ਬ੍ਰਹਿਮੰਡ ਦਾ ਅਕਾਰ ਕਿਹੋ ਜਿਹਾ ਹੈ, ਇਸ ਦੀ ਹੋਂਦ ਤੇ ਅੰਤ ਦੀ ਬੁਝਾਰਤ ਬਾਰੇ ਵਿਗਿਆਨੀ ਕੀ ਦੱਸਦੇ ਹਨ

ਬ੍ਰਹਿਮੰਡ ਬਾਰੇ ਇੱਕ ਚਿੱਤਰ

ਤਸਵੀਰ ਸਰੋਤ, Getty Images

    • ਲੇਖਕ, ਡਰਾਫਟਿੰਗ
    • ਰੋਲ, ਬੀਬੀਸੀ ਵਰਲਡ ਨਿਊਜ਼

ਬ੍ਰਹਿਮੰਡ ਕਿਹੋ-ਜਿਹਾ ਹੈ? ਇਹ ਆਪਣੇ-ਆਪ ਵਿੱਚ ਹੀ ਕੋਈ ਜ਼ਿਆਦਾ ਦਲੀਲਯੁਕਤ ਸਵਾਲ ਨਹੀਂ ਲਗਦਾ।

ਹਾਲਾਂਕਿ, ਨਾਸਾ ਮੁਤਾਬਕ, ਸਿੱਧੇ ਸ਼ਬਦਾਂ ਵਿੱਚ ਬ੍ਰਹਿਮੰਡ ਸਭ ਕੁਝ ਹੈ। ਇਸੇ ਵਿੱਚ ਸਾਰਾ ਪੁਲਾੜ (ਥਾਂ/ਵਿੱਥ), ਮਾਦਾ ਅਤੇ ਊਰਜਾ ਸਮਾਈ ਹੋਈ ਹੈ, ਸਮਾਂ ਵੀ ਇਸੇ ਦਾ ਹਿੱਸਾ ਹੈ।

ਕੀ ਸਮੁੱਚਤਾ ਵਜੋਂ ਬ੍ਰਹਿਮੰਡ ਦਾ ਆਪਣਾ ਕੋਈ ਰੂਪ-ਅਕਾਰ ਹੈ? ਜਾਂ ਸਾਰੇ ਅਕਾਰ ਇਸ ਨਿਰਾਕਾਰ ਵਿੱਚ ਸਮਾਏ ਹੋਏ ਹਨ?

ਜੇ ਤੁਸੀਂ ਇਹ ਲੇਖ ਪੜ੍ਹ ਰਹੇ ਹੋ ਤਾਂ ਤੁਸੀਂ ਜ਼ਰੂਰ ਉਨ੍ਹਾਂ ਜਗਿਆਸੂਆਂ ਵਿੱਚੋਂ ਇੱਕ ਹੋ, ਜੋ ਇਸ ਨੂੰ ਸਮਝਣ ਦੇ ਚਾਹਵਾਨ ਹਨ। ਉਹ ਜੋ ਕਲਪਨਾ ਤੋਂ ਬਾਹਰ ਨੂੰ ਉਸ ਨੂੰ ਦੇਖਣਾ ਚਾਹੁੰਦੇ ਹਨ।

ਦੂਜੇ ਸ਼ਬਦਾਂ ਵਿੱਚ ਤੁਸੀਂ ਖ਼ਗੋਲ-ਸ਼ਾਸਤਰੀ ਹੋ, ਜੋ ਬ੍ਰਹਿਮੰਡ ਦੇ ਅਕਾਰ-ਰੂਪ ਬਾਰੇ ਤੀਰ-ਤੁੱਕੇ ਲਾ ਕੇ ਕਿਸੇ ਸਿਧਾਂਤ ’ਤੇ ਪਹੁੰਚਣ ਲਈ ਸਦੀਆਂ ਤੋਂ ਕਾਹਲੇ ਰਹੇ ਹਨ।

ਹੋਰਨਾਂ ਸ਼ਬਦਾਂ ਵਿੱਚ, ਬ੍ਰਹਿਮੰਡ ਦਾ ਅਕਾਰ ਇੱਕ ਗੰਭੀਰ ਮਸਲਾ ਹੈ ਅਤੇ ਇਸੇ ਉੱਪਰ ਬ੍ਰਹਿਮੰਡ ਦਾ ਭਵਿੱਖ ਨਿਰਭਰ ਕਰਦਾ ਹੈ।

