ਡੋਨਰ ਦੇ ਸ਼ੁਕਰਾਣੂ ਵਿੱਚ ਸੀ ਕੈਂਸਰ ਪੈਦਾ ਕਰਨ ਵਾਲਾ ਜੀਨ, ਕਈ ਦੇਸ਼ਾਂ ਵਿੱਚ ਉਸਦੀ ਵਰਤੋਂ ਨਾਲ ਲਗਭਗ 200 ਬੱਚਿਆਂ ਦਾ ਜਨਮ ਹੋਇਆ

ਇੱਕ ਮਾਈਕ੍ਰੋ-ਸੂਈ (ਖੱਬੇ) ਦਾ ਕਲਰ ਲਾਈਟ ਮਾਈਕ੍ਰੋਗ੍ਰਾਫ ਜੋ ਮਨੁੱਖੀ ਸ਼ੁਕਰਾਣੂ ਨੂੰ ਮਨੁੱਖੀ ਅੰਡੇ ਦੇ ਸੈੱਲ (ਵਿਚਕਾਰ) ਵਿੱਚ ਇੰਜੈਕਟ ਕਰਨ ਵਾਲਾ ਹੈ, ਜਿਸਨੂੰ ਇੱਕ ਪਿਪੇਟ (ਸੱਜੇ) ਤੋਂ ਆਪਣੀ ਜਗ੍ਹਾ ’ਤੇ ਰੱਖਿਆ ਗਿਆ ਹੈ। ਆਈਵੀਐੱਫ ਇਲਾਜ।

ਤਸਵੀਰ ਸਰੋਤ, Shutterstock

ਤਸਵੀਰ ਕੈਪਸ਼ਨ, ਡੋਨਰ ਦੇ ਸ਼ੁਕਰਾਣੂਆਂ ਦੀ ਵਰਤੋਂ ਪੂਰੇ ਯੂਰਪ ਦੇ ਕਈ ਕਲੀਨਿਕਾਂ ਵਿੱਚ ਕੀਤੀ ਗਈ
    • ਲੇਖਕ, ਜੇਮਜ਼ ਗੈਲਾਘਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ

ਇੱਕ ਵੱਡੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕੈਂਸਰ ਦੇ ਖ਼ਤਰੇ ਵਾਲਾ ਇੱਕ ਸਪਰਮ ਡੋਨਰ ਪੂਰੇ ਯੂਰਪ ਵਿੱਚ ਘੱਟੋ ਘੱਟ 197 ਬੱਚਿਆਂ ਦਾ ਪਿਤਾ ਬਣ ਗਿਆ ਹੈ।

ਇਸ ਸਪਰਮ ਡੋਨਰ ਦੇ ਸਰੀਰ ਵਿੱਚ ਇੱਕ ਜੈਨੇਟਿਕ ਮਿਊਟੇਸ਼ਨ ਸੀ, ਜਿਸ ਨਾਲ ਕੈਂਸਰ ਦਾ ਖਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ।

ਇਸ ਕਾਰਨ ਕੁਝ ਬੱਚਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਕੁਝ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਇਹ ਮਿਊਟੇਸ਼ਨ ਵਿਰਾਸਤ ਵਿੱਚ ਮਿਲੀ ਹੈ, ਪਰ ਉਹ ਆਪਣੀ ਜ਼ਿੰਦਗੀ ਵਿੱਚ ਕੈਂਸਰ ਤੋਂ ਬਚ ਸਕਣਗੇ।

ਇਹ ਸ਼ੁਕਰਾਣੂ ਯੂਕੇ ਦੇ ਕਲੀਨਿਕਾਂ ਨੂੰ ਨਹੀਂ ਵੇਚੇ ਗਏ ਸਨ, ਪਰ ਬੀਬੀਸੀ ਇਹ ਪੁਸ਼ਟੀ ਕਰ ਸਕਦਾ ਹੈ ਕਿ 'ਬਹੁਤ ਘੱਟ' ਬ੍ਰਿਟਿਸ਼ ਪਰਿਵਾਰਾਂ ਨੇ ਡੈਨਮਾਰਕ ਵਿੱਚ ਫਰਟਿਲਿਟੀ ਟ੍ਰੀਟਮੈਂਟ ਦੌਰਾਨ ਇਸ ਡੋਨਰ ਦੇ ਸ਼ੁਕਰਾਣੂਆਂ ਦੀ ਵਰਤੋਂ ਕੀਤੀ ਸੀ।

ਡੈਨਮਾਰਕ ਦੇ ਯੂਰਪੀਅਨ ਸਪਰਮ ਬੈਂਕ, ਜਿਸਨੇ ਸ਼ੁਕਰਾਣੂ ਵੇਚੇ ਸਨ, ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨਾਲ ਉਨ੍ਹਾਂ ਦੀ 'ਡੂੰਘੀ ਸੰਵੇਦਨਾ' ਹੈ। ਉਨ੍ਹਾਂ ਨੇ ਮੰਨਿਆ ਕਿ ਕੁਝ ਦੇਸ਼ਾਂ ਵਿੱਚ ਸ਼ੁਕਰਾਣੂਆਂ ਦੀ ਵਰਤੋਂ ਬਹੁਤ ਜ਼ਿਆਦਾ ਬੱਚੇ ਪੈਦਾ ਕਰਨ ਲਈ ਕੀਤੀ ਗਈ ਸੀ।

