ਪਾਕਿਸਤਾਨ ਦਾ ਉਹ ਡੌਨ ਜਿਸ ਨੂੰ ਫੜਨ ਵਾਸਤੇ ਸਿੰਧ ਦੇ ਗਵਰਨਰ ਨੂੰ ਜਨਰਲ ਮੁਸ਼ੱਰਫ਼ ਨੂੰ ਪੁੱਛਣਾ ਪਿਆ ਸੀ

ਤਸਵੀਰ ਸਰੋਤ, JAFAR RIZVI
- ਲੇਖਕ, ਜਾਫ਼ਰ ਰਿਜ਼ਵੀ
- ਰੋਲ, ਬੀਬੀਸੀ ਪੱਤਰਕਾਰ, ਲੰਡਨ
ਚੇਤਾਵਨੀ: ਕਹਾਣੀ ਦੇ ਕੁਝ ਵੇਰਵੇ ਤੁਹਾਨੂੰ ਬੇਚੈਨ ਜਾਂ ਪਰੇਸ਼ਾਨ ਕਰ ਸਕਦੇ ਹਨ।
ਗੋਲੀ ਲੱਗਦੇ ਹੀ ਗਰਦਨ ’ਚੋਂ ਖੂਨ ਦਾ ਫੁਹਾਰਾ ਛੁੱਟਿਆ, ਮੂੰਹ ਵਿੱਚ ਭਰੇ ਖੂਨ ਨੇ ਸਬ ਇੰਸਪੈਕਟਰ ਗ਼ੁਲਾਮ ਦਸਤਗੀਰ ਨੂੰ ਦੂਜਾ ਸਾਹ ਲੈਣ ਤੱਕ ਦਾ ਮੌਕਾ ਨਾ ਦਿੱਤਾ।
ਹਮਲਾ ਇੰਨਾ ਭਿਆਨਕ ਸੀ ਕਿ ਸ਼ੋਏਬ ਖ਼ਾਨ ਦੀ ਸੁਰੱਖਿਆ ਵਿੱਚ ਲੱਗੇ ਚਾਰ ਪੁਲਿਸ ਮੁਲਾਜ਼ਮਾਂ ਵਿੱਚੋਂ ਕੋਈ ਇੱਕ ਵੀ ਜਿਉਂਦਾ ਨਾ ਬਚਿਆ ਅਤੇ ਹੁਣ ਖੂਨ ਨਾਲ ਲੱਥ-ਪੱਥ ਚਾਰੇ ਲਾਸ਼ਾਂ ਪੁਲਿਸ ਵੈਨ ਵਿੱਚ ਪਈਆਂ ਸਨ।
ਤੁਹਾਨੂੰ ਇਹ ਜਾਣਕਾਰੀ ਸ਼ਾਇਦ ਭਿਆਨਕ ਅਤੇ ਡਰਾਉਣੀ ਲੱਗ ਸਕਦੀ ਹੈ।
ਹਾਲਾਂਕਿ 1990 ਦੇ ਦਹਾਕੇ ਦੇ ਕਰਾਚੀ ਵਿੱਚ ਹਜ਼ਾਰਾਂ ਪੁਲਿਸ ਅਫਸਰ, ਸਿਆਸੀ ਤੇ ਧਾਰਮਿਕ ਤਨਜ਼ੀਮਾਂ ਦੇ ਲੱਖਾਂ ਵਰਕਰਾਂ ਦੇ ਨਾਲ-ਨਾਲ ਸਾਡੇ ਪੱਤਰਕਾਰਾਂ ਦੇ ਲਈ ਤਾਂ ਇਹ ਸਭ ਕੁਝ ਆਮ ਹੀ ਸੀ।
ਸਿਆਸੀ, ਫਿਰਕੂ ਅਤੇ ਭਾਸ਼ਾਈ ਹਿੰਸਾ ਜਾਂ ਖੋਹ ਅਤੇ ਵੱਢਾ-ਟੁੱਕੀ… ਕਿਹੜਾ ਅਜਿਹਾ ਜੁਰਮ ਸੀ ਜਿਸ ਨੂੰ ਕਿ ਇਸ ਸ਼ਹਿਰ ਦੇ ਲੋਕਾਂ ਨੇ ਅੱਖੀਂ ਹੁੰਦਾ ਨਾ ਵੇਖਿਆ ਹੋਵੇ।
ਕਈ ਵਾਰ ਤਾਂ ਪਤਾ ਹੀ ਨਹੀਂ ਲੱਗਦਾ ਸੀ ਕਿ ਸੜਕ ’ਤੇ ਵਹਿ ਰਿਹਾ ਖੂਨ ਕਿਸੇ ਬੇਕਸੂਰ ਸਿਆਸੀ ਕਾਰਕੁਨ ਦਾ ਸੀ ਜਾਂ ਸ਼ਿਦੱਤਪਸੰਦੀ ਦਾ ਸ਼ਿਕਾਰ ਹੋਏ ਕਿਸੇ ਬੇਵੱਸ ਪੁਲਿਸ ਕਰਮਚਾਰੀ ਦਾ।
ਕਿਸੇ ਟਾਰਗੇਟ ਕਿਲਰ ਦਾ ਹੈ ਜਾਂ ਫਿਰ ਕਿਸੇ ‘ਐਨਕਾਊਂਟਰ ਸਪੇਸ਼ਲਿਸਟ’ ਦਾ।
‘ਮੁਖ਼ਤਾਰ ਦੀ ਚਾਹ’ ਅਤੇ ਸ਼ੋਏਬ ਖਾਨ

ਤਸਵੀਰ ਸਰੋਤ, Getty Images
ਉਸ ਦਿਨ ਵੀ ਪੁਲਿਸ ਵੈਨ ’ਚੋਂ ਵਹਿ ਰਹੇ ਖੂਨ ਤੋਂ ਇਹ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਇਹ ਮਾਰੇ ਗਏ ਪੁਲਿਸ ਅਫਸਰ ਦਾ ਹੈ ਜਾਂ ਜ਼ਖਮੀ ਹੋ ਕੇ ਬੱਚ ਗਏ ਸ਼ੋਏਬ ਖ਼ਾਨ ਦਾ।
ਕਰਾਚੀ ਦੀ ‘ਰਾਜਨੀਤਿਕ ਅਪਰਾਧ ਜਾਂ ਅਪਰਾਧਿਕ ਰਾਜਨੀਤੀ’ ਦੀ ਦੁਨੀਆ ਦੇ ਸਭ ਤੋਂ ਰਹੱਸਮਈ ਕਿਰਦਾਰ ਸ਼ੋਏਬ ਖ਼ਾਨ ਨੂੰ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ।
ਹਾਲਾਂਕਿ ਉਨ੍ਹਾਂ ਦਾ ਰਸੂਖ ਇਹ ਸੀ ਕਿ ਧੰਦੇ ਨੂੰ ਹੱਥ ਪਾਉਣ ਲਈ ਤਤਕਾਲੀ ਗਵਰਨਰ ਨੂੰ ਮੁਲਕ ਦੇ ਫੌਜੀ ਰਾਸ਼ਟਰਪਤੀ ਅਤੇ ਫੌਜ ਮੁੱਖੀ ਤੱਕ ਪਹੁੰਚ ਕਰਨੀ ਪਈ ਸੀ। ਆਈਐਸਆਈ ਮੁਖੀ ਨੂੰ ਕਰਾਚੀ ਭੇਜਿਆ ਗਿਆ ਸੀ।
ਸ਼ੋਏਬ ਖ਼ਾਨ ਕਰਾਚੀ ਅੰਡਰਵਰਲਡ ਦੇ ਕੋਈ ਮਾਮੂਲੀ ਕਿਰਦਾਰ ਨਹੀਂ ਸਨ। ਸ਼ਹਿਰ ਦੀ ਪੁਲਿਸ ਦਿਨ ਦੇ ਸਮੇਂ ਸ਼ੋਏਬ ਖ਼ਾਨ ਦੇ ਖਿਲਾਫ ਕਤਲ ਅਤੇ ਕਤਲ ਦੀ ਕੋਸ਼ਿਸ਼, ਜੂਆ, ਸੱਟੇਬਾਜ਼ੀ ਅਤੇ ਗਬਨ ਵਰਗੇ ਮਾਮਲੇ ਦਰਜ ਕਰਦੀ ਸੀ ਅਤੇ ਰਾਤ ਦੇ ਹਨੇਰੇ ਵਿੱਚ ਉਸੇ ਪੁਲਿਸ ਦੇ ਵੱਡੇ ਅਫਸਰ ਸ਼ੋਏਬ ਖ਼ਾਨ ਦੀ ‘ਪਾਰਟੀ’ ਵਿੱਚ ਸ਼ਰੀਕ ਹੁੰਦੇ ਸਨ।
ਮੈਂ ਸ਼ੋਏਬ ਖ਼ਾਨ ਦੀ ਪ੍ਰੋਫਾਈਲ ਉੱਤੇ ਕਈ ਸਾਲਾਂ ਤੱਕ ਕੰਮ ਕੀਤਾ। ਮੇਰੀ ਜਾਂਚ ਦੇ ਅਨੁਸਾਰ ਸ਼ੋਏਬ ਖ਼ਾਨ ਦੀਆਂ ਚਾਰ ਭੈਣਾਂ ਅਤੇ 6 ਭਰਾ ਸਨ। ਸ਼ੋਏਬ ਖ਼ਾਨ ਜਿਸ ਇਲਾਕੇ ਵਿੱਚ ਵੱਡੇ ਹੋਏ ਸਨ, ਉੱਥੇ ‘ਮੁਖ਼ਤਿਆਰ ਦੀ ਚਾਹ’ ਬਹੁਤ ਹੀ ਮਸ਼ਹੂਰ ਹੋਈ ਸੀ।
ਇਸੇ ਚਾਹ ਦੀ ਦੁਕਾਨ ਉੱਤੇ ਇਲਾਕੇ ਦੇ ਇੱਕ ਬਜ਼ੁਰਗ ਨੇ ਕਈ ਸਾਲ ਪਹਿਲਾਂ ਮੈਨੂੰ ਦੱਸਿਆ ਸੀ ਕਿ ਸ਼ੋਏਬ ਖ਼ਾਨ ਛੋਟੀ ਉਮਰੇ ਹੀ ਬਿਨ੍ਹਾਂ ਕਿਸੇ ਕਾਰਨ ਲੋਕਾਂ ਨਾਲ ਭਿੜ ਜਾਂਦੇ ਸਨ।
ਉਨ੍ਹਾਂ ਨੇ ਕਿਹਾ, “ਉਹ ਥੋੜੇ ਗਰਮ ਸੁਭਾਅ ਦਾ ਮਾਲਕ ਸੀ। ਅੰਦਾਜ਼ਾ ਤਾਂ ਉਸੇ ਜ਼ਮਾਨੇ ਵਿੱਚ ਹੀ ਹੋ ਗਿਆ ਸੀ ਕਿ ਉਹ ਸਿੱਧਾ-ਸਾਧਾ ਜੀਵਨ ਨਹੀਂ ਬਿਤਾਏਗਾ।”
ਖ਼ਬਰ ਸੰਸਥਾ ‘ਉਰਦੂ ਪੁਆਇੰਟ’ ਨੇ 4 ਫਰਵਰੀ, 2005 ਨੂੰ ਆਪਣੀ ਵੈੱਬਸਾਈਟ ਉੱਤੇ ਦੱਸਿਆ ਸੀ ਕਿ ਸ਼ੋਏਬ ਖ਼ਾਨ ਨੇ ਸ਼ੁਰੂ ਵਿੱਚ ਕਰਾਚੀ ਦੇ ਕੇਂਦਰੀ ਇਲਾਕੇ ਅਜ਼ੀਜ਼ਾਬਾਦ ਵਿੱਚ ਮੋਟਰਸਾਈਕਲ ਕਿਰਾਏ ਉੱਤੇ ਦੇਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਕਈ ਵਾਰ ਉਹ ਇਲਾਕੇ ਦੀ ਪੁਲਿਸ ਦੇ ਲਈ ਮੁਖ਼ਬਰੀ ਦਾ ਕੰਮ ਵੀ ਕਰਦੇ ਸਨ।

ਤਸਵੀਰ ਸਰੋਤ, Getty Images
ਹਾਈ ਪ੍ਰੋਫਾਈਲ ਅਪਰਾਧਿਕ ਮਾਮਲਿਆਂ ਵਿੱਚ ਸ਼ੋਏਬ ਖ਼ਾਨ ਅਤੇ ਉਨ੍ਹਾਂ ਵਰਗੇ ਕਈ ਲੋਕਾਂ ਦੇ ਵਕੀਲ ਰਹੇ ਕਾਨੂੰਨ ਦੇ ਇੱਕ ਜਾਣਕਾਰ ਨੇ ਦੱਸਿਆ ਕਿ ਸ਼ੋਏਬ ਦਾ ਪਰਿਵਾਰ ਰੌਸ਼ਨ ਬਾਗ਼ ਦੇ ਕੋਲ ਰਹਿੰਦਾ ਸੀ।
ਇੱਥੇ ਸ਼ੋਏਬ ਖ਼ਾਨ ਦੇ ਭਰਾਵਾਂ ਦੀ ਵੀਸੀਆਰ ਅਤੇ ਵੀਡੀਓ ਕੈਸੇਟਾਂ ਕਿਰਾਏ ’ਤੇ ਦੇਣ ਦੀ ਦੁਕਾਨ ਸੀ, ਜਿਸ ਦਾ ਨਾਮ ‘ਐਸਕੇ ਵੀਡੀਓ’ ਸੀ।
ਪਾਕਿਸਤਾਨ ਦੀ ਇੱਕ ਅੰਗਰੇਜ਼ੀ ਮੈਗਜ਼ੀਨ ‘ਨਿਊਜ਼ਾਲਈਨ’ ਦੇ ਸਤੰਬਰ 2001 ਦੇ ਆਪਣੇ ਅੰਕ ਵਿੱਚ ਪੱਤਰਕਾਰ ਗੁਲਾਮ ਹਸਨੈਨ ਦੇ ਇੱਕ ਖੋਜੀ ਲੇਖ ਦੇ ਅਨੁਸਾਰ ਸ਼ੋਏਬ ਜੂਏ ਅਤੇ ਸੱਟੇਬਾਜ਼ੀ ਦੀ ਧੰਦੇ ਨਾਲ ਜੁੜ ਗਏ ਸਨ।
“ਜੂਆ ਸ਼ੋਏਬ ਖ਼ਾਨ ਦੇ ਲਈ ਬਿਲਕੁਲ ਵੀ ਨਵਾਂ ਨਹੀਂ ਸੀ, ਕਿਉਂਕਿ ਇਹ ਕੰਮ ਸ਼ੋਏਬ ਦੇ ਪਿਤਾ ਅਖ਼ਤਰ ਅਲੀ ਖ਼ਾਨ ਕਈ ਸਾਲਾਂ ਤੋਂ ਕਰ ਰਹੇ ਸਨ।”
ਤਮਗਾ-ਏ-ਸ਼ੁਜਾਅਤ (ਬਹਾਦਰੀ ਪੁਰਸਕਾਰ) ਅਤੇ ਹੋਰ ਕਈ ਰਾਸ਼ਟਰੀ ਅਤੇ ਸਰਕਾਰੀ ਸਨਮਾਨ ਹਾਸਲ ਕਰਨ ਵਾਲੇ ਸਿੰਧ ਪੁਲਿਸ ਦੇ ਸਾਬਕਾ ਐੱਸਪੀ ਫੈਆਜ਼ ਖ਼ਾਨ ਉਨ੍ਹਾਂ ਅਫਸਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਹਿਰਾਸਤ ਦੇ ਦੌਰਾਨ ਸ਼ੋਏਬ ਖ਼ਾਨ ਤੋਂ ਪੁੱਛਗਿੱਛ ਕੀਤੀ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਸ਼ੈਂਟਰਲ ਵਿੱਚ ਸ਼ੋਏਬ ਦੇ ਪਿਤਾ ਤੋਂ ਬਿਨ੍ਹਾਂ ਜੂਆ ਖੇਡਿਆ ਹੀ ਨਹੀਂ ਜਾਂਦਾ ਸੀ।
“ਉਹ ਪੁਲਿਸ ਤੋਂ ਇਜਾਜ਼ਤ ਲੈ ਕੇ ਕਈ ਸਾਲਾਂ ਤੱਕ ਜੂਏ ਦਾ ਅੱਡਾ ਚਲਾਉਂਦੇ ਰਹੇ ਸਨ।”
ਸ਼ੋਏਬ ਖ਼ਾਨ ਨੇ ਪਹਿਲਾ ਕਤਲ ਕਿਸ ਦਾ ਕੀਤਾ ਸੀ?

