ਬੰਦਾ ਸਿੰਘ ਬਹਾਦਰ ਨੇ ਕਿਵੇਂ ਤਾਕਤਵਰ ਮੁਗਲ ਸਾਮਰਾਜ ਨਾਲ ਲੋਹਾ ਲਿਆ ਸੀ

ਬੰਦਾ ਬਹਾਦਰ

ਤਸਵੀਰ ਸਰੋਤ, MANOOHAR PUBLISHERS

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਬੰਦਾ ਸਿੰਘ ਬਹਾਦਰ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਉਲਟ ਦਿਸ਼ਾ ਵਿੱਚ ਬਿਤਾਈ। ਅਲ੍ਹੜ ਉਮਰੇ ਸੰਤ ਬਣਨ ਵਾਲੇ ਬੰਦਾ ਸਿੰਘ ਬਹਾਦਰ ਆਪਣੀ ਜ਼ਿੰਦਗੀ ਦੇ ਬਾਅਦ ਦੇ ਸਾਲਾਂ ਵਿੱਚ ਸੰਸਾਰਿਕ ਜੀਵਨ ਵੱਲ ਮੁੜ ਆਏ।

ਅਜਿਹੇ ਬਹੁਤ ਘੱਟ ਲੋਕ ਮਿਲਦੇ ਜੋ ਹਿੰਦੂ ਧਾਰਮਿਕ ਗ੍ਰੰਥਾਂ ਦੇ ਵਿਦਵਾਨ ਤੋਂ ਇੱਕ ਬਹਾਦਰ ਯੋਧੇ ਤੇ ਫ਼ਿਰ ਇੱਕ ਨੇਤਾ ਵਜੋਂ ਉੱਭਰੇ ਹੋਣ।

ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਵਿਚ ਮੁਗਲ ਬਾਦਸ਼ਾਹ ਫਖ਼ਸੀਅਰ ਦੀ ਹਕੂਮਤ ਨੇ ਸਾਥੀਆਂ ਸਣੇ ਕੋਹ-ਕੋਹ ਕੇ ਮਾਰ ਦਿੱਤਾ ਸੀ।

ਸਿੱਖ ਰਿਸਰਚ ਇੰਸਟੀਚਿਊਟ, ਟੈਕਸਸ ਦੇ ਸਹਿ ਸੰਸਥਾਪਕ ਹਰਿੰਦਰ ਸਿੰਘ ਲਿਖਦੇ ਹਨ, "38 ਸਾਲ ਦੀ ਉਮਰ ਆਉਣ ਤੱਕ ਅਸੀਂ ਬੰਦਾ ਸਿੰਘ ਬਹਾਦਰ ਦੀ ਜ਼ਿੰਦਗੀ ਦੇ ਦੋ ਸਿਖ਼ਰ ਦੇਖਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਪਹਿਲਾਂ ਉਹ ਵੈਸ਼ਨਵ ਅਤੇ ਸ਼ੈਵ ਰਵਾਇਤਾਂ ਦਾ ਪਾਲਣ ਕਰ ਰਹੇ ਸਨ।"

"ਪਰ ਉਸ ਤੋਂ ਬਾਅਦ ਉਸ ਨੇ ਬਿਨਾਂ ਫੌਜੀ ਸਿਖਲਾਈ, ਹਥਿਆਰਾਂ ਅਤੇ ਫੌਜ ਦੇ 2500 ਕਿਲੋਮੀਟਰ ਦਾ ਸਫ਼ਰ ਕੀਤਾ ਅਤੇ 20 ਮਹੀਨਿਆਂ ਵਿੱਚ ਸਰਹਿੰਦ 'ਤੇ ਕਬਜ਼ਾ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ।"

ਗੁਰੂ ਗੋਬਿੰਦ ਸਿੰਘ ਨਾਲ ਮੁਲਾਕਤ

ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਨੂੰ ਰਾਜੌਰੀ ਵਿੱਚ ਹੋਇਆ ਸੀ। ਬਹੁਤ ਘੱਟ ਉਮਰ ਵਿੱਚ ਘਰ ਛੱਡ ਕੇ ਉਹ ਬੈਰਾਗੀ ਹੋ ਗਏ ਅਤੇ ਉਨ੍ਹਾਂ ਨੂੰ ਮਾਧੋਦਾਸ ਬੈਰਾਗੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਉਹ ਆਪਣੇ ਘਰੋਂ ਨਿਕਲ ਅਤੇ ਦੇਸ ਦਾ ਦੌਰਾ ਕਰਦੇ ਹੋਏ ਮਹਾਂਰਾਸ਼ਟਰ ਦੇ ਨਾਂਦੇੜ ਪਹੁੰਚ ਗਏ।

ਨਾਂਦੇੜ ਵਿੱਚ ਉਨ੍ਹਾਂ ਦੀ ਮੁਲਾਕਤ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨਾਲ ਹੋਈ। ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਆਪਣਾ ਨੂੰ ਆਪਣਾ ਬੈਰਾਗ਼ੀ ਜੀਵਨ ਤਿਆਗਣ ਤੇ ਪੰਜਾਬ ਦੇ ਲੋਕਾਂ ਨੂੰ ਮੁਗ਼ਲਾਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਸੋਂਪਿਆ।

ਬੰਦਾ ਬਹਾਦਰ

ਤਸਵੀਰ ਸਰੋਤ, PUBLICATION BUREAU PUNJABI UNIVERSITY

ਜੇਐੱਸ ਗਰੇਵਾਲ ਆਪਣੀ ਕਿਤਾਬ ਸਿਖਸ ਆਫ਼ ਪੰਜਾਬ ਵਿੱਚ ਲਿਖਦੇ ਹਨ, "ਗੁਰੂ ਨੇ ਬੰਦਾ ਸਿੰਘ ਨੂੰ ਇੱਕ ਤਲਵਾਰ, ਪੰਜ ਤੀਰ ਅਤੇ ਤਿੰਨ ਸਾਥੀ ਦਿੱਤੇ। ਨਾਲ ਹੀ ਉਨ੍ਹਾਂ ਨੇ ਇੱਕ ਫ਼ਰਮਾਨ ਵੀ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਮੁਗ਼ਲਾ ਦੇ ਖ਼ਿਲਾਫ਼ ਸਿੱਖਾਂ ਦੀ ਅਗਵਾਈ ਕਰੋ।"

