ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਥਾਂ-ਥਾਂ ਪ੍ਰਦਰਸ਼ਨ, ਕੀ ਹੈ ਤਾਜ਼ਾ ਅਪਡੇਟ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਤੋਂ ਆਪਣੀ ਅਪੀਲ ਵਾਪਸ ਲੈ ਲਈ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਵੀਰਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅਹਿਮ ਆਗੂਆਂ, ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਜਦੋਂ ਆਮ ਆਦਮੀ ਪਾਰਟੀ ਦੇ ਸਾਰੇ ਪ੍ਰਮੁੱਖ ਆਗੂ ਜੇਲ੍ਹ ਵਿੱਚ ਹਨ ਤਾਂ ਇਹ ਇੱਕ ਵੱਡਾ ਸਵਾਲ ਹੈ ਕਿ ਪਾਰਟੀ ਅਤੇ ਦਿੱਲੀ ਸਰਕਾਰ ਕਿਵੇਂ ਚੱਲੇਗੀ।

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, ANI

ਚੁਣੌਤੀ ਅਜਿਹੀ ਕਾਬਲ ਲੀਡਰਸ਼ਿਪ ਲੱਭਣ ਦੀ ਹੈ ਜੋ ਕੇਜਰੀਵਾਲ ਦੀ ਗੈਰ-ਮੌਜੂਦਗੀ ਵਿੱਚ ਦਿੱਲੀ ਵਿੱਚ ਸਰਕਾਰ ਪਾਰਟੀ ਨੂੰ ਸੰਭਾਲ ਸਕੇ।

ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਸਿਰ 'ਤੇ ਹਨ, ਇਹ ਚੁਣੌਤੀ ਹੋਰ ਵੀ ਵੱਡੀ ਹੋ ਗਈ ਹੈ।

ਸੁਪਰੀਮ ਕੋਰਟ ਤੋਂ ਅਪੀਲ ਵਾਪਸ ਲਈ

ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਤੋਂ ਆਪਣੀ ਅਪੀਲ ਵਾਪਸ ਲੈ ਲਈ ਹੈ।

ਉਨ੍ਹਾਂ ਦੇ ਵਕੀਲ ਨੇ ਦੱਸਿਆ ਹੈ ਕਿ ਕਿਉਂਕਿ ਸੁਪਰੀਮ ਕੋਰਟ ਦੀ ਸੁਣਵਾਈ ਰਿਮਾਂਡ ਦੀ ਸੁਣਵਾਈ ਨਾਲ ਟਕਰਾ ਰਹੀ ਸੀ ਇਸ ਲਈ ਉਹ ਪਹਿਲਾਂ ਟ੍ਰਾਇਲ ਕੋਰਟ ਵਿੱਚ ਸੁਣਵਾਈ ਵਿੱਚ ਹਿੱਸਾ ਲੈਣਗੇ।

ਚੋਣਾਂ ’ਚ ਪ੍ਰਚਾਰ ਕਰਨ ਤੋਂ ਰੋਕਣ ਲਈ ਹੋਈ ਗ੍ਰਿਫ਼ਤਾਰੀ: ਚੀਮਾ

ਹਰਪਾਲ ਚੀਮਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਭਾਜਪਾ ਨੇ ਅਰਵਿੰਦ ਕੇਜਰੀਵਾਲ ਉਪਰ ਝੂਠਾ ਕੇਸ ਪਾਇਆ ਹੈ ਅਤੇ ਈਡੀ ਦੀ ਦੁਰਵਰਤੋਂ ਕੀਤਾ ਹੈ।

