ਇਤਿਹਾਸ ਦੇ ਸਭ ਤੋਂ ਵੱਧ ਲੋੜੀਂਦੇ ਹੈਕਰਾਂ ਵਿੱਚੋਂ ਇੱਕ ਨੇ ਜੇਲ੍ਹ 'ਚੋਂ ਕੀਤਾ ਖੁਲਾਸਾ, ਵੱਡੇ ਸਾਈਬਰ ਅਪਰਾਧੀ ਗਿਰੋਹ ਕਿਵੇਂ ਕਰਦੇ ਹਨ ਕੰਮ

- ਲੇਖਕ, ਜੋਅ ਟਾਇਡੀ
- ਰੋਲ, ਸਾਈਬਰ ਪੱਤਰਕਾਰ, ਬੀਬੀਸੀ ਵਰਲਡ ਸਰਵਿਸ
ਕਈ ਸਾਲ "ਟੈਂਕ" ਬਾਰੇ ਪੜ੍ਹਨ ਅਤੇ ਆਖ਼ਰ ਕੋਲਰੈਡੋ ਦੀ ਜੇਲ੍ਹ ਵਿੱਚ ਉਸ ਨਾਲ ਮੁਲਾਕਾਤ ਦੀ ਯੋਜਨਾ ਬਣਾਉਣ ਤੋਂ ਬਾਅਦ, ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕਮਰੇ ਵਿੱਚ ਆਉਂਦੇ ਦੇਖਦਾ, ਦਰਵਾਜ਼ਾ ਕਲਿੱਕ ਦੀ ਅਵਾਜ਼ ਨਾਲ ਖੁੱਲ੍ਹਿਆ।
ਮੈਂ ਇਸ ਸਾਬਕਾ ਸਾਈਬਰ ਹੈਕਰ ਨਾਲ ਹੱਥ ਮਿਲਾਉਣ ਲਈ ਖੜ੍ਹਾ ਹੋਇਆ। ਪਰ, ਕਿਸੇ ਸ਼ਰਾਰਤੀ ਕਾਰਟੂਨ ਕਿਰਦਾਰ ਵਾਂਗ ਉਹ ਦੰਦੀਆਂ ਕੱਢ ਕੇ ਹੱਸਿਆ ਅਤੇ ਇੱਕ ਥੰਮ੍ਹ ਦੇ ਦੁਆਲੇ ਤੋਂ ਆਪਣਾ ਸਿਰ ਬਾਹਰ ਕੱਢਕੇ ਮੈਨੂੰ ਅੱਖ ਮਾਰੀ।
ਟੈਂਕ, ਜਿਸਦਾ ਅਸਲ ਨਾਮ ਵਿਆਚੇਸਲਾਵ ਪੇਨਚੁਕੋਵ ਹੈ, ਸਿਰਫ਼ ਤਕਨੀਕੀ ਜਾਦੂਗਰੀ ਦੀ ਬਦੌਲਤ ਨਹੀਂ ਸਗੋਂ ਆਪਣੀ ਅਪਰਾਧਿਕ ਖਿੱਚ ਦੇ ਕਾਰਨ ਸਾਈਬਰ-ਅੰਡਰਵਰਲਡ ਦੇ ਸਿਖ਼ਰ 'ਤੇ ਪਹੁੰਚਿਆ।
ਇਸ 39 ਸਾਲਾ ਯੂਕਰੇਨੀ ਨੇ ਇੱਕ ਚੌੜੀ ਮੁਸਕਰਾਹਟ ਨਾਲ ਕਿਹਾ, "ਮੈਂ ਇੱਕ ਦੋਸਤਾਨਾ ਬੰਦਾ ਹਾਂ, ਮੈਂ ਸੌਖਿਆਂ ਹੀ ਦੋਸਤ ਬਣਾ ਲੈਂਦਾ ਹਾਂ।"
ਕਿਹਾ ਜਾਂਦਾ ਹੈ ਕਿ ਵਧੀਆ ਦੋਸਤ ਹੋਣ ਕਾਰਨ ਪੇਨਚੂਕੋਵ ਇੰਨੇ ਲੰਬੇ ਸਮੇਂ ਤੱਕ ਪੁਲਿਸ ਤੋਂ ਬਚੇ ਰਹਿਣ ਵਿੱਚ ਕਾਮਯਾਬ ਰਿਹਾ। ਉਹ ਲਗਭਗ 10 ਸਾਲ ਐੱਫਬੀਆਈ ਦੀ 'ਸਭ ਤੋਂ ਵੱਧ ਲੋੜੀਂਦੇ' ਲੋਕਾਂ ਸੂਚੀ ਵਿੱਚ ਰਿਹਾ। ਉਹ ਸਾਈਬਰ-ਅਪਰਾਧ ਇਤਿਹਾਸ ਦੇ ਦੋ ਵੱਖ-ਵੱਖ ਦੌਰਾਂ ਵਿੱਚ ਦੋ ਵੱਖੋ-ਵੱਖਰੇ ਗਿਰੋਹਾਂ ਦਾ ਸਰਗਨਾ ਵੀ ਰਿਹਾ।
ਕਿਸੇ ਅਜਿਹੇ ਉੱਚ-ਪੱਧਰੀ ਸਾਈਬਰ-ਅਪਰਾਧੀ ਨਾਲ ਮੁਲਾਕਾਤ ਕਰਨਾ ਬਹੁਤ ਹੀ ਦੁਰਲੱਭ ਹੈ ਜਿਸ ਨੇ ਆਪਣੇ ਪਿੱਛੇ ਇੰਨੇ ਸਾਰੇ ਪੀੜਤ ਛੱਡੇ ਹੋਣ। ਪੇਨਚੁਕੋਵ ਨੇ ਚੱਲ ਰਹੀ ਪੌਡਕਾਸਟ ਲੜੀ 'ਸਾਈਬਰ ਹੈਕ: ਈਵਿਲ ਕਾਰਪ' ਦੇ ਹਿੱਸੇ ਵਜੋਂ, ਦੋ ਦਿਨਾਂ ਵਿੱਚ ਸਾਡੇ ਨਾਲ ਛੇ ਘੰਟੇ ਗੱਲ ਕੀਤੀ।
ਆਪਣੀ ਪਲੇਠੀ ਅਤੇ ਵਿਸ਼ੇਸ਼ ਇੰਟਰਵਿਊ ਵਿੱਚ ਪੇਨਚੁਕੋਵ ਨੇ ਇਨ੍ਹਾਂ ਅਤਿ ਦੇ ਸ਼ਿਕਾਰੀ ਸਾਈਬਰ-ਗਿਰੋਹਾਂ ਦੀਆਂ ਅੰਦਰੂਨੀ ਸਰਗਰਮੀਆਂ, ਇਨ੍ਹਾਂ ਦੇ ਪਿੱਛੇ ਕੰਮ ਕਰਨ ਵਾਲਿਆਂ ਦੀ ਮਾਨਸਿਕਤਾ, ਅਤੇ ਅਜੇ ਵੀ ਫਰਾਰ ਚੱਲ ਰਹੇ ਹੈਕਰਾਂ ਬਾਰੇ ਕਈ ਖੁਲਾਸੇ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਪਾਬੰਦੀਸ਼ੁਦਾ ਰੂਸੀ ਸਮੂਹ 'ਈਵਿਲ ਕਾਰਪ' ਦਾ ਕਥਿਤ ਸਰਗਨਾ ਵੀ ਹੈ।
ਅਥਾਰਟੀਆਂ ਨੇ 2022 ਵਿੱਚ, ਪੇਨਚੂਕੋਵ ਨੂੰ ਸਵਿਟਜ਼ਰਲੈਂਡ ਵਿੱਚ ਇੱਕ ਨਾਟਕੀ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੂੰ ਅਜਿਹਾ ਕਰਨ ਵਿੱਚ 15 ਸਾਲਾਂ ਤੋਂ ਵਧੇਰੇ ਸਮਾਂ ਲੱਗ ਗਿਆ।
