ਜਦੋਂ ਪਿੰਡ ਵਿਚਲਾ ਠੇਕਾ ਬੰਦ ਕਰਵਾਉਣ ਲਈ ਪੰਚਾਇਤ ਨੇ ਵੋਟਾਂ ਪਵਾਈਆਂ ਤੇ ਲੋਕ ਨੱਚਦੇ ਹੋਏ ਵੋਟ ਪਾਉਣ ਆਏ

ਤਸਵੀਰ ਸਰੋਤ, MOHAR SINGH MEENA/BBC
- ਲੇਖਕ, ਮੋਹਰ ਸਿੰਘ ਮੀਣਾ
- ਰੋਲ, ਬੀਬੀਸੀ ਸਹਿਯੋਗੀ
ਰਾਜਸਥਾਨ ਦੇ ਬਹਿਰੋੜ-ਕੋਟਪੁਤਲੀ ਜ਼ਿਲ੍ਹੇ ਵਿਚਲੇ ਇੱਕ ਪਿੰਡ ਵਿੱਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਵੋਟਾਂ ਪਵਾਈਆਂ ਗਈਆਂ।
ਇਸ ਵਿੱਚ ਲੋਕਾਂ ਨੇ ਠੇਕਾ ਬੰਦ ਕਰਵਾਉਣ ਦੇ ਪੱਖ ਵਿੱਚ ਵੋਟ ਪਾਈ।
ਇਸ ਮਗਰੋਂ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਗਲੇ ਵਿੱਤੀ ਵਰ੍ਹੇ ਵਿੱਚ ਪਿੰਡ ਵਿੱਚ ਠੇਕਾ ਅਲਾਟ ਨਹੀਂ ਕੀਤਾ ਜਾਵੇਗਾ।
ਪ੍ਰਸ਼ਾਸਨ ਦੇ ਇਸ ਫ਼ੈਸਲੇ ਕਾਰਨ ਪਿੰਡ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਹ ਮਾਮਲਾ ਬਹਿਰੋੜ-ਕੋਟਪੁਤਲੀ ਜ਼ਿਲ੍ਹੇ ਵਿੱਚ ਕਰੀਬ ਕਾਂਸਲੀ ਗ੍ਰਾਮ ਪੰਚਾਇਤ ਦਾ ਹੈ। ਇਸ ਗ੍ਰਾਮ ਪੰਚਾਇਤ ਵਿੱਚ ਫਤਿਹਪੁਰ ਕਲਾਂ ਅਤੇ ਕਾਂਸਲੀ ਨਾਮ ਦੇ ਪਿੰਡ ਆਉਂਦੇ ਹਨ।
ਕਾਂਸਲੀ ਪਿੰਡ ਵਿੱਚ 100 ਤੋਂ ਵੱਧ ਪੁਰਾਣੀਆਂ ਢੱਠੀਆਂ ਹੋਈਆਂ ਹਵੇਲੀਆਂ ਹਨ, ਇਹ ਹਵੇਲੀਆਂ ਇਸ ਪਿੰਡ ਦੇ ਰੱਜੇ ਪੁੱਜੇ ਹੋਣ ਦੀ ਨਿਸ਼ਾਨੀ ਹੈ।
ਕਈ ਨਾਮੀ ਵਪਾਰੀ ਅਤੇ ਨੌਕਰੀਪੇਸ਼ਾ ਲੋਕ ਇਸ ਪਿੰਡ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਨੇ ਇਸ ਪਿੰਡ ਨੂੰ ਵੱਖਰੀ ਪਛਾਣ ਦਿਵਾਈ ਹੈ।
ਸ਼ਰਾਬ ਦੇ ਜਿਹੜੇ ਠੇਕੇ ਨੂੰ ਬੰਦ ਕਰਵਾਉਣ ਦੇ ਲਈ ਵੋਟਾਂ ਪਵਾਈਆਂ ਗਈਆਂ, ਉਹ ਕਾਂਸਲੀ ਪਿੰਡ ਵਿੱਚ ਹੈ।
ਇਸ ਪਿੰਡ ਦੇ ਸਰਕਾਰੀ ਸਕੂਲ ਵਿੱਚ 26 ਫਰਵਰੀ ਨੂੰ ਪ੍ਰਸ਼ਾਸਨ ਨੇ ਸ਼ਰਾਬ ਦੀ ਦੁਕਾਨ ਬੰਦ ਕਰਵਾਉਣ ਦੇ ਲਈ ਵੋਟਾਂ ਪਵਾਈਆਂ।
