ਕੀ ਅਸਮਾਨ 'ਚੋਂ ਹੌਲੀ-ਹੌਲੀ ਗਾਇਬ ਹੋ ਰਹੇ ਹਨ ਤਾਰੇ, ਵਿਗਿਆਨੀਆਂ ਨੂੰ ਇਸ ਬਾਰੇ ਕੀ ਪਤਾ ਲੱਗਿਆ

ਤਸਵੀਰ ਸਰੋਤ, Anadolu via Getty Images
- ਲੇਖਕ, ਫਰਨਾਂਡੋ ਡੁਆਰਟੇ
- ਰੋਲ, ਬੀਬੀਸੀ ਵਰਲਡ ਸਰਵਿਸ
ਕੋਈ ਵੀ ਚੀਜ਼ ਹਮੇਸ਼ਾਂ ਲਈ ਨਹੀਂ ਰਹਿੰਦੀ, ਇੱਥੋਂ ਤੱਕ ਕਿ ਸਾਡਾ ਬ੍ਰਹਿਮੰਡ ਵੀ ਨਹੀਂ। ਪਿਛਲੇ ਦੋ ਦਹਾਕਿਆਂ ਤੋਂ ਖਗੋਲ ਵਿਗਿਆਨੀਆਂ ਨੂੰ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਸ਼ਾਇਦ ਬ੍ਰਹਿਮੰਡ ਦਾ ਸੁਨਹਿਰੀ ਦੌਰ ਹੁਣ ਲੰਘ ਚੁੱਕਿਆ ਹੈ।
ਇਸ ਦਾ ਇੱਕ ਵੱਡਾ ਸਬੂਤ ਇਹ ਹੈ ਕਿ ਹੁਣ ਨਵੇਂ ਤਾਰਿਆਂ ਦਾ ਜਨਮ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੋ ਰਿਹਾ ਹੈ।
ਇਸ ਦਾ ਮਤਲਬ ਇਹ ਨਹੀਂ ਹੈ ਕਿ ਬ੍ਰਹਿਮੰਡ ਵਿੱਚ ਤਾਰੇ ਖ਼ਤਮ ਹੋ ਰਹੇ ਹਨ। ਅਨੁਮਾਨਾਂ ਅਨੁਸਾਰ ਇਸ ਵਿੱਚ ਇੱਕ ਸੈਪਟੀਲੀਅਨ (ਯਾਨੀ ਕਿ 1 ਦੇ ਨਾਲ 24 ਜ਼ੀਰੋ) ਤਾਰੇ ਹੋ ਸਕਦੇ ਹਨ।
ਪਰ ਖਗੋਲ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਵੇਂ ਤਾਰੇ ਬਣਨ ਦੀ ਰਫ਼ਤਾਰ ਹੁਣ ਹੌਲੀ ਹੋ ਰਹੀ ਹੈ।
ਇੱਕ ਤਾਰੇ ਦਾ ਜਨਮ ਅਤੇ ਮੌਤ
ਵਿਗਿਆਨੀਆਂ ਅਨੁਸਾਰ ਬ੍ਰਹਿਮੰਡ ਲਗਭਗ 13.8 ਅਰਬ ਸਾਲ ਪੁਰਾਣਾ ਹੈ ਅਤੇ ਪਹਿਲੇ ਤਾਰੇ 'ਬਿਗ ਬੈਂਗ' ਦੇ ਕੁਝ ਸਮੇਂ ਬਾਅਦ ਹੀ ਬਣਨੇ ਸ਼ੁਰੂ ਹੋ ਗਏ ਸਨ।
