ਭਾਰਤ ਨੂੰ ਮੁਸਲਮਾਨ ਸ਼ਾਸਕਾਂ ਦਾ ਗ਼ੁਲਾਮ ਕਹਿਣਾ ਆਖ਼ਿਰ ਕਿੰਨਾ ਸਹੀ ਹੈ

ਮੱਧ ਭਾਰਤ

ਤਸਵੀਰ ਸਰੋਤ, Getty Images

    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਸਤੰਬਰ ਨੂੰ ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਵਿੱਚ ਕਿਹਾ ਕਿ ਉਹ ਭਾਰਤ ਵਿੱਚ ਬਾਇਡਨ ਸਰਨੇਮ ਨਾਲ ਜੁੜੇ ਕੁਝ ਦਸਤਾਵੇਜ਼ ਲੈ ਕੇ ਆਏ ਹਨ।

ਇਸ 'ਤੇ ਰਾਸ਼ਟਰਪਤੀ ਬਾਇਡਨ ਨੇ ਹੱਸਦੇ ਹੋਏ ਪੁੱਛਿਆ ਕਿ ਕੀ ਅਸੀਂ ਰਿਸ਼ਤੇਦਾਰ ਹਾਂ? ਜਵਾਬ ਵਿੱਚ ਪੀਐੱਮ ਮੋਦੀ ਨੇ ਹੱਸਦੇ ਹੋਏ ਕਿਹਾ, 'ਹਾਂ।'

ਦੋਵੇਂ ਆਗੂਆਂ ਦੀ ਇਸ ਮੁਲਾਕਾਤ ਦੀ ਖ਼ਬਰ ਨੂੰ ਟਵੀਟ ਕਰਦੇ ਹੋਏ ਪਾਕਿਸਤਾਨ ਦੇ ਉੱਘੇ ਪੱਤਰਕਾਰ ਹਾਮਿਦ ਮੀਰ ਨੇ ਲਿਖਿਆ, ''ਇਹ ਚੰਗਾ ਹੈ ਕਿ ਨਰਿੰਦਰ ਮੋਦੀ ਨੇ ਬਾਇਡਨ ਨੂੰ ਉਨ੍ਹਾਂ ਦੇ ਪਰਿਵਾਰਕ ਸਬੰਧਾਂ ਦਾ ਦਸਤਾਵੇਜ਼ ਸੌਂਪਿਆ। ਭਾਰਤ ਦੇ ਪ੍ਰਧਾਨ ਮੰਤਰੀ ਭਾਰਤ ਵਿੱਚ ਰਹਿਣ ਵਾਲੇ ਮੁਸਲਮਨਾਂ ਦੇ ਅਰਬ ਸ਼ਾਸਕਾਂ ਨਾਲ ਪਰਿਵਾਰਕ ਸਬੰਧ ਵੀ ਖੋਜ ਸਕਦੇ ਹਨ ਅਤੇ ਉਨ੍ਹਾਂ 'ਤੇ ਵੀ ਮਾਣ ਕਰ ਸਕਦੇ ਹਨ।''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਅਜਿਹਾ ਹੀ ਇੱਕ ਹੋਰ ਵਾਕਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਜੁੜਿਆ ਹੋਇਆ ਹੈ।

ਫਰਵਰੀ, 2020 ਵਿੱਚ ਤੁਰਕੀ ਦੇ ਰਾਸ਼ਟਰਪਤੀ ਅਰਦੋਆਨ ਪਾਕਿਸਤਾਨ ਦੇ ਦੌਰੇ 'ਤੇ ਗਏ ਤਾਂ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਇਮਰਾਨ ਨੇ ਬਹੁਤ ਮਾਣ ਨਾਲ ਕਿਹਾ ਕਿ ''ਤੁਰਕਾਂ ਨੇ ਹਿੰਦੋਸਤਾਨ 'ਤੇ 600 ਸਾਲਾਂ ਤੱਕ ਸ਼ਾਸਨ ਕੀਤਾ।''