ਸ਼ਰਾਬ ਦੀ ਦੁਕਾਨ ਬੰਦ ਕਰਵਾਉਣ ਦੀ ਪਹਿਲ

ਤਸਵੀਰ ਸਰੋਤ, MOHAR SINGH MEENA/BBC
ਬਹਿਰੋੜ-ਕੋਟਪੁਤਲੀ ਦੇ ਵਧੀਕ ਜ਼ਿਲ੍ਹਾ ਕਮਿਸ਼ਨਰ ਯੋਗੇਸ਼ ਕੁਮਾਰ ਡਾਗੁਰ ਨੇ ਦੱਸਿਆ, “ਪੰਚਾਇਤ ਦੇ 3872 ਵੋਟਰਾਂ ਵਿੱਚੋਂ 2932 ਵੋਟਰਾਂ ਨੇ ਵੋਟ ਪਾਈ।"
"ਇਨ੍ਹਾਂ ਵਿੱਚ 2919 ਵੋਟਰਾਂ ਨੇ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦੇ ਪੱਖ ਵਿੱਚ ਅਤੇ ਚਾਰ ਨੇ ਸ਼ਰਾਬ ਦੀ ਦੁਕਾਨ ਬੰਦ ਨਾ ਕਰਨ ਦੇ ਪੱਖ ਵਿੱਚ ਵੋਟ ਪਾਈ, ਨੋ ਵੋਟਾਂ ਰੱਦ ਕਰ ਦਿੱਤੀਆਂ ਗਈਆਂ।”
ਵਧੀਕ ਜ਼ਿਲ੍ਹਾ ਕਲੈਕਟਰ ਮੁਤਾਬਕ, “ਕਾਂਸਲੀ ਗ੍ਰਾਮ ਪੰਚਾਇਤ ਨੇ ਜੂਨ 2022 ਵਿੱਚ ਪਿੰਡ ਵਿੱਚ ਸ਼ਰਾਬ ਦੀ ਦੁਕਾਨ ਬੰਦ ਕਰਨ ਲਈ ਐੱਸਡੀਐੱਮ ਨੂੰ ਇੱਕ ਬੇਨਤੀ ਪੱਤਰ ਦਿੱਤਾ।”
ਇਸ ਉੱਤੇ ਆਬਕਾਰੀ ਦੁਕਾਨਾਂ ਦੇ ਲਈ ਬਣੇ 1975 ਦੇ ਐਕਟ ਦੇ ਤਹਿਤ ਤਤਕਾਲੀ ਉਪਮੰਡਲ ਨੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਬੀਐੱਲਓ ਦੀ ਟੀਮ ਨੂੰ ਪਿੰਡ ਦਾ ਸਰਵੇਖਣ ਕਰਨ ਲਈ ਕਿਹਾ।
ਪਹਿਲੇ ਸਰਵੇ ਵਿੱਚ ਸ਼ਰਾਬ ਦੀ ਦੁਕਾਨ ਬੰਦ ਕਰਨ ਲਈ 24 ਫ਼ੀਸਦ ਲੋਕਾਂ ਨੇ ਸਹਿਮਤੀ ਜ਼ਾਹਰ ਕੀਤਾ।

ਆਬਕਾਰੀ ਐਕਟ 1975 ਦੇ ਮੁਤਾਬਕ ਸ਼ਰਾਬ ਦੀ ਦੁਕਾਨ ਬੰਦ ਕਰਵਾਉਣ ਦੇ ਲਈ ਰਜਿਸਟਰਡ ਵੋਟਰਾਂ ਵਿੱਚੋਂ 50 ਫ਼ੀਸਦ ਦੁਕਾਨ ਬੰਦ ਕਰਵਾਉਣ ਦੇ ਪੱਖ ਵਿੱਚ ਹੋਣ ‘ਤੇ ਹੀ ਦੁਕਾਨ ਬੰਦ ਹੋ ਸਕਦੀ ਹੈ।
ਇਸ ਮਗਰੋਂ ਐੱਸਡੀਐੱਮ ਨੇ ਆਪਣੀ ਸਰਵੇਖਣ ਰਿਪੋਰਟ ਆਬਕਾਰੀ ਕਮਿਸ਼ਨਰ ਨੂੰ ਭੇਜੀ। ਆਬਕਾਰੀ ਕਮਿਸ਼ਨਰ ਨੇ ਐਕਟ ਦੇ ਨਿਯਮ ਪੰਜ ਦੇ ਤਹਿਤ ਐੱਸਡੀਐੱਮ ਨੂੰ ਹੁਕਮ ਦਿੱਤਾ ਕਿ ਤੁਸੀਂ ਫਿਰ ਸਰਵੇਖਣ ਕਰਵਾ ਕੇ ਵੋਟਿੰਗ ਪ੍ਰਕਿਰਿਆ ਸ਼ੁਰੂ ਕਰਨ ਪਰ ਰਾਜਸਥਾਨ ਵਿਧਾਨਸਭਾ ਚੋਣਾਂ ਦੀ ਚੋਣ ਜ਼ਾਬਤਾ ਲੱਗਣ ਦੇ ਕਾਰਨ ਵੋਟਿੰਗ ਨਹੀਂ ਹੋ ਸਕਦੀ।