ਚੀਮਾ ਨੇ ਕਿਹਾ, “ਭਾਜਪਾ ਕੇਜਰੀਵਾਲ ਅਤੇ ਉਹਨਾਂ ਦੀ ਸੋਚ ਤੋਂ ਡਰ ਰਹੀ ਹੈ। ਅੱਜ ਦੇਸ਼ ਦੇ ਲੋਕ ਸਾਹਮਣੇ ਆ ਰਹੇ ਹਨ। ਬੀਜੇਪੀ ਆਪਣਾ ਅਧਾਰ ਖਤਮ ਕਰ ਚੁੱਕੀ ਹੈ। ਦੋ ਸਾਲਾਂ ਤੋਂ ਕੇਸ ਚੱਲ ਰਿਹਾ ਸੀ ਪਰ ਚੋਣਾਂ ਨੇੜੇ ਆ ਕਿ ਇਸ ਲਈ ਗ੍ਰਿਫ਼ਤਾਰ ਕੀਤਾ ਹੈ ਤਾਂ ਕਿ ਉਹ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਣ।”

ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਅੰਨਾ ਹਜ਼ਾਰੇ ਨੇ ਕੀ ਕਿਹਾ ?

ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕਿਹਾ ਹੈ, “ਮੈਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਦੁਖੀ ਹਾਂ। ਉਹ ਮੇਰੇ ਨਾਲ ਕੰਮ ਕਰਦੇ ਸਨ ਅਤੇ ਸ਼ਰਾਬ ਖ਼ਿਲਾਫ਼ ਆਵਾਜ਼ ਚੁੱਕਦੇ ਸਨ ਪਰ ਹੁਣ ਉਹ ਸ਼ਰਾਬ ਦੀਆਂ ਨੀਤੀਆਂ ਬਣਾ ਰਹੇ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਆਪਣੇ ਕੰਮਾਂ ਕਰਕੇ ਹੋਈ ਹੈ।”

ਕੇਜਰੀਵਾਲ ਨੇ ਆਪਣਾ ਪਹਿਲਾ ਵੱਡਾ ਵਿਰੋਧ ਜੁਲਾਈ 2012 ਵਿੱਚ ਜੰਤਰ-ਮੰਤਰ ਵਿਖੇ 'ਅੰਨਾ ਹਜ਼ਾਰੇ ਦੀ ਅਗਵਾਈ ਵਿੱਚ' ਸ਼ੁਰੂ ਕੀਤਾ ਸੀ।

ਗ੍ਰਿਫਤਾਰੀ ਦਾ ਵਿਰੋਧ

ਦਿੱਲੀ ਵਿੱਚ ਆਮ ਆਦਪੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ

ਤਸਵੀਰ ਸਰੋਤ, ANI

ਦਿੱਲੀ ਵਿੱਚ ਮੁਜ਼ਾਹਰਾ ਕਰ ਰਹੇ ਆਵ ਵਲੰਟੀਅਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ

ਤਸਵੀਰ ਸਰੋਤ, ANI

ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ

ਤਸਵੀਰ ਸਰੋਤ, ANI

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਚੇਨਈ ਵਿੱਚ ਵੀ ਡੀਐੱਮਕੇ ਵਰਕਰਾਂ ਅਤੇ ਆਗੂਆਂ ਵੱਲੋਂ ਇਸ ਸੰਬੰਧ ਵਿੱਚ ਧਰਨਾ ਦਿੱਤਾ ਜਾ ਰਿਹਾ ਹੈੌ।

ਪਾਰਟੀ ਮੂਹਰੇ ਚੋਣਾਂ ਤੋਂ ਪਹਿਲਾਂ ਆਗੂ ਚੁਣਨ ਦਾ ਸਮਲਾ

ਪਾਰਟੀ ਦਿੱਲੀ, ਪੰਜਾਬ, ਹਰਿਆਣਾ ਅਤੇ ਗੁਜਰਾਤ ਵਿੱਚ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਵਾਲੀ ਸੀ ਅਤੇ ਕੇਜਰੀਵਾਲ ਇਸ ਦੇ ਸਟਾਰ ਪ੍ਰਚਾਰਕ ਬਣਨ ਵਾਲੇ ਸਨ।

ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਗ੍ਰਿਫ਼ਤਾਰੀ ਦੇ ਡਰ ਦੇ ਵਿਚਕਾਰ, ਲੀਡਰਸ਼ਿਪ ਲਈ ਵਿਚਾਰੇ ਗਏ ਨਾਵਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਦਿੱਲੀ ਸਰਕਾਰ ਵਿੱਚ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਦੇ ਨਾਮ ਸ਼ਾਮਲ ਹਨ।

ਦਿੱਲੀ ਸਰਕਾਰ ਵਿੱਚ, ਆਤਿਸ਼ੀ ਸਿੱਖਿਆ, ਵਿੱਤ, ਪੀਡਬਲਯੂਡੀ, ਮਾਲੀਆ ਸਮੇਤ ਸਭ ਤੋਂ ਜ਼ਿਆਦਾ ਵਿਭਾਗਾਂ ਲਈ ਜ਼ਿੰਮੇਵਾਰ ਹਨ। ਉਹ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਹਨ।

ਇਸੇ ਤਰ੍ਹਾਂ ਸੌਰਭ ਭਾਰਦਵਾਜ ਵੀ ਦਿੱਲੀ ਕੈਬਨਿਟ ਦੇ ਅਹਿਮ ਮੈਂਬਰ ਹਨ ਅਤੇ ਸਿਹਤ ਅਤੇ ਸ਼ਹਿਰੀ ਵਿਕਾਸ ਵਰਗੇ ਕਈ ਅਹਿਮ ਵਿਭਾਗਾਂ ਨੂੰ ਸੰਭਾਲ ਰਹੇ ਹਨ।

ਹਾਲਾਂਕਿ ਆਤਿਸ਼ੀ ਅਤੇ ਸੋਮਨਾਥ ਭਾਰਤੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ।

ਆਤਿਸ਼ੀ ਨੇ ਕਿਹਾ ਕਿ ਜੇਕਰ 'ਲੋੜ ਪਈ ਤਾਂ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ। ਕੋਈ ਵੀ ਕਾਨੂੰਨ ਉਨ੍ਹਾਂ ਨੂੰ ਜੇਲ੍ਹ ਤੋਂ ਸਰਕਾਰ ਚਲਾਉਣ ਤੋਂ ਨਹੀਂ ਰੋਕਦਾ ਕਿਉਂਕਿ ਉਨ੍ਹਾਂ ਨੂੰ ਸਜ਼ਾ ਨਹੀਂ ਹੋਈ ਹੈ। ਕੇਜਰੀਵਾਲ ਮੁੱਖ ਮੰਤਰੀ ਸਨ, ਹਨ ਅਤੇ ਰਹਿਣਗੇ।'

ਦਿੱਲੀ ਵਿੱਚ ਰੈਪਿਡ ਐਕਸ਼ਨ ਫੋਰਸ ਦੇ ਜਵਾਨ

ਤਸਵੀਰ ਸਰੋਤ, ANI

ਵੀਰਵਾਰ ਦੀਆਂ ਘਟਨਾਵਾਂ

ਵੀਰਵਾਰ ਸ਼ਾਮ ਨੂੰ ਜਦੋਂ ਈਡੀ ਦੀ ਟੀਮ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਪਹੁੰਚੀ ਤਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ।

ਰਾਤ ਕਰੀਬ 9 ਵਜੇ 'ਆਪ' ਨੇਤਾ ਆਤਿਸ਼ੀ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਹੈ।

'ਆਪ' ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਰਾਤ ਨੂੰ ਹੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਗਈ ਹੈ।

