ਲੋਕ ਸਭਾ ਚੋਣਾਂ 2024: ਵੋਟ ਪਾਉਣ ਵੇਲੇ ਉਂਗਲ ’ਤੇ ਲਗਾਈ ਜਾਣ ਵਾਲੀ ਸਿਆਹੀ ਦੀ ਦਿਲਚਸਪ ਕਹਾਣੀ

ਤਸਵੀਰ ਸਰੋਤ, Getty Images
ਭਾਰਤ ਵਿੱਚ, ਜਦੋਂ ਤੁਸੀਂ ਕਿਸੇ ਵੀ ਚੋਣ ਵਿੱਚ ਆਪਣੀ ਵੋਟ ਪਾਉਂਦੇ ਹੋ ਤਾਂ ਖੱਬੇ ਹੱਥ ਦੀ ਉਂਗਲ 'ਤੇ ਸਿਆਹੀ ਨਾਲ ਨਿਸ਼ਾਨ ਲਗਾਉਣ ਦੀ ਪਰੰਪਰਾ ਰਹੀ ਹੈ। ਇਹ ਦਰਸਾਉਂਦਾ ਹੈ ਕਿ ਤੁਸੀਂ ਆਪਣੀ ਵੋਟ ਪਾ ਦਿੱਤੀ ਹੈ।
ਇਹ ਇੱਕ ਅਜਿਹੀ ਸਿਆਹੀ ਹੈ ਜਿਸ ਦੇ ਦਾਗ਼ ਜਲਦੀ ਨਹੀਂ ਮਿਟਦੇ। ਸ਼ੁਰੂ ਵਿੱਚ ਇਹ ਜਾਮਨੀ ਰੰਗ ਦਾ ਦਿਖਾਈ ਦਿੰਦੀ ਹੈ, ਪਰ ਸਮਾਂ ਬੀਤਣ ਨਾਲ ਇਹ ਕਾਲੀ ਹੋ ਜਾਂਦੀ ਹੈ।
ਇਸਨੂੰ ਅਮਿਟ ਸਿਆਹੀ ਜਾਂ ਇੰਡੇਲੀਬਲ ਸਿਆਹੀ ਵਜੋਂ ਜਾਣਿਆ ਜਾਂਦਾ ਹੈ।
ਸਿਆਹੀ ਲਗਾਉਣ ਦਾ ਇੱਕ ਫਾਇਦਾ ਇਹ ਹੈ ਕਿ ਇਹ ਦਰਸਾਉਂਦਾ ਹੈ ਕਿ ਵਿਅਕਤੀ ਨੇ ਵੋਟ ਪਾਈ ਹੈ। ਦੂਜਾ ਫਾਇਦਾ ਇਹ ਹੈ ਕਿ ਵਿਅਕਤੀ ਦੁਬਾਰਾ ਵੋਟ ਨਹੀਂ ਪਾ ਸਕਦਾ।
ਭਾਰਤ ’ਚ ਹੀ ਨਹੀਂ ਬਲਕਿ ਦੁਨੀਆਂ ਦੇ ਹੋਰ ਕਈ ਦੇਸ਼ਾਂ ’ਚ ਵੀ ਵੋਟ ਪਾਉਣ ਤੋਂ ਬਾਅਦ ਸਿਆਹੀ ਨਾਲ ਨਿਸ਼ਾਨ ਲਗਾਇਆ ਜਾਣਾ ਲਾਜ਼ਮੀ ਹੈ। ਵੈਸੇ ਖ਼ਾਸ ਗੱਲ ਇਹ ਹੈ ਕਿ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ’ਚ ਇਹ ਸਿਆਹੀ ਭਾਰਤ ਤੋਂ ਹੀ ਭੇਜੀ ਜਾਂਦੀ ਹੈ।

ਤਸਵੀਰ ਸਰੋਤ, MPVL WEBSITE
ਕਿੱਥੇ ਅਤੇ ਕੌਣ ਬਣਾਉਂਦਾ ਹੈ ਸਿਆਹੀ?