ਦਰਅਸਲ, ਪਿਛਲੇ ਸਾਲ ਜੇਮਜ਼ ਵੈੱਬ ਸਪੇਸ ਟੈਲੀਸਕੋਪ ਨੇ ਸਾਡੀ ਆਪਣੀ ਗਲੈਕਸੀ 'ਮਿਲਕੀ ਵੇਅ' ਵਿੱਚ ਤਾਰਿਆਂ ਦੀ ਇੱਕ ਅਜਿਹੀ ਤਿਕੜੀ ਲੱਭੀ ਹੈ ਜਿਸ ਦੀ ਉਮਰ 13 ਅਰਬ ਸਾਲ ਤੋਂ ਵੀ ਵੱਧ ਮੰਨੀ ਜਾਂਦੀ ਹੈ।
ਤਾਰੇ ਅਸਲ ਵਿੱਚ ਗਰਮ ਗੈਸ ਦੇ ਵਿਸ਼ਾਲ ਗੋਲੇ ਹੁੰਦੇ ਹਨ ਜੋ ਸਾਰੇ ਇੱਕੋ ਤਰੀਕੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਹਨ।
ਇਹ ਪੁਲਾੜ ਦੀ ਧੂੜ ਅਤੇ ਗੈਸ ਦੇ ਵਿਸ਼ਾਲ ਬੱਦਲਾਂ ਵਿੱਚ ਬਣਦੇ ਹਨ ਜਿਨ੍ਹਾਂ ਨੂੰ 'ਨੈਬੂਲਾ' ਕਿਹਾ ਜਾਂਦਾ ਹੈ।
ਗੁਰੂਤਾਕਰਸ਼ਣ ਗੈਸ ਦੇ ਗੋਲਿਆਂ ਨੂੰ ਆਪਸ ਵਿੱਚ ਖਿੱਚਦਾ ਹੈ, ਜੋ ਅੰਤ ਵਿੱਚ ਗਰਮ ਹੋ ਕੇ ਇੱਕ ਨਵੇਂ ਤਾਰੇ ਜਾਂ 'ਪ੍ਰੋਟੋਸਟਾਰ' ਦਾ ਰੂਪ ਲੈ ਲੈਂਦੇ ਹਨ।

ਤਸਵੀਰ ਸਰੋਤ, Nasa/Esa/CSA/STScI; Processing: J DePasquale/A Pagan/A Koekemoer (STScI)
ਜਿਵੇਂ ਹੀ ਤਾਰੇ ਦਾ ਕੇਂਦਰ ਲੱਖਾਂ ਡਿਗਰੀ ਤੱਕ ਗਰਮ ਹੁੰਦਾ ਹੈ, ਇਸ ਦੇ ਅੰਦਰਲੇ ਹਾਈਡ੍ਰੋਜਨ ਪਰਮਾਣੂ ਇੱਕ ਦੂਜੇ ਨਾਲ ਦਬਾਅ ਕਾਰਨ ਜੁੜ ਕੇ ਹੀਲੀਅਮ ਬਣਾਉਂਦੇ ਹਨ।
ਇਸ ਪ੍ਰਕਿਰਿਆ ਨੂੰ 'ਨਿਊਕਲੀਅਰ ਫਿਊਜ਼ਨ' ਕਿਹਾ ਜਾਂਦਾ ਹੈ, ਜਿਸ ਨਾਲ ਰੌਸ਼ਨੀ ਅਤੇ ਗਰਮੀ ਪੈਦਾ ਹੁੰਦੀ ਹੈ ਅਤੇ ਤਾਰਾ ਇੱਕ ਸਥਿਰ 'ਮੇਨ ਸੀਕਵੈਂਸ' ਪੜਾਅ ਵਿੱਚ ਪਹੁੰਚ ਜਾਂਦਾ ਹੈ।
ਖਗੋਲ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਮੁੱਖ-ਕ੍ਰਮ ਵਾਲੇ ਤਾਰੇ, ਜਿਨ੍ਹਾਂ ਵਿੱਚ ਸਾਡਾ ਸੂਰਜ ਵੀ ਸ਼ਾਮਲ ਹੈ, ਬ੍ਰਹਿਮੰਡ ਦੇ ਸਾਰੇ ਤਾਰਿਆਂ ਦਾ ਲਗਭਗ 90% ਹਨ ਅਤੇ ਇਨ੍ਹਾਂ ਦਾ ਆਕਾਰ ਸੂਰਜ ਦੇ ਮੁਕਾਬਲੇ 10ਵੇਂ ਹਿੱਸੇ ਤੋਂ ਲੈ ਕੇ 200 ਗੁਣਾ ਵੱਧ ਤੱਕ ਹੋ ਸਕਦਾ ਹੈ।