ਇਮਰਾਨ ਖ਼ਾਨ ਨੇ ਕਿਹਾ, ''ਤੁਹਾਡੇ ਆਉਣ ਨਾਲ ਸਾਨੂੰ ਸਭ ਨੂੰ ਇਸ ਲਈ ਵੀ ਖ਼ੁਸ਼ੀ ਹੋਈ ਕਿਉਂਕਿ ਸਾਡੀ ਕੌਮ ਸਮਝਦੀ ਹੈ ਕਿ ਤੁਰਕੀ ਨਾਲ ਸਾਡੇ ਰਿਸ਼ਤੇ ਸਦੀਆਂ ਤੋਂ ਹਨ। ਤੁਰਕਾਂ ਨੇ ਤਾਂ 600 ਸਾਲ ਤੱਕ ਹਿੰਦੋਸਤਾਨ 'ਤੇ ਹਕੂਮਤ ਕੀਤੀ ਸੀ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਰਾਸ਼ਟਰਪਤੀ ਬਾਇਡਨ ਨੇ ਭਾਰਤ ਵਿੱਚ ਬਾਇਡਨ ਸਰਨੇਮ ਬਾਰੇ ਕਿਹਾ, ''ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਈਸਟ ਇੰਡੀਆ ਟੀ ਕੰਪਨੀ ਵਿੱਚ ਜੌਰਜ ਬਾਇਡਨ ਨਾਂ ਦੇ ਇੱਕ ਵਿਅਕਤੀ ਕੈਪਟਨ ਸਨ।''

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਬਾਇਡਨ ਉਸੇ ਈਸਟ ਇੰਡੀਆ ਕੰਪਨੀ ਦੀ ਗੱਲ ਕਰ ਰਹੇ ਸਨ ਜਿਸ ਨੇ ਭਾਰਤ ਨੂੰ ਗ਼ੁਲਾਮ ਬਣਾਇਆ ਸੀ।

ਦੂਜੇ ਪਾਸੇ ਇਮਰਾਨ ਖ਼ਾਨ ਨੇ ਮੱਧਕਾਲ ਦੇ ਮੁਸਲਿਮ ਸ਼ਾਸਕਾਂ ਨੂੰ ਤੁਰਕ ਕਹਿੰਦੇ ਹੋਏ, ਮਾਣ ਨਾਲ ਕਿਹਾ ਕਿ ਉਨ੍ਹਾਂ ਨੇ ਹਕੂਮਤ ਕੀਤੀ ਸੀ ਅਤੇ ਇਸ ਲਈ ਉਨ੍ਹਾਂ ਦੀ ਕੌਮ ਨੂੰ ਖ਼ੁਸ਼ੀ ਮਿਲਦੀ ਹੈ।

ਝੂਠੇ ਮਾਣ ਅਤੇ ਆਪਣਾਪਣ

ਪਾਕਿਤਸਾਨ ਦੇ ਇਤਿਹਾਸਕਾਰ ਮੁਬਾਰਕ ਅਲੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਗੋਰਿਆਂ ਪ੍ਰਤੀ ਭਾਰਤ ਦੇ ਆਗੂਆਂ ਦਾ ਇਸ ਤਰ੍ਹਾਂ ਆਪਣਾਪਣ ਦਿਖਾਉਣਾ ਅਤੇ ਮੱਧਕਾਲੀ ਮੁਸਲਿਮ ਸ਼ਾਸਕਾਂ ਪ੍ਰਤੀ ਪਾਕਿਤਸਾਨੀਆਂ ਅਤੇ ਮੁਸਲਮਾਨਾਂ ਦੇ ਇੱਕ ਤਬਕੇ ਵਿੱਚ ਦਿਖਣ ਵਾਲੀ ਮਾਣ ਦੀ ਭਾਵਨਾ, ਪਰੇਸ਼ਾਨ ਕਰਨ ਵਾਲੀ ਗੱਲ ਹੈ।

