ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਮਹਿਲਾ ਨੇ ਜਦੋਂ ਜੁਰਮ ਕਬੂਲ ਕਰਦਿਆਂ ਕਿਹਾ, 'ਮੈਨੂੰ ਡਰ ਸੀ ਕਿ ਉਹ ਵੱਡੀਆਂ ਹੋ ਕੇ ਮੇਰੇ ਨਾਲੋਂ ਵੱਧ ਸੋਹਣੀਆਂ ਹੋਣਗੀਆਂ'

ਤਸਵੀਰ ਸਰੋਤ, Vinit Kumar
- ਲੇਖਕ, ਸ਼ਕੀਲ ਅਖ਼ਤਰ
- ਰੋਲ, ਬੀਬੀਸੀ ਉਰਦੂ ਪੱਤਰਕਾਰ
ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
ਘਰ 'ਚ ਵਿਆਹ ਦਾ ਮਾਹੌਲ ਸੀ ਅਤੇ 1 ਦਸੰਬਰ ਨੂੰ ਬਾਰਾਤ ਜਾ ਰਹੀ ਸੀ। ਪਰ ਛੇ ਸਾਲ ਦੀ ਵਿਧੀ ਕਾਫੀ ਸਮੇਂ ਤੋਂ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੀ। ਉੱਥੇ ਮੌਜੂਦ ਲੋਕਾਂ ਨੇ ਉਸ ਦੀ ਹਰ ਜਗ੍ਹਾ ਭਾਲ ਕੀਤੀ, ਫਿਰ ਵਿਧੀ ਘਰ ਦੇ ਸਟੋਰ ਰੂਮ 'ਚ ਮ੍ਰਿਤਕ ਪਾਈ ਗਈ।
ਉਸ ਦੀ ਲਾਸ਼ ਪਾਣੀ ਨਾਲ ਭਰੇ ਇੱਕ ਟੱਬ ਵਿੱਚ ਮਿਲੀ। ਜਿਸ ਸਟੋਰ ਰੂਮ ਵਿੱਚ ਲਾਸ਼ ਮਿਲੀ ਸੀ, ਉਹ ਘਰ 'ਚ ਪਹਿਲੀ ਮੰਜ਼ਿਲ 'ਤੇ ਸੀ ਅਤੇ ਬਾਹਰੋਂ ਬੰਦ ਸੀ।
ਛੇ ਸਾਲ ਦੀ ਵਿਧੀ 30 ਨਵੰਬਰ ਨੂੰ ਆਪਣੇ ਮਾਪਿਆਂ ਨਾਲ ਹਰਿਆਣਾ ਦੇ ਸੋਨੀਪਤ ਦੇ ਇੱਕ ਪਿੰਡ ਵਿੱਚ ਇੱਕ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਈ ਸੀ। ਵਿਧੀ ਦੀ ਇੱਕ ਹੋਰ ਰਿਸ਼ਤੇਦਾਰ ਪੂਨਮ ਵੀ ਇਸ ਵਿਆਹ 'ਚ ਸ਼ਾਮਲ ਹੋਣ ਆਈ ਸੀ।
ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ, ਪੁਲਿਸ ਨੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ 3 ਦਸੰਬਰ ਨੂੰ ਪੁਲਿਸ ਨੇ ਵਿਧੀ ਦੀ ਰਿਸ਼ਤੇਦਾਰ ਪੂਨਮ ਨੂੰ ਵਿਧੀ ਦਾ ਕਤਲ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ।
