ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ, ਪੰਜਾਬ ਤੇ ਹੋਰ ਸੂਬਿਆਂ ਵਿੱਚ ਕਦੋਂ ਪੈਣਗੀਆਂ ਵੋਟਾਂ

ਤਸਵੀਰ ਸਰੋਤ, ani
ਕੇਂਦਰੀ ਚੋਣ ਕਮਿਸ਼ਨ 2024 ਦੀਆਂ ਲੋਕ ਸਭਾ ਚੋਣਾਂ ਲਈ ਤਰੀਖਾਂ ਦਾ ਐਲਾਨ ਕਰ ਦਿੱਤਾ ਹੈ।
17ਵੀਂ ਲੋਕ ਸਭਾ ਦਾ ਕਾਰਜਕਾਰਲ 16 ਜੂਨ 2024 ਨੂੰ ਪੂਰਾ ਹੋ ਰਿਹਾ ਹੈ।
ਸੀਟਾਂ ਦੇ ਲਿਹਾਜ਼ ਨਾਲ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 80 ਸੀਟਾਂ ਹਨ ਜਦੋਂਕਿ ਮਹਾਰਾਸ਼ਟਰ ਵਿੱਚ 48 ਪੱਛਮ ਬੰਗਾਲ ਵਿੱਚ 42, ਬਿਹਾਰ ਵਿੱਚ 40 ਅਤੇ ਤਮਿਲਨਾਡੂ ਵਿੱਚ 39 ਸੀਟਾਂ ਹਨ।
ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਉੱਤੇ ਚੋਣਾਂ ਹੋਣਗੀਆਂ।
ਪੰਜਾਬ ਸਣੇ ਹੋਰ ਸੂਬਿਆਂ ਵਿੱਚ ਕਦੋਂ ਪੈਣਗੀਆਂ ਵੋਟਾਂ
ਪੰਜਾਬ ਵਿੱਚ ਆਖਰੀ ਗੇੜ੍ਹ ਵਿੱਚ ਵੋਟਾਂ ਪੈਣਗੀਆਂ। ਸੂਬੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ। 7 ਗੇੜਾਂ ਵਿੱਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਲਈ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਪਹਿਲੇ ਗੇੜ ਵਿੱਚ 102 ਸੀਟਾਂ, ਦੂਜੇ ਗੇੜ ਵਿੱਚ 89 ਸੀਟਾਂ, ਤੀਜੇ ਗੇੜ ਵਿੱਚ 94 ਸੀਟਾਂ, ਚੌਥੇ ਗੇੜ ਵਿੱਚ 96 ਸੀਟਾਂ, ਪੰਜਵੇਂ ਗੇੜ ਵਿੱਚ 49 ਸੀਟਾਂ, ਛੇਵੇਂ ਗੇੜ ਵਿੱਚ 57 ਸੀਟਾਂ ਅਤੇ ਸੱਤਵੇਂ ਗੇੜ ਵਿੱਚ 57 ਸੀਟਾਂ ਉੱਤੇ ਚੋਣਾਂ ਹੋਣਗੀਆਂ।
- ਪਹਿਲਾ ਗੇੜ: 19 ਅਪ੍ਰੈਲ ਨੂੰ ਪੈਣਗੀਆਂ ਵੋਟਾਂ
- ਦੂਜਾ ਗੇੜ: 26 ਅਪ੍ਰੈਲ ਨੂੰ ਪੈਣਗੀਆਂ ਵੋਟਾਂ
- ਤੀਜਾ ਗੇੜ: 7 ਮਈ ਨੂੰ ਪੈਣਗੀਆਂ ਵੋਟਾਂ
- ਚੌਥਾ ਗੇੜ੍ਹ: 13 ਮਈ ਨੂੰ ਪੈਣਗੀਆਂ ਵੋਟਾਂ
- ਪੰਜਵਾ ਗੇੜ੍ਹ: 20 ਮਈ ਨੂੰ ਪੈਣਗੀਆਂ ਵੋਟਾਂ
- ਛੇਵਾਂ ਗੇੜ੍ਹ: 25 ਮਈ ਨੂੰ ਪੈਣਗੀਆਂ ਵੋਟਾਂ
- 7ਵਾਂ ਗੇੜ: 1 ਜੂਨ ਨੂੰ ਪੈਣਗੀਆਂ ਵੋਟਾਂ
26 ਸੀਟਾਂ ਉੱਤੇ ਜ਼ਿਮਨੀ ਚੋਣਾਂ ਹੋਣਗੀਆਂ। ਇਹ ਉਨ੍ਹਾਂ ਗੇੜਾਂ ਵਿੱਚ ਹੋਣਗੀਆਂ ਜਦੋਂ ਉਸ ਇਲਾਕੇ ਵਿੱਚ ਲੋਕ ਸਭਾ ਦੀ ਚੋਣਾਂ ਹੋਣਗੀਆਂ।
