ਗੁਰਦਾਸਪੁਰ: ਸਰਹੱਦੀ ਪੋਸਟ 'ਤੇ ਸ਼ੱਕੀ ਹਾਲਤ ਵਿੱਚ ਹੋਈ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਨੇ ਕੀ ਸਵਾਲ ਖੜ੍ਹੇ ਕੀਤੇ

ਗੁਰਨਾਮ ਸਿੰਘ ਅਤੇ ਅਸ਼ੋਕ ਕੁਮਾਰ

ਤਸਵੀਰ ਸਰੋਤ, family

ਤਸਵੀਰ ਕੈਪਸ਼ਨ, ਗੁਰਨਾਮ ਸਿੰਘ ਅਤੇ ਅਸ਼ੋਕ ਕੁਮਾਰ ਸ਼ੱਕੀ ਹਾਲਾਤ ਵਿੱਚ ਮੌਤ ਗਈ ਸੀ
    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 6 ਮਿੰਟ

"ਮੇਰੇ ਪਿਤਾ ਨੂੰ ਇਸ ਗੱਲ ਦਾ ਬਹੁਤ ਮਾਣ ਸੀ ਕਿ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਹਾਂ। 25 ਫਰਵਰੀ ਨੂੰ ਮੇਰੀ ਪਾਸ ਆਉਟ ਪਰੇਡ ਸੀ, ਉਨ੍ਹਾਂ ਨੇ ਖ਼ੁਦ ਆ ਕੇ ਉੱਥੇ ਖੜ੍ਹੇ ਹੋਣਾ ਸੀ... ਪਰ ਹੁਣ ਉਹ ਕਦੇ ਨਹੀਂ ਆਉਣਗੇ।"

ਇਹ ਦਰਦ ਭਰੇ ਅਲਫ਼ਾਜ਼ ਹਨ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦੀ ਧੀ ਮਮਤਾ ਸ਼ਰਮਾ ਦੇ, ਜਿਨ੍ਹਾਂ ਦੀ ਮੌਤ ਸ਼ੱਕੀ ਹਾਲਾਤ ਵਿੱਚ ਹੋਈ ਹੈ।

ਦਰਅਸਲ, ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਆਦੀਆਂ ਵਿੱਚ ਦੋ ਪੁਲਿਸ ਮੁਲਜ਼ਮਾਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਪਰ ਦੋਵੇਂ ਪਰਿਵਾਰਾਂ ਦਾ ਦਰਦ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ।

ਖੁਸ਼ੀਆਂ ਗ਼ਮ ਵਿੱਚ ਬਦਲੀਆਂ

ਮ੍ਰਿਤਕਾਂ ਵਿੱਚੋਂ ਇੱਕ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਸੀ, ਜੋ ਗੁਰਦਾਸਪੁਰ ਦੇ ਪਿੰਡ ਅੱਖਲਾਸ਼ਪੁਰ ਦਾ ਰਹਿਣ ਵਾਲਾ ਸੀ। ਉਸ ਦੇ ਘਰ ਅਤੇ ਪਿੰਡ ਵਿੱਚ ਡੂੰਘਾ ਸੋਗ ਪਸਰਿਆ ਹੋਇਆ ਹੈ। ਰਿਸ਼ਤੇਦਾਰ ਅਤੇ ਇਲਾਕਾ ਵਾਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਦੁਪਹਿਰ ਵੇਲੇ ਅਸ਼ੋਕ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ।

ਅਸ਼ੋਕ ਕੁਮਾਰ ਆਪਣੇ ਪਿੱਛੇ ਪਤਨੀ, ਇੱਕ ਧੀ ਅਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਧੀ ਮਮਤਾ ਸ਼ਰਮਾ ਪਹਿਲਾ ਬੀਐੱਸਐੱਫ ਵਿੱਚ ਨੌਕਰੀ ਕਰਦੀ ਸੀ, ਪਰ ਬਾਅਦ ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਈ।

