ਸਿਮ ਸਵੈਪ ਅਟੈਕ ਕੀ ਹੈ ਜਿਸ ਰਾਹੀਂ ਸਖ਼ਤ ਸੁਰੱਖਿਆ ਦੇ ਬਾਵਜੂਦ ਤੁਹਾਡੇ ਪਾਸਵਰਡਜ਼ ਨੂੰ ਸੰਨ੍ਹਮਾਰੀ ਦਾ ਖ਼ਤਰਾ ਹੈ
- ਲੇਖਕ, ਜੋਏ ਟਿਡੀ
- ਰੋਲ, ਸਾਈਬਰ ਪੱਤਰਕਾਰ, ਬੀਬੀਸੀ ਵਰਲਡ

ਡੇਟਾ ਚੋਰੀ ਜਾਂ ਡੇਟਾ ਬ੍ਰੀਚ ਅੱਜ ਕੱਲ੍ਹ ਇੰਨਾ ਆਮ ਹੋ ਗਿਆ ਹੈ ਕਿ ਜਦੋਂ ਇਹ ਸਾਡੇ ਨਾਲ ਹੁੰਦਾ ਹੈ ਤਾਂ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਿਵੇਂ ਪ੍ਰਤੀਕਿਰਿਆ ਕਰਨੀ ਹੈ।
ਡੇਟਾ ਚੋਰੀ ਦਾ ਸ਼ਿਕਾਰ ਹੋਣ ਨਾਲ ਅਪਰਾਧੀਆਂ ਅਤੇ ਠੱਗਾਂ ਦਾ ਨਿਸ਼ਾਨਾ ਬਣਨ ਦਾ ਖਦਸ਼ਾ ਵੀ ਵਧ ਜਾਂਦਾ ਹੈ।
ਸੂ ਸ਼ੋਰ ਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਠੱਗਾਂ ਨੇ ਉਨ੍ਹਾਂ ਨਿਸ਼ਾਨਾ ਬਣਾਇਆ ਅਤੇ ਅਸੀਂ ਦੇਖਿਆ ਕਿ ਉਨ੍ਹਾਂ ਦੀ ਜਾਣਕਾਰੀ ਆਨਲਾਈਨ ਲੀਕ ਹੋ ਗਈ ਸੀ।
ਸੂ ਜਿਸ ਹਮਲੇ ਦਾ ਸ਼ਿਕਾਰ ਹੋਈ ਉਸ ਨੂੰ "ਸਿਮ ਸਵੈਪ ਅਟੈਕ" ਕਿਹਾ ਜਾਂਦਾ ਹੈ। ਇਸ ਵਿੱਚ ਠੱਗ ਨੈੱਟਵਰਕ ਆਪਰੇਟਰ ਨੂੰ ਧੋਖਾ ਦੇ ਕੇ ਇਹ ਯਕੀਨ ਦਿਵਾ ਦਿੰਦੇ ਹਨ ਕਿ ਉਹ ਅਸਲੀ ਅਕਾਊਂਟ ਹੋਲਡਰ ਹਨ, ਤਾਂ ਜੋ ਮੋਬਾਈਲ ਡਿਵਾਇਸ ਲਈ ਨਵਾਂ ਸਿਮ ਕਾਰਡ ਹਾਸਲ ਕਰ ਸਕਣ।
ਠੱਗਾਂ ਨੇ ਇਸਦੀ ਵਰਤੋਂ ਕਰ ਕੇ ਉਨ੍ਹਾਂ ਦੇ ਫੋਨ ਰਾਹੀਂ ਲਗਭਗ ਸਾਰੇ ਔਨਲਾਈਨ ਅਕਾਊਂਟਸ ਉੱਤੇ ਕਬਜ਼ਾ ਕਰ ਲਿਆ। ਸੂ ਨੇ ਕਿਹਾ ਹੈ ਕਿ ਇਹ ਅਨੁਭਵ "ਭਿਆਨਕ" ਸੀ।
