ਫਿਲਮੀ ਅੰਦਾਜ਼ ਵਿੱਚ ਕਿਵੇਂ ਇੱਕ ਕੈਦੀ ਨੂੰ ਵੈਨ ਵਿੱਚੋਂ ਛੁਡਾ ਕੇ ਲੈ ਗਏ, ਕੌਣ ਸੀ ਉਹ ਕੈਦੀ

ਮੁਹੰਮਦ ਆਮਰਾ

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ, ਮੁਹੰਮਦ ਆਮਰਾ ਨੂੰ ਪਹਿਲਾਂ ਵੀ 13 ਹੋਰ ਮਾਮਲਿਆਂ ਮੁਜਰਿਮ ਕਰਾਰ ਦਿੱਤਾ ਜਾ ਚੁੱਕਾ ਹੈ

ਫਰਾਂਸ ਦੇ ਨੌਰਮਨਡੇ ਇਲਾਕੇ ਵਿੱਚ ਸੈਂਕੜੇ ਪੁਲਿਸ ਕਰਮੀ ਦੋ ਦਿਨਾਂ ਤੋਂ ਇੱਕ ਭਗੌੜੇ ਦੀ ਭਾਲ ਕਰ ਰਹੇ ਹਨ।

ਮੁਹੰਮਦ ਆਮਰਾ ਨੂੰ ਜਦੋਂ ਪੁਲਿਸ ਵੈਨ ਵਿੱਚ ਜੇਲ੍ਹ ਲਿਜਾਇਆ ਜਾ ਰਿਹਾ ਸੀ ਤਾਂ ਉਸਦੇ ਸਾਥੀ ਉਸ ਨੂੰ ਫਿਲਮੀ ਅੰਦਾਜ਼ ਵਿੱਚ ਲੈ ਕੇ ਫਰਾਰ ਹੋ ਗਏ।

ਫਰਾਂਸ ਦੇ ਗ੍ਰਹਿ ਮੰਤਰੀ ਜਿਰਾਲਡ ਦਮਰਮੈਨਿਨ ਨੇ ਕਿਹਾ, “ਇਨ੍ਹਾਂ ਅਪਰਾਧੀਆਂ ਨੂੰ ਫੜਨ ਲਈ ਸਾਰੇ ਵਸੀਲੇ ਵਰਤੇ ਜਾ ਰਹੇ ਹਨ।”

ਫਰਾਂਸ ਦੇ ਰਾਸ਼ਟਰਪਤੀ ਅਮਨੈਨੂਏਲ ਮੈਕਰੋਂ ਨੇ ਕਿਹਾ, “ਅਪਰਾਧੀਆਂ ਨੂੰ ਫੜਨ ਲਈ ਸਭ ਕੁਝ ਕੀਤਾ ਜਾ ਰਿਹਾ ਹੈ।”

ਆਮਰਾ ਨੂੰ ਉਸ ਦਿਨ ਛੁਡਵਾਇਆ ਗਿਆ ਹੈ ਜਿਸ ਦਿਨ ਫਰਾਂਸ ਸਰਕਾਰ ਨੇ ਦੇਸ ਵਿੱਚ ਵਧ ਰਹੀ ਨਸ਼ੇ ਨਾਲ ਜੁੜੀ ਹਿੰਸਾ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਰਿਪੋਰਟ ਮੁਤਾਬਕ ਗੈਰ-ਕਾਨੂੰਨੀ ਨਸ਼ੇ ਦੇ ਕਾਰੋਬਾਰ ਵਿੱਚ ਮੰਗ ਅਤੇ ਪੂਰਤੀ ਦੋਵਾਂ ਵਿੱਚ ਵਾਧਾ ਹੋਇਆ ਹੈ।

ਸਾਥੀਆਂ ਨੂੰ ਪੂਰੀ ਇਤਲਾਹ ਸੀ

'ਦਿ ਫਲਾਈ' ਵਜੋਂ ਜਾਣੇ ਜਾਂਦੇ ਆਮਰਾ ਨੂੰ ਅਦਲਤ ਵਿੱਚ ਸੁਣਵਾਈ ਤੋਂ ਬਾਅਦ ਪੁਲਿਸ ਵੈਨ ਵਿੱਚ ਵਾਪਸ ਜੇਲ੍ਹ ਭੇਜਿਆ ਜਾ ਰਿਹਾ ਸੀ ਜਦੋਂ ਇੱਕ ਟੋਲ ਨਾਕੇ ਉੱਤੇ ਪੁਲਿਸ ਵੈਨ ਨੂੰ ਇੱਕ ਕਾਰ ਨੇ ਰੋਕਿਆ।