ਆਂਧਰ ਪ੍ਰਦੇਸ਼, ਅਰੁਨਾਚਲ ਪ੍ਰਦੇਸ਼, ਸਿੱਕਿਮ ਤੇ ਓਡੀਸ਼ਾ ਵਿੱਚ ਵੀ ਵਿਧਾਨ ਸਭਾ ਲਈ ਵੋਟਿੰਗ ਹੋਣਗੀਆਂ।

ਤਸਵੀਰ ਸਰੋਤ, ECI
ਪਹਿਲੇ ਗੇੜ ਦੇ ਤਹਿਤ 19 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣਿਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਿਮ, ਤਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮ ਬੰਗਾਲ, ਅੰਡੇਮਾਨ-ਨਿਕੋਬਾਰ, ਜੰਮੂ ਕਸ਼ਮੀਰ, ਲਕਸ਼ਦੀਪ ਪੁੱਡੁਚੇਰੀ ਦੀਆਂ ਕੁਲ 102 ਸੀਟਾਂ ਉੱਤੇ ਚੋਣਾਂ ਹੋਣਗੀਆਂ।
ਦੂਜੇ ਗੇੜ ਦੇ ਤਹਿਤ 26 ਅਪ੍ਰੈਲ ਨੂੰ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣਿਪੁਰ, ਰਾਜਸਥਾਨ, ਤ੍ਰਿਪੁਰਾ, ਉੱਤਰ-ਪ੍ਰਦੇਸ਼, ਪੱਛਮ ਬੰਗਾਲ, ਜੰਮੂ ਕਸ਼ਮੀਰ, ਦੀਆਂ ਕੁਲ 89 ਸੀਟਾਂ ਉੱਤ ਵੋਟਾਂ ਪੈਣਗੀਆਂ।
ਤੀਜੇ ਗੇੜ ਦੇ ਤਹਿਤ 7 ਮਈ ਨੂੰ ਅਸਾਮ ਬਿਹਾਰ ਛਤੀਸਗੜ੍ਹ, ਗੋਆ, ਗੁਜਰਾਤ, ਕਰਨਾਟਕ, ਮੱਧ-ਪ੍ਰਦੇਸ਼, ਮਹਾਰਾਸ਼ਟਰ, ਉੱਤਰ-ਪ੍ਰਦੇਸ਼, ਪੱਛਮ ਬੰਗਾਲ, ਦਾਦਰ ਨਗਰ ਹਵੇਲੀ ਅਤੇ ਦਮਨਦੀਵ ਦੀਆਂ ਕੁਲ 94 ਸੀਟਾਂ ਉੱਤੇ ਵੋਟਾਂ ਪਾਈਆਂ ਜਾਣਗੀਆਂ।
ਚੌਥੇ ਗੇੜ ਦੇ ਤਹਿਤ 13 ਮਈ ਨੂੰ ਆਂਧਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਮਹਰਾਸ਼ਟਰ, ਓਡੀਸ਼ਾ, ਤੇਲੰਗਾਨਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ ਕਸ਼ਮੀਰ ਦੀਆਂ ਕੁਲ 96 ਸੀਟਾਂ ਉੱਤੇ ਵੋਟਾਂ ਪਾਈਆਂ ਜਾਣਗੀਆਂ।
ਪੰਜਵੇਂ ਗੇੜ ਵਿੱਚ 20 ਮਈ ਨੂੰ ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਜੰਮੂ ਕਸ਼ਮੀਰ, ਲੱਦਾਖ 49 ਸੀਟਾਂ ਉੱਤੇ ਵੋਟਾਂ ਪੈਣਗੀਆਂ
ਛੇਵੇਂ ਗੇੜ ਦੇ ਤਹਿਤ 25 ਮਈ ਨੂੰ ਬਿਹਾਰ, ਹਰਿਆਣਾ, ਝਾਰਖੰਡ, ਓਡੀਸ਼ਾ, ਉੱਤਰ ਪ੍ਰਦੇਸ਼, ਪੱਛਮ ਬੰਗਾਲ ਅਤੇ ਦਿੱਲੀ ਦੀਆਂ ਕੁਲ 57 ਸੀਟਾਂ ਉੱਤੇ ਵੋਟਾਂ ਪੈਣਗੀਆਂ।
ਸੱਤਵੇਂ ਗੇੜ ਦੇ ਤਹਿਤ 1 ਜੂਨ ਨੂੰ ਬਿਹਾਰ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਚੰਡੀਗੜ੍ਹ ਦੀਆਂ ਕੁਲ 57 ਸੀਟਾਂ ਉੱਤੇ ਵੋਟਾਂ ਪੈਣਗੀਆਂ।