ਭਰੂਣ ਵਿਗਿਆਨੀ ਮਾਈਕ੍ਰੋਸਕੋਪ ਰਾਹੀਂ ਪ੍ਰਜਨਨ ਕਲੀਨਿਕ ਦੀ ਪ੍ਰਯੋਗਸ਼ਾਲਾ ਵਿੱਚ ਕੰਮ ਕਰਦਾ ਹੋਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੋਨਰ ਦੇ ਸ਼ੁਕਰਾਣੂਆਂ ਵਿੱਚ 20% ਤੱਕ ਖ਼ਤਰਨਾਕ ਮਿਊਟੇਸ਼ਨ ਹੈ ਜਿਸ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ

ਇਹ ਜਾਂਚ ਯੂਰਪੀਅਨ ਬ੍ਰੌਡਕਾਸਟਿੰਗ ਯੂਨੀਅਨ ਦੇ ਇਨਵੈਸਟੀਗੇਟਿਵ ਜਰਨਲਿਜ਼ਮ ਨੈੱਟਵਰਕ ਦੇ ਹਿੱਸੇ ਵਜੋਂ ਬੀਬੀਸੀ ਸਮੇਤ 14 ਪਬਲਿਕ ਸਰਵਿਸ ਬਰਾਡਕਾਸਟਰਾਂ ਨੇ ਕੀਤੀ ਹੈ।

ਇਹ ਸ਼ੁਕਰਾਣੂ ਇੱਕ ਅਣਜਾਣ ਪੁਰਸ਼ ਦਾ ਸੀ ਜਿਸਨੂੰ 2005 ਵਿੱਚ ਇੱਕ ਵਿਦਿਆਰਥੀ ਵਜੋਂ ਇਹ ਦਾਨ ਕਰਨ ਲਈ ਪੈਸੇ ਦਿੱਤੇ ਗਏ ਸਨ। ਉਸ ਤੋਂ ਬਾਅਦ ਉਸ ਦੇ ਸ਼ੁਕਰਾਣੂਆਂ ਦੀ ਵਰਤੋਂ ਔਰਤਾਂ ਨੇ ਲਗਭਗ 17 ਸਾਲਾਂ ਤੱਕ ਕੀਤੀ।

ਉਹ ਸਿਹਤਮੰਦ ਸੀ ਅਤੇ ਡੋਨਰ ਸਕ੍ਰੀਨਿੰਗ ਜਾਂਚ ਪਾਸ ਕਰ ਚੁੱਕਾ ਸੀ। ਹਾਲਾਂਕਿ, ਉਸ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਕੁਝ ਸੈੱਲਾਂ ਵਿੱਚ ਡੀਐੱਨਏ ਬਦਲ ਗਿਆ ਸੀ।

ਇਸ ਨੇ TP53 ਜੀਨ ਨੂੰ ਨੁਕਸਾਨ ਪਹੁੰਚਾਇਆ, ਜਿਸ ਦੀ ਸਰੀਰ ਦੇ ਸੈੱਲਾਂ ਨੂੰ ਕੈਂਸਰਗ੍ਰਸਤ ਹੋਣ ਤੋਂ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ।

ਡੋਨਰ ਦੇ ਸਰੀਰ ਦੇ ਜ਼ਿਆਦਾਤਰ ਹਿੱਸੇ ਵਿੱਚ TP53 ਦਾ ਖ਼ਤਰਨਾਕ ਰੂਪ ਨਹੀਂ ਹੈ, ਪਰ ਉਸ ਦੇ 20% ਤੱਕ ਸ਼ੁਕਰਾਣੂਆਂ ਵਿੱਚ ਇਹ ਹੈ।

ਹਾਲਾਂਕਿ, ਪ੍ਰਭਾਵਿਤ ਸ਼ੁਕਰਾਣੂਆਂ ਤੋਂ ਪੈਦਾ ਹੋਏ ਕਿਸੇ ਵੀ ਬੱਚੇ ਦੇ ਸਰੀਰ ਦੇ ਹਰੇਕ ਸੈੱਲ ਵਿੱਚ ਮਿਊਟੇਸ਼ਨ ਹੋਵੇਗਾ।

ਉਹ ਦੇਸ਼ ਜਿੱਥੇ ਕਲੀਨਿਕਾਂ ਨੂੰ ਸ਼ੁਕਰਾਣੂ ਭੇਜੇ ਗਏ

ਇਸ ਨੂੰ 'ਲੀ ਫਰਾਉਮੇਨੀ ਸਿੰਡਰੋਮ' ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਵਿੱਚ ਕੈਂਸਰ ਹੋਣ ਦੀ 90% ਤੱਕ ਸੰਭਾਵਨਾ ਹੁੰਦੀ ਹੈ, ਖਾਸ ਕਰਕੇ ਬਚਪਨ ਵਿੱਚ ਅਤੇ ਬਾਅਦ ਵਿੱਚ ਬ੍ਰੈਸਟ ਕੈਂਸਰ ਹੋਣ ਦੀ ਵੀ।

