ਕੌਣ ਹਨ ਸੁਖਬੀਰ ਸਿੰਘ ਸੰਧੂ ਤੇ ਗਿਆਨੇਸ਼ ਕੁਮਾਰ ਜੋ ਨਵੇਂ ਚੋਣ ਕਮਿਸ਼ਨਰ ਬਣੇ ਹਨ

ਤਸਵੀਰ ਸਰੋਤ, NHAI/ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਨੇ ਚੋਣ ਕਮਿਸ਼ਨਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਲਈ ਸੇਵਾਮੁਕਤ ਆਈਏਐਸ ਅਧਿਕਾਰੀਆਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਦੀ ਚੋਣ ਕੀਤੀ ਹੈ।
ਇਸ ਸਬੰਧੀ ਵੀਰਵਾਰ ਨੂੰ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਨੂੰ ਚੋਣ ਕਮਿਸ਼ਨਰ ਨਿਯੁਕਤ ਕਰਦੇ ਹਨ।
ਨੋਟੀਫਿਕੇਸ਼ਨ ਦੇ ਅਨੁਸਾਰ, "ਉਨ੍ਹਾਂ ਦੀ ਨਿਯੁਕਤੀ ਭਾਰਤ ਦੇ ਚੋਣ ਕਮਿਸ਼ਨ ਵਿੱਚ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਹੋਵੇਗੀ।"
ਇਸ ਤੋਂ ਪਹਿਲਾਂ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵਿੱਚ ਵਿਰੋਧੀ ਧਿਰ ਦੇ ਇਕਲੌਤੇ ਮੈਂਬਰ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ।
ਇਹ ਦੋਵੇਂ ਅਹੁਦੇ ਸਾਬਕਾ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਦੀ ਸੇਵਾਮੁਕਤੀ ਅਤੇ ਅਰੁਣ ਗੋਇਲ ਦੇ ਅਚਾਨਕ ਅਸਤੀਫੇ ਤੋਂ ਬਾਅਦ ਖਾਲੀ ਹੋਏ ਸਨ।

ਤਸਵੀਰ ਸਰੋਤ, GOI
ਅਧੀਰ ਰੰਜਨ ਚੌਧਰੀ ਨੇ ਕੀ ਕਿਹਾ?
ਅਧੀਰ ਰੰਜਨ ਚੌਧਰੀ ਨੇ ਇਨ੍ਹਾਂ ਦੋਵਾਂ ਚੋਣ ਕਮਿਸ਼ਨਰਾਂ ਦੀ ਚੋਣ ਪ੍ਰਕਿਰਿਆ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਸ਼ਾਰਟ ਲਿਸਟ ਕੀਤੇ ਗਏ ਅਧਿਕਾਰੀਆਂ ਦੇ ਨਾਂ ਉਨ੍ਹਾਂ ਨੂੰ ਪਹਿਲਾਂ ਨਹੀਂ ਦੱਸੇ ਗਏ ਸਨ।
ਗਿਆਨੇਸ਼ ਕੁਮਾਰ ਗ੍ਰਹਿ ਮੰਤਰਾਲੇ ਵਿੱਚ ਅਹਿਮ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਹਨ। ਜਦੋਂ 2019 ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਗਈ ਸੀ, ਤਾਂ ਉਹ ਇਸਦੀ ਦੇਖ-ਰੇਖ ਲਈ ਜ਼ਿੰਮੇਵਾਰ ਸੀ। ਉਨ੍ਹਾਂ ਨੂੰ ਅਯੁੱਧਿਆ ਨਾਲ ਸਬੰਧਤ ਮਾਮਲਿਆਂ ਦਾ ਨਿਪਟਾਰਾ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ।
ਜਦੋਂਕਿ ਸੁਖਬੀਰ ਸਿੰਘ ਸੰਧੂ ਉਤਰਾਖੰਡ ਕੇਡਰ ਦੇ ਸਾਬਕਾ ਆਈ.ਏ.ਐਸ. ਹਨ। ਉਹ ਉੱਤਰਾਖੰਡ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਚੁੱਕੇ ਹਨ।
ਇਨ੍ਹਾਂ ਦੋ ਅਧਿਕਾਰੀਆਂ ਨੂੰ ਛੇ ਨਾਵਾਂ ਵਿੱਚੋਂ ਚੁਣਿਆ ਗਿਆ ਸੀ

ਤਸਵੀਰ ਸਰੋਤ, Getty Images
ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨਰ ਲਈ ਸ਼ਾਰਟ ਲਿਸਟ ਕੀਤੇ 236 ਅਧਿਕਾਰੀਆਂ ਦੇ ਨਾਂ ਕੇਂਦਰ ਸਰਕਾਰ ਨੇ ਅਧੀਰ ਰੰਜਨ ਚੌਧਰੀ ਨੂੰ ਭੇਜੇ ਸਨ।
