ਮਹਿਮੂਦ ਗਜ਼ਨੀ ਨੇ ਸੋਮਨਾਥ ਦੇ ਮੰਦਰ ਤੋਂ ਅਸਲ ਵਿੱਚ ਕਿੰਨਾ ਮਾਲ ਲੁੱਟਿਆ ਸੀ?

ਤਸਵੀਰ ਸਰੋਤ, PUNEET BARNALA/BBC
- ਲੇਖਕ, ਜੈ ਮਕਵਾਨਾ
- ਰੋਲ, ਬੀਬੀਸੀ ਗੁਜਰਾਤੀ ਪੱਤਰਕਾਰ
ਇਤਿਹਾਸ ਦੀਆਂ ਕਿਤਾਬਾਂ ਵਿੱਚ ਜ਼ਿਕਰ ਹੈ ਕਿ ਮਹਿਮੂਦ ਗਜ਼ਨੀ ਨੇ ਗੁਜਰਾਤ ਵਿੱਚ ਸੋਮਨਾਥ ਦੇ ਮੰਦਰ ਨੂੰ ਲੁੱਟਿਆ।
ਮਹਿਮੂਦ ਗਜ਼ਨੀ ਨਾਲ ਲੜਾਈ ਦੌਰਾਨ ਹਜ਼ਾਰਾਂ ਹਿੰਦੂਆਂ ਦੀ ਲੜਾਈ ਵਿੱਚ ਮੌਤ ਹੋਈ। ਮਹਿਮੂਦ ਗਜ਼ਨੀ ਨੇ ਸੋਮਨਾਥ ਦੇ ਮੰਦਰ ਉੱਤੇ ਕਬਜ਼ਾ ਕਿਵੇਂ ਕੀਤਾ? ਉਸ ਨੇ ਇੱਥੋਂ ਕਿੰਨਾ ਮਾਲ-ਖਜ਼ਾਨਾ ਲੁੱਟਿਆ?
ਗੁਜਰਾਤ ਦੇ ਸੋਲੰਕੀ ਸ਼ਾਸਕਾਂ ਲਈ ਇਹ ਵਿਪਤਾ ਦਾ ਸਮਾਂ ਸੀ। ਉਸ ਸਮੇਂ, ਅੱਜ ਤੋਂ ਹਜ਼ਾਰ ਸਾਲ ਪਹਿਲਾਂ, ਸੌਰਾਸ਼ਟਰ ਦੇ ਸਮੁੰਦਰੀ ਕੰਢੇ ਉੱਪਰ ਸਥਿਤ ਸੋਮਨਾਥ ਦਾ ਮੰਦਰ ਹੋਣ ਕਾਰਨ ਇਸ ਨੂੰ ਗੁਜਰਾਤ ਦੇ ਗੁਰਜਰ ਸਾਮਰਾਜ ਦੀ ਧਾਰਮਿਕ ਰਾਜਧਾਨੀ ਮੰਨਿਆ ਜਾਂਦਾ ਸੀ।
ਸੌਰਾਸ਼ਟਰ ਦੇ ਤਟ ਉੱਪਰ ਬਣੇ ਮੰਦਰ ਦੀਆਂ ਕੰਧਾਂ ਸਮੁੰਦਰ ਦੀਆਂ ਲਹਿਰਾਂ ਨੇ ਨਸ਼ਟ ਕਰ ਦਿੱਤੀਆਂ ਸਨ। ਮੰਦਰ ਪੱਥਰ ਦੀਆਂ ਵੱਡੀਆਂ-ਵੱਡੀਆਂ ਸਿੱਲਾਂ ਨਾਲ ਬਣਾਇਆ ਗਿਆ ਸੀ। ਮੰਦਰ ਦੀ ਛੱਤ ਅਫਰੀਕਾ ਤੋਂ ਬਰਾਮਦ ਕੀਤੇ ਗਏ ਪੱਥਰ ਦੇ 56 ਥਮਲਿਆਂ ਉੱਪਰ ਟਿਕੀ ਸੀ।
ਸੋਮਨਾਥ ਦਾ ਮੰਦਰ

ਤਸਵੀਰ ਸਰੋਤ, PUNEET BARNALA/BBC
ਮੰਦਰ ਉੱਪਰ ਸੋਨੇ ਦੇ 14 ਕਲਸ਼ ਸਨ, ਜੋ ਧੁੱਪ ਵਿੱਚ ਚਮਕਦੇ ਸਨ ਅਤੇ ਬਹੁਤ ਦੂਰੋਂ ਦਿਖਾਈ ਦਿੰਦੇ ਸਨ। ਅੰਦਰ ਸਥਾਪਿਤ ਸ਼ਿਵ ਲਿੰਗ ਦੀ ਉਚਾਈ 7 ਹੱਥ ਸੀ ਜਿਸ ਨੂੰ ਜਾਨਵਰਾਂ ਦੀ ਖੂਬਸੂਰਤ ਨਕਾਸ਼ੀ ਨਾਲ ਸਜਾਇਆ ਗਿਆ ਸੀ ਅਤੇ ਹੀਰਿਆਂ ਨਾਲ ਜੜਿਆ ਇੱਕ ਤਾਜ ਇਸ ਦੀ ਸ਼ੋਭਾ ਵਧਾਉਂਦਾ ਸੀ।
ਗਰਭ ਗ੍ਰਹਿ ਦੇ ਨਜ਼ਦੀਕ ਛੱਤ ਉੱਤੇ ਸ਼ਿਵ ਜੀ ਦੇ ਗਣਾਂ ਦੀਆਂ ਸੋਨੇ ਅਤੇ ਚਾਂਦੀ ਦੀਆਂ ਕਈ ਮੂਰਤੀਆਂ ਰੱਖੀਆਂ ਸਨ।
ਨਗਾਂ ਨਾਲ ਜੜੇ ਕਈ ਦੀਵੇ ਗਰਭ ਗ੍ਰਹਿ ਨੂੰ ਪ੍ਰਕਾਸ਼ਮਾਨ ਕਰਦੇ ਸਨ।
ਸੋਨੇ ਦੀ ਇੱਕ ਮੋਟੀ ਚੇਨ ਸ਼ਿਵਲਿੰਗ ਉੱਤੇ ਚੜ੍ਹਾਈ ਰਹਿੰਦੀ ਸੀ। ਮੰਦਰ ਦੇ ਨਜ਼ਦੀਕ ਨਗਾਂ, ਸੋਨੇ ਅਤੇ ਚਾਂਦੀ ਦੀਆਂ ਮੂਤਰੀਆਂ ਦਾ ਤੋਸ਼ਾਖ਼ਾਨਾ ਸੀ।