ਇਹੀ ਤੈਅ ਕਰੇਗਾ ਕੀ ਇਹ ਹਮੇਸ਼ਾ ਫੈਲਦਾ ਰਹੇਗਾ ਜਾਂ ਇਸ ਦਾ ਅੰਤ ਮਹਾਂ-ਸੁੰਘਾੜ ਕੇ ਹੋਵੇਗਾ।

ਬ੍ਰਹਿਮੰਡ ਦੀ ਉਤਪੱਤੀ ਇੱਕ ਮਹਾਂ-ਧਮਾਕੇ (ਬਿੱਗ ਬੈਂਗ) ਤੋਂ ਹੋਈ ਹੈ ਤਾਂ ਇਸ ਦਾ ਅੰਤ ਮਹਾਂ-ਸੰਘੋੜ (ਬਿੱਗ ਕਰੰਚ) ਵਿੱਚ ਹੋਵੇਗਾ। ਅਜਿਹਾ ਸਮਝਿਆ ਜਾਂਦਾ ਹੈ।

ਆਈਨਸਟਾਈਨ ਨੇ ਬ੍ਰਹਿਮੰਡ ਬਾਰੇ ਤਿੰਨ ਸੰਭਾਵਨਾਵਾਂ ਪਰਗਟ ਕੀਤੀਆਂ

ਤਸਵੀਰ ਸਰੋਤ, SCIENCE PHOTO LIBRARY

ਤਸਵੀਰ ਕੈਪਸ਼ਨ, ਆਈਨਸਟਾਈਨ ਨੇ ਬ੍ਰਹਿਮੰਡ ਬਾਰੇ ਤਿੰਨ ਸੰਭਾਵਨਾਵਾਂ ਪਰਗਟ ਕੀਤੀਆਂ— ਗੇਂਦਨੁਮਾ, ਕਾਠੀਨੁਮਾ ਅਤੇ ਕਾਗਜ਼ ਵਾਂਗ ਸਪਾਟ

ਫਿਰ ਇਸ ਬੁਝਾਰਤ ਨੂੰ ਕਿਵੇਂ ਬੁੱਝਿਆ ਜਾਵੇ?

ਐਲਬਰਟ ਆਈਨਸਟਾਈਨ ਤੋਂ ਸ਼ੁਰੂ ਕਰਦੇ ਹਾਂ।

ਪੁਲਾੜ ਦਾ ਵੀ ਕੋਈ ਅਕਾਰ-ਰੂਪ ਹੈ, ਇਸ ਦਾ ਵਿਚਾਰ 1915 ਵਿੱਚ ਸਾਧਾਰਨ ਸਾਪੇਖਕਤਾ (ਜਨਰਲ ਰਿਲੇਟੀਵਿਟੀ) ਦੇ ਸਿਧਾਂਤ ਵਿੱਚੋਂ ਹੋਇਆ।

ਹਾਲਾਂਕਿ ਕਲਪਨਾ ਲਈ ਅਕਾਰਾਂ ਦੀ ਕੋਈ ਕਮੀ ਨਹੀਂ ਪਰ ਇਸ ਸਿਧਾਂਤ ਮੁਤਾਬਕ ਬ੍ਰਹਿਮੰਡ ਤਿੰਨ ਵਿੱਚੋਂ ਸਿਰਫ਼ ਇੱਕ ਅਕਾਰ ਦਾ ਧਾਰਨੀ ਹੋ ਸਕਦਾ ਹੈ:

  • ਪਹਿਲਾ ਕਿਸੇ ਗੇਂਦ ਵਾਂਗ ਗੋਲ ਪਰ ਬੰਦ, ਉਸ ਗੇਂਦ ਦੇ ਅੰਦਰ ਹੀ ਸਭ ਹੋਂਦਵਾਨ ਹੈ।
  • ਦੂਜਾ ਹੈ ਗੇਂਦ ਦਾ ਉਲਟਾ, ਸਿੱਧਾ ਪਰ ਮੁੜੇ ਕਿਨਾਰਿਆਂ ਵਾਲਾ, ਕਿਸੇ ਘੋੜੇ ਦੀ ਕਾਠੀ ਵਾਂਗ।
  • ਤੀਜਾ ਹੈ ਸਪਾਟ, ਜਿਵੇਂ ਕੋਈ ਕਾਗਜ਼ ਦਾ ਟੁਕੜਾ ਪਰ ਇਸ ਦੀਆਂ ਦੋ ਤੋਂ ਵਧੇਰੇ ਡਾਇਮੈਨਸ਼ਨਾਂ ਹਨ।

ਬ੍ਰਹਿਮੰਡ ਦੇ ਅਕਾਰ ਨੂੰ ਤੈਅ ਕਰਨ ਵਾਲਾ ਇੱਕ ਤੱਤ ਤਾਂ ਸੰਘਣਤਾ ਵੀ ਹੈ। ਕਿਸੇ ਥਾਂ ਪਦਾਰਥ ਦੀ ਕਿੰਨੀ ਸੰਘਣਤਾ ਹੈ।

