ਰਾਧਿਕਾ ਮਰਚੈਂਟ: ਅੰਬਾਨੀ ਪਰਿਵਾਰ ਦੀ ਨੂੰਹ ਬਣਨ ਜਾ ਰਹੀ ਕੁੜੀ ਬਾਰੇ ਕੀ ਤੁਹਾਨੂੰ ਇਹ ਗੱਲਾਂ ਪਤਾ ਹਨ

ਤਸਵੀਰ ਸਰੋਤ, ANI
“ਜਦੋਂ ਮੈਂ ਰਾਧਿਕਾ ਨੂੰ ਦੇਖਿਆ ਤਾਂ ਜਿਵੇਂ ਮੇਰੇ ਦਿਲ ਵਿੱਚ ਭੂਚਾਲ ਆ ਗਿਆ। ਮੈਂ ਉਨ੍ਹਾਂ ਨੂੰ ਸੱਤ ਸਾਲ ਪਹਿਲਾਂ ਮਿਲਿਆ ਸੀ ਪਰ ਇੰਝ ਲਗਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੈ। ਮੈਂ ਆਪਣੇ ਆਪ ਨੂੰ ਸੌ ਫੀਸਦੀ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਂ ਰਾਧਿਕਾ ਨੂੰ ਮਿਲਿਆ।”
ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦਾ ਪ੍ਰੀ-ਵੈਡਿੰਗ ਸਮਾਗਮ ਗੁਜਰਾਤ ਦੇ ਜਾਮਨਗਰ ਵਿੱਚ ਹੋਇਆ। ਉਸ ਦੌਰਾਨ ਅਨੰਤ ਨੇ ਰਾਧਿਕਾ ਲਈ ਆਪਣੀਆਂ ਭਾਵਨਾਵਾਂ ਦਾ ਇਨ੍ਹਾਂ ਸ਼ਬਦਾਂ ਵਿੱਚ ਇਜ਼ਹਾਰ ਕੀਤਾ।
ਇਸ ਸਮਾਗਮ ਵਿੱਚ ਦੁਨੀਆਂ ਦੀਆਂ ਕਈ ਸ਼ਕਤੀਸ਼ਾਲੀ ਹਸਤੀਆਂ ਸ਼ਾਮਲ ਹੋਈਆਂ। ਇਨ੍ਹਾਂ ਵਿੱਚ ਬਿਲ ਗੇਟਸ, ਮਾਰਕ ਜ਼ਕਰਬਰਗ, ਰਿਹਾਨਾ ਅਤੇ ਹੋਰ ਕਈ ਮੰਨੀਆਂ-ਪ੍ਰਮੰਨੀਆਂ ਸ਼ਖਸ਼ੀਅਤਾਂ ਸ਼ਾਮਲ ਸਨ। ਪੰਜਾਬੀ ਮਨੋਰੰਜਨ ਜਗਤ ਤੋਂ ਦਿਲਜੀਤ ਦੋਸਾਂਝ ਨੇ ਵੀ ਇਸ ਪ੍ਰੋਗਰਾਮ ਵਿੱਚ ਪ੍ਰਫੋਰਮ ਕੀਤਾ।
ਰਾਧਿਕਾ ਜਲਦੀ ਹੀ ਭਾਰਤ ਦੇ ਸਭ ਤੋਂ ਅਮੀਰ ਪਰਿਵਾਰ ਦੀ ਨੂੰਹ ਬਣਨ ਜਾ ਰਹੇ ਹਨ। ਅਨੰਤ ਅੰਬਾਨੀ, ਮੁਕੇਸ਼ ਅੰਬਾਨੀ ਦੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟੇ ਹਨ।
ਦਸੰਬਰ 2022 ਨੂੰ ਅਰੰਗੇਤਰਮ ਸਮਾਗਮ ਤੋਂ ਬਾਅਦ ਚਰਚਾ ਵਿੱਚ ਆਏ ਸਨ।
ਅਰੰਗੇਤਰਮ ਸਮਾਗਮ ਭਾਰਤੀ ਕਲਾਸੀਕਲ ਡਾਂਸ ਵਿੱਚ ਰਸਮੀ ਸਿਖਲਾਈ ਤੋਂ ਬਾਅਦ ਪਹਿਲੀ ਜਨਤਕ ਪੇਸ਼ਕਾਰੀ ਹੁੰਦੀ ਹੈ।
ਇਹ ਸਮਾਗਮ ਜੀਓ ਵਰਲਡ ਸੈਂਟਰ ਵਿੱਚ ਕੀਤਾ ਗਿਆ ਸੀ ਅਤੇ ਕਈ ਹਸਤੀਆਂ ਇਸ ਵਿੱਚ ਸ਼ਾਮਲ ਹੋਈਆਂ ਸਨ।

ਤਸਵੀਰ ਸਰੋਤ, ANI
ਰਾਧਿਕਾ ਕੌਣ ਹਨ?