ਗੋਪਾਲ ਸਿੰਘ ਨੇ ਆਪਣੀ ਕਿਤਾਬ ਗੁਰੂ ਗੋਬਿੰਦ ਸਿੰਘ ਵਿੱਚ ਇਸ ਬਾਰੇ ਹੋਰ ਵਿਸਥਾਰ ਵਿੱਚ ਦੱਸਦਿਆਂ ਲਿਖਿਆ ਹੈ, "ਗੁਰੂ ਨੇ ਬੰਦਾ ਬਹਾਦਰ ਨੂੰ ਪੰਜ ਸਾਥੀਆਂ ਦੇ ਨਾਲ ਪੰਜਾਬ ਕੂਚ ਕਰਨ ਦਾ ਆਦੇਸ਼ ਦਿੱਤਾ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਜਾ ਕੇ ਸਰਹਿੰਦ ਸ਼ਹਿਰ ਤੇ ਕਬਜ਼ਾ ਕਰਨ ਅਤੇ ਆਪਣੇ ਹੱਥਾਂ ਨਾਲ ਵਜ਼ੀਰ ਖ਼ਾਂ ਨੂੰ ਮੌਤ ਦੀ ਸਜ਼ਾ ਦੇਣ।"

ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚੇ

ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਨਿਕਲ ਤੁਰੇ ਪਰ ਕੁਝ ਦਿਨ ਬਾਅਦ ਹੀ ਜਮਸ਼ੀਦ ਖਾਂ ਨਾਮ ਦੇ ਇੱਕ ਅਫ਼ਗ਼ਾਨ ਨੇ ਗੁਰੂ ਗੋਬਿੰਦ ਸਿੰਘ ਤੇ ਚਾਕੂ ਨਾਲ ਵਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਕਈ ਦਿਨਾਂ ਤੱਕ ਜ਼ਖ਼ਮੀ ਰਹੇ।

ਰਾਜਮੋਹਨ ਗਾਂਧੀ ਆਪਣੀ ਕਿਤਾਬ 'ਪੰਜਾਬ ਏ ਹਿਸਟਰੀ ਆਫ਼ ਔਰੰਗਜ਼ੇਬ ਟੂ ਮਾਉਂਟਬੇਟਨ' ਵਿੱਚ ਲਿਖਦੇ ਹਨ, ''ਫ਼ੱਟੜ ਹੋਣ ਮਗਰੋਂ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਚਾਹੁੰਦੇ ਤਾਂ ਆਪਣੇ ਪੁਰਖ਼ਿਆਂ (ਪਹਿਲੇ ਗੁਰੂਆਂ) ਦੀ ਤਰ੍ਹਾਂ ਕਿਸੇ ਵਿਅਕਤੀ ਨੂੰ ਅਗਲਾ ਗੁਰੂ ਨਾਮਜ਼ਦ ਕਰ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਸਾਫ਼ ਐਲਾਨ ਕੀਤਾ ਕਿ ਉਨ੍ਹਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਿੱਖਾਂ ਦੇ ਸਥਾਈ ਗੁਰੂ ਦਾ ਦਰਜਾ ਦਿੱਤਾ ਜਾਵੇਗਾ।"

ਸਾਲ 1709 ਵਿੱਚ ਜਦੋਂ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਹਾਲੇ ਵੀ ਦੱਖਣ ਵਿੱਚ ਲੜਾਈ ਲੜ ਰਹੇ ਸਨ, ਬੰਦਾ ਬਹਾਦਰ ਪੰਜਾਬ ਵਿੱਚ ਸਤਲੁਜ ਦਰਿਆ ਦੇ ਪੂਰਵ ਤੱਕ ਪਹੁੰਚ ਗਏ ਅਤੇ ਸਿੱਖ ਕਿਸਾਨਾਂ ਨੂੰ ਆਪਣੇ ਵੱਲ ਕਰਨ ਦੀ ਮੁਹਿੰਮ ਵਿੱਚ ਲੱਗ ਗਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸੋਨੀਪਤ ਅਤੇ ਕੈਥਲ ਵਿੱਚ ਮੁਗ਼ਲਾਂ ਦਾ ਖ਼ਜ਼ਾਨਾ ਲੁੱਟਿਆ।

ਮਸ਼ਹੂਰ ਇਤਿਹਾਸਕਾਰ ਹਰਿਰਾਮ ਗੁਪਤਾ ਨੇ ਆਪਣੀ ਕਿਤਾਬ 'ਲੇਟਰ ਮੁਗ਼ਲ ਹਿਸਟਰੀ ਆਫ਼ ਪੰਜਾਬ' ਵਿੱਚ ਉਸ ਜ਼ਮਾਨੇ ਦੇ ਮੁਗ਼ਲ ਇਤਿਹਾਸਕਾਰ ਖ਼ਫ਼ੀ ਖ਼ਾਂ ਦਾ ਹਵਾਲਾ ਦਿੰਦਿਆ ਦੱਸਿਆ ਕਿ , ''ਤਿੰਨ ਤੋਂ ਚਾਰ ਮਹੀਨਿਆਂ ਅੰਦਰ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਤਕਰੀਬਨ ਪੰਜ ਹਜ਼ਾਰ ਘੋੜੇ ਅਤੇ ਅੱਠ ਹਜ਼ਾਰ ਪੈਦਲ ਫ਼ੋਜੀ ਸ਼ਾਮਲ ਹੋ ਗਏ।''

ਬੰਦਾ ਬਹਾਦਰ

ਤਸਵੀਰ ਸਰੋਤ, Getty Images

ਸਮਾਣੇ 'ਤੇ ਹਮਲਾ

ਜ਼ਿਮੀਦਾਰਾਂ ਦੇ ਜ਼ੁਲਮਾਂ ਤੋਂ ਤੰਗ ਸਰਹਿੰਦ ਦੇ ਕਿਸਾਨ ਬਹੁਤ ਔਖੀ ਜ਼ਿੰਦਗੀ ਬਤੀਤ ਕਰ ਰਹੇ ਸਨ। ਉਨ੍ਹਾਂ ਨੂੰ ਨਿਡਰ ਆਗੂ ਦੀ ਤਲਾਸ਼ ਸੀ। ਉਹ ਇਹ ਵੀ ਨਹੀਂ ਸਨ ਭੁੱਲ ਸਕੇ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨਾਲ ਕੀ ਹੋਇਆ ਸੀ।

