ਲੋਕ ਸਭਾ ਚੋਣਾਂ 2024: ਜੇਕਰ ਤੁਹਾਡੀ ਵੋਟ ਕੋਈ ਪਹਿਲਾਂ ਹੀ ਪਾ ਗਿਆ ਹੋਵੇ ਤਾਂ ਕੀ ਕੀਤਾ ਜਾਵੇ

ਤਸਵੀਰ ਸਰੋਤ, Getty Images
ਭਾਰਤ ’ਚ ਆਮ ਚੋਣਾਂ ਦਾ ਐਲਾਨ ਜਲਦੀ ਹੀ ਹੋਣ ਵਾਲਾ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦੋ ਮਹੀਨਿਆਂ ’ਚ 18ਵੀਂ ਲੋਕ ਸਭਾ ਦੇ ਲਈ ਵੋਟਾਂ ਪੈਣਗੀਆਂ।
ਅਜਿਹੀ ਸਥਿਤੀ ’ਚ ਮੰਨ ਲਓ ਕਿ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਵੱਜੋਂ ਵੋਟ ਪਾਉਣ ਲਈ ਪੋਲਿੰਗ ਬੂਥ ’ਤੇ ਪਹੁੰਚਦੇ ਹੋ ਅਤੇ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਵੋਟ ਤਾਂ ਪਹਿਲਾਂ ਹੀ ਭੁਗਤ ਚੁੱਕੀ ਹੈ। ਯਕੀਨਨ ਤੁਸੀਂ ਹੈਰਾਨ ਜ਼ਰੂਰ ਹੋਵੋਗੇ।
ਇਸ ਨੂੰ ਧਾਰਾ 49 (ਪੀ) ਦੇ ਤਹਿਤ ਵੋਟ ਦੀ ਚੋਰੀ ਕਿਹਾ ਜਾਂਦਾ ਹੈ। ਚੋਣ ਕਮਿਸ਼ਨ ਨੇ ਸਾਲ 1961 ’ਚ ਇਸ ਧਾਰਾ ’ਚ ਸੋਧ ਕਰ ਕੇ ਇਸ ਨੂੰ ਸ਼ਾਮਲ ਕੀਤਾ ਸੀ।
ਅਜਿਹੇ ’ਚ ਜੇਕਰ ਤੁਹਾਡੀ ਵੋਟ ਚੋਰੀ ਹੋ ਜਾਂਦੀ ਹੈ ਤਾਂ ਤੁਸੀਂ ਕੀ ਕਰੋਗੇ ਅਤੇ ਇਸ ਸਥਿਤੀ ’ਚ ਤੁਹਾਨੂੰ ਅਸਲ 'ਚ ਕੀ ਕਰਨਾ ਚਾਹੀਦਾ ਹੈ?
ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਜਿਹੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ।

ਤਸਵੀਰ ਸਰੋਤ, Getty Images
ਵੋਟ ਚੋਰੀ ਹੋਣ ਦੀ ਸ਼ਿਕਾਇਤ ਕਿੱਥੇ ਕੀਤੀ ਜਾ ਸਕਦੀ ਹੈ?
ਦਰਅਸਲ ਭਾਰਤੀ ਚੋਣ ਸੰਚਾਲਨ ਐਕਟ- 1961 ਦੀ ਧਾਰਾ 49 (ਪੀ) ਦੇ ਤਹਿਤ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਅਸਲੀ ਵੋਟਰ ਨੂੰ ਨਿਰਾਸ਼ ਨਾ ਹੋਣਾ ਪਵੇ।
ਜੇਕਰ ਤੁਹਾਡੇ ਵੋਟ ਪਾਉਣ ਤੋਂ ਪਹਿਲਾਂ ਹੀ ਕੋਈ ਹੋਰ ਤੁਹਾਡੀ ਵੋਟ ਭੁਗਤਾ ਜਾਂਦਾ ਹੈ ਤਾਂ ਤੁਸੀਂ ਉਸ ਦੇ ਖ਼ਿਲਾਫ਼ ਪੋਲਿੰਗ ਸਟੇਸ਼ਨ ਦੇ ਮੁੱਖ ਅਧਿਕਾਰੀ/ਪ੍ਰੀਜ਼ਾਈਡਿੰਗ ਅਧਿਕਾਰੀ ਅੱਗੇ ਅਪੀਲ ਕਰ ਸਕਦੇ ਹੋ।
ਤੁਹਾਨੂੰ ਸਿਰਫ਼ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਕਿ ਤੁਸੀਂ ਹੀ ਅਸਲ ਵੋਟਰ ਹੋ। ਇਹ ਸਾਬਤ ਕਰਨ ਲਈ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਬੂਥ ਸਲਿੱਪ ਹੋਣੀ ਲਾਜ਼ਮੀ ਹੈ।