ਉਸ ਨੇ ਚਿੜ੍ਹ ਕੇ ਯਾਦ ਕੀਤਾ, "ਛੱਤ 'ਤੇ ਨਿਸ਼ਾਨਚੀ ਸਨ ਅਤੇ ਪੁਲਿਸ ਨੇ ਮੈਨੂੰ ਜ਼ਮੀਨ 'ਤੇ ਲੰਮਾ ਪਾ ਕੇ ਹੱਥਕੜੀ ਲਗਾ ਦਿੱਤੀ ਅਤੇ ਮੇਰੇ ਬੱਚਿਆਂ ਦੇ ਸਾਹਮਣੇ ਗਲੀ ਵਿੱਚ ਮੇਰੇ ਸਿਰ ਉੱਤੇ ਇੱਕ ਬੋਰੀ ਪਾ ਦਿੱਤੀ। ਉਹ ਡਰ ਗਏ ਸਨ।"
ਗ੍ਰਿਫ਼ਤਾਰੀ ਦੇ ਤਰੀਕੇ ਬਾਰੇ ਉਸ ਦੇ ਦਿਲ ਵਿੱਚ ਅਜੇ ਵੀ ਕੁੜੱਤਣ ਹੈ। ਉਸਦਾ ਤਰਕ ਹੈ ਕਿ ਇਹ ਬਹੁਤ ਜ਼ਿਆਦਾ ਸੀ। ਹਾਲਾਂਕਿ, ਦੁਨੀਆ ਭਰ ਵਿੱਚ ਫੈਲੇ ਉਸਦੇ ਹਜ਼ਾਰਾਂ ਪੀੜਤ ਉਸ ਨਾਲ ਸਖ਼ਤ ਅਸਹਿਮਤੀ ਪ੍ਰਗਟ ਕਰਨਗੇ। ਪੇਨਚੁਕੋਵ ਅਤੇ ਜਿਨ੍ਹਾਂ ਗਿਰੋਹਾਂ ਦਾ ਜਾਂ ਤਾਂ ਉਹ ਹਿੱਸਾ ਸੀ ਜਾਂ ਫਿਰ ਆਗੂ ਰਿਹਾ ਸੀ, ਉਨ੍ਹਾਂ ਨੇ ਲੋਕਾਂ ਦੇ ਲੱਖਾਂ ਪੌਂਡ ਚੋਰੀ ਕੀਤੇ ਸਨ।
ਸੰਨ 2000 ਦੇ ਦਹਾਕੇ ਦੇ ਅਖੀਰਲੇ ਸਾਲਾਂ ਵਿੱਚ ਉਸਨੇ ਅਤੇ ਬਦਨਾਮ ਜੈਬਰ ਜ਼ਿਊਸ ਗਿਰੋਹ ਨੇ ਛੋਟੇ ਕਾਰੋਬਾਰਾਂ, ਸਥਾਨਕ ਅਥਾਰਟੀਆਂ ਅਤੇ ਇੱਥੋਂ ਤੱਕ ਕਿ ਚੈਰਿਟੀਆਂ ਦੇ ਬੈਂਕ ਖਾਤਿਆਂ ਵਿੱਚੋਂ ਸਿੱਧੇ ਤੌਰ 'ਤੇ ਚੋਰੀ ਕਰਨ ਲਈ ਕ੍ਰਾਂਤੀਕਾਰੀ ਸਾਈਬਰ-ਕ੍ਰਾਈਮ ਤਕਨੀਕ ਦੀ ਵਰਤੋਂ ਕੀਤੀ।
ਪੇਨਚੁਕੋਵ ਰਿਹਾਅ ਹੋਣ ਲਈ ਉਤਾਵਲਾ
ਪੀੜਤਾਂ ਨੇ ਦੇਖਿਆ ਕਿ ਉਨ੍ਹਾਂ ਦੀ ਬੱਚਤ ਖ਼ਤਮ ਹੋ ਗਈ ਅਤੇ ਬੈਲੇਂਸ ਸ਼ੀਟਾਂ ਉਲਟ ਗਈਆਂ। ਸਿਰਫ਼ ਯੂਕੇ ਵਿੱਚ ਹੀ, 600 ਤੋਂ ਵੱਧ ਪੀੜਤ ਸਨ, ਜਿਨ੍ਹਾਂ ਨੇ ਸਿਰਫ਼ ਤਿੰਨ ਮਹੀਨਿਆਂ ਵਿੱਚ 40 ਲੱਖ ਅਮਰੀਕੀ ਡਾਲਰ ਤੋਂ ਵੱਧ ਦਾ ਨੁਕਸਾਨ ਝੱਲਿਆ।
2018 ਅਤੇ 2022 ਦੇ ਵਿਚਕਾਰ, ਪੇਨਚੁਕੋਵ ਨੇ ਆਪਣਾ ਨਿਸ਼ਾਨਾ ਹੋਰ ਉੱਚਾ ਕਰ ਲਿਆ। ਉਹ ਵੱਧ ਰਹੇ ਰੈਨਸਮਵੇਅਰ ਈਕੋਸਿਸਟਮ ਵਿੱਚ ਅਜਿਹੇ ਗਿਰੋਹਾਂ ਨਾਲ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਅਤੇ ਇੱਥੋਂ ਤੱਕ ਕਿ ਇੱਕ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ।
ਐਂਗਲਵੁੱਡ ਸੁਧਾਰ ਘਰ, ਜਿੱਥੇ ਪੇਨਚੁਕੋਵ ਨੂੰ ਰੱਖਿਆ ਗਿਆ ਹੈ, ਨੇ ਸਾਨੂੰ ਜੇਲ੍ਹ ਦੇ ਅੰਦਰ ਕੋਈ ਵੀ ਰਿਕਾਰਡਿੰਗ ਉਪਕਰਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਇਸ ਲਈ ਇੱਕ ਪ੍ਰੋਡਿਊਸਰ ਅਤੇ ਮੈਂ ਇੰਟਰਵਿਊ ਦੌਰਾਨ ਨੋਟਿਸ ਬਣਾਏ। ਇਸ ਸਾਰੇ ਸਮੇਂ ਦੌਰਾਨ ਨੇੜੇ ਹੀ ਇੱਕ ਗਾਰਡ ਸਾਡੇ 'ਤੇ ਨਜ਼ਰ ਰੱਖਦਾ ਸੀ।
ਪੇਨਚੁਕੋਵ ਬਾਰੇ ਪਹਿਲੀ ਵਿਲੱਖਣ ਗੱਲ, ਇਹ ਹੈ ਕਿ ਭਾਵੇਂ ਉਹ ਰਿਹਾਅ ਹੋਣ ਲਈ ਉਤਾਵਲਾ ਹੈ, ਪਰ ਉਹ ਬਹੁਤ ਖੁਸ਼ ਲੱਗਦਾ ਹੈ। ਸਾਫ਼ ਹੈ ਕਿ ਜੇਲ੍ਹ ਵਿੱਚ ਆਪਣੇ ਸਮੇਂ ਦਾ ਪੂਰਾ ਲਾਹਾ ਲੈ ਰਿਹਾ ਹੈ।
ਉਸ ਨੇ ਮੈਨੂੰ ਦੱਸਿਆ ਕਿ ਉਹ ਬਹੁਤ ਸਾਰੀਆਂ ਖੇਡਾਂ ਖੇਡਦਾ ਹੈ। ਉਹ ਫ੍ਰੈਂਚ ਅਤੇ ਅੰਗਰੇਜ਼ੀ ਸਿੱਖ ਰਿਹਾ ਹੈ। ਇੱਕ ਚੰਗੀ ਤਰ੍ਹਾਂ ਵਰਤੀ ਹੋਈ ਰੂਸੀ-ਅੰਗਰੇਜ਼ੀ ਡਿਕਸ਼ਨਰੀ ਸਾਡੀ ਇੰਟਰਵਿਊ ਦੌਰਾਨ ਉਸਦੇ ਕੋਲ ਸੀ।
ਉਹ ਹਾਈ-ਸਕੂਲ ਡਿਪਲੋਮੇ ਹਾਸਲ ਕਰ ਰਿਹਾ ਹੈ। ਮੈਂ ਉਸ ਨੂੰ ਕਿਹਾ ਕਿ ਉਹ ਜ਼ਰੂਰ ਹੀ ਬਹੁਤ ਬੁੱਧੀਮਾਨ ਹੈ ਲੇਕਿਨ ਉਸ ਨੇ ਮਜ਼ਾਕ ਵਿੱਚ ਕਿਹਾ,"ਇੰਨਾ ਵੀ ਬੁੱਧੀਮਾਨ ਨਹੀਂ - ਮੈਂ ਜੇਲ੍ਹ ਵਿੱਚ ਹਾਂ।"