ਡਾ. ਮੁਹੰਮਦ ਨਜ਼ੀਮ ਨੇ ਆਪਣੀ ਕਿਤਾਬ “ਮਹਿਮੂਦ ਗਜ਼ਨੀ ਦਾ ਜੀਵਨ ਅਤੇ ਸਮਾਂ” ਵਿੱਚ ਉਸ ਸਮੇਂ ਦੇ ਜੀਵਨ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਵਰਨਣ ਕੀਤਾ ਹੈ।
ਗਜ਼ਨੀ ਸੁਲਤਾਨ ਮਹਿਮੂਦ ਦਾ ਜਨਮ ਸਥਾਨ ਹੈ। ਇਹ ਅਜੋਕੇ ਅਫ਼ਗਾਨਿਸਤਾਨ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ। ਇਸੇ ਲਈ ਉਨ੍ਹਾਂ ਨੂੰ ਗਜ਼ਨੀ ਦਾ ਮਹਿਮੂਦ ਜਾਂ ਮਹਿਮੂਦ ਗਜ਼ਨਵੀ ਕਿਹਾ ਜਾਂਦਾ ਹੈ।
ਡਾ. ਨਜ਼ੀਮ ਨੇ ਕਈ ਮੁਲਮਾਨ ਵਿਦਵਾਨਾਂ ਦੇ ਹਵਾਲੇ ਹਨ ਜਿਵੇਂ ਕਿ ਅਲ ਬਰੂਨੀ ਅਤੇ ਇਬਨ ਜਾਫਿਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਲੁੱਟ ਤੋਂ ਪਹਿਲਾਂ ਸੋਮਨਾਥ ਮੰਦਰ ਕਿਵੇਂ ਦਾ ਨਜ਼ਰ ਆਉਂਦਾ ਸੀ।
ਸੋਮਨਾਥ ਮੰਦਰ ਦਾ ਮਹੱਤਵ
ਸ਼ੰਭੂ ਪ੍ਰਸਾਦ ਦੇਸਾਈ ਨੇ ਸੋਮਨਾਥ ਮੰਦਰ ਦਾ ਵਰਨਣ ਆਪਣੀ ਕਿਤਾਬ ‘ਪ੍ਰਭਾਸ ਯਾਨੇ ਸੋਮਨਾਥ’ ਵਿੱਚ ਕੀਤਾ ਹੈ।
“ਸੋਮਨਾਥ ਮੰਦਰ ਲੱਕੜ ਦੇ 56 ਥਮਲਿਆਂ ਨਾਲ ਬਣਿਆ ਸੀ। ਗਰਭ ਗ੍ਰਹਿ ਵਿੱਚ ਇੱਕ ਮੂਰਤੀ (ਸ਼ਿਵ ਲਿੰਗ) ਰੱਖੀ ਸੀ। ਇਹ ਪੰਜ ਹੱਥ ਲੰਬੀ ਅਤੇ ਦੋ ਹੱਥ ਚੌੜੀ ਸੀ। ਸਾਰੇ ਕਮਰੇ ਨੂੰ ਦੀਵਿਆਂ ਨਾਲ ਰੌਸ਼ਨਾਇਆ ਗਿਆ ਸੀ।”
“ਮੂਰਤੀ ਨੂੰ ਸੋਨੇ ਦੀਆਂ ਚੇਨਾਂ ਅਤੇ ਮੋਤੀਆਂ ਨਾਲ ਸਜਾਇਆ ਗਿਆ ਸੀ। ਮੰਦਰ ਵਿੱਚ ਬਹੁਤ ਸਾਰੀਆਂ ਮੂਰਤੀਆਂ ਸਨ, ਜਿਨ੍ਹਾਂ ਉੱਪਰ ਬੇਸ਼ਕੀਮਤੀ ਨਗ ਜੜੇ ਸਨ। ਸੋਮਨਾਥ ਦੀ ਮੂਰਤੀ ਭਾਰਤ ਦੀ ਸਰਬੋਤਮ ਮੂਰਤੀ ਸੀ।”
“ਪੁਨਰ ਜਨਮ ਵਿੱਚ ਯਕੀਨ ਰੱਖਣ ਵਾਲੇ ਹਿੰਦੂਆਂ ਦਾ ਮੰਨਣਾ ਸੀ ਕਿ ਸਰੀਰ ਨੂੰ ਛੱਡ ਕੇ ਜਾਣ ਵਾਲੀ ਆਤਮਾ ਸੋਮਨਾਥ ਆਉਂਦੀ ਹੈ ਅਤੇ ਪੂਜਾ ਕਰਦੀ ਹੈ। ਸ਼ਰਧਾਲੂ ਆਪਣੀਆਂ ਕੀਮਤੀ ਵਸਤਾਂ ਇੱਥੇ ਚੜ੍ਹਾਉਂਦੇ ਹਨ। ਮੰਦਰ ਦੀ ਸਾਂਭ-ਸੰਭਾਲ ਦੀ ਕਈ ਹਜ਼ਾਰ ਪਿੰਡ ਕਰਦੇ ਸਨ।”
ਸ਼ੰਭੂ ਪ੍ਰਸਾਦ ਦੇਸਾਈ ਆਪਣੀ ਕਿਤਾਬ ਵਿੱਚ ਅੱਗੇ ਲਿਖਦੇ ਹਨ, “ਮੰਦਰ ਬਹੁਤ ਦਿਲਕਸ਼ ਅਤੇ ਕੀਮਤੀ ਨਗਾਂ ਦਾ ਬਣਿਆ ਹੋਇਆ ਹੈ। ਇੱਥੇ ਰੱਖੀਆਂ ਮੂਰਤੀਆਂ ਦੀ ਪੂਜਾ ਕਰਨ ਲਈ ਅਤੇ ਯਾਤਰੀਆਂ ਲਈ ਪੂਜਾ ਕਰਨ ਵਾਸਤੇ ਇੱਥੇ ਹਜ਼ਾਰਾਂ ਬ੍ਰਾਹਮਣ ਰਹਿੰਦੇ ਸਨ। 300 ਨਾਈ ਸ਼ਰਧਾਲੂਆਂ ਦਾ ਮੁੰਡਨ ਕਰਨ ਲਈ ਇੱਥੇ ਰਹਿੰਦੇ ਸਨ।”
