ਮੀਂਹ ਵਿੱਚ ਆਈਸਕ੍ਰੀਮ ਦੀ ਭਾਲ਼ ਲਈ ਨਿਕਲੀ ਲਹਿੰਦੇ ਪੰਜਾਬ ਦੀ ਇਹ ਕੁੜੀ 17 ਸਾਲਾਂ ਬਾਅਦ ਇਸ ਤਰ੍ਹਾਂ ਘਰ ਮੁੜ ਸਕੀ

ਕਿਰਨ

ਤਸਵੀਰ ਸਰੋਤ, Sidra Iqram

ਤਸਵੀਰ ਕੈਪਸ਼ਨ, ਕਿਰਨ ਦੇ ਬਚਪਨ ਦੀ ਤਸਵੀਰ
    • ਲੇਖਕ, ਮੁਹੰਮਦ ਜ਼ੁਬੈਰ
    • ਰੋਲ, ਬੀਬੀਸੀ ਲਈ

ਇਹ ਦੁਖਦਾਈ ਕਹਾਣੀ 17 ਸਾਲ ਪਹਿਲਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸੈਕਟਰ ਜੀ-10 ਦੀ ਇੱਕ ਸੜਕ ਤੋਂ ਸ਼ੁਰੂ ਹੋਈ ਸੀ, ਜਦੋਂ 10 ਸਾਲਾ ਕਿਰਨ ਮੀਂਹ ਦੌਰਾਨ ਆਈਸਕ੍ਰੀਮ ਦੀ ਭਾਲ਼ ਵਿੱਚ ਆਪਣੇ ਘਰੋਂ ਨਿਕਲੀ ਸੀ।

ਉਸ ਸਮੇਂ ਕਿਰਨ ਨੂੰ ਆਈਸਕ੍ਰੀਮ ਤਾਂ ਮਿਲ ਗਈ, ਪਰ ਉਸਦਾ ਬਚਪਨ ਅਤੇ ਉਸ ਦੇ ਮਾਪੇ ਉਸ ਤੋਂ ਬਹੁਤ ਦੂਰ ਚਲੇ ਗਏ।

ਕਿਰਨ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਕਈ ਬਹਾਰਾਂ ਆਪਣੇ ਮਾਪਿਆਂ, ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਤੋਂ ਦੂਰ ਕਰਾਚੀ ਦੇ ਈਧੀ ਸੈਂਟਰ ਵਿੱਚ ਗੁਜ਼ਾਰੀਆਂ ਹਨ।

ਕਈ ਵਾਰ ਕਿਰਨ ਦੇ ਮਾਪਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਸਫਲਤਾ ਹੀ ਹੱਥ ਲੱਗੀ। ਸ਼ਾਇਦ ਉਨ੍ਹਾਂ ਦੇ ਮਾਪਿਆਂ ਅਤੇ ਭੈਣ-ਭਰਾਵਾਂ ਨੇ ਵੀ ਕਿਰਨ ਦੀ ਵਾਪਸੀ ਦੀ ਉਮੀਦ ਗੁਆ ਦਿੱਤੀ ਸੀ।

ਪਰ ਇਹ ਨਿਰਾਸ਼ਾ ਉਸ ਵੇਲੇ ਖੁਸ਼ੀ ਵਿੱਚ ਬਦਲ ਗਈ ਜਦੋਂ 17 ਸਾਲਾਂ ਬਾਅਦ ਪੰਜਾਬ ਪੁਲਿਸ ਦੇ ਸੇਫ਼ ਸਿਟੀ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਲੋਕਾਂ ਨੂੰ ਕਿਰਨ ਦਾ ਪਤਾ ਲੱਗਿਆ।

ਕਿਰਨ ਆਪਣੇ ਮਾਪਿਆਂ ਤੱਕ ਕਿਵੇਂ ਪਹੁੰਚੇ?