ਇਸ ਤੋਂ ਇਲਾਵਾ ਪ੍ਰੀਜ਼ਾਈਡਿੰਗ ਅਫ਼ਸਰ ਤੁਹਾਡੇ ਤੋਂ ਕੁਝ ਹੋਰ ਜ਼ਰੂਰੀ ਸਵਾਲ ਵੀ ਪੁੱਛ ਸਕਦਾ ਹੈ। ਉਨ੍ਹਾਂ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦੇਣ ਦੀ ਸੂਰਤ ’ਚ ਪ੍ਰੀਜ਼ਾਈਡਿੰਗ ਅਧਿਕਾਰੀ ਤੁਹਾਨੂੰ ਵੋਟ ਪਾਉਣ ਦੀ ਇਜਾਜ਼ਤ ਦੇ ਸਕਦਾ ਹੈ।
ਇੱਥੇ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਜੇਕਰ ਸ਼ਿਕਾਇਤ ਗ਼ਲਤ ਜਾਂ ਝੂਠੀ ਨਿਕਲੀ ਤਾਂ ਪ੍ਰੀਜ਼ਾਈਡਿੰਗ ਅਫ਼ਸਰ ਤੁਹਾਡੇ ਖ਼ਿਲਾਫ਼ ਸ਼ਿਕਾਇਤ ਦਰਜ ਕਰ ਸਕਦਾ ਹੈ।
ਵੋਟ ਪਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਤੁਸੀਂ ਈਵੀਐੱਮ ਮਸ਼ੀਨ ’ਚ ਆਪਣੀ ਵੋਟ ਨਹੀਂ ਪਾ ਸਕੋਗੇ। ਤੁਸੀਂ ਆਪਣੀ ਵੋਟ ਬੈਲਟ ਪੇਪਰ ਰਾਹੀਂ ਪਾਓਗੇ। ਇਸ ਪ੍ਰਕਿਰਿਆ ਨੂੰ ਟੈਂਡਰ ਵੋਟ ਵੀ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Getty Images
ਕਿਵੇਂ ਪਾ ਸਕਦੇ ਹਾਂ ਵੋਟ ?
ਤੁਹਾਨੂੰ ਜੋ ਬੈਲਟ ਪੇਪਰ ਮਿਲੇਗਾ ਉਸ ’ਚ ਸਾਰੇ ਉਮੀਦਵਾਰਾਂ ਦੇ ਨਾਮ ਅਤੇ ਚਿੰਨ੍ਹ ਮੌਜੂਦ ਹੋਣਗੇ। ਤੁਸੀਂ ਆਪਣੇ ਪਸੰਦੀਦਾ ਉਮੀਦਵਾਰ ਦੇ ਸਾਹਮਣੇ ਕ੍ਰਾਸ ਲਗਾ ਕੇ ਆਪਣੀ ਵੋਟ ਪਾ ਸਕਦੇ ਹੋ।
ਇਸ ਤੋਂ ਬਾਅਦ ਬੈਲਟ ਪੇਪਰ ਨੂੰ ਫੋਲਡ ਕਰਕੇ ਮਤਦਾਨ ਕੇਂਦਰ ਦੇ ਮੁੱਖ ਅਧਿਕਾਰੀ ਨੂੰ ਸੌਂਪਣਾ ਹੁੰਦਾ ਹੈ। ਉਹ ਉਸ ਬੈਲਟ ਪੇਪਰ ਨੂੰ ਇੱਕ ਲਿਫ਼ਾਫ਼ੇ ’ਚ ਪਾ ਕੇ ਇੱਕ ਵੱਖਰੇ ਡੱਬੇ ’ਚ ਰੱਖਣਗੇ।
ਇੱਥੇ ਇਹ ਜਾਣਨਾ ਵੀ ਦਿਲਚਸਪ ਹੋਵੇਗਾ ਕਿ ਤੁਹਾਡੀ ਵੋਟ ਤੁਹਾਨੂੰ ਤੁਹਾਡੇ ਜਮਹੂਰੀ ਹੱਕਾਂ ਦੀ ਪੂਰਤੀ ਕਰਨ ਅਤੇ ਆਪਣਾ ਫਰਜ਼ ਨਿਭਾਉਣ ਦੀ ਤਸੱਲੀ ਦੇ ਸਕਦਾ ਹੈ। ਇਸ ਵੋਟ ਨਾਲ ਚੋਣਾਂ ’ਚ ਹਾਰ ਜਾਂ ਜਿੱਤ ਦਾ ਫ਼ੈਸਲਾ ਨਹੀਂ ਹੋਵੇਗਾ, ਕਿਉਂਕਿ ਟੈਂਡਰ ਵੋਟ ਦੀ ਕਦੇ ਵੀ ਗਿਣਤੀ ਨਹੀਂ ਹੁੰਦੀ ਹੈ।
ਭਾਰਤੀ ਚੋਣ ਸੰਚਾਲਨ ਐਕਟ-1961 ਦੇ ਤਹਿਤ ਧਾਰਾ 49(ਪੀ) ’ਚ ਅਜਿਹੀ ਵੋਟ ਪਾਉਣ ਦੀ ਵਿਵਸਥਾ ਮੌਜੂਦ ਹੈ। ਜੇਕਰ ਦੋ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਪੈਂਦੀਆਂ ਹਨ ਤਾਂ ਅਜਿਹੇ ’ਚ ਵੀ ਟੈਂਡਰ ਵੋਟਾਂ ਦੀ ਗਿਣਤੀ ਨਹੀਂ ਹਵੇਗੀ।
ਕਿਨ੍ਹਾਂ ਹਾਲਾਤ ਵਿੱਚ ਟੈਂਡਰ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ?
ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਨ ਗੋਪਾਲਾਸਵਾਮੀ ਨੇ ਟੈਂਡਰ ਵੋਟ ਸਬੰਧੀ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਚੋਣ ਸੰਚਾਲਨ ਐਕਟ- 1961 ਦੇ ਤਹਿਤ ਧਾਰਾ 49 (ਪੀ) ’ਚ ਅਜਿਹੀ ਵੋਟ ਪਾਉਣ ਦੀ ਵਿਵਸਥਾ ਮੌਜੂਦ ਹੈ।
ਪਰ ਗੋਪਾਲਸਵਾਮੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਦੋ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਪੈਂਦੀਆਂ ਹਨ ਤਾਂ ਅਜਿਹੀ ਸਥਿਤੀ ’ਚ ਵੀ ਟੈਂਡਰ ਵੋਟਾਂ ਦੀ ਗਿਣਤੀ ਨਹੀਂ ਹੋਵੇਗੀ।
ਉਨ੍ਹਾਂ ਦੇ ਅਨੁਸਾਰ, "ਅਜਿਹੀ ਸਥਿਤੀ ’ਚ ਟਾਸ ਕਰਕੇ ਜੇਤੂ ਐਲਾਨਿਆ ਜਾਂਦਾ ਹੈ। ਪਰ ਅਜਿਹੀ ਸੂਰਤ ’ਚ ਹਾਰਨ ਵਾਲੇ ਉਮੀਦਵਾਰ ਕੋਲ ਅਦਾਲਤ ’ਚ ਜਾਣ ਦਾ ਬਦਲ ਹੁੰਦਾ ਹੈ। ਉਹ ਆਪਣੀ ਅਪੀਲ ’ਚ ਅਦਾਲਤ ਦਾ ਧਿਆਨ ਟੈਂਡਰ ਵੋਟ ਵੱਲ ਖਿੱਚ ਕੇ ਇਹ ਦਾਅਵਾ ਕਰ ਸਕਦਾ ਹੈ ਕਿ ਇਹ ਵੋਟ ਉਸ ਦੇ ਹੱਕ ’ਚ ਹੋਣਗੇ।"
ਅਜਿਹੀ ਸਥਿਤੀ ’ਚ ਕੀ ਹੋਵੇਗਾ? ਇਹ ਜਾਣਨਾ ਵੀ ਬਹੁਤ ਹੀ ਦਿਲਚਸਪ ਹੈ।
ਮਤਦਾਨ ਕੇਂਦਰ ’ਚ ਮੁੱਖ ਅਧਿਕਾਰੀ ਨੇ ਇਹ ਪੁਸ਼ਟੀ ਕੀਤੀ ਹੈ ਕਿ ਤੁਸੀਂ ਇੱਕ ਅਸਲੀ ਵੋਟਰ ਹੋ, ਇਸ ਲਈ ਈਵੀਐਮ ’ਚ ਪਾਈ ਗਈ ਵੋਟ ਨੂੰ ਬੋਗਸ ਵੋਟ ਮੰਨਿਆ ਜਾਵੇਗਾ। ਇਸ ਲਈ ਅਦਾਲਤ ਬੋਗਸ ਵੋਟ ਦਾ ਪਤਾ ਲਗਾਉਣ ਦਾ ਹੁਕਮ ਦੇ ਸਕਦੀ ਹੈ।
ਅਜਿਹੀ ਸਥਿਤੀ ’ਚ ਚੋਣ ਕਮਿਸ਼ਨ ਫਾਰਮ-17 ਏ ਦਸਤਾਵੇਜ਼ ਨੂੰ ਖੋਲ੍ਹੇਗਾ, ਜਿਸ ’ਚ ਵੋਟ ਪਾਉਣ ਵਾਲੇ ਵੋਟਰਾਂ ਦੀ ਵਿਸਥਾਰਪੂਰਵਕ ਜਾਣਕਾਰੀ ਹੁੰਦੀ ਹੈ। ਹਰੇਕ ਹਲਕੇ ਦੇ ਰਿਟਰਨਿੰਗ ਅਫ਼ਸਰ ਕੋਲ ਫਾਰਮ-17 ਏ ਹੁੰਦਾ ਹੈ।