ਦੋ ਬੰਦੂਕਧਾਰੀਆਂ ਨੇ ਪੁਲਿਸ ਵੈਨ ਉੱਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਦੋ ਜੇਲ੍ਹ ਅਧਿਕਾਰੀਆਂ ਦੀ ਮੌਤ ਹੋ ਗਈ।

ਪੈਰਿਸ ਦੇ ਸਰਕਾਰੀ ਵਕੀਲ ਲੋਆ ਬਿਕੁਓ ਨੇ ਪੱਤਰਕਾਰਾਂ ਨੂੰ ਦੱਸਿਆ, “ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇਂ ਤੋਂ ਪਹਿਲਾਂ ਆਮਰਾ ਨੂੰ ਲਿਜਾ ਰਹੀ ਵੈਨ ਨੇ ਇਨਕਾਰਵਿਲ ਵਿੱਚ ਜੋ ਕਿ ਉੱਤਰੀ ਫਰਾਂਸ ਦੇ ਯੂਰੋ ਇਲਾਕੇ ਵਿੱਚ ਸਥਿਤ ਹੈ, ਟੋਲ ਬੂਥ ਪਾਰ ਕੀਤਾ ਇੱਕ ਪੁਯੂ ਗੱਡੀ ਨੇ ਤੁਰੰਤ ਹੀ ਇਸ ਨੂੰ ਰੋਕਣ ਲਈ ਮੂਹਰੋਂ ਆ ਕੇ ਟੱਕਰ ਮਾਰੀ।”

“ਬੰਦੂਕਧਾਰੀ ਬੰਦੇ ਬਾਹਰ ਨਿਕਲੇ ਅਤੇ ਹੋਰ ਹਥਿਆਰਬੰਦ ਬੰਦਿਆਂ ਨਾਲ ਰਲ ਗਏ ਜੋ ਕਿ ਇੱਕ ਔਡੀ ਗੱਡੀ ਵਿੱਚੋਂ ਨਿਕਲੇ ਸਨ। ਉਹ ਸ਼ਾਇਦ ਜੇਲ੍ਹ ਦੀ ਗੱਡੀ ਦਾ ਪਿੱਛਾ ਕਰ ਰਹੀ ਸੀ।”

ਆਮਰਾ ਨੂੰ ਆਪਣੇ ਨਾਲ ਲਿਜਾਣ ਤੋਂ ਪਹਿਲਾਂ ਉਨ੍ਹਾਂ ਨੇ ਦੋਵਾਂ ਗੱਡੀਆਂ ਉੱਤੇ ਕਈ ਵਾਰ ਗੋਲੀਆਂ ਚਲਾਈਆਂ ਅਤੇ ਅਫ਼ਸਰਾਂ ਨੂੰ ਮਾਰਿਆ ਅਤੇ ਜ਼ਖਮੀ ਕੀਤਾ।

ਸਰਕਾਰੀ ਵਕੀਲ ਨੇ ਕਿਹਾ ਕਿ ਅਪਰਾਧੀਆਂ ਵੱਲੋਂ ਵਰਤੀਆਂ ਗਈਆਂ ਦੋਵੇਂ ਗੱਡੀਆਂ ਬਾਅਦ ਵਿੱਚ ਮੰਗਲਵਾਰ ਨੂੰ ਵੱਖ-ਵੱਖ ਥਾਂਵਾਂ ਉਤੇ ਸੜੀ ਹੋਈ ਹਾਲਤ ਵਿੱਚ ਬਰਾਮਦ ਹੋਈਆਂ ਹਨ।

ਪੁਲਿਸ ਕੀ ਕਹਿ ਰਹੀ ਹੈ?