ਕਿਰਨ ਦੇ ਪਿਤਾ ਅਬਦੁਲ ਮਜੀਦ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ 'ਤੇ ਕੋਈ ਗੱਲਬਾਤ ਨਹੀਂ ਕੀਤੀ, ਹਾਲਾਂਕਿ ਪਰਿਵਾਰ ਦੇ ਇੱਕ ਬਜ਼ੁਰਗ ਰਿਸ਼ਤੇਦਾਰ ਅਸਦ ਮੁਨੀਰ ਨੇ ਜਾਣਕਾਰੀ ਦਿੱਤੀ। ਅਸਦ ਮੁਨੀਰ ਰਿਸ਼ਤੇ ਵਿੱਚ ਕਿਰਨ ਦੇ ਤਾਇਆ ਲੱਗਦੇ ਹਨ।

ਅਸਦ ਮੁਨੀਰ ਕਸੂਰ ਜ਼ਿਲ੍ਹੇ ਦੇ ਬਾਗੜੀ ਪਿੰਡ ਦੇ ਰਹਿਣ ਵਾਲੇ ਹਨ। ਉਹ ਦੱਸਦੇ ਹਨ ਕਿ 17 ਸਾਲ ਪਹਿਲਾਂ ਜਦੋਂ ਕਿਰਨ ਸਿਰਫ਼ ਦਸ ਸਾਲ ਦੀ ਸੀ, "ਉਹ ਮੇਰੀ ਭੈਣ ਦੇ ਘਰ, ਮਤਲਬ ਆਪਣੀ ਭੂਆ ਦੇ ਘਰ, ਇਸਲਾਮਾਬਾਦ ਦੇ ਜੀ-10 ਵਿੱਚ ਰਹਿ ਰਹੀ ਸੀ। ਘਰ ਦੇ ਬਿਲਕੁਲ ਸਾਹਮਣੇ ਜੀ-10 ਦਾ ਸੈਂਟਰ ਹੈ, ਜਿੱਥੇ ਉਹ ਆਈਸਕ੍ਰੀਮ ਖਰੀਦਣ ਗਈ ਸੀ। ਇਹ 2008 ਦੀ ਗੱਲ ਹੈ। ਉਸ ਸਮੇਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ।"

ਕਿਰਨ ਦੀ ਆਪਣੇ ਪਰਿਵਾਰ ਦੇ ਬਜ਼ੁਰਗਾਂ ਨਾਲ ਬਚਪਨ ਦੀ ਫੋਟੋ

ਤਸਵੀਰ ਸਰੋਤ, Sidra Iqram

ਤਸਵੀਰ ਕੈਪਸ਼ਨ, ਕਿਰਨ ਦੀ ਆਪਣੇ ਪਰਿਵਾਰ ਦੇ ਬਜ਼ੁਰਗਾਂ ਨਾਲ ਬਚਪਨ ਦੀ ਫੋਟੋ

ਅਸਦ ਮੁਨੀਰ ਨੇ ਕਿਹਾ ਕਿ ਜਦੋਂ ਕਿਰਨ ਕਾਫ਼ੀ ਸਮੇਂ ਤੱਕ ਘਰ ਨਹੀਂ ਪਰਤੀ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੀ।

"ਉਸ ਸਮੇਂ, ਉਨ੍ਹਾਂ ਨੇ ਹਰ ਜਗ੍ਹਾ ਭਾਲ ਕੀਤੀ ਪਰ ਕਿਰਨ ਦਾ ਕੋਈ ਪਤਾ ਨਾ ਲੱਗਿਆ।"

ਕਿਰਨ ਕਹਿੰਦੇ ਹਨ ਕਿ ਉਹ ਆਈਸਕ੍ਰੀਮ ਖਰੀਦਣ ਲਈ ਘਰੋਂ ਨਿਕਲੇ ਸਨ। ਉਹ ਭਾਰੀ ਮੀਂਹ ਵਿੱਚ ਆਪਣਾ ਰਸਤਾ ਭੁੱਲ ਗਏ ਸਨ।