ਤਸਵੀਰ ਸਰੋਤ, Getty Images
ਸਾਬਕਾ ਐੱਸਪੀ ਫੈਆਜ਼ ਖ਼ਾਨ ਦਾ ਕਹਿਣਾ ਹੈ ਕਿ 1998 ਦੀ ਸ਼ੁਰੂਆਤ ਵਿੱਚ ਜਦੋਂ ਸ਼ੋਏਬ ਖ਼ਾਨ ਨੇ ਜੂਏ ਦੇ ਧੰਦੇ ਵਿੱਚ ਕਦਮ ਰੱਖਿਆ ਸੀ, ਉਦੋਂ ਤੱਕ ਸ਼ੋਏਬ ਖ਼ਾਨ ਅਤੇ ਖਾਲਿਦ ਸ਼ਹਿਨਸ਼ਾਹ ਦੀ ਦੋਸਤੀ ਬਹੁਤ ਪੁਰਾਣੀ ਹੋ ਚੁੱਕੀ ਸੀ।
ਖਾਲਿਦ ਸ਼ਹਿਨਸ਼ਾਹ ਆਪ ਵੀ ਕਰੀਮਾਬਾਦ ’ਚ ‘ਰਮੀ ਕਲੱਬ’ ਦੀ ਆੜ ਹੇਠ ਜੂਏ ਦਾ ਅੱਡਾ ਚਲਾਉਂਦੇ ਸਨ। ਖਾਲਿਦ ਪੀਪਲਜ਼ ਪਾਰਟੀ ਅਤੇ ਪਾਰਟੀ ਦੇ ਵਿਦਿਆਰਥੀ ਸੰਗਠਨ ਪੀਐੱਸਐੱਫ਼ (ਪੀਪਲਜ਼ ਸਟੂਡੈਂਟਸ ਫੈਡਰੇਸ਼ਨ) ਦੇ ਵੱਡੇ ਅਧਿਕਾਰੀ ਅਤੇ ਪਾਰਟੀ ਦੇ ਹਥਿਆਰਬੰਦ ਵਿੰਗ ‘ਅਲ-ਜ਼ੁਲਫੀਕਾਰ’ ਦੇ ਕਰੀਬੀ ਰਹੇ ਸਨ।
ਖਾਲਿਦ ਸ਼ਹਿਨਸ਼ਾਹ ਬੇਨਜ਼ੀਰ ਭੁੱਟੋ ਦੇ ਨਿੱਜੀ ਸੁਰੱਖਿਆ ਕਰਮਚਾਰੀਆਂ ਵਿੱਚ ਵੀ ਸ਼ਾਮਲ ਰਹੇ ਸਨ ਅਤੇ ਬੇਨਜ਼ੀਰ ਦੇ ਕਤਲ ਮੌਕੇ ਵੀ ਉਨ੍ਹਾਂ ਦੇ ਹੀ ਨਾਲ ਸਨ।
ਪੁਲਿਸ, ਥਾਣਾ, ਕਚਿਹਰੀ ਅਤੇ ਮੁਕੱਦਮਾ, ਇਹ ਸਭ ਸ਼ੋਏਬ ਦੀ ਤਰ੍ਹਾਂ ਖਾਲਿਦ ਦੇ ਲਈ ਵੀ ਆਮ ਗੱਲ ਸੀ।
ਇੱਕ ਦਿਨ ਕਿਸੇ ਕੇਸ ਵਿੱਚ ਸ਼ੋਏਬ ਖ਼ਾਨ ਅਤੇ ਖਾਲਿਦ ਸ਼ਹਿਨਸ਼ਾਹ ਸਦਰ ਦੇ ਇਲਾਕੇ (ਥਾਣਾ ਪਰੇਡੀ ਦੀ ਸੀਮਾ ਵਿੱਚ) ਮੁਹੰਮਦ ਅਲੀ ਜਿਨਹਾ ਰੋਡ ’ਤੇ ਸਥਿਤ ਕਿਸੇ ਵਕੀਲ ਦੇ ਦਫ਼ਤਰ ਵਿਖੇ ਪਹੁੰਚੇ। ਉੱਥੇ ਹੀ ਕਿਸੇ ਹੋਰ ਵਿਅਕਤੀ ਇਕਬਾਲ ਨਿਆਜ਼ੀ ਦੀ ਖਾਲਿਦ ਨਾਲ ਲੜਾਈ ਹੋ ਗਈ।
ਜਦੋਂ ਇਕਬਾਲ ਨਿਆਜ਼ੀ ਨੇ ਖਾਲਿਦ ਨੂੰ ਗਾਲਾਂ ਕੱਢੀਆਂ ਤਾਂ ਸ਼ੋਏਬ ਖ਼ਾਨ ਨੇ ਅਚਾਨਕ ਹੀ ਇਕਬਾਲ ਨਿਆਜ਼ੀ ਦੇ ਗੋਲੀ ਮਾਰ ਦਿੱਤੀ। ਇਕਬਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸ਼ੋਏਬ ਖ਼ਾਨ ਹੱਥੋਂ ਹੋਇਆ ਪਹਿਲਾ ਕਤਲ ਸੀ।
ਉਸ ਸਮੇਂ ਲਿਆਕਤਾਬਾਦ ’ਚ ਵੀ ਆਪਸੀ ਰੰਜਿਸ਼ ਦੇ ਕਾਰਨ ਕਿਸੇ ਦਾ ਕਤਲ ਹੋਇਆ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ ਵੀ ਸ਼ੋਏਬ ਖ਼ਾਨ ਨੇ ਹੀ ਕੀਤਾ ਹੈ।
‘ਡੌਨ’ ਬਣਨ ਦੀ ਇੱਛਾ

ਤਸਵੀਰ ਸਰੋਤ, Getty Images
ਹੋਰ ਜਾਂਚ ਅਧਿਕਾਰੀਆਂ ਦੇ ਅਨੁਸਾਰ, “ਅਪਰਾਧ ਅਤੇ ਹਿੰਸਾ ਦਾ ਰਾਹ ਚੁਣਨ ਵਾਲੇ ਸ਼ੋਏਬ ਖਾਨ ਨੇ ਆਪਣਾ ਕਾਰੋਬਾਰ ਵਧਾਉਣ ਦੇ ਲਈ ਪੁਲਿਸ ਦੇ ਵੱਡੇ-ਵੱਡੇ ਅਫ਼ਸਰਾਂ ਦੇ ਨਾਲ-ਨਾਲ ਸਿਆਸੀ, ਸਮਾਜਿਕ, ਕਾਰੋਬਾਰੀ ਅਤੇ ਮਸ਼ਹੂਰ ਲੋਕਾਂ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਉਨ੍ਹਾਂ ਲਈ ਵਿਸ਼ੇਸ਼ ਪਾਰਟੀਆਂ ਵੀ ਰੱਖਣ ਲੱਗੇ ਸਨ।”
ਬੀਬੀਸੀ ਉਰਦੂ ਦੀ 27 ਜਨਵਰੀ, 2005 ਦੀ ਰਿਪੋਰਟ ’ਚ ਪੱਤਰਕਾਰ ਏਜਾਜ਼ ਮੇਹਰ ਨੇ ਦੱਸਿਆ ਸੀ ਕਿ ਉਸ ਸਮੇਂ ਦੇ ਸਿੰਧ ਦੇ ਮੁੱਖ ਮੰਤਰੀ ਅਰਬਾਬ ਰਹੀਮ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਲੀਡਰਸ਼ਿਪ ਦੇ ਕੁਝ ਸੀਨੀਅਰ ਅਧਿਕਾਰੀਆਂ ਦਾ ਸ਼ੋਏਬ ਖ਼ਾਨ ਨਾਲ ਉੱਠਣਾ-ਬੈਠਣਾ ਸੀ।
ਹਾਲਾਂਕਿ ਪੁਲਿਸ ਅਧਿਕਾਰੀਆਂ ਨਾਲ ਨਜ਼ਦੀਕੀ ਸਬੰਧਾਂ ਦੇ ਬਾਵਜੂਦ ਸ਼ੋਏਬ ਖ਼ਾਨ ਦੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਜੂਏ ਅਤੇ ਸੱਟੇਬਾਜ਼ੀ ਦੇ ਮਾਮਲੇ ਦਰਜ ਹੁੰਦੇ ਰਹੇ ਸਨ।
ਇਨ੍ਹਾਂ ਮਾਮਲਿਆਂ ’ਚ ਹੀ ਕਈ ਵਾਰ ਸ਼ੋਏਬ ਨੇ ਜੇਲ੍ਹ ਅਤੇ ਹਵਾਲਾਤ ਦੀ ਹਵਾ ਵੀ ਖਾਧੀ। ਉਦੋਂ ਹੀ ਇੱਕ ਵਾਰ ਜੇਲ੍ਹ ’ਚ ਸ਼ੋਏਬ ਖ਼ਾਨ ਦੀ ਮੁਲਾਕਾਤ ਅਸਲਮ ਨਾਥਾ ਨਾਲ ਹੋਈ ਸੀ।
ਫੈਆਜ਼ ਖ਼ਾਨ ਨੇ ਦੱਸਿਆ ਕਿ ਸ਼ਰਾਬ, ਜੂਆ, ਸੱਟਾ, ਹਫ਼ਤਾ, ਕਤਲ, ਡਕੈਤੀ, ਜਾਇਦਾਦਾਂ ’ਤੇ ਕਬਜ਼ੇ ਅਤੇ ਹੋਰ ਕਈ ਅਪਰਾਧਾਂ ’ਚ ਪੂਰੀ ਤਰ੍ਹਾਂ ਨਾਲ ਫਸੇ ਹੋਏ ਅਸਲਮ ਨਾਥਾ ਕਰਾਚੀ ਵਿੱਚ ‘ਜੂਏ ਦਾ ਕਿੰਗ’ ਕਹਿਲਾਉਂਦੇ ਸਨ।
ਉਨ੍ਹਾਂ ਦਾ ਕਹਿਣਾ ਹੈ, “ਭਾਵੇਂ ਗੈਰ-ਕਾਨੂੰਨੀ ਕਾਰੋਬਾਰ ਹੋਵੇ ਜਾਂ ਫਿਰ ਉਨ੍ਹਾਂ ਦੀ ਸੁਰੱਖਿਆ ਕਰਨ ਵਾਲੇ ਭ੍ਰਿਸ਼ਟ ਪੁਲਿਸ ਅਧਿਕਾਰੀ, ਮੁਹੱਲੇ ਦੇ ਬਦਮਾਸ਼ ਹੋਣ ਜਾਂ ਆਦਤਨ ਅਪਰਾਧੀ… ਜਾਂ ਤਾਂ ਸਾਰੇ ਹੀ ਅਸਲਮ ਨਾਥਾ ਨੂੰ ਜਾਣਦੇ ਸਨ ਜਾਂ ਅਸਲਮ ਨਾਥਾ ਸਾਰਿਆਂ ਨੂੰ ਜਾਣਦੇ ਸਨ। ਇਨ੍ਹਾਂ ਹੀ ਨਹੀਂ ਟੀਵੀ ਅਦਾਕਾਰ ਅਤੇ ਇਸ਼ਤਿਹਾਰਾਂ ’ਚ ਟੀਵੀ ’ਤੇ ਵਿਖਾਈ ਦੇਣ ਵਾਲੀਆਂ ਮਾਡਲਾਂ ਅਤੇ ਅਭਿਨੇਤਰੀਆਂ … ਅਸਲਮ ਨਾਥਾ ਦੀ ਪਹੁੰਚ ਹਰ ਕਿਸੇ ਤੱਕ ਸੀ।”

ਤਸਵੀਰ ਸਰੋਤ, Getty Images
ਅਸਲਮ ਨਾਥਾ ਜਿਸ ਧੰਦੇ ’ਚ ਸਨ, ਉਸ ’ਚ ਦੋਸਤੀ ਹੀ ਨਹੀਂ ਦੁਸ਼ਮਣੀ ਵੀ ਹੁੰਦੀ ਹੈ। ਇਸ ਲਈ ਅਸਲਮ ਨਾਥਾ ਦੇ ਵੀ ਕਈ ਦੁਸ਼ਮਣ ਸਨ।
ਫੈਆਜ਼ ਖ਼ਾਨ ਨੇ ਦੱਸਿਆ ਕਿ ਅਜਿਹੇ ਹੀ ਇੱਕ ਦੁਸ਼ਮਣ ਨੇ ਮੌਕਾ ਵੇਖਦੇ ਹੀ ਅਸਲਮ ਨਾਥਾ ’ਤੇ ਹਮਲਾ ਕੀਤਾ।
ਹੁਣ ਇਹ ਮਹਿਜ਼ ਇਤਫ਼ਾਕ ਸੀ ਜਾਂ ਕਿਸਮਤ ਕਿ ਸ਼ੋਏਬ ਖ਼ਾਨ ਵੀ ਉਸ ਸਮੇਂ ਉੱਥੇ ਹੀ ਮੌਜੂਦ ਸਨ।
ਉਨ੍ਹਾਂ ਦਾ ਕਹਿਣਾ ਹੈ, “ਜਦੋਂ ਨਾਥਾ ’ਤੇ ਹਮਲਾ ਹੋਇਆ ਤਾਂ ਸ਼ੋਏਬ ਖ਼ਾਨ ਨੇ ਨਾਥਾ ਨੂੰ ਬਚਾਇਆ ਵੀ ਅਤੇ ਨਾਲ ਹੀ ਹਮਲਾਵਰ ਕੈਦੀਆਂ ਨਾਲ ਲੜਾਈ ਵੀ ਕੀਤੀ। ਉਦੋਂ ਹੀ ਨਾਥਾ ਦੀਆਂ ਪਾਰਖੀ ਨਜ਼ਰਾਂ ਨੇ ਸ਼ੋਏਬ ਦੀ ‘ਪ੍ਰਤਿਭਾ’ ਨੂੰ ਸਮਝ ਲਿਆ ਸੀ।”
ਫੈਆਜ਼ ਦਾ ਕਹਿਣਾ ਹੈ ਕਿ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਸ਼ੋਏਬ ਨੇ ਨਾਥਾ ਦੇ ਦੁਸ਼ਮਣਾਂ ਨਾਲ ਲੜਾਈ ਮੁੱਲ ਲਈ। ਦੋਵਾਂ ਵਿਚਾਲੇ ਨੇੜਤਾ ਅਤੇ ਭਰੋਸਾ ਇੰਨਾ ਵੱਧ ਗਿਆ ਸੀ ਕਿ ਅਸਲਮ ਨਾਥਾ ਨੇ ਆਰਸ਼ੀ ਸਿਨੇਮਾ ਦੇ ਕੋਲ ਸਥਿਤ ਆਪਣੇ ਜੂਏ ਦੇ ਅੱਡੇ ਦਾ ਕਾਰੋਬਾਰ ਸ਼ੋਏਬ ਨੂੰ ਸੌਂਪ ਦਿੱਤਾ ਸੀ।
ਦੂਜੇ ਪਾਸੇ ਸ਼ੋਏਬ ਨੂੰ ਹੌਲੀ-ਹੌਲੀ ਇਹ ਅਹਿਸਾਸ ਹੋਇਆ ਕਿ ਉਹ ਤਾਂ ਸਿਰਫ ਇੱਕ ਕਰਿੰਦਾ ਹੀ ਹੈ ਅਸਲ ‘ਡੌਨ’ ਤਾਂ ਅਸਲਮ ਨਾਥਾ ਹੈ।
ਇਸ ਤੋਂ ਬਾਅਦ ਅਸਲਮ ਨਾਥਾ ਦੀ ਥਾਂ ਖੁਦ ਡੌਨ ਬਣਨ ਦੀ ਇੱਛਾ ਅਤੇ ਸ਼ਹਿਰ ’ਚ ਆਪਣਾ ਸਿੱਕਾ ਚਲਾਉਣ ਦੀ ਲਾਲਸਾ ਨੇ ਹੌਲੀ-ਹਲੀ ਸ਼ੋਏਬ ਅਤੇ ਅਸਲਮ ਦਰਮਿਆਨ ਦਰਾੜ ਪੈਦਾ ਕਰ ਦਿੱਤੀ।
ਹਾਲਾਤ ਇਹ ਬਣ ਗਏ ਕਿ ਸ਼ੋਏਬ ਨੇ 13 ਜੂਨ, 1995 ਨੂੰ ਅਸਲਮ ਨਾਥਾ ਦਾ ਹੀ ਕਤਲ ਕਰਵਾ ਦਿੱਤਾ।
ਬੀਬੀਸੀ ਉਰਦੂ ਨੇ 27 ਜਨਵਰੀ, 2005 ਦੀ ਆਪਣੀ ਰਿਪੋਰਟ ’ਚ ਦੱਸਿਆ ਸੀ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੋਏਬ ਖ਼ਾਨ ਅਸਲਮ ਨਾਥਾ ਦੇ ਕਤਲ ਵਿੱਚ ਸ਼ਾਮਲ ਸਨ।
ਨਾਥਾ ਦੀ ਮੌਤ ਤੋਂ ਬਾਅਦ ਜੂਏ ਦੇ ਧੰਦੇ ਨੇ ਇੱਕ ਹੋਰ ਮੋੜ ਲਿਆ। ਸ਼ਹਿਰ ਦੇ ਇੱਕ ਸਾਬਕਾ ਪੁਲਿਸ ਮੁਖੀ ਨੇ ਦੱਸਿਆ ਕਿ ਇਹ ਉਹ ਜ਼ਮਾਨਾ ਸੀ ਜਦੋਂ ਭਾਰਤ ’ਚ ਜੂਏਬਾਜ਼ਾਂ ਨੇ ਕ੍ਰਿਕਟ ਮੈਚ ’ਚ ਜੂਏ ਦੀ ‘ਬੁੱਕ’ ਦੀ ਸ਼ੁਰੂਆਤ ਕਰਵਾਈ ਸੀ।
ਇਸ ਅਧਿਕਾਰੀ ਦਾ ਕਹਿਣਾ ਹੈ ਕਿ “ਤੁਰੰਤ ਹੀ ਇਹ ‘ਫੈਸ਼ਨ’ ਕਰਾਚੀ ਵਿੱਚ ਵੀ ਪਹੁੰਚ ਗਿਆ। ਇੱਥੇ ਵੀ ਮਸ਼ਹੂਰ ਜੂਏਬਾਜ਼ ‘ਬੁਕੀ’ ਬਣ ਗਏ ਸਨ ਤਾਂ ਕਰਾਚੀ ਅੰਡਰਵਰਲਡ ਨੇ ਵੀ ਬੁੱਕ ਦੇ ਜ਼ਰੀਏ ਕ੍ਰਿਕਟ ਨਾਲ ਸਬੰਧਤ ਜੂਏ ਨੂੰ ਅਸਮਾਨੀਂ ਪਹੁੰਚਾ ਦਿੱਤਾ ਸੀ। ਇਹ ਕਰਾਚੀ ਅੰਡਰਵਰਲਡ ਕਾਰੋਬਾਰੀ ਸਾਮਰਾਜ ਦਾ ਨਵਾਂ ਉੱਦਮ ਸੀ।”
ਫੈਆਜ਼ ਖ਼ਾਨ ਨੇ ਦੱਸਿਆ ਕਿ ਉਸ ਸਮੇਂ ਤੱਕ ਸ਼ੋਏਬ ਖ਼ਾਨ ਕਰਾਚੀ ’ਚ ਜੂਏ ਅਤੇ ਸੱਟੇਬਾਜ਼ੀ ਦੇ ਕਾਰੋਬਾਰ ’ਤੇ ਪੂਰੀ ਤਰ੍ਹਾਂ ਨਾਲ ਆਪਣਾ ਦਬਦਬਾ ਕਾਇਮ ਕਰ ਚੁੱਕਿਆ ਸੀ।
ਉਨ੍ਹਾਂ ਦਾ ਕਹਿਣਾ ਹੈ, “ ਕ੍ਰਿਕਟ ਬੁਕਸ ’ਤੇ ਵੀ ਸ਼ੋਏਬ ਨੇ ਕੰਟਰੋਲ ਕਰਨ ਦਾ ਯਤਨ ਕੀਤਾ ਅਤੇ ਕਾਫੀ ਹੱਦ ਤੱਕ ਉਹ ਸਫਲ ਵੀ ਰਹੇ, ਪਰ ਅਸਲਮ ਨਾਥਾ ਦੇ ਕਤਲ ਤੋਂ ਬਾਅਦ ਸ਼ੋਏਬ ਖ਼ਾਨ ਨੂੰ ਨਾਥਾ ਦੇ ਦੋਸਤਾਂ ਤੋਂ ਬਹੁਤ ਖ਼ਤਰਾ ਵੀ ਸੀ।”
ਉਨ੍ਹਾਂ ’ਚੋਂ ਸਭ ਤੋਂ ਵੱਡਾ ਨਾਮ ਸੀ ਮੁਨਾਫ਼ ਪਰੇਡੀ। ਮੁਨਾਫ਼ ਸਦਰ ਸਥਿਤ ਪਰੇਡੀ ਪੁਲਿਸ ਲਾਈਨ ਦੇ ਸਬ ਇੰਸਪੈਕਟਰ ਅਬਦੁੱਲ ਰਸੂਲ ਖ਼ਾਨਜ਼ਾਦਾ ਦੇ ਚਾਰ ਪੁੱਤਰਾਂ ’ਚੋਂ ਇੱਕ ਸਨ।