ਲੋਕਸਭਾ ਚੋਣਾਂ ਦੇ ਨਾਲ-ਨਾਲ ਚਾਰ ਸੂਬਿਆਂ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣਗੀਆਂ
ਓਡੀਸ਼ਾ ਵਿੱਚ ਚਾਰ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ।
ਓਡੀਸ਼ਾ ਵਿੱਚ 13 ਮਈ, 20 ਮਈ, 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ।
ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਨੋਟਿਫਿਕੇਸ਼ਨ 20 ਮਾਰਚ 2024 ਨੂੰ ਜਾਰੀ ਹੋਵੇਗਾ 19 ਅਪ੍ਰੈਲ 2024 ਨੂੰ ਚੋਣਾਂ ਹੋਣਗੀਆਂ।
ਅਰੁਣਾਚਲ ਪ੍ਰਦੇਸ਼ ਦੀਆਂ 60 ਸੀਟਾਂ ਉੱਤੇ ਇੱਕ ਹੀ ਪੜਾਅ ਵਿੱਚ ਚੋਣਾਂ ਹੋਣਗੀਆਂ।
ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 175 ਸੀਟਾਂ ਉੱਤੇ 18 ਅਪ੍ਰੈਲ ਨੂੰ ਨੋਟਿਫਿਕੇਸ਼ਨ ਜਾਰੀ ਹੋਵੇਗਾ ਅਤੇ 13 ਮਈ ਨੂੰ ਵੋਟਾਂ ਪੈਣਗੀਆਂ।
ਚੋਣਾਂ ਲਈ ਕੀ ਖ਼ਾਸ ਇੰਤਜ਼ਾਮ ਹਨ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਅਗਾਮੀ ਲੋਕ ਸਭਾ ਚੋਣਾਂ ਲਈ 96.8 ਕਰੋੜ ਵੋਟਰ ਰਜਿਸਟਰ ਹਨ।
ਰਾਜੀਵ ਕੁਮਾਰ ਨੇ ਅਗਾਮੀ ਚੋਣਾਂ ਬਾਰੇ ਇਹ ਮੁੱਖ ਗੱਲਾਂ ਦੱਸੀਆਂ:
- 1.82 ਕਰੋੜ ਵੋਟਰ ਇਸ ਸਾਲ ਪਹਿਲੀ ਵਾਰ ਵੋਟ ਪਾਉਣਗੇ।
- ਉਨ੍ਹਾਂ ਦੱਸਿਆ ਕਿ ਮਰਦ ਤੇ ਔਰਤ ਵੋਟਰਾਂ ਦਾ ਅਨੁਪਾਤ ਇਸ ਵੇਲੇ 1000:948 ਹੈ।
- ਮਰਦ ਵੋਟਰਾਂ ਦੀ ਗਿਣਤੀ 49.7 ਕਰੋੜ ਹੈ ਤੇ ਔਰਤ ਵੋਟਰਾਂ ਦੀ 47.1 ਕਰੋੜ ਹੈ।
- ਸੀ-ਵਿਜਿਲ ਐਪ ਉੱਤੇ ਵੋਟਰ ਕਿਸੇ ਵੀ ਗਲਤ ਕੰਮ ਦੀ ਸ਼ਿਕਾਇਤ ਕੀਤੀ ਜਾ ਸਕੇਗੀ।
- ਵੋਟਰ ਦੀ ਕਿਸੇ ਵੀ ਸ਼ਿਕਾਇਤ ਉੱਤੇ 100 ਮਿੰਟ ਵਿੱਚ ਰਿਸਪੌਂਸ ਦਿੱਤਾ ਜਾਵੇਗਾ।
- ਵੋਟਰ ਬੂਥਾਂ ਉੱਤੇ ਹਰ ਵਰਗ ਦੇ ਲਈ ਪੂਰੇ ਇੰਤਜ਼ਾਮ ਹੋਣਗੇ।
- ਔਰਤਾਂ ਤੇ ਮਰਦਾਂ ਲਈ ਪਖਾਣਿਆਂ ਦਾ ਪ੍ਰਬੰਧ ਹੋਵੇਗਾ।
- ਅਪਾਹਜ ਲੋਕਾਂ ਦੇ ਲਈ ਰੈਂਪ ਤੇ ਵ੍ਹੀਲ ਚੇਅਰ ਦਾ ਪ੍ਰਬੰਧ ਹੋਵੇਗਾ।
- 85 ਸਾਲ ਤੋ ਵੱਡੀ ਉਮਰ ਦੇ ਬਜ਼ੁਰਗ ਘਰ ਵਿੱਚ ਹੀ ਵੋਟ ਪਾ ਸਕਣਗੇ।