ਇਸ ਇਲਾਕੇ ਦੇ ਸਿੱਖਾਂ ਨੇ ਬੰਦਾ ਬਹਾਦਰ ਨੂੰ ਘੋੜੇ ਅਤੇ ਦੌਲਤ ਮਹੁੱਈਆ ਕਰਵਾਈ। ਕਈ ਸਾਲਾਂ ਤੋਂ ਮਨਸਬਦਾਰਾਂ ਨੇ ਆਪਣੇ ਸੈਨਿਕਾਂ ਨੂੰ ਤਨਖ਼ਾਹਾਂ ਨਹੀਂ ਸਨ ਦਿੱਤੀਆਂ। ਇਸ ਕਰਕੇ ਲੋਕ ਵੀ ਰੋਜ਼ਗਾਰ ਦੀ ਤਲਾਸ਼ ਵਿੱਚ ਸਨ ਜਿਸ ਨੇ ਉਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਨਾਲ ਆਉਣ ਲਈ ਪ੍ਰੇਰਿਆ।

ਇਹ ਵੀ ਪੜ੍ਹੋ:

ਔਰੰਗਜ਼ੇਬ ਤੋਂ ਬਾਅਦ ਨਵੇਂ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦਾ ਅਕਸ ਉਦਾਰਵਾਦੀ ਜ਼ਰੂਰ ਬਣ ਗਿਆ ਪਰ ਕਿਉਂਕਿ ਉਹ ਪੰਜਾਬ ਅਤੇ ਦਿੱਲੀ ਤੋਂ ਦੂਰ ਸਨ ਇਸ ਲਈ ਉਨ੍ਹਾਂ ਦੇ ਅਫ਼ਸਰ ਅਤੇ ਆਮ ਲੋਕ ਉਨ੍ਹਾਂ ਨੂੰ ਕਮਜ਼ੋਰ ਸਮਝਣ ਲੱਗੇ।

ਲੋਕਾਂ ਦੇ ਮਨ ਵਿੱਚ ਬਾਦਸ਼ਾਹ ਦਾ ਜੋ ਡਰ ਸੀ ਉਹ ਜਾਂਦਾ ਰਿਹਾ। ਨਵੰਬਰ, 1709 ਵਿੱਚ ਬੰਦਾ ਬਹਾਦਰ ਦੇ ਫ਼ੋਜੀਆਂ ਨੇ ਅਚਾਨਕ ਸਰਹਿੰਦ ਵਿੱਚ ਪੈਂਦੇ ਕਸਬੇ ਸਮਾਣਾ 'ਤੇ ਹਮਲਾ ਕਰ ਦਿੱਤਾ।

ਬੰਦਾ ਬਹਾਦਰ ਵੱਲੋਂ ਜਾਰੀ ਸਿੱਕੇ

ਤਸਵੀਰ ਸਰੋਤ, ALEPH BOOKS

ਹਰਿਰਾਮ ਗੁਪਤਾ ਲਿਖਦੇ ਹਨ, "ਸਮਾਣਾ ਹਮਲੇ ਕਰਨ ਦੀ ਵਜ੍ਹਾ ਸੀ ਕਿ 34 ਸਾਲ ਪਹਿਲਾਂ ਗੁਰੂ ਤੇਗ਼ ਬਹਾਦਰ ਨੂੰ ਸ਼ਹੀਦ ਕਰਨ ਵਾਲਾ ਅਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਮਾਰਨ ਵਾਲੇ ਉਸੇ ਸ਼ਹਿਰ ਵਿੱਚ ਰਹਿ ਰਹੇ ਸੀ।"

"ਸਮਾਣਾ ਦੇ ਕੋਲ ਸਿਧੌਰਾ ਦੇ ਮਨਸਬਦਾਰ ਉਸਮਾਨ ਖਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਦੋਸਦੀ ਰੱਖਣ ਵਾਲੇ ਇੱਕ ਮੁਸਲਮਾਨ ਪੀਰ ਨੂੰ ਤੰਗ ਕੀਤਾ ਸੀ ਇਸ ਲਈ ਉਥੇ ਕਤਲੇਆਮ ਦਾ ਹੁਕਮ ਦਿੱਤਾ ਗਿਆ। ਬਾਅਦ ਵਿੱਚ ਖ਼ਫ਼ੀ ਖ਼ਾਂ ਨੇ ਲਿਖਿਆ ਕਿ ਬੰਦਾ ਬਹਾਦਰ ਨੇ ਮੁਗ਼ਲ ਅਫ਼ਸਰਾਂ ਨੂੰ ਹੁਕਮ ਦਿੱਤਾ ਕਿ ਉਹ ਆਪਣਾ ਅਹੁਦਾ ਛੱਡ ਦੇਣ।"

ਸਮਾਣਾ ਨੂੰ ਬਚਾਉਣ ਲਈ ਦਿੱਲੀ ਤੋਂ ਸਰਹਿੰਦ ਲਈ ਕੋਈ ਮਦਦ ਨਹੀਂ ਭੇਜੀ ਗਈ। ਸਰਹਿੰਦ ਦਿੱਲੀ ਅਤੇ ਲਾਹੌਰ ਦਰਮਿਆਨ ਵਸਿਆ ਸ਼ਹਿਰ ਸੀ। ਇਥੇ ਮੁਗ਼ਲਾਂ ਨੇ ਵੱਡੇ ਵੱਡੇ ਭਵਨ ਬਣਵਾਏ ਹੋਏ ਸਨ ਅਤੇ ਉਸ ਸਮੇਂ ਪੂਰੇ ਭਾਰਤ ਵਿੱਚ ਲਾਲ ਮਲਮਲ ਬਣਾਉਣ ਲਈ ਮਸ਼ਹੂਰ ਸੀ।