ਸੂ ਨੇ ਸਮਝਾਇਆ, "ਧੋਖੇਬਾਜ਼ਾਂ ਨੇ ਮੇਰਾ ਜੀਮੇਲ ਅਕਾਊਂਟ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਫਿਰ ਮੇਰੇ ਆਪਣੇ ਬੈਂਕ ਖਾਤੇ ਲੌਕ ਹੋ ਗਏ ਕਿਉਂਕਿ ਉਹ ਸੁਰੱਖਿਆ ਜਾਂਚ ਨੂੰ ਪਾਰ ਨਹੀਂ ਕਰ ਸਕੇ।"
ਸੂ ਦੇ ਨਾਮ ਉੱਤੇ ਇੱਕ ਕ੍ਰੈਡਿਟ ਕਾਰਡ ਵੀ ਲੈ ਲਿਆ ਗਿਆ ਸੀ ਅਤੇ ਅਪਰਾਧੀਆਂ ਨੇ 3,000 ਤੋਂ ਪੌਂਡ ਤੋਂ ਵੱਧ ਦੇ ਵਾਊਚਰ ਖਰੀਦੇ ਸਨ।
ਆਪਣੇ ਖਾਤਿਆਂ ਨੂੰ ਮੁੜ ਹਾਸਲ ਕਰਨ ਲਈ ਉਨ੍ਹਾਂ ਨੂੰ ਆਪਣੇ ਬੈਂਕ ਅਤੇ ਮੋਬਾਈਲ ਸੇਵਾ ਪ੍ਰਦਾਤਾ ਸ਼ਾਖਾਵਾਂ ਵਿੱਚ ਕਈ ਵਾਰ ਜਾਣਾ ਪਿਆ।
ਪਰ ਚੋਰ ਇੱਥੇ ਹੀ ਨਹੀਂ ਰੁਕੇ।
ਸੂ ਕਹਿੰਦੀ ਹੈ, "ਉਹ ਲੋਕ ਮੇਰੇ ਵਟਸਐਪ ਵਿੱਚ ਵੀ ਵੜ੍ਹ ਗਏ ਅਤੇ ਇੱਕ ਭਿਆਨਕ ਕੰਮ ਕੀਤਾ।"
"ਉਨ੍ਹਾਂ ਨੇ ਘੋੜਸਵਾਰੀ ਗਰੁੱਪਾਂ ਨੂੰ ਸੁਨੇਹੇ ਭੇਜੇ, ਜਿਨ੍ਹਾਂ ਵਿੱਚ ਮੈਂ ਹਾਂ, ਚੇਤਾਵਨੀ ਦਿੱਤੀ ਕਿ ਕੁਝ ਲੋਕ ਘੋੜਿਆਂ ਨੂੰ ਛੁਰਾ ਮਾਰਨ ਆ ਰਹੇ ਹਨ।"
ਅਸੀਂ ਔਨਲਾਈਨ ਟੂਲਸ ਜਿਵੇਂ, haveibeenpwned.com ਅਤੇ ਕੌਂਸਟੈਲਾ ਇੰਟੈਲੀਜੈਂਸ ਦੀ ਵਰਤੋਂ ਕਰਕੇ ਹੈਕਰ ਡੇਟਾਬੇਸ ਲੱਭੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਸੂ ਦੀ ਜਾਣਕਾਰੀ ਉੱਤੇ ਪਹਿਲਾਂ ਵੀ ਕੋਈ ਸੰਕਟ ਆਇਆ ਸੀ।
ਉਨ੍ਹਾਂ ਦਾ ਫ਼ੋਨ ਨੰਬਰ, ਈਮੇਲ ਐਡਰੈੱਸ, ਜਨਮ ਮਿਤੀ ਅਤੇ ਅਸਲ ਪਤਾ ਸਾਰੇ 2010 ਵਿੱਚ ਜੂਆ ਪਲੇਟਫਾਰਮ ਪੈਡੀਪਾਵਰ ਅਤੇ 2019 ਵਿੱਚ ਈਮੇਲ ਵੈਲੀਡੇਸ਼ਨ ਟੂਲ Verifications.io ਵਿੱਚ ਜ਼ਾਹਿਰ ਹੋ ਗਏ ਸਨ। ਹੈਕ ਕੀਤੇ ਗਏ ਰਿਕਾਰਡਾਂ ਵਿੱਚ ਉਨ੍ਹਾਂ ਦੀ ਜਾਣਕਾਰੀ ਵੀ ਸ਼ਾਮਲ ਸੀ।