ਮੁਬਾਰਕ ਅਲੀ ਕਹਿੰਦੇ ਹਨ, ''ਜਦੋਂ ਕੋਈ ਮੁਸਲਮਾਨ ਕਹੇਗਾ ਕਿ ਅਸੀਂ ਹਿੰਦੁਸਤਾਨ 'ਤੇ ਇੱਕ ਹਜ਼ਾਰ ਸਾਲਾਂ ਤੱਕ ਰਾਜ ਕੀਤਾ ਤਾਂ ਹਿੰਦੂ ਇਹੀ ਸੋਚੇਗਾ ਕਿ ਮੁਸਲਮਾਨ ਖ਼ੁਦ ਨੂੰ ਇੱਥੋਂ ਦਾ ਨਹੀਂ ਮੰਨਦੇ ਹਨ। ਇਸ ਮਾਣ ਕਾਰਨ ਹਿੰਦੂਆਂ ਲਈ ਮੁਸਲਮਾਨਾਂ ਨੂੰ ਬਾਹਰੀ ਕਹਿਣਾ ਹੋਰ ਆਸਾਨ ਹੋ ਜਾਂਦਾ ਹੈ।''

''ਮੁਸਲਮਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਮੱਧਕਾਲੀ ਭਾਰਤ ਵਿੱਚ ਜੋ ਮੁਸਲਿਮ ਸ਼ਾਸਨ ਸੀ, ਉਹ ਆਮ ਮੁਸਲਮਾਨਾਂ ਦਾ ਸ਼ਾਸਨ ਨਹੀਂ ਸੀ। ਉਹ ਇੱਕ ਸੱਤਾ ਵਰਗ ਸੀ। ਤੁਸੀਂ ਜਦੋਂ ਕਹਿੰਦੇ ਹੋ ਕਿ ਮੁਸਲਮਾਨਾਂ ਨੇ ਸੈਂਕੜੇ ਸਾਲਾਂ ਤੱਕ ਤੁਹਾਡੇ 'ਤੇ ਰਾਜ ਕੀਤਾ ਤਾਂ ਇਸ ਦਾ ਇਹੀ ਭਾਵ ਹੁੰਦਾ ਹੈ ਕਿ ਹਿੰਦੂਆਂ ਨੂੰ ਦਬਾ ਕੇ ਰੱਖਿਆ ਗਿਆ।''

ਬਾਰਕ ਅਲੀ ਕਹਿੰਦੇ ਹਨ, ''ਜਿਨ੍ਹਾਂ ਅੰਗਰੇਜ਼ਾਂ ਨੇ ਸਾਡੇ 'ਤੇ ਬੇਇੰਤਹਾ ਜ਼ੁਲਮ ਕੀਤਾ, ਉਨ੍ਹਾਂ ਵਿੱਚ ਵੀ ਹੁਣ ਇਹ ਮਾਣ ਦਾ ਭਾਵ ਨਹੀਂ ਹੈ ਜਦੋਂਕਿ ਮੁਸਲਿਮ ਸ਼ਾਸਕ ਤਾਂ ਭਾਰਤ ਨੂੰ ਅਪਣਾ ਚੁੱਕੇ ਸਨ। ਇੱਥੋਂ ਦੀ ਮਿੱਟੀ ਨੂੰ ਆਪਣੀ ਮਿੱਟੀ ਮੰਨਿਆ।"

"ਉਨ੍ਹਾਂ ਮੁਸਲਿਮ ਸ਼ਾਸਕਾਂ ਨੂੰ ਲੈ ਕੇ ਮਜ਼ਹਬੀ ਮੁਸਲਮਾਨਾਂ ਦਾ ਇਹ ਮਾਣ ਭਾਵ ਹਿੰਦੂਆਂ ਨੂੰ ਚਿੜਾਉਣ ਵਾਲਾ ਹੁੰਦਾ ਹੈ। ਪਾਕਿਤਸਾਨ ਦੇ ਸਕੂਲਾਂ ਵਿੱਚ ਜੋ ਕਿਤਾਬਾਂ ਪੜ੍ਹਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਪੜ੍ਹੋ ਤਾਂ ਇਹੀ ਲੱਗੇਗਾ ਕਿ ਸਾਰੇ ਮੁਸਲਿਮ ਸ਼ਾਸਕ ਬਹਾਦਰ ਸਨ ਅਤੇ ਹਿੰਦੂ ਉਨ੍ਹਾਂ ਦੇ ਸਾਹਮਣੇ ਆਤਮ ਸਮਰਪਣ ਕਰਕੇ ਗਏ, ਜਦੋਂਕਿ ਇਹ ਸੱਚ ਨਹੀਂ ਹੈ।''

