ਹਰਿਆਣਾ: ਤਿੰਨ ਦਿਨਾਂ ਵਿੱਚ ਬਾਸਕਟਬਾਲ ਪੋਲ ਡਿੱਗਣ ਕਾਰਨ ਦੋ ਖਿਡਾਰੀਆਂ ਦੀ ਮੌਤ, ਸਦਮੇ 'ਚ ਪਰਿਵਾਰ, ਸਰਕਾਰ 'ਤੇ ਚੁੱਕੇ ਸਵਾਲ

ਹਾਰਦਿਕ ਦੀ ਬਾਸਕੇਟਬਾਲ ਖੇਡਦਿਆਂ ਪੋਲ ਡਿੱਗਣ ਕਰਕੇ ਮੌਤ ਹੋਈ

ਤਸਵੀਰ ਸਰੋਤ, Manoj Dhaka/BBC

ਤਸਵੀਰ ਕੈਪਸ਼ਨ, ਹਾਰਦਿਕ ਦੀ ਬਾਸਕੇਟਬਾਲ ਖੇਡਦਿਆਂ ਪੋਲ ਡਿੱਗਣ ਕਰਕੇ ਮੌਤ ਹੋਈ
    • ਲੇਖਕ, ਮਨੋਜ ਢਾਕਾ
    • ਰੋਲ, ਬੀਬੀਸੀ ਸਹਿਯੋਗੀ

ਹਰਿਆਣਾ 'ਚ ਇੱਕ ਹਫ਼ਤੇ ਅੰਦਰ ਦੋ ਥਾਵਾਂ 'ਤੇ ਬਾਸਕਟਬਾਲ ਪੋਲ ਡਿੱਗਣ ਕਾਰਨ ਦੋ ਖਿਡਾਰੀਆਂ ਦੀ ਮੌਤ ਹੋ ਗਈ। ਇਹ ਘਟਨਾਵਾਂ ਰੋਹਤਕ ਅਤੇ ਬਹਾਦਰਗੜ੍ਹ 'ਚ ਵਾਪਰੀਆਂ ਸਨ ਜਿਸ ਨੇ ਸੂਬੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ।

ਵਿਰੋਧੀ ਪਾਰਟੀਆਂ ਨੇ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਖਸਤਾਹਾਲ ਸਥਿਤੀ ਤੇ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਲੈ ਕੇ ਹਰਿਆਣਾ ਦੀ ਸੈਣੀ ਸਰਕਾਰ ਤੋਂ ਜਵਾਬ ਮੰਗਿਆ ਹੈ।

ਇਸ ਦੌਰਾਨ ਹਰਿਆਣਾ ਸਰਕਾਰ ਨੇ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਸਕਟਬਾਲ ਨਰਸਰੀ ਦੇ ਕੰਮਕਾਜ ਨੂੰ ਰੋਕ ਦਿੱਤਾ ਤੇ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਦੂਜੇ ਪਾਸੇ ਪੀੜਤ ਪਰਿਵਾਰਾਂ ਨੇ ਵੀ ਦਾਅਵਾ ਕੀਤਾ ਹੈ ਕਿ ਪਿੰਡਾਂ ਵਿੱਚ ਖੇਡ ਮੈਦਾਨ ਦੀ ਸਥਿਤੀ ਬਹੁਤ ਮਾੜੀ ਹੈ।

ਕੀ ਹੈ ਪੂਰਾ ਮਾਮਲਾ

ਬਾਸਕਟਬਾਲ ਦੇ ਪੋਲ ਡਿੱਗਣ ਦੀ ਪਹਿਲੀ ਘਟਨਾ 23 ਨਵੰਬਰ 2025 ਨੂੰ ਝੱਜਰ ਜ਼ਿਲ੍ਹੇ ਦੇ ਬਹਾਦਰਗੜ੍ਹ ਵਿੱਚ ਸ਼ਹੀਦ ਬ੍ਰਿਗੇਡੀਅਰ ਹੋਸ਼ਿਆਰ ਸਿੰਘ ਸਟੇਡੀਅਮ ਵਿੱਚ ਵਾਪਰੀ ਸੀ।