ਸਾਈਬਰ ਫਰਮ ਸਾਇਲੋਬ੍ਰੇਕਰ ਦੀ ਹੰਨਾਹ ਬਾਊਮਗਾਰਟਨਰ ਨੇ ਕਿਹਾ ਕਿ ਹਮਲਾਵਰਾਂ ਨੇ ਸੰਭਾਵੀ ਤੌਰ ਉੱਤੇ ਪਹਿਲਾਂ ਦੀ ਡੇਟਾ ਚੋਰੀ ਵਿੱਚ ਲੀਕ ਹੋਈ ਵਿਅਕਤੀਗਤ ਜਾਣਕਾਰੀ ਦੀ ਵਰਤੋਂ ਸਿਮ ਸਵੈਪ ਅਟੈਕ ਕਰਨ ਲਈ ਕੀਤੀ।
ਉਹ ਕਹਿੰਦੀ ਹੈ, "ਇੱਕ ਵਾਰ ਜਦੋਂ ਉਨ੍ਹਾਂ ਨੂੰ ਸੂ ਦਾ ਫ਼ੋਨ ਨੰਬਰ ਮਿਲ ਗਿਆ, ਤਾਂ ਕਿਸੇ ਵੀ ਸੁਰੱਖਿਆ ਕੋਡ ਨੂੰ ਇੰਟਰਸੈਪਟ ਕਰਨ ਵਿੱਚ ਸਮਰੱਥ ਹੋ ਗਏ ਜੋ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਦੇ ਜੀਮੇਲ ਅਕਾਊਂਟ ਉੱਤੇ ਭੇਜੇ ਜਾਂਦੇ ਸਨ।"
ਨੈੱਟਫਲਿਕਸ 'ਤੇ ਸਵਾਰੀ

ਪਰ ਇਹ ਹਮੇਸ਼ਾ ਵੀ ਨਹੀਂ ਹੁੰਦਾ ਕਿ ਠੱਗ ਵੱਡੇ ਪੈਮਾਨੇ ਉੱਤੇ ਪੈਸੇ ਦੀ ਚੋਰੀ ਕਰਦੇ ਹਨ।
ਬ੍ਰਾਜ਼ੀਲ ਤੋਂ ਫ੍ਰੈਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਕਿਸੇ ਯੂਜ਼ਰ ਨੇ ਉਨ੍ਹਾਂ ਦੇ ਨੈੱਟਫਲਿਕਸ ਅਕਾਊਂਟ 'ਤੇ ਰਜਿਸਟਰ ਕੀਤਾ ਸੀ ਅਤੇ ਉਨ੍ਹਾਂ ਦੀ ਮਹੀਨਾਵਾਰ ਖਰੀਦਦਾਰੀ ਵਧਾ ਦਿੱਤੀ ਸੀ।
ਉਨ੍ਹਾਂ ਨੇ ਕਿਹਾ, "ਮੇਰੇ ਪੇਮੈਂਟ ਕਾਰਡ 'ਤੇ 9.90 ਡਾਲਰ ਦਾ ਬਿੱਲ ਆਇਆ, ਭਾਵੇਂ ਮੈਂ ਖਰੀਦਦਾਰੀ ਨਹੀਂ ਕੀਤੀ ਸੀ।"
"ਮੈਂ ਤੁਰੰਤ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਕਿਸੇ ਨੇ ਸਾਡੇ ਜੁਆਇੰਟ ਅਕਾਊਂਟ ਵਿੱਚ ਨਵਾਂ ਪ੍ਰੋਫਾਈਲ ਜੋੜਿਆ ਹੈ, ਪਰ ਸਾਰਿਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ।"