ਜੇ ਪਦਾਰਥ ਜ਼ਿਆਦਾ ਹੋਵੇਗਾ ਤਾਂ ਗੁਰੂਤਾ ਖਿੱਚ ਫੈਲਾਅ ਦੀ ਸ਼ਕਤੀ ’ਤੇ ਭਾਰੀ ਪੈ ਕੇ ਇਸ ਨੂੰ ਸੰਘੋੜ ਲਵੇਗੀ।

ਜੇ ਅਜਿਹਾ ਸੀ ਤਾਂ ਬ੍ਰਹਿਮੰਡ ਸੀਮਤ ਹੋਣਾ ਸੀ ਪਰ ਬਿਨਾਂ ਕਿਸੇ ਸਿਰੋ ਤੋਂ (ਬਿਲਕੁਲ ਉਵੇਂ ਜਿਵੇਂ ਗੇਂਦ ਦੀ ਸਤਹਿ ਅਸੀਮਤ ਨਹੀਂ ਹੈ ਕੋਈ ਸਿਰਾ ਵੀ ਨਹੀਂ ਹੁੰਦਾ। ਗੇਂਦ ਦਾ ਕੋਈ ਸਿਰਾ ਨਹੀਂ ਹੁੰਦਾ ਜਿਸ ਨੂੰ ਗੇਂਦ ਦਾ ਅੰਤ ਕਿਹਾ ਜਾ ਸਕੇ।)

ਸੀਮਤ ਹੋਣ ਦੇ ਨਾਲ, ਦੂਜਾ ਸਵਾਲ ਪੈਦਾ ਹੁੰਦਾ ਹੈ। ਕੀ ਇਸ ਦਾ ਫੈਲਾਅ ਕਿਸੇ ਬਿੰਦੂ ’ਤੇ ਆ ਕੇ ਰੁਕ ਜਾਵੇਗਾ?

ਅਕਾਸ਼ ਗੰਗਾਵਾਂ ਇੱਕ ਦੂਜੇ ਤੋਂ ਦੂਰ-ਦੂਰ ਨਾ ਜਾ ਕੇ ਨੇੜੇ-ਨੇੜੇ ਆਉਣਗੀਆਂ। ਜਦੋਂ ਤੱਕ ਕਿ ਪਿਚਕ-ਪਿਚਕ ਕੇ ਇੱਕ ਮਹਾਂ-ਧਮਾਕੇ ਨਾਲ ਸਭ ਖ਼ਤਮ ਨਹੀਂ ਹੋ ਜਾਂਦਾ।

ਦੂਜੀਆਂ ਦੋ ਸਥਿਤੀਆਂ ਵਿੱਚ, ਜਿੱਥੇ ਬ੍ਰਹਿਮੰਡ ਸਿੱਧਾ-ਸਪਾਟ ਹੈ। ਇਹ ਸਦੀਵ ਕਾਲ ਤੱਕ ਫੈਲਦਾ ਰਹੇਗਾ।

ਬ੍ਰਹਿਮੰਡ ਦਾ ਅਕਾਰ-ਰੂਪ ਤੈਅ ਕਰਨ ਲਈ... ਠੋਸ ਸਬੂਤਾਂ ਦੀ ਲੋੜ ਸੀ।

ਬ੍ਰਹਿਮੰਡ

ਤਸਵੀਰ ਸਰੋਤ, SCIENCE PHOTO LIBRARY

ਮਹਾਂ-ਧਮਾਕੇ ਤੋਂ ਪੈਦਾ ਹੋਈ ਸਭ ਤੋਂ ਪੁਰਾਣੀ ਰੌਸ਼ਨੀ

ਖ਼ਗੋਲ ਵਿਗਿਆਨੀ ਇਸ ਲਈ ਇੱਕ ਸਬੂਤ ਤਾਂ ਕੋਈ 138 ਲੱਖ ਸਾਲ ਪਹਿਲਾਂ ਹੋਏ ਮਹਾਂ-ਧਮਾਕੇ ਤੋਂ ਪੈਦਾ ਹੋਈ ਰੌਸ਼ਨੀ ’ਤੇ ਨਿਰਭਰ ਹਨ। ਉਹ ਇਸ ਨੂੰ ਮਾਪਣ-ਮਿਣਨ ਦੀ ਕੋਸ਼ਿਸ਼ ਕਰਦੇ ਹਨ।