ਉਨ੍ਹਾਂ ਕਿਹਾ, “ਮੁੱਖ ਮੰਤਰੀ ਦੀ ਰਿਹਾਇਸ਼ ਦੀ ਪੂਰੀ ਤਲਾਸ਼ੀ ਲਈ ਗਈ। ਸਿਰਫ 70,000 ਰੁਪਏ ਨਕਦ ਮਿਲੇ, ਜੋ ਈਡੀ ਨੇ ਵਾਪਸ ਕਰ ਦਿੱਤੇ। ਮੁੱਖ ਮੰਤਰੀ ਜੀ ਦਾ ਮੋਬਾਈਲ ਫ਼ੋਨ ਲੈ ਲਿਆ ਗਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ। ਪੂਰੀ ਛਾਪੇ ਦੌਰਾਨ ਕੋਈ ਗੈਰਕਾਨੂੰਨੀ ਪੈਸਾ, ਕਾਗਜ਼ ਜਾਂ ਸਬੂਤ ਨਹੀਂ ਮਿਲਿਆ।"

ਇਸੇ ਦੌਰਾਨ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਾਰਾ 144 ਲਗਾ ਦਿੱਤੀ ਸੀ।

ਦਿੱਲੀ ਪੁਲਿਸ ਨੇ 'ਆਪ' ਦੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਹੰਗਾਮੇ ਦੌਰਾਨ ਈਡੀ ਕੇਜਰੀਵਾਲ ਨੂੰ ਈਡੀ ਹੈੱਡਕੁਆਰਟਰ ਲੈ ਗਈ।

ਜਿੱਥੇ ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਇਸ ਨੂੰ 'ਲੋਕਤੰਤਰ ਦਾ ਕਤਲ' ਕਿਹਾ, ਉਥੇ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ 'ਭਾਰਤ ਵਿੱਚ ਅਣਐਲਾਨੀ ਐਮਰਜੈਂਸੀ ਹੈ।'

ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਰਵਿੰਦ ਕੇਜਰੀਵਾਲ ਨੂੰ ਅੱਠ ਵਾਰ ਸੰਮਨ ਜਾਰੀ ਕਰ ਕੀਤੇ ਸਨ। ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਅਤੇ ਦਸੰਬਰ ਵਿੱਚ ਦੋ ਅਤੇ ਦੋ ਇਸ ਸਾਲ ਜਨਵਰੀ ਵਿੱਚ, ਤਿੰਨ ਫਰਵਰੀ ਵਿੱਚ ਅਤੇ ਇੱਕ ਮਾਰਚ ਵਿੱਚ ਸੰਮਨ ਜਾਰੀ ਕੀਤੇ ਗਏ ਸਨ। ਇਨ੍ਹਾਂ ਸਾਰੇ ਸੰਮਨਾਂ ਵਿੱਚ ਕੇਜਰੀਵਾਲ ਇੱਕ ਵਾਰ ਵੀ ਪੁੱਛਗਿੱਛ ਲਈ ਨਹੀਂ ਗਏ।

ਅਰਵਿੰਦ ਕੇਜਰੀਵਾਲ ਨੇ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਨੂੰ ਅਦਾਲਤ ਨੇ ਵੀਰਵਾਰ ਨੂੰ ਰੱਦ ਕਰ ਦਿੱਤਾ। ਇਸ ਪਟੀਸ਼ਨ ਉੱਤੇ ਵੀ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ।

ਭਾਜਪਾ ਦੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਕਿਹਾ , ''ਇਹ ਇਕ ਕਾਨੂੰਨੀ ਪ੍ਰਕਿਰਿਆ ਹੈ ਜੋ ਭ੍ਰਿਸ਼ਟਾਚਾਰ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਅਦਾਲਤ ਤੋਂ ਵੀ ਕੋਈ ਰਾਹਤ ਨਹੀਂ ਮਿਲੀ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ।”

ਦੂਜੇ ਪਾਸੇ ਵਿਰੋਧੀ ਧਿਰ ਇੰਡੀਆ ਅਲਾਇੰਸ ਦੇ ਆਗੂਆਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕੀਤੀ ਹੈ।

ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ ਕਿ 'ਉਹ ਸੋਚਦੇ ਹਨ ਕਿ ਇਸ ਨਾਲ ਭਾਰਤ ਗਠਜੋੜ ਹਿੱਲ ਜਾਵੇਗਾ ਜਾਂ ਪਟੜੀ ਤੋਂ ਲਹਿ ਜਾਵੇਗਾ, ਉਹ ਗਲਤ ਸੋਚ ਰਹੇ ਹਨ... ਇਨ੍ਹਾਂ ਕਦਮਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਜਪਾ ਨੂੰ ਆਪਣੀ ਹਾਰ ਦਿਸ ਰਹੀ।'

ਕਾਂਗਰਸ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ, ਰਾਸ਼ਟਰੀ ਜਨਤਾ ਦਲ ਦੇ ਨੇਤਾ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ, ਸਪਾ ਨੇਤਾ ਅਖਿਲੇਸ਼ ਯਾਦਵ, ਐਨਸੀਪੀ (ਐਸਸੀਪੀ) ਨੇਤਾ ਸ਼ਰਦ ਪਵਾਰ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ, ਸ਼ਿਵ ਸੈਨਾ ਊਧਵ ਠਾਕਰੇ ਧੜੇ ਦੇ ਬੁਲਾਰੇ ਆਨੰਦ ਦੂਬੇ, ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ, ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਟੀਐਮਸੀ ਨੇਤਾ ਕੁਨਾਲ ਘੋਸ਼ ਸਮੇਤ ਕਈ ਨੇਤਾਵਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ।

ਅੰਨਾ ਹਜ਼ਾਰੇ

ਤਸਵੀਰ ਸਰੋਤ, Getty Images

ਕੇਜਰੀਵਾਲ ਦਾ ਦਿਲਚਸਪ ਸਿਆਸੀ ਸਫਰ

ਕੇਜਰੀਵਾਲ, ਇੱਕ ਭਾਰਤੀ ਮਾਲ ਸੇਵਾ ਅਧਿਕਾਰੀ ਅਤੇ ਇੱਕ ਆਈਆਈਟੀ ਵਿਦਿਆਰਥੀ, ਨੇ 2011 ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ ਆਪਣਾ ਸਿਆਸੀ ਆਧਾਰ ਤਿਆਰ ਕੀਤਾ ਸੀ।

2002 ਦੇ ਸ਼ੁਰੂਆਤੀ ਮਹੀਨਿਆਂ ਵਿੱਚ, ਕੇਜਰੀਵਾਲ ਨੇ ਭਾਰਤੀ ਮਾਲ ਸੇਵਾ ਤੋਂ ਛੁੱਟੀ ਲੈਕੇ ਦਿੱਲੀ ਦੇ ਸੁੰਦਰਨਗਰੀ ਖੇਤਰ ਵਿੱਚ ਐਕਟਿਵਿਜ਼ਮ ਕਰਨਾ ਸ਼ੁਰੂ ਕਰ ਦਿੱਤਾ।

ਇਥੇ ਹੀ ਕੇਜਰੀਵਾਲ ਨੇ ਇੱਕ ਗੈਰ-ਸਰਕਾਰੀ ਸੰਸਥਾ ਦੀ ਸਥਾਪਨਾ ਕੀਤੀ ਜਿਸ ਦਾ ਨਾਂ 'ਪਰਿਵਰਤਨ' ਰੱਖਿਆ ਗਿਆ।

ਉਨ੍ਹਾਂ ਨੂੰ ਪਹਿਲੀ ਵੱਡੀ ਪਹਿਚਾਣ 2006 ਵਿੱਚ ਮਿਲੀ ਜਦੋਂ ਉਨ੍ਹਾਂ ਨੂੰ 'ਉੱਭਰਦੀ ਲੀਡਰਸ਼ਿਪ' ਲਈ ਰੈਮਨ ਮੈਗਸੇਸੇ ਅਵਾਰਡ ਦਿੱਤਾ ਗਿਆ।