ਐਂਗਲਵੁੱਡ ਇੱਕ ਘੱਟ-ਸੁਰੱਖਿਆ ਵਾਲੀ ਪਰ ਚੰਗੀਆਂ ਸਹੂਲਤਾਂ ਵਾਲੀ ਜੇਲ੍ਹ ਹੈ। ਕੌਲਰੈਡੋ ਦੇ ਰੌਕੀ ਪਹਾੜਾਂ ਦੇ ਪੈਰਾਂ ਵਿੱਚ ਇਸਦੀ ਮਧਰੀ ਪਰ ਫੈਲਵੀਂ ਇਮਾਰਤ ਬਣੀ ਹੈ। ਜੇਲ੍ਹ ਦੇ ਆਲੇ-ਦੁਆਲੇ ਘਾਹ ਹੈ, ਜਿਸ ਵਿੱਚ ਸ਼ੋਰ ਮਚਾਉਣ ਵਾਲੇ ਪ੍ਰੇਅਰੀ ਨਸਲ ਦੇ ਕੁੱਤੇ ਹਨ ਜੋ ਜੇਲ੍ਹ ਦੇ ਬਾਹਰ-ਅੰਦਰ ਆਉਣ-ਜਾਣ ਵਾਲੇ ਵਾਹਨਾਂ ਤੋਂ ਪਰੇਸ਼ਾਨ ਹੁੰਦੇ ਹਨ ਅਤੇ ਭੱਜ ਕੇ ਆਪਣੀਆਂ ਖੁੱਡਾਂ ਵਿੱਚ ਚਲੇ ਜਾਂਦੇ ਹਨ।
ਇਹ ਜੇਲ੍ਹ ਯੂਕਰੇਨ ਦੇ ਦੋਨੇਤਸਕ ਖੇਤਰ ਤੋਂ ਬਹੁਤ ਦੂਰ ਹੈ, ਜਿੱਥੇ ਉਸ ਨੇ ਆਪਣਾ ਪਹਿਲਾ ਸਾਈਬਰ-ਅਪਰਾਧ ਗਿਰੋਹ ਚਲਾਇਆ ਸੀ। ਹੈਕਿੰਗ ਦੇ ਖੇਤਰ ਵਿੱਚ ਉਹ ਗੇਮ ਚੀਟ ਫੋਰਮਾਂ ਰਾਹੀਂ ਆਇਆ, ਜਿੱਥੇ ਉਹ ਆਪਣੀਆਂ ਮਨਪਸੰਦ ਵੀਡੀਓ ਗੇਮਾਂ ਜਿਵੇਂ ਕਿ ਫੀਫਾ 99 ਅਤੇ ਕਾਊਂਟਰਸਟਰਾਈਕ ਲਈ ਚੀਟਸ ਲੱਭਦਾ ਹੁੰਦਾ ਸੀ।

'ਗੇਮ ਚੀਟਸ' ਅਸਲ ਵਿੱਚ ਕੰਪਿਊਟਰ ਗੇਮਾਂ ਵਿੱਚ ਵਰਤੇ ਜਾਣ ਵਾਲੇ ਖਾਸ ਕੋਡ, ਕਮਾਂਡਾਂ, ਜਾਂ ਤਰੀਕੇ ਹੁੰਦੇ ਹਨ ਜੋ ਖਿਡਾਰੀ ਨੂੰ ਆਮ ਨਿਯਮਾਂ ਦੇ ਉਲਟ ਵਿਸ਼ੇਸ਼ ਫਾਇਦੇ ਜਾਂ ਸ਼ਕਤੀਆਂ ਦਿੰਦੇ ਹਨ।
ਉਹ ਬਹੁਤ ਮਸ਼ਹੂਰ ਜੈਬਰ ਜ਼ਿਊਸ ਗਿਰੋਹ ਦਾ ਆਗੂ ਬਣ ਗਿਆ। ਇਸ ਗਿਰੋਹ ਦਾ ਨਾਮ ਉਨ੍ਹਾਂ ਦੁਆਰਾ ਵਰਤੇ ਗਏ ਕ੍ਰਾਂਤੀਕਾਰ ਜ਼ਿਊਸ ਮਾਲਵੇਅਰ ਦੇ ਨਾਮ ਉੱਤੇ ਕੀਤਾ ਗਿਆ ਜਦਕਿ ਉਨ੍ਹਾਂ ਦਾ ਮਨਪਸੰਦ ਸੰਚਾਰ ਪਲੇਟਫਾਰਮ ਜੈਬਰ ਸੀ।
ਪੇਨਚੁਕੋਵ ਹੈਕਰਾਂ ਦੇ ਇੱਕ ਛੋਟੇ ਸਮੂਹ ਨਾਲ ਕੰਮ ਕਰਦਾ ਸੀ ਜਿਸ ਵਿੱਚ ਉਸ ਨਾਲ ਮਾਕਸਿਮ ਯਾਕੁਬੇਟਸ ਵੀ ਸ਼ਾਮਲ ਸੀ। ਮਾਕਸਿਮ ਇੱਕ ਰੂਸੀ ਸੀ ਜਿਸ ਉੱਤੇ ਅੱਗੇ ਜਾ ਕੇ ਅਮਰੀਕੀ ਸਰਕਾਰ ਨੇ ਪਾਬੰਦੀ ਲਾ ਦਿੱਤੀ ਗਈ ਸੀ। ਉਸ ਉੱਤੇ ਬਦਨਾਮ ਸਾਈਬਰ-ਗਰੁੱਪ ਈਵਿਲ ਕਾਰਪ ਦੀ ਅਗਵਾਈ ਕਰਨ ਦਾ ਇਲਜ਼ਾਮ ਸੀ।
ਪੇਨਚੁਕੋਵ ਨੇ ਦੱਸਿਆ ਕਿ 2000ਵਿਆਂ ਦੇ ਅਖੀਰਲੇ ਸਾਲਾਂ ਦੌਰਾਨ, ਜੈਬਰ ਜ਼ਿਊਸ ਗਿਰੋਹ ਦੋਨੇਤਸਕ ਦੇ ਕੇਂਦਰ ਵਿੱਚ ਇੱਕ ਦਫ਼ਤਰ ਤੋਂ ਕੰਮ ਕਰਦਾ ਸੀ, ਜਿੱਥੇ ਉਹ ਵਿਦੇਸ਼ਾਂ ਵਿੱਚ ਪੀੜਤਾਂ ਕੋਲੋਂ ਪੈਸੇ ਚੋਰੀ ਕਰਨ ਲਈ ਛੇ ਤੋਂ ਸੱਤ ਘੰਟੇ ਕੰਮ ਕਰਦੇ ਸਨ। ਪੇਨਚੁਕੋਵ ਅਕਸਰ ਸ਼ਹਿਰ ਵਿੱਚ ਡੀਜੇ ਸਲਾਵਾ ਰਿਚ ਦੇ ਨਾਮ ਹੇਠ ਡੀਜੇ ਸੈੱਟ ਵਜਾ ਕੇ ਆਪਣਾ ਦਿਨ ਖ਼ਤਮ ਕਰਦਾ ਸੀ।
ਉਹ ਕਹਿੰਦਾ ਹੈ ਕਿ ਉਨ੍ਹੀਂ ਦਿਨੀਂ ਸਾਈਬਰ-ਅਪਰਾਧ ਵਿੱਚ ਪੈਸਾ ਸੌਖਿਆਂ ਹੀ ਬਣ ਜਾਂਦਾ ਸੀ। ਬੈਂਕਾਂ ਨੂੰ ਇਹ ਰੋਕਣਾ ਨਹੀਂ ਆਉਂਦਾ ਸੀ ਅਤੇ ਅਮਰੀਕਾ, ਯੂਕਰੇਨ ਅਤੇ ਯੂਕੇ ਦੀ ਪੁਲਿਸ ਇਸਦਾ ਮੁਕਾਬਲਾ ਨਹੀਂ ਕਰ ਸਕਦੀ ਸੀ।

ਪੇਨਚੁਕੋਵ ਨੇ ਨਜ਼ਰਾਂ ਤੋਂ ਬਚ ਕੇ ਰਹਿਣਾ ਜਾਰੀ ਰੱਖਿਆ
ਆਪਣੀ ਉਮਰ ਦੇ ਦੂਜੇ ਦਹਾਕੇ ਦੇ ਸ਼ੁਰੂਆਤੀ ਦੌਰ ਵਿੱਚ, ਉਹ ਇੰਨਾ ਜ਼ਿਆਦਾ ਪੈਸਾ ਕਮਾ ਰਿਹਾ ਸੀ ਕਿ ਉਸਨੇ ਆਪਣੇ ਲਈ "ਨਵੀਆਂ ਕਾਰਾਂ ਇੰਝ ਖਰੀਦੀਆਂ ਜਿਵੇਂ ਉਹ ਨਵੇਂ ਕੱਪੜੇ ਹੋਣ"। ਉਸ ਕੋਲ ਕੁੱਲ ਛੇ ਕਾਰਾਂ ਸਨ ਜੋ ਕਿ "ਸਾਰੀਆਂ ਮਹਿੰਗੀਆਂ ਜਰਮਨ ਕਾਰਾਂ" ਸਨ।