ਫ੍ਰੈਨ ਇੱਕ ਆਮ ਠੱਗੀ ਦੀ ਸ਼ਿਕਾਰ ਹੋਈ, ਜਿਸ ਵਿੱਚ ਉਨ੍ਹਾਂ ਦਾ ਨੈੱਟਫਲਿਕਸ ਅਕਾਊਂਟ ਕਿਸੇ ਫ੍ਰੀਲੋਡਰ ਨੇ ਹਾਈਜੈਕ ਕਰ ਲਿਆ।
ਇਹ ਸਪੱਸ਼ਟ ਨਹੀਂ ਹੈ ਕਿ ਹਾਈਜੈਕਰਾਂ ਨੇ ਉਨ੍ਹਾਂ ਦੇ ਅਕਾਊਂਟ ਤੱਕ ਕਿਵੇਂ ਪਹੁੰਚ ਹਾਸਿਲ ਕੀਤੀ। ਸਾਈਬਰ ਅਪਰਾਧ ਦੀ ਧੁੰਦਲੀ ਦੁਨੀਆਂ ਦਾ ਮਤਲਬ ਹੈ ਕਿ ਇਸ ਵਿੱਚ ਤੈਅ ਕਰਨਾ ਮੁਸ਼ਕਲ ਹੈ ਕਿ ਕੀ ਇਸ ਠੱਗੀ ਦਾ ਸਬੰਧ ਕਿਸੇ ਡੇਟਾ ਦੀ ਚੋਰੀ ਨਾਲ ਹੈ।
ਹਾਲਾਂਕਿ, ਵੈੱਬਸਾਈਟ haveibeenpwned.com ਦੀ ਵਰਤੋਂ ਨਾਲ ਸਾਨੂੰ ਪਤਾ ਲੱਗਾ ਹੈ ਕਿ ਫ੍ਰੈਨ ਦਾ ਈਮੇਲ ਪਤਾ ਡੇਟਾ ਚੋਰੀ ਦੀਆਂ ਘੱਟੋ-ਘੱਟ ਚਾਰ ਘਟਨਾਵਾਂ ਦਾ ਸ਼ਿਕਾਰ ਹੋਇਆ ਸੀ, ਜਿਨ੍ਹਾਂ ਵਿੱਚ ਸ਼ਾਮਲ ਹੈ ਇੰਟਰਨੈੱਟ ਆਰਕਾਈਵ (2024), ਟ੍ਰੇਲੋਵ (2024), ਡੇਸਕੋਮਪਲਿਕਾ (2021) ਅਤੇ ਵਾਟਪੈਡ (2020)।
ਉਨ੍ਹਾਂ ਨੇ ਆਪਣੇ ਨੈੱਟਫਲਿਕਸ ਅਕਾਊਂਟ ਲਈ ਜੋ ਪਾਸਵਰਡ ਵਰਤਿਆ ਸੀ, ਉਹ ਜਨਤਕ ਤੌਰ 'ਤੇ ਜਾਣੇ-ਪਛਾਣੇ ਡੇਟਾਬੇਸ ਵਿੱਚ ਨਹੀਂ ਹੈ, ਪਰ ਦੂਸਰੇ ਵਿੱਚ ਹੋ ਸਕਦਾ ਹੈ।
ਸਾਈਬਰ ਸੁਰੱਖਿਆ ਕੰਪਨੀ ਹਡਸਨ ਰੌਕ ਦੇ ਸਹਿ-ਸੰਸਥਾਪਕ ਐਲੋਨ ਗੈਲ ਕਹਿੰਦੇ ਹਨ, "ਕ੍ਰੈਕਡ ਕੀਤੇ ਗਏ ਨੈੱਟਫਲਿਕਸ, ਡਿਸਨੀ ਅਤੇ ਸਪੌਟੀਫਆਈ ਅਕਾਊਂਟਸ ਦਾ ਇੱਕ ਵੱਡਾ ਬਾਜ਼ਾਰ ਹੈ।"