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਤਸਵੀਰ ਸਰੋਤ, Getty Images

ਮੁਬਾਰਕ ਅਲੀ ਕਹਿੰਦੇ ਹਨ, ''ਪਾਕਿਤਸਾਨ ਦੀਆਂ ਕਿਤਾਬਾਂ ਹਿੰਦੂਆਂ ਅਤੇ ਭਾਰਤ ਪ੍ਰਤੀ ਨਫ਼ਰਤ ਹੀ ਪੈਦਾ ਕਰਦੀਆਂ ਹਨ। ਇੱਥੋਂ ਦੇ ਸ਼ਾਸਕ ਵਰਗ ਨੂੰ ਲਗਦਾ ਹੈ ਕਿ ਮੱਧਕਾਲ ਦੇ ਮੁਸਲਿਮ ਸ਼ਾਸਕ ਉਨ੍ਹਾਂ ਦੇ ਆਪਣੇ ਸਨ ਅਤੇ ਉਨ੍ਹਾਂ ਨੇ ਹਿੰਦੂਆਂ ਨੂੰ ਸਿੱਧਾ ਕਰਕੇ ਰੱਖਿਆ।"

"ਇੱਥੋਂ ਦੀਆਂ ਮਿਜ਼ਾਇਲਾਂ ਅਤੇ ਹਥਿਆਰਾਂ ਦਾ ਨਾਂ ਦੇਖੋ-ਗਜ਼ਨੀ, ਗੋਰੀ, ਗ਼ਜ਼ਨਵੀ। ਇਹ ਮਾਨਸਿਕਤਾ ਰਾਈਟ ਵਿੰਗ ਹਿੰਦੂ ਰਾਜਨੀਤੀ ਲਈ ਊਰਜਾ ਦਾ ਕੰਮ ਕਰਦੀ ਹੈ ਅਤੇ ਇਸ ਨਾਲ ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨਾਂ ਦਾ ਜਿਊੂਣਾ ਮੁਸ਼ਕਲ ਹੁੰਦਾ ਹੈ।''

ਭਾਰਤ 1200 ਸਾਲਾਂ ਤੱਕ ਗ਼ੁਲਾਮ

ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪਹਿਲੀ ਵਾਰ 11 ਜੂਨ, 2014 ਨੂੰ ਲੋਕ ਸਭਾ ਵਿੱਚ ਬੋਲ ਰਹੇ ਸਨ।

ਆਪਣੇ ਪਹਿਲੇ ਹੀ ਭਾਸ਼ਣ ਵਿੱਚ ਮੋਦੀ ਨੇ ਕਿਹਾ ਸੀ, ''12 ਸੌ ਸਾਲਾਂ ਦੀ ਗ਼ੁਲਾਮੀ ਦੀ ਮਾਨਸਿਕਤਾ ਪਰੇਸ਼ਾਨ ਕਰ ਰਹੀ ਹੈ। ਬਹੁਤ ਬਾਰ ਸਾਡੇ ਤੋਂ ਥੋੜ੍ਹਾ ਉੱਚਾ ਵਿਅਕਤੀ ਮਿਲੇ ਤਾਂ ਸਿਰ ਉੱਚਾ ਕਰਕੇ ਗੱਲ ਕਰਨ ਦੀ ਸਾਡੀ ਹਿੰਮਤ ਨਹੀਂ ਹੁੰਦੀ ਹੈ।''

ਪ੍ਰਧਾਨ ਮੰਤਰੀ ਦੀ ਇਸ ਗੱਲ ਨੇ ਕਈ ਸਵਾਲ ਇਕੱਠੇ ਖੜ੍ਹੇ ਕੀਤੇ। ਕੀ ਭਾਰਤ 1200 ਸਾਲਾਂ ਤੱਕ ਗ਼ੁਲਾਮ ਸੀ? ਕੀ ਭਾਰਤ ਬ੍ਰਿਟਿਸ਼ ਸ਼ਾਸਨ ਦੇ ਪਹਿਲਾਂ ਵੀ ਗ਼ੁਲਾਮ ਸੀ?