ਇਤਿਹਾਸਕਾਰ ਰਤਨਾਮਨੀ ਰਾਉ ਭੀਮ ਰਾਓ, ਜਿਨ੍ਹਾਂ ਨੇ ਸੋਮਨਾਥ ਮੰਦਰ ਦੀ ਪੁਨਰ ਨਿਰਮਾਣ ਸਮੇਂ ਮੁਢਲੀ ਖੋਜ ਕੀਤੀ ਸੀ। ਉਨ੍ਹਾਂ ਨੇ ਵੀ ਇਸ ਬਾਰੇ ਇੱਕ ਕਿਤਾਬ ਲਿਖੀ ਹੈ।
ਗਿਆਰਵੀਂ ਸਦੀ ਦੇ ਸ਼ੁਰੂ ਤੱਕ, ਸੋਮਨਾਥ ਅਤੇ ਇਸ ਦੀ ਸੰਪਤੀ ਦੀ ਪ੍ਰਸਿੱਧੀ ਪੂਰੇ ਦੇਸ ਵਿੱਚ ਫੈਲ ਚੁੱਕੀ ਸੀ। ਸੁਲਤਾਨ ਮਹਿਮੂਦ ਨੇ ਇਸੇ ਲਈ ਸੋਮਨਾਥ ਦੀ ਪ੍ਰਸਿੱਧੀ ਅਤੇ ਧਨ ਉੱਪਰ ਆਪਣਾ ਧਿਆਨ ਕੇਂਦਰਿਤ ਕੀਤਾ।
ਸਲਤਨਤ ਦਾ ਵਾਧਾ

ਤਸਵੀਰ ਸਰੋਤ, PUNEET BARNALA/BBC
ਉਹ ਉਹ ਸਮਾਂ ਸੀ ਜਦੋਂ ਦੁਨੀਆਂ ਦੀਆਂ ਸਰਹੱਦਾਂ ਤਲਵਾਰ ਦੇ ਜ਼ੋਰ ਨਾਲ ਤੈਅ ਕੀਤੀਆਂ ਜਾਂਦੀਆਂ ਸਨ। ਸਾਲ 998 ਈਸਵੀ ਵਿੱਚ ਦੋ ਭਰਾਵਾਂ ਦੀਆਂ ਫੌਜਾਏ ਗਜ਼ਨੀ ਦੇ ਮੈਦਾਨ ਵਿੱਚ ਭਿੜੀਆਂ।
ਇਸ ਲੜਾਈ ਵਿੱਚ ਮਹਿਮੂਦ ਦੀ ਜਿੱਤ ਹੋਈ। ਉਸੇ ਸ਼ਾਮ ਉਸ ਦੀ ਤਾਜਪੋਸ਼ੀ ਕਰ ਦਿੱਤੀ ਗਈ ਅਤੇ ਉਸ ਨੇ ਸੁਲਤਾਨ ਦੀ ਪਦਵੀ ਧਾਰਨ ਕੀਤੀ। ਇਹ ਉਪਾਧੀ ਧਾਰਨ ਕਰਨ ਵਾਲਾ ਉਹ ਪਹਿਲਾ ਵਿਅਕਤੀ ਸੀ। ਇਸ ਨੂੰ ਖਲੀਫਾ ਦੇ ਸਮਾਨ ਸਮਝਿਆ ਜਾਂਦਾ ਹੈ।
ਤਖਤ ਨਸ਼ੀਨ ਹੋਣ ਤੋਂ ਬਾਅਦ ਸੁਲਤਾਨ ਨੇ ਆਪਣੇ ਸਾਮਰਾਜ ਦੀਆਂ ਹੱਦਾਂ ਕੇਂਦਰੀ ਏਸ਼ੀਆ ਤੋਂ ਦੱਖਣ ਵਿੱਚ ਸਿੰਧ ਤੱਕ ਵਧਾਉਣ ਦਾ ਫੈਸਲਾ ਲਿਆ। ਸੁਲਤਾਨ ਨੇ ਅਜਿਹਾ ਕੀਤਾ ਵੀ ਅਤੇ ਹਿੰਦੁਸਤਾਨ ਦੇ ਕਈ ਹਿੱਸਿਆਂ ਨੂੰ ਜਿੱਤ ਲਿਆ। ਇਸ ਦੌਰਾਨ ਕਈ ਮੰਦਰ ਤੋੜੇ ਗਏ।
ਸੋਮਨਾਥ ਤੱਕ ਦਾ ਸਫ਼ਰ
ਮਹਿਮੂਦ ਦੀ ਜੀਵਨੀ ਮੁਤਾਬਕ ਉਸ ਸਮੇਂ ਹਿੰਦੂਆਂ ਵਿੱਚ ਅਫਵਾਹ ਫੈਲ ਗਈ ਸੀ ਕਿ ਸੋਮਨਾਥ ਭਗਵਾਨ ਉਨ੍ਹਾਂ ਤੋਂ ਨਰਾਜ਼ ਹਨ। ਇਸੇ ਲਈ ਉਨ੍ਹਾਂ ਨੇ ਮਹਿਮੂਦ ਨੂੰ ਉਨ੍ਹਾਂ ਨੂੰ ਸਜ਼ਾ ਦੇਣ ਅਤੇ ਮੰਦਰ ਤੁੜਵਾਉਣ ਲਈ ਭੇਜਿਆ ਹੈ। ਜਦੋਂ ਮਹਿਮੂਦ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੇ ਸੋਮਨਾਥ ਉੱਪਰ ਚੜ੍ਹਾਈ ਕਰਨ ਦਾ ਫੈਸਲਾ ਕੀਤਾ।