ਇਸ ਸੂਚੀ ਵਿੱਚ 92 ਅਜਿਹੇ ਅਫਸਰ ਸਨ ਜੋ ਭਾਰਤ ਸਰਕਾਰ ਵਿੱਚ ਸਕੱਤਰ ਜਾਂ ਇਸ ਦੇ ਬਰਾਬਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਹਨ। 93 ਅਜਿਹੇ ਅਫਸਰ ਸਨ ਜੋ ਇਸ ਸਮੇਂ ਸਕੱਤਰ ਜਾਂ ਇਸ ਦੇ ਬਰਾਬਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ, 15 ਅਜਿਹੇ ਅਫਸਰ ਸਨ ਜੋ ਪਿਛਲੇ ਇੱਕ ਸਾਲ ਵਿੱਚ ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹੋਣ ਅਤੇ 28 ਅਜਿਹੇ ਅਫਸਰ ਜੋ ਵਰਤਮਾਨ ਵਿੱਚ ਕਿਸੇ ਸੂਬੇ ਦੇ ਮੁੱਖ ਸਕੱਤਰ ਹਨ।
ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਆਖਰਕਾਰ ਛੇ ਨਾਵਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ, ਜੋ ਕਮੇਟੀ ਅੱਗੇ ਚਰਚਾ ਲਈ ਰੱਖੇ ਗਏ ਸਨ।
ਉਤਪਲ ਕੁਮਾਰ ਸਿੰਘ, ਪ੍ਰਦੀਪ ਕੁਮਾਰ ਤ੍ਰਿਪਾਠੀ, ਗਿਆਨੇਸ਼ ਕੁਮਾਰ, ਇੰਦਰਵੀਰ ਪਾਂਡੇ, ਸੁਖਬੀਰ ਸਿੰਘ ਸੰਧੂ, ਸੁਧੀਰ ਕੁਮਾਰ ਗੰਗਾਧਰ ਰਿਹਾਟੇ ਦੇ ਨਾਂ ਸ਼ਾਮਲ ਸਨ। ਇਹ ਸਾਰੇ ਸਾਬਕਾ ਨੌਕਰਸ਼ਾਹ ਹਨ।
ਅਧੀਰ ਰੰਜਨ ਚੌਧਰੀ ਨੇ ਕਿਹਾ, "ਚੋਣ ਕਮਿਸ਼ਨਰ ਵਜੋਂ ਨਿਯੁਕਤੀ ਲਈ ਛੇ ਨਾਵਾਂ ਵਿੱਚੋਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ।"
ਗਿਆਨੇਸ਼ ਕੁਮਾਰ ਦਾ ਧਾਰਾ 370 ਅਤੇ ਅਯੁੱਧਿਆ ਨਾਲ ਸਬੰਧ ਹੈ
ਗਿਆਨੇਸ਼ ਕੁਮਾਰ 1988 ਬੈਚ ਦੇ ਕੇਰਲ ਕੇਡਰ ਦੇ ਸੇਵਾਮੁਕਤ ਆਈਏਐਸ ਅਫਸਰ ਹਨ।
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਗਿਆਨੇਸ਼ ਕੁਮਾਰ ਉਹੀ ਸਾਬਕਾ ਨੌਕਰਸ਼ਾਹ ਹਨ, ਜਿਨ੍ਹਾਂ ਨੂੰ ਧਾਰਾ 370 ਹਟਾਉਣ ਦੌਰਾਨ ਕਸ਼ਮੀਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਗਿਆਨੇਸ਼ ਕੁਮਾਰ ਨੇ ਜੰਮੂ-ਕਸ਼ਮੀਰ ਨੂੰ ਇੱਕ ਸੂਬੇ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬਦਲਣ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ।
ਸਾਲ 2020 ਵਿੱਚ ਛਪੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਰਕਾਰ ਨੇ ਗਿਆਨੇਸ਼ ਕੁਮਾਰ ਨੂੰ ਉਸ ਡੈਸਕ ਦੀ ਜ਼ਿੰਮੇਵਾਰੀ ਵੀ ਦਿੱਤੀ ਸੀ, ਜੋ ਅਯੁੱਧਿਆ ਕੇਸ ਨਾਲ ਜੁੜੇ ਮੁੱਦਿਆਂ ਨੂੰ ਦੇਖਦਾ ਸੀ।
ਇਨ੍ਹਾਂ ਵਿੱਚ 90 ਦਿਨਾਂ ਦੇ ਅੰਦਰ ਅਯੁੱਧਿਆ ਰਾਮ ਮੰਦਰ ਲਈ ਟਰੱਸਟ ਬਣਾਉਣ ਦੇ ਹੁਕਮ ਨੂੰ ਲਾਗੂ ਕਰਨਾ ਵੀ ਸ਼ਾਮਲ ਹੈ।
ਇਸ ਡੈਸਕ ਦੀ ਅਗਵਾਈ ਗਿਆਨੇਸ਼ ਕੁਮਾਰ ਕਰਦੇ ਸਨ, ਜੋ ਉਸ ਸਮੇਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਧੀਕ ਸਕੱਤਰ ਦਾ ਅਹੁਦਾ ਸੰਭਾਲ ਰਹੇ ਸਨ।
ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਗਿਆਨੇਸ਼ ਕੁਮਾਰ ਸੰਸਦੀ ਮਾਮਲਿਆਂ ਦੇ ਮੰਤਰਾਲੇ ਵਿੱਚ ਵੀ ਕੰਮ ਕਰ ਚੁੱਕੇ ਹਨ।
ਮਨੀ ਕੰਟਰੋਲ ਦੀ ਖ਼ਬਰ ਮੁਤਾਬਕ ਗਿਆਨੇਸ਼ ਕੁਮਾਰ ਇਸ ਸਾਲ 31 ਜਨਵਰੀ ਨੂੰ ਸੇਵਾਮੁਕਤ ਹੋਏ ਸਨ ।
ਸੁਖਬੀਰ ਸਿੰਘ ਸੰਧੂ ਕੌਣ ਹਨ?