ਤਸਵੀਰ ਸਰੋਤ, MOHAR SINGH MEENA/BBC
ਵਧੀਕ ਜ਼ਿਲ੍ਹਾ ਕਮਿਸ਼ਨਰ ਨੇ ਦੱਸਿਆ ਕਿ 26 ਫਰਵਰੀ ਨੂੰ ਵੋਟਾਂ ਦੇ ਲਈ ਤਿੰਨ ਵੋਟਰ ਗਰੁੱਪ ਬਣਾਏ ਗਏ।
ਇਸ ਦੇ ਲਈ ਬਾਨਸੂਰ, ਬਹਿਰੋੜ ਅਤੇ ਕੋਟਪੁਤਲੀ ਦੇ ਤਹਿਸੀਲਦਾਰਾਂ ਦੀ ਡਿਊਟੀ ਲਗਾਈ। ਕਾਂਸਲੀ ਵਿੱਚ 75 ਫ਼ੀਸਦ ਵੋਟ ਸ਼ਰਾਬ ਬੰਦ ਕਰਵਾਉਣ ਦੇ ਪੱਖ ਵਿੱਚ ਪਈ। ਇਸ ਵਿੱਚ ਔਰਤਾਂ ਦਾ ਖ਼ਾਸ ਯੋਗਦਾਨ ਰਿਹਾ।
ਵੋਟ ਤੋਂ ਬਾਅਦ ਪ੍ਰਸ਼ਾਸਨ ਨੇ ਆਪਣੀ ਰਿਪੋਰਟ ਆਬਕਾਰੀ ਕਮਿਸ਼ਨਰ ਨੂੰ ਭੇਜ ਦਿੱਤੀ। ਆਬਕਾਰੀ ਕਮਿਸ਼ਨਰ ਨੇ 29 ਫਰਵਰੀ ਨੂੰ ਹੁਕਮ ਜਾਰੀ ਕਰ ਦਿੱਤੇ।
ਵੋਟ ਤੋਂ ਬਾਅਦ ਪ੍ਰਸ਼ਾਸਨ ਨੇ ਆਪਣੀ ਰਿਪੋਰਟ ਆਬਕਾਰੀ ਕਮਿਸ਼ਨਰ ਨੂੰ ਭੇਜ ਦਿੱਤੀ। ਆਬਕਾਰੀ ਕਮਿਸ਼ਨਰ ਨੇ 29 ਫਰਵਰੀ ਨੂੰ ਹੁਕਮ ਜਾਰੀ ਕਰ ਦਿੱਤੇ।
ਇਸ ਵਿੱਚ ਕਿਹਾ ਗਿਆ ਹੈ ਕਿ ਅਗਾਊਂ ਵਿੱਤੀ ਵਰ੍ਹੇ ਤੋਂ ਕਾਂਸਲੀ ਵਿੱਚ ਸ਼ਰਾਬ ਦੀ ਦੁਕਾਨ ਹਮੇਸ਼ਾ ਦੇ ਲਈ ਬੰਦ ਹੋ ਜਾਵੇਗੀ।
ਆਬਕਾਰੀ ਕਮਿਸ਼ਨਰ ਅੰਸ਼ਦੀਪ ਨੇ ਬੀਬੀਸੀ ਨੂੰ ਦੱਸਿਆ, “ਸ਼ਰਾਬ ਦਾ ਠੇਕ ਬੰਦ ਕਰਨ ਦੇ ਪੱਖ ਵਿੱਚ ਹੋਈ ਵੋਟਿੰਗ ਦੀ ਰਿਪੋਰਟ ਮਿਲੀ ਹੈ। ਅਗਲੇ ਵਿੱਤੀ ਵਰ੍ਹੇ (1 ਅਪ੍ਰੈਲ) ਤੋਂ ਕਾਂਸਲੀ ਗ੍ਰਾਮ ਪੰਚਾਇਤ ਵਿੱਚ ਸ਼ਰਾਬ ਦਾ ਠੇਕਾ ਅਲਾਟ ਨਹੀਂ ਕੀਤਾ ਜਾਵੇਗਾ। ਅਸੀਂ 29 ਫਰਵਰੀ ਨੂੰ ਹੁਕਮ ਜਾਰੀ ਕਰ ਦਿੱਤਾ ਹੈ।”
ਛੇ ਸਾਲਾਂ ਤੋਂ ਸ਼ਰਾਬ ਦੀ ਦੁਕਾਨ ਹਟਾਉਣ ਦੀ ਕੋਸ਼ਿਸ਼

ਤਸਵੀਰ ਸਰੋਤ, MOHAR SINGH MEENA/BBC