ਫਿਰ ਮਹਿਮੂਦ ਨੇ 18 ਅਕਤੂਬਰ 1025 ਨੂੰ ਸੋਮਨਾਥ ਉੱਪਰ ਆਪਣੀ 30,000 ਘੋੜ ਸਵਾਰ ਸੈਨਾ ਨਾਲ ਚੜ੍ਹਾਈ ਕਰ ਦਿੱਤੀ।
ਹਾਲਾਂਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਾਨੂੰ ਇਸ ਸੈਨਾ ਦੀ ਸੰਖਿਆ ਵੱਖੋ-ਵੱਖ ਮਿਲਦੀ ਹੈ। ਰਤਨਾਮਨੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਇਸ ਵਿੱਚ 30,000 ਜਿਹਾਦੀ ਅਤੇ 54,000 ਗੁਲਾਮ/ਮਜ਼ਦੂਰ ਸਨ।
ਅਰਬ ਇਤਿਹਾਸਕਾਰ ਅਲੀ ਇਬਨ ਅਲ-ਆਦਿਰ ਮੁਤਾਬਕ ਮਹਿਮੂਦ ਨੇ ਗਜ਼ਨੀ ਤੋਂ ਸੌਰਾਸ਼ਟਰ ਦੇ ਤਟ ਤੱਕ 1420 ਕਿੱਲੋਮੀਟਰ ਦਾ ਪੈਂਡਾ ਤੈਅ ਕੀਤਾ। ਉਹ 6 ਜਨਵਰੀ 1026 ਨੂੰ ਗੁਜਰਾਤ ਪਹੁੰਚਿਆ।

ਤਸਵੀਰ ਸਰੋਤ, PUNEET BARNALA/BBC
ਮਹਿਮੂਦ ਦਾ ਸੋਮਨਾਥ ਉੱਤੇ ਕਬਜ਼ਾ
ਮਹਿਮੂਦ ਨੇ ਗਜ਼ਨੀ ਤੋਂ ਸੋਮਨਾਥ ਤੱਕ ਦਾ ਸਫਰ ਬਹੁਤ ਛੇਤੀ ਪੂਰਾ ਕੀਤਾ। ਆਪਣੀ ਕਿਤਾਬ ‘ਪ੍ਰਭਾਸ ਯਾਨੇ ਸੋਮਨਾਥ’ ਵਿੱਚ ਸ਼ੰਭੂ ਪ੍ਰਸਾਦ ਦੇਸਾਈ ਨੇ ਸਫਰ ਦੇ ਹਾਲਾਤ ਬਿਆਨ ਕੀਤੇ ਹਨ।
ਮੋਧੇਰਾ ਪਹੁੰਚਣ 'ਤੇ ਮਹਿਮੂਦ ਨੂੰ ਪਹਿਲੀ ਵੱਡੀ ਚੁਣੌਤੀ ਮਿਲੀ। ਮੋਧੇਰਾ ਪਹੁੰਚਣ ਉੱਤੇ 20000 ਸੈਨਿਕਾਂ ਦੀ ਫੌਜ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ।
ਡਾ. ਨਜ਼ੀਮ ਨੇ ਆਪਣੀ ਕਿਤਾਬ “ਮਹਿਮੂਦ ਗਜ਼ਨੀ ਦਾ ਜੀਵਨ ਅਤੇ ਸਮਾਂ” ਵਿੱਚ ਲਿਖਿਆ ਹੈ ਕਿ ਇਸ ਜੰਗ ਵਿੱਚ ਸੁਲਤਾਨ ਦੀ ਜਿੱਤ ਹੋਈ ਸੀ।
ਅਰਬ ਦੇ ਇਤਿਹਾਸਕਾਰ ਅਲ-ਇਬਨ ਅਲ-ਆਦਿਰ ਦੇ ਹਵਾਲੇ ਨਾਲ ਸ਼ੰਭੂ ਪ੍ਰਸਾਦ ਦੇਸਾਈ ਲਿਖਦੇ ਹਨ, “ਫੌਜਾਂ ਬਿਨਾਂ ਕਿਸੇ ਸੈਨਾਪਤੀ ਦੇ ਹੀ ਮਹਿਮੂਦ ਨਾਲ ਲੜ ਰਹੀਆਂ ਸਨ।”
ਮੋਧੇਰਾ ਦੀ ਲੜਾਈ ਵਿੱਚ ਮਹਿਮੂਦ ਦੀ ਜਿੱਤ ਹੋਈ ਅਤੇ ਇਸ ਨਾਲ ਮਹਿਮੂਦ ਲਈ ਸੋਮਨਾਥ ਉੱਪਰ ਹਮਲਾ ਕਰਨਾ ਸੌਖਾ ਹੋ ਗਿਆ।
ਪ੍ਰਭਾਸ-ਸੋਮਨਾਥ ਕਿਤਾਬ ਮੁਤਾਬਕ ਲੋਕਾਂ ਦਾ ਮੰਨਣਾ ਸੀ, "ਸੋਮਨਾਥ ਬਹੁਤ ਸ਼ਕਤੀਸ਼ਾਲੀ ਹਨ ਅਤੇ ਉਨ੍ਹਾਂ ਦੀ ਅਜਨਬੀਆਂ ਤੋਂ ਰੱਖਿਆ ਅਤੇ ਦੁਸ਼ਮਣਾਂ ਦਾ ਨਾਸ ਕਰਨਗੇ।”
ਜਦੋਂ ਮਹਿਮੂਦ ਦੀ ਫੌਜ ਦੇ ਪੈਰ ਉੱਖੜੇ