ਇਹ ਚਾਰੇ ਭਰਾ- ਖਾਲਿਦ, ਮੁਨਾਫ਼, ਮੁਰਾਦ ਅਤੇ ਇਦਰੀਸ ਅੰਡਰਵਰਲਡ ਅਤੇ ਗੈਂਗ ਵਾਰ ਵਰਗੇ ਵਿਵਾਦਾਂ ’ਚ ਮਾਰੇ ਗਏ ਸਨ।
ਇਹ ਪਰਿਵਾਰ ਪਰੇਡੀ ਪੁਲਿਸ ਲਾਈਨ ’ਚ ਰਹਿੰਦਾ ਸੀ। ਹਮਲਾਵਰ ਸੁਭਾਅ ਦੇ ਮਾਲਕ ਇਹ ਚਾਰੋਂ ਭਰਾ ਇੰਨੇ ਤਾਕਤਵਰ ਸਨ ਕਿ ਸਿਆਸੀ ਪਾਰਟੀਆਂ ਖਾਸ ਕਰਕੇ ਐਮਕਿਊਐਮ ਵਰਗੀਆਂ ਪਾਰਟੀਆਂ ਨੂੰ ਵੀ ਪੱਲਾ ਨਹੀਂ ਫੜਉਂਦੇ ਸਨ।
ਫੈਆਜ਼ ਖ਼ਾਨ ਦਾ ਕਹਿਣਾ ਹੈ ਕਿ “ਮੁਨਾਫ਼ ਪਰੇਡੀ ਦਾ ਕਤਲ ਸ਼ੋਏਬ ਖ਼ਾਨ ਨੇ ਆਪਣੇ ਉਨ੍ਹਾਂ ਗੁੰਡਿਆ ਦੇ ਹੱਥੋਂ ਕਰਵਾਇਆ ਸੀ, ਜੋ ਖੁਦ ਐਮਕਿਊਐਮ ਦੇ ਹੀ ਹਥਿਆਰਬੰਦ ਵਿੰਗ ਨਾਲ ਸਬੰਧ ਰੱਖਦੇ ਸਨ ਅਤੇ ਲਾਈਨਜ਼ ਏਰੀਆ ਸੈਕਟਰ ਨਾਲ ਜੁੜੇ ਹੋਏ ਸਨ।”

ਤਸਵੀਰ ਸਰੋਤ, Getty Images
ਮੈਂ ਇਸ ਸਬੰਧੀ ਪ੍ਰਤੀਕਿਰਿਆ ਲੈਨ ਲਈ ਐੱਮਕਿਊਐੱਮ ਦੇ ਸੈਨੇਟਰ ਫੈਜ਼ਲ ਸਬਜ਼ਵਾਰੀ ਨਾਲ ਗੱਲ ਕੀਤੀ।
ਉਨ੍ਹਾਂ ਦਾ ਕਹਿਣਾ ਹੈ, “ ਇੱਹ ਸੱਚ ਹੈ ਕਿ ਸੰਗਠਨ ਵਿੱਚ ਕੁਝ ਸਮਾਜ ਵਿਰੋਧੀ ਅਨਸਰ ਜ਼ਰੂਰ ਸ਼ਾਮਲ ਹੋਏ ਸਨ, ਪਰ ਉਨ੍ਹਾਂ ਦੀਆ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ’ਤੇ ਤੁਰੰਤ ਉਨ੍ਹਾਂ ਨੂੰ ਸੰਗਠਨ ਤੋਂ ਬਾਹਰ ਕਰ ਦਿੱਤਾ ਗਿਆ ਸੀ।”
“ਉਨ੍ਹਾਂ ’ਚੋਂ ਕੁਝ ਜਣਿਆਂ ਬਾਰੇ ਅਸੀਂ ਇਹ ਵੀ ਸੁਣਦੇ ਸੀ, ਕਿ ਉਹ ਸ਼ਏਬ ਖ਼ਾਨ ਨਾਲ ਮਿਲ ਗਏ ਹਨ ਪਰ ਸ਼ੋਏਬ ਖ਼ਾਨ ਦੀ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਸਰਗਰਮੀ ਜਾਂ ਉਨ੍ਹਾਂ ਦੇ ਕਿਸੇ ਵੀ ਧੰਦੇ ਦਾ ਐੱਮਕਿਊਐੱਮ ਨਾਲ ਕੋਈ ਲੈਣਾ-ਦੇਣਾ ਨਹੀਂ ਰਿਹਾ।”
ਇਹ ਸਭ ਕੁਝ ਬਹੁਤ ਹੀ ਨੇੜਿਓਂ ਵੇਖਣ ਵਾਲੇ ਕਈ ਸੂਤਰਾਂ ਦੇ ਅਨੁਸਾਰ ਇਸ ਦੌਰਾਨ ਸ਼ੋਏਬ ਖ਼ਾਨ ਸਿਆਸੀ ਪਾਰਟੀਆਂ ਦੇ ਹਥਿਆਰਬੰਦ ਵਿੰਗ, ਪੁਲਿਸ ਅਤੇ ਖੁਫ਼ੀਆ ਏਜੰਸੀਆਂ ਦੇ ‘ਵੱਡਿਆਂ’ ਨਾਲ ਮਿਲ ਕੇ ਜੂਏ ਦੇ ਧੰਦੇ ਨੂੰ ਵਧਾ ਰਹੇ ਸਨ।
“ਉਨ੍ਹਾਂ ਦੀ ਰਾਹ ’ਚ ਜੋ ਕੋਈ ਵੀ ਆਇਆ, ਜਾਂ ਤਾਂ ਉਹ ਸ਼ੋਏਬ ਖ਼ਾਨ ਦੇ ਪੈਸੇ ਦਾ ਮੁਕਾਬਲਾ ਨਾ ਕਰ ਸਕਿਆ ਜਾਂ ਫਿਰ ਸ਼ੋਏਬ ਖ਼ਾਨ ਤਾਕਤ ਦੇ ਜ਼ੋਰ ’ਤੇ ਹਰ ਕਿਸੇ ਨਾਲ ਨਜਿੱਠਦੇ ਹੋਏ ਅੱਡੇ ’ਤੇ ਅੱਡਾ ਖੋਲ੍ਹਦੇ ਰਹੇ।”
“ਪੁਲਿਸ ਹੋਵੇ ਜਾਂ ਫਿਰ ਹੋਰ ਸਰਕਾਰੀ ਅਦਾਰੇ, ਸਾਰਿਆਂ ਦੇ ਉੱਚ ਅਧਿਕਾਰੀ ਤਾਂ ਸਿਰਫ ਆਪਣੇ ਹਿੱਸੇ ਨਾਲ ਖੁਸ਼ ਸਨ। ਇੱਥੋਂ ਤੱਕ ਕਿ ਪੁਲਿਸ ਅਫ਼ਸਰ ਆਪਣੇ ਤਬਾਦਲੇ ਦੇ ਲਈ ਰਿਸ਼ਵਤ ਦੇ ਪੈਸੇ ਵੀ ਸ਼ੋਏਬ ਖ਼ਾਨ ਤੋਂ ਮੰਗਦੇ ਸਨ।”
ਦਾਊਦ ਇਬਰਾਹਿਮ ਤੋਂ ਪ੍ਰਭਾਵਿਤ

ਤਸਵੀਰ ਸਰੋਤ, Getty Images
ਫੈਆਜ਼ ਖ਼ਾਨ ਦੱਸਦੇ ਹਨ ਕਿ ਸ਼ੋਏਬ ਖ਼ਾਨ ਨੂੰ ਮੇਮਨ ਜੂਏਬਾਜ਼ਾਂ ਦੇ ਜ਼ਰੀਏ ਕ੍ਰਿਕਟ ਬੁਕਸ ਦੇ ਕੌਮਾਂਤਰੀ ਬਾਦਸ਼ਾਹ ਅਤੇ ਮੁਬੰਈ ਅੰਡਰਵਰਲਡ ਦੇ ਕਿੰਗ ਦਾਊਦ ਇਬਰਾਹਿਮ ਦੇ ਬਾਰੇ ਜਾਣਕਾਰੀ ਮਿਲੀ ਸੀ।
ਮੀਡੀਆ ਦੇ ਅਨੁਸਾਰ ਦਾਊਦ ਇਬਰਾਹਿਮ 12 ਮਾਰਚ, 1993 ਨੂੰ ਮੁਬੰਈ ’ਤੇ ਹੋਏ 12 ਬੰਬ ਹਮਲਿਆਂ ਦੇ ਮੁਖ ਦੋਸ਼ੀ ਸਨ। ਇਨ੍ਹਾਂ ਹਮਲਿਆਂ ’ਚ 257 ਲੋਕ ਮਾਰੇ ਗਏ ਸਨ ਅਤੇ 1400 ਤੋਂ ਵੀ ਵੱਧ ਨਾਗਰਿਕ ਜ਼ਖਮੀ ਹੋਏ ਸਨ।
ਮੇਮਨ ਸੇਠਾਂ ਨੇ ਜੋ ਨਕਸ਼ਾ ਖਿੱਚਿਆ ਉਸ ਤੋਂ ਸ਼ੋਏਬ ਨੂੰ ਅੰਦਾਜ਼ਾ ਲੱਗ ਗਿਆ ਸੀ ਕਿ ਜੇਕਰ ਆਪਣੇ ਕਾਰੋਬਾਰ, ਤਾਕਤ ਅਤੇ ਪੈਸੇ ਵਿੱਚ ਇਜ਼ਾਫਾ ਕਰਨਾ ਹੈ ਤਾਂ ਦਾਊਦ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ, ਜੋ ਕਿ ਉਸ ਸਮੇਂ ਦੁਬਈ ਵਿੱਚ ਰਹਿੰਦੇ ਸਨ।
ਕਾਰੋਬਾਰ ਨੂੰ ਵਧਾਉਣ ਦਾ ਇਹੀ ਵਿਚਾਰ ਸ਼ੋਏਬ ਨੂੰ 1992 ’ਚ ਦੁਬਈ ਲੈ ਗਿਆ। ਇੱਥੇ ਇੱਕ ਸਾਂਝੇ ਦੋਸਤ ਤੌਫ਼ੀਕ ਮੇਮਨ ਨੇ ਸ਼ੋਏਬ ਖ਼ਾਨ ਨੂੰ ਦਾਊਦ ਇਬਰਾਹਿਮ ਤੱਕ ਪਹੁੰਚਾ ਵੀ ਦਿੱਤਾ।
‘ਨਿਊਜ਼ਲਾਈਨ’ ਦੇ ਅਨੁਸਾਰ ਸ਼ੋਏਬ ਖ਼ਾਨ ਸਾਲ 1998 ਤੱਕ ਜੂਏ ਦਾ ਇੱਕ ਅੱਡਾ ਦੁਬਈ ਵਿਖੇ ਵੀ ਚਲਾਉਂਦੇ ਰਹੇ ਸਨ। ਪਰ ਇੱਕ ਦਿਨ ਇਸ ਅੱਡੇ ’ਤੇ ਜੂਆ ਖੇਡਦਿਆਂ ਵੱਡੀ ਰਕਮ ਜਿੱਤਣ ਵਾਲੇ ਇਰਫ਼ਾਨ ਗੋਗਾ ਨਾਲ ਹੋਈ ਲੜਾਈ ਤੋਂ ਬਾਅਦ ਸ਼ੋਏਬ ਖ਼ਾਨ ਨੇ ਉਸ ਦਾ ਵੀ ਕਤਲ ਕਰ ਦਿੱਤਾ ਸੀ। ਗੋਗਾ ਦੀ ਲਾਸ਼ ਤਾਂ ਕਦੇ ਨਾ ਮਿਲੀ, ਪਰ ਉਨ੍ਹਾਂ ਦੀ ਕਾਰ ਦੁਬਈ ਦੇ ਹਵਾਈ ਅੱਡੇ ਦੀ ਪਾਰਕਿੰਗ ’ਚ ਖੜ੍ਹੀ ਮਿਲੀ ਸੀ।
ਪੀਐਐੱਫ਼ (ਪਾਕਿਸਤਾਨ ਸਾਇੰਸ ਫਾਊਂਡੇਸ਼ਨ) ਕਰਾਚੀ ਦੀ 1990 ਦੀ ਅਗਵਾਈ ਵਿੱਚ ਸ਼ਾਮਲ ਰਹੇ ਮੇਰੇ ਅਤੇ ਸ਼ੋਏਬ ਖ਼ਾਨ ਦੇ ਇੱਕ ਦੋਸਤ ਨੇ ਦੱਸਿਆ ਕਿ ਗੋਗਾ ਦੀ ਲਾਸ਼ ਮਿਲ ਵੀ ਨਹੀਂ ਸਕਦੀ ਸੀ। “ ਸ਼ੋਏਬ ਨੇ ਉਸ ਨੂੰ ਤੇਜ਼ਾਬ ਨਾਲ ਭਰੇ ਡਰੰਮ ’ਚ ਸੁੱਟ ਦਿੱਤਾ ਸੀ।”
ਗੋਗਾ ਦਾਊਦ ਇਬਰਾਹਿਮ ਦੇ ਵੀ ਮਿੱਤਰ ਸਨ।
ਦਾਊਦ ਇਬਰਾਹਿਮ ਵੱਲੋਂ ਕੀਤੀ ਗਈ ਪੁੱਛਗਿੱਛ ’ਚ ਸ਼ੋਏਬ ਨੇ ਦੱਸਿਆ ਸੀ ਕਿ ਗੋਗਾ ਅਸਲ ’ਚ ਦਾਊਦ ਦੇ ਬਾਰੇ ’ਚ ਕੁਝ ਅਜਿਹੀਆਂ ਗੱਲਾਂ ਕਰ ਰਹੇ ਸਨ ਜੋ ਕਿ ਉਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਸਨ ਅਤੇ ਉਨ੍ਹਾਂ ਨੇ ਗੁੱਸੇ ’ਚ ਗੋਗਾ ਨੂੰ ਮਾਰ ਦਿੱਤਾ।
ਉਦੋਂ ਤੱਕ ਦਾਊਦ ਇਬਰਾਹਿਮ ਦੇ ਲਈ ਉਨ੍ਹਾਂ ਦੇ ਹੀ ਸਭ ਤੋਂ ਕਰੀਬੀ ਸਾਥੀ ਛੋਟਾ ਰਾਜਨ ਉਨ੍ਹਾਂ ਦੇ ਦੁਸ਼ਮਣ ਬਣ ਗਏ ਸਨ ਅਤੇ ਦਾਊਦ ਨੂੰ ਵੀ ਸ਼ੋਏਬ ਖ਼ਾਨ ਵਰਗੇ ਭਰੋਸੇਮੰਦ ਅਤੇ ‘ਟੈਲੇਂਟਿਡ’ ਦੋਸਤਾਂ ਦੀ ਲੋੜ ਸੀ।

ਤਸਵੀਰ ਸਰੋਤ, Getty Images
ਜਦੋਂ ਗੋਗਾ ਦੇ ਕਤਲ ਦਾ ਮਾਮਲਾ ਗੰਭੀਰ ਹੋਣ ਲੱਗਾ ਤਾਂ ਇਸ ਤੋਂ ਪਹਿਲਾਂ ਕਿ ਦੁਬਈ ਦੇ ਅਧਿਕਾਰੀ ਸ਼ੋਏਬ ਨੂੰ ਗ੍ਰਿਫਤਾਰ ਕਰਦੇ, ਉਹ ਪਹਿਲਾਂ ਹੀ ਫਰਾਰ ਹੋ ਕੇ ਵਾਪਸ ਕਰਾਚੀ ਚਲੇ ਗਏ।
ਇਧਰ ਭਾਰਤ ਸਰਕਾਰ ਵੱਲੋਂ ਮੋਸਟ ਵਾਂਟੇਡ ਦਾਊਦ ਇਬਰਾਹਿਮ ਨੂੰ ਇੰਟਰਪੋਲ ਦੇ ਜ਼ਰੀਏ ਦੁਬਈ ਤੋਂ ਹਿਰਾਸਤ ’ਚ ਲੈਣ ਦੀਆਂ ਤੇਜ਼ ਹੁੰਦੀਆਂ ਕੋਸ਼ਿਸ਼ਾਂ ਨੇ ਦਾਊਦ ਇਬਰਾਹਿਮ ਦੀ ਦਿਲਚਸਪੀ ਵੀ ਕਰਾਚੀ ’ਚ ਵਧਾ ਦਿੱਤੀ ਸੀ। ‘ਨਿਊਜ਼ਲਾਈਨ’ ਦੇ ਅਨੁਸਾਰ ਦਾਊਦ ਇਬਰਾਹਿਮ ਵੀ ਕਰਾਚੀ ਆ ਗਏ ਸਨ।
ਦੂਜੇ ਪਾਸੇ ਛੋਟਾ ਰਾਜਨ ਕਥਿਤ ਤੌਰ ’ਤੇ ਭਾਰਤੀ ਖੁਫ਼ੀਆ ਏਜੰਸੀਆਂ ਨਾਲ ਹੱਥ ਮਿਲਾ ਕੇ ਦਾਊਦ ਦੇ ਖਿਲਾਫ ਆਪਣਾ ਗੈਂਗ ਬਣਾ ਚੁੱਕੇ ਸਨ। ਉਹ ਬੈਂਕਾਕ ’ਚ ਆਪਣੇ ਇੱਕ ਭਰੋਸੇਮੰਦ ਸਾਥੀ ਅਤੇ ਚੋਟੀ ਦੇ ਨਿਸ਼ਾਨੇਬਾਜ਼ ਰੋਹਿਤ ਵਰਮਾ ਦੇ ਅਪਾਰਟਮੈਂਟ ’ਚ ਰਹਿ ਰਹੇ ਸਨ।
ਦਾਊਦ ਇਬਰਾਹਿਮ ਦੇ ਕਹਿਣ ’ਤੇ ਸ਼ੋਏਬ ਖ਼ਾਨ ਨੇ ਭੋਲੂ ਨੂੰ ਕਿਹਾ ਕਿ ਛੋਟਾ ਰਾਜਨ ਨੂੰ ਠਿਕਾਨੇ ਲਗਾਉਣਾ ਹੈ।
‘ਨਿਊਜ਼ਾਈਨ’ ਦੇ ਅਨੁਸਾਰ ਭੋਲੂ ਇੱਕ ‘ ਕੰਟਰੈਕਟ ਕਿਲਰ’ ਸਨ। ਸ਼ੋਏਬ ਖ਼ਾਨ ਵੱਲੋਂ ਸੁਪਾਰੀ ਮਿਲਣ ਤੋਂ ਬਾਅਦ ਭੋਲੂ ਨੇ ਛੋਟਾ ਰਾਜਨ ਨੂੰ ਮਾਰਨ ਦਾ ਯਤਨ ਤਾਂ ਕੀਤਾ ਪਰ ਰਾਜਨ ਬਚ ਨਿਕਲੇ, ਹਾਲਾਂਕਿ ਉਨ੍ਹਾਂ ਦੇ ਮੇਜ਼ਬਾਨ ਰੋਹਿਤ ਵਰਮਾ ਮਾਰੇ ਗਏ ਸਨ।
ਇਸ ਮਾਮਲੇ ’ਚ ਪਹਿਲਾਂ ਤਾਂ ਸ਼ੋਏਬ ਖ਼ਾਨ ਅਤੇ ਭੋਲੂ ਅਤੇ ਫਿਰ ਦਾਊਦ ਇਬਰਾਹਿਮ ਤੇ ਸ਼ੋਏਬ ਖ਼ਾਨ ਦਰਮਿਆਨ ਬਹੁਤ ਤਲਖੀ ਹੋਈ ਸੀ। ਸ਼ੋਏਬ ਖ਼ਾਨ ਨੇ ਭੋਲੂ ਨੂੰ ਸੁਪਾਰੀ ਦੀ ਬਾਕੀ ਰਕਮ ਵੀ ਅਦਾ ਨਾ ਕੀਤੀ।

ਤਸਵੀਰ ਸਰੋਤ, Getty Images
ਦਾਊਦ ਇਬਰਾਹਿਮ ਨਾਲ ਮੁਲਾਕਾਤ, ਉਨ੍ਹਾਂ ਦਾ ਰਹਿਣ-ਸਹਿਣ ਅਤੇ ਤੌਰ ਤਰੀਕੇ ਨੂੰ ਨੇੜਿਓਂ ਵੇਖਣ ਤੋਂ ਬਾਅਦ ਉਸ ਸ਼ਾਹੀ ਜ਼ਿੰਦਗੀ ਦੇ ਗਲੈਮਰ ਨੇ ਸ਼ੋਏਬ ਖ਼ਾਨ ਦੀਆਂ ਅੱਖਾਂ ’ਚ ਇੱਕ ਨਵਾਂ ਸੁਪਨਾ ਭਰ ਦਿੱਤਾ। ਹੁਣ ਸ਼ੋਏਬ ਵੀ ਦਾਊਦ ਇਬਰਾਹਿਮ ਦੀ ਤਰ੍ਹਾਂ ‘ਡੌਨ’ ਬਣਨਾ ਚਾਹੁੰਦੇ ਸਨ।
‘ਨਿਊਜ਼ਲਾਈਨ’ ਦੇ ਅਨੁਸਾਰ ਕਰਾਚੀ ਪਰਤਣ ਤੋਂ ਬਾਅਦ ਸ਼ੋਏਬ ਖ਼ਾਨ ਨੇ ਜੂਏ ਦਾ ਸਭ ਤੋਂ ਵੱਡਾ ਅੱਡਾ ਹਾਕੀ ਕਲੱਬ ਆਫ਼ ਪਾਕਿਸਤਾਨ ਦੇ ਨੇੜੇ ਖੋਲ੍ਹਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜੂਏ ਦਾ ਅੱਡਾ ਸਿੰਧ ’ਚ ਪਾਕਿਸਤਾਨੀ ਫੌਜ ਦੇ ਮੁੱਖ ਦਫ਼ਤਰ ਯਾਨੀ ਕੋਰ ਕਮਾਂਡਰ, ਸਿੰਧ ਦੇ ਦਫ਼ਤਰ ਦੇ ਬਿਲਕੁਲ ਪਿੱਛੇ ਹਾਕੀ ਕਲੱਬ ਆਫ਼ ਪਾਕਿਸਤਾਨ ਦੇ ਨੇੜੇ ਸਥਿਤ ਅਖ਼ਬਾਰ ‘ਉਮਤ’ ਦੇ ਦਫ਼ਤਰ ਦੀ ਇਮਾਰਤ ਵਿੱਚ ਇੱਕ ਵੱਖਰੇ ਹਿੱਸੇ ਵਿੱਚ ਬਣਿਆ ਸੀ।