ਸਰਹਿੰਦ ਫ਼ਤਿਹ

ਬੰਦਾ ਬਹਾਦਰ ਨੇ ਮਈ 1710 ਵਿੱਚ ਸਰਹਿੰਦ 'ਤੇ ਹਮਲਾ ਬੋਲਿਆ। ਹਰੀਸ਼ ਢਿਲੋਂ ਆਪਣੀ ਕਿਤਾਬ 'ਫ਼ਸਟ ਰਾਜ ਆਫ਼ ਦਾ ਸਿਖਸ ਦਾ ਲਾਈਫ਼ ਐਂਡ ਟਾਈਮਸ ਆਫ਼ ਬੰਦਾ ਸਿੰਘ ਬਹਾਦਰ ਵਿੱਚ ਲਿਖਦੇ ਹਨ, ''ਬੰਦਾ ਦੀ ਫ਼ੌਜ ਵਿੱਚ 35000 ਲੋਕ ਸਨ। ਇੰਨਾਂ ਵਿਚੋਂ 11000 ਭਾੜੇ ਦੇ ਫ਼ੋਜੀ ਸਨ। ਵਜੀਰ ਖ਼ਾਂ ਕੋਲ ਚੰਗੇ ਸਿਖਲਾਈਯਾਫ਼ਤਾ 15000 ਸੈਨਿਕ ਸਨ। ਘੱਟ ਗਿਣਤੀ ਵਿੱਚ ਹੁੰਦਿਆਂ ਵੀ ਵਜ਼ੀਰ ਦੀ ਫ਼ੌਜ ਕੋਲ ਸਿੱਖਾਂ ਦੇ ਮੁਕਾਬਲੇ ਬਿਹਤਰ ਹਥਿਆਰ ਸਨ।"

ਬੰਦਾ ਬਹਾਦਰ ਵੱਲੋਂ ਜਾਰੀ ਸਿੱਕੇ

ਤਸਵੀਰ ਸਰੋਤ, HAYHOUSE INDIA

ਤਸਵੀਰ ਕੈਪਸ਼ਨ, 1713 ਤੋਂ 1717 ਤੱਕ ਬੰਦਾ ਬਹਾਦਰ ਇੱਥੇ ਹੀ ਰਹੇ ਸਨ

ਉਨ੍ਹਾਂ ਕੋਲ ਘੱਟ ਤੋਂ ਘੱਟ ਦੋ ਦਰਜਨ ਤੋਪਾਂ ਸਨ ਅਤੇ ਉਨ੍ਹਾਂ ਦੇ ਅੱਧੇ ਫ਼ੌਜੀ ਘੋੜਸਵਾਰ ਸਨ."

22 ਮਈ 1710 ਨੂੰ ਹੋਈ ਇਸ ਲੜਾਈ ਵਿੱਚ ਬੰਦਾ ਬਹਾਦਰ ਨੇ ਇਹ ਮੰਨਦਿਆਂ ਕਿ ਵਿਚਕਾਰ ਰੱਖੀਆਂ ਚਾਰ ਤੋਪਾਂ ਤੇ ਸਭ ਤੋਂ ਪਹਿਲਾਂ ਹਮਲਾ ਬੋਲਿਆ ਜਾਂਦਾ ਹੈ, ਸਭ ਤੋਂ ਕਮਜ਼ੋਰ ਤੋਪਾਂ ਨੂੰ ਹਮੇਸ਼ਾਂ ਵਿਚਕਾਰ ਰੱਖਿਆ।

ਇਸ ਹਮਲੇ ਦੀ ਕਮਾਨ ਉਨ੍ਹਾਂ ਫ਼ਤਿਹ ਸਿੰਘ ਨੂੰ ਦਿੱਤੀ। ਹਰੀਸ਼ ਢਿਲੋਂ ਲਿਖਦੇ ਹਨ, " ਆਮੋ-ਸਾਹਮਣੇ ਦੀ ਲੜਾਈ ਵਿੱਚ ਫ਼ਤਿਹ ਸਿੰਘ ਨੇ ਵਜ਼ੀਰ ਖ਼ਾਂ ਦੇ ਸਿਰ 'ਤੇ ਵਾਰ ਕੀਤਾ।"

"ਜਿਵੇਂ ਹੀ ਸਰਹਿੰਦ ਵਿੱਚ ਫ਼ੋਜ਼ੀਆਂ ਨੇ ਆਪਣੇ ਸੈਨਾਪਤੀ ਦਾ ਕੱਟਿਆ ਸਿਰ ਜ਼ਮੀਨ ਤੇ ਡਿਗਦਿਆਂ ਦੇਖਿਆ ਉਨ੍ਹਾਂ ਦਾ ਮਨੋਬਲ ਢਹਿ ਗਿਆ ਅਤੇ ਉਹ ਮੈਦਾਨ ਛੱਡ ਭੱਜ ਗਏ।"

ਇਸ ਲੜਾਈ ਵਿੱਚ ਬੰਦਾ ਬਹਾਦਰ ਦੀ ਜਿੱਤ ਹੋਈ। ਸਰਹਿੰਦ ਸ਼ਹਿਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ।

ਬੰਦਾ ਬਹਾਦਰ

ਤਸਵੀਰ ਸਰੋਤ, HAYHOUSE INDIA

ਇਸ ਤੋਂ ਬਾਅਦ ਜਦੋਂ ਬੰਦਾ ਬਹਾਦਰ ਨੂੰ ਖ਼ਬਰ ਮਿਲੀ ਕਿ ਯਮੁਨਾ ਨਦੀ ਦੇ ਪੂਰਬ ਵਿੱਚ ਹਿੰਦੂਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਯਮੁਨਾ ਨਦੀ ਪਾਰ ਕੀਤੀ ਅਤੇ ਸਹਾਰਨਪੁਰ ਸ਼ਹਿਰ ਨੂੰ ਤਬਾਹ ਕਰ ਦਿੱਤਾ।

ਬੰਦਾ ਬਹਾਦਰ ਦੇ ਹਮਲਿਆਂ ਤੋਂ ਉਤਸ਼ਾਹਿਤ ਹੋ ਸਥਾਨਕ ਸਿੱਖ ਲੋਕਾਂ ਨੇ ਦੁਆਬੇ ਵਿੱਚ ਜਲੰਧਰ ਦੇ ਇਲਾਕੇ ਰਾਹੋਂ,ਬਟਾਲਾ ਅਤੇ ਪਠਾਨਕੋਟ ’ਤੇ ਕਬਜ਼ਾ ਕਰ ਲਿਆ।

ਨਵੇਂ ਸਿੱਕੇ ਅਤੇ ਮੋਹਰ ਜਾਰੀ ਕੀਤੀ

ਬੰਦਾ ਸਿੰਘ ਬਹਾਦਰ ਨੇ ਆਪਣੇ ਨਵੇਂ ਕਾਰਜਕਾਰੀ ਕੇਂਦਰ ਨੂੰ ਲੋਹਗੜ੍ਹ ਦਾ ਨਾਮ ਦਿੱਤਾ। ਸਰਹਿੰਦ ਦੀ ਜਿੱਤ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਨਵੇਂ ਸਿੱਕੇ ਢਲਵਾਏ ਅਤੇ ਆਪਣੀ ਨਵੀਂ ਮੋਹਰ ਜਾਰੀ ਕੀਤੀ।