ਡਾ. ਨਜ਼ੀਮ ਮੁਤਾਬਕ ਸਮੁੰਦਰੀ ਤਟ ਉੱਤੇ ਉਸ ਸਮੇਂ ਬਹੁਤ ਵੱਡੀ ਕੰਧ ਸੀ। ਵੱਡੀ ਸੰਖਿਆ ਵਿੱਚ ਬ੍ਰਾਹਮਣ ਇਨ੍ਹਾਂ ਕੰਧਾਂ ਉੱਪਰ ਇਕੱਠੇ ਹੋ ਗਏ ਸਨ।
ਉਨ੍ਹਾਂ ਦਾ ਵਿਸ਼ਵਾਸ਼ ਸੀ ਕਿ ਸੋਮਨਾਥ ਨੇ ਹੀ ਮਹਿਮੂਦ ਨੂੰ ਉੱਥੇ ਭੇਜਿਆ ਹੈ ਤਾਂ ਜੋ ਉਹ ਉਸ ਨੂੰ ਮਾਰ ਸਕਣ।
ਰਤਨਾਮਨੀ ਰਾਓ ਮੁਤਾਬਕ ਕਈ ਮੁਸਲਿਮ ਸੈਨਿਕ ਲੜਾਈ ਦੌਰਾਨ ਮਾਰੇ ਗਏ ਅਤੇ ਦੂਜੇ ਦਿਨ ਵੀ ਅਜਿਹਾ ਹੀ ਹੋਇਆ। ਮਹਿਮੂਦ ਦੇ ਸੈਨਿਕ ਦੂਜੇ ਦਿਨ ਵੀ ਕਿਲ੍ਹੇ ਦੀ ਕੰਧ ਉੱਪਰ ਨਾ ਚੜ੍ਹ ਸਕੇ।
ਡਾ. ਨਾਜ਼ੀਮ ਮੁਤਾਬਕ, “7 ਜਨਵਰੀ ਦੀ ਸਵੇਰ, ਲੋਕਾਂ ਨੇ ਮਹਿਮੂਦ ਦੀਆਂ ਫੌਜਾਂ ਦੇ ਹਮਲੇ ਦਾ ਸਾਹਮਣਾ ਕੀਤਾ ਅਤੇ ਪਿੱਛੇ ਹਟ ਗਏ। ਉਸ ਤੋਂ ਬਾਅਦ ਮਹਿਮੂਦ ਦੇ ਸੈਨਿਕ ਕਿਲ੍ਹੇ ਤੱਕ ਪਹੁੰਚ ਗਏ।”
ਡਾ. ਨਾਜ਼ੀਮ ਮੁਤਾਬਕ, “ਜਿਵੇਂ ਹੀ ਕਿਲ੍ਹੇ ਉੱਪਰ ਫੌਜ ਦਾ ਕਬਜ਼ਾ ਹੋ ਗਿਆ। ਸੋਮਨਾਥ ਵਾਸੀ ਮੰਦਰ ਪਹੁੰਚੇ ਅਤੇ ਉੱਥੇ ਸੋਮਨਾਥ ਦੀ ਮੂਰਤੀ ਨੂੰ ਰੱਖਿਆ ਲਈ ਪ੍ਰਾਰਥਨਾ ਕੀਤੀ। ਫਿਰ ਹਿੰਦੂਆਂ ਨੇ ਮਹਿਮੂਦ ਦੀ ਫੌਜ ਉੱਪਰ ਹਮਲਾ ਕੀਤਾ। ਸ਼ਾਮ ਨੂੰ ਉਨ੍ਹਾਂ ਨੇ ਮਹਿਮੂਦ ਦੀਆਂ ਫੌਜਾਂ ਨੂੰ ਬਾਹਰ ਧੱਕ ਦਿੱਤਾ ਅਤੇ ਕਿਲ੍ਹੇ ਦੇ ਖੁੱਸੇ ਹੋਏ ਹਿੱਸੇ ਉੱਪਰ ਮੁੜ ਅਧਿਕਾਰ ਕਰ ਲਿਆ।”
ਕਿੰਨੇ ਪੈਸੇ ਦੀ ਲੁੱਟ ਹੋਈ?

ਤਸਵੀਰ ਸਰੋਤ, PUNEET BARNALA/BBC
ਤੀਜੇ ਦਿਨ ਮਹਿਮੂਦ ਦੀ ਫੌਜ ਨੇ ਕਿਲ੍ਹੇ ਉੱਪਰ ਹਮਲਾ ਕਰਨ ਲਈ ਦੋ ਵਾਰ ਹਮਲਾ ਕੀਤਾ। ਇਬਨ ਅਲ-ਆਦਿਲ ਮੁਤਾਬਕ ਸਥਾਨਕ ਸਮੂਹ ਕਿੱਲ੍ਹੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਸੋਮਨਾਥ ਦੇ ਮੰਦਰ ਪਹੁੰਚੇ। ਉਨ੍ਹਾਂ ਨੇ ਇੱਕ ਵਾਰ ਫਿਰ ਮਹਿਮੂਦ ਦੀਆਂ ਫੌਜਾਂ ਉੱਪਰ ਹਮਲਾ ਕੀਤਾ। ਇੱਥੇ ਇੱਕ ਵਾਰ ਫਿਰ ਮਹਿਮੂਦ ਦੀਆਂ ਫੌਜਾਂ ਜ਼ਿਆਦਾ ਦੇਰ ਨਾ ਟਿਕ ਸਕੀਆਂ।
ਪ੍ਰਭਾਸ-ਸੋਮਨਾਥ ਕਿਤਾਬ ਵਿੱਚ ਰਤਨਾਮਨੀ ਲਿਖਦੇ ਹਨ, “ਮਹਿਮੂਦ ਨੂੰ ਪਤਾ ਸੀ ਕਿ ਹਿੰਦੂਆਂ ਨੂੰ ਉੱਥੋਂ ਕੋਈ ਮਦਦ ਨਹੀਂ ਮਿਲਣ ਵਾਲੀ। ਸੋਮਨਾਥ ਦੇ ਫੌਜੀ ਉਸ ਦਾ ਲੜਾਈ ਵਿੱਚ ਸਾਥ ਦੇਣ ਲਈ ਇੰਤਜ਼ਾਰ ਕਰ ਰਹੇ ਸਨ। ਇਸ ਤੋਂ ਇਲਾਵਾ ਭੀਮ ਦੇਵ ਨੇ ਵੀ ਆਪਣੇ ਸ਼ਹਿਰ ਅਤੇ ਦੇਵਤੇ ਨੂੰ ਬਚਾਉਣ ਦੀ ਧਾਰਨਾ ਬਹੁਤ ਦੇਰੀ ਨਾਲ ਬਣਾਈ ਸੀ। ਉਸਦੇ ਪੁੱਤਰ ਜੈ ਪਾਲ, ਜੋ ਕਿ ਮੰਗਰੋਲ ਦਾ ਸ਼ਾਸਕ ਸੀ, ਉਹ ਵੀ ਆਪਣੇ ਪਿਤਾ ਦੀ ਮਦਦ ਕਰਨ ਲਈ ਤਿਆਰ ਬੈਠਾ ਸੀ।”