ਅਖੀਰ ਵਿੱਚ ਇਨ੍ਹਾਂ ਤਾਰਿਆਂ ਦਾ ਫਿਊਲ ਖ਼ਤਮ ਹੋ ਜਾਂਦਾ ਹੈ ਅਤੇ ਫਿਰ ਇਹ ਵੱਖ-ਵੱਖ ਤਰੀਕਿਆਂ ਨਾਲ ਮੌਤ ਦਾ ਸਾਹਮਣਾ ਕਰਦੇ ਗਨ।
ਸਾਡੇ ਸੂਰਜ ਵਰਗੇ ਘੱਟ ਪੁੰਜ (ਮਾਸ) ਵਾਲੇ ਤਾਰੇ ਅਰਬਾਂ ਸਾਲਾਂ ਵਿੱਚ ਹੌਲੀ-ਹੌਲੀ ਫਿੱਕੇ ਪੈਣ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਹਨ।
ਪਰ ਸੂਰਜ ਨਾਲੋਂ ਘੱਟੋ-ਘੱਟ ਅੱਠ ਗੁਣਾ ਵੱਡੇ ਤਾਰਿਆਂ ਲਈ ਅੰਤ ਬਹੁਤ ਜ਼ਿਆਦਾ ਨਾਟਕੀ ਹੁੰਦਾ ਹੈ, ਉਹ 'ਸੁਪਰਨੋਵਾ' ਨਾਮਕ ਇੱਕ ਵਿਸ਼ਾਲ ਧਮਾਕੇ ਨਾਲ ਫਟ ਜਾਂਦੇ ਹਨ।
ਪੁਰਾਣੇ ਤਾਰਿਆਂ ਦਾ ਦਬਦਬਾ
ਸਾਲ 2013 ਵਿੱਚ ਤਾਰਿਆਂ ਦੇ ਬਣਨ ਦੇ ਰੁਝਾਨਾਂ ਦਾ ਅਧਿਐਨ ਕਰਨ ਵਾਲੇ ਅੰਤਰਰਾਸ਼ਟਰੀ ਖਗੋਲ ਵਿਗਿਆਨੀਆਂ ਦੀ ਇੱਕ ਟੀਮ ਨੇ ਦਾਅਵਾ ਕੀਤਾ ਸੀ ਕਿ ਬ੍ਰਹਿਮੰਡ ਵਿੱਚ ਪੈਦਾ ਹੋਣ ਵਾਲੇ ਕੁੱਲ ਤਾਰਿਆਂ ਵਿੱਚੋਂ 95 ਫੀਸਦੀ ਪਹਿਲਾਂ ਹੀ ਜਨਮ ਲੈ ਚੁੱਕੇ ਹਨ।
ਉਸ ਅਧਿਐਨ ਦੇ ਮੁੱਖ ਲੇਖਕ ਡੇਵਿਡ ਸੋਬਰਲ ਨੇ ਉਸ ਸਮੇਂ ਸੁਬਾਰੂ ਟੈਲੀਸਕੋਪ ਦੀ ਵੈੱਬਸਾਈਟ 'ਤੇ ਇੱਕ ਲੇਖ ਵਿੱਚ ਕਿਹਾ ਸੀ ਕਿ ਅਸੀਂ ਸਪੱਸ਼ਟ ਤੌਰ 'ਤੇ ਅਜਿਹੇ ਬ੍ਰਹਿਮੰਡ ਵਿੱਚ ਰਹਿ ਰਹੇ ਹਾਂ ਜਿੱਥੇ ਪੁਰਾਣੇ ਤਾਰਿਆਂ ਦੀ ਗਿਣਤੀ ਸਭ ਤੋਂ ਵੱਧ ਹੈ।