ਕਿਹੜੀਆਂ ਪਾਰਟੀਆਂ ਮੈਦਾਨ ਵਿੱਚ ਹਨ
ਇਨ੍ਹਾਂ ਚੋਣਾਂ ਵਿੱਚ ਛੇ ਕੌਮੀ ਪਾਰਟੀਆਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਸੀਪੀਐੱਮ, ਬਹੁਜਨ ਸਮਾਜ ਪਾਰਟੀ, ਨੈਸ਼ਨਲ ਪੀਪਲਜ਼ ਪਾਰਠੀ (ਉੱਤਰ ਪੂਰਬ ਵਿੱਚ ਪੀਏ ਸੰਗਮਾ ਦੀ ਸਥਾਪਿਤ ਪਾਰਟੀ, ਜਿਹੜੀ ਰਾਸ਼ਟਰੀ ਪਾਰਟੀ ਦਾ ਸਟੇਟਸ ਹਾਸਲ ਕਰਨ ਵਾਲੀ ਉੱਤਰ ਪੂਰਬ ਦੀ ਪਹਿਲੀ ਪਾਰਟੀ ਹੈ ਅਤੇ ਆਮ ਆਦਮੀ ਪਾਰਟੀ ਚੋਣ ਮੈਦਾਨ ਵਿੱਚ ਹੈ।
ਪਰ ਇਹ ਚੋਣ ਮੁੱਖ ਤੌਰ ਉੱਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ(ਐੱਨਡੀਏ) ਅਤੇ ਇੰਡੀਆ ਬਲਾਕ ਗਠਜੋੜ ਦੇ ਵਿੱਚ ਹੈ।
ਐੱਨਡੀਏ ਗਠਜੋੜ ਨਰਿੰਦਰ ਮੋਦੀ ਦੇ ਚਿਹਰੇ ਨਾਲ ਤੀਜੀ ਵਾਰ ਚੋਣ ਮੈਦਾਨ ਵਿੱਚ ਹੋਵੇਗੀ ਜਦੋਂਕਿ ਇੰਡੀਆ ਬਲਾਕ ਦੇ ਵੱਲੋਂ ਕਿਸੇ ਚਿਹਰੇ ਉੱਤੇ ਹਾਲੇ ਤੱਕ ਸਹਿਮਤੀ ਨਹੀਂ ਬਣੀ ਹੈ।
ਰਾਸ਼ਟਰੀ ਪਾਰਟੀਆਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਸਾਰੇ ਦਲ ਕਿਸੇ ਨਾ ਕਿਸੇ ਗਠਜੋੜ ਦਾ ਹਿੱਸਾ ਹੈ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐੱਨਡੀਏ ਵਿੱਚ ਪੀਏ ਸੰਗਾਮਾ ਦੀ ਨੈਸ਼ਨਲ ਪੀਪਲਜ਼ ਪਾਰਟੀ, ਨਿਤੀਸ਼ ਕੁਮਾਰ ਦੀ ਜਨਤਾ ਦਲ ਯੁਨਾਈਟਡ, ਚੰਦਰਬਾਬੂ ਨਾਇਡੂ ਦੇ ਤੇਲੁਗੂ ਦੇਸ਼ਮ ਪਾਰਟੀ, ਏਕਨਾਥ ਸ਼ਿੰਦੇ ਦੀ ਸ਼ਿਵਸੈਨਾ, ਅਜੀਤ ਪਵਾਰ ਦੀ ਐੱਨਸੀਪੀ, ਜਯੰਤ ਚੌਧਰੀ ਦੀ ਰਾਸ਼ਟਰੀ ਲੋਕਦਲ ਅਤੇ ਐੱਚਡੀ ਦੇਵਗੌੜਾ ਦੀ ਜਨਤਾ ਦਲ (ਐੱਸ) ਸਣੇ ਕਈ ਛੋਟੇ ਵੱਡੇ ਦਲ ਸ਼ਾਮਲ ਹਨ।
ਜਦੋਂਕਿ ਇੰਡੀਆ ਬਲਾਕ ਵਿੱਚ ਕਾਂਗਰਸ ਦੇ ਇਲਾਵਾ ਹੋਰ ਖੱਬੇਪੱਖੀ ਦਲ, ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ, ਸਟਾਲਿਨ ਦੀ ਡੀਐੱਮਕੇ, ਹੇਮੰਤ ਸੋਰੇਨ ਦੀ ਝਾਰਖੰਡ ਮੁਕਤੀ ਮੋਰਚਾ, ਉੱਧਵ ਠਾਕਰੇ ਧਿਰ ਦੀ ਸ਼ਿਵਸੇਨਾ, ਸ਼ਰਦ ਪਵਾਰ ਧੜੇ ਦੀ ਐੱਨਸੀਪੀ, ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸਣੇ ਦੋ ਦਰਜਨ ਦੇ ਨੇੜੇ ਲੋਕ ਸ਼ਾਮਲ ਹਨ।