ਲੰਡਨ ਦੇ ਇੰਸਟੀਚਿਊਟ ਆਫ਼ ਕੈਂਸਰ ਰਿਸਰਚ ਵਿੱਚ ਕੈਂਸਰ ਜੈਨੇਟਿਕਸਿਸਟ ਪ੍ਰੋਫੈਸਰ ਕਲੇਅਰ ਟਰਨਬੁੱਲ ਨੇ ਬੀਬੀਸੀ ਨੂੰ ਦੱਸਿਆ, ''ਇਹ ਬਹੁਤ ਬੁਰਾ ਹੈ। ਕਿਸੇ ਪਰਿਵਾਰ 'ਤੇ ਇਸ ਦਾ ਅਸਰ ਬਹੁਤ ਮੁਸ਼ਕਿਲ ਹੈ, ਇਸ ਜੋਖ਼ਮ ਨਾਲ ਜ਼ਿੰਦਗੀ ਭਰ ਜਿਉਣ ਦਾ ਬੋਝ ਰਹਿੰਦਾ ਹੈ, ਇਹ ਸਪੱਸ਼ਟ ਤੌਰ 'ਤੇ ਵਿਨਾਸ਼ਕਾਰੀ ਹੁੰਦਾ ਹੈ।''

ਟਿਊਮਰ ਦਾ ਪਤਾ ਲਗਾਉਣ ਲਈ ਹਰ ਸਾਲ ਸਰੀਰ ਅਤੇ ਦਿਮਾਗ ਦਾ ਐੱਮਆਰਆਈ ਸਕੈਨ ਅਤੇ ਪੇਟ ਦਾ ਅਲਟਰਾਸਾਊਂਡ ਕਰਾਉਣ ਦੀ ਲੋੜ ਹੁੰਦੀ ਹੈ। ਔਰਤਾਂ ਅਕਸਰ ਕੈਂਸਰ ਦੇ ਜੋਖ਼ਮ ਨੂੰ ਘਟਾਉਣ ਲਈ ਆਪਣੀਆਂ ਛਾਤੀਆਂ ਹਟਵਾ ਲੈਂਦੀਆਂ ਹਨ।

ਯੂਰਪੀਅਨ ਸਪਰਮ ਬੈਂਕ ਨੇ ਕਿਹਾ ਕਿ ''ਡੋਨਰ ਖੁਦ ਅਤੇ ਉਸ ਦੇ ਪਰਿਵਾਰਕ ਮੈਂਬਰ ਬਿਮਾਰ ਨਹੀਂ ਹਨ'' ਅਤੇ ਅਜਿਹੇ ਮਿਊਟੇਸ਼ਨ ਦਾ 'ਜੈਨੇਟਿਕ ਸਕ੍ਰੀਨਿੰਗ ਨਾਲ ਬਚਾਅ ਦੇ ਤੌਰ 'ਤੇ ਪਤਾ ਨਹੀਂ ਲੱਗਦਾ।''

ਉਨ੍ਹਾਂ ਕਿਹਾ ਕਿ ਜਦੋਂ ਹੀ ਡੋਨਰ ਦੇ ਸ਼ੁਕਰਾਣੂਆਂ ਵਿੱਚ ਸਮੱਸਿਆ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸ ਨੂੰ 'ਤੁਰੰਤ ਬਲਾਕ' ਕਰ ਦਿੱਤਾ।

ਇਹ ਵੀ ਪੜ੍ਹੋ

ਕਈ ਬੱਚਿਆਂ ਦੀ ਮੌਤ ਹੋਈ

ਇਸ ਸਾਲ ਯੂਰਪੀਅਨ ਸੁਸਾਇਟੀ ਆਫ਼ ਹਿਊਮਨ ਜੈਨੇਟਿਕਸ ਵਿੱਚ ਉਨ੍ਹਾਂ ਡਾਕਟਰਾਂ ਨੇ ਚਿੰਤਾ ਜ਼ਾਹਰ ਕੀਤੀ ਜੋ ਸਪਰਮ ਡੋਨੇਸ਼ਨ ਨਾਲ ਜੁੜੇ ਕੈਂਸਰ ਤੋਂ ਪੀੜਤ ਬੱਚਿਆਂ ਨੂੰ ਦੇਖ ਰਹੇ ਸਨ।

ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਤੱਕ ਪਤਾ ਲੱਗੇ 67 ਬੱਚਿਆਂ ਵਿੱਚੋਂ 23 ਬੱਚਿਆਂ ਵਿੱਚ ਇਹ ਵੇਰੀਐਂਟ ਮਿਲਿਆ ਸੀ। ਦਸ ਬੱਚਿਆਂ ਵਿੱਚ ਪਹਿਲਾਂ ਹੀ ਕੈਂਸਰ ਦਾ ਪਤਾ ਲੱਗ ਚੁੱਕਾ ਸੀ।

'ਫ੍ਰੀਡਮ ਆਫ ਇਨਫਰਮੇਸ਼ਨ ਰਿਕਵੈਸਟ' ਅਤੇ ਡਾਕਟਰਾਂ ਅਤੇ ਮਰੀਜ਼ਾਂ ਨਾਲ ਇੰਟਰਵਿਊਆਂ ਰਾਹੀਂ ਅਸੀਂ ਇਹ ਖੁਲਾਸਾ ਕਰ ਸਕਦੇ ਹਾਂ ਕਿ ਇਸ ਡੋਨਰ ਤੋਂ ਕਾਫ਼ੀ ਜ਼ਿਆਦਾ ਬੱਚੇ ਪੈਦਾ ਹੋਏ ਸਨ।