ਉਨ੍ਹਾਂ ਅਨੁਸਾਰ, ਉਹ ਆਪਣੇ ਘਰ ਦੀ ਭਾਲ਼ ਵਿੱਚ ਕਾਫ਼ੀ ਦੇਰ ਤੱਕ ਗਲੀਆਂ ਵਿੱਚ ਘੁੰਮਦੇ ਰਹੇ, ਪਰ "ਜਦੋਂ ਮੈਨੂੰ ਘਰ ਨਹੀਂ ਲੱਭਿਆ ਤਾਂ ਕਿਸੇ ਨੇ ਮੈਨੂੰ ਇਸਲਾਮਾਬਾਦ ਦੇ ਈਧੀ ਸੈਂਟਰ ਪਹੁੰਚਾ ਦਿੱਤਾ।"

ਕਿਰਨ ਨੇ ਕਿਹਾ, "ਮੈਨੂੰ ਸ਼ੁਰੂ ਵਿੱਚ ਈਧੀ ਸੈਂਟਰ, ਇਸਲਾਮਾਬਾਦ ਵਿੱਚ ਰੱਖਿਆ ਗਿਆ ਸੀ, ਪਰ ਕੁਝ ਸਮੇਂ ਬਾਅਦ, ਬਿਲਕੀਸ ਈਧੀ ਮੈਨੂੰ ਕਰਾਚੀ ਦੇ ਈਧੀ ਸੈਂਟਰ ਲੈ ਆਏ ਅਤੇ ਮੈਂ ਸਤਾਰਾਂ ਸਾਲ ਤੱਕ ਉੱਥੇ ਹੀ ਰਹੀ।"

ਕਰਾਚੀ ਦੇ ਈਧੀ ਸੈਂਟਰ ਦੇ ਸ਼ਬਾਨਾ ਫੈਸਲ ਨੇ ਕਿਹਾ ਕਿ ਕਿਰਨ ਸਤਾਰਾਂ ਸਾਲ ਪਹਿਲਾਂ ਇਸਲਾਮਾਬਾਦ ਦੇ ਈਧੀ ਸੈਂਟਰ ਆਈ ਸੀ। ਉਨ੍ਹਾਂ ਕਿਹਾ ਕਿ ਕੋਈ ਉਸਨੂੰ ਉੱਥੇ ਛੱਡ ਗਿਆ ਸੀ ਅਤੇ ਸ਼ਾਇਦ ਉਹ ਆਪਣਾ ਰਸਤਾ ਭੁੱਲ ਗਈ ਸੀ।

"ਉਹ ਕੁਝ ਸਮੇਂ ਲਈ ਇਸਲਾਮਾਬਾਦ ਦੇ ਈਧੀ ਸੈਂਟਰ ਵਿੱਚ ਰਹੀ। ਇਸ ਦੌਰਾਨ, ਬਿਲਕੀਸ ਈਧੀ ਇਸਲਾਮਾਬਾਦ ਦੇ ਈਧੀ ਸੈਂਟਰ ਗਏ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਕਿਰਨ ਦੀ ਸਿਹਤ ਠੀਕ ਨਹੀਂ ਸੀ, ਇਸ ਲਈ ਉਹ ਉਸ ਨੂੰ ਕਰਾਚੀ ਦੇ ਈਧੀ ਸੈਂਟਰ ਲੈ ਗਏ।"

ਸ਼ਬਾਨਾ ਫੈਸਲ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸੇਫ਼ ਸਿਟੀ ਪ੍ਰੋਜੈਕਟ ਨਾਲ ਜੁੜੀ "ਮੇਰਾ ਪਿਆਰਾ" ਦੀ ਇੱਕ ਟੀਮ ਨੇ ਕੁਝ ਸਮਾਂ ਪਹਿਲਾਂ ਕਰਾਚੀ ਦੇ ਈਧੀ ਸੈਂਟਰ ਦਾ ਦੌਰਾ ਕੀਤਾ, ਕਿਰਨ ਦਾ ਇੰਟਰਵਿਊ ਲਿਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਭਾਲ ਸ਼ੁਰੂ ਕਰਨ ਦਾ ਕੰਮ ਕੀਤਾ।