ਹੁਣ ਇਹ ਸਵਾਲ ਤੁਹਾਡੇ ਮਨ ’ਚ ਵੀ ਜ਼ਰੂਰ ਉੱਠ ਰਿਹਾ ਹੋਣਾ ਕਿ ਇਹ ਸਿਆਹੀ ਭਾਰਤ ਵਿੱਚ ਕਿੱਥੇ ਬਣਦੀ ਹੈ।
ਦਰਅਸਲ ਇਹ ਭਾਰਤ ’ਚ ਦੋ ਥਾਵਾਂ ’ਤੇ ਬਣਦੀ ਹੈ। ਤੇਲੰਗਾਨਾ ਦੇ ਹੈਦਰਾਬਾਦ ਦੀ ਰਾਇਡੂ ਲੈਬ ਅਤੇ ਕਰਨਾਟਕਾ ਦੇ ਮੈਸੂਰ ਦੀ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਕੰਪਨੀ ਹੀ ਇਸ ਸਿਆਹੀ ਨੂੰ ਬਣਾਉਂਦੀਆਂ ਹਨ।
ਭਾਰਤੀ ਚੋਣ ਕਮਿਸ਼ਨ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਕੰਪਨੀ ’ਚ ਬਣੀ ਸਿਆਹੀ ਦੀ ਵਰਤੋਂ ਕਰਦਾ ਹੈ ਜਦਕਿ ਰਾਇਡੂ ਲੈਬ ’ਚ ਬਣੀ ਸਿਆਹੀ ਦੁਨੀਆਂ ਭਰ ਦੇ ਦੂਜੇ ਦੇਸ਼ਾਂ ’ਚ ਭੇਜੀ ਜਾਂਦੀ ਹੈ।
ਦੁਨੀਆਂ ਦੇ ਲਗਭਗ 90 ਦੇਸ਼ਾਂ ’ਚ ਇਸ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ 30 ਦੇਸ਼ਾਂ ’ਚ ਸਪਲਾਈ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਕੰਪਨੀ ਵੱਲੋਂ ਹੀ ਕੀਤੀ ਜਾਂਦੀ ਹੈ।
ਸ਼ੁਰੂਆਤੀ ਦਿਨਾਂ ’ਚ ਇਸ ਸਿਆਹੀ ਨੂੰ ਛੋਟੀਆਂ-ਛੋਟੀਆਂ ਬੋਤਲਾਂ ’ਚ ਭਰ ਕੇ ਬਰਾਮਦ ਕੀਤਾ ਜਾਂਦਾ ਸੀ। ਰਾਇਡੂ ਲੈਬ ਦੇ ਸੀਈਓ ਸ਼ਸ਼ਾਂਕ ਰਾਇਡੂ ਮੁਤਾਬਕ ਨਵੀਨਤਮ ਤਕਨੀਕਾਂ ਦੇ ਕਾਰਨ ਸਾਲ 2014 ਤੋਂ ਬਾਅਦ ਸਿਆਹੀ ਨਾਲ ਬਣੇ ਮਾਰਕਰ ਬਰਾਮਦ ਕੀਤੇ ਜਾ ਰਹੇ ਹਨ।
ਇਸ ਸਿਆਹੀ ਦੀ ਵਰਤੋਂ ਪਲਸ ਪੋਲਿਓ ਪ੍ਰੋਗਰਾਮ ’ਚ ਵੀ ਕੀਤੀ ਜਾਂਦੀ ਹੈ। ਜਿੰਨ੍ਹਾਂ ਬੱਚਿਆਂ ਨੂੰ ਟੀਕਾ ਲੱਗ ਜਾਂਦਾ ਹੈ, ਉਨ੍ਹਾਂ ਦੀ ਪਛਾਣ ਰੱਖਣ ਲਈ ਇਸ ਸਿਆਹੀ ਨਾਲ ਨਿਸ਼ਾਨ ਲਗਾਇਆ ਜਾਂਦਾ ਹੈ।

ਤਸਵੀਰ ਸਰੋਤ, Getty Images
ਕਿਵੇਂ ਕੰਮ ਕਰਦੀ ਹੈ ਇਹ ਸਿਆਹੀ?