ਪੀਐੱਮ ਮੋਦੀ ਨੇ ਜਦੋਂ 1200 ਸਾਲ ਦੀ ਗ਼ੁਲਾਮੀ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਅੱਠਵੀਂ ਸਦੀ ਵਿੱਚ ਸਿੰਧ ਦੇ ਹਿੰਦੂ ਰਾਜੇ 'ਤੇ ਹੋਏ ਮੀਰ ਕਾਸਿਮ ਦੇ ਹਮਲੇ (ਸੰਨ 712) ਤੋਂ ਲੈ ਕੇ 1947 ਤੱਕ ਦੇ ਭਾਰਤ ਨੂੰ ਗ਼ੁਲਾਮ ਦੱਸਿਆ।

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਭਾਰਤ ਵਿੱਚ ਅੰਗਰੇਜ਼ਾਂ ਦਾ ਸ਼ਾਸਨਕਾਲ ਮੋਟੇ ਤੌਰ 'ਤੇ 1757 ਤੋਂ 1947 ਤੱਕ ਮੰਨਿਆ ਜਾਂਦਾ ਹੈ ਜੋ 190 ਸਾਲ ਹੈ। ਇਸ ਹਿਸਾਬ ਨਾਲ ਗ਼ੁਲਾਮੀ ਦੇ ਬਾਕੀ ਤਕਰੀਬਨ ਇੱਕ ਹਜ਼ਾਰ ਸਾਲ ਭਾਰਤ ਨੇ ਮੁਸਲਿਮ ਸ਼ਾਸਕਾਂ ਦੇ ਅਧੀਨ ਗੁਜ਼ਾਰੇ।

ਭਾਰਤ ਕਿੰਨੇ ਸਾਲਾਂ ਤੱਕ ਗ਼ੁਲਾਮ ਸੀ? ਇਸ ਸਵਾਲ ਦਾ ਜਵਾਬ ਆਮ ਭਾਰਤੀ ਕੀ ਦੇਵੇਗਾ?

ਭਾਰਤ ਵਿੱਚ ਸਕੂਲੀ ਕਿਤਾਬਾਂ ਮੁਤਾਬਕ 1757 ਵਿੱਚ ਪਲਾਸੀ ਦੇ ਯੁੱਧ ਵਿੱਚ ਬੰਗਾਲ ਦੇ ਨਵਾਬ ਖਿਲਾਫ਼ ਅੰਗਰੇਜ਼ਾਂ ਦੀ ਜਿੱਤ ਦੇ ਬਾਅਦ ਭਾਰਤ ਨੂੰ ਗ਼ੁਲਾਮ ਮੰਨਿਆ ਜਾਂਦਾ ਹੈ ਪਰ ਹੁਣ ਭਾਰਤ ਵਿੱਚ ਇਤਿਹਾਸ ਬਦਲਣ ਦੀ ਗੱਲ ਹੋ ਰਹੀ ਹੈ। ਅਤੇ ਕਿਹਾ ਜਾ ਰਿਹਾ ਹੈ ਕਿ ਮੱਧਕਾਲ ਵਿੱਚ ਮੁਸਲਿਮ ਸ਼ਾਸਕ ਹਮਲਾਵਰ ਸਨ ਅਤੇ ਉਨ੍ਹਾਂ ਨੇ ਭਾਰਤ ਨੂੰ ਗ਼ੁਲਾਮ ਬਣਾ ਕੇ ਰੱਖਿਆ ਸੀ।

ਵੀਡੀਓ ਕੈਪਸ਼ਨ, ਸ਼ਿਵਾਜੀ ਅਤੇ ਔਰੰਗਜ਼ੇਬ

ਕੀ ਭਾਰਤ ਅਸਲ ਵਿੱਚ ਮੁਸਲਮਾਨ ਸ਼ਾਸਕਾਂ ਦਾ ਗ਼ੁਲਾਮ ਸੀ

ਭਾਰਤ ਵਿੱਚ ਮੱਧਕਾਲ ਦੇ ਉੱਘੇ ਇਤਿਹਾਸਕਾਰ ਇਰਫ਼ਾਨ ਹਬੀਬ ਕਹਿੰਦੇ ਹਨ, ''ਮੱਧਕਾਲ ਦੀਆਂ ਅਲੱਗ-ਅਲੱਗ ਵਿਆਖਿਆਵਾਂ ਹਨ। 19ਵੀਂ ਸਦੀ ਵਿੱਚ ਸੰਪਰਦਾਇਕ ਇਤਿਹਾਸ ਲਿਖਣ ਦੀ ਸ਼ੁਰੂਆਤ ਹੋਈ। ਅਜਿਹਾ ਅੰਗਰੇਜ਼ਾਂ ਨੇ ਤਾਂ ਕੀਤਾ ਹੀ, ਹਿੰਦੂਆਂ ਅਤੇ ਮੁਸਲਮਾਨਾਂ ਨੇ ਵੀ ਕੀਤਾ।"