ਇਸ ਬਾਰੇ ਸਟੈਂਡਰਡ ਕੌਸਮੋਲੌਜੀਕਲ ਇੱਕ ਮਾਡਲ ਹੈ। ਭੌਤਿਕ ਵਿਗਿਆਨੀ ਅਤੇ ਲੇਖਕ ਮਾਰਕੁਸ ਸ਼ੌਨ ਕਹਿੰਦੇ ਹਨ ਕਿ ਇਸ ਮਾਡਲ ਮੁਤਾਬਕ ਉਸ ਮਹਾਂ-ਧਮਾਕੇ ਵਿੱਚੋਂ ਜੋ ਰੌਸ਼ਨੀ ਪੈਦਾ ਹੋਈ ਉਹ ਰੇਡੀਏਸ਼ਨ ਦੇ ਰੂਪ ਵਿੱਚ ਉਸ ਧਮਾਕੇ ਦੇ ਠੰਢੇ ਅਵਸ਼ੇਸ਼ ਵਜੋਂ ਮੌਜੂਦ ਹੈ। ਉਸੇ ਧਮਾਕੇ ਵਿੱਚੋਂ ਪਦਾਰਥ, ਪੁਲਾੜ ਅਤੇ ਸਮੇਂ ਦਾ ਜਨਮ ਹੋਇਆ, ਜੋ ਹਰ ਥਾਂ ਮੌਜੂਦ ਹਨ।

“ਜੇ ਤੁਸੀਂ ਬ੍ਰਹਿਮੰਡ ਵਿੱਚ ਕਿਤੋਂ ਵੀ ਪਰਖ਼ ਨਾਲ ਇੱਕ ਘਣ ਸੈਂਟੀਮੀਟਰ ਖਾਲੀ- ਪੁਲਾੜ ਲਵੋ ਤਾਂ ਉਸ ਵਿੱਚ ਰੇਡੀਏਸ਼ਨ ਦੇ 300 ਫੋਟੋਨ (ਕਣ) ਹੋਣਗੇ।”

“ਇੱਥੋਂ ਤੱਕ ਕਿ, ਪੂਰੇ ਬ੍ਰਹਿਮੰਡ ਵਿੱਚ ਮੌਜੂਦ ਸਾਰੀ ਰੌਸ਼ਨੀ ਦਾ 99% ਉਸੇ ਧਮਾਕੇ ਤੋਂ ਪੈਦਾ ਹੋਈ ਹੈ। ਨਾ ਕਿ ਕਿਸੇ ਤਾਰੇ ਜਾਂ ਕਿਸੇ ਹੋਰ ਅਜਿਹੀ ਸ਼ੈਅ ਤੋਂ ਆ ਰਹੀ ਹੈ।”

ਇਸ ਦੀ ਖੋਜ 1965 ਵਿੱਚ ਹੋਈ ਸੀ ਅਤੇ ਇਹ ਇੱਕ ਤਰ੍ਹਾਂ ਨਾਲ ਨਵ-ਜੰਮੇ ਬ੍ਰਹਿਮੰਡ ਦੀ ਤਸਵੀਰ ਵਾਂਗ ਹੈ।

ਬ੍ਰਹਿਮੰਡ

ਤਸਵੀਰ ਸਰੋਤ, SCIENCE PHOTO LIBRARY

ਇਹੀ ਸਭ ਤੋਂ ਪ੍ਰਾਚੀਨ ਤੇ ਮੁੱਢਲੀ ਰੌਸ਼ਨੀ ਹੈ। ਇਸੇ ਨੂੰ ਅਸੀਂ ਆਪਣੀ ਦੂਰਬੀਨ ਵਿੱਚ ਫੜ ਲੈਂਦੇ ਹਾਂ। ਫਿਰ ਅਸੀਂ ਸਮੇਂ ਪਿਛਾਂਹ ਨੂੰ ਓਨੀਂ ਦੂਰ ਦੇਖ ਰਹੇ ਹੁੰਦੇ ਹਾਂ, ਜਿੰਨੀ ਦੂਰ ਅਸੀਂ ਦੇਖ ਸਕਦੇ ਹਾਂ।

“ਇਸ ਰੌਸ਼ਨੀ ਵਿੱਚ ਉਸ ਮਹਾਂ-ਧਮਾਕੇ ਤੋਂ ਬਾਅਦ ਕੋਈ 3.3 ਲੱਖ ਸਾਲ ਪੁਰਾਣੀ ਤਸਵੀਰ ਬੰਦ ਹੈ। ਮਹਾਂ-ਧਮਾਕਾ ਇੱਕ ਵੱਡੀ ਘਟਨਾ ਸੀ ਜਦੋਂ ਅਕਾਸ਼ ਗੰਗਾਵਾਂ ਦੇ ਬੀਜ ਬਣੇ।”