ਕਿਰਨ ਦੀ ਇੰਟਰਵਿਊ ਨਾਲ ਘਰ ਲੱਭਣ ਵਿੱਚ ਮਦਦ ਮਿਲੀ

'ਆਪਣਾ ਪਿਆਰਾ' ਪ੍ਰੋਗਰਾਮ

ਤਸਵੀਰ ਸਰੋਤ, Sidra Iqram

ਤਸਵੀਰ ਕੈਪਸ਼ਨ, 'ਆਪਣਾ ਪਿਆਰਾ' ਪ੍ਰੋਗਰਾਮ ਰਾਹੀਂ ਸਾਂਝੀ ਕੀਤੀ ਗਈ ਜਾਣਕਾਰੀ

ਸਿਦਰਾ ਇਕਰਾਮ ਲਾਹੌਰ ਵਿੱਚ "ਮੇਰਾ ਪਿਆਰਾ" ਪ੍ਰੋਗਰਾਮ ਲਈ ਸੀਨੀਅਰ ਪੁਲਿਸ ਕਮਿਊਨੀਕੇਸ਼ਨ ਅਫਸਰ ਹਨ। ਉਹ ਦੱਸਦੇ ਹਨ ਕਿ ਪੰਜਾਬ ਪੁਲਿਸ ਦੇ ਸੇਫ ਸਿਟੀ ਪ੍ਰੋਗਰਾਮ ਅਧੀਨ ਸ਼ੁਰੂ ਕੀਤਾ ਗਿਆ "ਮੇਰਾ ਪਿਆਰਾ" ਪ੍ਰੋਜੈਕਟ ਦਾ ਮਕਸਦ ਗੁਆਚੇ ਬੱਚਿਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਦੁਬਾਰਾ ਮਿਲਾਉਣਾ ਹੈ।"

ਇਹ ਪ੍ਰੋਜੈਕਟ ਇੱਕ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਪ੍ਰੋਜੈਕਟ ਤਹਿਤ ਹੁਣ ਤੱਕ 51,000 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਦੁਬਾਰਾ ਮਿਲਾਇਆ ਗਿਆ ਹੈ।

ਸਿਦਰਾ ਇਕਰਾਮ ਨੇ ਕਿਹਾ ਕਿ ਡਿਜੀਟਲ ਟੂਲਸ ਤੋਂ ਇਲਾਵਾ, ਇਸ ਉਦੇਸ਼ ਲਈ ਪੁਲਿਸ ਸਰੋਤਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਅਤੇ "ਸਾਡੀਆਂ ਟੀਮਾਂ ਵੱਖ-ਵੱਖ ਸੰਸਥਾਵਾਂ ਵਿੱਚ ਜਿੱਥੇ ਲਾਵਾਰਿਸ ਬੱਚਿਆਂ ਨੂੰ ਰੱਖਿਆ ਜਾਂਦਾ ਹੈ, ਉੱਥੇ ਜਾ ਕੇ ਉਨ੍ਦਾਾਂ ਹ ਇੰਟਰਵਿਊ ਲੈਂਦੀਆਂ ਹਨ ਅਤੇ ਫਿਰ ਉਨ੍ਹਾਂ ਇੰਟਰਵਿਊਆਂ ਤੋਂ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਕਰਕੇ ਬੱਚੇ ਦੇ ਰਿਸ਼ਤੇਦਾਰਾਂ ਦਾ ਪਤਾ ਲਗਾਇਆ ਜਾਂਦਾ ਹੈ।"