ਉਸ ਬਾਰੇ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਉਦੋਂ ਮਿਲੀ ਜਦੋਂ ਉਹ ਅਪਰਾਧੀਆਂ ਦੀਆਂ ਜੈਬਰ ਵਿੱਚ ਕੀਤੀਆਂ ਗਈਆਂ ਟੈਕਸਟ ਚੈਟਾਂ 'ਤੇ ਲੁਕਵੀਂ ਨਜ਼ਰ ਰੱਖਣ ਵਿੱਚ ਕਾਮਯਾਬ ਹੋ ਗਏ ਅਤੇ ਟੈਂਕ ਦੀ ਅਸਲ ਪਛਾਣ ਉਸ ਵੱਲੋਂ ਆਪਣੀ ਧੀ ਦੇ ਜਨਮ ਬਾਰੇ ਦਿੱਤੇ ਗਏ ਵੇਰਵਿਆਂ ਦੀ ਵਰਤੋਂ ਕਰਕੇ ਲੱਭ ਲਈ ਗਈ।
ਜੈਬਰ ਜ਼ਿਊਸ ਗਿਰੋਹ ਉੱਤੇ ਘੇਰਾ ਕੱਸਿਆ ਗਿਆ ਅਤੇ ਐੱਫਬੀਆਈ ਦੀ ਅਗਵਾਈ ਵਾਲੇ ਟਰਾਈਡੈਂਟ ਬ੍ਰੀਚ ਨਾਮਕ ਇੱਕ ਆਪ੍ਰੇਸ਼ਨ ਤਹਿਤ ਯੂਕਰੇਨ ਅਤੇ ਯੂਕੇ ਵਿੱਚ ਫੜੋ-ਫੜੀ ਕੀਤੀ ਗਈ। ਲੇਕਿਨ, ਪੇਨਚੁਕੋਵ ਇੱਕ ਸੂਹ ਮਿਲ ਜਾਣ ਕਾਰਨ ਬਚ ਕੇ ਨਿਕਲ ਗਿਆ। ਮੁਖਬਰ ਦਾ ਨਾਮ ਉਸ ਨੇ ਨਹੀਂ ਦੱਸਿਆ। ਇਹ ਸਭ ਉਸਦੀ ਇੱਕ ਤੇਜ਼ ਰਫ਼ਤਾਰ ਕਾਰ ਸਦਕਾ ਸੰਭਵ ਹੋ ਸਕਿਆ।
ਉਸ ਨੇ ਦੱਸਿਆ, "ਮੇਰੇ ਕੋਲ 500 ਹਾਰਸਪਾਵਰ ਵਾਲੇ ਲੈਂਬਰਗਿਨੀ ਇੰਜਣ ਵਾਲੀ ਇੱਕ ਔਡੀ ਐੱਸ8 ਸੀ, ਇਸ ਲਈ ਜਦੋਂ ਮੈਂ ਆਪਣੇ ਪਿਛਲੇ ਸ਼ੀਸ਼ੇ ਵਿੱਚ ਪੁਲਿਸ ਨੂੰ ਲਾਈਟਾਂ ਚਮਕਾਉਂਦੇ ਦੇਖਿਆ, ਤਾਂ ਮੈਂ ਲਾਲ ਬੱਤੀ ਟੱਪ ਕੇ ਉਹਨਾਂ ਤੋਂ ਸੌਖਿਆਂ ਹੀ ਵੱਖ ਹੋ ਗਿਆ। ਇਸ ਨੇ ਮੈਨੂੰ ਆਪਣੀ ਕਾਰ ਦੀ ਪੂਰੀ ਤਾਕਤ ਦੀ ਪਰਖਣ ਦਾ ਮੌਕਾ ਦਿੱਤਾ।"
ਉਸ ਨੇ ਕੁਝ ਸਮੇਂ ਲਈ ਇੱਕ ਦੋਸਤ ਕੋਲ ਅੰਡਰ ਗਰਾਊਂਡ ਰਹਿ ਕੇ ਝੱਟ ਲੰਘਾਇਆ। ਪਰ ਐੱਫਬੀਆਈ ਦੇ ਯੂਕਰੇਨ ਛੱਡਦੇ ਹੀ ਸਥਾਨਕ ਅਧਿਕਾਰੀਆਂ ਨੇ ਉਸ ਵਿੱਚ ਦਿਲਚਸਪੀ ਲੈਣੀ ਬੰਦ ਕਰ ਦਿੱਤੀ।
ਇਸ ਲਈ ਪੇਨਚੁਕੋਵ ਨੇ ਨਜ਼ਰਾਂ ਤੋਂ ਬਚ ਕੇ ਰਹਿਣਾ ਜਾਰੀ ਰੱਖਿਆ ਅਤੇ ਉਸਦਾ ਕਹਿਣਾ ਹੈ, ਕਿ ਉਹ ਸਿੱਧੇ ਰਾਹ ਪੈ ਗਿਆ। ਉਸਨੇ ਕੋਲੇ ਦੇ ਕਾਰੋਬਾਰ ਦੀ ਇੱਕ ਕੰਪਨੀ ਸ਼ੁਰੂ ਕੀਤੀ। ਲੇਕਿਨ ਐੱਫਬੀਆਈ ਅਜੇ ਵੀ ਉਸਦਾ ਪਿੱਛਾ ਕਰ ਰਹੀ ਸੀ।
ਉਸ ਨੇ ਦੱਸਿਆ, "ਮੈਂ ਕ੍ਰੀਮੀਆ ਵਿੱਚ ਛੁੱਟੀਆਂ ਮਨਾਉਣ ਗਿਆ ਸੀ ਜਦੋਂ ਮੈਨੂੰ ਇੱਕ ਦੋਸਤ ਦਾ ਸੁਨੇਹਾ ਮਿਲਿਆ। ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਐੱਫਬੀਆਈ ਦੀ 'ਸਭ ਤੋਂ ਵੱਧ ਲੋੜੀਂਦੇ ਲੋਕਾਂ' ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ।"
"ਮੈਂ ਸੋਚਿਆ ਸੀ ਕਿ ਮੈਂ ਸਭ ਕੁਝ ਤੋਂ ਬਚ ਨਿਕਲਿਆ ਹਾਂ, ਫਿਰ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ," ਜੋ ਉਸ ਮੁਤਾਬਕ ਬਹੁਤ ਥੋੜ੍ਹਾ ਔਖਾ ਸੀ। ਜਦਕਿ ਸਮੱਸਿਆ ਇਸ ਤੋਂ ਕਿਤੇ ਵੱਡੀ ਸੀ।
ਹਾਲਾਂਕਿ, ਉਸ ਉਸਦੇ ਵਕੀਲ ਨੇ ਬੜੇ ਠਰੰਮੇ ਨਾਲ ਉਸ ਨੂੰ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ। ਵਕੀਲ ਦੀ ਰਾਇ ਸੀ ਕਿ ਜਦੋਂ ਤੱਕ ਉਹ ਯੂਕਰੇਨ ਜਾਂ ਰੂਸ ਤੋਂ ਬਾਹਰ ਸਫ਼ਰ ਨਹੀਂ ਕਰਦਾ, ਅਮਰੀਕੀ ਪੁਲਿਸ ਜ਼ਿਆਦਾ ਕੁਝ ਨਹੀਂ ਕਰ ਸਕਦੀ।
ਯੂਕਰੇਨੀ ਅਧਿਕਾਰੀਆਂ ਨੇ ਆਖ਼ਰਕਾਰ ਉਸਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਪਰ ਉਸਨੂੰ ਗ੍ਰਿਫ਼ਤਾਰ ਕਰਨ ਲਈ ਨਹੀਂ।