25 ਫਰਵਰੀ ਨੂੰ ਉਨ੍ਹਾਂ ਦੀ ਪਾਸ ਆਉਟ ਪਰੇਡ ਹੋਣੀ ਸੀ, ਜਿਸ ਨੂੰ ਲੈ ਕੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਪਿਤਾ ਨੂੰ ਖ਼ਾਸ ਮਾਣ ਸੀ ਕਿ ਉਨ੍ਹਾਂ ਦੀ ਧੀ ਪੁਲਿਸ ਵਿੱਚ ਹੈ।

ਪਰ ਇਸ ਘਟਨਾ ਨੇ ਸਾਰਾ ਪਰਿਵਾਰ ਝੰਜੋੜ ਕੇ ਰੱਖ ਦਿੱਤਾ। ਮਮਤਾ ਕਹਿੰਦੀ ਹੈ, "ਪਿਤਾ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ। ਮੈਨੂੰ ਮਾਣ ਹੈ ਕਿ ਮੈਂ ਵੀ ਵਰਦੀ ਵਿੱਚ ਹਾਂ ਅਤੇ ਇਹ ਸੋਚ ਕੇ ਹੌਂਸਲਾ ਮਿਲਦਾ ਹੈ ਕਿ ਮੇਰੇ ਪਿਤਾ ਸ਼ਹੀਦ ਹੋਏ ਹਨ।"

ਘਰਾਂ ਵਿੱਚ ਛਾਇਆ ਮਾਤਮ

ਤਸਵੀਰ ਸਰੋਤ, GurpreetChawla/BBC

ਅਸ਼ੋਕ ਕੁਮਾਰ ਦੇ ਭਰਾ ਵਿਪਿਨ ਕੁਮਾਰ, ਜੋ ਪੰਜਾਬ ਪੁਲਿਸ ਵਿੱਚ ਤੈਨਾਤ ਹਨ, ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਿੱਚ ਡਿਊਟੀ 'ਤੇ ਸਨ ਜਦੋਂ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਅਸ਼ੋਕ ਕੁਮਾਰ ਦਾ ਝਗੜਾ ਹੋਇਆ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਗੋਲੀ ਮਾਰੀ ਹੈ।

ਉਹ ਕਹਿੰਦੇ ਹਨ, "ਇਹ ਗੱਲ ਸਾਨੂੰ ਮੰਨਣਯੋਗ ਨਹੀਂ ਲੱਗੀ। ਮੌਕੇ ਦੀ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਅਸ਼ੋਕ ਕੁਮਾਰ ਮੰਜੇ 'ਤੇ ਲੰਮੇ ਪਏ ਸਨ ਅਤੇ ਉਨ੍ਹਾਂ 'ਤੇ ਹਮਲਾ ਹੋਇਆ ਹੈ। ਜਾਂਚ ਚੱਲ ਰਹੀ ਹੈ, ਪਰ ਪਰਿਵਾਰ ਲਈ ਇਹ ਘਾਟਾ ਕਦੇ ਪੂਰਾ ਨਹੀਂ ਹੋਵੇਗਾ।"

ਦੂਜੇ ਮ੍ਰਿਤਕ ਪੰਜਾਬ ਪੁਲਿਸ ਦੇ ਏਐੱਸਆਈ ਗੁਰਨਾਮ ਸਿੰਘ ਸਨ, ਜੋ ਗੁਰਦਾਸਪੁਰ ਦੇ ਪਿੰਡ ਗਦੜੀਆਂ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਘਰ ਵਿੱਚ ਹਾਲ ਹੀ ਵਿੱਚ ਖੁਸ਼ੀਆਂ ਦਾ ਮਾਹੌਲ ਸੀ, ਜੋ ਹੁਣ ਗ਼ਮ ਵਿੱਚ ਤਬਦੀਲ ਹੋ ਗਿਆ ਹੈ।

ਸੰਦੀਪ ਸਿੰਘ

ਤਸਵੀਰ ਸਰੋਤ, GurpreetChawla/BBC

ਗੁਰਨਾਮ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੀ ਭੈਣ ਦਾ ਵਿਆਹ ਹੋਇਆ ਸੀ ਅਤੇ ਘਰ ਵਿੱਚ ਰੌਣਕ ਸੀ। ਮਹਿਜ਼ 15 ਦਿਨ ਪਹਿਲਾਂ ਉਹ ਵਿਆਹ ਤੋਂ ਬਾਅਦ ਆਸਟ੍ਰੇਲੀਆ ਗਈ ਸੀ।