ਰਾਧਿਕਾ ਭਾਰਤੀ ਦਵਾਈ ਨਿਰਮਾਤਾ ਕੰਪਨੀ ਇਨਕੋਰ ਹੈਲਥਕੇਅਰ ਦੇ ਮੁਖੀ ਵੀਰੇਨ ਮਰਚੈਂਟ ਦੀ ਧੀ ਹੈ।
ਰਾਧਿਕਾ ਨੇ ਮੁੰਬਈ ਦੇ ਦਿ ਕਥੇਡਰਲ ਐਂਡ ਜੌਹਨ ਕੋਨਾਨ ਸਕੂਲ ਅਤੇ ਇਕੋਲ ਮੋਨਡੀਲ ਵਰਲਡ ਸਕਲੂ ਤੋਂ ਆਪਣੀ ਪੜ੍ਹਾਈ ਕੀਤੀ ਹੈ।
ਸਾਲ 2017 ਵਿੱਚ ਉਨ੍ਹਾਂ ਨੇ ਨਿਊਯਾਰਕ ਤੋਂ ਰਾਜਨੀਤੀ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਸਪਰਵਾ ਦੀ ਟੀਮ ਦੇ ਨਾਲ ਸੇਲਜ਼ ਐਗਜ਼ੀਕਿਊਟਿਵ ਵਜੋਂ ਵੀ ਕੰਮ ਕੀਤਾ ਹੈ।

ਤਸਵੀਰ ਸਰੋਤ, ANI
ਫਿਲਹਾਲ ਉਹ ਇਨਕੋਰ ਹੈਲਥ ਕੇਅਰ ਦੇ ਨਿਰਦੇਸ਼ਕੀ ਮੰਡਲ ਦਾ ਹਿੱਸਾ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਨਾਟਿਆਮ ਵਿੱਚ ਵੀ ਸਿਖਲਾਈ ਲਈ ਹੈ। ਸਾਲ 2022 ਵਿੱਚ ਉਸੇ ਸ਼ੋਅ ਵਿੱਚ ਆਪਣੀ ਪੇਸ਼ਕਾਰੀ ਸਦਕਾ ਉਹ ਇੱਕ ਵਾਰ ਫਿਰ ਚਰਚਾ ਵਿੱਚ ਆਏ ਸਨ।
ਰਾਧਿਕਾ ਦੀ ਲਿੰਕਡਿਨ ਪ੍ਰੋਫਾਈਲ ਮੁਤਾਬਕ ਉਨ੍ਹਾਂ ਨੂੰ ਕਾਰੋਬਾਰ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਵਿੱਚ ਦਿਲਚਸਪੀ ਹੈ।
ਉਨ੍ਹਾਂ ਦੇ ਦਿਲਚਸਪੀ ਦੇ ਖੇਤਰਾਂ ਵਿੱਚ ਨਾਗਰਿਕ ਹੱਕ, ਆਰਥਿਕ ਸਸ਼ਕਤੀਕਰਨ, ਸਿੱਖਿਆ ਅਤੇ ਸਿਹਤ ਸ਼ਾਮਲ ਹਨ।
ਰਾਧਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨਵਰਾਂ ਨਾਲ ਵੀ ਪਿਆਰ ਹੈ।
'ਜਦੋਂ ਮੈਂ ਰਾਧਿਕਾ ਨੂੰ ਦੇਖਿਆ ਤਾਂ ਮੇਰੇ ਦਿਲ ਵਿੱਚ ਭੂਚਾਲ ਆ ਗਿਆ'
ਦਸੰਬਰ 2022 ਵਿੱਚ ਰਾਜਸਥਾਨ ਦੇ ਸ਼੍ਰੀ ਨਾਥ ਜੀ ਮੰਦਰ ਵਿੱਚ ਰਾਧਿਕਾ ਅਤੇ ਅਨੰਤ ਦੀ ਮੰਗਣੀ ਹੋਈ ਸੀ।