15 ਸਾਲ ਦਾ ਨੌਜਵਾਨ ਅਮਨ ਗਰਾਊਂਡ ਵਿੱਚ ਅਭਿਆਸ ਕਰ ਰਿਹਾ ਸੀ ਜਿੱਥੇ ਪ੍ਰੈਕਟਿਸ ਦੌਰਾਨ ਉਸ 'ਤੇ ਬਾਸਕਟਬਾਲ ਦਾ ਪੋਲ ਡਿੱਗ ਗਿਆ। ਜਖ਼ਮੀ ਹਾਲਤ ਵਿੱਚ ਅਮਨ ਨੂੰ ਪੀਜੀਆਈ ਰੋਹਤਕ ਲਿਆਂਦਾ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ।

ਰੋਹਤਕ ਦਾ ਮਾਮਲਾ

ਸੰਦੀਪ ਰਾਠੀ

ਇਸ ਹਾਦਸੇ ਤੋਂ ਠੀਕ ਦੋ ਦਿਨ ਬਾਅਦ ਅਜਿਹੀ ਪੋਲ ਡਿੱਗਣ ਦੀ ਘਟਨਾ 25 ਨਵੰਬਰ ਨੂੰ ਰੋਹਤਕ ਜ਼ਿਲ੍ਹੇ ਦੇ ਪਿੰਡ ਲਖਨ ਮਾਜਰਾ 'ਚ ਵਾਪਰੀ ਸੀ। 16 ਸਾਲ ਦਾ ਹਾਰਦਿਕ ਰਾਠੀ ਪਿੰਡ ਦੇ ਖੇਡ ਮੈਦਾਨ 'ਚ ਅਭਿਆਸ ਕਰ ਰਿਹਾ ਸੀ।

ਇਸ ਦੌਰਾਨ ਉਹ ਬਾਸਕਟਬਾਲ ਕੋਰਟ 'ਚ ਛਾਲ ਮਾਰ ਕੇ ਪੋਲ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਪੋਲ ਖਸਤਾ ਹਾਲਤ ਹੋਣ ਕਰਕੇ ਹੇਠਾਂ ਹਾਰਦਿਕ ਦੀ ਛਾਤੀ 'ਤੇ ਡਿੱਗ ਗਿਆ ਹੈ। ਹਾਦਸੇ ਵਿੱਚ ਹਾਰਦਿਕ ਰਾਠੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ।

ਹਾਰਦਿਕ ਨਾਲ ਵਾਪਰਿਆ ਇਹ ਹਾਦਸਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ ਤੇ ਇਸ ਦਰਦਨਾਕ ਹਾਦਸੇ ਦੀ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਚਰਚਾ ਹੋ ਰਹੀ ਹੈ।

ਅਮਨ ਅਤੇ ਹਾਰਦਿਕ ਦੋਵੇਂ ਦਾ ਭਵਿੱਖ ਵਿੱਚ ਵੱਡੇ ਖਿਡਾਰੀ ਬਣਨ ਦਾ ਸੁਪਨਾ ਸੀ। ਇਨ੍ਹਾਂ ਦੋਵਾਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਅਤੇ ਸਰਕਾਰੀ ਤੰਤਰ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਹਾਰਦਿਕ ਦੇ ਪਿਤਾ ਦੇ ਸਵਾਲ

ਹਾਰਦਿਕ ਰਾਠੀ

ਤਸਵੀਰ ਸਰੋਤ, Family/Hardik Rathi

ਹਾਰਦਿਕ ਰਾਠੀ ਦੇ ਪਿਤਾ ਸੰਦੀਪ ਰਾਠੀ ਨੇ ਕਿਹਾ, "ਬਾਸਕਟਬਾਲ ਕੋਰਟ ਦੀ ਖਸਤਾ ਹਾਲਤ ਤੋਂ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਪਰ ਸਾਡੀ ਇੱਕ ਵਾਰ ਨਹੀਂ ਸੁਣੀ ਗਈ। ਜੇਕਰ ਸਮੇਂ ਸਿਰ ਪ੍ਰਸ਼ਾਸਨ ਸਾਡੀ ਅਪੀਲ ਸੁਣ ਲੈਂਦਾ ਤਾਂ ਅੱਜ ਮੇਰੇ ਪੁੱਤਰ ਹਾਰਦਿਕ ਦੀ ਮੌਤ ਨਾ ਹੁੰਦੀ।"