ਅਪਰਾਧੀਆਂ ਦੀ ਭਾਲ ਵਿੱਚ 200 ਪੁਲਿਸ ਵਾਲੇ ਕਰ ਰਹੇ ਹਨ ਅਤੇ ਅਹਿਮ ਥਾਵਾਂ ਉੱਤੇ ਨਾਕੇਬੰਦੀ ਕੀਤੀ ਗਈ ਹੈ।

ਫਰਾਂਸ ਦੇ ਜਸਟਿਸ ਮੰਤਰੀ ਐਰਿਕ ਡੂਪੌਂ-ਮੁਵੈਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਇੱਕ ਅਫ਼ਸਰ ਦੇ ਪਰਿਵਾਰ ਵਿੱਚ ਪਿੱਛੇ “ਇੱਕ ਪਤਨੀ ਅਤੇ ਦੋ ਬੱਚੇ ਹਨ ਜਿਨ੍ਹਾਂ ਨੇ ਦੋ ਦਿਨਾਂ ਬਾਅਦ ਆਪਣਾ 21ਵਾਂ ਜਨਮ ਦਿਨ ਮਨਾਉਣਾ ਸੀ।”

ਜਦਕਿ ਮਾਰੇ ਗਏ ਦੂਜੇ ਅਧਿਕਾਰੀ (35) ਦੇ ਪਿੱਛੇ ਇੱਕ ਪਤਨੀ ਹੈ ਜੋ ਪੰਜ ਮਹੀਨਿਆਂ ਦੀ ਕੁੱਖ ਤੋਂ ਹੈ।

ਤਿੰਨ ਹੋਰ ਅਫ਼ਸਰ ਜੋ ਇਸ ਹਮਲੇ ਵਿੱਚ ਜ਼ਖਮੀ ਹੋਏ ਹਨ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਉਹ ਵੀ ਬੱਚਿਆਂ ਦੇ ਪਿਤਾ ਹਨ ਅਤੇ ਉਹ ਕ੍ਰਮਵਾਰ 48, 52 ਅਤੇ 55 ਸਾਲ ਦੇ ਸਨ।

ਫਰਾਂਸ ਜੇਲ੍ਹ ਵੈਨ ਹਮਲਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪੁੁਲਿਸ ਮੁਤਾਬਕ ਜਿਸ ਹਿਸਾਬ ਨਾਲ ਮੂਹਰੇ ਤੋਂ ਆਕੇ ਜੇਲ੍ਹ ਵੈਨ ਵਿੱਚ ਟੱਕਰ ਮਾਰੀ ਗਈ ਅਜਿਹਾ ਉਸ ਨੂੰ ਰੋਕਣ ਲਈ ਜਾਣਬੁੱਝ ਕੇ ਕੀਤਾ ਗਿਆ

ਜਸਟਿਸ ਮਨਿਸਟਰ ਐਰਿਕ ਡੂਪੌਂ-ਮੁਵੈਤੀ ਨੇ ਕਿਹਾ, “ਸਭ ਕੁਝ ਤੋਂ ਮੇਰਾ ਮਤਲਬ ਹੈ ਸਭ ਕੁਝ—ਇਸ ਅਪਰਾਧ ਵਿੱਚ ਸ਼ਾਮਲ ਅਪਰਾਧੀਆਂ ਨੂੰ ਲੱਭਣ ਲਈ ਅਸੀਂ ਸਭ ਕੁਝ ਕਰਾਂਗੇ”। ਉਨ੍ਹਾਂ ਨੇ ਕਿਹਾ ਕਿ ਅਪਰਾਧੀ ਉਹ ਲੋਕ ਸਨ “ਜਿਨ੍ਹਾਂ ਲਈ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ”।

ਉਨ੍ਹਾਂ ਨੇ ਅੱਗੇ ਕਿਹਾ ਕਿ ਅਪਰਾਧੀਆਂ ਨੂੰ ਲੱਭ ਕੇ ਜੁਰਮ ਦੇ ਹਾਣ ਦੀ ਸਜ਼ਾ ਦਿੱਤੀ ਜਾਵੇਗੀ।

ਦੂਜੇ ਪਾਸੇ ਆਮਰਾ ਨੂੰ 10 ਮਈ ਨੂੰ ਅਗਵਾ ਅਤੇ ਮੌਤ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ।