ਰਤਨਮਨੀ ਰਾਓ ਲਿਖਦੇ ਹਨ ਕਿ ਮਹਿਮੂਦ ਇਹ ਲੜਾਈ ਛੇਤੀ ਖਤਮ ਕਰਕੇ ਜਲਦੀ ਵਾਪਸ ਗਜ਼ਨੀ ਜਾਣਾ ਚਾਹੁੰਦਾ ਸੀ।
ਜਿਵੇਂ ਕਿ ਪ੍ਰਭਾਸ-ਸੋਮਨਾਥ ਵਿੱਚ ਰਤਨਾਮਨੀ ਰਾਓ ਨੇ ਲਿਖਿਆ ਹੈ, “ਮਹਿਮੂਦ ਨੇ ਆਪਣੀ ਫੌਜ ਦੀ ਛੋਟੀ ਟੁਕੜੀ ਨੂੰ ਕਿਲ੍ਹੇ ਵਿੱਚ ਹੀ ਰੁਕਣ ਨੂੰ ਕਿਹਾ। ਦੂਜਿਆਂ ਨੂੰ ਆਸ ਪਾਸੇ ਦੇ ਇਲਾਕਿਆਂ ਤੋਂ ਕਿੱਲ੍ਹੇ ਵਿੱਚ ਹੋਰ ਲੋਕਾਂ (ਸੋਮਨਾਥ ਦੇ ਫੌਜੀ) ਨੂੰ ਪਹੁੰਚਣ ਤੋਂ ਰੋਕਣ ਦੇ ਆਦੇਸ਼ ਦਿੱਤੇ ਗਏ।
ਇਸੇ ਦੌਰਾਨ ਜਦੋਂ ਮਹਿਮੂਦ ਨੂੰ ਪਤਾ ਚੱਲਿਆ ਕਿ ਭੀਮ ਦੇਵ ਆਪਣੀ ਫੌਜ ਨਾਲ ਹਮਲਾ ਕਰਨ ਪਹੁੰਚ ਰਿਹਾ ਸੀ ਤਾਂ ਉਹ ਖੁਦ ਵੀ ਉੱਥੇ ਪਹੁੰਚਿਆ।
ਭੀਮ ਦੇਵ ਅਤੇ ਮਹਿਮੂਦ ਦਰਮਿਆਨ ਗਹਿਗੱਚ ਲੜਾਈ ਹੋਈ। ਭੀਮ ਦੇਵ ਭੱਜ ਨਿਕਲਿਆ। ਮਹਿਮੂਦ ਲੜਾਈ ਤੋਂ ਬਾਅਦ ਸੋਮਨਾਥ ਵਾਪਸ ਆਇਆ ਅਤੇ ਕਿਲ੍ਹੇ ਨੂੰ ਨਸ਼ਟ ਕਰ ਦਿੱਤਾ।”
ਇਬਨ ਅਲ-ਆਦਿਲ ਮੁਤਾਬਕ, “ਸੋਮਨਾਥ ਨੂੰ ਬਚਾਉਣ ਦੀ ਇਸ ਕੋਸ਼ਿਸ਼ ਵਿੱਚ ਘੱਟੋ-ਘੱਟ 50000 ਸ਼ਰਧਾਲੂਆਂ ਦੀ ਜਾਨ ਗਈ। ਸੋਮਨਾਥ ਦਾ ਖਜ਼ਾਨਾ ਲੁੱਟਣ ਤੋਂ ਬਾਅਦ ਮਹਿਮੂਦ ਨੇ ਸਭ ਕਾਸੇ ਨੂੰ ਅੱਗ ਦੇ ਹਵਾਲੇ ਕਰਨ ਦੇ ਆਦੇਸ਼ ਦਿੱਤੇ।”
ਅਲੀ ਇਬਨ ਅਲ-ਆਦਿਲ ਮੁਤਾਬਕ ਲੁੱਟ ਤੋਂ ਸੁਲਤਾਨ ਨੂੰ ਲਗਭਗ 20 ਲੱਖ ਮੋਹਰਾਂ ਹਾਸਲ ਹੋਈਆਂ ਹੋਏ। ਕਿਤਾਬ “ਮੁਹਿਮੂਦ ਗਜ਼ਨੀ ਦਾ ਜੀਵਨ ਅਤੇ ਸਮਾਂ” ਮੁਤਾਬਕ ਉਸ ਦੌਰਾਨ ਹੋਈ ਕੁੱਲ ਲੁੱਟ ਦਾ ਮਹਿਜ਼ ਪੰਜਵਾਂ ਹਿੱਸਾ ਹੀ ਸੁਲਤਾਨ ਨੂੰ ਮਿਲਿਆ।
ਇਨ੍ਹਾਂ ਮੋਹਰਾਂ ਦਾ ਔਸਤ ਭਾਰ 4.2 ਗਰਾਮ ਸੀ। ਜੇ ਪੈਸੇ ਦਾ ਹਿਸਾਬ ਲਾਇਆ ਜਾਵੇ ਤਾਂ ਇਸ ਦੀ ਕੀਮਤ 105 ਕਰੋੜ 43 ਲੱਖ ਭਾਰਤੀ ਰੁਪਏ ਬਣਦੀ ਹੈ।
ਇਹ ਵੀ ਦੱਸ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਇਹ ਮੁਲਾਂਕਣ ਇਸ ਕਿਤਾਬ ਵਿੱਚ 1931 ਵਿੱਚ ਲਾਇਆ ਗਿਆ ਸੀ।
ਲੁੱਟ ਦੇ ਮਾਲ ਨਾਲ ਉਹ ਬਚ ਕੇ ਨਿਕਲ ਕਿਵੇਂ ਗਏ?