ਹਾਲਾਂਕਿ ਰਾਧਿਕਾ ਅਤੇ ਅਨੰਤ ਦਾ ਕਹਿਣਾ ਹੈ ਕਿ ਦੋਵਾਂ ਦੀ ਮੁਲਾਕਾਤ ਪੜ੍ਹਾਈ ਦੌਰਾਨ ਹੋਈ ਸੀ।
ਅਨੰਤ ਅੰਬਾਨੀ ਮੁਤਾਬਕ ਉਹ ਪਿਛਲੇ ਸੱਤ ਸਾਲਾਂ ਤੋਂ ਇੱਕ-ਦੂਜੇ ਦੇ ਜਾਣਕਾਰ ਹਨ।

ਤਸਵੀਰ ਸਰੋਤ, ani
ਰਾਧਿਕਾ ਅੰਬਾਨੀ ਪਰਿਵਾਰ ਨਾਲ ਈਸ਼ਾ ਅੰਬਾਨੀ ਦੇ ਵਿਆਹ ਤੋਂ ਦੇਖੇ ਜਾਂਦੇ ਰਹੇ ਹਨ।
ਸ਼ਨਿੱਚਰਵਾਰ ਨੂੰ ਅਨੰਤ ਅੰਬਾਨੀ ਨੇ ਰਾਧਿਕਾ ਬਾਰੇ ਆਪਣੇ ਖ਼ਿਆਲਾਂ ਦਾ ਇਜ਼ਹਾਰ ਕੀਤਾ, “ਜਦੋਂ ਮੈਂ ਰਾਧਿਕਾ ਨੂੰ ਦੇਖਿਆ ਤਾਂ ਜਿਵੇਂ ਮੇਰੇ ਦਿਲ ਵਿੱਚ ਭੂਚਾਲ ਆ ਗਿਆ। ਮੈਂ ਉਨ੍ਹਾਂ ਨੂੰ ਸੱਤ ਸਾਲ ਪਹਿਲਾਂ ਮਿਲਿਆ ਸੀ ਪਰ ਇੰਝ ਲਗਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੈ।”
ਰਾਧਿਕਾ ਅਤੇ ਅਨੰਤ ਦਾ ਇਸੇ ਸਾਲ 12 ਜੁਲਾਈ ਨੂੰ ਵਿਆਹ ਹੋਣਾ ਹੈ।
‘ਸਾਡੀ ਪ੍ਰੇਮ ਕਹਾਣੀ ਜਾਮਨਗਰ ਤੋਂ ਸ਼ੁਰੂ ਹੋਈ’

ਤਸਵੀਰ ਸਰੋਤ, ANI
ਸ਼ਨਿੱਚਰਵਾਰ ਨੂੰ ਪ੍ਰੀ-ਵੈਡਿੰਗ ਸਮਾਗਮ ਦੌਰਾਨ ਰਾਧਿਕਾ ਨੇ ਵੀ ਅਨੰਤ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਨੇ ਕਿਹਾ,“ਮੈਂ ਪੂਰੀ ਦੁਨੀਆਂ ਤੋਂ ਆਏ ਮਹਿਮਾਨਾਂ ਦਾ ਸ਼ੁਕਰੀਆ ਕਰਨਾ ਚਾਹਾਂਗੀ। ਸਾਨੂੰ ਖ਼ੁਸ਼ੀ ਹੈ ਕਿ ਤੁਸੀਂ ਸਾਰੇ ਦੁਨੀਆਂ ਦੇ ਕੋਨੇ-ਕੋਨੇ ਤੋਂ ਇੱਥੇ ਆਏ ਹੋ। ਜਦੋਂ ਮੈਂ ਤੇ ਅਨੰਤ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਤਾਂ ਅਸੀਂ ਇਸ ਦਾ ਜਸ਼ਨ ਜਾਮ ਨਗਰ ਵਿੱਚ ਕਰਨ ਦਾ ਫੈਸਲਾ ਕੀਤਾ। ਇਹ ਥਾਂ ਸਾਡੇ ਦਿਲਾਂ ਦੇ ਬਹੁਤ ਨਜ਼ਦੀਕ ਹੈ। ਇਹ ਸਾਡਾ ਘਰ ਹੈ।”