ਉਸਦੇ ਵਕੀਲ ਦਾ ਕਹਿਣਾ ਹੈ ਕਿ ਸ਼ਾਇਦ ਆਮਰਾ ਨੂੰ ਇਸ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਉਨ੍ਹਾਂ ਨੇ ਕਿਹਾ, “ਮੈਂ ਯਕੀਨ ਕਰਨਾ ਚਾਹੁੰਦਾ ਹਾਂ ਕਿ ਉਸ (ਆਮਰਾ) ਨੂੰ ਇਸ ਬਾਰੇ ਨਹੀਂ ਪਤਾ ਸੀ ਅਤੇ ਜੇ ਉਹ ਇਸ ਦੇ ਪਿੱਛੇ ਹੈ ਤਾਂ ਮੈਂ ਉਸ ਨੂੰ ਸਮਝਣ ਵਿੱਚ ਨਾਕਾਮ ਰਿਹਾ ਹਾਂ।”

ਕੁਝ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਆਮਰਾ ਨੇ ਇਸੇ ਹਫ਼ਤੇ ਪਹਿਲਾਂ ਵੀ ਆਪਣੀ ਕੋਠੜੀ ਦੀਆਂ ਸਲਾਖਾਂ ਵੱਢ ਕੇ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ।

ਸਰਕਾਰੀ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਮਰਾ ਨੂੰ 13 ਮਾਮਲਿਆਂ ਵਿੱਚ ਸਜ਼ਾ ਸੁਣਾਈ ਗਈ ਸੀ। ਉਸ ਨੂੰ ਪਹਿਲੀ ਸਜ਼ਾ 15 ਸਾਲ ਦੀ ਉਮਰ ਵਿੱਚ ਸੰਨ 2009 ਵਿੱਚ ਸੁਣਾਈ ਗਈ ਸੀ।

ਹਾਲਾਂਕਿ ਫਿਲਹਾਲ 30 ਸਾਲਾ ਮੁਜਰਮ ਉੱਤੇ ਹੁਣ ਨੇੜਿਓਂ ਨਿਗ੍ਹਾ ਨਹੀਂ ਰੱਖੀ ਜਾ ਰਹੀ ਸੀ ਅਤੇ ਉਸ ਨੂੰ ਲਿਜਾਣ ਲਈ ਹੋਰ ਸੁਰੱਖਿਆ ਦੀ ਲੋੜ ਸੀ।

'ਮੇਰਾ ਪੁੱਤਰ ਹੈ ਪਰ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ'

ਫਰਾਂਸ ਜੇਲ੍ਹ ਵੈਨ ਹਮਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਰੀਆਂ ਗਈਆਂ ਗੱਡੀਆਂ ਵੱਖ-ਵੱਖ ਥਾਵਾਂ ਤੋਂ ਸੜੀ ਹੋਈ ਹਾਲਤ ਵਿੱਚ ਬਰਾਮਦ ਕਰ ਲਈਆਂ ਗਈਆਂ ਹਨ

ਮੰਨਿਆ ਜਾ ਰਿਹਾ ਹੈ ਕਿ ਮੁਹੰਮਦ ਆਮਰਾ ਦੇ ਤਾਰ ਨਸ਼ਿਆਂ ਅਤੇ ਗੈਂਗ ਹਿੰਸਾ ਨਾਲ ਜੂਝ ਰਹੇ ਦੱਖਣੀ ਸ਼ਹਿਰ ਮਾਰਸਿਲੀ ਦੇ ਇੱਕ ਗਿਰੋਹ ਨਾਲ ਜੁੜੇ ਹੋਏ ਹਨ।

ਉਸ ਨੂੰ ਰੁਇਨ ਦੇ ਨੇੜੇ ਇੱਕ ਜੇਲ੍ਹ ਵਿੱਚ ਰੱਖਿਆ ਗਿਆ ਸੀ। ਜਿੱਥੋਂ ਉਸ ਨੂੰ ਇੱਕ ਨਜ਼ੀਦੀਕੀ ਅਦਾਲਤ ਵਿੱਚ ਪੇਸ਼ੀ ਲਈ ਲਿਜਾਇਆ ਗਿਆ। ਇਸ ਕੇਸ ਵਿੱਚ ਵੀ ਉਸ ਖਿਲਾਫ਼ ਪੁਲਿਸ ਨਾਲ ਮੁਠਭੇੜ ਦੇ ਇਲਜ਼ਾਮ ਸਨ।