ਇੱਕ ਗੈਰ-ਫੌਜੀ ਖੁਫ਼ੀਆ ਸੰਸਥਾ ਦੇ ਅਧਿਕਾਰੀ ਨੇ ਦੱਸਿਆ ਕਿ ਹਾਕੀ ਕਲੱਬ ’ਚ ਰੰਮੀ ਕਲੱਬ ਦਾ ਲਾਈਸੈਂਸ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਜਾਰੀ ਸੀ।
“ਜਦੋਂ ਇਹ ਸ਼ੋਏਬ ਦੇ ਹੱਥੀਂ ਲੱਗਿਆ ਤਾਂ ਇਹ ਕਿਸੇ ਕਾਕਾ ਨਾਮ ਦੇ ਵਿਅਕਤੀ ਦੇ ਨਾਮ ’ਤੇ ਲਿਆ ਜਾ ਚੁੱਕਿਆ ਸੀ। ਸ਼ੋਏਬ ਖ਼ਾਨ ਦੀ ਹਿੰਮਤ ਤਾਂ ਵੇਖੋ ਕਿ ਪਾਕਿਸਤਾਨ ਫੌਜ ਦੀ ਨੱਕ ਹੇਠ, ਉਹ ਵੀ ਉਮਤ ਵਰਗੀ ਅਖ਼ਬਾਰ ਦੇ ਦਫ਼ਤਰ ਦੀ ਇਮਾਰਤ ’ਚ ਜੂਆਖਾਨਾ ਖੋਲ੍ਹਿਆ, ਜੋ ਕਿ ਕੋਈ ਖੇਡ ਨਹੀਂ ਸੀ। ਸ਼ੋਏਬ ਨੇ ਸੋਚਿਆ ਕਿ ਕਰਨਾ ਹੈ ਤਾਂ ਬਸ ਫਿਰ ਕਰ ਦਿੱਤਾ।”
ਕਰਾਚੀ ਦੇ ਕਈ ਵੱਡੇ ਪੁਲਿਸ ਅਧਿਕਾਰੀ ਮੈਨੂੰ ਦੱਸ ਚੁੱਕੇ ਹਨ ਕਿ ਪੂਰੇ ਸ਼ਹਿਰ ਨੂੰ ਪਤਾ ਸੀ ਕਿ ਹਾਕੀ ਕਲੱਬ ’ਚ ਜੂਏ ਦਾ ਅੱਡਾ ਚੱਲਦਾ ਹੈ। ਇਹ ਵੀ ਪਤਾ ਸੀ ਕਿ ਕਿਸ ਦਾ ਹੈ, ਪਰ ਕਿਸੇ ਵੀ ਕਾਨੂੰਨ ਲਾਗੂ ਕਰਨ ਵਾਲੀ ਸੰਸਥਾ ਨੇ ਇਸ ਅੱਡੇ ਦੇ ਖਿਲਾਫ ਕੋਈ ਸਖ਼ਤ ਕਦਮ ਨਹੀਂ ਚੁੱਕਿਆ।
ਇਬਰਾਹਿਮ ਭੋਲੂ ਦੀ ਗੁੰਮਸ਼ੁਦਗੀ

ਤਸਵੀਰ ਸਰੋਤ, JAFAR RIZVI
ਕੁਝ ਹੀ ਸਾਲਾਂ ਵਿੱਚ ਸ਼ੋਏਬ ਖ਼ਾਨ ਨੂੰ ਉਨ੍ਹਾਂ ਦੀ ਤੇਜ਼ ਰਫ਼ਤਾਰ ਜ਼ਿੰਦਗੀ ਹੀ ਲੈ ਡੁੱਬੀ ਸੀ।
ਐੱਮਕਿਊਐੱਮ ਹੋਵੇ ਜਾਂ ਪੀਪਲਜ਼ ਪਾਰਟੀ, ਸ਼ਹੀਦ ਭੁੱਟੋ ਗਰੁੱਪ (ਮੁਰਤਜ਼ਾ ਭੁੱਟੋ ਦਾ ਸਿਆਸੀ ਧੜਾ) ਜਮਾਤ-ਏ-ਇਸਲਾਮੀ ਸਮੇਤ ਲਗਭਗ ਸਾਰੀਆਂ ਸਿਆਸੀ ਸ਼ਕਤੀਆਂ ਹੋਣ ਜਾਂ ਫਿਰ ਫੌਜ, ਪੁਲਿਸ ਅਤੇ ਸਰਕਾਰ ਦੀਆਂ ਦੂਜੀਆਂ ਸੰਸਥਾਵਾਂ, ਸ਼ੋ-ਬਿਜ਼ਨਸ ਅਤੇ ਮਨੋਰੰਜਨ ਜਗਤ ਦੇ ਮਸ਼ਹੂਰ ਲੋਕ ਹੋਣ ਜਾਂ ਮਸ਼ਹੂਰ ਕਾਰੋਬਾਰੀ… ਕੋਈ ਖੇਤਰ ਅਜਿਹਾ ਨਹੀਂ ਸੀ ਜਿੱਥੇ ਸ਼ੋਏਬ ਖ਼ਾਨ ਦੀ ਪਹੁੰਚ , ਜਾਣ-ਪਛਾਣ ਜਾਂ ਸਬੰਧ ਨਹੀਂ ਸਨ, ਪਰ ਹੁਣ ਜ਼ਮੀਨ ਤੋਂ ਉੱਪਰ ਦੀ ਦੁਨੀਆ ਬਹੁਤ ਹੀ ਤੇਜ਼ੀ ਨਾਲ ਬਦਲ ਰਹੀ ਸੀ।
12 ਅਕਤੂਬਰ, 1999 ਨੂੰ ਨਵਾਜ਼ ਸ਼ਰੀਫ ਦੀ ਦੂਜੀ ਸਰਕਾਰ ਨੂੰ ਭੰਗ ਕਰਕੇ ਫੌਜੀ ਰਾਸ਼ਟਰਪਤੀ ਜਨਰਲ ਮੁਸ਼ੱਰਫ ਸੱਤਾ ’ਚ ਆਪਣੀ ਪਕੜ ਮਜਬੂਤ ਕਰ ਚੁੱਕੇ ਸਨ। ਉਨ੍ਹਾਂ ਦੀ ਸਭ ਤੋਂ ਵੱਡੀ ਸਹਿਯੋਗੀ ਪਾਰਟੀ ਅਲਤਾਫ਼ ਹੁਸੈਨ ਦੀ ਐੱਮਕਿਊਐੱਮ (ਮੁਤਹਿਦਾ ਕੌਮੀ ਮੂਵਮੈਂਟ) ਸੀ।
ਨਵਾਜ਼ ਸ਼ਰੀਫ ਦੇ ਦੌਰ ’ਚ ‘ਆਪਰੇਸ਼ਨ ਕਲੀਨ ਅੱਪ’ ’ਚ ਸ਼ਾਮਲ ਰਹੇ ਪੁਲਿਸ ਅਧਿਕਾਰੀ ਹੁਣ ਹਵਾ ਦਾ ਰੁਖ ਵੇਖਦੇ ਹੋਏ ਐੱਮਕਿਊਐੱਮ ਦੇ ਨਜ਼ਦੀਕ ਆ ਗਏ ਸਨ। ਇਸ ਤੋਂ ਇਲਾਵਾ ਐੱਮਕਿਊਐੱਮ ਦੇ ਫੌਜੀ ਧੜੇ ਦੇ ਨਾਰਾਜ਼ ਮੈਂਬਰ ਹੁਣ ਸ਼ੋਏਬ ਖ਼ਾਨ ਦੇ ਨਾਲ ਮਿਲਦੇ ਜਾ ਰਹੇ ਸਨ।
ਚੌਧਰੀ ਅਸਲਮ ਵਰਗੇ ਅਫ਼ਸਰ ਐੱਮਕਿਊਐੱਮ ਸਰਕਾਰ ਦੇ ਅਧਿਕਾਰੀ ਨੂੰ ਸ਼ੋਏਬ ਖ਼ਾਨ ਅਤੇ ਉਨ੍ਹਾਂ ਦੇ ਨਾਲ ਮਿਲਣ ਵਾਲੇ ਐੱਮਕਿਊਐੱਮ ਦੇ ਹਥਿਆਰਬੰਦ ਧੜੇ ਦੇ ਮੈਂਬਰਾਂ ਦੀਆ ਗਤੀਵਿਧੀਆਂ ਦੀ ਜਾਣਕਾਰੀ ਕਹਾਣੀ ਵਾਂਗਰ ਦਿੰਦੇ ਸਨ।
ਜਦਕਿ ਸ਼ੋਏਬ ਖ਼ਾਨ ਦੀ ਪਹੁੰਚ ਪੁਲਿਸ, ਐੱਮਕਿਊਐੱਮ ਅਤੇ ਸਰਕਾਰ ਤੋਂ ਕਿਤੇ ਉੱਪਰ ਸੀ।
ਸ਼ੋਏਬ ਖ਼ਾਨ ਦੇ ਇੱਕ ਨਜ਼ਦੀਕੀ ਸਾਥੀ ਨੇ ਕਈ ਸਾਲ ਪਹਿਲਾਂ ਜੇਲ੍ਹ ਦੇ ਇੱਕ ਦੌਰੇ ਦੌਰਾਨ ਮੈਨੂੰ ਦੱਸਿਆ ਸੀ ਕਿ ਸ਼ੋਏਬ ਖ਼ਾਨ ਤਾਂ ਆਪਣੇ ਹੀ ਦੋਸਤਾਂ ਦੇ ਕਤਲ ਉੱਤੇ ਉਤਰ ਆਏ ਸਨ ਅਤੇ ਇਹੀ ਉਨ੍ਹਾਂ ਦੇ ਪਤਨ ਦਾ ਮੁੱਖ ਕਾਰਨ ਬਣਿਆ ਸੀ।
ਮੇਰੀ ਆਪਣੀ ਖੋਜ ਦੇ ਅਨੁਸਾਰ ਵੀ ਸ਼ੋਏਬ ਖ਼ਾਨ ਦੇ ਪਤਨ ਦੀ ਸ਼ੁਰੂਆਤ ਭੋਲੂ ਦੀ ਰਹੱਸਮਈ ਗੁੰਮਸ਼ੁਦਗੀ ਤੋਂ ਹੀ ਹੋ ਗਈ ਸੀ।
ਹਾਜੀ ਇਬਰਾਹਿਮ ਭੋਲੂ 1990 ਤੱਕ ਕਰਾਚੀ ’ਚ ਪੀਪਲਜ਼ ਪਾਰਟੀ ਦੇ ਵਿਦਿਆਰਥੀ ਸੰਗਠਨ ‘ਪੀਐੱਸਐੱਫ਼’ ਦੇ ਮੈਂਬਰ ਰਹਿ ਚੁੱਕੇ ਸਨ। ਉਨ੍ਹਾਂ ਦਾ ਸੁਭਾਅ ਬਹੁਤ ਹੀ ਗੁੱਸੇ ਵਾਲਾ ਅਤੇ ਹਮਲਾਵਰ ਪ੍ਰਵਿਰਤੀ ਦਾ ਸੀ।
ਪਾਕਿਸਤਾਨੀ ਅਧਿਕਾਰੀਆਂ ਦਾ ਭੋਲੂ ਦੇ ਬਾਰੇ ਦਾਅਵਾ ਰਿਹਾ ਹੈ ਕਿ ਉਹ ‘ਪੀਐੱਸਐੱਫ਼’ ਦੇ ਹਥਿਆਰਬੰਦ ਧੜੇ ਦਾ ਹਿੱਸਾ ਸਨ। ਉਹ ਮੁਰਤਜ਼ਾ ਭੁੱਟੋ ਦੇ ਸੰਗਠਨ ਅਲ ਜ਼ੁਲਫੀਕਾਰ ਨਾਲ ਜੁੜੇ ਰਹੇ ਅਤੇ ਫਿਰ ਦੱਖਣੀ ਅਫ਼ਰੀਕਾ ਦੇ ਡਰੱਗਜ਼, ਹੁੰਡੀ-ਹਵਾਲਾ, ਤਸਕਰੀ ਅਤੇ ਹੋਰ ਅਪਰਾਧਾਂ ਦੇ ਸੰਗਠਿਤ ਗਿਰੋਹ ਭੋਲੂ ਗੈਂਗ ਨਾਲ ਵੀ ਜੁੜ ਗਏ ਸਨ।
‘ਨਿਊਜ਼ਲਾਈਨ’ ਦੇ ਅਨੁਸਾਰ ਜਦੋਂ ਦੱਖਣੀ ਅਫ਼ਰੀਕਾ ’ਚ ਚੱਲ ਰਹੀ ਪਾਕਿਸਤਾਨੀ ਅਤੇ ਭਾਰਤੀ ਅਪਰਾਧੀਆਂ ਦੇ ਗਿਰੋਹਾਂ ਦੀ ਗੈਂਗਵਾਰ ’ਚ ਭੋਲੂ ਦਾ ਨਾਮ ਗੂੰਜਣ ਲੱਗਿਆ ਤਾਂ ਉਹ ਦਾਊਦ ਇਬਰਾਹਿਮ ਦੇ ਲਈ ਵੀ ਕੰਮ ਕਰਨ ਲੱਗੇ ਸਨ। ਦਾਊਦ ਇਬਰਾਹਿਮ ਨਾਲ ਉਨ੍ਹਾਂ ਦੀ ਦੋਸਤੀ ਦੇ ਕਾਰਨ ਹੀ ਉਹ ਦੁਬਈ ਵਿਖੇ ਸ਼ੋਏਬ ਖ਼ਾਨ ਨਾਲ ਮਿਲੇ ਸਨ।
ਕਰਾਚੀ ਦੇ ਗੁਜ਼ਰੀ ਥਾਣੇ ’ਚ ਦਰਜ ਐੱਫ਼ਆਈਆਰ ਦੇ ਅਨੁਸਾਰ ਖ਼ਯਾਬਾਨ ਗ਼ਾਜ਼ੀ ਦੇ ਵਸਨੀਕ ਹਾਜੀ ਇਬਰਾਹਿਮ ਭੋਲੂ ਉਸੇ ਇਲਾਕੇ ਤੋਂ ਲਾਪਤਾ ਹੋਏ ਸਨ।
ਅੰਗਰੇਜ਼ੀ ਅਖ਼ਬਾਰ ‘ਡਾਨ’ ਦੇ ਅਨੁਸਾਰ 8 ਜਨਵਰੀ, 2001 ਨੂੰ ਭੋਲੂ ਸ਼ੋਏਬ ਖ਼ਾਨ ਨੂੰ ਮਿਲਣ ਲਈ ਗਏ ਸਨ, ਪਰ ਉਹ ਰਹੱਸਮਈ ਢੰਗ ਨਾਲ ਲਾਪਤਾ ਹੋ ਗਏ ਸਨ।
ਜਦੋਂ ਭੋਲੂ ਦੇ ਰਹੱਸਮਈ ਤਰੀਕੇ ਨਾਲ ਲਾਪਤਾ ਹੋਣ ਦਾ ਮਾਮਲਾ ਸੁਲਝਿਆ ਨਹੀਂ ਤਾਂ ਦੱਖਣੀ ਅਫ਼ਰੀਕਾ ’ਚ ਭੋਲੂ ਦੇ ਗੈਂਗ ਨੇ ਮਾਮਲੇ ਨੂੰ ਆਪਣੇ ਤਰੀਕੇ ਨਾਲ ਅੰਜਾਮ ਤੱਕ ਪਹੁੰਚਾਉਣ ਦਾ ਯਤਨ ਕੀਤਾ।
ਮੇਰੇ, ਭੋਲੂ ਅਤੇ ਸ਼ੋਏਬ ਦੇ ਇੱਕ ਸਾਂਝੇ ਦੋਸਤ ਅਤੇ ਸਾਬਕਾ ਵਿਦਿਆਰਥੀ ਆਗੂ ਨੇ ਦੱਸਿਆ ਕਿ ਇੱਥੋਂ ਦੇ ਕੁਝ ਲੋਕ ਦਾਊਦ ਇਬਰਾਹਿਮ ਤੱਕ ਜਾ ਪਹੁੰਚੇ ਸਨ।
‘ਨਿਊਜ਼ਲਾਈਨ’ ਦੇ ਅਨੁਸਾਰ ਸ਼ੋਏਬ ਖ਼ਾਨ ਕਰਾਚੀ ’ਚ ਦਾਊਦ ਇਬਰਾਹਿਮ ਦੇ ਲਈ ਭੱਤਾ ਵਸੂਲੀ (ਹਫ਼ਤਾ) ਦਾ ਧੰਦਾ ਚਲਾਉਂਦੇ ਰਹੇ, ਪਰ ਭੋਲੂ ਦੇ ਹਮਲੇ ’ਚ ਛੋਟਾ ਰਾਜਨ ਦੇ ਬਚ ਜਾਣ ਦੇ ਕਾਰਨ ਸ਼ੋਏਬ ਖ਼ਾਨ ਅਤੇ ਦਾਊਦ ਇਬਰਾਹਿਮ ਦੇ ਸਬੰਧ ਪਹਿਲਾਂ ਵਾਂਗਰ ਨਾ ਰਹੇ।
ਇੱਕ ਸਾਬਕਾ ਵਿਦਿਆਰਥੀ ਆਗੂ ਨੇ ਦੱਸਿਆ, “ਭੋਲੂ ਦੇ ਲਾਪਤਾ ਹੋਣ ’ਤੇ ਇੰਨਾ ਗੁੱਸਾ ਸੀ ਕਿ ਦਾਊਦ ਇਬਰਾਹਿਮ ਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਇਹ ਮਾਮਲਾ ਆਸਾਨੀ ਨਾਲ ਨਹੀਂ ਸੁਲਝੇਗਾ। ਸ਼ੋਏਬ ਖ਼ਾਨ ਜੋ ਕਿ ਕਿਸੇ ਸਮੇਂ ਦਾਊਦ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ, ਉਦੋਂ ਤੱਕ ਉਹ ਇੱਕ ਬੋਝ ਬਣ ਗਏ ਸਨ।
ਦੂਜੇ ਪਾਸੇ ਇਸ ਮਾਮਲੇ ’ਚ ਕਰਾਚੀ ਪੁਲਿਸ ’ਚ ਵੀ ਸ਼ੋਏਬ ਖ਼ਾਨ ਦੇ ਖਿਲਾਫ ਨਾਰਾਜ਼ਗੀ ਵਧਣ ਲੱਗੀ। ਕਰਾਚੀ ’ਚ ਪੁਲਿਸ ਅਧਿਕਾਰੀਆਂ ਦਾ ਇੱਕ ਸਮੂਹ ਵੀ ਭੋਲੂ ਦਾ ਦੋਸਤ ਸੀ, ਜਿਸ ’ਚ ਚੌਧਰੀ ਅਸਲਮ ਆਦਿ ਸ਼ਾਮਲ ਸਨ। ਭੋਲੂ ਦਾ ਗੈਂਗ ਉਨ੍ਹਾਂ ਪੁਲਿਸ ਅਧਿਕਾਰੀਆਂ ’ਤੇ ਸ਼ੋਏਬ ਖ਼ਾਨ ਵਾਂਗਰ ਹੀ ਮਿਹਰਬਾਨੀਆਂ ਕਰਦਾ ਸੀ।
ਭੋਲੂ ਦੇ ਲਾਪਤਾ ਹੋਣ ਤੋਂ ਬਾਅਦ ਚੌਧਰੀ ਅਸਲਮ ਅਤੇ ਰਾਓ ਅਨਵਰ ਵਰਗੇ ਅਧਿਕਾਰੀਆਂ ਦਾ ਅੰਦਾਜ਼ਾ ਸੀ ਕਿ ਭੋਲੂ ਦਾ ਕਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਭੋਲੂ ਦੇ ਕਤਲ ’ਚ ਸੌ ਫੀਸਦੀ ਸ਼ੋਏਬ ਖ਼ਾਨ ਦਾ ਹੀ ਹੱਥ ਹੋ ਸਕਦਾ ਹੈ।
ਇਧਰ ਸ਼ੋਏਬ ਖ਼ਾਨ ਦਾ ਐੱਮਕਿਊਐੱਮ ਦੇ ਨਾਲ ਵੀ ਵਿਵਾਦ ਵਧਦਾ ਜਾ ਰਿਹਾ ਸੀ।
ਇੱਕ ਸਰਕਾਰੀ ਅਧਿਕਾਰੀ ਦੇ ਅਨੁਸਾਰ, “ਸ਼ੋਏਬ ਖ਼ਾਨ ਪੈਸਿਆਂ ਦੀ ਤਾਕਤ ਨਾਲ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਅਤੇ ਤਾਇਨਾਤੀ ਵੀ ਕਰਵਾ ਸਕਦੇ ਸਨ। ਉਨ੍ਹਾਂ ਨੇ ਇੱਕ ਅਫ਼ਸਰ ਦੀ ਤਾਇਨਾਤੀ ਦੇ ਲਈ ਸਿੰਧ ਦੇ ਗਵਰਨਰ ਇਸ਼ਰਤੁਲ ਇਬਾਦ ਦੇ ਇੱਕ ਰਿਸ਼ਤੇਦਾਰ ਨੂੰ 30 ਲੱਖ ਰੁਪਏ ਤੱਕ ਦਿੱਤੇ ਸਨ ਪਰ ਉਹ ਤੈਨਾਤੀ ਨਾ ਹੋ ਸਕੀ। ਇਸ ਕਾਰਨ ਸ਼ੋਏਬ ਖ਼ਾਨ ਗੁੱਸੇ ’ਚ ਆ ਗਏ , ਜਿਸ ਕਰਕੇ ਐੱਮਕਿਊਐੱਮ ’ਚ ਵੀ ਉਨ੍ਹਾਂ ਦੇ ਲਈ ਗੁੰਜਾਇਸ਼ ਘੱਟ ਹੋਣੀ ਸ਼ੁਰੂ ਹੋ ਗਈ।”