''ਮਾਰਚ 2022, ਲੌਕਡਾਊਨ ਦੇ ਦੌਰਾਨ, ਅਸੀਂ ਜਾਮਨਗਰ ਵਿੱਚ ਫਸ ਗਏ ਸੀ। ਅਸੀਂ ਕਈ ਮਹੀਨੇ ਆਪਣੇ ਪਰਿਵਾਰਾਂ ਤੋਂ ਦੂਰ ਰਹੇ। ਇਹ ਮੁਸ਼ਕਲ ਸਮਾਂ ਸੀ ਪਰ ਅਸੀਂ ਇੱਕ ਦੂਜੇ ਦੇ ਨਾਲ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਅਨੰਦ ਮਾਨਣਾ ਸਿੱਖ ਲਿਆ।”

ਤਸਵੀਰ ਸਰੋਤ, ANI
ਸ਼ਨਿੱਚਰਵਾਰ ਨੂੰ ਰਾਧਿਕਾ ਨੇ ਅਨੰਤ ਦੇ ਜਾਨਵਰਾਂ ਪ੍ਰਤੀ ਪਿਆਰ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ, “ਇਸੇ ਕਾਰਨ ਮੈਨੂੰ ਉਨ੍ਹਾਂ ਦਾ ਸੁਭਾਅ ਪਸੰਦ ਆਇਆ।”
ਅੰਬਾਨੀ ਪਰਿਵਾਰ ਨੇ ਜਾਮਨਗਰ ਦੀ ਆਪਣੀ ਰਿਫਾਇਨਰੀ ਵਿੱਚ ਵਨ ਤਾਰਾ ਪ੍ਰੋਜੈਕਟ ਸ਼ੁਰੂ ਕੀਤਾ ਹੈ।
ਇਹ 3000 ਏਕੜ ਵਿੱਚ ਫੈਲੀ ਹਰੀ ਪੱਟੀ ਹੈ। ਇਸ ਵਿੱਚ ਫੌਰਿਸਟ ਸਟਾਰ ਪ੍ਰੋਜੈਕਟ ਦੇ ਤਹਿਤ ਪੂਰੀ ਦੁਨੀਆਂ ਦੇ ਜਾਨਵਰਾਂ ਅਤੇ ਵਣ-ਜੀਵਨ ਨੂੰ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਇਸ ਵਿੱਚ ਉਨ੍ਹਾਂ ਜ਼ਖਮੀ ਜਾਨਵਰਾਂ ਦਾ ਇੱਥੇ ਅਤੇ ਵਿਦੇਸ਼ਾਂ ਵਿੱਚ ਇਲਾਜ ਕੀਤਾ ਜਾਂਦਾ ਹੈ, ਜਿਹੜੇ ਖਾਤਮੇ ਦੀ ਕਗਾਰ ਉੱਪਰ ਹਨ।
ਇਲਾਜ ਤੋਂ ਬਾਅਦ ਉਨ੍ਹਾਂ ਦਾ ਮੁੜ-ਵਸੇਬਾ ਵੀ ਕੀਤਾ ਜਾਂਦਾ ਹੈ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਸਾਰੇ ਪ੍ਰੋਜੈਕਟ ਲਈ ਅਨੰਤ ਅੰਬਾਨੀ ਹੀ ਜ਼ਿੰਮੇਵਾਰ ਹਨ।
ਮੁਕੇਸ਼ ਅੰਬਾਨੀ ਦੇ ਪੁੱਤਰ ਦੇ ਵਿਆਹ ਵਿੱਚ ਕੀ ਹੋਵੇਗਾ?