ਉਨ੍ਹਾਂ ਕਿਹਾ ਕਿ ਕਿਰਨ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਸੀ। "ਸਾਡੀਆਂ ਟੀਮਾਂ ਵਿੱਚੋਂ ਇੱਕ ਨੇ ਕਰਾਚੀ ਦੇ ਈਧੀ ਸੈਂਟਰ ਦਾ ਦੌਰਾ ਕੀਤਾ ਅਤੇ ਕਿਰਨ ਸਮੇਤ ਹੋਰ ਬੱਚਿਆਂ ਨਾਲ ਇੰਟਰਵਿਊ ਕੀਤੀ ਅਤੇ ਜਾਣਕਾਰੀ ਇਕੱਠੀ ਕੀਤੀ।"

"ਕਿਰਨ ਨੂੰ ਬਹੁਤਾ ਯਾਦ ਨਹੀਂ ਸੀ। ਉਹ ਮੂਲ ਰੂਪ ਵਿੱਚ ਕਸੂਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਉਹ ਇਸਲਾਮਾਬਾਦ ਵਿੱਚ ਰਿਸ਼ਤੇਦਾਰਾਂ ਨਾਲ ਰਹਿ ਰਹੀ ਸੀ।"

ਇਹ ਵੀ ਪੜ੍ਹੋ-

ਸਿਦਰਾ ਇਕਰਾਮ ਨੇ ਕਿਹਾ ਕਿ ਕਿਰਨ ਨੂੰ ਆਪਣੇ ਪਿਤਾ ਦਾ ਨਾਮ, ਅਬਦੁਲ ਮਜੀਦ ਅਤੇ ਆਪਣੇ ਪਿੰਡ ਦਾ ਨਾਮ ਯਾਦ ਸੀ।

"ਅਸੀਂ ਇਹ ਜਾਣਕਾਰੀ ਆਪਣੇ ਕਸੂਰ ਦਫ਼ਤਰ ਨੂੰ ਦਿੱਤੀ ਅਤੇ ਕਿਰਨ ਦੇ ਰਿਸ਼ਤੇਦਾਰਾਂ ਨੂੰ ਲੱਭਣ ਵਿੱਚ ਉਨ੍ਹਾਂ ਦੀ ਸਹਾਇਤਾ ਦੀ ਬੇਨਤੀ ਕੀਤੀ।"

ਮੁਬੱਸ਼ੀਰ ਫਿਆਜ਼ ਕਸੂਰ ਵਿੱਚ ਪੁਲਿਸ ਕਮਿਊਨੀਕੇਸ਼ਨ ਅਫਸਰ ਹਨ। ਉਹ ਦੱਸਦੇ ਹਨ ਕਿ ਜਦੋਂ ਕਿਰਨ ਦੀ ਜਾਣਕਾਰੀ ਉਨ੍ਹਾਂ ਤੱਕ ਪਹੁੰਚੀ ਤਾਂ ਇਸ ਵਿੱਚ ਪਿੰਡ ਦਾ ਨਾਮ ਅਤੇ ਪਿਤਾ ਦਾ ਨਾਮ ਸ਼ਾਮਲ ਸੀ, ਜੋ ਬਹੁਤ ਮਦਦਗਾਰ ਸਾਬਤ ਹੋਇਆ।

"ਅਸੀਂ ਇੱਕ ਦਿਨ ਦੇ ਅੰਦਰ ਹੀ ਉਸ ਦੇ ਮਾਪਿਆਂ ਨੂੰ ਲੱਭਣ ਵਿੱਚ ਕਾਮਯਾਬ ਹੋ ਗਏ।"

ਮੁਬੱਸ਼ੀਰ ਫਿਆਜ਼ ਕਹਿੰਦੇ ਹਨ ਕਿ "ਅਸੀਂ ਪਹਿਲਾਂ ਇਲਾਕੇ ਦੇ ਨੰਬਰਦਾਰ ਅਤੇ ਹੋਰ ਪੁਰਾਣੇ ਲੋਕਾਂ ਨਾਲ ਸੰਪਰਕ ਕੀਤਾ। ਜਦੋਂ ਅਸੀਂ ਅਬਦੁਲ ਮਜੀਦ ਬਾਰੇ ਪੁੱਛਗਿੱਛ ਕੀਤੀ, ਤਾਂ ਸਾਨੂੰ ਪਤਾ ਲੱਗਾ ਕਿ ਉੱਥੇ ਕਈ ਅਬਦੁਲ ਮਜੀਦ ਸਨ। ਅਸੀਂ ਕੁਝ ਲੋਕਾਂ ਨੂੰ ਕਿਰਨ ਦੀਆਂ ਬਚਪਨ ਦੀਆਂ ਫੋਟੋਆਂ ਦਿਖਾਈਆਂ, ਪਰ ਉਹ ਉਸ ਦੀ ਪਛਾਣ ਨਹੀਂ ਕਰ ਸਕੇ।"