ਆਪਣੇ ਮੁੰਡੇ ਅਤੇ ਤਿੰਨ ਹੋਰ ਕੁੜੀਆਂ ਨੂੰ ਮਾਰਨ ਦਾ ਜੁਰਮ ਕਬੂਲਿਆ

ਤਸਵੀਰ ਸਰੋਤ, Getty Images
ਪੂਨਮ ਦੀ ਗ੍ਰਿਫ਼ਤਾਰੀ ਤੋਂ ਬਾਅਦ, ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ "ਜਦੋਂ ਪਰਿਵਾਰ ਦੇ ਮੈਂਬਰ ਬਾਰਾਤ ਲਈ ਜਾ ਰਹੇ ਸਨ ਤਾਂ ਪੂਨਮ ਵਿਧੀ ਨੂੰ ਕਿਸੇ ਬਹਾਨੇ ਸਟੋਰ ਰੂਮ ਵਿੱਚ ਲੈ ਗਈ ਅਤੇ ਕਥਿਤ ਤੌਰ 'ਤੇ ਉਸ ਨੂੰ ਪਾਣੀ ਨਾਲ ਭਰੇ ਟੱਬ ਵਿੱਚ ਡੁਬੋ ਕੇ ਮਾਰ ਦਿੱਤਾ।"
''ਉਸ ਨੂੰ ਡੋਬਣ ਤੋਂ ਬਾਅਦ, ਪੂਨਮ ਨੇ ਸਟੋਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ, ਹੇਠਾਂ ਆ ਗਈ ਅਤੇ ਪਹਿਲਾਂ ਵਾਂਗ ਗੱਲਾਂ-ਬਾਤਾਂ ਅਤੇ ਮਜ਼ਾਕ ਕਰਦੀ ਰਹੀ।"
ਪੂਨਮ ਦਾ ਪਤੀ ਅਤੇ ਵਿਧੀ ਦੇ ਪਿਤਾ ਚਚੇਰੇ ਭਰਾ ਹਨ।
ਪਾਣੀਪਤ ਦੇ ਐੱਸਪੀ ਭੁਪਿੰਦਰ ਸਿੰਘ ਨੇ ਪੂਨਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਹਿਲਾ ਨੇ ਪੁੱਛਗਿੱਛ ਦੌਰਾਨ ਆਪਣੇ ਪੁੱਤਰ ਅਤੇ ਆਪਣੇ ਪਰਿਵਾਰ ਦੀਆਂ ਤਿੰਨ ਹੋਰ ਬੱਚੀਆਂ ਨੂੰ ਮਾਰਨ ਦੀ ਗੱਲ ਕਬੂਲ ਕੀਤੀ ਹੈ।
ਇਸ ਖ਼ਬਰ ਤੋਂ ਬਾਅਦ ਮੁਲਜ਼ਮ ਮਹਿਲਾ ਦੇ ਰਿਸ਼ਤੇਦਾਰ ਸਦਮੇ ਵਿੱਚ ਹਨ।
ਕਿੱਥੋਂ ਸ਼ੁਰੂ ਹੋਇਆ ਕਤਲਾਂ ਦਾ ਸਿਲਸਿਲਾ?

ਤਸਵੀਰ ਸਰੋਤ, Vinit Kumar
ਵਿਧੀ ਦੀ ਮੌਤ ਨੇ ਇੱਕ ਵੱਡੇ ਰਾਜ਼ ਦਾ ਪਰਦਾਫਾਸ਼ ਕੀਤਾ। ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਪੂਨਮ ਨੇ ਪਹਿਲਾ ਕਤਲ ਸਾਲ 2023 ਵਿੱਚ ਸੋਨੀਪਤ ਦੇ ਭਵਰ ਪਿੰਡ ਵਿੱਚ ਆਪਣੇ ਹੀ ਘਰ ਵਿੱਚ ਕੀਤਾ ਸੀ।