ਤਸਵੀਰ ਸਰੋਤ, ANI
ਇੱਕ ਤੋਂ ਬਾਅਦ ਇੱਕ ਚਾਰਟਡ ਉਡਾਣਾਂ, ਮਸ਼ਹੂਰ ਗਾਇਕਾ ਰਿਹਾਨਾ ਦਾ ਪ੍ਰਦਰਸ਼ਨ, ਬਾਲੀਵੁੱਡ ਦੇ ਕਲਾਕਾਰਾਂ ਦਾ ਇਕੱਠ ਅਤੇ 'ਜੰਗਲ' ਡ੍ਰੈੱਸ ਕੋਡ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਦੇ ਪੁੱਤਰ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਵਿੱਚ ਇਹ ਸਭ ਸ਼ਾਮਲ ਹੈ।
ਇਹ ਵਿਆਹ ਰਸਮੀ ਤੌਰ 'ਤੇ 1 ਮਾਰਚ ਤੋਂ ਸ਼ੁਰੂ ਹੋਇਆ।
ਇਹ ਵਿਆਹ ਅੰਬਾਨੀ ਪਰਿਵਾਰ ਦੇ ਜੱਦੀ ਕਸਬੇ ਜਾਮਨਗਰ ਵਿੱਚ ਹੋ ਰਿਹਾ ਹੈ।
ਪ੍ਰੀ ਵੈਡਿੰਗ ਪ੍ਰੋਗਰਾਮ ਤਿੰਨ ਦਿਨਾਂ ਦਾ ਹੈ ਜਿਸ ਵਿੱਚ 50,000 ਤੋਂ ਵੱਧ ਲੋਕ ਸ਼ਾਮਲ ਹੋ ਰਹੇ ਹਨ।
2018 ਵਿੱਚ ਅੰਬਾਨੀ ਦੀ ਧੀ ਈਸ਼ਾ ਦੇ ਵਿਆਹ ਨੂੰ ਭਾਰਤ ਦਾ ਸਭ ਤੋਂ ਮਹਿੰਗਾ ਵਿਆਹ ਕਿਹਾ ਗਿਆ ਸੀ। ਇਸ ਉੱਤੇ ਕਥਿਤ ਤੌਰ ਉੱਤੇ 700 ਕਰੋੜ ਰੁਪਏ ਖਰਚ ਕੀਤੇ ਗਏ ਸਨ।
ਮੁੰਬਈ ਵਿੱਚ ਹੋਏ ਇਸ ਵਿਆਹ ਵਿੱਚ ਅਮਰੀਕਾ ਗਾਇਕਾ ਬਿਓਂਸੇ ਨੇ ਵੀ ਪੇਸ਼ਕਾਰੀ ਦਿੱਤੀ ਸੀ।
