ਜਦੋਂ ਇਸ ਇਲਜ਼ਾਮ ਦੀ ਪੁਸ਼ਟੀ ਜਾਂ ਖੰਡਨ ਦੇ ਲਈ ਮੈਂ ਖੁਦ ਸਿੰਦ ਦੇ ਗਵਰਨਰ ਅਤੇ ਐੱਮਕਿਊਐੱਮ ਦੇ ਆਗੂ ਇਸ਼ਰਤੁਲ ਇਬਾਦ ਤੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਹੀ ਸਵਾਲ ਕਰ ਦਿੱਤਾ, “ਤਾਂ ਫਿਰ ਜਿਸ ਅਧਿਕਾਰੀ ਦੀ ਤੈਨਾਤੀ ਦੇ ਲਈ ਪੈਸੇ ਦਿੱਤੇ ਗਏ ਸਨ, ਉਹ ਹੋ ਗਈ ਸੀ? ਨਹੀਂ ਹੋਈ ਨਾ… ਤਾਂ ਫਿਰ ਇਹੀ ਕਾਫੀ ਹੈ, ਇਹ ਸਮਝਾਉਣ ਦੇ ਲਈ ਕਿ ਇਹ ਸਭ ਕਹਾਣੀ ਹੈ।”
ਦਾਊਦ ਇਬਰਾਹਿਮ ਐੱਮਕਿਊਐੱਮ ਅਤੇ ਕਰਾਚੀ ਪੁਲਿਸ ਹਰ ਕੋਈ ਨਾਰਾਜ਼ ਹੋ ਰਿਹਾ ਸੀ ਅਤੇ ਅਜਿਹੀ ਸਥਿਤੀ ’ਚ ਵੀ ਸ਼ੋਏਬ ਖ਼ਾਨ ਦੋਸਤਾਂ ਨੂੰ ਦੁਸ਼ਮਣ ਬਣਾ ਰਹੇ ਸਨ।
ਕੇਂਦਰੀ ਪੁਲਿਸ ਦਫ਼ਤਰ, ਕਰਾਚੀ ’ਚ 2009 ਤੱਕ ਤੈਨਾਤ ਰਹਿਣ ਵਾਲੇ ਇੱਕ ਵੱਡੇ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਮਾਮਲਾ ਚੌਧਰਪੁਣੇ ਦਾ ਸੀ, ਤਾਕਤ ਅਤੇ ਪੈਸੇ ਦਾ ਸੀ। ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਸ਼ੋਏਬ ਦਾ ਨਾਮ ਭੱਤੇ ਨਾਲ ਵੀ ਜੁੜਨ ਲੱਗ ਗਿਆ ਸੀ।
ਬਹਿਰਹਾਲ ਜ਼ਮੀਨ ’ਤੇ ਇਸ ਬਦਲਦੇ ਮਾਹੌਲ ’ਚ ਸ਼ੋਏਬ ਖ਼ਾਨ ਦੇ ਬੁਰੇ ਦਿਨ ਆ ਗਏ ਸਨ। ਪਹਿਲਾ ਬੁਰਾ ਦਿਨ ਸੀ 21 ਫਰਵਰੀ 2001 ਦਾ।
ਉਸ ਦਿਨ ਸ਼ੋਏਬ ਨੇ ਭੋਲੂ ਕੇਸ ’ਚ ਜ਼ਮਾਨਤ ਦੇ ਲਈ ਅਦਾਲਤ ’ਚ ਪੇਸ਼ ਹੋਣਾ ਸੀ, ਪਰ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਸ਼ੋਏਬ ਖ਼ਾਨ ਨੇ ਆਪਣੇ ਲਈ ਵਾਧੂ ਸੁਰੱਖਿਆ ਦਾ ਇੰਤਜ਼ਾਮ ਕੀਤਾ ਸੀ।
‘ਨਿਊਜ਼ਲਾਈਨ’ ਜਾਂਚ ਅਧਿਕਾਰੀਆਂ ਅਤੇ ਹੋਰ ਕਈ ਸੂਤਰਾਂ ਦੇ ਅਨੁਸਾਰ ਇਸ ਵਾਧੂ ਸੁਰੱਖਿਆ ਦੇ ਲਈ ਸ਼ੋਏਬ ਖ਼ਾਨ ਨੇ ਅਰਧ ਸੈਨਿਕ ਬਲ ‘ਰੇਜਰਸ’ ਦੇ ਅਧਿਕਾਰੀਆਂ ਤੋਂ ਮਦਦ ਮੰਗੀ ਸੀ।
ਉਨ੍ਹਾਂ ਨੂੰ ਸੁਰੱਖਿਆ ਤਾਂ ਦਿੱਤੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਭੋਲੂ ਗੈਂਗ ਦੇ ਲੋਕ ਵੀ ਉੱਥੇ ਮੌਜੂਦ ਸਨ, ਜੋ ਕਿ ਭੋਲੂ ਦੇ ਲਾਪਤਾ ਹੋਣ ਤੋਂ ਬਹੁਤ ਨਾਰਾਜ਼ ਸਨ।
ਇਹ ਤਾਂ ਪਤਾ ਨਹੀਂ ਲੱਗ ਸਕਿਆ ਸੀ ਕਿ ਪਹਿਲ ਕਿਸ ਧਿਰ ਨੇ ਕੀਤੀ, ਪਰ ਜਦੋਂ ਸ਼ੋਏਬ ਖ਼ਾਨ ਰੇਂਜਰਸ ਦੇ ਅਧਿਕਾਰੀਆਂ ਅਤੇ ਆਪਣੇ ਹਥਿਆਰਬੰਦ ਹਮਾਇਤੀਆਂ ਦੇ ਨਾਲ ਅਦਾਲਤ ਦੇ ਕੰਪਲੈਕਸ ’ਚ ਦਾਖਲ ਹੋਇਆ ਤਾਂ ਭੋਲੂ ਦੇ ਬੰਦਿਆਂ ਅਤੇ ਸ਼ੋਏਬ ਦੇ ਸਾਥੀਆਂ ਦਰਮਿਆਨ ਝੜਪ ਹੋ ਗਈ।
ਰੇਂਜਰਸ ਨੇ ਵੀ ਗੋਲੀ ਚਲਾ ਦਿੱਤੀ। ਸ਼ੋਏਬ ਤਾਂ ਇਸ ਹਮਲੇ ਵਿੱਚ ਸੁਰੱਖਿਅਤ ਬਚ ਨਿਕਲੇ ਪਰ ਕੁਝ ਹੋਰ ਲੋਕ ਜ਼ਰੂਰ ਜ਼ਖਮੀ ਹੋ ਗਏ ਸਨ, ਜਿਸ ਕਰਕੇ ਰੇਂਜਰਸ ਦੇ ਅਧਿਕਾਰੀਆਂ ਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ।
ਕਰਾਚੀ ਪੁਲਿਸ ਦੇ ਅਧਿਕਾਰੀ ਰਾਵ ਅਨਵਰ ਨੇ ਵੀ ਮੇਰੇ ਨਾਲ ਹੋਈ ਗੱਲਬਾਤ ਦੌਰਾਨ ਰੇਂਜਰਸ ਦੇ ਅਧਿਕਾਰੀਆਂ ਦੇ ਕੋਰਟ ਮਾਰਸ਼ਲ ਦੀ ਪੁਸ਼ਟੀ ਕੀਤੀ ਸੀ। ‘ਨਿਊਜ਼ਲਾਈਨ’ ਅਤੇ ਹੋਰ ਸੂਤਰਾਂ ਨੇ ਵੀ ਰੇਂਜਰਸ ਅਫ਼ਸਰਾਂ ਦੇ ਕੋਰਟ ਮਾਰਸ਼ਲ ਦੀ ਪੁਸ਼ਟੀ ਕੀਤੀ।
ਇੰਟਰਨੈੱਟ ’ਤੇ ਮਿਲੀ ਸਮੱਗਰੀ ਦੇ ਅਨੁਸਾਰ ਉਨ੍ਹਾਂ ਅਧਿਕਾਰੀਆਂ ਦਾ ਸ਼ੋਏਬ ਦੀਆਂ ਉਨ੍ਹਾਂ ਨਿੱਜੀ ਪਾਰਟੀਆਂ ’ਚ ਵੀ ਆਉਣਾ-ਜਾਣਾ ਸੀ, ਜਿੱਥੇ ਮੁਜਰੇ ਹੋਇਆ ਕਰਦੇ ਸਨ। ਸ਼ੋਏਬ ਦੀ ਸੁਰੱਖਿਆ ਦੇ ਲਈ ਰੇਂਜਰਸ ਦੇ ਅਧਿਕਾਰੀਆਂ ਦਾ ਅਦਾਲਤ ਜਾਣਾ ਉਨ੍ਹਾਂ ਦਾ ਨਿੱਜੀ ਫੈਸਲਾ ਸੀ।
ਜਦੋਂ ਇਹ ਸਭ ਵਾਪਰਿਆ ਤਾਂ ਸ਼ੋਏਬ ਖ਼ਾਨ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਬਾਹਰ ਦੀ ਦੁਨੀਆ ’ਚ ਚਾਰੇ ਪਾਸੇ ਇੰਨੇ ਸਾਰੇ ਵਿਰੋਧੀਆਂ ਅਤੇ ਦੁਸ਼ਮਣਾਂ ਦੀ ਮੌਜੂਦਗੀ ਖਤਰਨਾਕ ਸਿੱਧ ਹੋ ਸਕਦੀ ਹੈ। ਸ਼ੋਏਬ ਨੇ ਜੇਲ੍ਹ ਨੂੰ ਸੁਰੱਖਿਅਤ ਸਮਝਦੇ ਹੋਏ 14 ਜੂਨ, 2001 ਨੂੰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।
ਸ਼ੋਏਬ ਖ਼ਾਨ ’ਤੇ ਦੂਜਾ ਹਮਲਾ

ਤਸਵੀਰ ਸਰੋਤ, Getty Images
ਅਧਿਕਾਰੀਆਂ ਨੇ ਸੋਏਬ ਖ਼ਾਨ ਨੂੰ ਲਾਂਢੀ ਜੇਲ੍ਹ ’ਚ ਰੱਖਣ ਦਾ ਫੈਸਲਾ ਕੀਤਾ ਸੀ। ਇਸ ਦੇ ਪਿੱਛੇ ਸੋਚ ਇਹ ਸੀ ਕਿ ਉੱਥੇ ਸ਼ੋਏਬ ਜ਼ਿਆਦਾ ਸੁਰੱਖਿਅਤ ਰਹਿਣਗੇ, ਪਰ ਕੁਝ ਹੀ ਮਹੀਨਿਆਂ ’ਚ ਸ਼ੋਏਬ ਖ਼ਾਨ ’ਤੇ ਉਨ੍ਹਾਂ ਦੇ ਦੁਸ਼ਮਣਾਂ ਨੇ ਦੂਜੀ ਵਾਰ ਹਮਲਾ ਕੀਤਾ।
ਮੇਰੀ ਖੋਜ ਦੇ ਅਨੁਸਾਰ 25 ਅਗਸਤ, 2001 ਨੂੰ ਸ਼ੋਏਬ ਖ਼ਾਨ ਨੂੰ ਸਿਟੀ ਕੋਰਟ ’ਚ ਇੱਕ ਪੇਸ਼ੀ ਤੋਂ ਬਾਅਦ ਵਾਪਸ ਜੇਲ੍ਹ ਭੇਜਿਆ ਜਾ ਰਿਹਾ ਸੀ। ਵਿਸ਼ੇਸ਼ ਅਤੇ ਅਸਾਧਾਰਨ ਪ੍ਰਬੰਧ ਦੇ ਤਹਿਤ ਚਾਰ ਹਥਿਆਰਬੰਦ ਅਧਿਕਾਰੀ, ਜਿਨ੍ਹਾਂ ’ਚ ਸਬ ਇੰਸਪੈਕਟਰ ਗੁਲਾਮ ਦਸਤਗੀਰ ਵੀ ਸ਼ਾਮਲ ਸਨ, ਉਸ ਵੈਨ ਦੇ ਪਿਛਲੇ ਹਿੱਸੇ ਵਿੱਚ ਹੀ ਸਨ, ਜਿਸ ਵਿੱਚ ਖੁਦ ਸ਼ੋਏਬ ਖ਼ਾਨ ਵੀ ਸਵਾਰ ਸਨ।
ਇੱਕ ਹੋਰ ਸਬ-ਇੰਸਪੈਕਟਰ ਦੀ ਅਗਵਾਈ ਵਿੱਚ 8 ਪੁਲਿਸ ਮੁਲਾਜ਼ਮ ਉਸ ਵਾਧੂ ਵੈਨ ਵਿੱਚ ਸ਼ੋਏਬ ਖ਼ਾਨ ਦੀ ਸੁਰੱਖਿਆ ਵਿੱਚ ਤੈਨਾਤ ਸਨ, ਜੋ ਕਿ ਸ਼ੋਏਬ ਖ਼ਾਨ ਨੂੰ ਜੇਲ੍ਹ ਵਾਪਸ ਲੈ ਕੇ ਜਾ ਰਹੀ ਵੈਨ ਦੇ ਪਿੱਛੇ-ਪਿੱਛੇ ਆ ਰਹੀ ਸੀ।
ਪੁਲਿਸ ਅਧਿਕਾਰੀ ਫੈਆਜ਼ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਂਚ ਦੇ ਅਨੁਸਾਰ, “ਭੋਲੂ ਗੈਂਗ ਦੇ ਮੁਖੀ ਮੰਜ਼ਰ ਅੱਬਾਸ ਨੇ ਭੋਲੂ ਦੇ ਲਾਪਤਾ ਹੋਣ ਦਾ ਬਦਲਾ ਲੈਣ ਦੇ ਲਈ ਹੁਣ ਸ਼ੋਏਬ ਦਾ ਕਤਲ ਕਰਨ ਦਾ ਮਨ ਬਣਾ ਲਿਆ ਸੀ। ਇਸ ਦੇ ਲਈ ਲਿਆਰੀ ਗੈਂਗ ਦੇ ਸਰਗਨਾ ਰਹਿਮਾਨ ਡਕੈਤ ਨੂੰ 2 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ।
ਦੋ ’ਚੋਂ ਇੱਕ ਕਰੋੜ ਦੀ ਅਦਾਇਗੀ ਹੋ ਗਈ ਸੀ ਅਤੇ ਇੱਕ ਕਰੋੜ ਕੰਮ ਹੋ ਜਾਣ ਤੋਂ ਬਾਅਦ ਦਿੱਤਾ ਜਾਣਾ ਸੀ।”
ਜਿਵੇਂ ਹੀ ਇਹ ਕਾਫ਼ਲਾ ਨਿਸ਼ਾਨੇ ’ਤੇ ਪਹੁੰਚਿਆ ਰਹਿਮਾਨ ਅਤੇ ਉਨ੍ਹਾਂ ਦੇ ਹੋਰ ਪੰਜ ਹਥਿਆਰਬੰਦ ਸਾਥੀਆਂ ਨੇ ਲਾਈਨ ਬਣਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਹਮਲੇ ਵਿੱਚ ਸ਼ੋਏਬ ਖ਼ਾਨ ਅਤੇ ਵੈਨ ਵਿੱਚ ਸਵਾਰ ਕਈ ਪੁਲਿਸ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਜਦਕਿ ਸ਼ੋਏਬ ਖ਼ਾਨ ਨੂੰ ਲੈ ਕੇ ਜਾ ਰਹੀ ਵੈਨ ਵਿੱਚ ਸਵਾਰ ਗੁਲਾਮ ਦਸਤਗੀਰ ਸਮੇਤ ਚਾਰੇ ਪੁਲਿਸ ਅਧਿਕਾਰੀ ਮੌਕੇ ਉੱਤੇ ਹੀ ਹਲਾਕ ਹੋ ਹਏ ਸਨ।
ਫੈਆਜ਼ ਖ਼ਾਨ ਨੇ ਦੱਸਿਆ ਕਿ ਸ਼ੋਏਬ ਖ਼ਾਨ ਨੂੰ ਹਮਲੇ ਵਿੱਚ ਜ਼ਖਮੀ ਹੋਣ ਦਾ ਇਹ ਫਾਇਦਾ ਹੋਇਆ ਕਿ ਉਨ੍ਹਾਂ ਨੂੰ ਮੈਡੀਕਲ ਆਧਾਰ ’ਤੇ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।
ਬੁਰੇ ਦਿਨ ਤਾਂ ਆ ਗਏ ਸਨ, ਪਰ ‘ਡੌਨ’ ਬਣਨ ਦੇ ਸੁਪਨੇ ਦੇ ਪਿੱਛੇ ਭੱਜ ਰਹੇ ਸ਼ੋਏਬ ਖ਼ਾਨ ਦੇ ਹੱਥੋਂ ਕਤਲ ਅਤੇ ਹੋਰ ਅਪਰਾਧਾਂ ਦਾ ਸਿਲਸਿਲਾ ਉਦੋਂ ਵੀ ਰੁਕ ਨਾ ਸਕਿਆ।
ਹੁਣ ਸ਼ੋਏਬ ਖ਼ਾਨ ਨੇ ਜ਼ਮੀਨ ਅਤੇ ਜਾਇਦਾਦ ’ਤੇ ਕਬਜ਼ਾ ਕਰਨ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ।
ਇਸ ਕਬਜ਼ੇ ਦੀ ਲੜੀ ’ਚ ਇੱਕ ਦਿਨ ਸ਼ੋਏਬ ਖ਼ਾਨ ਦੀ ਮੁਨੱਵਰ ਸੁਹਰਾਵਰਦੀ ਨਾਲ ਝੜਪ ਹੋ ਗਈ। ਪੀਪਲਜ਼ ਪਾਰਟੀ ਦੇ ਆਗੂ ਮੁਨੱਵਰ ਸੁਹਰਾਵਰਦੀ ਆਪਣੀ ਚੇਅਰਪਰਸ ਬੇਨਜ਼ੀਰ ਭੁੱਟੋ ਦੇ ਬੇਹੱਦ ਵਿਸ਼ਵਾਸ਼ੀ ਸਨ ਅਤੇ ਚੀਫ਼ ਸੁਰੱਖਿਆ ਅਧਿਕਾਰੀ ਵੀ ਸਨ।
ਜਿਸ ਸਮੇਂ ਸ਼ੋਏਬ ਖ਼ਾਨ ਮੁਨੱਵਰ ਸਹਰਾਵਰਦੀ ਨਾਲ ਉਲਝੇ ਤਾਂ ਉਸ ਸਮੇਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਪੀਪਲਜ਼ ਪਾਰਟੀ ਨਾਲ ਇੰਨੀ ਵੱਡੀ ਲੜਾਈ ਮੁੱਲ ਲੈ ਲੈਣਗੇ।