ਬ੍ਰਹਿਮੰਡ ਦੇ ਇਤਿਹਾਸ ਵਿੱਚ ਅਜਿਹਾ ਲੱਗਦਾ ਹੈ ਕਿ ਤਾਰਿਆਂ ਦੇ ਬਣਨ ਦੀ ਪ੍ਰਕਿਰਿਆ ਆਪਣੇ ਸਿਖਰ 'ਤੇ ਲਗਭਗ 10 ਅਰਬ ਸਾਲ ਪਹਿਲਾਂ ਸੀ, ਜਿਸ ਸਮੇਂ ਨੂੰ 'ਕੌਸਮਿਕ ਨੂਨ' ਵਜੋਂ ਜਾਣਿਆ ਜਾਂਦਾ ਹੈ।
ਕੈਨੇਡਾ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਇੱਕ ਬ੍ਰਹਿਮੰਡ ਵਿਗਿਆਨੀ ਪ੍ਰੋਫੈਸਰ ਡਗਲਸ ਸਕੌਟ ਦਾ ਕਹਿਣਾ ਹੈ ਕਿ ਗਲੈਕਸੀਆਂ ਗੈਸ ਨੂੰ ਤਾਰਿਆਂ ਵਿੱਚ ਬਦਲਦੀਆਂ ਹਨ, ਪਰ ਹੁਣ ਉਹ ਅਜਿਹਾ ਘਟਦੀ ਦਰ ਨਾਲ ਕਰ ਰਹੀਆਂ ਹਨ।
ਪ੍ਰੋਫੈਸਰ ਸਕੌਟ ਇੱਕ ਪ੍ਰੀ-ਪ੍ਰਿੰਟ ਅਧਿਐਨ ਦੇ ਸਹਿ-ਲੇਖਕ ਹਨ (ਜੋ ਵਰਤਮਾਨ ਵਿੱਚ ਸਮੀਖਿਆ ਅਧੀਨ ਹੈ), ਜਿਸ ਵਿੱਚ ਯੂਰਪੀਅਨ ਸਪੇਸ ਏਜੰਸੀ ਦੇ 'ਯੂਕਲਿਡ' ਅਤੇ 'ਹਰਸ਼ਲ' ਟੈਲੀਸਕੋਪਾਂ ਤੋਂ ਪ੍ਰਾਪਤ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਉਹ ਅਤੇ ਅੰਤਰਰਾਸ਼ਟਰੀ ਖੋਜਕਰਤਾਵਾਂ ਦੀ ਇੱਕ ਟੀਮ ਇੱਕੋ ਸਮੇਂ 26 ਲੱਖ ਤੋਂ ਵੱਧ ਗਲੈਕਸੀਆਂ ਦਾ ਅਧਿਐਨ ਕਰਨ ਵਿੱਚ ਸਫਲ ਰਹੀ, ਜੋ ਕਿ ਬ੍ਰਹਿਮੰਡ ਦਾ ਇੱਕ ਵਿਸ਼ਾਲ 3 ਡੀ ਨਕਸ਼ਾ ਤਿਆਰ ਕਰਨ ਦੇ ਯੂਕਲਿਡ ਦੇ ਮਿਸ਼ਨ ਕਾਰਨ ਸੰਭਵ ਹੋ ਸਕਿਆ।

ਤਸਵੀਰ ਸਰੋਤ, Esa/Euclid/Euclid Consortium/Nasa; Processing: JC Cuillandre (CEA Paris-Saclay)/G Anselmi
ਖਗੋਲ ਵਿਗਿਆਨੀ ਖਾਸ ਤੌਰ 'ਤੇ ਪੁਲਾੜ ਦੀ ਧੂੜ ਵਿੱਚੋਂ ਨਿਕਲਣ ਵਾਲੀ ਗਰਮੀ ਬਾਰੇ ਜਾਣਨ ਵਿੱਚ ਦਿਲਚਸਪੀ ਰੱਖਦੇ ਸਨ।