2010 ਵਿੱਚ ਦਿੱਲੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਇੰਤਜ਼ਾਮ ਵਿੱਚ ਕਥਿਤ ਘਪਲੇ ਦੀ ਖਬਰ ਮੀਡੀਆ ਵਿੱਚ ਆਉਣ ਤੋਂ ਬਾਅਦ ਲੋਕਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇੰਡੀਆ ਅਗੇਂਸਟ ਕਰੱਪਸ਼ਨ ਮੁਹਿੰਮ ਸ਼ੁਰੂ ਹੋਈ ਅਤੇ ਕੇਜਰੀਵਾਲ ਇਸ ਦਾ ਚਿਹਰਾ ਬਣ ਗਏ।

ਕੇਜਰੀਵਾਲ ਨੇ ਆਪਣਾ ਪਹਿਲਾ ਵੱਡਾ ਵਿਰੋਧ ਜੁਲਾਈ 2012 ਵਿੱਚ ਜੰਤਰ-ਮੰਤਰ ਵਿਖੇ 'ਅੰਨਾ ਹਜ਼ਾਰੇ ਦੀ ਅਗਵਾਈ ਵਿੱਚ' ਸ਼ੁਰੂ ਕੀਤਾ ਸੀ।

26 ਨਵੰਬਰ 2012 ਨੂੰ, ਕੇਜਰੀਵਾਲ ਨੇ ਆਪਣੀ ਪਾਰਟੀ ਬਣਾਉਣ ਦਾ ਰਸਮੀ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਕੋਈ ਹਾਈਕਮਾਂਡ ਨਹੀਂ ਹੋਵੇਗੀ ਅਤੇ ਉਹ ਜਨਤਾ ਦੇ ਪੈਸੇ ਨਾਲ ਲੋਕ ਮੁੱਦਿਆਂ 'ਤੇ ਚੋਣ ਲੜਨਗੇ।

ਜਦੋਂ ਕੇਜਰੀਵਾਲ ਨੇ ਸਿਆਸਤ ਦਾ ਰਾਹ ਚੁਣਿਆ ਤਾਂ ਉਸ ਦੇ ਗੁਰੂ ਅੰਨਾ ਹਜ਼ਾਰੇ ਨੇ ਵੀ ਕਿਹਾ ਕਿ ਉਹ ਸੱਤਾ ਦੇ ਰਾਹ ਤੁਰ ਪਏ ਹਨ।

ਸ਼ੁਰੂਆਤੀ ਦਿਨਾਂ ਵਿੱਚ ਅਰਵਿੰਦ ਨੂੰ ਜੋ ਵੀ ਮਿਲ ਰਿਹਾ ਸੀ, ਉਸ ਨੂੰ ਉਹ ਪਾਰਟੀ ਨਾਲ ਜੋੜ ਰਹੇ ਸਨ। ਉਨ੍ਹਾਂ ਦੀ ਇਹ ਜਥੇਬੰਦਕ ਯੋਗਤਾ ਬਾਅਦ ਵਿੱਚ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣ ਗਈ। ਕੇਜਰੀਵਾਲ ਨੇ ਅਜਿਹੇ ਵਲੰਟੀਅਰਾਂ ਦੀ ਭਰਤੀ ਕੀਤੀ ਜੋ ਭੁੱਖੇ ਰਹਿ ਕੇ ਵੀ ਉਨ੍ਹਾਂ ਲਈ ਕੰਮ ਕਰਨ ਲਈ ਤਿਆਰ ਸਨ। ਡਾਂਗਾਂ ਖਾਣ ਲਈ ਤਿਆਰ ਸਨ।