ਸ਼ਰਾਬ ਦੀ ਦੁਕਾਨ ਬੰਦ ਕਰਵਾਉਣ ਦੇ ਲਈ ਕਾਂਸਲੀ ਵਿੱਚ ਪਿਛਲੇ ਛੇ ਸਾਲਾਂ ਤੋਂ ਯਤਨ ਕੀਤੇ ਜਾ ਰਹੇ ਸਨ।
ਤੱਤਕਾਲੀ ਸਰਪੰਚ ਵਿਕਾਸ ਨਾਈਕ ਅੱਗੇ ਕਹਿੰਦੇ ਹਨ, ਸਾਲ 2016 ਵਿੱਚ ਸ਼ਰਾਬ ਦੇ ਠੇਕੇ ਦੇ ਬਾਹਰ ਲੋਕਾਂ ਨੇ ਧਰਨਾ ਦਿੱਤਾ, ਭੁੱਖ ਹੜਤਾਲ ਕੀਤੀ ਅਤੇ ਲਿਖਤ ਵਿੱਚ ਸ਼ਿਕਾਇਤ ਕਤਿੀ, ਇਹ ਜਿੱਤ ਲੰਬੀ ਲੜਾਈ ਦਾ ਸਿੱਟਾ ਹੈ।
ਫਤਿਹਪੁਰ ਕਲਾਂ ਪਿੰਡ ਦੇ ਵਸਨੀਕ ਇੱਕ ਸਰਕਾਰੀ ਅਧਿਆਪਕ ਸੁਭਾਸ਼ ਚੰਦ ਯਾਦਵ ਕਹਿੰਦੇ ਹਨ ਕਿ ਸਾਡੀ ਪੰਚਾਇਤ ਵਿੱਚ ਬੀਤੇ ਪੰਚ ਸਾਲ ਤੋਂ ਕੋਸ਼ਿਸ਼ ਚੱਲ ਰਹੀ ਸੀ, ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ।
ਉਹ ਕਹਿੰਦੇ ਹਨ ਕਿ ਹੁਣ ਪਿੰਡ ਦੇ ਵਸਨੀਕ ਬਹੁਤ ਖੁਸ਼ ਹਨ। ਉਨ੍ਹਾਂ ਨੇ ਦੱਸਿਆ ਕਿ ਠੇਕੇ ਉੱਤੇ ਸਾਰੀ ਰਾਤ ਸ਼ਰਾਬ ਮਿਲਦੀ ਸੀ। ਪਿੰਡ ਵਿੱਚ ਹੀ ਸ਼ਰਾਬ ਮਿਲਣ ਨਾਲ ਲੋਕ ਸ਼ਰਾਬ ਦੇ ਆਦੀ ਹੋ ਗਏ ਸਨ।
ਉੱਥੇ ਹੀ ਥਾਣਾ ਇੰਚਾਰਚ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਠੇਕਾ ਅਲਾਟ ਹੋਣ ਤੋਂ ਬਾਅਦ ਤੋਂ ਵਿਰੋਧ ਹੋ ਰਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਦੁਕਾਨ ਵੀ ਨਹੀਂ ਸੀ, ਕਿਸੇ ਨੇ ਆਪਣੀ ਦੁਕਾਨ ਦੇ ਦਿੱਤੀ। ਉਸ ਤੋਂ ਬਾਅਦ ਤੋਂ ਹੀ ਸ਼ਰਾਬ ਦੀ ਦੁਕਾਨ ਦਾ ਵਿਰੋਧ ਜਾਰੀ ਸੀ।

ਸ਼ਰਾਬ ਦੀ ਦੁਕਾਨ ਦੇ ਮਾਲਿਕ ਵਿਕਰਮ ਗੁੱਜਰ ਕਹਿੰਦੇ ਹਨ, “ਕਾਂਸਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਸ਼ਰਾਬ ਦੀ ਦੁਕਾਨ ਹਟਾਉਣ ਦੇ ਲਈ ਅਵਾਜ਼ ਚੁੱਕੀ ਜਾ ਰਹੀ ਸੀ, ਦੋ ਸਾਲ ਪਹਿਲਾਂ ਇਸ ਦੁਕਾਨ ਨੂੰ ਕੋਈ ਨਹੀਂ ਲੈ ਰਿਹਾ ਸੀ, ਉਦੋਂ ਆਬਕਾਰੀ ਵਿਭਾਗ ਨੇ ਇਹ ਸ਼ਰਾਬ ਦੀ ਦੁਕਾਨ ਮੈਨੂੰ ਅਲਾਟ ਕਰ ਦਿੱਤੀ।”