“ਰੇਡੀਏਸ਼ਨ ਦੀ ਅਜਿਹੀ ਰਹਿੰਦ-ਖੂਹੰਦ ਨੂੰ ਅਕਸਰ ਖਗੋਲ ਵਿਗਿਆਨੀਆਂ ਦਾ ਰੋਜ਼ੇਟਾ ਸਟੋਨ ਕਿਹਾ ਜਾਂਦਾ ਹੈ। ਜਿਸ ਰਾਹੀਂ ਉਹ ਅਤੀਤ ਦੇ ਭੇਤ ਖੋਲ੍ਹਦੇ ਹਨ। ਇਸੇ ਕਾਰਨ ਸਾਇੰਸਦਾਨ ਦ੍ਰਿਸ਼ਮਾਨ ਸਬੂਤਾਂ ਵਿੱਚੋਂ ਵੇਰਵੇ ਭਰਭੂਰ ਵਿਸ਼ਲੇਸ਼ਣ ਕਰ ਪਾਉਂਦੇ ਹਨ।”

ਉਸ ਬਿੱਗ-ਬੈਂਗ ਦੀ ਰਹਿੰਦ-ਖੂਹੰਦ ਰੇਡੀਏਸ਼ਨ ਵਿੱਚ ਅਜਿਹਾ ਕੀ ਹੈ, ਜਿਸ ਕਾਰਨ ਇਸ ਤੋਂ ਬਿੱਗ ਬੈਂਗ ਬਾਰੇ ਇੰਨਾ ਕੁਝ ਸਮਝਿਆ ਜਾ ਸਕਦਾ ਹੈ।

ਬ੍ਰਹਿਮੰਡ ਦੀ ਗਿਣਤੀ-ਮਿਣਤੀ ਨੂੰ ਸਾਇੰਸ ਦਾ ਸਭ ਤੋਂ ਔਖਾ ਸਵਾਲ ਸਮਝਿਆ ਜਾਂਦਾ ਹੈ।

ਬਿੱਗ-ਬੈਂਗ ਤੋਂ ਫੈਲੀ ਮਹੀਨ ਮਾਈਕ੍ਰੋਵੇਵ ਤਰੰਗਾਂ ਵਰਗੀ ਰੌਸ਼ਨੀ ਨੇ ਕਿਸੇ ਫੁਟਬਾਲ ਦੇ ਖੋਲ ਵਾਂਗ ਧਰਤੀ ਨੂੰ ਘੇਰਿਆ ਹੋਇਆ ਹੈ। ਇਹ ਰੌਸ਼ਨੀ ਅਤੇ ਧਮਾਕੇ ਤੋਂ ਉਪਜੇ ਵਾਧੂ ਤਾਪ ਦਾ ਮਿਸ਼ਰਣ ਹੈ। ਹਾਲਾਂਕਿ ਇਹ ਬਹੁਤ ਤੁੱਛ ਹੈ ਪਰ ਇਸ ਨੇ ਸਾਇੰਸਦਾਨਾਂ ਦੇ ਵਿਚਾਰਾਂ ਵਿੱਚ ਸਦੀਆਂ ਤੋਂ ਕੌਹਤੂਲ ਮਚਾਇਆ ਹੋਇਆ ਹੈ।

ਸਿਧਾਂਤਕ ਖਗੋਲ ਭੌਤਿਕ ਵਿਗਿਆਨੀ ਡੇਵ ਸਪੇਰਗੇਲ ਦੱਸਦੇ ਹਨ, "ਇਹ ਇੱਕ ਸਾਵੀਂ ਪਰਤ ਹੈ, ਜਿਸ ਵਿੱਚ ਥਾਂ-ਥਾਂ ’ਤੇ ਸਿਫ਼ਰ ਤੋਂ 3 ਦਰਜੇ (−273.15 °C) ਲਗਭਗ ਸਥਿਰ ਤਾਪਮਾਨ ਹੈ।"

ਬ੍ਰਹਿਮੰਡ

ਤਸਵੀਰ ਸਰੋਤ, SCIENCE PHOTO LIBRARY

ਬ੍ਰਹਿਮੰਡ ਦਾ ਅਕਾਰ-ਰੂਪ ਜਾਣਨ ਲਈ ਨਾਸਾ ਦੀ ਖੋਜ

"ਇਸ ਵਿੱਚ ਤਾਪਮਾਨ ਵਿੱਚ ਥਾਂ ਤੋਂ ਥਾਂ ਦਰਜੇ ਦੇ 100 ਹਜ਼ਾਰਵੇਂ ਹਿੱਸੇ ਜਿੰਨੇ ਅੰਤਰ ਹਨ।"

ਡੇਵ ਸਪੇਰਗੇਲ ਦਾ ਨਾਸਾ ਦੇ ਡਬਲਿਊ.ਐਮ.ਏ.ਪੀ. ਮਿਸ਼ਨ ਵਿੱਚ ਬਹੁਤ ਯੋਗਦਾਨ ਰਿਹਾ ਹੈ। ਇਹ ਮਿਸ਼ਨ 2001 ਵਿੱਚ ਜਾਰੀ ਕੀਤਾ ਗਿਆ। ਇਸ ਦਾ ਮਕਸਦ ਤਾਪਮਾਨ ਦੇ ਇਨ੍ਹਾਂ ਮਹੀਨ ਅੰਤਰਾਂ ਨੂੰ ਮਾਪਣਾ ਸੀ।