ਸਿਆਸੀ ਆਗੂਆਂ 'ਤੇ ਸਵਾਲ ਖੜ੍ਹੇ ਕਰਦਿਆਂ ਸੰਦੀਪ ਨੇ ਕਿਹਾ, "ਜੇਕਰ ਇਹ ਲੀਡਰ ਪਹਿਲਾਂ ਹੀ ਸਾਡੀ ਸ਼ਿਕਾਇਤ ਦਾ ਸਮਰਥਨ ਕਰਨ ਲਈ ਸਾਹਮਣੇ ਆਉਂਦੇ ਉਸ 'ਤੇ ਅਮਲ ਹੋ ਜਾਂਦਾ ਤੇ ਅੱਜ ਸਾਨੂੰ ਇਹ ਦਿਨ ਦੇਖਣ ਨੂੰ ਨਾ ਮਿਲਦਾ।"

ਸੰਦੀਪ ਰਾਠੀ ਨੇ ਕਿਹਾ, "ਹਾਰਦਿਕ ਦੇ ਨਾਮ 'ਤੇ ਸਾਡੇ ਪਿੰਡ ਵਿੱਚ ਇੱਕ ਇੰਡੋਰ ਸਟੇਡੀਅਮ ਬਣਾਇਅ ਜਾਵੇ ਤਾਂ ਜੋ ਬਾਕੀ ਖਿਡਾਰੀਆਂ ਨੂੰ ਮਿਹਨਤ ਕਰਨ ਲਈ ਵਧੀਆ ਸਥਾਨ ਮਿਲ ਸਕੇ।"

ਅਮਨ ਦੇ ਪਿਤਾ ਸੁਰੇਸ਼

'ਅਮਨ ਦੇ ਪਿਤਾ ਦੀ ਦਲੀਲ'

ਮ੍ਰਿਤਕ ਅਮਨ ਦੇ ਪਿਤਾ ਸੁਰੇਸ਼ ਨੇ ਹਾਦਸੇ ਵਾਲੇ ਦਿਨ ਨੂੰ ਯਾਦ ਕਰਦਿਆਂ ਦੱਸਿਆ, "ਜਖ਼ਮੀ ਹਾਲਤ 'ਚ ਜਦੋਂ ਅਮਨ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਪੂਰੇ ਰਸਤੇ 'ਚ ਉਸ ਨੂੰ ਦਰਦ ਹੋ ਰਿਹਾ ਸੀ। ਸਰੀਰ ਦੇ ਅੰਦਰ ਗੰਭੀਰ ਸੱਟਾਂ ਲੱਗੀਆਂ ਸਨ।"

"ਹਸਪਤਾਲ ਪਹੁੰਚੇ ਤਾਂ ਅੱਗੇ ਕੋਈ ਡਾਕਟਰ ਨਹੀਂ ਮਿਲਿਆ। ਐਮਰਜੈਂਸੀ 'ਚ ਮੈਂ ਪੌਣਾ ਘੰਟਾ ਆਪਣੇ ਪੁੱਤਰ ਨੂੰ ਲੈ ਕੇ ਬੈਠਾ ਰਿਹਾ ਫਿਰ ਜਾ ਕੇ ਇੱਕ ਡਾਕਟਰ ਆਏ ਤੇ ਅਲਟ੍ਰਾਸਾਉਂਡ ਕਰਵਾਇਆ। ਫਿਰ ਪੀਜੀਆਈ ਰੈਫ਼ਰ ਕੀਤਾ ਗਿਆ ਪਰ ਸਰੀਰ ਦੇ ਅੰਦਰ ਅੰਗਾਂ 'ਚ ਖੂਨ ਵਹਿ ਜਾਣ ਕਾਰਨ ਅਮਨ ਦੀ ਮੌਤ ਹੋ ਗਈ।"