ਉਹ ਕਹਿੰਦੇ ਹਨ, “ਪਿੰਡ ਵਾਲਿਆਂ ਨੇ ਚੰਗਾ ਫ਼ੈਸਲਾ ਕੀਤਾ ਹੈ, ਮੈਂ ਪਿੰਡ ਵਾਲਿਆਂ ਨੂੰ ਧੰਨਵਾਦ ਕਹਿੰਦਾ ਹਾਂ, ਜੇਕਰ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਇਸੇ ਤਰ੍ਹਾਂ ਦੀ ਆਵਾਜ਼ ਉੱਠਦੀ ਹੈ ਤਾਂ ਕਾਂਸਲੀ ਪਿੰਡ ਦੀ ਮਿਸਾਲ ਦਿੱਤੀ ਜਾਵੇਗੀ।”
ਉਨ੍ਹਾਂ ਨੇ ਕਿਹਾ, “ਮੈਂ ਸ਼ਰਾਬ ਦਾ ਕਾਰੋਬਾਰ ਜ਼ਰੂਰ ਕਰਦਾ ਹਾਂ ਪਰ ਸਾਰਿਆਂ ਨੂੰ ਸਲਾਹ ਦਿੰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਨ।”
'ਪਿੰਡ ਦੇ ਲੋਕਾਂ ਨੇ ਨੱਚਦੇ ਗਾਉਂਦਿਆਂ ਵੋਟ ਪਾਈ'

ਤਸਵੀਰ ਸਰੋਤ, MOHAR SINGH MEENA/BBC
ਇਸ ਪਿੰਡ ਦੇ ਇੱਕ ਨੌਜਵਾਨ ਸ਼ੈਲੇਂਦਰ ਜੋਸ਼ੀ ਕੋਲੋਂ ਜਦੋਂ ਅਸੀਂ ਪੁੱਛਿਆ ਕਿ ਸਰਕਾਰੀ ਸ਼ਰਾਬ ਠੇਕਾ ਬੰਦ ਹੋਣ ਤੋਂ ਬਾਅਦ ਜੇਕਰ ਗੈਰ ਕਾਨੂੰਨੀ ਸ਼ਰਾਬ ਦਾ ਰੁਝਾਨ ਸ਼ੁਰੂ ਹੋ ਗਿਆ ਤਾਂ ਫਿਰ ਉਹ ਕੀ ਕਰਨਗੇ।
ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਸਾਰੇ ਪਿੰਡ ਵਾਸੀਆਂ ਨੇ ਸ਼ਰਾਬ ਬੰਦ ਕਰਨ ਦੇ ਲਈ ਆਪਣੀ ਮਰਜ਼ੀ ਨਾਲ ਵੋਟ ਪਾਈ ਹੈ। ਹੁਣ ਸ਼ਰਾਬ ਦੀ ਵਿਕਰੀ ਹੋਵੇਗੀ ਹੀ ਨਹੀ ਪਰ ਅਸੀਂ ਨੌਜਵਾਨ ਰਲ ਕੇ ਇਸ ਉੱਤੇ ਨਿਗਰਾਨੀ ਰੱਖਾਂਗੇ, ਪੁਲਿਸ ਪ੍ਰਸ਼ਾਸਨ ਦੀ ਮਦਦ ਲਵਾਂਗੇ।”
ਸ਼ਰਾਬ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਪੈਂਚਰ ਦੀ ਦੁਕਾਨ ਚਲਾਉਣ ਵਾਲੇ ਰਾਕੇਸ਼ ਕਹਿੰਦੇ ਹਨ ਕਿ ਇੱਕ ਅਪ੍ਰੈਲ ਨੂੰ ਪਿੰਡ ਵਿੱਚ ਹਮੇਸ਼ਾ ਦੇ ਲਈ ਸ਼ਰਾਬ ਦੀ ਦੁਕਾਨ ਬੰਦ ਹੋ ਜਾਵੇਗੀ ਤਾਂ ਪਿੰਡ ਵਿੱਚ ਭੌਮੀਆ ਜੀ ਦਾ ਭੰਡਾਰਾ ਕੀਤਾ ਜਾਵੇਗਾ।

ਅਨੀਤਾ ਸ਼ਰਮਾ ਇੱਕ ਆਸ਼ਾ ਵਰਕਰ ਹਨ।