ਉਹ ਕਹਿੰਦੇ ਹਨ,“ਇਸੇ ਨੂੰ ਉਨ੍ਹਾਂ ਨੇ ਮਿਣਿਆ ਹੈ ਕਿਉਂਕਿ, ਜਦੋਂ ਅਸੀਂ ਮਾਈਕ੍ਰੋਵੇਵ ਪਿਛੋਕੜ ਨੂੰ ਦੇਖਦੇ ਹਾਂ ਤਾਂ ਸਾਨੂੰ ਬ੍ਰਹਿਮੰਡ ਦੀ ਜਾਮਿਤੀ ਬਾਰੇ ਪਤਾ ਚਲਦਾ ਹੈ।”

ਨਾਸਾ ਦੇ ਇਸ ਅਧਿਐਨ ਸਮੇਤ ਹੋਰ ਬਹੁਤ ਸਾਰੇ ਅਧਿਐਨਾਂ ਨੇ ਬ੍ਰਹਿਮੰਡ ਦਾ ਅਕਾਰ ਨਿਸ਼ਚਿਤ ਕਰਨ ਵਿੱਚ ਭੂਮਿਕਾ ਨਿਭਾਈ ਹੈ।

ਹਾਲਾਂਕਿ ਉਸ ਮਹਾਂ-ਧਮਾਕੇ ਤੋਂ ਉਪਜੀ ਰੌਸ਼ਨੀ ਦੇ ਕਣਾਂ ਦੇ ਅਧਿਐਨ ਤੋਂ ਦਰਹਮ ਯੂਨੀਵਰਸਿਟੀ ਦੇ ਖਗੋਲ ਭੌਤਿਕ ਵਿਗਿਆਨੀ ਚਾਰਲਸ ਫਰੈਂਕ ਵਰਗਿਆਂ ਨੂੰ ਕਿਵੇਂ ਪਤਾ ਚਲਦਾ ਹੈ ਕਿ ਇਹ ਕੀ ਰੂਪ ਧਾਰਣ ਕਰਦੀ ਹੈ?

ਉਹ ਦੱਸਦੇ ਹਨ, ਇਹੀ ਸਾਇੰਸ ਦਾ ਸੁਹੱਪਣ ਹੈ। ਅਸੀਂ ਬਹੁਤ ਵਿਸ਼ਾਲ ਡੇਟਾ ਤੋਂ ਬਹੁਤ ਮਹੀਨ ਵਿਆਖਿਆਵਾਂ ਕਰਦੇ ਹਾਂ।

ਰੌਸ਼ਨੀ ਦੇ ਇਹ ਕਣ ਸਾਡੀਆਂ ਦੂਰਬੀਨਾਂ ਤੱਕ ਪਹੁੰਚਣ ਲਈ ਪਿਛਲੇ ਖਰਬਾਂ ਸਾਲਾਂ ਤੋਂ ਵਧਫੁਲ ਰਹੇ ਹਨ। ਇਸ ਦੌਰਾਨ ਇਨ੍ਹਾਂ ਵਿੱਚ ਵਿੰਗ-ਵਲ ਵੀ ਪੈ ਰਹੇ ਹੋਣਗੇ।

ਉਹ ਸਾਡੇ ਤੱਕ ਕਿਵੇਂ ਪਹੁੰਚਦੇ ਹਨ ਇਸੇ ਮੁਤਾਬਕ ਤੁਹਾਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਸਫ਼ਰ ਕਿਹੋ ਜਿਹਾ ਰਿਹਾ ਹੋਵੇਗਾ।