ਹਾਲਾਂਕਿ ਸਪਸ਼ਟ ਤੌਰ ਉੱਤੇ ਹੁਣ ਤੱਕ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ, ਮਾਯਾਵਤੀ ਦੀ ਬਹੁਜਨ ਸਮਾਜ ਪਾਰਟੀ ਅਤੇ ਨਵੀਨ ਪਟਨਾਇਕ ਦੀ ਬੀਜੂ ਜਨਤਾ ਦਲ ਦੇ ਕਿਸੇ ਗਠਜੋੜ ਵਿੱਚ ਸ਼ਾਮਲ ਹੋਣ ਦਾ ਐਲਾਨ ਨਹੀਂ ਹੋਇਆ ਹੈ।
17ਵੀਂ ਲੋਕ ਸਭਾ ਵਿੱਚ ਕੀ-ਕੀ ਹੋਇਆ ਸੀ

ਤਸਵੀਰ ਸਰੋਤ, Getty Images
17ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਰੀਬ 90 ਕਰੋੜ ਵੋਟਰ ਵੋਟਰ ਸੂਚੀ ਵਿੱਚ ਸ਼ਾਮਲ ਸਨ।
2014 ਵਿੱਚ ਹੋਈਆਂ ਆਮ ਚੋਣਾਂ ਵਿੱਚ ਅੱਠ ਕਰੋੜ 43 ਲੱਖ ਨਵੇਂ ਵੋਟਰਜ਼ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਦਾ ਮੌਕਾ ਮਿਲਿਆ ਸੀ।
ਹਾਲਾਂਕਿ ਚੋਣ ਪ੍ਰਕਿਰਿਆ ਵਿੱਚ ਕਰੀਨ 69.40 ਕਰੋੜ ਵੋਟਰਜ਼ ਨੇ ਹਿੱਸਾ ਲਿਆ ਸੀ, ਜਿਸ ਵਿੱਚ 45 ਫ਼ੀਸਦ ਵੋਟਾਂ ਐੱਨਡੀਏ ਗਠਜੋੜ ਨੂੰ ਹਾਸਲ ਹੋਈਆਂ ਸੀ ਅਤੇ ਕਰੀਬ 26 ਫ਼ੀਸਦ ਵੋਟਾਂ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗਠਜੋੜ ਨੂੰ ਪਈਆਂ ਸਨ।
ਪਿਛਲੀਆਂ ਚੋਣਾਂ ਵਿੱਚ 10 ਲੱਖ ਪੋਲਿੰਗ ਬੂਥਸ ਉੱਤੇ ਵੋਟਾਂ ਪਈਆਂ ਸਨ ਅਤੇ ਪਹਿਲੀ ਵਾਰੀ ਹਰ ਪੋਲਿੰਗ ਬੂਥ ਉੱਤੇ ਵੀਵੀਪੈਟ ਦੀ ਵਰਤੋਂ ਕੀਤੀ ਗਈ ਸੀ।
ਇੰਨਾ ਹੀ ਨਹੀਂ ਪਹਿਲੀ ਵਾਰੀ 1950 ਟੋਲ ਫ੍ਰੀ ਨੰਬਰ ਉੱਤੇ ਵੋਟਿਰ ਸੂਚੀ ਨਾਲ ਜੁੜੀ ਜਾਣਕਾਰੀ ਲੈਣ ਲਈ ਸੁਵਿਧਾ ਮੁਹੱਈਆ ਕਰਵਾਈ ਗਈ ਸੀ।

ਤਸਵੀਰ ਸਰੋਤ, Getty Images
17 ਵੀਂ ਲੋਕ ਸਭਾ ਦੇ ਸਭ ਤੋਂ ਖ਼ਾਸ ਗੱਲ ਇਹ ਸੀ ਕਿ 78 ਔਰਤਾਂ ਨੂੰ ਲੋਕ ਸਭਾ ਵਿੱਚ ਪਹੁੰਚਣ ਵਿੱਚ ਕਾਮਯਾਬੀ ਮਿਲੀ ਸੀ, ਇਹ ਆਜ਼ਾਦੀ ਤੋਂ ਬਾਅਦ ਕਿਸੇ ਲੋਕ ਸਭਾ ਵਿੱਚ ਔਰਤ ਮੈਂਬਰਾਂ ਦੀ ਸਭ ਤੋਂ ਵੱਡੀ ਗਿਣਤੀ ਸੀ।
ਇਸ ਤੋਂ ਇਲਾਵਾ 2019 ਵਿੱਚ 267 ਮੈਂਬਰ ਅਜਿਹੇ ਸਨ ਜਿਹੜੇ ਪਹਿਲੀ ਵਾਰੀ ਲੋਕ ਸਭਾ ਦੀਆਂ ਚੋਣਾਂ ਜਿੱਤੇ ਸਨ, ਜਦਕਿ 475 ਸੰਸਦ ਮੈਂਬਰਾਂ ਦੀ ਜਾਇਦਾਦ ਇੱਕ ਕਰੋੜ ਰੁਪਏ ਤੋਂ ਵੱਧ ਸੀ।ਅੰਦਾਜ਼ਿਆਂ ਮੁਤਾਬਕ 17ਵੀਂ ਲੋਕ ਸਭਾ ਦੇ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 20 ਕਰੋੜ ਰੁਪਏ ਤੋਂ ਜ਼ਿਆਦਾ ਸੀ