ਸਰਕਾਰੀ ਵਕੀਲ ਨੇ ਕਿਹਾ ਹੈ ਕਿ ਉਹ ਅਜਿਹਾ ਕੈਦੀ ਨਹੀਂ ਸੀ ਜਿਸ “ਉੱਪਰ ਨੇੜਿਓਂ ਨਿਗ੍ਹਾ ਰੱਖੀ” ਜਾ ਰਹੀ ਹੋਵੇ। ਇਹ ਸ਼ਬਦ ਬਹੁਤ ਹੀ ਖ਼ਤਰਨਾਕ ਅਪਰਾਧੀਆਂ ਲਈ ਵਰਤਿਆ ਜਾਂਦਾ ਹੈ।

ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਮਰਾ ਨੂੰ ਲਿਆਉਣ-ਲਿਜਾਣ ਸਮੇਂ ਵਧੇਰੇ ਸੁਰੱਖਿਆ ਦੀ ਲੋੜ ਸੀ। ਇਸਦਾ ਮਤਲਬ ਹੈ ਉਸ ਨੂੰ ਜੇਲ੍ਹ ਦੇ ਪੰਜ ਅਧਿਕਾਰੀ ਜਾ ਰਹੇ ਸਨ।

ਆਮਰਾ ਦੇ ਵਕੀਲ ਹੁਗੁਸ ਵੀਗਰ ਨੇ ਕਿਹਾ ਕਿ ਆਮਰਾ ਨੇ ਪਹਿਲਾਂ ਵੀ ਆਪਣੀ ਕੋਠੜੀ ਦੀਆਂ ਸਲਾਖਾਂ ਵੱਢ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਨੇ ਉਸ ਨੂੰ ਫਰਾਰ ਕਰਨ ਸਮੇਂ ਵਾਪਰੀ ਹਿੰਸਾ ਉੱਤੇ ਹੈਰਾਨੀ ਜ਼ਾਹਰ ਕੀਤੀ ਹੈ।

ਵਕੀਲ ਨੇ ਕਿਹਾ ਬੀਐੱਫਐੱਮਟੀਵੀ ਨੂੰ ਦਿੱਸਿਆ, “ਜੋ ਮੈਂ ਉਸ ਬਾਰੇ ਜਾਣਦਾ ਹਾਂ ਇਹ ਉਸ ਨਾਲ ਮੇਲ ਨਹੀਂ ਖਾਂਦੀ”

ਵੀਗਰ ਨੇ ਦੱਸਿਆ ਕਿ ਉਨ੍ਹਾਂ ਦੇ ਸਹਾਇਕ ਨੇ ਮੰਗਲਵਾਰ ਸਵੇਰੇ ਆਮਰਾ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਮੁਤਾਬਕ ਉਹ ਬਿਲਕੁਲ ਆਮ ਵਾਂਗ ਸੀ।

ਉਸ ਨੂੰ ਮੰਗਲਵਾਰ ਦੇ ਸਫ਼ਰ ਬਾਰੇ ਪਤਾ ਸੀ ਇਸ ਲਈ ਹੋ ਸਕਦਾ ਹੈ ਉਸ ਨੇ ਇਸ ਬਾਰੇ ਹੋਰ ਲੋਕਾਂ ਨੂੰ ਵੀ ਦੱਸਿਆ ਹੋਵੇ।

ਉਸਦੇ ਸਾਥੀ ਟੋਲ ਬੂਥ ਉੱਤੇ ਇੰਤਜ਼ਾਰ ਕਰ ਰਹੇ ਸਨ। ਇਸ ਤੋਂ ਲਗਦਾ ਹੈ ਕਿ ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ।

ਆਮਰਾ ਦੀ ਮਾਂ ਨੇ ਕਿਹਾ ਕਿ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਇਸ ਬਾਰੇ ਉਸ ਨੂੰ ਬਿਲਕੁਲ ਵੀ ਕੋਈ ਇਲਮ ਨਹੀਂ ਸੀ।