ਸੰਦੀਪ ਖ਼ੁਦ ਕੈਨੇਡਾ ਤੋਂ ਵਿਆਹ ਵਿੱਚ ਸ਼ਾਮਲ ਹੋਣ ਲਈ ਵਾਪਸ ਆਇਆ ਸੀ। ਉਹ ਕਹਿੰਦਾ ਹੈ, "ਸਾਨੂੰ ਪਤਾ ਵੀ ਨਹੀਂ ਸੀ ਕਿ ਖੁਸ਼ੀਆਂ ਦੇ ਇਸ ਮਾਹੌਲ ਤੋਂ ਬਾਅਦ ਇੰਨਾ ਵੱਡਾ ਸਦਮਾ ਮਿਲੇਗਾ।"

ਸੰਦੀਪ ਮੁਤਾਬਕ ਗੁਰਨਾਮ ਸਿੰਘ ਲਗਾਤਾਰ 24 ਘੰਟਿਆਂ ਦੀ ਡਿਊਟੀ ਕਰ ਰਹੇ ਸਨ। ਦੋ ਦਿਨ ਪਹਿਲਾਂ ਉਹ ਸਵੇਰੇ ਘਰੋਂ ਗਏ ਸਨ ਅਤੇ ਅਗਲੇ ਦਿਨ ਵਾਪਸ ਆਉਣਾ ਸੀ, ਪਰ ਸਵੇਰੇ ਫ਼ੋਨ ਆਇਆ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ।

ਸੰਦੀਪ ਕਹਿੰਦਾ ਹੈ, "ਸ਼ੁਰੂ ਵਿੱਚ ਕਿਹਾ ਗਿਆ ਕਿ ਦੋਵਾਂ ਨੇ ਇੱਕ ਦੂਜੇ ਨੂੰ ਗੋਲੀ ਮਾਰੀ, ਪਰ ਇਹ ਗੱਲ ਸਹੀ ਨਹੀਂ ਲੱਗਦੀ। ਸਰਕਾਰ ਵੱਲੋਂ ਤਾਂ ਸ਼ਹੀਦ ਦਾ ਦਰਜਾ ਮਿਲ ਗਿਆ, ਪਰ ਸਾਡੇ ਲਈ ਪਿਤਾ ਵਾਪਸ ਨਹੀਂ ਆਉਣਗੇ।"

ਸੁਖਜਿੰਦਰ ਸਿੰਘ ਰੰਧਾਵਾ

ਤਸਵੀਰ ਸਰੋਤ, GurpreetChawla/BBC

ਤਸਵੀਰ ਕੈਪਸ਼ਨ, ਸੁਖਜਿੰਦਰ ਸਿੰਘ ਰੰਧਾਵਾ ਨੇ ਮ੍ਰਿਤਕ ਗੁਰਨਾਮ ਸਿੰਘ ਦੇ ਘਰ ਜਾ ਕੇ ਦੁੱਖ ਸਾਂਝਾ ਕੀਤਾ

ਮ੍ਰਿਤਕ ਗੁਰਨਾਮ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਹਰਦੀਪ ਸਿੰਘ ਨੇ ਕਿਹਾ, "ਇਹ ਬਹੁਤ ਮੰਦਭਾਗੀ ਘਟਨਾ ਹੈ। ਕੱਲ੍ਹ ਤੱਕ ਇਸ ਨੂੰ ਹੋਰ ਰੂਪ ਦੇਣ ਦੀ ਕੋਸ਼ਿਸ਼ ਹੋਈ, ਜਿਸ ਨਾਲ ਪਰਿਵਾਰ ਨਾਰਾਜ਼ ਹੈ।"

"ਗੁਰਨਾਮ ਸਿੰਘ ਬੇਦਾਗ਼ ਸਨ ਅਤੇ ਉਨ੍ਹਾਂ ਨੇ 37 ਸਾਲ ਸੇਵਾ ਨਿਭਾਈ। ਜਾਂਚ ਹੋਣੀ ਚਾਹੀਦੀ ਹੈ ਕਿ ਰੋਜ਼ਾਨਾ ਬੀਐੱਸਐੱਫ ਦੇ ਜਵਾਨ ਤੈਨਾਤ ਰਹਿੰਦੇ ਹਨ ਤਾਂ ਉਸ ਰਾਤ ਕਿਉਂ ਨਹੀਂ ਸਨ।"

ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੌਕੇ ਦਾ ਦੌਰਾ ਕਰਕੇ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, "ਉੱਥੇ ਪੋਸਟ 'ਤੇ ਕੋਈ ਦਰਵਾਜ਼ਾ ਨਹੀਂ ਹੈ ਅਤੇ ਸੀਸੀਟੀਵੀ ਕੈਮਰੇ ਵੀ ਖਸਤਾ ਹਾਲਤ ਵਿੱਚ ਹਨ। ਸਿਰਫ਼ ਸ਼ਹੀਦ ਕਰਾਰ ਦੇਣ ਜਾਂ ਮਾਲੀ ਸਹਾਇਤਾ ਦੇਣ ਨਾਲ ਬੱਚਿਆਂ ਨੂੰ ਪਿਤਾ ਵਾਪਸ ਨਹੀਂ ਮਿਲ ਸਕਦੇ।"

ਗੁਰਨਾਮ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ। ਦੋਵੇਂ ਧੀਆਂ ਦੇ ਵਿਆਹ ਹੋ ਚੁੱਕੇ ਹਨ।

ਭਗਵੰਤ ਮਾਨ

ਤਸਵੀਰ ਸਰੋਤ, Punjabi Govt.

ਤਸਵੀਰ ਕੈਪਸ਼ਨ, ਮੁੱਖ ਮੰਤਰੀ ਮਾਨ ਨੇ ਕਿਹਾ ਹੈ ਮਾਮਲੇ ਦੀ ਜਾਂਚ ਜਾਰੀ ਹੈ

ਸੀਐੱਮ ਦਾ ਐਲਾਨ, ਸੁਖਬੀਰ ਬਾਦਲ ਦਾ ਇਤਰਾਜ਼

ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਦੋਵਾਂ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ, "ਕੁਝ ਰਿਪੋਰਟਾਂ ਹਨ ਕਿ ਉਨ੍ਹਾਂ ਦੋਵਾਂ ਦਾ ਆਪਸੀ ਝਗੜਾ ਸੀ ਪਰ ਜਾਂਚ ਜਾਰੀ ਹੈ ਇਹ ਜਾਂਚ ਦਾ ਵਿਸ਼ਾ ਹੈ।"

ਉੱਧਰ ਸੀਐੱਮ ਦੇ ਇਸ ਬਿਆਨ 'ਤੇ ਅਕਾਲੀ ਦਲ ਨੇ ਇਤਰਾਜ਼ ਜਤਾਇਆ।

ਸੁਖਬੀਰ ਸਿੰਘ ਬਾਦਲ ਨੇ ਕਿਹਾ, ''ਪਹਿਲਾਂ ਮੁਆਵਜ਼ੇ ਦਾ ਐਲਾਨ ਕੀਤਾ ਤੇ ਫਿਰ ਸੀਐੱਮ ਨੇ ਕਿਹਾ ਕਿ ਦੋਵਾਂ ਨੇ ਇੱਕ ਦੂਜੇ 'ਤੇ ਗੋਲੀ ਚਲਾਈ ਹੋ ਸਕਦੀ ਹੈ, ਜਿਸਦੀ ਜਾਂਚ ਕਰਵਾਈ ਜਾਵੇਗੀ। ਇਹ ਨਿੰਦਣਯੋਗ ਹੈ। ਆਦੀਆਂ ਚੌਕੀ ਪਾਕਿਸਤਾਨ ਸਰਹੱਦ ਤੋਂ ਥੋੜੀ ਦੂਰੀ 'ਤੇ ਸਥਿਤ ਹੈ। ਇੰਟਰਨੈਸ਼ਨ ਸਰਹੱਦ ਹੋਣ ਕਰਕੇ ਇਸ 'ਤੇ ਕੰਟਰੋਲ ਬੀਐੱਸਐੱਫ ਦਾ ਵੀ ਹੁੰਦਾ ਹੈ।''