ਇਹ ਅੰਕੜਾ ਘੱਟੋ-ਘੱਟ 197 ਬੱਚਿਆਂ ਦਾ ਹੈ, ਪਰ ਇਹ ਅੰਤਿਮ ਸੰਖਿਆ ਨਹੀਂ ਹੋ ਸਕਦੀ ਕਿਉਂਕਿ ਸਾਰੇ ਦੇਸ਼ਾਂ ਤੋਂ ਡੇਟਾ ਨਹੀਂ ਮਿਲਿਆ ਹੈ।

ਇਹ ਵੀ ਪਤਾ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਬੱਚਿਆਂ ਨੂੰ ਇਹ ਖ਼ਤਰਨਾਕ ਵੇਰੀਐਂਟ ਵਿਰਾਸਤ ਵਿੱਚ ਮਿਲਿਆ ਹੈ।

ਡਾ. ਕੈਸਪਰ ਕੁਝ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰ ਰਹੇ ਹਨ।

ਡਾ. ਕੈਸਪਰ ਚਿੱਟਾ ਕੋਟ ਪਹਿਨ ਕੇ ਆਪਣੇ ਕੰਮ ਦੇ ਡੈਸਕ ’ਤੇ ਬੈਠੇ ਹਨ।
ਤਸਵੀਰ ਕੈਪਸ਼ਨ, ਫਰਾਂਸ ਦੇ ਰੂਏਨ ਯੂਨੀਵਰਸਿਟੀ ਹਸਪਤਾਲ ਦੇ ਕੈਂਸਰ ਜੈਨੇਟਿਕਸਿਸਟ ਡਾ. ਐਡਵਿਜ ਕੈਸਪਰ ਨੇ ਸ਼ੁਰੂਆਤੀ ਅੰਕੜੇ ਪੇਸ਼ ਕੀਤੇ ਸਨ

ਫਰਾਂਸ ਦੇ ਰੂਏਨ ਯੂਨੀਵਰਸਿਟੀ ਹਸਪਤਾਲ ਦੇ ਕੈਂਸਰ ਜੈਨੇਟਿਕਸਿਸਟ ਡਾ. ਐਡਵਿਜ ਕੈਸਪਰ, ਜਿਨ੍ਹਾਂ ਨੇ ਸ਼ੁਰੂਆਤੀ ਅੰਕੜੇ ਪੇਸ਼ ਕੀਤੇ, ਨੇ ਜਾਂਚ ਵਿੱਚ ਦੱਸਿਆ: ''ਸਾਡੇ ਕੋਲ ਕਈ ਬੱਚੇ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਕੈਂਸਰ ਹੋ ਚੁੱਕਾ ਹੈ।

''ਸਾਡੇ ਕੁਝ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਦੋ ਵੱਖ-ਵੱਖ ਕੈਂਸਰ ਹੋ ਚੁੱਕੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਦੀ ਬਹੁਤ ਛੋਟੀ ਉਮਰ ਵਿੱਚ ਮੌਤ ਹੋ ਚੁੱਕੀ ਹੈ।''

ਸੇਲਿਨ, ਜੋ ਉਨ੍ਹਾਂ ਦਾ ਅਸਲੀ ਨਾਮ ਨਹੀਂ ਹੈ, ਫਰਾਂਸ ਵਿੱਚ ਸਿੰਗਲ-ਮਦਰ ਹਨ, ਜਿਨ੍ਹਾਂ ਨੇ 14 ਸਾਲ ਪਹਿਲਾਂ ਡੋਨਰ ਦੇ ਸ਼ੁਕਰਾਣੂ ਨਾਲ ਗਰਭ ਧਾਰਨ ਕੀਤਾ ਸੀ ਅਤੇ ਉਸ ਬੱਚੇ ਦਾ ਮਿਊਟੇਸ਼ਨ ਹੋਇਆ ਹੈ।

ਉਨ੍ਹਾਂ ਨੇ ਬੈਲਜੀਅਮ ਵਿੱਚ ਜਿਸ ਫਰਟੀਲਿਟੀ ਕਲੀਨਿਕ ਤੋਂ ਸ਼ਕਰਾਣੂ ਲਿਆ ਸੀ, ਉਨ੍ਹਾਂ ਨੂੰ ਉੱਥੋਂ ਫੋਨ ਆਇਆ ਅਤੇ ਉਨ੍ਹਾਂ ਨੂੰ ਆਪਣੀ ਬੇਟੀ ਦੀ ਜਾਂਚ ਕਰਵਾਉਣ ਲਈ ਕਿਹਾ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਡੋਨਰ ਪ੍ਰਤੀ ਉਨ੍ਹਾਂ ਦੇ ਮਨ ਵਿੱਚ 'ਕੋਈ ਬੁਰੀ ਭਾਵਨਾ ਨਹੀਂ ਹੈ'', ਪਰ ਇਹ ਮਨਜ਼ੂਰ ਨਹੀਂ ਕਿ ਉਨ੍ਹਾਂ ਨੂੰ ਅਜਿਹਾ ਸ਼ੁਕਰਾਣੂ ਦਿੱਤਾ ਗਿਆ ਜੋ 'ਸਾਫ਼ ਨਹੀਂ ਸੀ, ਸੁਰੱਖਿਅਤ ਨਹੀਂ ਸੀ, ਜਿਸ ਵਿੱਚ ਖਤਰਾ ਸੀ।''