"ਇਹ ਸਾਈਬਰ ਅਪਰਾਧ ਲਈ ਇੱਕ ਆਸਾਨ ਐਂਟਰੀ ਪੁਆਇੰਟ ਹੈ, ਜੋ ਇੱਕ ਕੰਪਨੀ ਦੇ ਡੇਟਾ ਲੀਕ ਨੂੰ ਵਿਆਪਕ ਅਤੇ ਲਗਾਤਾਰ ਹੋਣ ਵਾਲੇ ਦੁਰਵਰਤੋਂ ਵਿੱਚ ਬਦਲ ਦਿੰਦਾ ਹੈ।"
ਟੂ-ਫੈਕਟਰ ਓਥੈਂਟੀਫਿਕੇਸ਼ਨ ਵੀ ਬੇਕਾਰ

ਤਸਵੀਰ ਸਰੋਤ, Hudson Rock
ਠੱਗ ਅਕਸਰ ਚੋਰੀ ਕੀਤੀ ਨਿੱਜੀ ਜਾਣਕਾਰੀ ਨੂੰ ਜਨਤਕ ਜਾਣਕਾਰੀ ਨਾਲ ਮਿਲਾ ਦਿੰਦੇ ਹਨ।
ਲੀਆ, ਜੋ ਆਪਣਾ ਅਸਲੀ ਨਾਮ ਨਹੀਂ ਦੱਸਣਾ ਚਾਹੁੰਦੀ, ਇੱਕ ਛੋਟਾ ਕਾਰੋਬਾਰ ਚਲਾਉਂਦੀ ਹੈ। ਉਹ ਫੇਸਬੁੱਕ ਇਸ਼ਤਿਹਾਰਾਂ ਦੀ ਵਰਤੋਂ ਕਰਦੀ ਹੈ ਅਤੇ ਹਾਲ ਹੀ ਵਿੱਚ ਇੱਕ ਲੰਬੇ ਸਮੇਂ ਤੋਂ ਚੱਲ ਰਹੇ ਇੱਕ ਘੁਟਾਲੇ ਦਾ ਸ਼ਿਕਾਰ ਹੋਈ, ਜੋ ਜ਼ਾਹਿਰ ਤੌਰ 'ਤੇ ਵੀਅਤਨਾਮ ਵਿੱਚ ਸ਼ੁਰੂ ਹੋਇਆ ਸੀ।
ਉਹ ਦੱਸਦੀ ਹੈ, "ਮੈਨੂੰ '[email protected]' ਤੋਂ ਇੱਕ ਫਿਸ਼ਿੰਗ ਈਮੇਲ ਮਿਲੀ ਜਿਸ ਵਿੱਚ ਕਿਹਾ ਗਿਆ ਸੀ ਕਿ ਮੈਨੂੰ ਰਿਫੰਡ ਮਿਲਣਾ ਹੈ। ਮੈਂ ਲਿੰਕ 'ਤੇ ਕਲਿੱਕ ਕੀਤਾ ਅਤੇ ਇੱਕ ਜਾਅਲੀ ਮੈਟਾ ਪੇਜ 'ਤੇ ਆਪਣੇ ਵੇਰਵੇ ਦਰਜ ਕੀਤੇ ਅਤੇ ਠੱਗਾਂ ਨੇ ਮੇਰੇ ਬਿਜ਼ਨਸ ਅਕਾਊਂਟ 'ਤੇ ਕਬਜ਼ਾ ਕਰ ਲਿਆ, ਬੇਸ਼ੱਕ ਮੇਰੇ ਕੋਲ ਟੂ-ਫੈਕਟਰ ਓਥੈਂਟੀਫਿਕੇਸ਼ਨ ਸੀ।"
"ਫਿਰ ਉਨ੍ਹਾਂ ਨੇ ਮੇਰੇ ਨਾਮ ਨਾਲ ਬਾਲ ਜਿਨਸੀ ਸ਼ੋਸ਼ਣ ਦੇ ਵੀਡੀਓ ਪੋਸਟ ਕੀਤੇ, ਜਿਸ ਕਾਰਨ ਮੈਨੂੰ ਬਲੌਕ ਕਰ ਦਿੱਤਾ ਗਿਆ। ਮੈਂ ਮੈਟਾ ਨੂੰ ਸ਼ਿਕਾਇਤ ਕਰਨ ਲਈ ਮੈਸੇਂਜਰ ਦੀ ਵਰਤੋਂ ਕਰਨ ਤੋਂ ਵਾਂਝੀ ਹੋ ਗਈ।"