ਉਨ੍ਹਾਂ ਸਿੱਕਿਆਂ ਤੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਚਿੱਤਰ ਸਨ। ਸਾਲ 1710 ਵਿੱਚ 66 ਸਾਲਾ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਖ਼ੁਦ ਬੰਦਾ ਸਿੰਘ ਬਹਾਦਰ ਖ਼ਿਲਾਫ਼ ਜੰਗ ਦੇ ਮੈਦਾਨ ਵਿੱਚ ਉੱਤਰੇ।

ਦੱਖਣ ਤੋਂ ਵਾਪਸ ਆਉਂਦਿਆਂ ਬਹਾਦਰ ਸ਼ਾਹ ਦਿੱਲੀ ਵਿੱਚ ਨਹੀਂ ਰੁਕੇ ਅਤੇ ਉਨ੍ਹਾਂ ਨੇ ਸਿੱਧਾ ਲੋਹਗੜ੍ਹ ਵੱਲ ਕੀਤਾ। ਮੁਗ਼ਲ ਫ਼ੌਜ ਬੰਦਾ ਬਹਾਦਰ ਦੀ ਫ਼ੌਜ ਤੋਂ ਕਿਤੇ ਵੱਡੀ ਸੀ। ਬੰਦਾ ਬਹਾਦਰ ਨੂੰ ਭੇਸ ਬਦਲ ਕੇ ਲੋਹਗੜ੍ਹ ਵਿੱਚੋਂ ਜਾਣ ਲਈ ਮਜ਼ਬੂਰ ਹੋਣਾ ਪਿਆ।

ਇਹ ਵੀ ਪੜ੍ਹੋ:

ਬੰਦਾ ਬਹਾਦਰ ਵੱਲੋਂ ਜਾਰੀ ਸਿੱਕੇ

ਤਸਵੀਰ ਸਰੋਤ, Hayhouse india

ਤਸਵੀਰ ਕੈਪਸ਼ਨ, ਬੰਦਾ ਬਹਾਦਰ ਵੱਲੋਂ ਜਾਰੀ ਸਿੱਕੇ
ਬੰਦਾ ਬਹਾਦਰ ਵੱਲੋਂ ਜਾਰੀ ਸਿੱਕੇ

ਤਸਵੀਰ ਸਰੋਤ, HAYHOUSE INDIA

ਤਸਵੀਰ ਕੈਪਸ਼ਨ, ਬੰਦਾ ਬਹਾਦਰ ਵੱਲੋਂ ਜਾਰੀ ਸਿੱਕੇ

ਐੱਸ ਐੱਸ ਲਤੀਫ਼ ਆਪਣੀ ਕਿਤਾਬ 'ਦ ਹਿਸਟਰੀ ਆਫ਼ ਪੰਜਾਬ' ਵਿੱਚ ਲਿਖਦੇ ਹਨ, ''ਬੰਦਾ ਬਹਾਦਰ ਨੂੰ ਧਿਆਨ ਵਿੱਚ ਰੱਖ ਕੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਹੁਕਮ ਦਿੱਤਾ ਕਿ ਹੁਣ ਦਿੱਲੀ ਦੀ ਬਜਾਇ ਲਾਹੌਰ ਉਨ੍ਹਾਂ ਦੀ ਰਾਜਧਾਨੀ ਹੋਵੇਗੀ।"

ਲਾਹੌਰ ਤੋਂ ਉਨ੍ਹਾਂ ਨੇ ਬੰਦੇ ਨੂੰ ਫੜਨ ਲਈ ਆਪਣੇ ਫ਼ੌਜੀ ਕਮਾਂਡਰ ਭੇਜੇ। ਉਸ ਸਮੇਂ ਤੱਕ ਬੰਦੇ ਨੇ ਖ਼ੁਦ ਨੂੰ ਆਪਣੀ ਪਤਨੀ ਅਤੇ ਕੁਝ ਸਿੱਖਾਂ ਦੇ ਨਾਲ ਪਹਾੜਾਂ ਵਿੱਚ ਲਕੋ ਲਿਆ ਸੀ।

ਜਦੋਂ ਇੱਕ ਕਮਾਂਡਰ ਖਾਲੀ ਹੱਥ ਵਾਪਸ ਆਇਆ ਤਾਂ ਬਹਾਦਰ ਸ਼ਾਹ ਨੇ ਉਸ ਨੂੰ ਕਿਲੇ ਵਿੱਚ ਹੀ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ।

ਲਾਹੌਰ ਵਿੱਚ ਸਿੱਖਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ। ਹਾਲਾਂਕਿ ਬੰਦਾ ਸਿੰਘ ਦੇ ਸਾਥੀ ਰਾਤ ਨੂੰ ਰਾਵੀ ਦਰਿਆ ਪਾਰ ਕਰਕੇ ਤੈਰਦੇ ਹੋਏ ਲਾਹੌਰ ਦੇ ਬਾਹਰੀ ਇਲਾਕਿਆਂ ਵਿੱਚ ਆਉਂਦੇ ਅਤੇ ਮੁਗਲ ਪ੍ਰਸ਼ਾਸਨ ਨੂੰ ਤੰਗ ਕਰਕੇ ਦਿਨ ਚੜ੍ਹਨ ਤੋਂ ਪਹਿਲਾਂ ਦਰਿਆ ਪਾਰ ਕਰਕੇ ਚਲੇ ਜਾਂਦੇ।''

ਫੁਰਖ਼ਸ਼ੀਅਰ ਨੇ ਬੰਦੇ ਨੂੰ ਫੜਨ ਦਾ ਜ਼ਿੰਮਾ ਸਮਦ ਖ਼ਾਨ ਨੂੰ ਸੌਂਪਿਆ

ਸਾਲ 1712 ਵਿੱਚ ਬਾਦਸ਼ਾਹ ਬਾਹਦਰ ਸ਼ਾਹ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੋਈ ਲੜਾਈ ਵਿੱਚ ਸੱਤਾ ਪਹਿਲਾਂ ਜਹੰਦਰ ਦੇ ਹੱਥ ਵਿੱਚ ਆਈ ਅਤੇ ਫਿਰ ਉਸ ਦੇ ਭਤੀਜੇ ਫੁਰਖ਼ਸ਼ੀਅਰ ਨੂੰ ਮੁਗਲੀਆ ਤਾਜ ਮਿਲਿਆ।