ਸ਼ੋਏਬ ਖ਼ਾਨ ਦੀ ਮੁਨੱਵਰ ਸੁਹਰਾਵਰਦੀ ਨਾਲ ਲੜਾਈ ਆਪਣੀ ਥਾਂ ’ਤੇ ਸੀ ਪਰ ਜ਼ਿਆਦਾ ਗੁੱਸਾ ਇਸ ਗੱਲ ਦਾ ਸੀ ਕਿ ਉਹ ਭੋਲੂ ਦੇ ਦੋਸਤਾਂ ਦੇ ਹਮਾਇਤੀ ਸਨ।
ਫੈਆਜ਼ ਖ਼ਾਨ ਦੇ ਅਨੁਸਾਰ, “ ਸ਼ੋਏਬ ਖ਼ਾਨ ਨੇ ਪੀਪਲਜ਼ ਪਾਰਟੀ ਦੇ ਮੁਰਤਜ਼ਾ ਭੁੱਟੋ ਗਰੁੱਪ ਦੇ ਨਜ਼ਦੀਕੀ ਅਤੇ ਹਥਿਆਰਬੰਦ ਧੜੇ ਨਾਲ ਜੁੜੇ ਕੁਝ ਸਰਗਰਮ ਲੋਕਾਂ (ਆਸ਼ਿਕ ਹੁਸੈਨ ਖੋਸੂ ਅਤੇ ਨਿਆਜ਼) ਨਾਲ ਸੌਦਾ ਕੀਤਾ ਸੀ ਅਤੇ ਉਨ੍ਹਾਂ ਨੂੰ ਮੁਨੱਵਰ ਸੁਹਰਾਵਰਦੀ ਦਾ ਕਤਲ ਕਰਨ ਲਈ ਤਿਆਰ ਕੀਤਾ ਸੀ।”
ਪਹਿਲਾਂ ਤਾਂ ਸ਼ੋਏਬ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਆਸ਼ਿਕ ਖੋਸੂ ਅਤੇ ਨਿਆਜ਼ ਨੂੰ ਤੋਹਫ਼ੇ ’ਚ ਇੰਸਪੈਕਟਰ ਜ਼ੀਸ਼ਾਨ ਕਾਜ਼ਮੀ ਦੇ ਕਤਲ ਦਾ ਮੌਕਾ ਦਿੱਤਾ ਤਾਂ ਜੋ ਉਹ ਮੀਰ ਮੁਰਤਜ਼ਾ ਭੁੱਟੋ ਦੇ ਕਤਲ ਅਤੇ ਮੁਰਤਜ਼ਾ ਭੁੱਟੋ ਦੇ ਹਥਿਆਰਬੰਦ ਧੜੇ ਦੇ ਸਭ ਤੋਂ ਖਾਸ ਮੈਂਬਰ ਅਲੀ ਸੁਨਾਰਾ ਦੀ ਗ੍ਰਿਫਤਾਰੀ ਦਾ ਬਦਲਾ ਲੈ ਸਕਣ।
ਮੀਰ ਮੁਰਤਜ਼ਾ ਭੁੱਟੋ ਦੇ ਸਮਰਥਕ ਆਸ਼ਿਕ ਖੋਸੂ ਅਤੇ ਨਿਆਜ਼ ਆਦਿ ਸਮਝਦੇ ਸਨ ਕਿ ਇਨ੍ਹਾਂ ਗੱਲਾਂ ’ਚ ਇੰਸਪੈਕਟਰ ਜ਼ੀਸ਼ਾਨ ਕਾਜ਼ਮੀ ਮੁੱਖ ਭੂਮਿਕਾ ਨਿਭਾ ਰਹੇ ਸਨ।
ਇੰਸਪੈਕਟਰ ਜ਼ੀਸ਼ਾਨ ਕਾਜ਼ਮੀ ਦਾ ਕਤਲ

ਤਸਵੀਰ ਸਰੋਤ, JAFAR RIZVI
ਜਿਸ ਕਰਾਚੀ ਆਪਰੇਸ਼ਨ ਦਾ ਰੁਖ 1992 ਵਿੱਚ ਅਲਤਾਫ਼ ਹੁਸੈਨ ਦੀ ਐੱਮਕਿਊਐੱਮ ਵੱਲ ਮੁੜ ਗਿਆ ਸੀ, ਉਸ ਦੇ ਸਭ ਤੋਂ ਨਾਮੀ ਕਿਰਦਾਰ ਇੰਸਪੈਕਟਰ ਜ਼ੀਸ਼ਾਨ ਕਾਜ਼ਮੀ ਸਨ। ਹਾਲਾਂਕਿ ਉਨ੍ਹਾਂ ਦੇ ਕਤਲ ਪਿੱਛੇ ਐੱਮਕਿਊਐੱਮ ਦਾ ਹੱਥ ਹੋਣ ਦਾ ਹੀ ਸ਼ੱਕ ਉਜਾਗਰ ਹੋਇਆ ਪਰ ਕਈ ਸਾਲ ਬਾਅਦ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ’ਚ ਰਾਜ਼ ਖੁੱਲ੍ਹਿਆ।
ਅਸਲ ’ਚ ਇੰਸਪੈਕਟਰ ਜ਼ੀਸ਼ਾਨ ਕਾਜ਼ਮੀ ਦਾ ਕਤਲ ਆਸ਼ਿਕ ਖਸੂ ਅਤੇ ਨਿਆਜ਼ ਆਦਿ ਨੇ ਕੀਤਾ ਸੀ।
ਫੈਆਜ਼ ਖ਼ਾਨ ਦੇ ਅਨੁਸਾਰ ਇੰਸਪੈਕਟਰ ਜ਼ੀਸ਼ਾਨ ਕਾਜ਼ਮੀ ਨੂੰ ਸ਼ੋਏਬ ਖ਼ਾਨ ਨੇ ਗੁਜ਼ਰੀ ਸਥਿਤ ਖ਼ਯਾਬਾਨ-ਏ-ਸਹਰ ’ਚ ਆਪਣੇ ਘਰ ਬੁਲਾਇਆ ਸੀ ਅਤੇ ਧੋਖੇ ਨਾਲ ਉਨ੍ਹਾਂ ਨੂੰ ਆਸ਼ਿਕ ਖੋਸੂ ਅਤੇ ਨਿਆਜ਼ ਦੇ ਹਵਾਲੇ ਕਰ ਦਿੱਤਾ ਸੀ।
‘ਡਾਨ’ ਅਖ਼ਬਾਰ ਦੇ ਅਨੁਸਾਰ ਇੰਸਪੈਕਟਰ ਜ਼ੀਸ਼ਾਨ ਕਾਜ਼ਮੀ ਦੀ ਲਾਸ਼ ਮੰਗਲਵਾਰ ਨੂੰ 14 ਅਕਤੂਬਰ, 2003 ਦੀ ਅੱਧੀ ਰਾਤ ਨੂੰ ਸ਼ਹਿਰ ਦੇ ਪੂਰਬੀ ਖੇਤਰ ਪੀਈਸੀਐੱਚ ਸੁਸਾਇਟੀ ਦੇ ਬਲਾਕ 2 ਦੀ ਖ਼ਾਲਿਦ ਬਿਨ ਵਲੀਦ ਰੋਡ ਉੱਤੇ ਮਿਲੀ ਸੀ।
ਸ਼ੋਏਬ ਖ਼ਾਨ ਵੱਲੋਂ ਵਾਅਦਾ ਪੂਰਾ ਕੀਤੇ ਜਾਣ ਤੋਂ ਬਾਅਦ ਆਸ਼ਿਕ ਖੋਸੂ ਅਤੇ ਨਿਆਜ਼ ਨੇ ਆਪਣਾ ਵਾਅਦਾ ਵੀ ਨਿਭਾਇਆ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 17 ਜੂਨ 2004 ਨੂੰ ਥਾਣਾ ਜਮਸ਼ੇਦ ਕੁਆਰਟਜ਼ ਦੀ ਹਦੂਦ ਵਿੱਚ ਸ਼ਹਿਰ ਦੇ ਬਿਲਕੁਲ ਵਿਚਾਲੇ ਗੁਰੁ ਮੰਦਰ ਦੇ ਕੋਲ ਮੁਨੱਵਰ ਸੁਹਰਾਵਰਦੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਪੁਲਿਸ ਅਧਿਕਾਰੀ ਰਾਓ ਅਨਵਰ ਨੇ ਵੀ ਪੁਸ਼ਟੀ ਕੀਤੀ ਕਿ ਸ਼ੋਏਬ ਖ਼ਾਨ ਮੁਨੱਵਰ ਸੁਹਰਾਵਰਦੀ ਅਤੇ ਜ਼ੀਸ਼ਾਨ ਕਾਜ਼ਮੀ ਦੋਵਾਂ ਦੇ ਕਤਲ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਲ ਸੀ।
ਗਵਰਨਰ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਅਤੇ ਸ਼ੋਏਬ ਖ਼ਾਨ ਦੀ ਗ੍ਰਿਫਤਾਰੀ

ਤਸਵੀਰ ਸਰੋਤ, Getty Images
ਇੱਕ-ਇੱਕ ਕਰਕੇ ਵਿਰੋਧੀ ਸ਼ੋਏਬ ਖ਼ਾਨ ਦੇ ਖਿਲਾਫ ਇਕਜੁੱਟ ਹੋਣ ਲੱਗੇ ਅਤੇ ਸਾਰੇ ਸਬੰਧਾਂ ਦੇ ਬਾਵਜੂਦ ਸ਼ੋਏਬ ਖ਼ਾਨ ਦੇ ਖਿਲਾਫ ਮੁਕੱਦਮੇ ’ਤੇ ਮੁਕੱਦਮਾ ਦਰਜ ਹੁੰਦਾ ਗਿਆ, ਹਾਲਾਂਕਿ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਸੀ।
ਸਾਬਕਾ ਗਵਰਨਰ ਇਸ਼ਰਤੁਲ ਇਬਾਦ ਨੇ ਵੀ ਪੁਸ਼ਟੀ ਕੀਤੀ ਅਤੇ ਕਿਹਾ, “ਜਦੋਂ ਅਸੀਂ ਸ਼ਹਿਰ ਵਿੱਚ ਜੂਏ, ਸੱਟੇਬਾਜ਼ੀ, ਭੱਤੇ ਅਤੇ ਹੋਰ ਅਪਰਾਧਾਂ ਖਿਲਾਫ ਕੰਮ ਕਰਨ ਦਾ ਯਤਨ ਕੀਤਾ ਤਾਂ ਪਤਾ ਲੱਗਿਆ ਕਿ ਪੁਲਿਸ ਸ਼ੋਏਬ ਖ਼ਾਨ ਦੇ ਖਿਲਾਫ ਸਰਕਾਰੀ ਹੁਕਮ ਤਾਂ ਸੁਣ ਲੈਂਦੀ ਹੈ ਪਰ ਕਾਰਵਾਈ ਨੂੰ ਅਮਲ ’ਚ ਨਹੀਂ ਲਿਆਉਂਦੀ ਹੈ।”
ਹਾਲਾਂਕਿ ਸੁਣਾਉਣ ਤਾਂ ਵਾਲੇ ਕਹਾਣੀ ਦਾ ਦੂਜਾ ਰੁਖ ਵੀ ਦੱਸਦੇ ਹਨ।
ਸ਼ੋਏਬ ਖ਼ਾਨ ਦੇ ਨਜ਼ਦੀਕੀ ਇੱਕ ਨੇਤਾ ਨੇ ਦੱਸਿਆ ਸੀ ਕਿ ਐੱਮਕਿਊਐੱਮ ਦੇ ਹਥਿਆਰਬੰਦ ਧੜੇ ਦੇ ਨਾਰਾਜ਼ ਵਰਕਰ ਬਾਹਰ ਹੋਣ ਜਾਂ ਫਿਰ ਜੇਲ੍ਹ ’ਚ ਬੰਦ, ਸਾਰੇ ਹੀ ਸ਼ੋਏਬ ਖ਼ਾਨ ਦੇ ਲਈ ਕੰਮ ਕਰਨ ਲੱਗ ਪਏ ਸਨ।
ਮੇਰੇ ਇੱਕ ਸੂਤਰ ਨੇ ਦੱਸਿਆ ਸੀ ਕਿ ਇੱਕ ਵਾਰ ਸ਼ੋਏਬ ਖ਼ਾਨ ਨੇ ਸ਼ਹਿਰ ਦੇ ਪੁਲਿਸ ਮੁਖੀ ਰਾਹੀਂ ਗਵਰਨਰ ਇਸ਼ਰਤੁਲ ਇਬਾਦ ਨੂੰ ਸੁਨੇਹਾ ਭੇਜਿਆ ਕਿ ਜੇਕਰ ਅਰਸ਼ੀ ਸਿਨੇਮਾ, ਕਲਿਫਟਨ ਅਤੇ ਹਾਕੀ ਕਲੱਬ ਸਮੇਤ ਸ਼ਹਿਰ ਵਿੱਚ ਉਨ੍ਹਾਂ ਦੇ ਚਾਰ ਜੂਏ ਦੇ ਅੱਡੇ ਖੁੱਲ੍ਹੇ ਰਹਿਣ ਦਿੱਤੇ ਜਾਣਗੇ ਤਾਂ ਉਹ ਕਰੋੜਾਂ ਰੁਪਏ ਦੀ ਅਦਾਇਗੀ ਕਰਨ ਨੂੰ ਵੀ ਤਿਆਰ ਹਨ।
‘ਉਰਦੂ ਪੁਆਇੰਟ’ ਨੇ 4 ਫਰਵਰੀ, 2005 ਨੂੰ ਆਪਣੀ ਵੈੱਬਸਾਈਟ ’ਤੇ ਦੱਸਿਆ ਸੀ ਕਿ ਸ਼ੋਏਬ ਖ਼ਾਨ ਵੱਲੋਂ ਸਮਝੌਤੇ ਦੀ ਪੇਸ਼ਕਸ਼ ਨੂੰ ਲੰਡਨ ਐੱਮਕਿਊਐੱਮ ਨੇ ਠੁਕਰਾ ਦਿੱਤਾ ਸੀ।
ਦੂਜੇ ਪਾਸੇ ਸਿੰਧ ਦੇ ਗਵਰਨਰ ਦੀ ਅਗਵਾਈ ਵਿੱਚ ਸੂਬਾ ਪ੍ਰਸ਼ਾਸਨ ਨੇ ਸ਼ੋਏਬ ਖ਼ਾਨ ਦੇ ਆਲੇ-ਦੁਆਲੇ ਘੇਰਾ ਤੰਗ ਕਰਨਾ ਸ਼ੁਰੂ ਕਰਨ ਦਾ ਯਤਨ ਤਾਂ ਕੀਤਾ ਪਰ ਅਜਿਹਾ ਸੰਭਵ ਨਾ ਹੋ ਸਕਿਆ।
ਡਾਕਟਰ ਇਸ਼ਰਤੁਲ ਇਬਾਦ ਦੱਸਦੇ ਹਨ ਕਿ “ਸਾਨੂੰ ਪਤਾ ਲੱਗਿਆ ਸੀ ਕਿ ਕੁਝ ਪੁਲਿਸ ਅਧਿਕਾਰੀਆਂ ਦੇ ਸ਼ੋਏਬ ਖ਼ਾਨ ਨਾਲ ਬਹੁਤ ਚੰਗੇ ਸਬੰਧ ਹਨ। ਇੱਥੋਂ ਤੱਕ ਹੋਇਆ ਕਿ ਮੈਂ ਅਤੇ ਆਈਜੀ ਨੇ ਇੱਕ ਬਹੁਤ ਹੀ ਸੀਨੀਅਰ ਅਧਿਕਾਰੀ ਨੂੰ ਕਾਰਵਾਈ ਕਰਨ ਦਾ ਕੰਮ ਸੌਂਪਿਆ ਅਤੇ ਉਨ੍ਹਾਂ ਨੇ ਕਈ ਵਾਰ ਸ਼ੋਏਬ ਦੇ ਅੱਡਿਆਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਸ ਅਧਿਕਾਰੀ ਨੂੰ 14 ਵਾਰ ਅਦਾਲਤ ਦੀ ਮਾਣਹਾਨੀ ਦਾ ਸਾਹਮਣਾ ਕਰਨਾ ਪਿਆ।”
ਇਸ਼ਰਤੁਲ ਇਬਾਦ ਨੇ ਕਿਹਾ ਕਿ ਜਦੋਂ ਇਹ ਸਭ ਹੋਇਆ ਤਾਂ “ਮੈਂ ਫਿਰ ਰਾਸ਼ਟਰਪਤੀ ਜਨਰਲ ਮੁਸ਼ੱਰਫ ਨਾਲ ਮੁਲਾਕਾਤ ਕਰਨ ਦਾ ਸਮਾਂ ਮੰਗਿਆ। ਮੁਲਾਕਾਤ ਦੇ ਦੌਰਾਨ ਮੈਂ ਰਾਸ਼ਟਰਪਤੀ ਮੁਸ਼ੱਰਫ ਨੂੰ ਕਿਹਾ ਕਿ ਅਸੀਂ ਅਪਰਾਧਿਕ ਅਨਸਰਾਂ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਬਿਲਕੁਲ ਕਰੋ… ਰੁਕਾਵਟ ਕਿੱਥੇ ਹੈ? ਤਾਂ ਮੈਂ ਰਾਸ਼ਟਪਤੀ ਨੂੰ ਦੱਸਿਆ ਕਿ ਜਿਨ੍ਹਾਂ ਅਪਰਾਧਿਕ ਅਨਸਰਾਂ ਖਿਲਾਫ ਅਸੀਂ ਕਾਰਵਾਈ ਕਰਨਾ ਚਾਹੁੰਦੇ ਹਾਂ ਉਹ ਸਰਕਾਰ ਦੇ ਚਹੇਤੇ ਬਣੇ ਬੈਠੇ ਹਨ ਅਤੇ ਸਰਕਾਰੀ ਸੰਸਥਾਵਾਂ ਉਨ੍ਹਾਂ ਦੀ ਹਿਮਾਇਤ ਕਰਦੀਆਂ ਹਨ। ਜਦੋਂ ਤੱਕ ਇਹ ਸਥਿਤੀ ਨਹੀਂ ਸੁਧਰੇਗੀ ਉਦੋਂ ਤੱਕ ਪੁਲਿਸ ਕਾਰਵਾਈ ਕਰਨ ਤੋਂ ਝਿਜਕਦੀ ਰਹੇਗੀ।”
ਇਸਲਾਮਾਬਾਦ ਵਿੱਚ ਤਾਇਨਾਤ ਰਹਿਣ ਵਾਲੇ ਅਤੇ ਸੂਬੇ ਦੇ ਸਿਖਰ ਤੱਕ ਸੰਪਰਕ ਰੱਖਣ ਵਾਲੇ ਇੱਕ ਵਿਅਕਤੀ ਨੇ ਮੈਨੂੰ ਦੱਸਿਆ ਕਿ ਇਸ਼ਰਤੁਲ ਇਬਾਦ ਦੀ ਇਸ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ ਮੁਸ਼ੱਰਫ ਨੇ ਆਈਐੱਸਆਈ ਦੇ ਮੁਖੀ ਜਨਰਲ ਅਹਿਸਾਨੁਲ ਹੱਕ ਨੂੰ ਕਰਾਚੀ ਭੇਜਿਆ ਸੀ।
ਡਾ. ਇਸ਼ਰਤੁਲ ਇਬਾਦ ਨੇ ਦੱਸਿਆ, “ਜਨਰਲ ਮੁਸ਼ੱਰਫ ਨੇ ਉਸ ਅਧਿਕਾਰੀ ਨੂੰ ਹੁਕਮ ਦਿੱਤਾ ਕਿ ਤੁਸੀਂ ਆਪ ਜਾਓ ਅਤੇ ਸੂਬੇ ਦੀ ਸਾਰੀ ਮਸ਼ੀਨਰੀ ਅਤੇ ਸੰਬੰਧਤ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਬਿਲਕੁਲ ਸਾਫ਼ ਤੌਰ ’ਤੇ ਦੱਸ ਦਿਓ ਕਿ ਕਿਸੇ ਨੂੰ ਵੀ ਸੂਬਾ ਸਰਕਾਰ ਦੀ ਸਰਪ੍ਰਸਤੀ ਹਾਸਲ ਨਹੀਂ ਹੈ। ਕੋਈ ਵੀ ਅਪਰਾਧਾਂ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ’ਤੇ ਪੂਰੀ ਕਾਨੂੰਨੀ ਕਾਰਵਾਈ ਹੋਵੇਗੀ।”