ਉਨ੍ਹਾਂ ਕਿਹਾ ਕਿ ਅਬਦੁਲ ਮਜੀਦ ਨਾਮ ਦੇ ਇੰਨੇ ਸਾਰੇ ਲੋਕਾਂ ਨਾਲ ਸੰਪਰਕ ਕਰਨਾ ਹੁਣ ਅਸੰਭਵ ਹੈ।

ਕਿਰਨ ਆਪਣੇ ਪਿਤਾ ਅਤੇ ਭਰਾ ਨਾਲ

ਤਸਵੀਰ ਸਰੋਤ, Sidra Iqram

ਤਸਵੀਰ ਕੈਪਸ਼ਨ, ਕਿਰਨ ਆਪਣੇ ਪਿਤਾ ਅਤੇ ਭਰਾ ਨਾਲ

ਕੁਝ ਮਾਮਲਿਆਂ ਵਿੱਚ, ਪੁਲਿਸ ਚੌਕੀਆਂ ਅਤੇ ਥਾਣਿਆਂ ਦੇ ਸਾਬਕਾ ਪੁਲਿਸ ਅਧਿਕਾਰੀ ਅਤੇ ਕਾਂਸਟੇਬਲ ਵੀ ਬਹੁਤ ਮਦਦਗਾਰ ਸਾਬਤ ਹੁੰਦੇ ਹਨ।

ਉਨ੍ਹਾਂ ਦੇ ਅਨੁਸਾਰ, "ਇਸ ਮਾਮਲੇ ਵਿੱਚ, ਜਦੋਂ ਅਸੀਂ ਇਲਾਕੇ ਦੀ ਚੌਕੀ ਦੇ ਪੁਰਾਣੇ ਅਧਿਕਾਰੀਆਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਵਿੱਚੋਂ ਇੱਕ ਨੇ ਸਾਨੂੰ ਦੱਸਿਆ ਕਿ ਕਿਰਨ ਨਾਮ ਦੀ ਇੱਕ ਕੁੜੀ ਕੁਝ ਸਾਲ ਪਹਿਲਾਂ ਲਾਪਤਾ ਹੋ ਗਈ ਸੀ ਅਤੇ ਉਸ ਦੀ ਬਹੁਤ ਭਾਲ ਕੀਤੀ ਗਈ ਸੀ।"

ਮੁਬੱਸ਼ੀਰ ਫਿਆਜ਼ ਕਹਿੰਦੇ ਹਨ ਕਿ ਉਸ ਸਾਬਕਾ ਅਧਿਕਾਰੀ ਨੇ "ਸਾਨੂੰ ਦੱਸਿਆ ਕਿ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।"

"ਇਸ ਤਰ੍ਹਾਂ ਉਸ ਅਧਿਕਾਰੀ ਨੇ ਸਾਨੂੰ ਕਿਰਨ ਦੇ ਘਰ ਵਾਲੇ ਇਲਾਕੇ ਤੱਕ ਪਹੁੰਚਣ ਵਿੱਚ ਮਦਦ ਕੀਤੀ, ਜਿੱਥੇ ਅਸੀਂ ਮਸਜਿਦਾਂ ਵਿੱਚ ਐਲਾਨ ਕਰਵਾਏ। ਅਸੀਂ ਉੱਥੇ ਬਜ਼ੁਰਗਾਂ ਨੂੰ ਮਿਲੇ। ਉੱਥੋਂ ਸਾਨੂੰ ਪਤਾ ਲੱਗਾ ਕਿ ਇੱਕ ਅਬਦੁਲ ਮਜੀਦ ਦੀ ਧੀ ਸਤਾਰਾਂ ਸਾਲ ਪਹਿਲਾਂ ਲਾਪਤਾ ਹੋ ਗਈ ਸੀ।"