ਚੋਣਾਂ ਦੌਰਾਨ ਜਾਮਨੀ ਰੰਗ ਦੀ ਇਸ ਸਿਆਹੀ ਨੂੰ ਖੱਬੇ ਹੱਥ ਦੀ ਇੰਡੈਕਸ (ਪਹਿਲੀ) ਉਂਗਲੀ ’ਤੇ ਲਗਾਇਆ ਜਾਂਦਾ ਹੈ। ਇਸ ਦਾ ਦਾਗ਼ ਆਸਾਨੀ ਨਾਲ ਨਹੀਂ ਜਾਂਦਾ ਹੈ। ਤੁਸੀਂ ਭਾਵੇਂ ਜਿੰਨਾਂ ਮਰਜ਼ੀ ਸਾਬਣ, ਪਾਊਡਰ ਜਾਂ ਫਿਰ ਤੇਲ ਲਗਾ ਲਓ, ਇਹ ਨਹੀਂ ਮਿਟੇਗਾ।
ਇਸ ਦੇ ਨਿਰਮਾਣ ’ਚ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਹੁੰਦੀ ਹੈ। ਇਸ ’ਚ 10 ਤੋਂ 18 ਫੀਸਦੀ ਤੱਕ ਸਿਲਵਰ ਨਾਈਟ੍ਰੇਟ ਹੁੰਦਾ ਹੈ।
ਇਲੈਕਟੋਰਲ ਇੰਕ ਵਿੱਚ 10 ਤੋਂ 18 ਫੀਸਦੀ ਸਿਲਵਰ ਨਾਈਟ੍ਰੇਟ ਕੈਮੀਕਲ ਹੁੰਦਾ ਹੈ। ਜਦੋਂ ਚੋਣ ਅਧਿਕਾਰੀ ਇਸ ਨੂੰ ਉਂਗਲੀ 'ਤੇ ਲਗਾਉਂਦੇ ਹਨ, ਤਾਂ ਇਹ ਸਾਡੇ ਸਰੀਰ ਵਿੱਚ ਮੌਜੂਦ ਲੂਣ ਨਾਲ ਪ੍ਰਤੀਕ੍ਰਿਆ ਕਰਦਾ ਹੈ ਅਤੇ ਸਿਲਵਰ ਕਲੋਰਾਈਡ ਬਣਾਉਂਦਾ ਹੈ।
ਕਿਉਂਕਿ ਸਿਲਵਰ ਕਲੋਰਾਈਡ ਪਾਣੀ ਵਿੱਚ ਨਹੀਂ ਘੁਲਦਾ, ਇਹ ਸਾਡੀ ਚਮੜੀ ਨਾਲ ਜੁੜਿਆ ਰਹਿੰਦਾ ਹੈ। ਉਂਗਲੀ 'ਤੇ ਲਗਾਉਣ ਦੇ ਸਕਿੰਟਾਂ ਦੇ ਅੰਦਰ ਆਪਣਾ ਨਿਸ਼ਾਨ ਬਣਾ ਲੈਂਦਾ ਹੈ ਅਤੇ 40 ਸਕਿੰਟਾਂ ਵਿੱਚ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ।
ਖ਼ਾਸ ਗੱਲ ਇਹ ਹੈ ਕਿ ਪਾਣੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ। ਤੁਸੀਂ ਜਿੰਨਾ ਮਰਜ਼ੀ ਸਾਬਣ, ਪਾਊਡਰ ਜਾਂ ਤੇਲ ਰਗੜੋ, ਇਹ ਮਿਟਦਾ ਨਹੀਂ ਹੈ। ਇਸ ਦਾ ਨਿਸ਼ਾਨ ਘੱਟੋ-ਘੱਟ 72 ਘੰਟਿਆਂ ਤੱਕ ਚਮੜੀ ਤੋਂ ਨਹੀਂ ਹਟਾਇਆ ਜਾ ਸਕਦਾ।

ਤਸਵੀਰ ਸਰੋਤ, Getty Images
ਕਦੋਂ ਤੋਂ ਇਸ ਦੀ ਵਰਤੋਂ ਹੋ ਰਹੀ ਹੈ?
ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਚੋਣਾਂ ਦੌਰਾਨ ਲੱਖਾਂ ਦੀ ਗਿਣਤੀ ’ਚ ਸਿਆਹੀ ਦਾ ਆਰਡਰ ਦਿੱਤਾ ਜਾਂਦਾ ਹੈ।
ਚੋਣ ਕਮਿਸ਼ਨ ਅਨੁਸਾਰ 2014 ਦੀਆਂ ਆਮ ਚੋਣਾਂ ਦੌਰਾਨ ਸਿਆਹੀ ਦੀਆਂ 21 ਲੱਖ ਬੋਤਲਾਂ ਮੰਗਵਾਈਆਂ ਗਈਆਂ ਸਨ, ਜੋ ਕਿ 2019 ਦੀਆਂ ਆਮ ਚੋਣਾਂ ’ਚ ਵੱਧ ਕੇ 26 ਲੱਖ ਹੋ ਗਈਆਂ ਸਨ। ਇਸ ਦੀ ਵਰਤੋਂ 1960 ਦੇ ਦਹਾਕੇ ਤੋਂ ਹੋ ਰਹੀ ਹੈ।
ਕਿੱਥੇ ਲਗਾਈ ਜਾਂਦੀ ਹੈ ਸਿਆਹੀ?
