਾ ਹੈ।
ਉਹ ਕਹਿੰਦਾ ਹੈ, "ਮੈਂ ਹਰ ਰੋਜ਼ ਉਸ ਮਿਸ਼ਨ ਬਾਰੇ ਸੋਚਦਾ ਹਾਂ। ਜੇ ਤੁਸੀਂ ਚੰਦ 'ਤੇ ਘਰ ਡਿਜ਼ਾਈਨ ਕਰਨ ਜਾ ਰਹੇ ਹੋ, ਤਾਂ ਤੁਹਾਨੂੰ ਅਜਿਹਾ ਅਨੁਭਵ ਪ੍ਰਾਪਤ ਕਰਨ ਦੀ ਸਖ਼ਤ ਕੋਸ਼ਿਸ਼ ਕਰਨੀ ਪਵੇਗੀ ਜੋ ਉਸ ਵਰਗਾ ਹੋਵੇ, ਜਿਸ ਵਿੱਚ ਉਹ ਸਾਰੀਆਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਅਤੇ ਸਮੱਸਿਆਵਾਂ ਹੋਣ ਜਿਨ੍ਹਾਂ ਦਾ ਤੁਸੀਂ ਹੱਲ ਲੱਭ ਸਕੋ।"
ਦੂਜੇ ਪਾਸੇ, ਗਲੋਵਰ ਨੇ ਨਾਸਾ ਦੀ ਚੰਦ 'ਤੇ ਵਾਪਸੀ ਲਈ ਸਾਲਾਂ ਤੱਕ ਸਿਖਲਾਈ ਲਈ ਹੈ ਅਤੇ ਸ਼ਾਇਦ ਇੱਕ ਦਿਨ ਉਹ ਉੱਥੇ ਰਹਿਣ ਵੀ ਜਾਣ। ਮੈਂ ਉਸਨੂੰ ਪੁੱਛਿਆ ਕਿ ਕੀ ਉਹ ਧਰਤੀ ਨੂੰ ਇੰਨੀ ਦੂਰ ਪਿੱਛੇ ਛੱਡਣ ਲਈ ਮਾਨਸਿਕ ਤੌਰ 'ਤੇ ਤਿਆਰ ਹੈ?
ਉਹ ਕਹਿੰਦਾ ਹੈ, "ਮੈਨੂੰ ਨਹੀਂ ਪਤਾ। ਇਹ ਮੈਨੂੰ ਉਦੋਂ ਪੁੱਛਿਓ ਜਦੋਂ ਮੈਂ ਵਾਪਸ ਆਵਾਂਗਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