ਉਹ ਦੱਸਦੇ ਹਨ, “ਔਰਤਾਂ ਆਪਣਾ ਦੁੱਖ ਦੱਸਦਿਆਂ ਰੋਣ ਲੱਗਦੀਆਂ ਹਨ, ਘਰ ਦੇ ਮਰਦ ਪੈਸੇ ਕਮਾਉਂਦੇ ਹਨ ਤਾਂ ਸਾਰੇ ਸ਼ਰਾਬ ਵਿੱਚ ਉਡਾ ਦਿੰਦੇ ਹਨ, ਘਰ ਵਿੱਚ ਔਰਤਾਂ ਅਤੇ ਬੱਚੇ ਪਰੇਸ਼ਾਨ ਹਨ, ਬੱਚਿਆਂ ਦੀ ਪੜ੍ਹਾਈ ਅਤੇ ਘਰ ਦੇ ਖਰਚੇ ਤੋਂ ਔਰਤਾਂ ਮੁਥਾਜ ਰਹਿੰਦੀਆਂ ਹਨ।”
ਪਿੰਡ ਵਿੱਚ ਭੌਮੀਆ ਜੀ ਦੇ ਮੰਦਿਰ ਦੇ ਨੇੜੇ ਇੱਕ ਘਰ ਹੈ। ਇਸ ਘਰ ਨੇ ਆਪਣੇ ਇੱਕ 31 ਸਾਲਾਂ ਦੇ ਮੈਂਬਰ ਨੂੰ ਗੁਆ ਦਿੱਤਾ ਹੈ।
ਪਰਿਵਾਰ ਦੇ ਮੁਤਾਬਕ ਸ਼ਰਾਬ ਦੀ ਆਦਤ ਦੇ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ। ਉਨ੍ਹਾਂ ਦੇ ਦੋ ਬੱਚੇ ਅਤੇ ਪਤਨੀ ਹੈ।

ਅਨੀਤਾ ਕਹਿੰਦੇ ਹਨ ਕਿ ਵੋਟਿੰਗ ਤੋਂ ਥੋੜ੍ਹੇ ਸਮੇਂ ਬਾਅਦ ਨਤੀਜਾ ਦੱਸਿਆ ਗਿਆ।
ਨਤੀਜਾ ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ, ਪਟਾਕੇ ਚਲਾਏ ਗਏ, ਡੀਜੇ ਉੱਤੇ ਗਾਣੇ ਵਜਾਏ ਗਏ ਅਤੇ ਮਰਦ ਅਤੇ ਔਰਤਾਂ ਨੱਚਦੇ ਹੋਏ ਪਿੰਡ ਵਿੱਚ ਘੁੰਮੇ, ਇੱਕ ਦੂਜੇ ਨੂੰ ਵਧਾਈ ਦਿੰਦੇ ਹੋਏ ਰੰਗ ਉਡਾਇਆ ਗਿਆ ਅਤੇ ਮਠਿਆਈ ਵੰਡੀ ਗਈ।
ਕਾਂਸਲੀ ਦੀ ਰਹਿਣ ਵਾਲੀ ਸਰੋਜ ਯਾਦਵ ਪੇਸ਼ੇ ਤੋਂ ਨਰਸ ਹਨ।
ਉਹ ਕਹਿੰਦੇ ਹਨ, “ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਅਸੀਂ ਅਜਿਹਾ ਮਾਹੌਲ ਦੇਖਿਆ ਹੈ ਕਿ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਵੋਟ ਪਾਈ ਹੈ, ਵੋਟਿੰਗ ਦੇ ਦੌਰਾਨ ਖੁਸ਼ੀ ਮਨਾਉਂਦੇ ਹੋਏ ਨੱਚਦੇ ਗਾਉਂਦੇ ਹੋਏ ਆਪਣੀ ਮਰਜ਼ੀ ਦੇ ਨਾਲ ਵੋਟਿੰਗ ਕੇਂਦਰ ਤੱਕ ਪਹੁੰਚੇ।”
ਪਿੰਡ ਦੇ ਮਾਹੌਲ ਦੀ ਗੱਲ ਕਰਦਿਆਂ ਉਹ ਕਹਿੰਦੇ ਹਨ, “ਪਿੰਡ ਵਿੱਚ ਬਹੁਤ ਮਾਹੌਲ ਖ਼ਰਾਬ ਹੋ ਗਿਆ ਸੀ, ਬੱਚੀਆਂ ਘਰਾਂ ਵਿੱਚੋਂ ਨਿਕਲਣ ਵਿੱਚ ਡਰ ਮਹਿਸੂਸ ਕਰਨ ਲੱਗੀਆਂ ਸੀ ਪਿੰਡ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ।”