ਜਿਨ੍ਹਾਂ ਗਲੈਕਸੀਆਂ ਵਿੱਚ ਤਾਰੇ ਬਣਨ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ, ਉੱਥੇ ਧੂੜ ਵਧੇਰੇ ਗਰਮ ਹੁੰਦੀ ਹੈ ਕਿਉਂਕਿ ਉਨ੍ਹਾਂ ਵਿੱਚ ਵੱਡੇ ਅਤੇ ਗਰਮ ਤਾਰੇ ਹੁੰਦੇ ਹਨ।
ਪ੍ਰੋਫੈਸਰ ਸਕੌਟ ਦਾ ਕਹਿਣਾ ਹੈ ਕਿ ਅਸੀਂ ਦੇਖਿਆ ਹੈ ਕਿ ਪਿਛਲੇ 8 ਅਰਬ ਸਾਲਾਂ ਵਿੱਚ ਗਲੈਕਸੀਆਂ ਦੇ ਤਾਪਮਾਨ ਵਿੱਚ ਹੌਲੀ-ਹੌਲੀ ਗਿਰਾਵਟ ਆ ਰਹੀ ਹੈ।
ਅਸੀਂ ਤਾਰਿਆਂ ਦੇ ਬਣਨ ਦੇ ਸਿਖਰਲੇ ਸਮੇਂ ਨੂੰ ਬਹੁਤ ਪਹਿਲਾਂ ਹੀ ਪਾਰ ਕਰ ਚੁੱਕੇ ਹਾਂ ਅਤੇ ਹੁਣ ਤਾਰਿਆਂ ਦੇ ਬਣਨ ਦੀ ਹਰ ਅਗਲੀ ਪੀੜ੍ਹੀ ਵਿੱਚ ਨਵੇਂ ਤਾਰਿਆਂ ਦੀ ਗਿਣਤੀ ਲਗਾਤਾਰ ਘਟਦੀ ਜਾਵੇਗੀ।
ਬ੍ਰਹਿਮੰਡ ਦਾ ਠੰਢਾ ਹੋਣਾ?
ਇਹ ਸੱਚ ਹੈ ਕਿ ਪੁਰਾਣੇ ਤਾਰਿਆਂ ਦੀ ਮੌਤ ਦੇ ਬਾਅਦ ਉਸੇ ਸਮੱਗਰੀ ਦੀ ਵਰਤੋਂ ਕਰਕੇ ਨਵੇਂ ਤਾਰੇ ਬਣ ਸਕਦੇ ਹਨ, ਪਰ ਇਹ ਸਭ ਕੁਝ ਇੰਨਾ ਸੌਖਾ ਨਹੀਂ ਹੈ।
ਇਸ ਨੂੰ ਸਮਝਣ ਲਈ ਮੰਨ ਲਓ ਕਿ ਸਾਡੇ ਕੋਲ ਇਮਾਰਤੀ ਸਮੱਗਰੀ ਦਾ ਇੱਕ ਢੇਰ ਹੈ ਜਿਸ ਨਾਲ ਅਸੀਂ ਇੱਕ ਘਰ ਬਣਾਉਂਦੇ ਹਾਂ।
ਜੇ ਅਸੀਂ ਇੱਕ ਨਵਾਂ ਘਰ ਬਣਾਉਣਾ ਚਾਹੁੰਦੇ ਹਾਂ ਤਾਂ ਅਸੀਂ ਪੁਰਾਣੀ ਇਮਾਰਤ ਦੀ ਸਮੱਗਰੀ ਨੂੰ ਦੁਬਾਰਾ ਵਰਤਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ, ਪਰ ਹਰ ਚੀਜ਼ ਉਪਯੋਗੀ ਨਹੀਂ ਰਹੇਗੀ।
ਪ੍ਰੋਫੈਸਰ ਸਕੌਟ ਸਮਝਾਉਂਦੇ ਹਨ ਕਿ ਇਸ ਦਾ ਮਤਲਬ ਇਹ ਹੈ ਕਿ ਅਸੀਂ ਸਿਰਫ ਇੱਕ ਛੋਟਾ ਘਰ ਹੀ ਬਣਾ ਸਕਦੇ ਹਾਂ।