"ਭਾਰਤੀ ਇਤਿਹਾਸ ਨੂੰ ਧਰਮ ਦੇ ਆਧਾਰ 'ਤੇ ਵੰਡਣਾ ਕੋਈ ਨਵੀਂ ਗੱਲ ਨਹੀਂ ਹੈ। ਆਜ਼ਾਦੀ ਦੀ ਲੜਾਈ ਨਾਲ ਜੁੜੇ ਲੋਕ ਕਹਿੰਦੇ ਰਹੇ ਕਿ ਭਾਰਤ ਬਰਤਾਨਵੀ ਸ਼ਾਸਨ ਦਾ ਗ਼ੁਲਾਮ ਸੀ ਤਾਂ ਦੂਜੇ ਪਾਸੇ ਹਿੰਦੂਵਾਦੀ ਕਹਿੰਦੇ ਹਨ ਕਿ ਭਾਰਤ ਵਿੱਚ ਵਿਦੇਸ਼ੀ ਸ਼ਾਸਨ 13ਵੀਂ ਸਦੀ ਜਾਂ ਉਸ ਤੋਂ ਵੀ ਪਹਿਲਾਂ ਤੋਂ ਸੀ।''

ਹਬੀਬ ਕਹਿੰਦੇ ਹਨ, ''ਇਸ਼ਤਯਾਕ ਹੁਸੈਨ ਕੁਰੈਸ਼ੀ ਵਰਗੇ ਮੁਸਲਿਮ ਇਤਿਹਾਸਕਾਰ ਮੱਧਕਾਲ ਨੂੰ ਮੁਸਲਿਮ ਸ਼ਾਸਨ ਦਾ ਦੌਰ ਕਹਿੰਦੇ ਹਨ। ਇੱਥੋਂ ਤੱਕ ਕਿ ਮੁਸਲਿਮ ਲੀਗ ਦੇ ਲੋਕ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਪੂਰੇ ਭਾਰਤ 'ਤੇ ਸ਼ਾਸਨ ਕੀਤਾ। ਇਤਿਹਾਸ ਦੀ ਅਜਿਹੀ ਵਿਆਖਿਆ ਦੋਵੇਂ ਪਾਸਿਆਂ ਤੋਂ ਹੈ ਅਤੇ ਸੱਚੇ ਰਾਸ਼ਟਰਵਾਦੀ ਇਸ ਵਿਆਖਿਆ ਨੂੰ ਖਾਰਜ ਕਰਦੇ ਹਨ।''

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਤਸਵੀਰ ਸਰੋਤ, Getty Images

ਇਰਫ਼ਾਨ ਹਬੀਬ ਕਹਿੰਦੇ ਹਨ, ''ਮੱਧਕਾਲ ਦੇ ਕਈ ਸ਼ਾਸਕਾਂ ਦਾ ਜਨਮ ਵਿਦੇਸ਼ਾਂ ਵਿੱਚ ਹੋਇਆ ਸੀ ਪਰ ਉਨ੍ਹਾਂ ਨੇ ਖ਼ੁਦ ਨੂੰ ਭਾਰਤੀ ਰੰਗ ਵਿੱਚ ਢਾਲ ਲਿਆ ਸੀ। ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਦਾ ਤਰਕ ਹੈ ਕਿ ਬ੍ਰਿਟਿਸ਼ ਸ਼ਾਸਨ ਉਨ੍ਹਾਂ ਤੋਂ ਪਹਿਲਾਂ ਦੇ ਮੁਸਲਮਾਨ ਰਾਜਿਆਂ ਦੇ ਦੌਰ ਤੋਂ ਬਿਲਕੁਲ ਅਲੱਗ ਸੀ ਕਿਉਂਕਿ ਅੰਗਰੇਜ਼ ਭਾਰਤ ਦੀ ਜਾਇਦਾਦ ਬਾਹਰ ਲੈ ਕੇ ਜਾ ਰਹੇ ਸਨ। ਪਰ ਮੁਸਲਮਾਨ ਬਾਦਸ਼ਾਹਾਂ ਨੇ ਭਾਰਤ ਦੀ ਜਾਇਦਾਦ ਭਾਰਤ ਵਿੱਚ ਹੀ ਰੱਖੀ।''