ਮੋਹਿਤ

ਤਸਵੀਰ ਸਰੋਤ, Manoj Dhaka/BBC

ਤਸਵੀਰ ਕੈਪਸ਼ਨ, ਮੋਹਿਤ ਨੇ ਇਸ ਲਈ ਸਰਕਾਰ ਉੱਤੇ ਇਲਜ਼ਾਮ ਲਗਾਇਆ ਹੈ
ਇਹ ਵੀ ਪੜ੍ਹੋ-

ਫੰਡਸ ਦਾ ਇਸਤੇਮਾਲ ਕਿਉਂ ਨਹੀਂ ਹੋਇਆ - ਕੋਚ

ਇਸ ਮੁੱਦੇ 'ਤੇ ਹਾਰਦਿਕ ਦੇ ਕੋਚ ਮੋਹਿਤ ਨੇ ਕਿਹਾ, "ਸਾਂਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਖੇਡ ਮੈਦਾਨ ਲਈ 7 ਨਵੰਬਰ 2023 ਨੂੰ 11 ਲੱਖ ਰੁਪਏ ਦਿੱਤੇ ਸਨ ਅਤੇ ਇਸੇ ਸਾਲ 26 ਜੂਨ ਨੂੰ ਸਾਂਸਦ ਕੋਟੇ 'ਚੋਂ 6 ਲੱਖ 20 ਹਜ਼ਾਰ ਰੁਪਏ ਦਿੱਤੇ ਸਨ।"

ਕੋਚ ਮੋਹਿਤ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਸਾਂਸਦ ਨੇ ਆਪਣੇ ਕੋਟੋ 'ਚੋਂ ਪੈਸਾ ਜਾਰੀ ਕੀਤਾ ਹੈ ਤਾਂ ਫਿਰ ਉਸ ਦੀ ਵਰਤੋਂ ਕਿੱਥੇ ਕੀਤੀ ਗਈ ਇਸ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ।

ਲਖਨ ਮਾਜਰਾ ਪਿੰਡ ਦਾ ਰਹਿਣ ਵਾਲਾ ਮੁਕੁਲ ਵੀ ਬਾਸਕਟਬਾਲ ਦਾ ਖਿਡਾਰੀ ਹੈ ਜੋ ਰਾਸ਼ਟਰੀ ਪੱਧਰ 'ਤੇ ਖੇਡ ਚੁੱਕਿਆ ਹੈ।

ਮੁਕੁਲ ਨੇ ਕਿਹਾ, "ਸਾਡੇ ਪਿੰਡ 'ਚ 15 ਤੋਂ 20 ਅੰਤਰਰਾਸ਼ਟਰੀ ਖਿਡਾਰੀ ਹਨ ਅਤੇ ਹਾਰਦਿਕ ਵਾਂਗ ਨੈਸ਼ਨਲ ਪੱਧਰ ਦੇ 40 ਤੋਂ 50 ਖਿਡਾਰੀ ਹਨ। ਅੱਜ ਸਰਕਾਰ ਦੀ ਅਣਗਹਿਲੀ ਕਰਕੇ ਸਾਡਾ ਸਾਥੀ ਨੌਜਵਾਨ ਹਾਰਦਿਕ ਸਾਡੇ ਤੋਂ ਵਿਛੜ ਗਿਆ ਹੈ।"

ਮੁਕੁਲ ਨੇ ਦੱਸਿਆ, "ਖੇਡ ਮੈਦਾਨ 16 ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ ਪਰ ਇਸ ਦੀ ਦੇਖ ਰੇਖ ਨਹੀਂ ਕੀਤੀ ਗਈ। ਇਸ ਬਾਰੇ ਅਸੀਂ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਪਰ ਸਾਡੀ ਮੰਗ 'ਤੇ ਕੋਈ ਅਸਰ ਨਹੀਂ ਹੋਇਆ।"

ਭੁਪਿੰਦਰ ਸਿੰਘ ਹੁੱਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭੁਪਿੰਦਰ ਸਿੰਘ ਹੁੱਡਾ ਨੇ ਇਸ ਘਟਨਾ ਲਈ ਸਿੱਧਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ

ਹਰਿਆਣਾ ਕਾਂਗਰਸ ਦਾ ਸਵਾਲ

ਅਮਨ ਤੇ ਹਾਰਦਿਕ ਦੀ ਮੌਤ ਮਗਰੋਂ ਵਿਰੋਧੀ ਧਿਰਾਂ ਵੱਲੋਂ ਵੀ ਪ੍ਰਸ਼ਾਸਨ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ ਨੇ ਕਿਹਾ, "ਇਸ ਘਟਨਾ ਲਈ ਸਿੱਧਾ ਸਰਕਾਰ ਜ਼ਿੰਮੇਵਾਰ ਹੈ। ਕਾਂਗਰਸ ਦੀ ਸਰਕਾਰ ਵਿੱਚ ਇਹ ਸਾਰੇ ਖੇਡ ਸਟੇਡੀਅਮ ਬਣਾਏ ਗਏ ਸਨ। ਉਸ ਤੋਂ ਬਾਅਦ ਭਾਜਪਾ ਦੀ ਸਰਕਾਰ ਰਹੀ ਅਤੇ ਉਨ੍ਹਾਂ ਨੇ ਖੇਡ ਮੈਦਾਨਾਂ ਦੀ ਸਮੇਂ ਸਮੇਂ 'ਤੇ ਮੁਰਮੰਤ ਹੀ ਨਹੀਂ ਕਰਵਾਈ।"