ਤਸਵੀਰ ਸਰੋਤ, Getty Images
ਟੈਂਡਰ ਵੋਟ ਅਤੇ ਚੋਣ ਨਤੀਜੇ
ਸੰਸਦੀ ਚੋਣਾਂ ’ਚ ਆਮ ਤੌਰ ’ਤੇ ਜ਼ਿਲ੍ਹਾ ਅਧਿਕਾਰੀ ਹੀ ਰਿਟਰਨਿੰਗ ਅਧਿਕਾਰੀ ਹੁੰਦੇ ਹਨ। ਮਤਲਬ ਕਿ ਫਾਰਮ-17 ਏ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੀ ਵੋਟ ਕਦੋਂ ਅਤੇ ਕਿਸ ਸੀਰੀਅਲ ਨੰਬਰ ਤੋਂ ਪਾਈ ਗਈ ਹੈ।
ਸੀਰੀਅਲ ਨੰਬਰ ਦੀ ਪਛਾਣ ਤੋਂ ਬਾਅਦ ਬੋਗਸ/ਜਾਅਲੀ ਵੋਟ ਨੂੰ ਡਿਲੀਟ ਕੀਤਾ ਜਾਵੇਗਾ ਭਾਵ ਜਾਅਲੀ ਵੋਟ ਨੂੰ ਹਟਾਉਣ ਤੋਂ ਬਾਅਦ ਜਿਸ ਉਮੀਦਵਾਰ ਨੂੰ ਜ਼ਿਆਦਾ ਵੋਟ ਮਿਲਣਗੇ ਉਸ ਨੂੰ ਹੀ ਜੇਤੂ ਐਲਾਨਿਆ ਜਾਵੇਗਾ।
ਇੱਥੇ ਇਹ ਜਾਣਨਾ ਦਿਲਚਸਪ ਹੈ ਕਿ ਸੀਲ ਬੰਦ ਫਾਰਮ-17 ਏ ਨੂੰ ਅਦਾਲਤ ਦੇ ਹੁਕਮਾਂ ਤੋਂ ਬਿਨਾਂ ਕਿਸੇ ਹੋਰ ਕਾਰਨ ਕਰਕੇ ਖੋਲ੍ਹਿਆ ਨਹੀਂ ਜਾ ਸਕਦਾ ਹੈ।
ਜੇਕਰ ਕਿਸੇ ਹਲਕੇ ’ਚ ਜਿੱਤ-ਹਾਰ ਦਾ ਅੰਤਰ ਬਹੁਤ ਜ਼ਿਆਦਾ ਹੋਵੇ ਤਾਂ ਟੈਂਡਰ ਵੋਟ ਵੱਲ ਨਹੀਂ ਵੇਖਿਆ ਜਾਂਦਾ ਹੈ। ਪਰ ਜੇਕਰ ਜੇਤੂ ਉਮੀਦਵਾਰ ਦਾ ਫ਼ੈਸਲਾ ਟਾਸ ਨਾਲ ਹੋਵੇ ਜਾਂ ਫਿਰ ਗਿਣਤੀ ਦੀਆਂ ਵੋਟਾਂ ਨਾਲ ਤਾਂ ਟੈਂਡਰ ਵੋਟ ਦਾ ਹਵਾਲਾ ਦੇ ਕੇ ਹਾਰਨ ਵਾਲਾ ਉਮੀਦਵਾਰ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ।
ਅਜਿਹੀ ਸਥਿਤੀ ’ਚ ਟੈਂਡਰ ਵੋਟ ਜ਼ਰੀਏ ਸਿਰਫ਼ ਜਾਅਲੀ ਵੋਟ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਉਸ ਨੂੰ ਗਿਣਤੀ ਤੋਂ ਬਾਹਰ ਕੀਤਾ ਜਾਂਦਾ ਹੈ। ਭਾਵ ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਸੂਰਤ ’ਚ ਵੀ ਟੈਂਡਰ ਵੋਟਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ ਹੈ।