ਬ੍ਰਹਿਮੰਡ

ਤਸਵੀਰ ਸਰੋਤ, Getty Images

ਸਿੱਧਾ-ਸਪਾਟ ਬ੍ਰਹਿਮੰਡ

ਕਲਪਨਾ ਕਰੋ ਉਹ ਬ੍ਰਹਿਮੰਡੀ ਰੇਡੀਏਸ਼ਨ ਰੌਸ਼ਨੀ ਦੀਆਂ ਦੋ ਕਿਰਨਾਂ ਹਨ।

ਇੱਕ ਸਿੱਧੇ-ਸਪਾਟ ਬ੍ਰਹਿਮੰਡ ਵਿੱਚ ਉਹ ਹਮੇਸ਼ਾ ਸਮਾਨ-ਅੰਤਰ ਰਹਿਣਗੀਆਂ।

ਇੱਕ ਗੇਂਦ ਵਰਗੇ ਗੋਲਾਕਾਰ ਵਿੱਚ ਉਹ ਇਹ ਕਦੇ ਕੱਟਣਗੀਆਂ ਨਹੀਂ ਅਤੇ ਦੂਰ-ਦੂਰ ਜਾਂਦੀਆਂ ਰਹਿਣਗੀਆਂ।

ਬ੍ਰਹਿਮੰਡ ਦੇ ਅਕਾਰ ’ਤੇ ਇਸਦੀ ਹੋਣੀ ਬਾਰੇ ਪਹਿਲਾ ਅੰਦਾਜ਼ਾ ਸਾਲ 2000 ਵਿੱਚ ਲਾਇਆ ਗਿਆ।

ਜਦੋਂ ਇਟਲੀ, ਬ੍ਰਿਟੇਨ, ਅਮਰੀਕਾ, ਕੈਨੇਡਾ ਅਤੇ ਫਰਾਂਸ ਤੋਂ ਪੁਲਾੜ ਯਾਤਰੀਆਂ ਦੀ ਇੱਕ ਕੌਮਾਂਤਰੀ ਟੀਮ (ਜਿਸ ਨੂੰ ਬੂਮਰੈਂਗ ਕੋਲੈਬੋਰੇਸ਼ਨ ਕਿਹਾ ਜਾਂਦਾ ਹੈ।) ਨੇ ਆਪਣੇ ਅਧਿਐਨ ਦੇ ਨਤੀਜੇ ਪ੍ਰਕਾਸ਼ਿਤ ਕੀਤੇ।

ਰਿਪੋਰਟ ਵਿੱਚ ਕਿਹਾ ਗਿਆ, “ਲਗਦਾ ਹੈ ਇਸ ਸਮੇਂ ਨੂੰ ਅਸੀਂ ਪਾਠ-ਪੁਸਤਕਾਂ ਵਿੱਚ ਯਾਦ ਰੱਖਾਂਗੇ। ਜਦੋਂ ਅਸੀਂ ਕਿਹਾ ਕਿ ਸਾਡਾ ਬ੍ਰਹਿਮੰਡ ਸਿੱਧਾ-ਸਪਾਟ ਹੈ, ਅਸੀਂ ਇੱਕ ਸੰਘੋੜ ਵਿੱਚ ਖਤਮ ਨਹੀਂ ਹੋਵਾਂਗੇ, ਸਾਡੇ ਕੋਲ ਸੀਮਤ ਸਮਾਂ ਨਹੀਂ ਹੈ ਅਤੇ ਇਹ ਹਮੇਸ਼ਾ ਫੈਲਦਾ ਰਹੇਗਾ।”

ਇਨ੍ਹਾਂ ਨਤੀਜਿਆਂ ਦੀ ਪੁਸ਼ਟੀ ਫਿਰ ਨਾਸਾ ਦੇ ਡਬਲਿਊ.ਐਮ.ਏ.ਪੀ. ਮਿਸ਼ਨ, ਯੂਰੋਪੀਅਨ ਪੁਲਾੜ ਏਜੰਸੀ ਦੇ ਪਲੈਂਕ ਸਪੇਸਕ੍ਰਾਫਟ ਦੇ ਡੇਟਾ ਅਤੇ ਏਟਾਕਾਮਾ ਟੈਲੀਸਕੋਪ ਦੀਆਂ ਗਿਣਤੀਆਂ-ਮਿਣਤੀਆਂ ਨੇ ਕੀਤੀ।

ਬ੍ਰਹਿਮੰਡ ਦੇ ਸਿੱਧਾ-ਸਪਾਟ ਹੋਣ ਦੇ ਸਬੂਤ ਹੋਰ ਵੀ ਅਧਿਐਨਾਂ ਤੋਂ ਮਿਲਦੇ ਹਨ। ਜਿਨ੍ਹਾਂ ਤੋਂ ਅਰਥ ਨਿਕਲਦਾ ਹੈ ਕਿ ਇਹ ਸਿੱਧਾ-ਸਪਾਟ ਹੈ ਅਤੇ ਅੰਤਹੀਣ ਹੱਦ ਤੱਕ ਹਮੇਸ਼ਾ ਫੈਲਦਾ ਰਹੇਗਾ।

ਦੂਜਾ ਸਬੂਤ ਇਸ ਗੱਲ ਵਿੱਚ ਹੈ ਕਿ ਬ੍ਰਹਿਮੰਡ ਨੂੰ ਕਿਸੇ ਵੀ ਕੋਣ ਤੋਂ ਦੇਖਣ ਦੀ ਕੋਸ਼ਿਸ਼ ਕਰੋ ਇਹ ਇੱਕੋ-ਜਿਹਾ ਨਜ਼ਰ ਆਉਂਦਾ ਹੈ। ਖੋਜ ਮੁਤਾਬਕ ਸਟੀਕਤਾ ਦਾ ਮਾਰਜਨ 0.2% ਹੈ।