ਫੁਰਖ਼ਸ਼ੀਅਰ ਨੇ ਬੰਦਾ ਸਿੰਘ ਬਹਾਦਰ ਨੂੰ ਫੜਨ ਦੀ ਮੁਹਿੰਮ ਕਸ਼ਮੀਰ ਦੇ ਸੂਬੇਦਾਰ ਅਬਦੁੱਲ ਸਮਦ ਖ਼ਾਨ ਨੂੰ ਦਿੱਤੀ।

ਸਮਦ ਨੇ 1713 ਦੇ ਆਉਂਦੇ-ਆਉਂਦੇ ਬੰਦਾ ਬਹਾਦਰ ਨੂੰ ਸਰਹੰਦ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਬੰਦਾ ਸਿੰਘ ਅਤੇ ਸਮਦ ਦੇ ਸੈਨਿਕਾਂ ਦੇ ਦਰਮਿਆਨ ਲੁਕਣ-ਮੀਟੀ ਦਾ ਖੇਡ ਚੱਲਦਾ ਰਿਹਾ। ਆਖ਼ਰਕਾਰ ਸਮਦ ਖਾਂ ਨੂੰ ਬੰਦਾ ਬਹਾਦਰ ਨੂੰ ਅਜੋਕੇ ਗੁਰਦਾਸਪੁਰ ਸ਼ਹਿਰ ਤੋਂ ਚਾਰ ਮੀਲ ਦੂਰ ਗੁਰਦਾਸ ਨੰਗਲ ਪਿੰਡ ਦੇ ਇੱਕ ਕਿਲੇ ਵਿੱਚ ਧੱਕਣ ਵਿੱਚ ਸਫ਼ਲਤਾ ਮਿਲੀ।

ਲੋਹਗੜ੍ਹ

ਤਸਵੀਰ ਸਰੋਤ, HAYHOUSE INDIA

ਤਸਵੀਰ ਕੈਪਸ਼ਨ, ਲੋਹਗੜ੍ਹ

ਇੱਥੇ ਕਿਲੇ ਨੂੰ ਇੰਨਾ ਸਖ਼ਤ ਘੇਰਾ ਪਾਇਆ ਗਿਆ ਕਿ ਉਸ ਦੇ ਅੰਦਰ ਅਨਾਜ ਦਾ ਇੱਕ ਦਾਣਾ ਤੱਕ ਨਹੀਂ ਪਹੁੰਚ ਸਕਿਆ। ਕਿਲੇ ਦੇ ਅੰਦਰ ਭੁੱਖਮਰੀ ਫੈਲ ਗਈ ਅਤੇ ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਘੋੜਿਆਂ ਅਤੇ ਗਧਿਆਂ ਦਾ ਮਾਸ ਖਾ ਕੇ ਆਪਣੇ-ਆਪ ਨੂੰ ਜ਼ਿੰਦਾ ਰੱਖਣਾ ਪਿਆ।

ਹਰੀਰਾਮ ਗੁਪਤਾ ਲਿਖਦੇ ਹਨ, ਘਾਹ, ਪੱਤੇ ਅਤੇ ਮਾਸ ਤੇ ਗੁਜ਼ਾਰਾ ਕਰਦੇ ਹੋਏ ਬੰਦਾ ਬਹਾਦਰ ਨੇ ਤਾਕਤਵਰ ਮੁਗਲ ਫ਼ੌਜ ਦਾ ਅੱਠ ਮਹੀਨਿਆਂ ਤੱਕ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ। ਆਖ਼ਰਕਾਰ 1715 ਵਿੱਚ ਸਮਦ ਖ਼ਾਨ ਬੰਦਾ ਬਹਾਦਰ ਦੇ ਕਿਲ੍ਹੇ ਵਿੱਚ ਸੰਨ੍ਹ ਲਗਾਉਣ ਵਿੱਚ ਕਾਮਯਾਬ ਹੋ ਗਏ।''

ਬੰਦਾ ਬਹਾਦਰ ਨੂੰ ਦਿੱਲੀ ਲਿਆਂਦਾ ਗਿਆ

ਬੰਦਾ ਬਹਾਦਰ ਨੂੰ ਫੜ ਲਏ ਜਾਣ ਤੋਂ ਬਾਅਦ ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ ਨੂੰ ਗੁਰਦਾਸ ਨੰਗਲ ਵਿੱਚ ਕੀ ਕਤਲ ਕਰ ਦਿੱਤਾ ਗਿਆ। ਦੂਜੇ ਲੋਕਾਂ ਨੂੰ ਲਾਹੌਰ ਵਾਪਸੀ ਸਮੇਂ ਰਾਵੀ ਦਰਿਆ ਦੇ ਨੇੜੇ ਕਤਲ ਕਰ ਦਿੱਤਾ ਗਿਆ।

ਐਸਐਮ ਲਤੀਫ਼ ਲਿਖਦੇ ਹਨ, ਸੂਬੇਦਾਰ ਨੇ ਜੇਤੂ ਵਾਂਗ ਲਾਹੌਰ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਦੇ ਪਿੱਛੇ ਬੰਦਾ ਬਾਹਦਰ ਆਪਣੇ ਸੈਨਿਕਾਂ ਦੇ ਨਾਲ ਤੁਰ ਰਹੇ ਸਨ।''

''ਸਾਰੇ ਕੈਦੀਆਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਗਧਿਆਂ ਉੱਪਰ ਬੈਠਣ ਲਈ ਮਜਬੂਰ ਕੀਤਾ ਗਿਆ ਸੀ।''

ਸਮਦ ਖ਼ਾਨ ਨੇ ਬਾਦਸ਼ਾਹ ਤੋਂ ਬੰਦਾ ਸਿੰਘ ਨੂੰ ਖ਼ੁਦ ਦਿੱਲੀ ਲੈ ਜਾਣ ਦੀ ਆਗਿਆ ਮੰਗੀ ਪਰ ਬਾਦਸ਼ਾਹ ਨੇ ਮਨ੍ਹਾਂ ਕਰ ਦਿੱਤਾ। ਫਿਰ ਅਗਲੇ ਦਿਨ ਸਮਦ ਖ਼ਾਨ ਨੇ ਆਪਣੇ ਪੁੱਤਰ ਜ਼ਕਰੀਆ ਖ਼ਾਨ ਦੀ ਅਗਵਾਈ ਵਿੱਚ ਇਨ੍ਹਾਂ ਕੈਦੀਆਂ ਨੂੰ ਦਿੱਲੀ ਲਈ ਰਵਾਨਾ ਕੀਤਾ।