ਉਨ੍ਹਾਂ ਕਿਹਾ ਕਿ ਸਾਡੀ ਮਿਹਨਤ ਰੰਗ ਲਿਆ ਰਹੀ ਸੀ ਅਤੇ ਅਸੀਂ ਅਬਦੁਲ ਮਜੀਦ ਦੇ ਕਰੀਬ ਪਹੁੰਚ ਚੁੱਕੇ ਸੀ। ਜਦੋਂ ਅਸੀਂ ਉਨ੍ਹਾਂ ਦੇ ਇਲਾਕੇ ਵਿੱਚ ਪਹੁੰਚੇ ਤਾਂ ਉੱਥੇ ਬਹੁਤ ਸਾਰੇ ਲੋਕਾਂ ਨੂੰ ਕਿਰਨ ਦੇ ਗੁਆਚਣ ਦੀ ਗੱਲ ਯਾਦ ਆ ਗਈ, ਅਤੇ ਉਹ ਸਾਨੂੰ ਅਬਦੁਲ ਮਜੀਦ ਦੇ ਘਰ ਲੈ ਗਏ।

"ਪਿਤਾ ਦੇ ਹੰਝੂ ਰੁਕ ਨਹੀਂ ਰਹੇ ਸਨ"

ਅਸਦ ਮੁਨੀਰ, ਕਿਰਨ ਦੇ ਤਾਇਆ

ਮੁਬੱਸ਼ੀਰ ਫਿਆਜ਼ ਕਹਿੰਦੇ ਹਨ ਕਿ ਉਨ੍ਹਾਂ ਨੇ ਅਬਦੁਲ ਮਜੀਦ ਨੂੰ ਉਨ੍ਹਾਂ ਦੀ ਧੀ ਦੀਆਂ ਫੋਟੋਆਂ ਦਿਖਾਈਆਂ, ਜਿਸ ਵਿੱਚ ਬਚਪਨ ਦੀਆਂ ਫੋਟੋਆਂ ਵੀ ਸ਼ਾਮਲ ਸਨ।

"ਉਨ੍ਹਾਂ ਨੇ ਸਾਨੂੰ ਪਰਿਵਾਰ ਨਾਲ ਇੱਕ ਗਰੁੱਪ ਫੋਟੋ ਦਿਖਾਈ ਅਤੇ ਨਾਲ ਹੀ ਫਾਰਮ ਬੀ ਵੀ ਦਿਖਾਇਆ, ਜਿਸ ਵਿੱਚ ਕਿਰਨ ਦੀ ਜ਼ਰੂਰੀ ਜਾਣਕਾਰੀ ਦਰਜ ਸੀ।" ਫਾਰਮ ਬੀ ਨੂੰ ਪਾਕਿਸਤਾਨ ਵਿੱਚ ਚਾਈਲਡ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਕਿਹਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਬਦੁਲ ਮਜੀਦ ਕਿਰਨ ਦੇ ਪਿਤਾ ਸਨ। ਇੱਕ ਵੀਡੀਓ ਕਾਲ ਰਾਹੀਂ ਪਿਤਾ ਅਤੇ ਧੀ ਗੱਲਬਾਤ ਕਰਵਾਈ ਗਈ ਅਤੇ ਫਿਰ ਉਹ ਕਰਾਚੀ ਚਲੇ ਗਏ। ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕਿਰਨ ਨੂੰ ਉਨ੍ਹਾਂ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਹ 25 ਨਵੰਬਰ ਨੂੰ ਹੀ ਆਪਣੇ ਘਰ ਵਾਪਸ ਪਹੁੰਚੇ ਹਨ।