17ਵੀਂ ਲੋਕ ਸਭਾ ਦੇ ਸਪੀਕਰ ਭਾਰਤੀ ਜਨਤਾ ਪਾਰਟੀ ਦੇ ਓਮ ਬਿਰਲਾ ਸਨ। ਹਾਂਲਾਂਕਿ ਇਸ ਲੋਕ ਸਭਾ ਦੇ ਦੌਰਾਨ ਅਜਿਹੇ ਮੌਕੇ ਘੱਟ ਹੀ ਆਏ ਜਦੋਂ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਵਿਚਾਲੇ ਜ਼ਿਆਦਾ ਬਹਿਸ ਹੁੰਦੀ ਸੀ।
17ਵੀਂ ਲੋਕਸਭਾ ਦੇ ਦੌਰਾਨ ਸਿਰਫ਼ 16 ਫ਼ੀਸਦ ਬਿੱਲਾਂ ਨੂੰ ਸੰਸਦੀ ਕਮੇਟੀ ਦੇ ਕੋਲ ਭੇਜਿਆ ਗਿਆ ਸੀ ਜਦੋਂ ਕਿ ਅੱਧੇ ਤੋਂ ਜ਼ਿਆਦਾ ਬਿੱਲਾਂ ਨੂੰ ਦੋ ਘੰਟੇ ਤੋਂ ਘੱਟ ਸਮੇਂ ਦੀ ਚਰਚਾ ਵਿੱਚ ਹੀ ਪਾਸ ਕਰ ਦਿੱਤਾ ਗਿਆ।
ਗ਼ੈਰ ਸਰਕਾਰੀ ਸੰਗਠਨ ਪੀਆਰਐੱਸ ਲੈਜਿਸਲੇਟਿਵ ਰਿਸਰਚ ਦੇ ਮੁਤਾਬਕ 17ਵੀਂ ਲੋਕ ਸਭਾ ਦੇ ਦੌਰਾਨ ਹਰੇਕ ਸਾਲ ਔਸਤ 55 ਦਿਨ ਹੀ ਸੰਸਦ ਚੱਲੀ।
ਮਣਿਪੁਰ ਵਿੱਚ ਹਿੰਸਾ ਦੇ ਮੁੱਦੇ ਉੱਤੇ ਕਈ ਸੰਸਦ ਮੈਂਬਰਾਂ ਮੁਅੱਤਲ ਕੀਤੇ ਜਾਣ ਤੋਂ ਇਲਾਵਾ 12 ਦਸੰਬਰ 2023 ਨੂੰ ਸੰਸਦ ਦੀ ਸੁਰੱਖਿਆਂ ਵਿੱਚ ਕੁਤਾਹੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਦੋਂ ਦੋ ਜਣੇ ਵਿਜ਼ਿਟਰ ਗੈਲਰੀ ਦੇ ਚੈਂਬਰ ਤੋਂ ਛਾਲ ਮਾਰ ਕੇ ਅੰਦਰ ਵੜ ਗਏ ਸਨ।
2019 ਵਿੱਚ ਕਿੰਨੇ ਪੜਾਵਾਂ ਵਿੱਚ ਹੋਈਆਂ ਸੀ ਚੋਣਾਂ
ਇਸ ਤੋਂ ਪਹਿਲਾਂ 17ਵੀਂ ਲੋਕ ਸਭਾ ਦੇ ਗਠਨ ਦੇ ਲਈ ਭਾਰਤ ਵਿੱਚ 11 ਅਪ੍ਰੈਲ 2019 ਤੋਂ 19 ਮਈ 2019 ਦੇ ਵਿੱਚ ਸੱਤ ਪੜਾਵਾਂ ਵਿੱਚ ਵੋਟਾਂ ਕਰਵਾਈਆਂ ਗਈਆਂ ਸਨ।
ਉਨ੍ਹਾਂ ਚੋਣਾਂ ਵਿੱਚ ਤਿੰਨ ਵੱਡੇ ਸੂਬਿਆਂ – ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਸਾਰੇ ਸੱਤ ਸੂਬਿਆਂ ਵਿੱਚ ਚੋਣਾਂ ਕਰਵਾਈਆਂ ਗਈਆਂ ਸਨ।
2019 ਵਿੱਚ ਚੋਣ ਨਤੀਜੇ 23 ਮਈ ਨੂੰ ਐਲਾਨੇ ਗਏ ਸਨ, ਜਿਸ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਗੱਠਜੋੜ ਨੇ ਕੁਲ 353 ਸੀਟਾਂ ਹਾਸਲ ਕੀਤੀਆਂ ਸਨ।
2019 ਵਿੱਚ ਚੋਣ ਨਤੀਜੇ 23 ਮਈ ਨੂੰ ਐਲਾਨੇ ਗਏ ਸਨ, ਜਿਸ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਗਠਜੋੜ ਨੇ ਕੁਲ 353 ਸੀਟਾਂ ਹਾਸਲ ਕੀਤੀਆਂ ਸਨ।
ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ 303 ਸੀਟਾਂ ਹਾਸਲ ਕੀਤੀਆਂ ਸਨ, ਜਦੋਂਕਿ ਕਾਂਗਰਸ ਨੂੰ 52 ਸੀਟਾਂ ਮਿਲੀਆਂ ਸਨ। ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗਠਜੋੜ ਨੂੰ 92 ਸੀਟਾਂ ਹਾਸਲ ਹੋਈਆਂ ਸਨ।
ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਉੱਤੇ ਹੋਣਗੀਆਂ ਚੋਣਾਂ

ਤਸਵੀਰ ਸਰੋਤ, Getty Images
ਭਾਰਤੀ ਸੰਵਿਧਾਨ ਦੇ ਆਰਟੀਕਲ 83 ਦੇ ਮੁਤਾਬਕ ਲੋਕ ਸਭਾ ਦੀਆਂ ਚੋਣਾਂ ਹਰੇਕ ਪੰਜ ਸਾਲਾਂ ਬਾਅਦ ਹੋਣੀਆਂ ਚਾਹੀਦੀਆਂ ਹਨ।
ਸੰਵਿਧਾਨ ਦੇ ਮੁਤਾਬਕ ਲੋਕ ਸਭਾ ਸੀਟਾਂ ਦੀ ਵੱਧ ਤੋਂ ਵੱਧ ਗਿਣਤੀ 552 ਹੋ ਸਕਦੀ ਹੈ। ਫ਼ਿਲਹਾਲ ਲੋਕ ਸਭਾ ਸੀਟਾਂ ਦੀ ਗਿਣਤੀ 545 ਹੈ ਜਿਨ੍ਹਾਂ ਵਿੱਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 543 ਸੀਟਾਂ ਦੇ ਲਈ ਆਮ ਚੋਣਾਂ ਹੁੰਦੀਆਂ ਹਨ।
ਇਸ ਤੋਂ ਇਲਾਵਾ ਜੇਕਰ ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਐਂਗਲੋ-ਇੰਡੀਅਨ ਭਾਈਚਾਰੇ ਦੇ ਲੋਕਾਂ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਇੰਨੀ ਨਹੀਂ ਹੈ ਤਾਂ ਉਹ ਦੋ ਲੋਕਾਂ ਨੂੰ ਨਾਮਜ਼ਦ ਵੀ ਕਰ ਸਕਦਾ ਹੈ।
ਕੁਲ ਸੀਟਾਂ ਵਿੱਚੋਂ 131 ਸੀਟਾਂ ਰਾਖਵੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਅਨੁਸੂਚਿਤ ਜਾਤ ਦੇ ਲੋਕਾਂ ਲਈ 84 ਸੀਟਾਂ ਅਤੇ 84 ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਹੀ ਚੋਣਾਂ ਲੜ ਸਕਦੇ ਹਨ।
ਕਿਹੜੀ ਪਾਰਟੀ ਦੀ ਬਣਦੀ ਹੈ ਸਰਕਾਰ

ਤਸਵੀਰ ਸਰੋਤ, Getty Images
ਕਿਸੇ ਵੀ ਪਾਰਟੀ ਕੋਲ ਬਹੁਮਤ ਦੇ ਲਈ ਘੱਟੋ-ਘੱਟ 272 ਸੀਟਾਂ ਚਾਹੀਦੀਆਂ ਹੁੰਦੀਆਂ ਹਨ। ਜੇਕਰ ਬਹੁਮਤ ਤੋਂ ਕੁਝ ਸੀਟਾਂ ਘੱਟ ਵੀ ਹੋ ਜਾਣ ਤਾਂ ਦੂਜੇ ਦਲਾਂ ਦੇ ਨਾਲ ਗਠਜੋੜ ਕਰਕੇ ਵੀ ਸਰਕਾਰ ਬਣਾਈ ਜਾ ਸਕਦੀ ਹੈ।