ਜਿਨ੍ਹਾਂ ਤਿੰਨ ਦਿਨਾਂ ਤੱਕ ਉਹ ਆਪਣਾ ਬਿਜ਼ਨਸ ਅਕਾਊਂਟ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਠੱਗਾਂ ਨੇ ਸੈਂਕੜੇ ਪੌਂਡ ਦੇ ਇਸ਼ਤਿਹਾਰ ਚਲਾਏ, ਜਿਨ੍ਹਾਂ ਦਾ ਭੁਗਤਾਨ ਲੀਆ ਦੇ ਪੈਸੇ ਨਾਲ ਕੀਤਾ ਗਿਆ। ਹਾਲਾਂਕਿ, ਉਨ੍ਹਾਂ ਨੂੰ ਆਖ਼ਰਕਾਰ ਪੈਸੇ ਵਾਪਸ ਮਿਲ ਗਏ।
ਕਾਂਸਟੇਲਾ ਇੰਟੈਲੀਜੈਂਸ ਦੇ ਅਲਬਰਟੋ ਕਾਸਾਰੇਸ ਨੇ ਹੈਕਰ ਡੇਟਾਬੇਸ ਖੋਜੇ ਕੀਤੀ ਅਤੇ ਪਾਇਆ ਕਿ ਲੀਆ ਦਾ ਈਮੇਲ ਪਤਾ ਅਤੇ ਹੋਰ ਵੇਰਵੇ ਇਸ ਸਾਲ ਦੇ ਸ਼ੁਰੂ ਵਿੱਚ ਗ੍ਰੈਵਟਾਰ ਅਤੇ ਕਵਾਂਟਸ ਦੇ ਸ਼ਿਕਾਰ ਬਣੇ ਸਨ।
ਉਹ ਕਹਿੰਦੇ ਹਨ, "ਅਜਿਹਾ ਲੱਗਦਾ ਹੈ ਕਿ ਹਮਲਾਵਰਾਂ ਨੇ ਲੀਆ ਦੇ ਚੋਰੀ ਕੀਤੇ ਨਿੱਜੀ ਈਮੇਲ ਪਤੇ ਨੂੰ ਉਨ੍ਹਾਂ ਦੇ ਜਨਤਕ ਤੌਰ 'ਤੇ ਸੂਚੀਬੱਧ ਬਿਜ਼ਨਸ ਨੰਬਰ ਨਾਲ ਜੋੜ ਕੇ ਈਮੇਲ ਅਕਾਊਂਟ 'ਤੇ ਫਿਸ਼ਿੰਗ ਹਮਲਾ ਕੀਤਾ ਸੀ।"
ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਕੰਮ ਹਮਲਾਵਰਾਂ ਨੇ ਖੁਦ ਕੀਤਾ ਹੋਵੇ ਜਾਂ ਅਜਿਹਾ ਵੀ ਹੋ ਸਕਦਾ ਹੈ ਕਿ ਡੇਟਾ ਬ੍ਰੋਕਰ ਨਾਲ ਸੰਭਾਵੀ ਟੀਚਿਆਂ ਦੀ ਸੂਚੀ ਖਰੀਦਣ ਲਈ ਭੁਗਤਾਨ ਕੀਤਾ ਗਿਆ ਹੋਵੇ।

ਵੱਡੇ ਪੱਧਰ 'ਤੇ ਡਾਟਾ ਚੋਰੀ
ਵੱਡੇ ਪੱਧਰ ਉੱਤੇ ਡੇਟਾ ਚੋਰੀ ਨਾਲ ਵਿਸ਼ਵ ਭਰ ਵਿੱਚ ਠੱਗੀ ਅਤੇ ਸੈਕੰਡਰੀ ਹੈਕਸ ਨੂੰ ਉਤਸ਼ਾਹ ਮਿਲ ਰਿਹਾ ਹੈ ਅਤੇ ਇਕੱਲੇ 2025 ਵਿੱਚ ਹੀ ਕਈ ਹਾਈ-ਪ੍ਰੋਫਾਈਲ ਹਮਲੇ ਹੋਏ ਹਨ।
- 65 ਲੱਖਾਂ ਲੋਕਾਂ ਦਾ ਡੇਟਾ ਅਪ੍ਰੈਲ ਵਿੱਚ ਕੋ-ਆਪ ਵਿੱਚ ਲਗਾਈ ਗਈ ਸੰਨ੍ਹ ਵਿੱਚ ਚਲਿਆ ਗਿਆ।