ਉਹ ਜਾਣਦੀ ਹੈ ਕਿ ਕੈਂਸਰ ਉਨ੍ਹਾਂ ਦੇ ਬਾਕੀ ਜੀਵਨ ਉੱਤੇ ਮੰਡਰਾਉਂਦਾ ਰਹੇਗਾ।

ਉਹ ਕਹਿੰਦੀ ਹੈ, ''ਸਾਨੂੰ ਨਹੀਂ ਪਤਾ ਕਦੋਂ, ਸਾਨੂੰ ਨਹੀਂ ਪਤਾ ਕਿਹੜਾ, ਅਤੇ ਸਾਨੂੰ ਨਹੀਂ ਪਤਾ ਕਿ ਕਿੰਨਾ ਹੋਵੇਗਾ।''

''ਮੈਂ ਸਮਝਦੀ ਹਾਂ ਕਿ ਅਜਿਹਾ ਹੋਣ ਦੀ ਬਹੁਤ ਸੰਭਾਵਨਾ ਹੈ ਅਤੇ ਜਦੋਂ ਇਹ ਹੋਵੇਗਾ, ਅਸੀਂ ਲੜਾਂਗੇ ਅਤੇ ਜੇ ਇਹ ਕਈ ਵਾਰ ਹੋਇਆ, ਤਾਂ ਅਸੀਂ ਕਈ ਵਾਰ ਲੜਾਂਗੇ।''

ਲੈਬ ਵਿੱਚ ਹੋ ਰਹੇ ਕੰਮ ਦੀ ਇੱਕ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੋਨਰ ਦੇ ਸ਼ੁਕਰਾਣੂ ਦੀ ਵਰਤੋਂ 14 ਦੇਸ਼ਾਂ ਦੇ 67 ਫਰਟਿਲਿਟੀ ਕਲੀਨਿਕਾਂ ਵਿੱਚ ਕੀਤੀ ਗਈ।

ਸ਼ੁਕਰਾਣੂ ਨੂੰ ਯੂਕੇ ਦੇ ਕਲੀਨਿਕਾਂ ਨੂੰ ਨਹੀਂ ਵੇਚਿਆ ਗਿਆ ਸੀ।

ਹਾਲਾਂਕਿ, ਇਸ ਜਾਂਚ ਦੇ ਨਤੀਜੇ ਵਜੋਂ ਡੈਨਮਾਰਕ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਯੂਕੇ ਦੀ ਹਿਊਮਨ ਫਰਟੀਲਾਈਜ਼ੇਸ਼ਨ ਐਂਡ ਐਂਬ੍ਰਾਇਓਲੋਜੀ ਅਥਾਰਟੀ (ਐੱਚਐੱਫਈਏ) ਨੂੰ ਸੂਚਿਤ ਕੀਤਾ ਕਿ ਬ੍ਰਿਟਿਸ਼ ਔਰਤਾਂ ਡੋਨਰ ਦੇ ਸ਼ੁਕਰਾਣੂ ਦੀ ਵਰਤੋਂ ਕਰਕੇ ਫਰਟਿਲਿਟੀ ਟ੍ਰੀਟਮੈਂਟ ਲੈਣ ਲਈ ਉਨ੍ਹਾਂ ਦੇ ਦੇਸ਼ ਆਈਆਂ ਸਨ।

ਉਨ੍ਹਾਂ ਔਰਤਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਐੱਚਐੱਫਈਏ ਦੇ ਚੀਫ ਐਗਜ਼ੀਕਿਉਟਿਵ ਪੀਟਰ ਥੌਮਸਨ ਨੇ ਕਿਹਾ ਕਿ ''ਬਹੁਤ ਘੱਟ ਗਿਣਤੀ ਵਿੱਚ'' ਔਰਤਾਂ ਪ੍ਰਭਾਵਿਤ ਹੋਈਆਂ ਸਨ ਅਤੇ ''ਉਨ੍ਹਾਂ ਨੂੰ ਉਸ ਡੈਨਿਸ਼ ਕਲੀਨਿਕ ਨੇ ਡੋਨਰ ਬਾਰੇ ਦੱਸਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਹੋਇਆ ਸੀ।''

ਸਾਨੂੰ ਨਹੀਂ ਪਤਾ ਕਿ ਕਿਸੇ ਬ੍ਰਿਟਿਸ਼ ਔਰਤ ਦਾ ਇਲਾਜ ਦੂਜੇ ਦੇਸ਼ਾਂ ਵਿੱਚ ਹੋਇਆ ਸੀ ਜਿੱਥੇ ਡੋਨਰ ਦੇ ਸ਼ੁਕਰਾਣੂ ਵੰਡੇ ਗਏ ਸਨ।

ਸਬੰਧਿਤ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਸ ਫਰਟਿਲਿਟੀ ਕਲੀਨਿਕ ਦੀ ਸਬੰਧਿਤ ਅਥਾਰਿਟੀ ਨਾਲ ਸੰਪਰਕ ਕਰਨ ਜਿੱਥੇ ਉਹ ਸ਼ਕਰਾਣੂ ਵਰਤੇ ਗਏ ਸਨ।

ਬੀਬੀਸੀ ਡੋਨਰ ਦਾ ਪਛਾਣ ਨੰਬਰ ਜਾਰੀ ਨਹੀਂ ਕਰ ਰਿਹਾ ਹੈ ਕਿਉਂਕਿ ਉਸ ਨੇ ਨੇਕ ਨੀਤੀ ਨਾਲ ਇਨ੍ਹਾਂ ਨੂੰ ਡੋਨੇਟ ਕੀਤਾ ਸੀ।