ਦੋ ਸਕੂਲਾਂ ਵਿਚਾਲੇ ਹੈ ਠੇਕਾ

ਤਸਵੀਰ ਸਰੋਤ, MOHAR SINGH MEENA/BBC
ਕਾਂਸਲੀ ਵਿੱਚ ਸ਼ਰਾਬ ਦੀ ਦੁਕਾਨ ਸਰਕਾਰੀ ਸਕੂਲ ਤੋਂ ਅੱਗੇ ਲੰਘਦਿਆਂ ਹੀ ਬੱਸ ਸਟੈਂਡ ਦੇ ਕੋਲ ਖੱਬੇ ਹੱਥ ਹੈ। ਦੁਕਾਨ ਤੋਂ ਥੋੜ੍ਹੀ ਅੱਗੇ ਜਾ ਕੇ ਮੁਹਨਪੁਰਾ ਗ੍ਰਾਮ ਪੰਚਾਇਤ ਦਾ ਬਾਰ੍ਹਵੀਂ ਜਮਾਤ ਤੱਕ ਦਾ ਸਰਕਾਰੀ ਸਕੂਲ ਹੈ।
ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਸ਼ੋਕ ਕੁਮਾਰ ਦੱਸਦੇ ਹਨ, “ਅਸੀਂ ਸ਼ਰਾਬਬੰਦੀ ਦੇ ਲਈ ਇਸ਼ਤਿਹਾਰ ਦਿੱਤਾ ਸੀ, ਪਿੰਡ ਵਾਲੇ ਵੀ ਆਏ ਸੀ ਉਦੋਂ ਵੀ ਅਸੀਂ ਲਿਖ ਕੇ ਦਿੱਤਾ ਸੀ।”
ਉਹ ਦੱਸਦੇ ਹਨ, "ਸਕੂਲ਼ ਵਿੱਚ ਵਧੇਰੇ ਬੱਚੇ ਕਾਂਸਲੀ ਤੋਂ ਹੀ ਆਉਂਦੇ ਹਨ, ਸਾਡੇ ਸਕੂਲ਼ ਤੋਂ 100 ਮੀਟਰ ਦੂਰ ਸ਼ਰਾਬ ਦਾ ਠੇਕਾ ਹੈ, ਵਿਦਿਆਰਥੀ ਜਦੋਂ ਆਉਂਦੇ ਜਾਂਦੇ ਹਨ ਤਾਂ ਇੱਕ ਅਧਿਆਪਕ ਬਾਹਰ ਖੜ੍ਹਾ ਹੋ ਕੇ ਨਿਗਰਾਨੀ ਕਰਦਾ ਹੈ, ਤਾਂ ਜੋ ਬੱਚਿਆਂ ਨੂੰ ਕਈ ਤੰਗ ਨਾ ਕਰੇ।"
ਰਾਜਸਥਾਨ ਵਿੱਚ ਸ਼ਰਾਬਬੰਦੀ ਦੀ ਮੰਗ

ਤਸਵੀਰ ਸਰੋਤ, MOHAR SINGH MEENA/BBC
ਡ੍ਰਾਈ ਸਟੇਟ ਗੁਜਰਾਤ ਨਾਲ ਪੈਂਦੇ ਰਾਜਸਥਾਨ ਵਿੱਚ ਵੀ ਲਗਾਤਾਰ ਸ਼ਰਾਬ ਉੱਤੇ ਰੋਕ ਲਾਏ ਜਾਣ ਦੀ ਮੰਗ ਉੱਠਦੀ ਰਹੀ ਹੈ। ਸ਼ਰਾਬ ਉੱਤੇ ਰੋਕ ਬਾਰੇ ਸੂਬੇ ਵਿੱਚ ਕਈ ਅੰਦੋਲਨ ਅਤੇ ਮੁਜ਼ਾਹਰੇ ਹੋਏ ਹਨ।
ਸੂਬੇ ਵਿੱਚ ਵੋਟਿੰਗ ਦੇ ਰਾਹੀ ਰਾਜਸਮੰਦ ਜ਼ਿਲ੍ਹੇ ਦੀ ਭੀਮ ਤਹਿਸੀਲ ਦੀ ਕਾਛਬਲੀ ਗ੍ਰਾਮ ਪੰਚਾਇਤ ਵਿੱਚ ਸੂਬੇ ਦਾ ਪਹਿਲਾ ਸ਼ਰਾਬ ਦਾ ਠੇਕਾ ਬੰਦ ਕਰਵਾਇਆ ਗਿਆ ਸੀ।