- ਮਾਰਕਸ ਐਂਡ ਸਪੈਂਸਰ ਵੀ ਕਰੀਬ ਉਸੇ ਸਮੇਂ ਹੈਕ ਹੋਇਆ, ਜਿਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ, ਹਾਲਾਂਕਿ ਕੰਪਨੀ ਅਜੇ ਵੀ ਇਹ ਦੱਸਣ ਤੋਂ ਇਨਕਾਰ ਕਰ ਰਹੀ ਹੈ ਕਿ ਕਿੰਨੇ ਲੋਕ ਪ੍ਰਭਾਵਿਤ ਹੋਏ ਸਨ।
- ਹੈਰੋਡਸ ਨੇ ਆਪਣੇ ਲਗਜ਼ਰੀ ਸਟੋਰਾਂ 'ਤੇ 4004 ਲੱਖ ਗਾਹਕਾਂ ਦਾ ਡੇਟਾ ਗੁਆ ਦਿੱਤਾ।
- ਕਵਾਂਟਸ ਏਅਰਲਾਈਨਜ਼ ਹੈਕ ਦਾ ਅਸਰ 57 ਲੱਖ ਯਾਤਰੀਆਂ ਉੱਤੇ ਪਿਆ।
ਪ੍ਰੋਟੋਨ ਮੇਲ ਦੀ ਡੇਟਾ ਚੋਰੀ ਉੱਤੇ ਨਜ਼ਰ ਰੱਖਣ ਵਾਲੀ ਇਕਾਈ ਦੇ ਅਨੁਸਾਰ, 2025 ਵਿੱਚ ਹੁਣ ਤੱਕ ਪਛਾਣੇ ਜਾ ਸਕੇ ਸਰੋਤਾਂ ਤੋਂ 794 ਪ੍ਰਮਾਣਿਤ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 30 ਕਰੋੜ ਤੋਂ ਵੱਧ ਨਿੱਜੀ ਰਿਕਾਰਡਾਂ ਉਜਾਗਰ ਹੋਏ ਹਨ।
ਫਰਮ ਦੇ ਈਮੋਨ ਮੈਗੁਆਇਰ ਨੇ ਕਿਹਾ, "ਅਪਰਾਧੀ ਚੋਰੀ ਕੀਤੇ ਗਏ ਡੇਟਾ ਲਈ ਚੰਗੀ ਕੀਮਤ ਅਦਾ ਕਰਦੇ ਹਨ ਕਿਉਂਕਿ ਇਨ੍ਹਾਂ ਤੋਂ ਲਗਾਤਾਰ ਧੋਖਾਧੜੀ, ਜਬਰੀ ਵਸੂਲੀ ਅਤੇ ਸਾਈਬਰ ਹਮਲਿਆਂ ਰਾਹੀਂ ਮੁਨਾਫ਼ਾ ਕਮਾਉਂਦੇ ਹਨ।"

ਤਸਵੀਰ ਸਰੋਤ, Palo Alto Networks
ਗਾਹਕਾਂ ਅਤੇ ਰੈਗੂਲੇਟਰਾਂ ਨੂੰ ਚੋਰੀ ਸੂਚਨਾ ਦੇਣ ਤੋਂ ਇਲਾਵਾ, ਕੰਪਨੀਆਂ ਲਈ ਅਜਿਹੇ ਕੋਈ ਖ਼ਾਸ ਅਤੇ ਸਖ਼ਤ ਨਿਯਮ ਨਹੀਂ ਹਨ ਕਿ ਉਨ੍ਹਾਂ ਨੂੰ ਪੀੜਤਾਂ ਲਈ ਕੀ ਕਰਨਾ ਚਾਹੀਦਾ ਹੈ।
ਉਦਾਹਰਣ ਵਜੋਂ, ਪਹਿਲਾਂ ਮੁਫ਼ਤ ਕ੍ਰੈਡਿਟ ਮੌਨੀਟ੍ਰਿੰਗ ਦੀ ਪੇਸ਼ਕਸ਼ ਆਮ ਸੀ।