ਕਿਰਨ ਦੇ ਤਾਇਆ, ਅਸਦ ਮੁਨੀਰ ਆਪਣੀ ਭਤੀਜੀ ਦੇ ਲਾਪਤਾ ਹੋਣ ਬਾਰੇ ਚਰਚਾ ਕਰਦੇ ਹੋਏ ਕਹਿੰਦੇ ਹਨ, "ਕਿਰਨ ਅਬਦੁਲ ਮਜੀਦ ਦੀ ਸਭ ਤੋਂ ਵੱਡੀ ਧੀ ਸੀ। ਹੁਣ ਕਿਰਨ ਸਮੇਤ ਉਸ ਦੇ ਪੰਜ ਬੱਚੇ ਹਨ, ਪਰ ਜਦੋਂ ਤੋਂ ਉਹ ਲਾਪਤਾ ਹੋਈ ਸੀ, ਮੈਂ ਹਮੇਸ਼ਾ ਅਬਦੁਲ ਮਜੀਦ ਦੀਆਂ ਅੱਖਾਂ ਵਿੱਚ ਹੰਝੂ ਹੀ ਦੇਖੇ ਹਨ।"

ਉਨ੍ਹਾਂ ਮੁਤਾਬਕ, "ਜਦੋਂ ਵੀ ਉਹ ਆਪਣੀ ਧੀ ਦਾ ਜ਼ਿਕਰ ਕਰਦੇ ਤਾਂ ਇਹੀ ਕਹਿੰਦੇ ਕਿ ਕੀ ਉਹ ਜ਼ਿੰਦਾ ਵੀ ਹੈ ਜਾਂ ਨਹੀਂ। ਉਹ ਹਮੇਸ਼ਾ ਇਹੀ ਗੱਲ ਕਰਦੇ ਕਿ ਪਤਾ ਨਹੀਂ ਉਨ੍ਹਾਂ ਦੀ ਧੀ ਕਿਸ ਹਾਲ 'ਚ ਹੋਣੀ।''

ਉਨ੍ਹਾਂ ਕਿਹਾ ਕਿ ਧੀ ਦੇ ਲਾਪਤਾ ਹੋਣ ਦੇ ਦੁੱਖ ਨੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੱਤਾ। ਜਦੋਂ ਅਬਦੁਲ ਮਜੀਦ ਨੇ ਆਪਣੀ ਧੀ ਦੀ ਪਛਾਣ ਕੀਤੀ ਤਾਂ ਸਭ ਤੋਂ ਪਹਿਲਾਂ ਮੈਨੂੰ ਦੱਸਿਆ ਅਤੇ ਮੈਂ ਦੇਖਿਆ ਕਿ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਦੁੱਖ ਦੇ ਹੰਝੂ ਹੁੰਦੇ ਸਨ, ਪਰ ਹੁਣ ਖੁਸ਼ੀ ਦੇ ਹੰਝੂ ਹਨ।"

ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਕਿਰਨ ਨੇ ਕਿਹਾ ਕਿ ਉਹ ਆਪਣੇ ਪਿਤਾ ਅਤੇ ਭੈਣ-ਭਰਾਵਾਂ ਨੂੰ ਮਿਲ ਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਈਧੀ ਸੈਂਟਰ ਤੋਂ ਖਾਣਾ ਪਕਾਉਣਾ, ਸਿਲਾਈ ਕਰਨਾ ਅਤੇ ਪੜ੍ਹ-ਲਿਖ ਕੇ ਘਰ ਵਾਪਸ ਆਏ ਹਨ।

ਉਨ੍ਹਾਂ ਕਿਹਾ, "ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਨੇ ਮੈਨੂੰ ਅੱਗੇ ਵਧਣ ਦਾ ਹੌਸਲਾ ਦਿੱਤਾ ਅਤੇ ਮੇਰੀ ਹਿੰਮਤ ਵਧਾਈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)