ਬ੍ਰਹਿਮੰਡ ਬਾਰੇ ਇੱਕ ਚਿੱਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰਾਂਸੀਸੀ ਖਗੋਲ ਸ਼ਾਸਤਰੀ ਅਤੇ ਲੇਖਕ ਕਮੀਲ ਫਲਮਾਰੀਓਂ ਦਾ 1888 ਬ੍ਰਹਿਮੰਡ ਬਾਰੇ ਇੱਕ ਚਿੱਤਰ

ਫਿਰ ਵੀ ਅਸੀਂ ਇਸ ਸੰਭਾਵਨਾ ਨੂੰ ਰੱਦ ਨਹੀਂ ਕਰ ਸਕਦੇ ਕਿ ਪੁਲਾੜ ਇੱਕ ਗੇਂਦ ਵਰਗਾ ਬੰਦ ਵੀ ਹੋ ਸਕਦਾ ਹੈ।

ਗੋਲਾ ਜਾਂ ਕਾਠੀ ਜਿੰਨੀ ਵਿਸ਼ਾਲ-ਵੱਡੀ ਹੋਵੇਗੀ, ਇਹ ਉਨੀ ਹੀ ਸਿੱਧੀ-ਸਪਾਟ ਪ੍ਰਤੀਤ ਹੋਵੇਗੀ।

ਅਜਿਹਾ ਇਸ ਲਈ ਕਿਉਂਕਿ ਬ੍ਰਹਿਮੰਡ ਅਸੀਮ ਰੂਪ ਵਿੱਚ ਵਿਸ਼ਾਲ ਹੈ। ਜੋ ਹਿੱਸਾ ਅਸੀਂ ਦੇ ਸਕਦੇ ਹਾਂ ਉਹ ਸਾਨੂੰ ਸਿੱਧਾ ਨਜ਼ਰ ਆਉਂਦਾ ਹੈ ਅਤੇ ਇਸਦੇ ਮੁੜੇ ਹੋਏ ਕਿਨਾਰੇ ਕਿਸੇ ਬੇਹੱਦ ਸਟੀਕ ਉਪਕਰਣ ਨਾਲ ਹੀ ਦੇਖੇ ਜਾ ਸਕਣਗੇ। ਜੋ ਅਜੇ ਤੱਕ ਤਾਂ ਅਸੀਂ ਈਜਾਦ ਨਹੀਂ ਕੀਤਾ ਹੈ।

ਹਾਲਾਂਕਿ, ਇਸ ਸਮੇਂ ਤਾਂ, ਸਭ ਕੁਝ ਇਸੇ ਵੱਲ ਸੰਕੇਤ ਕਰਦਾ ਲਗਦਾ ਹੈ ਕਿ ਬ੍ਰਹਿਮੰਡ ਸਿੱਧਾ-ਸਪਾਟ ਅਤੇ ਅੰਤ ਹੀਣ ਹੈ।

ਦੁਨੀਆਂ ਇੱਕ ਵਿਸਮਾਦੀ ਵਰਤਾਰਾ ਇਹ ਹੈ ਕਿ ਜਵਾਬ ਅਕਸਰ ਸਵਾਲਾਂ ਵਿੱਚੋਂ ਹੀ ਉਪਜਦੇ ਹਨ।....ਕੋਈ ਚੀਜ਼, ਜੇ ਪਹਿਲਾਂ ਹੀ ਅਸੀਮ ਹੈ ਤਾਂ ਉਹ ਫੈਲ ਕਿਵੇਂ ਸਕਦੀ ਹੈ? ਜੇ ਉਸਦੀ ਸ਼ੁਰੂਆਤ ਹੈ ਤਾਂ ਉਹ ਅਸੀਮ ਕਿਵੇਂ ਹੋ ਸਕਦੀ ਹੈ? ਇਹ ਬਹੁਤ ਵੱਡਾ ਆਪਾ-ਵਿਰੋਧ ਹੈ।

ਫਿਲਹਾਲ ਇਸ ਤੋਂ ਪਹਿਲਾਂ ਕਿ ਸਾਡੇ ਕੋਲ ਸੋਚਣ-ਵਿਚਾਰਨ ਲਈ ਕੁਝ ਬਚੇ ਹੀ ਨਾ, ਅਸੀਂ ਇਸ ਵਿਚਾਰ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ ਤਾਂ ਜੋ ਤੁਸੀਂ ਕਲਪਨਾ ਦੇ ਦੇਸ ਦੀਆਂ ਤਾਰੀਆਂ ਦਾ ਅਨੰਦ ਮਾਣ ਸਕੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)