ਸਾਲ 2014 ਵਿੱਚ ਰੂਸ ਵੱਲੋਂ ਕ੍ਰੀਮੀਆ ਉੱਤੇ ਹਮਲਾ ਕੀਤੇ ਜਾਣ ਤੱਕ ਉਸਦਾ ਕੋਲੇ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ।

ਤਸਵੀਰ ਸਰੋਤ, FBI
ਰਾਸ਼ਟਰਪਤੀ ਪੁਤਿਨ ਦੇ ਕਥਿਤ "ਛੋਟੇ ਹਰੇ ਆਦਮੀਆਂ" (ਬਿਨਾਂ ਨਿਸ਼ਾਨ ਵਾਲੀ ਵਰਦੀ ਵਾਲੇ ਰੂਸੀ ਸੈਨਿਕ) ਨੇ ਉਸਦਾ ਕਾਰੋਬਾਰ ਤਬਾਹ ਕਰ ਦਿੱਤਾ। ਇਸ ਤੋਂ ਇਲਾਵਾ, ਦੋਨਤੇਸਕ ਵਿੱਚ ਉਸਦੇ ਅਪਾਰਟਮੈਂਟ 'ਤੇ ਮਿਜ਼ਾਈਲ ਡਿੱਗਣ ਕਰਾਨ ਉਸਦੀ ਧੀ ਦੇ ਸੌਣ ਕਮਰੇ ਨੂੰ ਨੁਕਸਾਨ ਪਹੁੰਚਿਆ।
ਪੇਨਚੁਕੋਵ ਮੁਤਾਬਕ ਕਾਰੋਬਾਰੀ ਮੁਸ਼ਕਲਾਂ ਅਤੇ ਯੂਕਰੇਨੀ ਅਧਿਕਾਰੀਆਂ ਨੂੰ ਲਗਾਤਾਰ ਦਿੱਤੇ ਜਾਣ ਵਾਲੇ ਪੈਸੇ ਕਾਰਨ ਉਸ ਨੇ ਇੱਕ ਵਾਰ ਫਿਰ ਆਪਣਾ ਲੈਪਟਾਪ ਚੁੱਕਿਆ ਅਤੇ ਸਾਈਬਰ-ਅਪਰਾਧ ਦੀ ਜ਼ਿੰਦਗੀ ਵਿੱਚ ਵਾਪਸ ਆ ਗਿਆ।
ਉਹ ਕਹਿੰਦਾ ਹੈ, "ਮੈਂ ਬੱਸ ਇਹ ਫੈਸਲਾ ਕੀਤਾ ਕਿ ਇਹ ਉਨ੍ਹਾਂ ਦੇਣ ਲਈ ਪੈਸੇ ਕਮਾਉਣ ਦਾ ਸਭ ਤੋਂ ਤੇਜ਼ ਤਰੀਕਾ ਸੀ।"
ਉਸਦਾ ਸਫ਼ਰ ਆਧੁਨਿਕ ਸਾਈਬਰ-ਅਪਰਾਧ ਦੇ ਵਿਕਾਸ ਨੂੰ ਵੀ ਦਰਸਾਉਂਦਾ ਹੈ। ਬੈਂਕ ਖਾਤੇ ਦੀ ਸੌਖੀ ਅਤੇ ਝਟਪਟ ਚੋਰੀ ਤੋਂ ਲੈ ਕੇ ਰੈਨਸਮਵੇਅਰ ਤੱਕ, ਜੋ ਕਿ ਅੱਜ ਦੇ ਸਮੇਂ ਦਾ ਸਭ ਤੋਂ ਖ਼ਤਰਨਾਕ ਅਤੇ ਨੁਕਸਾਨਦੇਹ ਸਾਈਬਰ-ਹਮਲੇ ਦਾ ਰੂਪ ਹੈ। ਇਸ ਸਾਲ ਇਸਦੀ ਵਰਤੋਂ ਕਈ ਵੱਡੇ-ਵੱਡੇ ਸਾਈਬਰ ਹਮਲਿਆਂ ਵਿੱਚ ਕੀਤੀ ਗਈ ਹੈ।
ਇਸੇ ਸਾਲ ਯੂਕੇ ਦੀ ਮਸ਼ਹੂਰ ਹਾਈ ਸਟ੍ਰੀਟ ਕੰਪਨੀ ਮਾਰਕਸ ਐਂਡ ਸਪੈਂਸਰ 'ਤੇ ਹੋਏ ਹਮਲੇ ਵਿੱਚ ਵੀ ਰੈਨਸਮਵੇਅਰ ਦੀ ਵਰਤੋਂ ਕੀਤੀ ਗਈ ਸੀ।
ਉਸ ਨੇ ਦੱਸਿਆ ਕਿ ਰੈਨਸਮਵੇਅਰ ਵਿੱਚ ਹਾਲਾਂਕਿ ਕੰਮ ਜ਼ਿਆਦਾ ਔਖਾ ਸੀ ਪਰ ਪੈਸਾ ਵੀ ਚੰਗਾ ਸੀ।
"ਸਾਈਬਰ-ਸੁਰੱਖਿਆ ਵਿੱਚ ਬਹੁਤ ਸੁਧਾਰ ਹੋਇਆ ਸੀ, ਪਰ ਅਸੀਂ ਫਿਰ ਵੀ ਲਗਭਗ ਦੋ ਲੱਖ ਡਾਲਰ ਪ੍ਰਤੀ ਮਹੀਨਾ ਕਮਾ ਲੈਂਦੇ ਸੀ। ਮੁਨਾਫ਼ਾ ਬਹੁਤ ਜ਼ਿਆਦਾ ਹੁੰਦਾ ਸੀ।"
ਇੱਕ ਖੁਲਾਸੇ ਪੂਰਨ ਕਿੱਸੇ ਵਿੱਚ, ਉਸ ਨੇ ਕੁਝ ਅਫਵਾਹਾਂ ਯਾਦ ਕੀਤੀਆਂ ਜੋ ਇੱਕ ਅਜਿਹੇ ਗਰੁੱਪ ਬਾਰੇ ਸ਼ੁਰੂ ਹੋਈਆਂ ਸਨ, ਜਿਸਨੂੰ ਰੈਨਸਮਵੇਅਰ ਨਾਲ ਲਕਵਾ ਮਾਰੇ ਇੱਕ ਹਸਪਤਾਲ ਤੋਂ ਦੋ ਕਰੋੜ ਡਾਲਰ ਦਾ ਭੁਗਤਾਨ ਕੀਤਾ ਗਿਆ ਸੀ।
ਪੇਨਚੁਕੋਵ ਨੇ ਦੱਸਿਆ ਕਿ ਇਸ ਖ਼ਬਰ ਨੇ ਅਪਰਾਧਿਕ ਹਲਕਿਆਂ ਵਿੱਚ ਮੌਜੂਦ ਸੈਂਕੜੇ ਹੈਕਰਾਂ ਨੂੰ ਉਤਸ਼ਾਹਿਤ ਕੀਤਾ, ਜੋ ਸਾਰੇ ਫਿਰ ਉਸੇ ਤਰ੍ਹਾਂ ਦੀ ਵੱਡੀ ਕਮਾਈ ਨੂੰ ਦੁਹਰਾਉਣ ਲਈ ਅਮਰੀਕੀ ਮੈਡੀਕਲ ਸੰਸਥਾਵਾਂ ਦੇ ਪਿੱਛੇ ਪੈ ਗਏ।
ਉਹ ਕਹਿੰਦਾ ਹੈ ਕਿ ਹੈਕਰ ਕਮਿਊਨਿਟੀਆਂ ਵਿੱਚ "ਝੁੰਡ ਦੀ ਮਾਨਸਿਕਤਾ" ਹੁੰਦੀ ਹੈ "ਮੈਡੀਕਲ ਪੱਖ ਦੀ ਕੋਈ ਪਰਵਾਹ ਨਹੀਂ ਕਰਦੇ, ਉਨ੍ਹਾਂ ਨੂੰ ਬੱਸ ਇਹ ਨਜ਼ਰ ਆਉਂਦਾ ਹੈ ਕਿ ਦੋ ਕਰੋੜ ਡਾਲਰ ਦਿੱਤੇ ਗਏ ਹਨ।"

ਪੇਨਚੁਕੋਵ ਨੇ ਬਦਲਿਆ ਨਾਮ
ਪੇਨਚੁਕੋਵ ਨੇ ਰੈਨਸਮਵੇਅਰ ਸੇਵਾਵਾਂ ਜਿਵੇਂ ਕਿ ਮੇਜ਼, ਐਗਰੇਗੋਰ ਅਤੇ ਬਹੁਤ ਐਕਟਿਵ ਗਰੁੱਪ ਕੌਂਟੀ ਸਮੇਤ, ਉਨ੍ਹਾਂ ਦੇ ਚੋਟੀ ਦੇ ਸਹਾਇਕਾਂ ਵਿੱਚੋਂ ਇੱਕ ਬਣਨ ਲਈ ਆਪਣੇ ਹੁਨਰ ਨੂੰ ਵਧਾਇਆ ਅਤੇ ਸੰਪਰਕ ਬਣਾਏ।