ਲਾਲ ਕਿਲਾ

ਤਸਵੀਰ ਸਰੋਤ, HULTON ARCHIVE

27 ਫ਼ਰਵਰੀ ਨੂੰ ਇਹ ਜਲੂਸ ਦਿੱਲੀ ਵਿੱਚ ਦਾਖਲ ਹੋਇਆ। ਜਲੂਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਿੱਲੀ ਵਾਸੀ ਸੜਕਾਂ ’ਤੇ ਇਕੱਠੇ ਹੋਏ ਸਨ।

ਜੇਬੀਐਸ ਯੂਬਿਰੌਏ ਆਪਣੀ ਕਿਤਾਬ 'ਰੀਜਨਲ, ਸਿਵਲ ਸੋਸਾਈਟੀ ਐਂਡ ਦਿ ਸਟੇਟ- ਏ ਸਟੱਡੀ ਆਫ਼ ਸਿੱਖਿਜ਼ਮ' ਵਿੱਚ ਲਿਖਦੇ ਹਨ,'' ਇੱਕ ਅੰਗਰੇਜ਼ ਨੇ, ਜੋ ਜਨਵਰੀ 1716 ਵਿੱਚ ਦਿੱਲੀ ਵਿੱਚ ਸੀ, ਲਿਖਿਆ ਸੀ ਕਿ ਉਸ ਨੇ ਦਿੱਲੀ ਜਾਣ ਵਾਲੇ ਜਲੂਸ ਨੂੰ ਦੇਖਿਆ ਸੀ। ਉਸ ਵਿੱਚ ਕਰੀਬ 744 ਜ਼ਿੰਦਾ ਸਿੱਖ ਕੈਦੀ ਤੁਰ ਰਹੇ ਸਨ।''

''ਉਨ੍ਹਾਂ ਨੂੰ ਦੋ-ਦੋ ਕਰਕੇ ਬਿਨਾਂ ਕਾਠੀ ਵਾਲੇ ਉੱਠਾਂ ਉੱਪਰ ਬੰਨ੍ਹਿਆ ਹੋਇਆ ਸੀ। ਜਾਣੀ 377 ਊਠਾਂ ਦਾ ਕਾਫ਼ਲਾ ਚੱਲ ਰਿਹਾ ਸੀ। ਹਰੇਕ ਕੈਦੀ ਦਾ ਇੱਕ ਹੱਥ ਗਰਦਨ ਦੇ ਪਿੱਛੇ ਲੋਹੇ ਦੀ ਜ਼ੰਜੀਰ ਨਾਲ ਬੰਨ੍ਹਿਆ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੰਬੇ ਬਾਂਸਾਂ ਉੱਪਰ 2000 ਸਿੱਖਾਂ ਦੇ ਸਿਰ ਟੰਗੇ ਹੋਏ ਸਨ।''

''ਉਨ੍ਹਾਂ ਦੇ ਪਿੱਛੇ ਬੰਦਾ ਬਾਹਦਰ ਚੱਲ ਰਹੇ ਸਨ। ਉਨ੍ਹਾਂ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਹਾਥੀ ਉੱਪਰ ਬੰਨ੍ਹਿਆ ਗਿਆ ਸੀ। ਉਨ੍ਹਾਂ ਦੇ ਦੋਵੇਂ ਹੱਥ ਅਤੇ ਦੋਵੇਂ ਪੈਰ ਲੋਹੇ ਦੀਆਂ ਸਾਂਕਲਾਂ ਨਾਲ ਜਕੜੇ ਹੋਏ ਸਨ। ਉਨ੍ਹਾਂ ਦੇ ਆਸ-ਪਾਸ ਨੰਗੀਆਂ ਤਲਵਾਰਾਂ ਲਈ ਦੋ ਮੁਗਲ ਸਿਪਾਹੀ ਖੜ੍ਹੇ ਸਨ।''

ਕੈਦੀਆਂ ਨੂੰ ਮਾਰਨ ਦਾ ਹੁਕਮ

ਕੈਦੀਆਂ ਦਾ 5 ਮਾਰਚ,1716 ਨੂੰ ਇੱਕ ਹਫ਼ਤੇ ਤੱਕ ਕੈਦ ਵਿੱਚ ਰੱਖਣ ਤੋਂ ਬਾਅਦ ਕਤਲੇਆਮ ਸ਼ੁਰੂ ਹੋਇਆ। ਹਰ ਸਵੇਰੇ ਕੋਤਵਾਲ ਸਰਬਰਾਹ ਖ਼ਾਨ ਇਨ੍ਹਾਂ ਕੈਦੀਆਂ ਨੂੰ ਕਹਿੰਦਾ, ਤੁਹਾਨੂੰ ਆਪਣੀ ਗ਼ਲਤੀ ਸੁਧਾਰਨ ਦਾ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ। ਸਿੱਖ ਗੁਰੂਆਂ ਦੀ ਸਿੱਖਿਆ ਵਿੱਚ ਆਪਣਾ ਅਕੀਦਾ ਖ਼ਤਮ ਕਰੋ ਅਤੇ ਇਸਲਾਮ ਕਬੂਲ ਕਰ ਲਓ। ਤੁਹਾਡੀ ਜਾਨ ਬਖ਼ਸ਼ ਦਿੱਤੀ ਜਾਵੇਗੀ।''

ਹਰੀਸ਼ ਢਿੱਲੋਂ ਲਿਖਦੇ ਹਨ,'' ਹਰ ਸਿੱਖ ਨੇ ਮੁਸਕਰਾਉਂਦੇ ਹੋਏ ਆਪਣਾ ਸਿਰ ਹਿਲਾ ਕੇ ਕੋਤਵਾਲ ਦੀ ਪੇਸ਼ਕਸ਼ ਦਾ ਜਵਾਬ ਦਿੱਤਾ। ਸੱਤ ਦਿਨਾਂ ਤੱਕ ਲਗਾਤਾਰ ਹੋਏ ਸਿੱਖਾਂ ਦੇ ਕਤਲੇਆਮ ਨੂੰ ਬਾਅਦ ਵਿੱਚ ਕੁਝ ਦਿਨਾਂ ਲਈ ਰੋਕ ਦਿੱਤਾ ਗਿਆ।''