ਮਾਂ ਨੇ ਦੱਸਿਆ,“ਉਹ ਮੇਰੇ ਨਾਲ ਗੱਲ ਨਹੀਂ ਕਰਦਾ। ਉਹ ਮੇਰਾ ਪੁੱਤਰ ਹੈ ਪਰ ਉਹ ਮੇਰੇ ਨਾਲ ਬਿਲਕੁਲ ਵੀ ਗੱਲ ਨਹੀਂ ਕਰਦਾ।”

ਮੁੱਠਭੇੜ ਤੋਂ ਬਾਅਦ ਰੋਂਦੀ ਹੋਈ ਮਾਂ ਨੇ ਦੱਸਿਆ ਕਿ ਉਹ ਕਈ ਵਾਰ ਉਸ ਨੂੰ ਮਿਲਣ ਗਈ ਪਰ “ਉਸਨੇ ਕਦੇ ਕੁਝ ਨਹੀਂ ਦੱਸਿਆ, ਮੇਰੇ ਤਾਂ ਸਮਝ ਨਹੀਂ ਆਉਂਦਾ।”

ਮਾਂ ਨੇ ਆਰਟੀਐੱਲ ਨੂੰ ਦੱਸਿਆ, “ਮੈਂ ਰੋਈ... ਇਸ ਤਰ੍ਹਾਂ ਕਿਵੇਂ ਜਾਨਾਂ ਲਈਆਂ ਜਾ ਸਕਦੀਆਂ ਹਨ।”

ਜੇਲ੍ਹਾਂ ਵਿੱਚ ਆਪਣੇ ਪੁੱਤਰ ਦੀ ਜ਼ਿੰਦਗੀ ਬਾਰੇ ਮਾਂ ਨੇ ਦੱਸਿਆ ਕਿ “ਉਸ ਨੂੰ ਹਮੇਸ਼ਾ ਲਈ ਡੱਕਣ ਦੀ ਥਾਂ ਉਹ ਉਸ ਨੂੰ ਇਕਾਂਤ ਵਾਸ ਵਿੱਚ ਰੱਖਦੇ ਸਨ”।

ਉਸ ਉੱਪਰ ਚੋਰੀ ਦੇ ਕੇਸ ਦੀ ਕਾਨੂੰਨੀ ਪ੍ਰਕਿਰਿਆ ਦੌਰਾਨ ਪੈਰਿਸ ਸਮੇਤ ਵੱਖ-ਵੱਖ ਜੇਲ੍ਹਾਂ ਵਿੱਚ ਰੱਖਿਆ ਗਿਆ ਸੀ। ਇਸ ਕੇਸ ਵਿੱਚ ਉਸ ਨੂੰ ਡੇਢ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਬੀਐੱਫਐੱਮਟੀਵੀ ਮੁਤਾਬਕ, ਉਸ ਨੂੰ ਬਿਨਾਂ ਲਾਈਸੈਂਸ ਗੱਡੀ ਚਲਾਉਣ, ਚੋਰੀ ਅਤੇ ਪੁਲਿਸ ਦੇ ਰੋਕੇ ਨਾ ਰੁਕਣ ਵਰਗੇ ਛੋਟੇ-ਮੋਟੇ ਅਪਰਾਧਾਂ ਦੇ 13 ਹੋਰ ਮਾਮਲਿਆਂ ਵਿੱਚ ਮੁਜ਼ਰਿਮ ਕਰਾਰ ਦਿੱਤਾ ਜਾ ਚੁੱਕਿਆ ਸੀ।

ਹਾਲਾਂਕਿ ਰੁਇਨ ਦੇ ਨੇੜੇ ਇੱਕ ਅਗਵਾਕਾਰੀ ਜਿਸ ਦੌਰਾਨ ਪੀੜਤ ਦੀ ਮੌਤ ਹੋ ਗਈ ਸੀ ਦੇ ਮਾਮਲੇ ਵਿੱਚ ਉਸ ਦੀ ਸ਼ਮੂਲੀਅਤ ਤੋਂ ਆਮਰਾ ਦੇ ਹੋਰ ਵੀ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਪੈਦਾ ਹੁੰਦਾ ਹੈ।