ਜਦੋਂ ਉਸਨੂੰ ਪੁੱਛਿਆ ਗਿਆ ਕਿ ਕੀ ਇਹ ਅਪਰਾਧਿਕ ਸਮੂਹ ਰੂਸੀ ਸੁਰੱਖਿਆ ਸੇਵਾਵਾਂ ਨਾਲ ਕੰਮ ਕਰਦੇ ਹਨ, ਜੋ ਕਿ ਪੱਛਮੀ ਦੇਸ਼ਾਂ ਵੱਲੋਂ ਇੱਕ ਨਿਯਮਤ ਇਲਜ਼ਾਮ ਹੈ ਤਾਂ ਪੇਨਚੁਕੋਵ ਨੇ ਮੋਢੇ ਮਾਰ ਕੇ ਕਿਹਾ, "ਬੇਸ਼ੱਕ।"
ਉਹ ਕਹਿੰਦਾ ਹੈ ਕਿ ਰੈਨਸਮਵੇਅਰ ਗੈਂਗ ਦੇ ਕੁਝ ਮੈਂਬਰ ਕਦੇ-ਕਦਾਈਂ ਐੱਫਐੱਸਬੀ ਵਰਗੀਆਂ ਰੂਸੀ ਸੁਰੱਖਿਆ ਸੇਵਾਵਾਂ ਵਿੱਚ ਆਪਣੇ "ਹੈਂਡਲਰਾਂ" ਨਾਲ ਗੱਲ ਕਰਨ ਬਾਰੇ ਦੱਸਿਆ ਕਰਦੇ ਸਨ।
ਬੀਬੀਸੀ ਨੇ ਲੰਡਨ ਵਿੱਚ ਰੂਸੀ ਦੂਤਾਵਾਸ ਨੂੰ ਪੱਤਰ ਲਿਖ ਕੇ ਪੁੱਛਿਆ ਕਿ ਕੀ ਰੂਸੀ ਸਰਕਾਰ ਜਾਂ ਉਸ ਦੀਆਂ ਖ਼ੁਫ਼ੀਆ ਏਜੰਸੀਆਂ ਸਾਈਬਰ ਜਾਸੂਸੀ ਵਿੱਚ ਸਹਾਇਤਾ ਲਈ ਸਾਈਬਰ ਅਪਰਾਧੀਆਂ ਨਾਲ ਮਿਲ ਕੇ ਕੰਮ ਕਰਦੀਆਂ ਹਨ। ਲੇਕਿਨ ਉਨ੍ਹਾਂ ਵੱਲੋਂ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।
ਪੇਨਚੁਕੋਵ ਦੀ ਜਲਦੀ ਹੀ ਫਿਰ ਚੜ੍ਹਾਈ ਹੋ ਗਈ ਅਤੇ ਉਹ ਆਈਸਡ-ਆਈਡੀ ਦਾ ਆਗੂ ਬਣ ਗਿਆ। ਇੱਕ ਅਜਿਹਾ ਗੈਂਗ ਜਿਸ ਨੇ 150,000 ਤੋਂ ਵੱਧ ਕੰਪਿਊਟਰਾਂ ਨੂੰ ਖ਼ਤਰਨਾਕ ਸੌਫਟਵੇਅਰ ਨਾਲ ਸੰਕਰਮਿਤ ਕੀਤਾ ਅਤੇ ਇਸ ਕਾਰਨ ਰੈਨਸਮਵੇਅਰ ਸਮੇਤ ਕਈ ਤਰ੍ਹਾਂ ਦੇ ਸਾਈਬਰ-ਹਮਲੇ ਹੋਏ।
ਪੇਨਚੁਕੋਵ ਹੈਕਰਾਂ ਦੀ ਇੱਕ ਟੀਮ ਦਾ ਇੰਚਾਰਜ ਸੀ ਜੋ ਸੰਕਰਮਿਤ ਕੰਪਿਊਟਰਾਂ ਦੀ ਛਾਂਟੀ ਕਰਦੀ ਸੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਨ੍ਹਾਂ ਤੋਂ ਪੈਸਾ ਕਮਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ।
2020 ਵਿੱਚ ਉਨ੍ਹਾਂ ਨੇ ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਰਮੋਂਟ ਮੈਡੀਕਲ ਸੈਂਟਰ ਨੂੰ ਰੈਨਸਮਵੇਅਰ ਨਾਲ ਸੰਕਰਮਿਤ ਕੀਤਾ ਸੀ।
ਅਮਰੀਕਾ ਦੇ ਸਰਕਾਰੀ ਵਕੀਲਾਂ ਅਨੁਸਾਰ, ਇਸ ਕਾਰਨ ਤਿੰਨ ਕਰੋੜ ਅਮਰੀਕੀ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਅਤੇ ਮੈਡੀਕਲ ਸੈਂਟਰ ਦੋ ਹਫ਼ਤਿਆਂ ਤੋਂ ਵੱਧ ਸਮੇਂ ਲਈ ਕਈ ਮਰੀਜ਼ ਨੂੰ ਸੇਵਾਵਾਂ ਨਾ ਦੇ ਸਕਿਆ।
ਹਾਲਾਂਕਿ ਕੋਈ ਮੌਤ ਤਾਂ ਨਹੀਂ ਹੋਈ ਪਰ ਸਰਕਾਰੀ ਵਕੀਲਾਂ ਮੁਤਾਬਕ ਇਸ ਹਮਲੇ ਨੇ, ਜਿਸ ਵਿੱਚ ਹਸਪਤਾਲ ਦੇ 5,000 ਕੰਪਿਊਟਰ ਨਕਾਰਾ ਹੋ ਗਏ ਸਨ, ਮਰੀਜ਼ਾਂ ਲਈ ਮੌਤ ਜਾਂ ਗੰਭੀਰ ਸੱਟ ਦਾ ਖ਼ਤਰਾ ਪੈਦਾ ਕਰ ਦਿੱਤਾ ਸੀ।
ਪੇਨਚੁਕੋਵ ਇਸ ਗੱਲ ਤੋਂ ਇਨਕਾਰੀ ਹੈ ਕਿ ਇਹ ਕੰਮ ਅਸਲ ਵਿੱਚ ਉਸੇ ਨੇ ਕੀਤਾ ਸੀ। ਸਗੋਣ ਦਾਅਵਾ ਕਰਦਾ ਹੈ ਕਿ ਉਸਨੇ ਆਪਣੀ ਸਜ਼ਾ ਘਟਾਉਣ ਲਈ ਹੀ ਇਹ ਗੱਲ ਮੰਨੀ ਸੀ।
ਕੁੱਲ ਮਿਲਾ ਕੇ, ਪੇਨਚੁਕੋਵ ਨੇ ਉਦੋਂ ਤੋਂ ਆਪਣਾ ਉਪਨਾਮ ਬਦਲ ਕੇ ਆਂਦਰੇਯੇਵ ਰੱਖ ਲਿਆ ਹੈ। ਉਸ ਨੂੰ ਲਗਦਾ ਹੈ ਕਿ ਉਸਦੇ ਕੀਤੇ ਕੰਮਾਂ ਬਦਲੇ ਉਸਨੂੰ ਜੋ ਨੌਂ-ਨੌ ਸਾਲ ਦੀਆਂ ਦੋ ਸਜ਼ਾਵਾਂ (ਜੋ ਉਹ ਨਾਲੋ-ਨਾਲ ਭੁਗਤ ਰਿਹਾ ਹੈ) ਮਿਲੀਆਂ ਹਨ, ਉਹ ਬਹੁਤ ਜ਼ਿਆਦਾ ਹਨ। ਉਸ ਨੂੰ ਉਮੀਦ ਹੈ ਕਿ ਉਹ ਬਹੁਤ ਜਲਦੀ ਬਾਹਰ ਨਿਕਲ ਸਕੇਗਾ।