ਪ੍ਰੋਫੈਸਰ ਸਕੌਟ ਮੁਤਾਬਕ, ''ਹਰ ਵਾਰ ਜਦੋਂ ਅਸੀਂ ਇਸ ਨੂੰ ਢਾਹ ਕੇ ਦੁਬਾਰਾ ਬਣਾਵਾਂਗੇ ਤਾਂ ਉਪਯੋਗੀ ਸਮੱਗਰੀ ਘਟਦੀ ਜਾਵੇਗੀ ਅਤੇ ਅੰਤ ਵਿੱਚ ਅਜਿਹਾ ਸਮਾਂ ਆਵੇਗਾ ਜਦੋਂ ਨਵਾਂ ਘਰ ਬਣਾਉਣਾ ਅਸੰਭਵ ਹੋ ਜਾਵੇਗਾ। ਤਾਰਿਆਂ ਦੇ ਮਾਮਲੇ ਵਿੱਚ ਵੀ ਬਿਲਕੁਲ ਇਹੀ ਹੁੰਦਾ ਹੈ।''
'ਬ੍ਰਹਿਮੰਡ ਵਿਗਿਆਨੀ ਅਨੁਸਾਰ ਤਾਰਿਆਂ ਦੀ ਹਰ ਅਗਲੀ ਪੀੜ੍ਹੀ ਕੋਲ ਫਿਊਲ ਲਈ ਘੱਟ ਊਰਜਾ ਹੁੰਦੀ ਹੈ, ਅਤੇ ਅਖੀਰ ਵਿੱਚ ਇੰਨਾ ਫਿਊਲ ਵੀ ਨਹੀਂ ਬਚੇਗਾ ਕਿ ਇੱਕ ਨਵਾਂ ਤਾਰਾ ਬਣ ਸਕੇ।
''ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਬ੍ਰਹਿਮੰਡ ਵਿੱਚ ਵੱਡੇ ਮਾਸ ਵਾਲੇ ਤਾਰਿਆਂ ਦੀ ਤੁਲਨਾ ਵਿੱਚ ਘੱਟ ਮਾਸ ਵਾਲੇ ਤਾਰੇ ਕਿਤੇ ਜ਼ਿਆਦਾ ਆਮ ਹਨ।''

ਤਸਵੀਰ ਸਰੋਤ, Nasa/SDO
ਵਿਗਿਆਨੀ ਲੰਬੇ ਸਮੇਂ ਤੋਂ ਇਹ ਸਿਧਾਂਤ ਦੇ ਰਹੇ ਹਨ ਕਿ ਬ੍ਰਹਿਮੰਡ ਦਾ ਇੱਕ ਦਿਨ ਅੰਤ ਜ਼ਰੂਰ ਹੋਵੇਗਾ, ਬੱਸ ਉਹ ਇਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਇਹ ਕਦੋਂ ਅਤੇ ਕਿਵੇਂ ਹੋਵੇਗਾ।
ਵਰਤਮਾਨ ਵਿੱਚ ਸਭ ਤੋਂ ਵੱਧ ਪ੍ਰਵਾਨਿਤ ਸਿਧਾਂਤਾਂ ਵਿੱਚੋਂ ਇੱਕ 'ਹੀਟ ਡੈੱਥ' ਹੈ, ਜਿਸ ਨੂੰ 'ਬਿਗ ਫ੍ਰੀਜ਼' ਵੀ ਕਿਹਾ ਜਾਂਦਾ ਹੈ।
ਇਹ ਭਵਿੱਖਬਾਣੀ ਕਰਦਾ ਹੈ ਕਿ ਜਿਵੇਂ-ਜਿਵੇਂ ਬ੍ਰਹਿਮੰਡ ਦਾ ਵਿਸਥਾਰ ਹੁੰਦਾ ਰਹੇਗਾ, ਊਰਜਾ ਇੰਨੀ ਜ਼ਿਆਦਾ ਫੈਲ ਜਾਵੇਗੀ ਕਿ ਅੰਤ ਵਿੱਚ ਇਹ ਜੀਵਨ ਨੂੰ ਬਣਾਈ ਰੱਖਣ ਲਈ ਬਹੁਤ ਜ਼ਿਆਦਾ ਠੰਢਾ ਹੋ ਜਾਵੇਗਾ।
ਤਾਰੇ ਇੱਕ ਦੂਜੇ ਤੋਂ ਦੂਰ ਹੁੰਦੇ ਜਾਣਗੇ, ਉਨ੍ਹਾਂ ਦਾ ਫਿਊਲ ਖ਼ਤਮ ਹੋ ਜਾਵੇਗਾ ਅਤੇ ਕੋਈ ਨਵਾਂ ਤਾਰਾ ਨਹੀਂ ਬਣੇਗਾ।