ਇਸ਼ਰਤੁਲ ਇਬਾਦ ਦੇ ਅਨੁਸਾਰ ਉਨ੍ਹਾਂ ਦੀ ਅਤੇ ਜਨਰਲ ਮੁਸ਼ੱਰਫ ਦੀ ਉਸ ਮੁਲਾਕਾਤ ਤੋਂ ਬਾਅਦ ਫੌਜ ਵੱਲੋਂ ਸਿੰਧ ਸਰਕਾਰ ਨੂੰ ‘ਫ੍ਰੀ ਹੈਂਡ’ ਦਿੱਤਾ ਗਿਆ ਸੀ।
ਮੇਰੇ ਆਪਣੇ ਸੂਤਰਾਂ ਦੇ ਅਨੁਸਾਰ ਆਈਐੱਸਆਈ ਦੇ ਮੁਖੀ ਜਨਰਲ ਅਹਿਸਾਨੁਲ ਹੱਕ ਵੱਲੋਂ ਕਰਾਚੀ ਵਿੱਚ ਅਧਿਕਾਰੀਆਂ ਨੂੰ ਦਿੱਤੇ ਸਪੱਸ਼ਟ ਹੁਕਮਾਂ ਤੋਂ ਬਾਅਦ ਪੂਰੇ ਸਿਸਟਮ ਨੇ ਸਹੀ ਢੰਗ ਨਾਲ ਕਾਰਵਾਈ ਕਰਨੀ ਸ਼ੁਰੂ ਕੀਤੀ।
ਜੇਕਰ ਤਤਕਾਲੀ ਮੀਡੀਆ ਦਾ ਜਾਇਜ਼ਾ ਲਿਆ ਜਾਵੇ ਤਾਂ ਅਜੀਬੋ-ਗਰੀਬ ਹੀ ਕਹਾਣੀ ਸਾਹਮਣੇ ਆਉਂਦੀ ਹੈ।
ਸ਼ੋਏਬ ਖ਼ਾਨ ਦੇ ਪੂਰੇ ਗੈਂਗ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕ ਪੁਲਿਸ ਦੇ ਨਿਸ਼ਾਨੇ ’ਤੇ ਆ ਗਏ ਸਨ। ਇਸ ’ਚ ਐੱਮਕਿਊਐੱਮ ਦੇ ਮੈਂਬਰ ਵੀ ਸ਼ਾਮਲ ਸਨ, ਜਿਨ੍ਹਾਂ ’ਤੇ ਕਤਲ, ਕੁੱਟਮਾਰ ਅਤੇ ਦਹਿਸ਼ਤਗਰਦੀ ਦੇ ਕਈ ਮਾਮਲੇ ਦਰਜ ਸਨ।
ਹੁਣ ਆਏ ਦਿਨ ਪੁਲਿਸ ਵੱਲੋਂ ਛਾਪਾਮਾਰੀ ਅਤੇ ਬੇਹੱਦ ਸ਼ੱਕੀ ਪੁਲਿਸ ਮੁਕਾਬਲੇ ਸ਼ੁਰੂ ਹੋ ਗਏ ਸਨ।
ਇਸ ਦੇ ਨਾਲ ਹੀ ਅਜਿਹੇ ਫੌਜੀ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਅਤੇ ਮੁਅੱਤਲੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਸੀ, ਜਿਨ੍ਹਾਂ ਨੂੰ ਸ਼ੋਏਬ ਖ਼ਾਨ ਦਾ ਹਮਦਰਦ ਜਾਂ ਉਸ ਦੀ ਮਿਹਰਬਾਨੀ ਦਾ ਲਾਭ ਚੁੱਕਣ ਵਾਲੇ ਅਧਿਕਾਰੀ ਮੰਨਿਆ ਜਾਂਦਾ ਸੀ।
ਇੱਥੋਂ ਤੱਕ ਕਿ ਫੌਜ ਦੇ ਇੱਕ ਬਹੁਤ ਹੀ ਸੰਵੇਦਨਸ਼ੀਲ ਖੇਤਰ ਤੋਂ ਤਬਾਦਲਾ ਕਰਨ ਤੋਂ ਬਾਅਦ ਸਿੰਧ ’ਚ ਜੇਲ੍ਹ ਦੇ ਆਈਜੀ ਤੈਨਾਤ ਕੀਤੇ ਜਾਣ ਵਾਲੇ ਇੱਕ ਬ੍ਰਿਗੇਡੀਅਰ ਸਮੇਤ ਘੱਟ ਤੋਂ ਘੱਟ 3 ਬ੍ਰਿਗੇਡੀਅਰਾਂ ਦਾ ਤਬਾਦਲਾ ਕੀਤਾ ਗਿਆ ਸੀ।
ਹਾਲਾਤ ਇੰਨੀ ਤੇਜ਼ੀ ਨਾਲ ਵਿਗੜੇ ਕਿ ਭੋਲੂ ਮਾਮਲੇ ’ਚ ਮੈਡੀਕਲ ਆਧਾਰ ’ਤੇ ਜ਼ਮਾਨਤ ’ਤੇ ਰਿਹਾਅ ਹੋਏ ਸ਼ੋਏਬ ਖ਼ਾਨ ਨੇ ਕਰਾਚੀ ਤੋਂ ਨਿਕਲ ਕੇ ਅੰਡਰਗਰਾਊਂਡ ਹੋ ਜਾਣ ਵਿੱਚ ਹੀ ਰਾਹਤ ਮਹਿਸੂਸ ਕੀਤੀ, ਪਰ ਸੂਬੇ ਭਰ ਦੀਆ ਏਜੰਸੀਆਂ ਉਨ੍ਹਾਂ ਦੀ ਤਲਾਸ਼ ਵਿੱਚ ਸਰਗਰਮ ਰਹੀਆਂ।
ਫਿਰ ਸ਼ੋਏਬ ਖ਼ਾਨ ਦੇ ਖਿਲਾਫ ਪੁਲਿਸ ਦੀਆਂ ਰਿਵਾਇਤੀ ਚਾਲਾਂ ਵੀ ਸ਼ੁਰੂ ਹੋ ਗਈਆਂ।
ਅਜੇ ਇਹ ਸਭ ਚੱਲ ਹੀ ਰਿਹਾ ਸੀ ਕਿ 29 ਦਸੰਬਰ, 2004 ਨੂੰ ਕਰਾਚੀ ਦੀ ਰਿਪੋਰਟਿੰਗ ਕਰਨ ਵਾਲੇ ਲਗਭਗ ਸਾਰੇ ਹੀ ਰਾਸ਼ਟਰੀ ਮੀਡੀਆ ਸਮੇਤ ਅੰਤਰਰਾਸ਼ਟਰੀ ਮੀਡੀਆ ਨੇ ਹੈਰਾਨ ਕਰਨ ਵਾਲੀ ਖ਼ਬਰ ਦਿੱਤੀ। ਇਹ ਪੰਜਾਬ ਦੇ ਸ਼ਹਿਰ ਲਾਹੌਰ ਤੋਂ ਸ਼ੋਏਬ ਖ਼ਾਨ ਦੀ ਗ੍ਰਿਫਤਾਰੀ ਦੀ ਖ਼ਬਰ ਸੀ।
ਇਹ ਇੰਨੀ ਵੱਡੀ ਖ਼ਬਰ ਸੀ ਕਿ ਇਸ ਬਾਰੇ ਜਾਣਕਾਰੀ ਦੇਣ ਲਈ ਹਕੂਮਤ ਨੇ ਸਾਰੇ ਹੀ ਵੱਡੇ ਅਧਿਕਾਰੀਆਂ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ। ਇਸ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਸਾਰੇ ਹੀ ਅਧਿਕਾਰੀਆਂ ਨੇ ਬਹੁਤ ਹੀ ਮਾਣ ਨਾਲ ਐਲਾਨ ਕੀਤਾ ਕਿ ਸ਼ੋਏਬ ਖ਼ਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਕਿ ਉਨ੍ਹਾਂ ਨੂੰ ਕਿਵੇਂ ਹਿਰਾਸਤ ਵਿੱਚ ਲਿਆ ਗਿਆ।
ਮੈਨੂੰ ਇਹ ਜਾਣਕਾਰੀ ਮੇਰੇ ਬਹੁਤ ਹੀ ਭਰੋਸੇਮੰਦ ਸਰੋਤ ਤੋਂ ਹਾਸਲ ਹੋਈ, ਜੋ ਕਿ ਅੱਜ ਵੀ ਕਰਾਚੀ ਪੁਲਿਸ ’ਚ ਤਾਇਨਾਤ ਹਨ।
ਸੂਤਰਾਂ ਦਾ ਮੰਨਣਾ ਸੀ ਕਿ ਸ਼ੋਏਬ ਖ਼ਾਨ ਰੂਪੋਸ਼ ਤਾਂ ਹੋ ਗਏ ਸਨ ਪਰ ਉਨ੍ਹਾਂ ਦੇ ਜੂਏ ਦੇ ਅੱਡੇ ਫਿਰ ਵੀ ਕਿਸੇ ਨਾ ਕਿਸੇ ਰੂਪ ’ਚ ਚੱਲਦੇ ਰਹੇ।
“ਵਿਗੜੇ ਹੋਏ ਹਾਲਾਤ ’ਚ ਸ਼ੋਏਬ ਖ਼ਾਨ ਨੇ ਆਪਣਾ ਫੋਨ ਤਾਂ ਬੰਦ ਕਰ ਦਿੱਤਾ ਸੀ, ਪਰ ਉਨ੍ਹਾਂ ਦੇ ਮੁਲਾਜ਼ਮਾਂ ਦੇ ਫੋਨ ਚਾਲੂ ਸਨ। ਇੱਕ ਦਿਨ ਸ਼ੋਏਬ ਨੇ ਕਲਿਫਟਨ ਦੇ ਅੱਡੇ ਦੇ ਮੈਨੇਜਰ ਨਾਲ ਸੰਪਰਕ ਕਰਨ ਦੀ ਗਲਤੀ ਕਰ ਲਈ।”
ਮੇਰੇ ਸੂਤਰਾਂ ਨੇ ਦੱਸਿਆ ਕਿ ਸ਼ੋਏਬ ਖ਼ਾਨ ਲਾਹੌਰ ਕੈਂਟ ਇਲਾਕੇ ’ਚ ਉਸੇ ਫੌਜੀ ਅਧਿਕਾਰੀ ਦੇ ਘਰ ’ਚ ਸਨ, ਜਿਨ੍ਹਾਂ ਦੀ ਮਦਦ ਨਾਲ ਉਹ ਰੇਂਜਰਸ ਦੇ ਅਧਿਕਾਰੀਆਂ ਨੂੰ ਆਪਣੀ ਅਦਾਲਤ ਦੀ ਪੇਸ਼ੀ ਦੌਰਾਨ ਸਿਟੀ ਕੋਰਟ ਲੈ ਕੇ ਗਏ ਸਨ।
“ਸੂਹ ਮਿਲਦੇ ਹੀ ਪੁਲਿਸ ਅਧਿਕਾਰੀ ਚੌਧਰੀ ਅਸਲਮ ਨੂੰ ਸ਼ੋਏਬ ਖ਼ਾਨ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ। ਚੌਧਰੀ ਅਸਲਮ ਆਪਣੇ ਸਭ ਤੋਂ ਭਰੋਸੇਮੰਦ ਸਾਥੀ ਪੁਲਿਸ ਅਧਿਕਾਰੀ ਇਰਫ਼ਾਨ ਬਹਾਦੁਰ ਦੇ ਨਾਲ ਲਾਹੌਰ ਪਹੁੰਚੇ।”
ਐੱਸਪੀ ਇਰਫ਼ਾਨ ਬਹਾਦੁਰ ਹੁਣ ਕਰਾਚੀ ਦੇ ਪੂਰਬੀ ਜ਼ਿਲ੍ਹੇ ਦੇ ਪੁਲਿਸ ਮੁਖੀ ਹਨ ਅਤੇ ਬਹੁਤ ਪਹਿਲਾਂ ਮੇਰੇ ਨਾਲ ਹੋਈ ਗੱਲਬਾਤ ’ਚ ਉਨ੍ਹਾਂ ਪੁਸ਼ਟੀ ਕੀਤੀ ਸੀ ਕਿ ਸ਼ੋਏਬ ਖ਼ਾਨ ਨੂੰ ਗ੍ਰਿਫਤਾਰ ਕਰਨ ਦੇ ਲਈ ਉਹ ਵੀ ਚੌਧਰੀ ਅਸਲਮ ਦੇ ਨਾਲ ਲਾਹੌਰ ਪਹੁੰਚੇ ਸਨ। ਹਾਲਾਂਕਿ ਜਦੋਂ ਇਰਫ਼ਾਨ ਬਹਾਦੁਰ ਨੇ ਇਸ ਤੋਂ ਵੱਧ ਕੁਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ ਤਾਂ ਲਾਹੌਰ ਦੇ ਇੱਕ ਕ੍ਰਾਈਮ ਰਿਪੋਰਟਰ ਨੇ ਮੇਰੀ ਮਦਦ ਕੀਤੀ।
ਉਨ੍ਹਾਂ ਨੇ ਦੱਸਿਆ ਕਿ “ਕਰਾਚੀ ਪੁਲਿਸ ਦੀ ਟੀਮ ਕੈਂਟ ਇਲਾਕੇ ’ਚ ਦਾਖਲ ਨਹੀਂ ਹੋ ਸਕਦੀ ਸੀ। ਲਾਹੌਰ ਦੇ ਅਧਿਕਾਰੀ ਦੋ ਤਰ੍ਹਾਂ ਦੀ ਗੱਲ ਦੱਸਦੇ ਹਨ। ਪਹਿਲੀ ਇਹ ਕਿ ਅਦਾਲਤ ’ਚ ਪੇਸ਼ ਕੀਤੇ ਜਾਣ ਦੀ ਸ਼ਰਤ ’ਤੇ ਸ਼ੋਏਬ ਖ਼ਾਨ ਨੂੰ ਕਰਾਚੀ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਦੂਜੀ ਇਹ ਕਿ ਸ਼ੋਏਬ ਦਾ ਕੈਂਟ ਇਲਾਕੇ ’ਚੋਂ ਬਾਹਰ ਨਿਕਲਣ ਦਾ ਇੰਤਜ਼ਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਬਾਹਰ ਆਉਂਦੇ ਹੀ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।”
ਗ੍ਰਿਫਤਾਰੀ ਭਾਵੇਂ ਕਿਵੇਂ ਵੀ ਹੋਈ ਹੋਵੇ , ਪਰ ਹੁਣ ਸ਼ੋਏਬ ਖ਼ਾਨ ਕਰਾਚੀ ਪੁਲਿਸ ਦੀ ਹਿਰਾਸਤ ’ਚ ਸਨ ਅਤੇ ਹੁਣ ਸਮੱਸਿਆ ਇਹ ਸੀ ਕਿ ਉਨ੍ਹਾਂ ਨੂੰ ਸੁਰੱਖਿਅਤ ਕਰਾਚੀ ਕਿਵੇਂ ਲਿਜਾਇਆ ਜਾਵੇ।
ਲਾਹੌਰ ਦੇ ਕ੍ਰਾਈਮ ਰਿਪੋਰਟਰ ਨੇ ਦੱਸਿਆ ਕਿ ਸ਼ਾਇਦ ਸਿੰਧ ’ਚ ਇਹ ਫੈਸਲਾ ਕੀਤਾ ਗਿਆ ਸੀ ਕਿ ਪਹਿਲਾਂ ਸ਼ੋਏਬ ਨੂੰ ਕਰਾਚੀ ਪਹੁੰਚਾਇਆ ਜਾਵੇ ਅਤੇ ਫਿਰ ਉਨ੍ਹਾਂ ਦੀ ਗ੍ਰਿਫਤਾਰੀ ਦੀ ਖ਼ਬਰ ਜਨਤਕ ਕੀਤੀ ਜਾਵੇ, ਨਹੀਂ ਤਾਂ ਸ਼ੋਏਬ ਖ਼ਾਨ ਦੇ ਨਾਲ-ਨਾਲ ਉਨ੍ਹਾਂ ਨੂੰ ਹਿਰਾਸਤ ’ਚ ਲੈਣ ਵਾਲੀ ਕਰਾਚੀ ਪੁਲਿਸ ਟੀਮ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ।
“ਹੁਣ ਸਮੱਸਿਆ ਇਹ ਸੀ ਕਿ ਜੇਕਰ ਸ਼ੋਏਬ ਨੂੰ ਲਾਹੌਰ ਤੋਂ ਹਵਾਈ ਜਹਾਜ਼ ਰਾਹੀਂ ਲਿਆਂਦਾ ਜਾਂਦਾ ਤਾਂ ਟਿਕਟ ਤਾਂ ਉਨ੍ਹਾਂ ਦੇ ਨਾਮ ’ਤੇ ਹੀ ਹੋਣੀ ਸੀ ਅਤੇ ਖ਼ਬਰ ਫੈਲ ਸਕਦੀ ਸੀ। ਰੇਲਗੱਡੀ ਰਾਹੀਂ ਵੀ ਸ਼ੋਏਬ ਨੂੰ ਕਰਾਚੀ ਲੈ ਕੇ ਜਾਣਾ ਅਧਿਕਾਰੀਆਂ ਨੂੰ ਸੁਰੱਖਿਅਤ ਨਾ ਲੱਗਿਆ। ਹੁਣ ਇੱਕ ਹੀ ਰਸਤਾ ਬਚਿਆ ਸੀ ਅਤੇ ਉਹ ਇਹ ਸੀ ਕਿ ਸੜਕ ਭਾਵ ਕਾਰ ਰਾਹੀਂ ਕਰਾਚੀ ਤੱਕ ਦਾ ਸਫ਼ਰ ਤੈਅ ਕੀਤਾ ਜਾਵੇ।”
ਇੱਕ ਹੋਰ ਸਰਕਾਰੀ ਅਧਿਕਾਰੀ ਦੇ ਅਨੁਸਾਰ ਕਰਾਚੀ ’ਚ ਆਈਜੀ ਸਿੰਧ ਕਮਾਲ ਸ਼ਾਹ ਅਤੇ ਗਵਰਨਰ ਇਸ਼ਰਤੁਲ ਇਬਾਦ ਦੋਵੇਂ ਹੀ ਸਾਰੀ ਰਾਤ ਜਾਗਦੇ ਰਹੇ ਤਾਂ ਜੋ ਸ਼ੋਏਬ ਖ਼ਾਨ ਨੂੰ ਕਰਾਚੀ ਲੈ ਜਾਣ ਦੇ ਇਸ ਸਫ਼ਰ ਦੀ ਨਿਗਰਾਨੀ ਉਹ ਖੁਦ ਕਰ ਸਕਣ।
ਜੇਲ੍ਹ ’ਚ ਦਿਲ ਦਾ ਦੌਰਾ ਪੈਣ ਕਰਕੇ ਸ਼ੋਏਬ ਖ਼ਾਨ ਦੀ ਮੌਤ
ਕਰਾਚੀ ਪਹੁੰਚਣ ’ਤੇ ਸ਼ੋਏਬ ਖ਼ਾਨ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ’ਚ ਲਿਆਂਦਾ ਗਿਆ ਸੀ। ਇੱਥੇ ਸਿਰਫ 28 ਦਿਨਾਂ ਬਾਅਦ ਭਾਵ 26 ਅਤੇ 27 ਜਨਵਰੀ 2005 ਦੀ ਰਾਤ ਨੂੰ ਜੇਲ੍ਹ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦਿਲ ਦਾ ਦੌਰਾ ਪੈਣ ਕਰਕੇ ਸ਼ੋਏਬ ਖ਼ਾਨ ਦੀ ਮੌਤ ਹੋ ਗਈ ਹੈ।