ਰੋਹਤਕ ਤੋਂ ਕਾਂਗਰਸ ਦੇ ਐੱਮਪੀ ਦੀਪੇਂਦਰ ਸਿੰਘ ਹੁੱਡਾ ਨੇ ਇਸ ਨੂੰ 'ਆਤਮਾ ਨੂੰ ਝੰਜੋੜ ਦੇਣ ਵਾਲਾ ਮਾਮਲਾ' ਕਰਾਰ ਦਿੱਤਾ। ਉਨ੍ਹਾਂ ਕਿਹਾ, "ਸਰਕਾਰੀ ਲਾਪਰਵਾਹੀ ਕਾਰਨ ਨੌਜਵਾਨ ਖਿਡਾਰੀਆਂ ਨੂੰ ਜਾਨ ਗਵਾਉਣੀ ਪਈ ਹੈ, ਜੋ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ।"

ਦੀਪੇਂਦਰ ਹੁੱਡਾ ਨੇ ਕਿਹਾ, "2023 ਵਿੱਚ ਉਨ੍ਹਾਂ ਨੇ ਸੰਸਦ ਮੈਂਬਰ ਕੋਟੇ ਵਿੱਚੋਂ ਗ੍ਰਾਂਟ ਦਿੱਤੀ ਸੀ ਪਰ ਸਰਕਾਰ ਨੇ ਉਸ ਨੂੰ ਵੀ ਨਹੀਂ ਵਰਤਿਆ। ਪ੍ਰਸ਼ਾਸਨ ਨੇ ਪਹਿਲਾਂ ਕਿਹਾ ਕਿ ਇਸ ਵਿੱਚ 12 ਲੱਖ ਰੁਪਏ ਚਾਹੀਦੇ ਹਨ ਤਾਂ ਮੈਂ ਦਿੱਤੇ। ਫਿਰ 6 ਲੱਖ ਰੁਪਏ ਹੋਰ ਦਿੱਤੇ। ਪਰ ਸਰਕਾਰ ਨੇ ਇੱਕ ਵੀ ਸਟੇਡੀਅਮ ਦਾ ਰੱਖ-ਰਖਾਅ ਨਹੀਂ ਕੀਤਾ।"

ਉਨ੍ਹਾਂ ਦੱਸਿਆ, "481 ਸਟੇਡੀਅਮ ਬਣੇ ਸਨ ਪਰ 11 ਸਾਲਾਂ ਤੋਂ ਕੋਈ ਰੱਖ-ਰਖਾਅ ਨਹੀਂ ਹੋਇਆ। ਸਰਕਾਰੀ ਲਾਪਰਵਾਹੀ ਕਾਰਨ ਅਸੀਂ ਇੱਕ ਹੋਨਹਾਰ ਨੌਜਵਾਨ ਨੂੰ ਗਵਾ ਲਿਆ ਹੈ।”

ਭਗਵੰਤ ਮਾਨ

ਤਸਵੀਰ ਸਰੋਤ, Manoj Dhaka/BBC

ਤਸਵੀਰ ਕੈਪਸ਼ਨ, ਮ੍ਰਿਤਕ ਹਾਰਦਿਕ ਰਾਠੀ ਦੇ ਘਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਦੇ ਇਲਜ਼ਾਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰਦਿਕ ਰਾਠੀ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਤੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨ ਲਈ ਹਰਿਆਣਾ ਸਰਕਾਰ ਨੂੰ ਕਿਹਾ ਹੈ।