ਨਸ਼ਾ ਫਰਾਂਸ ਦੇ ਹਰ ਇਲਾਕੇ ਅਤੇ ਹਰ ਤਬਕੇ ਵਿੱਚ ਫੈਲ ਚੁੱਕਿਆ ਹੈ -ਰਿਪੋਰਟ

ਆਮਰਾ ਨੂੰ ਉਸ ਦਿਨ ਛੁਡਵਾਇਆ ਗਿਆ ਹੈ ਜਿਸ ਦਿਨ ਫਰਾਂਸ ਸਰਕਾਰ ਨੇ ਦੇਸ ਵਿੱਚ ਵਧ ਰਹੀ ਨਸ਼ੇ ਨਾਲ ਜੁੜੀ ਹਿੰਸਾ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਰਿਪੋਰਟ ਮੁਤਾਬਕ ਗੈਰ-ਕਾਨੂੰਨੀ ਨਸ਼ੇ ਦੇ ਕਾਰੋਬਾਰ ਵਿੱਚ ਮੰਗ ਅਤੇ ਪੂਰਤੀ ਦੋਵਾਂ ਵਿੱਚ ਵਾਧਾ ਹੋਇਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ‘ਦੇਸ ਦੇ ਅੰਦਰ ਕੋਈ ਵੀ ਇਲਾਕਾ ਅਤੇ ਤਬਕਾ ਨਸ਼ੇ ਨਾਲ ਜੁੜੇ ਅਪਰਾਧਾਂ ਦੀ ਪਹੁੰਚ ਤੋਂ ਦੂਰ ਨਹੀਂ ਹੈ।... ਨਸ਼ੇ ਦਾ ਕਾਰੋਬਾਰ ਹਰ ਥਾਂ ਫੈਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਹਿੰਸਾ ਵੀ ਫੈਲ ਰਹੀ ਹੈ।’

ਰਿਪੋਰਟ ਮੁਤਾਬਕ ਨਸ਼ੇ ਦਾ ਕਾਰੋਬਾਰ ਪੂਰੇ ਦੇਸ ਵਿੱਚ ਫੈਲ ਚੁੱਕਿਆ ਹੈ, ਅਤੇ ਪੇਂਡੂ ਇਲਾਕਿਆਂ ਅਤੇ ਦਰਮਿਆਨੇ ਕਸਬਿਆਂ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ।

ਰਿਪੋਰਟ ਮੁਤਾਬਕ ਨਸ਼ੇ ਨਾਲ ਜੁੜੇ ਅਪਰਾਧਾਂ ਵਿੱਚ ਵਾਧੇ ਪਿੱਥੇ ਵਿਦੇਸ਼ੀ ਮਾਫੀਆ ਹੀ ਨਹੀਂ ਹੈ ਸਗੋਂ ਇਸ ਪਿੱਛੇ ਫਰਾਂਸ ਦੇ ਘਰੇਲੂ ਸੰਗਠਨ ਵੀ ਹਨ। ਜਿਹੜੇ ਪੈਸੇ, ਇਲਾਕੇ ਜਾਂ ਹਿੰਸਾ ਦੀ ਪ੍ਰਵਾਹ ਕੀਤੇ ਬਿਨਾਂ ਕੰਮ ਕਰਦੇ ਹਨ।

ਮਾਰਿਸਿਲੀ ਦੇ ਸਰਕਾਰੀ ਵਕੀਲ ਨਾਕੋਲਸ ਬੇਸੋਨ ਨੇ ਫਰਾਂਸ-2 ਨੂੰ ਦੱਸਿਆ ਕਿ ਨਸ਼ੇ ਦੇ ਗਿਰੋਹ ਇੰਨੇ ਅਮੀਰ ਅਤੇ ਸ਼ਕਤੀਸ਼ਾਲੀ ਹੋ ਚੁੱਕੇ ਹਨ ਕਿ ਅਦਾਲਤੀ ਪ੍ਰਣਾਲੀ ਵਿੱਚ ਘੁਸਪੈਠ ਕਰ ਰਹੇ ਹਨ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਭ੍ਰਿਸ਼ਟ ਕਰ ਰਹੇ ਹਨ।

ਮਾਰਸਿਲੀ ਵਿੱਚ ਪਿਛਲੇ ਸਾਲ ਨਸ਼ਿਆਂ ਨਾਲ ਜੁੜੀ ਹਿੰਸਾ ਵਿੱਚ ਲਗਭਗ 50 ਜਣਿਆਂ ਦੀ ਮੌਤ ਹੋ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)