ਪੁਲਿਸ ਦੇ ਅਨੁਸਾਰ, ਇਸ ਮਾਮਲੇ ਵਿੱਚ ਪੂਨਮ ਨੇ ਕਥਿਤ ਤੌਰ 'ਤੇ ਆਪਣੀ ਨੌਂ ਸਾਲ ਦੀ ਭਤੀਜੀ ਨੂੰ ਪਾਣੀ ਦੀ ਟੈਂਕੀ ਵਿੱਚ ਡੁਬੋ ਕੇ ਮਾਰ ਦਿੱਤਾ ਸੀ।
ਪੁਲਿਸ ਦੇ ਅਨੁਸਾਰ, "ਕੋਈ ਉਸ 'ਤੇ ਸ਼ੱਕ ਨਾ ਕਰੇ, ਇਸ ਦੇ ਲਈ ਉਸ ਨੇ ਆਪਣੇ ਤਿੰਨ ਸਾਲ ਦੇ ਪੁੱਤਰ ਨੂੰ ਵੀ ਉਸੇ ਟੈਂਕ ਵਿੱਚ ਡੁਬੋ ਕੇ ਮਾਰ ਦਿੱਤਾ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋ ਸਕੇ ਕਿ ਇਹ ਇੱਕ ਹਾਦਸਾ ਸੀ।"
ਪੂਨਮ ਨੇ ਅਗਸਤ 2025 ਵਿੱਚ ਸੇਵਾਹ ਪਿੰਡ ਵਿੱਚ ਇਸੇ ਤਰ੍ਹਾਂ ਆਪਣੇ ਚਚੇਰੇ ਭਰਾ ਤੇ ਛੇ ਸਾਲ ਦੀ ਧੀ ਦਾ ਵੀ ਪਾਣੀ 'ਚ ਡੁਬੋ ਕੇ ਕਤਲ ਕਰ ਦਿੱਤਾ ਸੀ।
ਪੁਲਿਸ ਨੇ ਦੱਸਿਆ, "ਰਿਸ਼ਤੇਦਾਰਾਂ ਨੇ ਤਿੰਨੋਂ ਘਟਨਾਵਾਂ ਨੂੰ ਹਾਦਸਾ ਸਮਝਿਆ ਅਤੇ ਚੁੱਪ ਰਹੇ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਇਆ, ਇਸ ਲਈ ਕੋਈ ਪੁਲਿਸ ਰਿਪੋਰਟ ਵੀ ਦਰਜ ਨਹੀਂ ਕਰਵਾਈ ਗਈ ਸੀ।"
ਐੱਸਪੀ ਭੂਪੇਂਦਰ ਸਿੰਘ ਨੇ ਦੱਸਿਆ ਕਿ ਸਖ਼ਤ ਪੁੱਛਗਿੱਛ ਦੌਰਾਨ, ਪੂਨਮ ਨੇ ਮਾਸੂਮ ਕੁੜੀਆਂ ਨੂੰ ਮਾਰਨ ਦਾ ਕਾਰਨ ਦੱਸਦੇ ਹੋਏ ਕਿਹਾ ਕਿ "ਉਹ ਸੋਹਣੀਆਂ ਕੁੜੀਆਂ ਤੋਂ ਨਫ਼ਰਤ ਕਰਦੀ ਹੈ।"
ਉਨ੍ਹਾਂ ਪੂਨਮ ਬਾਰੇ ਕਿਹਾ, "ਜਿਵੇਂ ਹੀ ਉਹ ਕਿਸੇ ਸੁੰਦਰ ਕੁੜੀ ਨੂੰ ਵੇਖਦੀ ਸੀ, ਉਸਨੂੰ ਈਰਖਾ ਹੋ ਜਾਂਦੀ ਸੀ ਕਿ ਉਹ ਉਸ ਤੋਂ ਵੱਧ ਸੋਹਣੀ ਬਣ ਜਾਵੇਗੀ।"
"ਉਹ ਨਹੀਂ ਚਾਹੁੰਦੀ ਸੀ ਕਿ ਉਸਦੇ ਪਰਿਵਾਰ ਵਿੱਚ ਕੋਈ ਹੋਰ ਕੁੜੀ ਉਸ ਤੋਂ ਵੱਧ ਸੋਹਣੀ ਹੋਵੇ। ਇਸੇ ਈਰਖਾ ਨੇ ਉਸ ਨੂੰ ਇੱਕ ਕਿਲਰ ਬਣਾ ਦਿੱਤਾ।"