ਬੀਬੀਸੀ ਉਰਦੂ ਨੇ 27 ਜਨਵਰੀ, 2005 ਨੂੰ ਦੱਸਿਆ ਕਿ ਕਰਾਚੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਮਾਨਉੱਲ੍ਹਾ ਨਿਆਜ਼ੀ ਨੇ ਕਿਹਾ ਕਿ ਸ਼ੋਏਬ ਖ਼ਾਨ ਦੋ ਦਿਨ ਤੋਂ ਬਿਮਾਰ ਸਨ ਅਤੇ ਜੇਲ੍ਹ ਦੇ ਹਸਪਤਾਲ ’ਚ ਭਰਤੀ ਸਨ।
“ ਵੀਰਵਾਰ 27 ਜਨਵਰੀ ਨੂੰ ਸਵੇਰੇ 3 ਵਜੇ ਜਦੋਂ ਉਨ੍ਹਾਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋਈ ਤਾਂ ਉਨ੍ਹਾਂ ਨੂੰ ਜਿਨਹਾ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ’ਚ ਲਿਆਂਦਾ ਜਾ ਰਿਹਾ ਸੀ ਕਿ ਰਸਤੇ ’ਚ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।”
‘ਡਾਨ’ ਅਖ਼ਬਾਰ ਦੇ 28 ਜਨਵਰੀ 2005 ਦੇ ਅੰਕ ਦੇ ਅਨੁਸਾਰ ਸ਼ੋਏਬ ਖ਼ਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ’ਚ ਰੱਖਿਆ ਗਿਆ ਸੀ। ਦੁਪਹਿਰ ਦੇ ਸਮੇਂ ਇੱਕ ਜੁਡੀਸ਼ੀਅਲ ਮੈਜਿਸਟਰੇਟ ਲਾਸ਼ ਵੇਖਣ ਲਈ ਹਸਪਤਾਲ ਪਹੁੰਚੇ, ਪਰ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।
ਸ਼ਾਮ ਨੂੰ ਇੱਕ ਹੋਰ ਮੈਜੀਸਟਰੇਟ ਨੇ ਪੋਸਟਮਾਰਟਮ ਲਈ ਤੈਨਾਤ ਮੈਡੀਕਲ ਬੋਰਡ ਨੂੰ ਕਿਹਾ ਕਿ ਉਹ ਸਿਰਫ ਉਦੋਂ ਹੀ ਪੋਸਟਮਾਰਟਮ ਦੀ ਇਜਾਜ਼ਤ ਦੇ ਸਕਦੇ ਹਨ, ਜਦੋਂ ਸਾਰੀਆਂ ਕਾਨੂੰਨੀ ਜ਼ਰੂਰਤਾਂ ਮੁਕੰਮਲ ਕਰ ਲਈਆਂ ਜਾਣ।
‘ਡਾਨ’ ਅਖ਼ਬਾਰ ਦੇ ਅਨੁਸਾਰ ਸ਼ੋਏਬ ਖ਼ਾਨ ਦੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਸ਼ੋਏਬ ਖ਼ਾਨ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪੋਸਟਮਾਰਟਮ ਅਤੇ ਲੈਬ ’ਚ ਟੈਸਟ ਦੇ ਜ਼ਰੀਏ ਸੁਤੰਤਰ ਜਾਂਚ ਕੀਤੀ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਸ਼ੋਏਬ ਖ਼ਾਨ ਦੀ ਮੌਤ ਕੁਦਰਤੀ ਨਹੀਂ ਹੈ।
ਖੋਜੀ ਪੱਤਰਕਾਰ ਹੋਣ ਜਾਂ ਫਿਰ ਪੁਲਿਸ ਅਤੇ ਫੌਜੀ ਤੇ ਗੈਰ-ਫੌਜੀ ਖੁਫ਼ੀਆ ਸੰਸਥਾਵਾਂ ਦੇ ਅਧਿਕਾਰੀ ਹੋਣ , ਆਗੂ ਹੋਣ ਜਾਂ ਫਿਰ ਵਕੀਲ, ਜਿਸ ਕਿਸੇ ਨਾਲ ਵੀ ਮੇਰੀ ਗੱਲ ਹੋਈ ਉਨ੍ਹਾਂ ਸਾਰਿਆਂ ਨੇ 40 ਸਾਲਾ ਸ਼ੋਏਬ ਖ਼ਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਨੂੰ ਬਹੁਤ ਹੀ ਰਹੱਸਮਈ ਅਤੇ ਸ਼ੱਕੀ ਦੱਸਿਆ।
ਲਗਭਗ ਸਾਰਿਆਂ ਨੇ ਹੀ ਸ਼ੋਏਬ ਖ਼ਾਨ ਦੇ ਪਰਿਵਾਰ ਵੱਲੋਂ ਲਗਾਏ ਗਏ ਇਲਜ਼ਾਮ ਨੂੰ ਦੁਹਰਾਇਆ ਕਿ ਜੇਲ੍ਹ ’ਚ ਸਾਜਿਸ਼ ਦੇ ਤਹਿਤ ਸੋਏਬ ਖ਼ਾਨ ਨੂੰ ਮਾਰਿਆ ਗਿਆ ਹੈ।
ਇੱਕ ਸਰਕਾਰੀ ਅਧਿਕਾਰੀ ਦੀ ਗੱਲਬਾਤ ’ਚ ਇਹ ਵੀ ਸਾਹਮਣੇ ਆਇਆ ਕਿ ਸਿਰਫ ਸ਼ੋਏਬ ਖ਼ਾਨ ਹੀ ਨਹੀਂ ਬਲਕਿ ਇਸ ਸਾਜਿਸ਼ ਦੇ ਤਹਿਤ ਉਸ ਸਮੇਂ ਕਰਾਚੀ ਦੀ ਇਸੇ ਜੇਲ੍ਹ ’ਚ ਕੈਦ ਐਮਕਿਊਐਮ (ਹਕੀਕੀ) ਦੇ ਆਗੂ ਆਫ਼ਾਕ ਅਹਿਮਦ ਨੂੰ ਵੀ ਮਾਰਿਆ ਜਾਣਾ ਸੀ।
ਆਫ਼ਾਕ ਅਹਿਮਦ ਨੇ ਮੈਨੂੰ ਦੱਸਿਆ, “ ਸਾਜਿਸ਼ ਤਾਂ ਇਹੀ ਸੀ।” ਉਨ੍ਹਾਂ ਨੇ ਕਿਹਾ ਕਿ ਜਦੋਂ ਸ਼ੋਏਬ ਖ਼ਾਨ ਨੂੰ ਬੈਰਕ ’ਚੋਂ ਬਾਹਰ ਕੱਢਿਆ ਗਿਆ ਤਾਂ ਉੱਥੇ ਹੋਰ ਵੀ ਕੈਦੀ ਮੌਜੂਦ ਸਨ। ਉਨ੍ਹਾਂ ਲੋਕਾਂ ਨੇ ਦੱਸਿਆ ਕਿ ਸ਼ੋਏਬ ਖ਼ਾਨ ਤਾਂ ਬਿਲਕੁਲ ਤੰਦਰੁਸਤ ਸਨ।”
ਪਰ ਕੋਈ ਕਿਉਂ ਸ਼ੋਏਬ ਖ਼ਾਨ ਦਾ ‘ਕਤਲ’ ਕਰਵਾਏਗਾ?
ਮੇਰੇ ਇਸ ਸਵਾਲ ਦੇ ਜਵਾਬ ’ਚ ਆਫ਼ਾਕ ਅਹਿਮਦ ਨੇ ਕਿਹਾ, “ ਐਮਕਿਊਐਮ ਦੇ ਹਥਿਆਰਬੰਦ ਧੜੇ ’ਚ ਜਿਹੜੇ ਲੋਕ ਪਾਰਟੀ ਨਾਲ ਮਤਭੇਦਾਂ ਦੇ ਚੱਲਦੇ ਪਾਰਟੀ ਤੋਂ ਬਾਹਰ ਕੀਤੇ ਜਾ ਰਹੇ ਸਨ, ਸ਼ੋਏਬ ਖ਼ਾਨ ਉਨ੍ਹਾਂ ਨੂੰ ਆਪਣੇ ਨਾਲ ਸ਼ਾਮਲ ਕਰ ਲੈਂਦੇ ਸਨ। ਇਸ ’ਤੇ ਐਮਕਿਊਐਮ ਨੇ ਜੇਲ੍ਹ ਅਧਿਕਾਰੀਆਂ ਅੱਗੇ ਸ਼ੋਏਬ ਖ਼ਾਨ ਨੂੰ ਮਾਰਨ ਦੀ ਗੁਜ਼ਾਰਿਸ਼ ਕੀਤੀ। ਇਸ ’ਤੇ ਜੇਲ੍ਹ ਅਧਿਕਾਰੀ ਪੀਰ ਸ਼ਬੀਰ ਅਤੇ ਅਮਾਨਉੱਲ੍ਹਾ ਨਿਆਜ਼ੀ ਆਪਸ ’ਚ ਲੜ ਪਏ ਕਿ ਇਹ ਕੰਮ ਉਹ ਕਰਨਗੇ।”
ਜਦੋਂ ਮੈਂ ਆਫ਼ਾਕ ਅਹਿਮਦ ਦੀ ਇਸ ਗੱਲ ’ਤੇ ਪ੍ਰਤੀਕਿਰਿਆ ਜਾਣਨ ਲਈ ਤਤਕਾਲੀ ਗ੍ਰਹਿ ਮੰਤਰੀ ਅਤੇ ਐਮਕਿਊਐਮ ਦੇ ਆਗੂ ਰਊਫ਼ ਸਿੱਦੀਕੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ, “ ਮੈਂ ਤਾਂ ਅੱਜ ਪਹਿਲੀ ਵਾਰ ਇਸ ਮਾਮਲੇ ’ਚ ਐਮਕਿਊਐਮ ਦਾ ਨਾਮ ਸੁਣ ਰਿਹਾ ਹਾਂ। ਸ਼ੋਏਬ ਖ਼ਾਨ ਦੇ ਭਰਾਵਾਂ ਨੇ ਤਾਂ ਮੇਰੇ ਨਾਲ ਮੁਲਾਕਾਤ ਵੀ ਕੀਤੀ ਸੀ। ਉਨ੍ਹਾਂ ਨੇ ਤਾਂ ਮੈਨੂੰ ਅਜਿਹਾ ਕੁਝ ਨਹੀਂ ਦੱਸਿਆ। ਆਫ਼ਾਕ ਅਹਿਮਦ ਜੋ ਦਾਅਵਾ ਕਰ ਰਹੇ ਹਨ ਕਿ ਉਨਹਾ ਨੂੰ ਮਾਰਿਆ ਜਾਣਾ ਸੀ, ਪਰ ਉਹ ਜ਼ਿੰਦਾ ਹਨ ਨਾ… ਇਹ ਸਭ ਮਨਘੜਤ ਕਹਾਣੀਆਂ ਹਨ।”
ਸ਼ੋਏਬ ਖ਼ਾਨ ਦੀ ਰਹੱਸਮਈ ਮੌਤ ’ਤੇ ਆਫ਼ਾਕ ਅਹਿਮਦ ਦਾ ਬਿਆਨ ਸੀ ਕਿ ਇਹ ਕਤਲ ਸੀ ਜੋ ਕਿ ਐਮਕਿਊਐਮ ਦੇ ਕਹਿਣ ’ਤੇ ਕੀਤਾ ਗਿਆ ਸੀ। ਮੈਂ ਇਸ ਬਿਆਨ ’ਤੇ ਪ੍ਰਤੀਕਿਰਿਆ ਲੈਣ ਲਈ ਸੈਨੇਟਰ ਫ਼ੈਸਲ ਸਬਜ਼ਵਾਰੀ ਨਾਲ ਗੱਲਬਾਤ ਕੀਤੀ।
ਫ਼ੈਸਲ ਸਬਜ਼ਵਾਰੀ ਨੇ ਪੁੱਛਿਆ, “ ਕਿਸੇ ਰੂੋਸ਼ ਡੌਨ ਦੀ ਮੋਤ ਨਾਲ ਐਮਕਿਊਐਮ ਨੂੰ ਕੀ ਸਿਆਸੀ ਲਾਭ ਹੋ ਸਕਦਾ ਹੈ?”
ਉਨ੍ਹਾਂ ਨੇ ਕਿਹਾ, “ ਹਾਂ, ਇਹ ਸੱਚ ਹੈ ਕਿ ਐਮਕਿਊਐਮ ’ਚ ਕੁਝ ਸਮਾਜ ਵਿਰੋਧੀ ਤੱਤ ਸਨ, ਜਿਨ੍ਹਾਂ ਨੂੰ ਅਸੀਂ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ ਅਤੇ ਸ਼ੋਏਬ ਖ਼ਾਨ ਨਾਲ ਜਾ ਮਿਲੇ ਸਨ।”
“ਸ਼ੋਏਬ ਖ਼ਾਨ ਦੀ ਗ੍ਰਿਫਤਾਰੀ ਮੁਕੱਦਮਿਆਂ ਦੇ ਤਹਿਤ ਹੀ ਹੋਈ ਹੈ ਅਤੇ ਹਰ ਕੋਈ ਇਸ ਗੱਲ ਤੋਂ ਵੀ ਜਾਣੂ ਹੈ ਕਿ ਉਨ੍ਹਾਂ ਦਾ ਆਪਣੇ ਤੋਂ ਵੱਡੇ ਅੰਡਰਵਰਲਡ ਡੌਨ ਨਾਲ ਵਿਵਾਦ ਸੀ। ਹਾਂ, ਜੇਲ੍ਹ ’ਚ ਮਤ ਦੀ ਜਾਂਚ ਜਰੂਰ ਹੋਣੀ ਚਾਹੀਦੀ ਸੀ, ਪਰ ਐਮਕਿਊਐਮ ਦਾ ਇਸ ਨਾਲ ਕੋਈ ਵਾਹ-ਵਾਸਤਾ ਨਹੀਂ ਸੀ।”
ਸਿੰਧ ਦੇ ਸਾਬਕਾ ਗਵਰਨਰ ਇਸ਼ਰਤੁਲ ਇਬਾਦ ਨੇ ਵੀ ਆਫ਼ਾਕ ਅਹਿਮਦ ਦੀ ਗੱਲ ’ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਕਿ ਇਹ ਸਭ ਕਹਾਣੀਆਂ ਹਨ।
“ ਜੇਕਰ ਸ਼ੋਏਬ ਖ਼ਾਨ ਨੂੰ ਮਾਰਨਾ ਹੀ ਸੀ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਰਸਤੇ ’ਚ ਹੀ ਠੋਕਿਆ ਜਾ ਸਕਦਾ ਸੀ। ਇੰਨਾ ਲੰਮਾ ਮਾਮਲਾ ਕਿਉਂ ਰੱਖਦੇ ਕਿ ਪਹਿਲਾਂ ਲਾਹੌਰ ਤੋਂ ਕਰਾਚੀ ਲਿਆਉਂਦੇ ਅਤੇ ਜੇਲ੍ਹ ’ਚ ਰੱਖਦੇ।”
ਕੁਝ ਮਾਮਲਿਆਂ ’ਚ ਸ਼ੋਏਬ ਖ਼ਾਨ ਦੇ ਵਕੀਲ ਰਹੇ ਖ਼ਵਾਜ਼ਾ ਨਵੀਦ ਨੇ ਵੀ ਮੈਨੂੰ ਦੱਸਿਆ ਕਿ ਸ਼ੋਏਬ ਖ਼ਾਨ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਜਦੋਂ ਉਹ ਕਿਸੇ ਮੁਕੱਦਮੇ ਦੇ ਸਿਲਸਿਲੇ ’ਚ ਗੱਲ ਕਰਨ ਲਈ ਜੇਲ੍ਹ ਗਏ ਸਨ ਤਾਂ ਉਨ੍ਹਾਂ ਨੇ ਸ਼ੋਏਬ ਖ਼ਾਨ ਨੂੰ ਸਹੀ ਸਲਾਮਤ ਵੇਖਿਆ ਸੀ।
ਪਰ ਫਿਰ ਵੀ ਸ਼ੋਏਬ ਖ਼ਾਨ ਦੇ ਪਰਿਵਾਰ ਨੇ ਉਨ੍ਹਾਂ ਦੀ ਰਹੱਸਮਈ , ਸ਼ੱਕੀ ਅਤੇ ਅਚਾਨਕ ਮੌਤ ’ਤੇ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ?
ਇਸ ਸਵਾਲ ਦਾ ਜਵਾਬ ਜਾਣਨ ਲਈ ਮੈਂ ਬਹੁਤ ਯਤਨ ਕੀਤੇ ਅਤੇ ਫਿਰ ਜਾ ਕੇ ਦੁਬਈ ’ਚ ਰਹਿਣ ਵਾਲੇ ਸ਼ੋਏਬ ਖ਼ਾਨ ਦੇ ਸਭ ਤੋਂ ਵੱਡੇ ਭਰਾ ਜਾਵੇਦ ਅਲੀ ਖ਼ਾਨ ਤੱਕ ਪਹੁੰਚ ਸੰਭਵ ਹੋਈ।
ਸੋਏਬ ਖ਼ਾਨ ਦੇ ਭਰਾ ਨੇ ਮੇਰੇ ਨਾਲ ਗੱਲ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਬਹੁਤ ਹੀ ਸਦਮੇ ’ਚੋਂ ਨਿਕਲੇ ਹਨ। ਉਨ੍ਹਾਂ ਨੇ ਕਿਹਾ, “ ਇਹ ਬਹੁਤ ਹੀ ਤਕਲੀਫ਼ ਦੇਣ ਵਾਲੀਆਂ ਯਾਦਾਂ ਹਨ। ਹੁਣ ਅਸੀਂ 20 ਸਾਲ ਪੁਰਾਣੇ ਜ਼ਖਮਾਂ ਨੂੰ ਕੁਰੇਦਣਾ ਨਹੀਂ ਚਾਹੁੰਦੇ ਹਾਂ।”
ਸ਼ੋਏਬ ਖ਼ਾਨ ਦਾ ਪਰਿਵਾਰ ਤਾਂ ਉਨ੍ਹਾਂ ਦੀ ਰਹੱਸਮਈ ਮੌਤ ’ਤੇ ਚੁੱਪ ਧਾਰੀ ਬੈਠਾ ਹੈ, ਪਰ ਸ਼ੋਏਬ ਖ਼ਾਨ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਚੁੱਪ ਨਹੀਂ ਰਹਿਣਾ ਚਾਹੁੰਦੇ ਹਨ।