ਸੀਐੱਮ ਭਗਵੰਤ ਮਾਨ ਨੇ ਕਿਹਾ, "ਘਟੀਆ ਮਟੀਰੀਅਲ ਲੱਗਿਆ ਹੋਣ ਕਰਕੇ ਬਾਸਕਬਾਲ ਦਾ ਪੋਲ ਟੁੱਟਿਆ ਹੈ। ਆਮ ਘਰਾਂ ਦੇ ਬੱਚੇ ਜੇ ਖੇਡ ਮੈਦਾਨ 'ਚ ਜਾਂਦੇ ਹਨ ਤਾਂ ਇਸ ਅਜਿਹੇ ਸਿਸਟਮ ਕਰਕੇ ਕੀ ਉਨ੍ਹਾਂ ਦੀ ਲਾਸ਼ ਘਰ ਵਾਪਸ ਆਵੇਗੀ ਤਾਂ ਕਿਹੜੇ ਮਾਪੇ ਫਿਰ ਆਪਣੇ ਬੱਚੇ ਨੂੰ ਮੈਦਾਨ 'ਚ ਭੇਜਣਗੇ।"

ਭਗਵੰਤ ਮਾਨ ਨੇ ਕਿਹਾ, "ਇਸ ਘਟਨਾ ਦਾ ਪੀਐੱਮ ਨਰਿੰਦਰ ਮੋਦੀ ਅਤੇ ਕੇਂਦਰੀ ਖੇਡ ਮੰਤਰੀ ਨੂੰ ਨੋਟਿਸ ਲੈਣਾ ਚਾਹੀਦਾ ਹੈ। ਪੂਰੇ ਦੇਸ਼ 'ਚ ਜਿਹੜੇ ਮੈਦਾਨ ਜਾਂ ਹੋਰ ਢਾਂਚੇ ਮਾੜੀ ਹਾਲਤ 'ਚ ਹਨ ਉਨ੍ਹਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।"

ਹਰਿਆਣਾ ਸਰਕਾਰ ਦੀ ਕਾਰਵਾਈ

ਹਰਿਆਣਾ ਸਰਕਾਰ ਨੇ 26 ਨਵੰਬਰ ਨੂੰ ਕਾਰਵਾਈ ਕਰਦਿਆਂ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਦਿੱਤੀ ਹੈ। ਉਨ੍ਹਾਂ ਕਿਹਾ ਬਾਸਕਟਬਾਲ ਨਰਸਰੀ ਦੇ ਕੰਮਕਾਜ ਨੂੰ ਰੋਕ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਪੰਚਾਇਤਾਂ ਚਲਾ ਰਹੀਆਂ ਸਨ।

ਉਨ੍ਹਾਂ ਕਿਹਾ, "ਐੱਮਪੀ ਲੈਂਡ ਫੰਡ ਦਾ ਪੈਸਾ ਪੰਚਾਇਤ ਵਿਭਾਗ ਦੇ ਕੋਲ ਗਿਆ ਸੀ ਅਸੀਂ ਹੁਣ ਜਾਂਚ ਕਰਾਂਗੇ ਕਿ ਵਿਭਾਗ ਨੇ ਪੈਸਾ ਕਿੱਥੇ ਲਗਾਇਆ ਜਾਂ ਸਟੇਡੀਅਮ 'ਤੇ ਕਿਉਂ ਨਹੀਂ ਲਗਾਇਆ। ਪੰਚਾਇਤੀ ਵਿਭਾਗ 'ਚ ਜੇਕਰ ਕਿਸੇ ਦੀ ਗ਼ਲਤੀ ਹੋਈ ਉਸ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।"

ਖੇਡ ਮੰਤਰੀ ਗੌਰਵ ਗੌਤਮ ਨੇ ਕਿਹਾ, "ਇਨ੍ਹਾਂ ਮਾਮਲਿਆਂ ਦੀ ਜਾਂਚ ਪੂਰੀ ਕੀਤੀ ਜਾ ਰਹੀ ਹੈ ਜਿੱਥੇ ਵੀ ਗ਼ਲਤੀ ਹੋਈ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਨੂੰ ਦੁੱਖ ਹੈ ਕਿ ਇਨ੍ਹਾਂ ਘਟਨਾਵਾਂ 'ਚ ਸਾਡੇ ਹੀਰੇ ਖਿਡਾਰੀ ਚਲੇ ਗਏ। ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਵੇਗੀ।"

ਹਰਿਆਣਾ ਦੇ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਖਿਡਾਰੀ ਦੀ ਜ਼ਿੰਮੇਵਾਰੀ ਖੇਡ ਵਿਭਾਗ ਦੀ ਹੁੰਦੀ ਹੈ। ਖਿਡਾਰੀ ਕਿਸੇ ਪਰਿਵਾਰ ਦਾ ਨਹੀਂ ਹੁੰਦਾ ਦੇਸ਼ ਦਾ ਹੁੰਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)