ਦਿੱਲੀ

ਤਸਵੀਰ ਸਰੋਤ, DELHISTATEARCHIVES

''ਕੋਤਵਾਲ ਨੇ ਫੁਰਖ਼ਸ਼ੀਅਰ ਨੂੰ ਸਲਾਹ ਦਿੱਤੀ ਕਿ ਬੰਦਾ ਸਿੰਘ ਨੂੰ ਆਪਣੇ ਫ਼ੈਸਲੇ ਉੱਪਰ ਮੁੜ ਵਿਚਾਰ ਕਰਨ ਲਈ ਕੁਝ ਸਮਾਂ ਹੋਰ ਦਿੱਤਾ ਜਾਵੇ। ਜੇਲ੍ਹ ਵਿੱਚ ਏਕਾਂਤਵਾਸ ਵਿੱਚ ਰਹਿ ਰਹੇ ਬੰਦਾ ਬਹਾਦਰ ਦੀ ਕੋਠਰੀ ਦੇ ਸਾਹਮਣਿਓਂ ਜਦੋਂ ਵੀ ਕੋਤਵਾਲ ਸਰਬਰਾਹ ਖ਼ਾਨ ਗੁਜ਼ਰਦਾ ਤਾਂ ਉਹ ਉਨ੍ਹਾਂ ਨੂੰ ਆਪਣੀ ਮਾਲਾ ਫੇਰਦੇ ਹੋਏ ਦੇਖਦਾ।''

ਕੋਤਵਾਲ ਨੇ ਤਸੀਹਿਆਂ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ

9 ਜੂਨ, 1716 ਨੂੰ ਬੰਦਾ ਸਿੰਘ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਕੁਤਬ ਮੀਨਾਰ ਦੇ ਕੋਲ ਮਹਿਰੌਲੀ ਵਿੱਚ ਬਹਾਦਰ ਸ਼ਾਹ ਦੀ ਕਬਰ ’ਤੇ ਲਿਜਾਇਆ ਗਿਆ। ਉੱਥੇ ਉਨ੍ਹਾਂ ਨੂੰ ਆਪਣਾ ਸਿਰ ਝੁਕਾਉਣ ਲਈ ਕਿਹਾ ਗਿਆ। ਬੰਦਾ ਬਹਾਦਰ ਦੇ ਚਾਰ ਸਾਲਾ ਪੁੱਤਰ ਅਜੈ ਸਿੰਘ ਨੂੰ ਉਨ੍ਹਾਂ ਦੇ ਸਾਹਮਣੇ ਬਿਠਾ ਦਿੱਤਾ ਗਿਆ।

ਹਰੀਸ਼ ਢਿੱਲੋਂ ਲਿਖਦੇ ਹਨ,'' ਕੋਤਵਾਲ ਸਰਬਰਾਹ ਖ਼ਾਨ ਦੇ ਇਸ਼ਾਰੇ ਉੱਪਰ ਅਜੈ ਸਿੰਘ ਦੇ ਤਲਵਾਰ ਨਾਲ ਟੁਕੜੇ ਕਰ ਦਿੱਤੇ ਗਏ। ਬੰਦਾ ਬਹਾਦਰ ਅਡੋਲ ਬੈਠੇ ਰਹੇ। ਅਜੈ ਸਿੰਘ ਦੇ ਦਿਲ ਨੂੰ ਉਨ੍ਹਾਂ ਦੇ ਸਰੀਰ ਵਿੱਚੋਂ ਦਿਲ ਕੱਢ ਕੇ ਬੰਦਾ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਇਸ ਤੋਂ ਬਾਅਦ ਜਲਾਦ ਨੇ ਆਪਣਾ ਧਿਆਨ ਬੰਦੇ ਵੱਲ ਮੋੜਿਆ।

ਉਨ੍ਹਾਂ ਦਾ ਮਾਸ ਨੋਚਿਆ ਗਿਆ। ਇਸ ਦੌਰਾਨ ਪੂਰੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੂੰ ਜ਼ਿੰਦਾ ਰੱਖਿਆ ਜਾਵੇ। ਆਖ਼ਰ ਕਈ ਤਸੀਹੇ ਦੇਣ ਮਗਰੋਂ ਜਲਾਦ ਨੇ ਬੰਦੇ ਦੇ ਸਿਰ ਨੂੰ ਧੜ ਤੋਂ ਵੱਖ ਕਰ ਦਿੱਤਾ।''

ਬੰਦਾ ਬਹਾਦਰ ਦੀ ਮੌਤ ਤੋਂ ਦੋ ਸਾਲ ਬਾਅਦ ਸਈਦ ਭਰਾਵਾਂ ਨੇ ਮਰਾਠਿਆਂ ਦੀ ਮਦਦ ਨਾਲ ਫੁਰਖ਼ਸ਼ੀਅਰ ਬਾਦਸ਼ਾਹ ਨੂੰ ਗੱਦੀ ਤੋਂ ਲਾਹਿਆ ਅਤੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ।

ਇਸ ਤੋਂ ਬਾਅਦ ਮੁਗਲ ਸਾਮਰਾਜ ਦਾ ਪਤਨ ਸ਼ੁਰੂ ਹੋਇਆ। ਨੌਬਤ ਇੱਥੋਂ ਤੱਕ ਆ ਗਈ ਕਿ ਦਿੱਲੀ ਦੇ ਬਾਦਸ਼ਾਹ ਅੰਗਰੇਜ਼ਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਅਤੇ ਦਿੱਲੀ ਦੇ ਲਾਲ ਕਿਲੇ ਤੋਂ ਕੁਤਬਮੀਨਾਰ ਤੱਕ ਸੀਮਤ ਹੋ ਗਏ।

ਸ਼੍ਰੀਨਗਰ ਅਤੇ ਲਾਹੌਰ ਉੱਪਰ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਅਤੇ ਦੱਖਣੀ ਭਾਰਤ ਤੋਂ ਲੈ ਕੇ ਪਾਣੀਪੱਤ ਤੱਕ ਦਾ ਵਿਸ਼ਾਲ ਇਲਾਕਾ ਮਰਾਠਿਆਂ ਦੇ ਅਧੀਨ ਆ ਗਿਆ।

ਰਵਿੰਦਰ ਨਾਥ ਟੈਗੋਰ ਨੇ ਬੰਦਾ ਬਹਾਦਰ ਨੂੰ ਸਮਰਪਿਤ ਕਵਿਤਾ 'ਬੰਦੀ ਵੀਰ' ਲਿਖੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)