ਉਸਨੂੰ ਪੀੜਤਾਂ ਨੂੰ ਮੁਆਵਜ਼ੇ ਵਜੋਂ ਉਸ ਨੂੰ 5.4 ਕਰੋੜ ਅਮਰੀਕੀ ਡਾਲਰ ਭਰਨ ਦਾ ਵੀ ਹੁਕਮ ਦਿੱਤਾ ਗਿਆ ਹੈ।
ਉਸ ਨੇ ਇੱਕ ਮੁੱਛ-ਫੁੱਟ ਹੈਕਰ ਵਜੋਂ ਸਾਈਬਰ-ਅਪਰਾਧ ਸ਼ੁਰੂ ਕੀਤਾ ਸੀ। ਉਦੋਂ ਉਸਦਾ ਮੰਨਣਾ ਸੀ ਕਿ ਪੱਛਮੀ ਕੰਪਨੀਆਂ ਅਤੇ ਲੋਕ ਪੈਸਾ ਗੁਆਉਣ ਦੀ ਸਮਰੱਥਾ ਰੱਖਦੇ ਹਨ ਅਤੇ ਇਹ ਕਿ ਹਰ ਚੀਜ਼ ਦਾ ਬੀਮਾ ਤਾਂ ਵੀ ਹੋਇਆ ਹੁੰਦਾ ਹੈ।
ਲੇਕਿਨ ਜਦੋਂ ਮੈਂ ਜੈਬਰ ਜਿਊਸ ਦੇ ਦਿਨਾਂ ਦੇ ਉਸਦੇ ਇੱਕ ਸ਼ੁਰੂਆਤੀ ਪੀੜਤ ਨਾਲ ਗੱਲ ਕੀਤੀ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਸਦੇ ਹਮਲਿਆਂ ਦਾ ਮਾਸੂਮ ਲੋਕਾਂ 'ਤੇ ਬਹੁਤ ਹਾਨੀਕਾਰਕ ਅਸਰ ਪਿਆ ਸੀ।

ਐਲਬੂਕਰਕੀ, ਨਿਊ ਮੈਕਸੀਕੋ ਦੇ ਇੱਕ ਪਰਿਵਾਰਿਕ ਕਾਰੋਬਾਰ, ਲੀਬਰਜ਼ ਲਗੇਜ ਤੋਂ, ਗੈਂਗ ਨੇ ਇੱਕੋ ਵਾਰ ਵਿੱਚ 12 ਹਜ਼ਾਰ ਅਮਰੀਕੀ ਡਾਲਰ ਦੀ ਚੋਰੀ ਕਰ ਲਈ ਸੀ। ਮਾਲਕਣ ਲੈਸਲੀ ਨੂੰ ਕਈ ਸਾਲਾਂ ਬਾਅਦ ਵੀ ਉਹ ਸਦਮਾ ਯਾਦ ਹੈ।
ਉਹ ਕਹਿੰਦੀ ਹੈ, "ਜਦੋਂ ਬੈਂਕ ਨੇ ਫੋਨ ਕੀਤਾ, ਤਾਂ ਇਹ ਮੁਕੰਮਲ ਬੇਭਰੋਸਗੀ ਅਤੇ ਡਰ ਸੀ, ਕਿਉਂਕਿ ਸਾਨੂੰ ਕੋਈ ਪਤਾ ਨਹੀਂ ਸੀ ਕਿ ਕੀ ਹੋਇਆ ਹੈ, ਅਤੇ ਬੈਂਕ ਨੂੰ ਵੀ ਸਾਫ਼-ਸਾਫ਼ ਕੁਝ ਪਤਾ ਨਹੀਂ ਸੀ।"
ਹਾਲਾਂਕਿ ਇਹ ਇੱਕ ਮਾਮੂਲੀ ਰਕਮ ਸੀ, ਪਰ ਕਾਰੋਬਾਰ ਲਈ ਇਹ ਵਿਨਾਸ਼ਕਾਰੀ ਸੀ, ਕਿਉਂਕਿ ਇਹ ਪੈਸਾ ਕਿਰਾਇਆ ਦੇਣ, ਸਮਾਨ ਖਰੀਦਣ ਅਤੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਵਰਤਿਆ ਜਾਂਦਾ ਸੀ।
ਉਨ੍ਹਾਂ ਕੋਲ ਨਿਰਭਰ ਕਰਨ ਲਈ ਕੋਈ ਬਚਤ ਨਹੀਂ ਸੀ। ਅਤੇ ਮਾਮਲੇ ਨੂੰ ਹੋਰ ਬਦਤਰ ਬਣਾਉਣ ਲਈ, ਲੈਸਲੀ ਦੀ ਬਜ਼ੁਰਗ ਮਾਤਾ, ਜੋ ਕੰਪਨੀ ਦੇ ਖਾਤਿਆਂ ਦੀ ਇੰਚਾਰਜ ਸੀ, ਇਸ ਚੋਰੀ ਦਾ ਖੁਲਾਸਾ ਹੋ ਜਾਣ ਤੱਕ ਆਪਣੇ ਆਪ ਨੂੰ ਕਸੂਰਵਾਰ ਦੱਸਦੀ ਰਹੀ।
ਲੈਸਲੀ ਨੇ ਦੱਸਿਆ, "ਸਾਡੇ ਅੰਦਰ ਗੁੱਸਾ, ਨਿਰਾਸ਼ਾ ਅਤੇ ਡਰ ਸਮੇਤ ਸਾਰੀਆਂ ਭਾਵਨਾਵਾਂ ਸਨ।"
ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਜ਼ਿੰਮੇਵਾਰ ਹੈਕਰਾਂ ਨੂੰ ਕੀ ਕਹਿਣਾ ਚਾਹੁਣਗੇ, ਤਾਂ ਉਨ੍ਹਾਂ ਨੇ ਸੋਚਿਆ ਕਿ ਇਨ੍ਹਾਂ ਨਿਰਦਈ ਅਪਰਾਧੀਆਂ ਦਾ ਮਨ ਬਦਲਣ ਦੀ ਕੋਸ਼ਿਸ਼ ਕਰਨਾ ਵਿਅਰਥ ਹੈ।
ਲੈਸਲੀ ਮੁਤਾਬਕ, "ਅਸੀਂ ਅਜਿਹਾ ਕੁਝ ਨਹੀਂ ਕਹਿ ਸਕਦੇ ਜੋ ਉਸ 'ਤੇ ਅਸਰ ਕਰੇ।"
ਉਸਦੇ ਪਤੀ, ਫ੍ਰੈਂਕ, ਨੇ ਅੱਗੇ ਕਿਹਾ, "ਮੈਂ ਉਸਨੂੰ ਇੱਕ ਪਲ ਦਾ ਸਮਾਂ ਵੀ ਨਹੀਂ ਦਿਆਂਗਾ।"
ਪੇਨਚੁਕੋਵ ਕਹਿੰਦਾ ਹੈ ਕਿ ਉਸਨੇ ਪੀੜਤਾਂ ਬਾਰੇ ਨਹੀਂ ਸੋਚਿਆ, ਲੱਗਦਾ ਹੈ ਕਿ ਉਹ ਹੁਣ ਵੀ ਜ਼ਿਆਦਾ ਨਹੀਂ ਸੋਚਦਾ। ਸਾਡੀ ਗੱਲਬਾਤ ਵਿੱਚ ਪਛਤਾਵੇ ਦਾ ਇਕਲੌਤਾ ਸੰਕੇਤ ਉਦੋਂ ਸੀ ਜਦੋਂ ਉਸਨੇ ਅਪਾਹਜ ਬੱਚਿਆਂ ਦੀ ਚੈਰਿਟੀ 'ਤੇ ਹੋਏ ਰੈਨਸਮਵੇਅਰ ਹਮਲੇ ਦਾ ਜ਼ਿਕਰ ਕੀਤਾ।