ਇਨ੍ਹਾਂ ਵਲੰਟੀਅਰਾਂ ਦੇ ਦਮ ਉੱਤੇ ਹੀ ਕੇਜਰੀਵਾਲ ਨੇ 2013 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਲੜੀਆਂ। ਸਿਆਸਤ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੀ ਉਨ੍ਹਾਂ ਦੀ ਪਾਰਟੀ ਨੇ 28 ਸੀਟਾਂ ਜਿੱਤੀਆਂ ਸਨ। ਕੇਜਰੀਵਾਲ ਨੇ ਖੁਦ ਨਵੀਂ ਦਿੱਲੀ ਸੀਟ ਤੋਂ ਤਤਕਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ 25 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਹਾਲਾਂਕਿ ਉਨ੍ਹਾਂ ਨੂੰ ਸ਼ੀਲਾ ਦੀਕਸ਼ਿਤ ਦੀ ਹੀ ਕਾਂਗਰਸ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਉਣੀ ਪਈ।

ਕੇਜਰੀਵਾਲ ਜਲਦੀ ਤੋਂ ਜਲਦੀ ਜਨਕੋਪਾਲ ਬਿੱਲ ਪਾਸ ਕਰਵਾਉਣਾ ਚਾਹੁੰਦੇ ਸਨ। ਜਦਕਿ ਸਮਝੌਤਾ ਸਰਕਾਰ ਵਿੱਚ ਭਾਈਵਾਲ ਕਾਂਗਰਸ ਇਸ ਲਈ ਤਿਆਰ ਨਹੀਂ ਸੀ। ਆਖਰਕਾਰ 14 ਫਰਵਰੀ 2014 ਨੂੰ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਫਿਰ ਸੜਕਾਂ 'ਤੇ ਆ ਗਏ।

ਲੋਕ ਸਭਾ ਚੋਣਾਂ ਕੁਝ ਮਹੀਨਿਆਂ ਬਾਅਦ ਹੀ ਹੋਣੀਆਂ ਸਨ। ਕੇਜਰੀਵਾਲ ਬਨਾਰਸ ਪਹੁੰਚੇ ਪਰ ਬਨਾਰਸ ਵਿੱਚ ਕੇਜਰੀਵਾਲ ਤਿੰਨ ਲੱਖ ਸੱਤਰ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ।

ਅਗਲੇ ਹੀ ਸਾਲ, ਕੇਜਰੀਵਾਲ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ 70 ਵਿੱਚੋਂ 67 ਵੋਟਾਂ ਨਾਲ ਜਿੱਤ ਕੇ ਇਤਿਹਾਸ ਰਚਿਆ ਅਤੇ 14 ਫਰਵਰੀ 2015 ਨੂੰ ਮੁੜ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਇਸ ਦੌਰਾਨ ਕੌਮੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਦਾ ਕੱਦ ਵਧਿਆ ਹੈ ਅਤੇ ਇਸਦੇ ਨਾਲ ਹੀ ਕੇਜਰੀਵਾਲ ਦਾ ਵੀ।

ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ। ਜਿੱਥੇ ਦਿੱਲੀ ਦੀਆਂ ਐੱਮਸੀਡੀ ਚੋਣਾਂ ਵਿੱਚ ਪਾਰਟੀ ਨੂੰ ਬਹੁਮਤ ਮਿਲਿਆ, ਤਾਂ ਯੂਪੀ ਦੀਆਂ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਦੇ 100 ਦੇ ਕਰੀਬ ਉਮੀਦਵਾਰ ਜਿੱਤੇ।

ਪਿਛਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਨੂੰ ਅੱਧੀ ਦਰਜਨ ਤੋਂ ਵੱਧ ਸੀਟਾਂ ਉੱਤੇ ਸਫਲਤਾ ਮਿਲੀ ਅਤੇ ਕਈ ਥਾਈਂ ਇਸ ਦੇ ਉਮੀਦਵਾਰਾਂ ਨੂੰ ਚੰਗੀ ਹਮਾਇਤ ਮਿਲੀ ਸੀ।

ਪਿਛਲੇ ਸਾਲ ਹੀ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿੱਤਾ ਸੀ।

ਇੰਡੀਆ ਗਠਜੋੜ ਵਿੱਚ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਹੁਣ ਕੌਮੀ ਮੰਚ ਉੱਤੇ ਆਪਣਾ ਕੱਦ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)