ਹਾਰੋਲਡ ਵਿਲਬਰਫੋਰਸ-ਪੌਲ ‘ਪ੍ਰਾਚੀਨ ਕਾਲ ਤੋਂ ਕਾਠੀਆਵਾੜ ਦਾ ਇਤਿਹਾਸ’ ਵਿੱਚ ਲਿਖਦੇ ਹਨ, ਉਸ ਸਮੇਂ ਸੋਮਨਾਥ ਜਾਂ ਸੌਰਾਸ਼ਟਰ ਵਿੱਚ ਹੋਰ ਕੋਈ ਰਾਜਾ ਨਹੀਂ ਸੀ ਜੋ ਮਹਿਮੂਦ ਨਾਲ ਲੜ ਸਕਦਾ। ਮੋਧੇਰਾ ਵਿੱਚ 20000 ਸੈਨਿਕ ਮਾਰੇ ਗਏ ਸਨ।
ਹਾਲਾਂਕਿ ਸੋਮਨਾਥ ਵਿੱਚ ਖਜ਼ਾਨਾ ਲੁੱਟਣ ਤੋਂ ਬਾਅਦ, ਮਹਿਮੂਦ ਸਮਾਂ ਬਰਬਾਦ ਨਾ ਕਰਕੇ ਜਿੰਨੀ ਜਲਦੀ ਹੋ ਸਕੇ ਇਸ ਨੂੰ ਇੱਥੋਂ ਕੱਢਣਾ ਚਾਹੁੰਦਾ ਸੀ।
ਉਹ ਭੀਮ ਦੇਵ ਉੱਪਰ ਹਮਲਾ ਕਰਨ ਲਈ ਕੱਛ ਵੱਲ ਵਧਿਆ। ਹਾਲਾਂਕਿ ਸਪਸ਼ਟ ਨਹੀਂ ਕਿ ਇਸ ਹਮਲੇ ਵਿੱਚ ਮਹਿਮੂਦ ਸਫਲ ਹੋਏ ਸਨ ਜਾਂ ਨਹੀਂ।
ਪ੍ਰਭਾਸ-ਸੋਮਨਾਥ ਮੁਤਾਬਕ ਸੋਮਨਾਥ ਉੱਤੇ ਹਮਲਾ ਕਰਕੇ ਮਹਿਮੂਦ ਨੇ ਹਿੰਦੂ ਰਾਜਿਆਂ ਨੂੰ ਹੈਰਾਨ ਕਰ ਦਿੱਤਾ।
ਮਾਲਵਾ ਦੇ ਰਾਜਾ ਭੋਜ ਪ੍ਰਮਾਰ, ਸੰਭਰਵਾ ਦੇ ਵਿਸ਼ਾਲਦੇਵ ਚੌਹਾਨ, ਅਤੇ ਪੱਤਣ ਦੇ ਭੀਮ ਸੋਲੰਕੀ ਨੇ ਮਹਿਮੂਦ ਉੱਤੇ ਹਮਲਾ ਕਰਨ ਦੀ ਵਿਓਂਤ ਬਣਾਈ।
ਗਜ਼ਨੀ ਵਾਪਸ ਜਾਣ ਦੇ ਮਹਿਮੂਦ ਕੋਲ ਸਿਰਫ਼ ਤਿੰਨ ਰਸਤੇ ਸਨ।
ਮਾਲਵੇ ਦੇ ਰਸਤੇ ਵਿੱਚ ਰਾਜਾ ਭੋਜ ਤਿਆਰ ਬੈਠਾ ਸੀ। ਜਦਕਿ ਵਿਸ਼ਾਲ ਦੇਵ ਮਾਊਂਟ ਆਬੂ ਵਿੱਚ ਕਮਰ ਕਸਾ ਕਰੀ ਬੈਠਾ ਸੀ। ਭੀਮ ਦੀਆਂ ਫੌਜਾਂ ਨੇ ਮਹਿਮੂਦ ਨੂੰ ਕੱਛ ਵਿੱਚ ਰੋਕਣਾ ਸੀ।

ਤਸਵੀਰ ਸਰੋਤ, PUNEET BARNALA/BBC
ਹਾਲਾਂਕਿ ਮਹਿਮੂਦ ਇਨ੍ਹਾਂ ਤਿੰਨਾਂ ਨਾਲੋਂ ਸਿਆਣਾ ਸੀ। ਉਸ ਨੇ ਰੇਗਿਸਤਾਨ ਦਾ ਰਾਹ ਚੁਣਿਆ। ਮਹਿਮੂਦ ਨੂੰ ਆਪਣੇ ਜਸੂਸਾਂ ਤੋਂ ਇਨ੍ਹਾਂ ਰਾਜਿਆਂ ਦੀਆਂ ਗਤੀਵਿਧੀਆਂ ਬਾਰੇ ਲਗਾਤਾਰ ਸੂਚਨਾ ਮਿਲਦੀ ਰਹਿੰਦੀ ਸੀ।
ਪ੍ਰਭਾਸ ਸੋਮਨਾਥ ਮੁਤਾਬਕ ਮਹਿਮੂਦ ਉਸੇ ਤਰ੍ਹਾਂ ਆਪਣੇ ਰਾਜ ਵਿੱਚ ਵਾਪਸ ਨਹੀਂ ਜਾਣਾ ਚਾਹੁੰਦਾ ਸੀ, ਜਿਵੇਂ ਉੱਥੋਂ ਆਇਆ ਸੀ। ਉਸ ਨੇ ਕੱਛ ਤੋਂ ਸਿੰਧ ਤੱਕ ਦਾ ਸਫ਼ਰ ਰੇਗਿਸਤਾਨ ਦੇ ਰਸਤੇ ਕੀਤਾ।
ਭੀਮ ਦੇਵ ਤਿੰਨ੍ਹਾਂ ਰਾਜਿਆਂ ਵਿੱਚੋਂ ਸਭ ਤੋਂ ਘੱਟ ਸ਼ਕਤੀਸ਼ਾਲੀ ਸੀ। ਉਸ ਦਾ ਰਾਜ ਮਹਿਮੂਦ ਦੇ ਰਾਹ ਵਿੱਚ ਪੈਂਦਾ ਸੀ। ਇਹ ਜਾਣਦੇ ਹੋਏ ਕਿ ਲੁੱਟ ਦਾ ਮਾਲ ਲੈ ਕੇ ਗਜ਼ਨੀ ਵਾਪਸ ਜਾਣਾ ਸੌਖਾ ਨਹੀਂ ਹੋਵੇਗਾ। ਮਹਿਮੂਦ ਨੇ ਭੀਮ ਦੇਵ ਦੇ ਕਿੱਲ੍ਹੇ ਉੱਪਰ ਹਮਲਾ ਕਰਨ ਦਾ ਫੈਸਲਾ ਕੀਤਾ।