ਦੁਨੀਆ ਭਰ ਵਿੱਚ ਡੋਨਰ ਦੇ ਸ਼ੁਕਰਾਣੂਆਂ ਨੂੰ ਕਿੰਨੀ ਵਾਰ ਵਰਤਿਆ ਜਾ ਸਕਦਾ ਹੈ, ਇਸ ਬਾਰੇ ਕੋਈ ਕਾਨੂੰਨ ਨਹੀਂ ਹੈ। ਹਾਲਾਂਕਿ, ਅਲੱਗ -ਅਲੱਗ ਦੇਸ਼ ਆਪਣੀ ਸੀਮਾ ਤੈਅ ਕਰਦੇ ਹਨ।

ਯੂਰਪੀਅਨ ਸਪਰਮ ਬੈਂਕ ਨੇ ਸਵੀਕਾਰ ਕੀਤਾ ਕਿ 'ਬਦਕਿਸਮਤੀ ਨਾਲ' ਕੁਝ ਦੇਸ਼ਾਂ ਵਿੱਚ ਇਸ ਸੀਮਾ ਦੀ ਉਲੰਘਣਾ ਕੀਤੀ ਗਈ ਸੀ ਅਤੇ ਉਹ 'ਡੈਨਮਾਰਕ ਅਤੇ ਬੈਲਜੀਅਮ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।''

ਬੈਲਜੀਅਮ ਵਿੱਚ, ਇੱਕ ਸ਼ੁਕਰਾਣੂ ਡੋਨਰ ਦੀ ਵਰਤੋਂ ਸਿਰਫ਼ ਛੇ ਪਰਿਵਾਰਾਂ ਨੂੰ ਕਰਨੀ ਚਾਹੀਦੀ ਸੀ। ਇਸ ਦੀ ਬਜਾਏ 38 ਵੱਖ-ਵੱਖ ਔਰਤਾਂ ਨੇ ਡੋਨਰ ਤੋਂ 53 ਬੱਚੇ ਪੈਦਾ ਕੀਤੇ।

ਯੂਕੇ ਦੀ ਪ੍ਰਤੀ ਡੋਨਰ ਸੀਮਾ 10 ਪਰਿਵਾਰ ਹੈ।

'ਤੁਸੀਂ ਹਰ ਚੀਜ਼ ਦੀ ਸ੍ਰਕੀਨਿੰਗ ਨਹੀਂ ਕਰ ਸਕਦੇ'

ਸ਼ੁਕਰਾਣੂਆਂ ਵਾਲੇ ਡੱਬੇ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੋਫੈਸਰ ਐਲਨ ਪੇਸੀ ਜੋ ਸ਼ੁਕਰਾਣੂਆਂ ਦਾ ਇੱਕ ਬੈਂਕ ਚਲਾਉਂਦੇ ਹਨ, ਕਹਿੰਦੇ ਹਨ ਨੂੰ ਸ਼ੁਕਰਾਣੂਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣਾ ਅਸੰਭਵ ਹੋਵੇਗਾ।

ਪ੍ਰੋਫੈਸਰ ਐਲਨ ਪੇਸੀ, ਜੋ ਪਹਿਲਾਂ ਸ਼ੈਫੀਲਡ ਸਪਰਮ ਬੈਂਕ ਚਲਾਉਂਦੇ ਸਨ ਅਤੇ ਹੁਣ ਮੈਨਚੈਸਟਰ ਯੂਨੀਵਰਸਿਟੀ ਵਿੱਚ ਬਾਇਓਲੋਜੀ ਮੈਡੀਸਿਨ ਐਂਡ ਹੈਲਥ ਫੈਕਲਟੀ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਹਨ, ਨੇ ਕਿਹਾ ਕਿ ਦੇਸ਼ ਵੱਡੇ ਅੰਤਰਰਾਸ਼ਟਰੀ ਸਪਰਮ ਬੈਂਕਾਂ 'ਤੇ ਨਿਰਭਰ ਹੋ ਗਏ ਹਨ ਅਤੇ ਯੂਕੇ ਦੇ ਅੱਧੇ ਸਪਰਮ ਹੁਣ ਆਯਾਤ ਕੀਤੇ ਜਾਂਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''ਸਾਨੂੰ ਵੱਡੇ ਅੰਤਰਰਾਸ਼ਟਰੀ ਸ਼ੁਕਰਾਣੂ ਬੈਂਕਾਂ ਤੋਂ ਆਯਾਤ ਕਰਨੇ ਪੈਂਦੇ ਹਨ ਜੋ ਇਸ ਨੂੰ ਦੂਜੇ ਦੇਸ਼ਾਂ ਨੂੰ ਵੀ ਵੇਚ ਰਹੇ ਹਨ, ਕਿਉਂਕਿ ਇਸ ਤਰ੍ਹਾਂ ਉਹ ਆਪਣਾ ਪੈਸਾ ਕਮਾਉਂਦੇ ਹਨ। ਇੱਥੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ, ਕਿਉਂਕਿ ਇਸ ਬਾਰੇ ਕੋਈ ਅੰਤਰਰਾਸ਼ਟਰੀ ਕਾਨੂੰਨ ਨਹੀਂ ਹੈ ਕਿ ਤੁਸੀਂ ਸ਼ੁਕਰਾਣੂਆਂ ਦੀ ਕਿੰਨੀ ਵਾਰ ਵਰਤੋਂ ਕਰ ਸਕਦੇ ਹੋ।''