ਕਾਂਗਰਸ ਦੇ ਐੱਮਪੀ ਸੁਖਜਿੰਦਰ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਵਿਪਿਨ ਕੁਮਾਰ

ਤਸਵੀਰ ਸਰੋਤ, GurpreetChawla/BBC

ਤਸਵੀਰ ਕੈਪਸ਼ਨ, ਅਸ਼ੋਕ ਕੁਮਾਰ ਦੇ ਭਰਾ ਵਿਪਿਨ ਕੁਮਾਰ (ਨੀਲੀ ਜੈਕਟ) ਕਹਿੰਦੇ ਹਨ ਉਨ੍ਹਾਂ ਨੂੰ ਇੱਕ-ਦੂਜੇ ਨੂੰ ਗੋਲੀ ਮਾਰਨ ਵਾਲੇ ਬਿਆਨ ਉੱਤੇ ਯਕੀਨ ਨਹੀਂ ਹੈ

ਇਸ ਮਾਮਲੇ ਨੇ ਚੁੱਕੇ ਕਈ ਸਵਾਲ

  • ਦੋਵੇਂ ਪੁਲਿਸ ਮੁਲਾਜ਼ਮ 24 ਘੰਟਿਆਂ ਦੀ ਡਿਊਟੀ 'ਤੇ ਸਨ।
  • ਜਿਸ ਪੋਸਟ 'ਤੇ ਉਹ ਤੈਨਾਤ ਸਨ, ਉਹ ਸਰਹੱਦੀ ਇਲਾਕੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਹੈ।
  • ਜਿਸ ਪੁਲਿਸ ਪੋਸਟ 'ਤੇ ਉਹ ਰਾਤ ਤੈਨਾਤ ਸਨ, ਉਹ ਇੱਕ ਛੋਟਾ ਜਿਹਾ ਕਮਰਾ ਹੈ। ਉਸ ਨੂੰ ਕੋਈ ਦਰਵਾਜ਼ਾ ਨਹੀਂ ਹੈ। ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਬਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸਪਸ਼ਟ ਅਤੇ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ।
  • ਦੱਸਿਆ ਜਾ ਰਿਹਾ ਹੈ ਕਿ ਰਾਤ ਵੇਲੇ ਪੰਜਾਬ ਪੁਲਿਸ ਦੇ ਨਾਲ ਬੀਐੱਸਐੱਫ ਦੇ ਜਵਾਨ ਵੀ ਤੈਨਾਤ ਰਹਿੰਦੇ ਹਨ। ਫਿਰ ਉਸ ਰਾਤ ਉਹ ਮੌਜੂਦ ਕਿਉਂ ਨਹੀਂ ਸਨ?
  • ਮ੍ਰਿਤਕਾਂ ਦੀ ਪਹਿਲੀ ਵੀਡੀਓ ਵਿੱਚ ਗੁਰਨਾਮ ਸਿੰਘ ਕੁਰਸੀ 'ਤੇ ਬੈਠੇ ਦਿੱਸਦੇ ਹਨ। ਸਾਹਮਣੇ ਹੀਟਰ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਦੋਵੇਂ ਹੱਥ ਜੈਕਟ ਦੀ ਜੇਬ ਵਿੱਚ ਹਨ। ਅਸ਼ੋਕ ਕੁਮਾਰ ਨੇੜੇ ਦੇ ਮੰਜੇ 'ਤੇ ਇਸ ਤਰ੍ਹਾਂ ਪਏ ਦਿੱਸਦੇ ਹਨ ਜਿਵੇਂ ਸੁੱਤੇ ਹੋਣ।
  • ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋ ਮੋਟਰਸਾਈਕਲਾਂ 'ਤੇ ਸਵਾਰ ਕੁਝ ਨੌਜਵਾਨ ਰਾਤ ਕਰੀਬ ਇੱਕ ਵਜੇ ਇਸ ਇਲਾਕੇ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ।
  • ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਜਥੇਬੰਦੀ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਨੇ ਏਐੱਨਆਈ ਨੂੰ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ ਪੋਸਟ ਸਹੀ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)