ਪਿਛਲੇ ਸਾਲ, ਟਿਕਟਮਾਸਟਰ (ਜਿਸ ਵਿੱਚ ਡੇਟਾ ਚੋਰੀ ਨਾਲ 50 ਕਰੋੜ ਲੋਕ ਪ੍ਰਭਾਵਿਤ ਹੋਏ ਸਨ) ਨੇ ਕੁਝ ਲੋਕਾਂ ਨੂੰ ਇਹ ਸੇਵਾ ਦਿੱਤੀ ਸੀ।
ਪਰ ਇਸ ਸਾਲ ਘੱਟ ਕੰਪਨੀਆਂ ਅਜਿਹਾ ਕਰ ਰਹੀਆਂ ਹਨ। ਉਦਾਹਰਣ ਵਜੋਂ, ਮਾਰਕਸ ਐਂਡ ਸਪੈਂਸਰ ਅਤੇ ਕਵਾਂਟਸ ਨੇ ਗਾਹਕਾਂ ਨੂੰ ਇਹ ਸੇਵਾਵਾਂ ਨਹੀਂ ਦਿੱਤੀਆਂ।
ਕੋ-ਆਪ ਨੇ ਪੀੜਤਾਂ ਨੂੰ 10 ਪਾਊਂਡ ਦਾ ਵਾਊਚਰ ਦਿੱਤਾ, ਬਸ਼ਰਤੇ ਉਹ ਉਸ ਦੀਆਂ ਦੁਕਾਨਾਂ ਵਿੱਚ 40 ਪਾਊਂਡ ਖਰਚ ਕਰਨ।
ਕੁਝ ਲੋਕ ਮੁਆਵਜ਼ਾ ਪਾਉਣ ਲਈ ਅਦਾਲਤ ਵਿੱਚ ਕੋਸ਼ਿਸ਼ ਕਰ ਰਹੇ ਹਨ ਅਤੇ ਕਲਾਸ ਐਕਸ਼ਨ ਮੁਕੱਦਮੇ ਦਾ ਚਲਾਨ ਵਧ ਰਿਹਾ ਹੈ, ਹਾਲਾਂਕਿ ਇਨ੍ਹਾਂ ਨੂੰ ਜਿੱਤਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਇਹ ਸਾਬਤ ਕਰਨਾ ਮੁਸ਼ਕਲ ਹੈ ਕਿ ਵਿਅਕਤੀ ਕਿਵੇਂ ਪ੍ਰਭਾਵਿਤ ਹੋਏ ਸਨ।
ਟੀ-ਮੋਬਾਈਲ ਨੇ 2021 ਦੇ ਵੱਡੇ ਡੇਟਾ ਚੋਰੀ ਨਾਲ ਪ੍ਰਭਾਵਿਤ ਗਾਹਕਾਂ ਨੂੰ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨੇ 7.6 ਕਰੋੜ ਗਾਹਕਾਂ ਨੂੰ ਪ੍ਰਭਾਵਿਤ ਕੀਤਾ ਸੀ।
ਕੰਪਨੀ 35 ਕਰੋੜ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤ ਜਤਾਈ, ਜਿਸ ਵਿੱਚ ਗਾਹਕਾਂ ਨੂੰ ਕਥਿਤ ਤੌਰ 'ਤੇ 50 ਤੋਂ 300 ਡਾਲਰ ਤੱਕ ਦੇ ਭੁਗਤਾਨ ਕੀਤੇ ਜਾਣੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