ਉਨ੍ਹਾਂ ਕਿਹਾ ਕਿ ਇਹ ਮਾਮਲਾ ਇਸ ਵਿੱਚ ਸ਼ਾਮਲ ਹਰੇਕ ਵਿਅਕਤੀ ਲਈ 'ਭਿਆਨਕ' ਹੈ, ਪਰ ਸ਼ੁਕਰਾਣੂਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣਾ ਅਸੰਭਵ ਹੋਵੇਗਾ।

''ਤੁਸੀਂ ਹਰ ਚੀਜ਼ ਦੀ ਸਕ੍ਰੀਨਿੰਗ ਨਹੀਂ ਕਰ ਸਕਦੇ, ਅਸੀਂ ਮੌਜੂਦਾ ਸਕ੍ਰੀਨਿੰਗ ਸਿਸਟਮ ਵਿੱਚ ਸ਼ੁਕਰਾਣੂ ਡੋਨਰ ਬਣਨ ਲਈ ਅਪਲਾਈ ਕਰਨ ਵਾਲੇ ਸਾਰੇ ਪੁਰਸ਼ਾਂ ਵਿੱਚੋਂ ਸਿਰਫ਼ 1% ਜਾਂ 2% ਨੂੰ ਹੀ ਸਵੀਕਾਰ ਕਰਦੇ ਹਾਂ, ਇਸ ਲਈ ਜੇਕਰ ਅਸੀਂ ਇਸ ਨੂੰ ਹੋਰ ਵੀ ਸਖ਼ਤ ਬਣਾਉਂਦੇ ਹਾਂ, ਤਾਂ ਸਾਡੇ ਕੋਲ ਕੋਈ ਸਪਰਮ ਡੋਨਰ ਨਹੀਂ ਹੋਵੇਗਾ, ਇਹੀ ਉਹ ਸਥਿਤੀ ਹੈ।''

ਇਸ ਮਾਮਲੇ ਦੇ ਨਾਲ, ਇੱਕ ਅਜਿਹੇ ਪੁਰਸ਼ ਦੇ ਮਾਮਲੇ ਨੇ ਜਿਸਨੂੰ ਸ਼ੁਕਰਾਣੂ ਡੋਨੇਟ ਕਰਨ ਰਾਹੀਂ 550 ਬੱਚਿਆਂ ਦੇ ਪਿਤਾ ਬਣਨ ਤੋਂ ਬਾਅਦ ਰੋਕ ਦਿੱਤਾ ਗਿਆ ਸੀ, ਨੇ ਫਿਰ ਤੋਂ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਕੋਈ ਸਖ਼ਤ ਸੀਮਾ ਹੋਣੀ ਚਾਹੀਦੀ ਹੈ।

ਯੂਰਪੀਅਨ ਸੁਸਾਇਟੀ ਆਫ਼ ਹਿਊਮਨ ਰੀਪ੍ਰੋਡਕਸ਼ਨ ਐਂਡ ਐਂਬ੍ਰਿਓਲੋਜੀ ਨੇ ਹਾਲ ਹੀ ਵਿੱਚ ਹਰ ਡੋਨਰ ਲਈ 50 ਪਰਿਵਾਰਾਂ ਦੀ ਸੀਮਾ ਦਾ ਸੁਝਾਅ ਦਿੱਤਾ ਹੈ।

ਹਾਲਾਂਕਿ, ਉਸ ਨੇ ਕਿਹਾ ਕਿ ਇਸ ਨਾਲ ਦੁਰਲੱਭ ਜੈਨੇਟਿਕ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਨਹੀਂ ਹੋਵੇਗਾ।

ਇਸ ਦੀ ਬਜਾਏ, ਇਹ ਉਨ੍ਹਾਂ ਬੱਚਿਆਂ ਦੀ ਭਲਾਈ ਲਈ ਬਿਹਤਰ ਹੋਵੇਗਾ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਸੈਂਕੜੇ ਮਤਰੇਏ ਭੈਣ-ਭਰਾਵਾਂ ਵਿੱਚੋਂ ਇੱਕ ਹਨ।

ਬਾਂਝਪਨ ਅਤੇ ਜੈਨੇਟਿਕ ਸਥਿਤੀਆਂ ਤੋਂ ਪ੍ਰਭਾਵਿਤ ਲੋਕਾਂ ਲਈ ਇੱਕ ਸੁਤੰਤਰ ਚੈਰਿਟੀ 'ਪ੍ਰੋਗਰੈੱਸ ਐਜੂਕੇਸ਼ਨਲ ਟਰੱਸਟ' ਦੀ ਡਾਇਰੈਕਟਰ ਸਾਰਾ ਨੋਰਕ੍ਰਾਸ ਨੇ ਕਿਹਾ, ''ਦੁਨੀਆਂ ਭਰ ਵਿੱਚ ਇੱਕ ਹੀ ਡੋਨਰ ਤੋਂ ਪੈਦਾ ਹੋਣ ਵਾਲੇ ਪਰਿਵਾਰਾਂ ਦੀ ਗਿਣਤੀ ਨੂੰ ਘਟਾਉਣ ਲਈ ਹੋਰ ਕੰਮ ਕਰਨ ਦੀ ਲੋੜ ਹੈ।''

ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, ''ਸਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਆ ਰਿਹਾ ਕਿ ਇਨ੍ਹਾਂ ਸੈਂਕੜੇ ਮਤਰੇਏ ਭੈਣਾਂ-ਭਰਾਵਾਂ ਦੇ ਹੋਣ ਦਾ ਸਮਾਜਿਕ ਅਤੇ ਮਨੋਵਿਗਿਆਨਕ ਅਸਰ ਕੀ ਹੋਵੇਗਾ। ਇਹ ਬਹੁਤ ਦਰਦਨਾਕ ਹੋ ਸਕਦਾ ਹੈ।''

ਯੂਰਪੀਅਨ ਸਪਰਮ ਬੈਂਕ ਨੇ ਕਿਹਾ, ''ਇਹ ਯਾਦ ਰੱਖਣਾ ਜ਼ਰੂਰੀ ਹੈ, ਖਾਸ ਕਰਕੇ ਇਸ ਮਾਮਲੇ ਦੇ ਮੱਦੇਨਜ਼ਰ ਕਿ ਹਜ਼ਾਰਾਂ ਔਰਤਾਂ ਅਤੇ ਜੋੜਿਆਂ ਨੂੰ ਸ਼ੁਕਰਾਣੂ ਡੋਨਰ ਦੀ ਮਦਦ ਤੋਂ ਬਿਨਾਂ ਬੱਚਾ ਪੈਦਾ ਕਰਨ ਦਾ ਮੌਕਾ ਨਹੀਂ ਮਿਲਦਾ।''

''ਜੇਕਰ ਸ਼ੁਕਰਾਣੂ ਦਾਨੀਆਂ ਦੀ ਮੈਡੀਕਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕ੍ਰੀਨਿੰਗ ਕੀਤੀ ਗਈ ਹੋਵੇ ਤਾਂ ਸ਼ੁਕਰਾਣੂ ਡੋਨਰ ਦੀ ਮਦਦ ਨਾਲ ਬੱਚਾ ਪੈਦਾ ਕਰਨਾ ਆਮ ਤੌਰ 'ਤੇ ਜ਼ਿਆਦਾ ਸੁਰੱਖਿਅਤ ਹੁੰਦਾ ਹੈ।''

ਸ਼ੁਕਰਾਣੂ ਡੋਨਰ ਦੀ ਵਰਤੋਂ ਕਰਨ ਤੋਂ ਪਹਿਲਾਂ ਕੀ ਵਿਚਾਰ ਕੀਤੇ ਜਾਂਦੇ

ਸਾਰਾਹ ਨੋਰਕ੍ਰਾਸ ਨੇ ਕਿਹਾ ਕਿ ਜਦੋਂ ਤੁਸੀਂ ਸ਼ੁਕਰਾਣੂ ਡੋਨਰ ਤੋਂ ਪੈਦਾ ਹੋਏ ਬੱਚਿਆਂ ਦੀ ਗਿਣਤੀ 'ਤੇ ਵਿਚਾਰ ਕਰਦੇ ਹੋ ਤਾਂ ਇਹ ਮਾਮਲੇ 'ਬਹੁਤ ਘੱਟ' ਹੁੰਦੇ ਹਨ।

ਅਸੀਂ ਜਿਨ੍ਹਾਂ ਮਾਹਰਾਂ ਨਾਲ ਗੱਲ ਕੀਤੀ, ਉਨ੍ਹਾਂ ਸਾਰਿਆਂ ਨੇ ਕਿਹਾ ਕਿ ਲਾਇਸੰਸਸ਼ੁਦਾ ਕਲੀਨਿਕ ਦੀ ਵਰਤੋਂ ਕਰਨ ਦਾ ਮਤਲਬ ਹੈ ਕਿ ਸ਼ੁਕਰਾਣੂਆਂ ਦੀ ਜ਼ਿਆਦਾਤਰ ਬੀਮਾਰੀਆਂ ਲਈ ਸਕ੍ਰੀਨਿੰਗ ਕੀਤੀ ਜਾਵੇਗੀ।

ਪ੍ਰੋਫੈਸਰ ਪੇਸੀ ਨੇ ਕਿਹਾ ਕਿ ਉਹ ਪੁੱਛਣਗੇ ''ਕੀ ਇਹ ਯੂਕੇ ਦਾ ਡੋਨਰ ਹੈ ਜਾਂ ਇਹ ਕਿਧਰੇ ਹੋਰ ਦਾ ਡੋਨਰ ਹੈ?''

''ਜੇਕਰ ਇਹ ਕਿਧਰੇ ਹੋਰ ਥਾਂ ਦਾ ਡੋਨਰ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਵਾਲ ਪੁੱਛਣਾ ਸਹੀ ਹੈ ਕਿ ਕੀ ਉਸ ਡੋਨਰ ਦੀ ਪਹਿਲਾਂ ਵਰਤੋਂ ਹੋਈ ਹੈ? ਜਾਂ ਇਸ ਡੋਨਰ ਦੀ ਵਰਤੋਂ ਕਿੰਨੀ ਵਾਰ ਕੀਤੀ ਜਾਵੇਗੀ?''

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)