ਚੋਣ ਕਮਿਸ਼ਨ ਵੱਲੋਂ ਮਾਰਚ 2015 ਵਿੱਚ ਜਾਰੀ ਹੋਏ ਇੱਕ ਆਦੇਸ਼ ਮੁਤਾਬਕ, ਸਿਆਹੀ ਖੱਬੇ ਹੱਥ ਦੀ ਪਹਿਲੀ ਉਂਗਲੀ ਦੇ ਨਹੁੰ ਦੇ ਆਖ਼ਰੀ ਸਿਰੇ ਤੋਂ ਪਹਿਲੇ ਜੋੜ ਦੇ ਹੇਠਾਂ ਤੱਕ ਬੁਰਸ਼ ਨਾਲ ਲਗਾਈ ਜਾਵੇਗੀ।
ਜਿਸ ਬੁਰਸ਼ ਨਾਲ ਇਹ ਸਿਆਹੀ ਲਗਾਈ ਜਾਂਦੀ ਹੈ, ਉਹ ਵੀ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਿਟੇਡ ਵੱਲੋਂ ਹੀ ਤਿਆਰ ਕੀਤਾ ਜਾਂਦਾ ਹੈ।
ਈਵੀਐੱਮ ਕੰਟਰੋਲ ਯੂਨਿਟ ਦੇ ਇੰਚਾਰਜ ਪੋਲਿੰਗ ਅਫਸਰ ਦਾ ਕੰਮ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਕੰਟਰੋਲ ਬੈਲੇਟ ਬਟਨ ਦਬਾਉਣ ਤੋਂ ਪਹਿਲਾਂ ਵੋਟਰ ਦੀ ਉਂਗਲੀ 'ਤੇ ਸਿਆਹੀ ਦਾ ਨਿਸ਼ਾਨ ਪੂਰੀ ਤਰ੍ਹਾਂ ਨਾਲ ਲੱਗਾ ਹੋਵੇ।
ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਕਿਸੇ ਵੋਟਰ ਦੇ ਹੱਥ ਪਿਛਲੀਆਂ ਚੋਣਾਂ ਦੀ ਸਿਆਹੀ ਨਾਲ ਨਿਸ਼ਾਨ ਲੱਗਿਆ ਹੋਵੇ ਤਾਂ ਸਿਆਹੀ ਕਿੱਥੇ ਲਗਾਈ ਜਾਵੇਗੀ।
ਇਸ ਸਵਾਲ ਦੇ ਜਵਾਬ ਚੋਣ ਕਮਿਸ਼ਨ ਨੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਮਾਰਚ 2021 ਵਿੱਚ ਲਿਖੇ ਇੱਕ ਪੱਤਰ ਵਿੱਚ ਦਿੱਤਾ ਹੈ।
ਕਮਿਸ਼ਨ ਨੇ ਇਸ ਪੱਤਰ 'ਚ ਲਿਖਿਆ ਹੈ, "ਜੇਕਰ ਖੱਬੇ ਹੱਥ ਦੀ ਪਹਿਲੀ ਉਂਗਲੀ 'ਤੇ ਪਿਛਲੀਆਂ ਚੋਣਾਂ ਦੀ ਸਿਆਹੀ ਹੈ ਅਤੇ ਉਸ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ, ਤਾਂ ਸਿਆਹੀ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਥਾਂ ਵਿਚਕਾਰਲੀ ਉਂਗਲੀ 'ਤੇ ਲਗਾਈ ਜਾਵੇਗੀ।"
ਕਮਿਸ਼ਨ ਦਾ ਕਹਿਣਾ ਹੈ ਕਿ ਜੇਕਰ ਵਿਚਕਾਰਲੀ ਉਂਗਲੀ 'ਤੇ ਵੀ ਸਿਆਹੀ ਲੱਗੀ ਹੋਵੇ ਤਾਂ ਇਹ ਰਿੰਗ ਫਿੰਗਰ ਯਾਨਿ ਉਸ ਤੋਂ ਅਗਲੀ ਉਂਗਲ 'ਤੇ ਲਗਾਈ ਜਾਵੇਗੀ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਮੌਜੂਦਾ ਚੋਣਾਂ ਅਤੇ ਪਿਛਲੀਆਂ ਚੋਣਾਂ ਦਾ ਅੰਤਰ ਦੋ ਮਹੀਨਿਆਂ ਤੋਂ ਵੱਧ ਨਾ ਹੋਵੇ।