'ਉਹ ਹਰ ਕਤਲ ਤੋਂ ਪਹਿਲਾਂ ਬਹੁਤ ਚੁੱਪ ਅਤੇ ਇਕੱਲੀ ਰਹਿੰਦੀ ਸੀ'
ਪੁਲਿਸ ਨੇ ਦੱਸਿਆ ਕਿ 32 ਸਾਲਾ ਪੂਨਮ ਇੱਕ ਪੜ੍ਹੀ-ਲਿਖੀ ਮਹਿਲਾ ਹੈ।
ਉਸ ਨੇ ਰਾਜਨੀਤੀ ਸ਼ਾਸਤਰ ਵਿੱਚ ਐਮਏ ਅਤੇ ਬੀਐੱਡ ਕੀਤੀ ਹੋਈ ਹੈ। ਹਾਲਾਂਕਿ, ਉਸ ਨੇ ਕੋਈ ਨੌਕਰੀ ਨਹੀਂ ਕੀਤੀ।
ਉਸ ਦਾ ਵਿਆਹ ਸਾਲ 2019 ਵਿੱਚ ਹੋਇਆ ਸੀ।
ਪੁਲਿਸ ਦਾ ਕਹਿਣਾ ਹੈ, "ਉਸ ਨੇ ਇਹ ਕਤਲ ਅਚਾਨਕ ਹੀ ਨਹੀਂ ਕੀਤੇ। ਸਗੋਂ, ਉਸ ਨੇ ਕਥਿਤ ਤੌਰ 'ਤੇ ਇਨ੍ਹਾਂ ਕਤਲਾਂ ਦੀ ਯੋਜਨਾ ਬਹੁਤ ਸਾਵਧਾਨੀ ਨਾਲ ਬਣਾਈ ਸੀ ਤਾਂ ਜੋ ਉਨ੍ਹਾਂ ਨੂੰ ਅੰਜਾਮ ਦਿੱਤਾ ਜਾ ਸਕੇ ਅਤੇ ਉਹ ਹਾਦਸੇ ਵਰਗੇ ਦਿਖਾਈ ਦੇਣ।"

ਤਸਵੀਰ ਸਰੋਤ, Vinit Kumar
ਕੁਝ ਨਜ਼ਦੀਕੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪੂਨਮ ਕਤਲਾਂ ਤੋਂ ਪਹਿਲਾਂ ਬਹੁਤ ਚੁੱਪ ਅਤੇ ਇਕੱਲੀ ਰਹਿਣ ਦੀ ਕੋਸ਼ਿਸ਼ ਕਰਦੀ ਸੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਵਿਧੀ ਦੇ ਕਤਲ ਤੋਂ ਬਾਅਦ ਪੂਨਮ ਬਿਲਕੁਲ ਨਾਰਮਲ ਹੋ ਗਈ ਅਸੀਂ ਅਤੇ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਲ ਹੋ ਰਹੀ ਸੀ।
ਪੁਲਿਸ ਦਾ ਕਹਿਣਾ ਹੈ, "(ਉਸ ਦਾ) ਇਹ ਵਿਵਹਾਰ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਮੁਲਜ਼ਮ ਨੂੰ ਕਤਲ ਤੋਂ ਬਾਅਦ ਕੋਈ ਪਛਤਾਵਾ ਨਹੀਂ ਸੀ।"
ਪੁਲਿਸ ਦੇ ਅਨੁਸਾਰ, ਪੂਨਮ ਨੇ ਆਪਣੀ ਭਤੀਜੀ ਦੇ ਕਤਲ ਨੂੰ ਹਾਦਸਾ ਦਿਖਾਉਣ ਲਈ ਆਪਣੇ ਪੁੱਤਰ ਨੂੰ ਵੀ ਪਾਣੀ ਵਿੱਚ ਡੁਬੋ ਦਿੱਤਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