ਪ੍ਰੋਫੈਸਰ ਸਕੌਟ ਸਮਝਾਉਂਦੇ ਹਨ ਕਿ ਬ੍ਰਹਿਮੰਡ ਵਿੱਚ ਉਪਲਬਧ ਊਰਜਾ ਦੀ ਮਾਤਰਾ ਸੀਮਤ ਹੈ।
'ਬਿਗ ਫ੍ਰੀਜ਼' ਕਦੋਂ ਵਾਪਰ ਸਕਦਾ

ਤਸਵੀਰ ਸਰੋਤ, Esa/Webb/Nasa/CSA/J Lee/PHANGS-JWST Team
ਪਰ ਇਸ ਤੋਂ ਪਹਿਲਾਂ ਕਿ ਤੁਸੀਂ ਉਦਾਸ ਹੋ ਕੇ ਅਸਮਾਨ ਵੱਲ ਦੇਖੋ, ਇਹ ਜਾਣ ਲਵੋ ਕਿ ਤਾਰਿਆਂ ਦਾ ਅੰਤ ਹੋਣ ਵਿੱਚ ਅਜੇ ਬਹੁਤ ਜ਼ਿਆਦਾ ਸਮਾਂ ਲੱਗੇਗਾ।
ਪ੍ਰੋਫੈਸਰ ਸਕੌਟ ਦਾ ਅਨੁਮਾਨ ਹੈ ਕਿ ਅਗਲੇ 10 ਤੋਂ 100 ਟ੍ਰਿਲੀਅਨ (ਖਰਬਾਂ) ਸਾਲਾਂ ਤੱਕ ਨਵੇਂ ਤਾਰੇ ਬਣਦੇ ਰਹਿਣਗੇ।
ਇਹ ਸਮਾਂ ਸਾਡੇ ਸੂਰਜ ਦੇ ਖ਼ਤਮ ਹੋਣ ਤੋਂ ਵੀ ਬਹੁਤ ਬਾਅਦ ਦਾ ਹੈ। ਜਿੱਥੋਂ ਤੱਕ 'ਬਿਗ ਫ੍ਰੀਜ਼' ਦਾ ਸਵਾਲ ਹੈ, ਇਸ ਵਿੱਚ ਇਸ ਤੋਂ ਵੀ ਕਿਤੇ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਨੀਦਰਲੈਂਡਜ਼ ਦੀ ਰੈਡਬੌਡ ਯੂਨੀਵਰਸਿਟੀ ਦੇ ਖਗੋਲ ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਸੀ ਕਿ ਬ੍ਰਹਿਮੰਡ ਦਾ ਅੰਤ ਲਗਭਗ ਇੱਕ 'ਕੁਇਨਵਿਗਿੰਟੀਲੀਅਨ' ਸਾਲਾਂ ਵਿੱਚ ਹੋਵੇਗਾ।
ਇਹ 1 ਦੇ ਨਾਲ 78 ਜ਼ੀਰੋਆਂ ਦੇ ਬਰਾਬਰ ਦਾ ਸਮਾਂ ਹੈ। ਇਸ ਲਈ ਅਗਲੀ ਵਾਰ ਜਦੋਂ ਰਾਤ ਨੂੰ ਅਸਮਾਨ ਸਾਫ਼ ਹੋਵੇ ਤਾਂ ਤੁਹਾਡੇ ਕੋਲ ਤਾਰਿਆਂ ਦੀ ਸੁੰਦਰਤਾ ਦਾ ਆਨੰਦ ਲੈਣ ਲਈ ਅਜੇ ਬਹੁਤ ਸਮਾਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