ਸਿਆਸੀ ਦਲਾਂ ਦਾ ਗਠਜੋੜ ਚੋਣਾਂ ਤੋਂ ਪਹਿਲਾਂ ਵੀ ਹੋ ਸਕਦਾ ਹੈ ਅਤੇ ਨਤੀਜਿਆਂ ਤੋਂ ਬਾਅਦ ਵੀ। ਲੋਕ ਸਭਾ ਵਿੱਚ ਵਿਰੋਧੀ ਦਲ ਦਾ ਅਹੁਦਾ ਲੈਣ ਦੇ ਲਈ ਵਿਰੋਧੀ ਧਿਰ ਦੇ ਕੋਲ ਘੱਟੋ-ਘੱਟ ਕੁਲ ਸੀਟਾਂ ਦੀ ਗਿਣਤੀ 10 ਫ਼ੀਸਦ ਹੋਣੀ ਚਾਹੀਦੀ ਹੈ ਯਾਨਿ 55 ਸੀਟਾਂ।
2014 ਦੀਆਂ ਆਮ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਸਿਰਫ਼ 44 ਸੀਟਾਂ ਹੀ ਮਿਲ ਸਕੀਆਂ ਸਨ।
2019 ਵਿੱਚ ਵੀ ਕਾਂਗਰਸ 55 ਸੀਟਾਂ ਹਾਸਲ ਨਹੀਂ ਕਰ ਸਕੀ ਸੀ।ਪਰ ਉਸ ਦਾ ਪ੍ਰਦਰਸ਼ਨ 2014 ਦੇ ਮੁਕਾਬਲੇ ਬਿਹਤਰ ਸੀ।
ਭਾਰਤੀ ਚੋਣ ਪ੍ਰਕਿਰਿਆ ਕਿਹੜੇ ਮਾਡਲ 'ਤੇ ਅਧਾਰਤ ਹੈ
ਭਾਰਤੀ ਲੋਕਤੰਤਰੀ ਪ੍ਰਬੰਧ ਬ੍ਰਿਟਿਸ਼ ਵੈਸਮਿੰਸਟਰ ਮਾਡਲ ਉੱਤੇ ਅਧਾਰਤ ਹੈ। ਬ੍ਰਿਟੇਨ ਵਿੱਚ ਆਮ ਚੋਣਾਂ ਦੇ ਲਈ ਇੱਕ ਹੀ ਦਿਨ ਵੋਟਾਂ ਪੈਂਦੀਆਂ ਹਨ, ਸ਼ਾਮ ਹੁੰਦੇ-ਹੁੰਦੇ ਐਗਜ਼ਿਟ ਪੋਲ ਦੇ ਨਤੀਜੇ ਆ ਜਾਂਦੇ ਹਨ ਅਤੇ ਰਾਤੋ-ਰਾਤ ਵੋਟਾਂ ਦੀ ਗਿਣਤੀ ਕਰਕੇ ਅਗਲੀ ਸਵੇਰ ਤੱਕ ਲੋਕਾਂ ਨੂੰ ਚੋਣਾਂ ਦੇ ਨਤੀਜੇ ਵੀ ਮਿਲ ਜਾਂਦੇ ਹਨ।
ਪਰ ਭਾਰਤ ਵਿੱਚ ਅਜਿਹਾ ਨਹੀਂ ਹੁੰਦਾ। ਵੋਟਾਂ ਦੇ ਦੌਰਾਨ ਸੁਰੱਖਿਆ ਪ੍ਰਬੰਧ ਬਣਾ ਕੇ ਰੱਖਣ ਦੇ ਲਈ ਇੰਨੇ ਵੱਡੇ ਦੇਸ਼ ਵਿੱਚ ਕਈ ਪੜਾਵਾਂ ਵਿੱਚ ਵੋਟਾਂ ਕਰਵਾਈਆਂ ਜਾਂਦੀਆਂ ਹਨ।
ਹਰ ਪੜਾਅ ਦੀਆਂ ਵੋਟਾਂ ਤੋਂ ਬਾਅਦ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਯਾਨਿ ਈਵੀਐੱਮ ਨੂੰ ਵੋਟਾਂ ਦੀ ਗਿਣਤੀ ਤੱਕ ਸੁਰੱਖਿਅਤ ਰੱਖਿਆ ਜਾਂਦਾ ਹੈ।
ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਹੁਣ ਆਖ਼ਰੀ ਪੜਾਅ ਦੀਆਂ ਵੋਟਾਂ ਖ਼ਤਮ ਹੋਣ ਤੋਂ ਬਾਅਦ ਹੀ ਐਗਜ਼ਿਟ ਪੋਲ ਦੇ ਨਤੀਜੇ ਪ੍ਰਸਾਰਿਤ ਹੁੰਦੇ ਹਨ। ਉਸ ਤੋਂ ਵੀ ਕੁਝ ਦਿਨ ਮਗਰੋਂ ਚੋਣਾਂ ਦੀ ਗਿਣਤੀ ਸਵੇਰੇ ਸ਼ੁਰੂ ਹੁੰਦੀ ਹੈ।
ਪਹਿਲੇ ਜਦੋਂ ਬੈਲਟ ਪੇਪਰ ਰਾਹੀਂ ਵੋਟਾਂ ਦੀ ਗਿਣਤੀ ਹੁੰਦੀ ਸੀ ਉਦੋਂ ਰੁਝਾਨ ਆਉਂਦੇ ਆਉਂਦੇ ਸ਼ਾਮ ਹੋ ਜਾਂਦੀ ਹੈ ਅਤੇ ਨਤੀਜੇ ਸਾਫ਼ ਹੁੰਦਿਆਂ ਹੁੰਦਿਆਂ ਕਾਫੀ ਸਮਾਂ ਲੱਗਦਾ ਸੀ ਪਰ ਹੁਣ ਈਵੀਐੱਮ ਦੇ ਚਲਦਿਆਂ ਦੁਪਹਿਰ ਤੱਕ ਰੁਝਾਨ ਸਪਸ਼ਟ ਹੋ ਜਾਂਦੇ ਹਨ ਅਤੇ ਸ਼ਾਮ ਤੱਕ ਨਤੀਜੇ ਪਤਾ ਲੱਗ ਜਾਂਦੇ ਹਨ।