“ਮੁਹਿਮੂਦ ਗਜ਼ਨੀ ਦਾ ਜੀਵਨ ਅਤੇ ਸਮਾਂ” ਮੁਤਾਬਕ ਮਹਿਮੂਦ ਭੀਮ ਦੇਵ ਨੂੰ ਮਾਰ ਕੇ ਹੀ ਕੱਛ ਤੋਂ ਸਿੰਧ ਨੂੰ ਰਵਾਨਾ ਹੋਇਆ। ਇਸ ਲਈ ਉਸ ਨੇ ਇੱਕ ਇਲਾਕਾ ਵਾਸੀ ਦੀ ਮਦਦ ਲਈ।
ਭੀਮ ਦੇਵ ਸੋਮਨਾਥ ਦਾ ਉਪਾਸ਼ਕ ਸੀ। ਸੋਮਨਾਥ ਦੇ ਅਪਮਾਨ ਦਾ ਬਦਲਾ ਲੈਣ ਲਈ ਉਸ ਨੇ ਮਹਿਮੂਦ ਦੀ ਫੌਜ ਨੂੰ ਰੇਗਿਸਤਾਨ ਵਿੱਚ ਘੇਰਨ ਦਾ ਫੈਸਲਾ ਲਿਆ।
ਵਾਪਸੀ ਦੇ ਰਾਹ ਵਿੱਚ ਲੁੱਟ ਦੇ ਮਾਲ ਲਈ ਹਮਲੇ
ਗਜ਼ਨੀ ਦੇ ਫਾਰਸੀ ਕਵੀ ਫਾਰੂਖ਼ ਸਿਸਤਾਨੀ ਮੁਤਾਬਕ, ਕਈ ਦਿਨ ਭਟਕਣ ਤੋਂ ਬਾਅਦ ਸੁਲਤਾਨ ਸਿੰਧ ਪਹੁੰਚਿਆ।
ਹਾਲਾਂਕਿ ਪ੍ਰਭਾਸ- ਸੋਮਨਾਥ ਮੁਤਾਬਕ ਭੀਮ ਦੇਵ ਤੋਂ ਬਚ ਨਿਕਲਣਾ ਸੱਚ ਨਹੀਂ ਹੋ ਸਕਦਾ। ਇੱਥੋਂ ਸੁਲਤਾਨ ਸਿੱਧਾ ਮਨਸੌਰਾ ਸ਼ਹਿਰ ਪਹੁੰਚਿਆ ਹੋਵੇਗਾ।
ਮਨਸੌਰਾ ਵਿੱਚ ਵੀ ਉਸ ਨੂੰ ਅਰਾਮ ਨਾ ਮਿਲਿਆ। ਉੱਥੇ ਵੀ ਉਸ ਨੂੰ ਲੜਾਈ ਲੜਨੀ ਪਈ। ਲੁੱਟ ਦਾ ਮਾਲ ਲੈਣ ਲਈ ਉਸ ਉੱਪਰ ਮਹਲੇ ਕੀਤੇ ਗਏ।
ਮਹਿਮੂਦ ਕੋਲ ਨਾ ਤਾਂ ਇੰਨੀ ਫੌਜ ਸੀ ਅਤੇ ਨਾ ਹੀ ਮਜ਼ਦੂਰ। ਫਿਰ ਵੀ ਮਹਿਮੂਦ ਉਨ੍ਹਾਂ ਨੂੰ ਹਰਾ ਕੇ ਮੁਲਤਾਨ ਵੱਲ ਵਧਿਆ।
ਡਾ. ਨਜ਼ੀਮ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਮਹਿਮੂਦ ਨੇ ਸਿੰਧ ਦਰਿਆ ਪਾਰ ਕਰਕੇ ਗਜ਼ਨੀ ਲਈ ਆਪਣਾ ਸਫਰ ਜਾਰੀ ਰੱਖਿਆ। ਹਾਲਾਂਕਿ ਰੇਗਿਸਤਾਨ ਦੇ ਜਾਟਾਂ ਨੇ ਉਸ ਉੱਪਰ ਹਮਲੇ ਕੀਤੇ। ਇਨ੍ਹਾਂ ਹਮਲਿਆਂ ਕਾਰਨ ਸੁਲਤਾਨ ਦੇ ਕਈ ਸੈਨਿਕ ਮਾਰੇ ਗਏ।”
ਪ੍ਰਭਾਸ- ਸੋਮਨਾਥ ਮੁਤਾਬਕ ਪੰਜਾਬ ਦੇ ਜਾਟਾਂ ਨੇ ਮਹਿਮੂਦ ਨੂੰ ਰੋਕਿਆ। ਇੱਥੋਂ ਮਹਿਮੂਦ ਨੇ ਲੁੱਟਿਆ ਖਜ਼ਾਨਾ ਤਾਂ ਬਚਾ ਲਿਆ ਪਰ ਊਂਠ, ਘੋੜੇ ਅਤੇ ਹੋਰ ਜਾਨਵਰ ਉਸ ਤੋਂ ਖੋਹ ਲਏ ਗਏ।
ਡਾ. ਨਜ਼ੀਮ ਦੀ ਕਿਤਾਬ ਮੁਤਾਬਕ, “ਮਹਿਮੂਦ ਆਪਣੀ ਇਸ ਮੁਹਿੰਮ ਤੋਂ ਬਾਅਦ 2 ਅਪਰੈਲ 1026 ਨੂੰ ਵਾਪਸ ਗਜ਼ਨੀ ਪਰਤਿਆ।”