ਉਸਦਾ ਇੱਕੋ ਇੱਕ ਅਸਲ ਪਛਤਾਵਾ ਇਹ ਜਾਪਦਾ ਹੈ ਕਿ ਉਹ ਆਪਣੇ ਸਾਥੀ ਹੈਕਰਾਂ 'ਤੇ ਬਹੁਤ ਜ਼ਿਆਦਾ ਭਰੋਸਾ ਕਰਨ ਲੱਗ ਪਿਆ ਸੀ, ਜਿਸ ਕਾਰਨ ਆਖਰਕਾਰ ਉਹ ਅਤੇ ਕਈ ਹੋਰ ਅਪਰਾਧੀ ਫੜੇ ਗਏ।
ਉਹ ਕਹਿੰਦਾ ਹੈ, "ਤੁਸੀਂ ਸਾਈਬਰ-ਅਪਰਾਧ ਵਿੱਚ ਦੋਸਤ ਨਹੀਂ ਬਣਾ ਸਕਦੇ, ਕਿਉਂਕਿ ਅਗਲੇ ਦਿਨ, ਤੁਹਾਡੇ ਦੋਸਤ ਗ੍ਰਿਫ਼ਤਾਰ ਹੋ ਜਾਣਗੇ ਅਤੇ ਉਹ ਇੱਕ ਮੁਖ਼ਬਰ ਬਣ ਜਾਣਗੇ।"
ਉਹ ਕਹਿੰਦਾ ਹੈ, "ਡਰ ਹੈਕਰਾਂ ਦਾ ਇੱਕ ਨਿਰੰਤਰ ਦੋਸਤ ਹੈ।" ਲੇਕਿਨ ਸਫ਼ਲਤਾ ਗਲਤੀਆਂ ਵੱਲ ਲੈ ਜਾਂਦੀ ਹੈ।
ਉਸ ਨੇ ਦੁਖੀ ਮਨ ਨਾਲ ਕਿਹਾ, "ਜੇ ਤੁਸੀਂ ਕਾਫ਼ੀ ਲੰਬੇ ਸਮੇਂ ਤੱਕ ਸਾਈਬਰ-ਅਪਰਾਧ ਕਰਦੇ ਹੋ, ਤਾਂ ਤੁਸੀਂ ਆਪਣੀ ਧਾਰ ਗੁਆ ਬੈਠਦੇ ਹੋ।"

ਤਸਵੀਰ ਸਰੋਤ, FBI
ਸਾਈਬਰ ਅੰਡਰਵਰਲਡ ਦੇ ਬੇਵਫ਼ਾ ਸੁਭਾਅ ਨੂੰ ਉਜਾਗਰ ਕਰਨ ਲਈ, ਪੇਨਚੁਕੋਵ ਨੇ ਕਿਹਾ ਕਿ ਉਸ ਨੇ ਮਕਸਿਮ ਯਾਕੁਬੇਟਸ ਨਾਲ ਅੱਗੇ ਕੋਈ ਵੀ ਰਾਬਤਾ ਰੱਖਣ ਤੋਂ ਜਾਣ-ਬੁੱਝ ਕੇ ਪਰਹੇਜ਼ ਕੀਤਾ।
ਮਕਸਿਮ ਕਿਸੇ ਸਮੇਂ ਉਸਦਾ ਜੈਬਰ ਜ਼ੀਉਸ ਵਿੱਚ ਸਹਿਯੋਗੀ ਅਤੇ ਦੋਸਤ ਸੀ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਯਾਕੁਬੇਟਸ ਨੂੰ 2019 ਵਿੱਚ ਪੱਛਮੀ ਅਧਿਕਾਰੀਆਂ ਦੁਆਰਾ ਸਾਹਮਣੇ ਲਿਆਂਦਾ ਗਿਆ ਅਤੇ ਉਸ 'ਤੇ ਪਾਬੰਦੀਆਂ ਲਾਈਆਂ ਗਈਆਂ।
ਪੇਨਚੁਕੋਵ ਕਹਿੰਦਾ ਹੈ ਕਿ ਉਸ ਨੇ ਹੈਕਰ ਸਮੁਦਾਇ ਵਿੱਚ ਇੱਕ ਸਪੱਸ਼ਟ ਤਬਦੀਲੀ ਵੇਖੀ। ਲੋਕਾਂ ਨੇ ਯਾਕੁਬੇਟਸ ਅਤੇ ਉਸਦੇ ਕਥਿਤ ਈਵਿਲ ਕਾਰਪ ਸਹਿਯੋਗੀਆਂ ਨਾਲ ਕੰਮ ਕਰਨ ਤੋਂ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਸੀ।
ਪਹਿਲਾਂ, ਪੇਨਚੁਕੋਵ ਅਤੇ "ਐਕੁਆ", ਉਰਫ਼ ਯਾਕੁਬੇਟਸ, ਮਾਸਕੋ ਦੇ ਆਲੀਸ਼ਾਨ ਰੈਸਟੋਰੈਂਟਾਂ ਵਿੱਚ ਖਾਂਦੇ-ਪੀਂਦੇ ਸਨ। ਉਹ ਕਹਿੰਦਾ ਹੈ, "ਉਸਦੇ ਕੋਲ ਅੰਗ-ਰੱਖੇ ਸਨ, ਜੋ ਮੈਨੂੰ ਅਜੀਬ ਲੱਗਦਾ ਸੀ, ਜਿਵੇਂ ਉਹ ਆਪਣੀ ਦੌਲਤ ਦਾ ਵਿਖਾਵਾ ਕਰਨਾ ਚਾਹੁੰਦਾ ਹੋਵੇ।"
ਹਾਲਾਂਕਿ, ਸਾਈਬਰ ਅਪਰਾਧ ਦੀ ਦੁਨੀਆ ਤੋਂ ਛੇਕੇ ਜਾਣ ਦੇ ਬਾਵਜੂਦ, ਈਵਲ ਕਾਰਪ ਨੇ ਆਪਣਾ ਕੰਮ ਨਹੀਂ ਰੋਕਿਆ। ਪਿਛਲੇ ਸਾਲ, ਯੂਕੇ ਦੀ ਕੌਮੀ ਅਪਰਾਧ ਏਜੰਸੀ ਨੇ ਯਾਕੁਬੇਟਸ ਪਰਿਵਾਰ ਦੇ ਹੋਰ ਮੈਂਬਰਾਂ 'ਤੇ ਇੱਕ ਦਹਾਕੇ ਤੱਕ ਚੱਲੇ ਅਪਰਾਧਾਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਾਇਆ। ਏਜੰਸੀ ਨੇ ਸੰਗਠਨ ਦੇ ਕੁੱਲ 16 ਮੈਂਬਰਾਂ 'ਤੇ ਪਾਬੰਦੀਆਂ ਲਾਈਆਂ।
ਲੇਕਿਨ ਪੇਨਚੁਕੋਵ ਤੋਂ ਉਲਟ, ਪੁਲਿਸ ਵੱਲੋਂ ਉਸਨੂੰ ਜਾਂ ਗੈਂਗ ਦੇ ਹੋਰ ਮੈਂਬਰਾਂ ਦੇ ਫੜੇ ਜਾਣ ਦੀਆਂ ਸੰਭਾਵਨਾਵਾਂ ਘੱਟ ਜਾਪਦੀਆਂ ਹਨ।
ਉਸ ਨੂੰ ਗ੍ਰਿਫ਼ਤਾਰ ਕਰਵਾਉਣ ਵਾਲੀ ਜਾਣਕਾਰੀ ਲਈ 50 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਇਸ ਲਈ ਯਾਕੁਬੇਟਸ ਅਤੇ ਉਸਦੇ ਕਥਿਤ ਸਹਿ-ਸਾਜ਼ਿਸ਼ਕਾਰਾਂ ਵੱਲੋਂ ਆਪਣਾ ਦੇਸ਼ ਛੱਡਣ ਦੀ ਗਲਤੀ ਨੂੰ ਦੁਹਰਾਉਣ ਦੀ ਸੰਭਾਵਨਾ ਨਹੀਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