ਇਸ ਤੋਂ ਬਾਅਦ ਰਾਜਸਮੰਦ ਵਿੱਚ ਹੀ ਦੂਜਾ ਸ਼ਰਾਬ ਦਾ ਠੇਕਾ ਵੀ ਵੋਟਿੰਗ ਦੇ ਰਾਹੀਂ ਬੰਦ ਹੋਇਆ। ਸੂਬੇ ਵਿੱਚ ਹੁਣ ਤੱਕ ਕਰੀਬ ਚੇ ਗ੍ਰਾਮ ਪੰਚਾਇਤਾਂ ਵਿੱਚ ਸ਼ਰਾਬ ਉੱਤੇ ਰੋਕ ਲਗਾਈ ਗਈ ਹੈ।
ਸਾਲ 2019 ਵਿੱਚ ਤੱਤਕਾਲੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਰਾਬ ਉੱਤੇ ਰੋਕ ਲਗਾਉਣ ਦਾ ਮਨ ਬਣਾਇਆ ਸੀ।
ਉਨ੍ਹਾਂ ਦੇ ਹੁਕਮ ਉੱਤੇ ਤੱਤਕਾਲੀ ਵਧੀਕ ਆਬਕਾਰੀ ਕਮਿਸ਼ਨਰ ਛੋਗਾ ਰਾਮ ਦੇਵਾਸੀ ਦੀ ਅਗਵਾਈ ਵਿੱਚ ਪੰਜ ਮੈਂਬਰੀ ਕਮੇਟੀ ਨੇ 11 ਤੋਂ 16 ਦਸੰਬਰ ਤਕ ਬਿਹਾਰ ਦਾ ਦੌਰਾ ਕਰਕੇ ਸ਼ਰਾਬਬੰਦੀ ਦੇ ਪੱਖ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਦਿੱਤੀ ਸੀ, ਪਰ ਕੋਰੋਨਾ ਮਹਾਮਾਰੀ ਦੇ ਕਾਰਨ ਇਹ ਗੱਲ ਅੱਗੇ ਨਹੀਂ ਵਧ ਸਕੀ।
ਸ਼ਰਾਬ ‘ਤੇ ਰੋਕ ਮਗਰੋਂ ਕਿਸ ਗੱਲ ਦਾ ਡਰ ਹੈ
ਰਾਜਸਮੰਦ ਜ਼ਿਲ੍ਹੇ ਦੇ ਤੱਤਕਾਲੀ ਜ਼ਿਲ੍ਹਾ ਆਬਕਾਰੀ ਅਧਿਕਾਰੀ ਰਿਆਜੁੱਦੀਨ ਉਸਮਾਨੀ ਨੇ ਬੀਬੀਸੀ ਨੂੰ ਦੱਸਿਆ, “ਇਸ ਕਾਨੂੰਨ ਦੀ ਮੂਲ ਭਾਵਨਾ ਦੇ ਮੁਤਾਬਕ ਨਤੀਜੇ ਨਹੀਂ ਆਏ।”
ਉਹ ਕਹਿੰਦੇ ਹਨ, “ਆਨ ਰਿਕਾਰਡ ਦੇਖਿਆ ਜਾਵੇ ਤਾਂ ਜਿਨ੍ਹਾਂ ਗ੍ਰਾਮ ਪੰਚਾਇਤਾਂ ਵਿੱਚ ਵੋਟਿੰਗ ਕਾਰਨ ਸ਼ਰਾਬ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਹਨ, ਉੱਥੇ ਗ਼ੈਰ-ਕਾਨੂੰਨੀ ਤੌਰ ‘ਤੇ ਹੋਰ ਸੂਬਿਆਂ ਦੀ ਸ਼ਰਾਬ ਵਿਕਦੀ ਹੋਈ ਸਾਹਮਣੇ ਆਈ ਹੈ।”
ਉਹ ਕਹਿੰਦੇ ਹਨ, “ਸ਼ਰਾਬ ਦੀ ਦੁਕਾਨ ਬੰਦ ਹੋਣ ਤੋਂ ਪਹਿਲਾਂ ਜਿੰਨੀ ਅਵੈਧ ਸ਼ਰਾਬ ਉਨ੍ਹਾਂ ਇਲਾਕਿਆਂ ਵਿੱਚ ਫੜੀ ਜਾਂਦੀ ਸੀ, ਸ਼ਰਾਬ ਦੀ ਦੁਕਾਨ ਬੰਦ ਹੋਣ ਤੋਂ ਬਾਅਦ ਅਤੇ ਵੱਧ ਗ਼ੈਰ ਕਾਨੂੰਨੀ ਸ਼ਰਾਬ ਉਨ੍ਹਾਂ ਖੇਤਰਾਂ ਵਿੱਚ ਫੜੀ ਗਈ ਹੈ।”