ਉੱਤਰਾਖੰਡ ਕੇਡਰ ਦੇ ਸੇਵਾਮੁਕਤ ਆਈਏਐਸ ਅਫਸਰ ਸੁਖਬੀਰ ਸਿੰਘ ਸੰਧੂ ਮੂਲ ਰੂਪ ਵਿੱਚ ਪੰਜਾਬ ਤੋਂ ਹਨ।
ਲਾਈਵ ਮਿੰਟ ਦੀ ਇੱਕ ਰਿਪੋਰਟ ਦੇ ਅਨੁਸਾਰ , ਸੰਧੂ ਦਾ ਜਨਮ ਸਾਲ 1963 ਵਿੱਚ ਹੋਇਆ ਸੀ ਅਤੇ ਉਹ 1998 ਬੈਚ ਦੇ ਇੱਕ ਸੇਵਾਮੁਕਤ ਆਈਏਐਸ ਅਫਸਰ ਹਨ।
ਸਾਲ 2021 ਵਿੱਚ ਪੁਸ਼ਕਰ ਸਿੰਘ ਧਾਮੀ ਇੱਥੇ ਮੁੱਖ ਮੰਤਰੀ ਬਣੇ ਤਾਂ ਸੰਧੂ ਨੂੰ ਉੱਤਰਾਖੰਡ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ।
ਇਸ ਰਿਪੋਰਟ ਮੁਤਾਬਕ ਸੰਧੂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਹ ਮਨੁੱਖੀ ਸਰੋਤ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਵਿੱਚ ਵਧੀਕ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਸੁਖਬੀਰ ਸਿੰਘ ਸੰਧੂ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮਬੀਬੀਐਸ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਇਤਿਹਾਸ ਵਿੱਚ ਮਾਸਟਰ ਡਿਗਰੀ ਕੀਤੀ। ਉਨ੍ਹਾਂ ਕੋਲ ਕਨੂੰਨ ਦੀ ਡਿਗਰੀ ਵੀ ਹੈ।
ਪੰਜਾਬ ਵਿੱਚ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਰਹਿੰਦਿਆਂ ਚੰਗੀ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਤੋਂ ਮੈਡਲ ਵੀ ਮਿਲਿਆ।
ਉਨ੍ਹਾਂ ਨੇ 2001 ਦੀ ਮਰਦਮਸ਼ੁਮਾਰੀ ਵਿੱਚ ਆਪਣੀ ਭੂਮਿਕਾ ਲਈ ਰਾਸ਼ਟਰਪਤੀ ਤੋਂ ਇੱਕ ਮੈਡਲ ਵੀ ਪ੍ਰਾਪਤ ਕੀਤਾ।

ਤਸਵੀਰ ਸਰੋਤ, ANI
ਚੋਣ ਕਮਿਸ਼ਨਰ ਦੇ ਅਹੁਦੇ ਕਿਵੇਂ ਖਾਲੀ ਹੋਏ?
ਦਰਅਸਲ ਤਿੰਨ ਮੈਂਬਰੀ ਚੋਣ ਕਮਿਸ਼ਨ ਵਿੱਚ ਸਿਰਫ਼ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੀ ਰਹਿ ਗਏ ਸਨ।
ਚੋਣ ਕਮਿਸ਼ਨਰਾਂ ਦੀਆਂ ਦੋ ਅਸਾਮੀਆਂ ਖਾਲੀ ਸਨ। ਪਿਛਲੇ ਹਫਤੇ ਹੀ ਅਰੁਣ ਗੋਇਲ ਨੇ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਦਿੱਤਾ ਸੀ।
ਇਸ ਤੋਂ ਪਹਿਲਾਂ ਅਨੂਪ ਚੰਦਰ ਪਾਂਡੇ 15 ਫਰਵਰੀ ਨੂੰ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਸਨ।
ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁਣ ਕਿਸੇ ਵੀ ਦਿਨ ਹੋ ਸਕਦਾ ਹੈ। ਉਸ ਤੋਂ ਪਹਿਲਾਂ ਇਹ ਦੋਵੇਂ ਅਸਾਮੀਆਂ ਭਰਨੀਆਂ ਜ਼ਰੂਰੀ ਸਨ।