''ਇਹ ਗੱਲ ਤੁਹਾਨੂੰ ਆਰਸੀ ਦੱਤ ਅਤੇ ਦਾਦਾਭਾਈ ਨੌਰੋਜੀ ਦੀ ਲੇਖਣੀ ਵਿੱਚ ਵੀ ਮਿਲੇਗੀ। ਇੱਥੇ ਹੀ ਵੱਸ ਜਾਣ ਵਾਲੇ ਅਤੇ ਦੌਲਤ ਆਪਣੇ ਦੇਸ਼ ਲੈ ਜਾਣ ਵਾਲੇ ਲੋਕਾਂ ਵਿਚਕਾਰ ਅੰਤਰ ਨੂੰ ਦੋਵਾਂ ਪਾਸਿਆਂ ਦੇ ਸੰਪਰਦਾਇਕ ਲੋਕ ਅਕਸਰ ਭੁੱਲ ਜਾਂਦੇ ਹਨ।''

ਇਹ ਵੀ ਪੜ੍ਹੋ:

ਇਰਫ਼ਾਨ ਹਬੀਬ ਕਹਿੰਦੇ ਹਨ, ''ਆਰਸੀ ਮਜੂਮਦਾਰ ਵਰਗੇ ਇਤਿਹਾਸਕਾਰ ਭਾਰਤ ਵਿੱਚ ਮੁਸਲਿਮ ਸ਼ਾਸਨ ਨੂੰ ਅੱਤਿਆਚਾਰੀ ਮੰਨਦੇ ਹਨ। ਪਰ ਉਹ ਵੀ ਆਪਣੀ ਗੱਲ ਤੱਥਾਂ ਦੇ ਆਧਾਰ 'ਤੇ ਹੀ ਕਰਦੇ ਹਨ। ਆਰਸੀ ਮਜੂਮਦਾਰ ਨੂੰ ਵੀ ਇਸ ਲਈ ਗੰਭੀਰ ਇਤਿਹਾਸਕਾਰ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਜੋ ਕੁਝ ਵੀ ਕਿਹਾ, ਉਹ ਤੱਥਾਂ 'ਤੇ ਆਧਾਰਿਤ ਸੀ।"

"ਇਨ੍ਹਾਂ ਤੱਥਾਂ ਨੂੰ ਬਾਕੀ ਇਤਿਹਾਸਕਾਰ ਵੀ ਸਵੀਕਾਰ ਕਰਦੇ ਹਨ। ਪਰ ਤੁਸੀਂ ਜੋ ਤੱਥ ਚੁਣਦੇ ਹੋ, ਉਨ੍ਹਾਂ ਦੇ ਇਲਾਵਾ ਵੀ ਕਈ ਤੱਥ ਹੁੰਦੇ ਹਨ। ਪਰ ਆਰਐੱਸਐੱਸ ਨੇ 1950 ਦੇ ਦਹਾਕੇ ਵਿੱਚ ਜੋ ਇਤਿਹਾਸ ਦੱਸਣਾ ਸ਼ੁਰੂ ਕੀਤਾ, ਉਹ ਬਿਲਕੁਲ ਅਲੱਗ ਹੈ।''

''ਉਹ ਇਤਿਹਾਸਕ ਤੱਥਾਂ ਦੀ ਗੱਲ ਨਹੀਂ ਕਰਦੇ ਹਨ। ਉਨ੍ਹਾਂ ਲਈ ਇਤਿਹਾਸ ਇਹ ਨਹੀਂ ਹੈ ਕਿ ਕੀ ਹੋਇਆ ਸੀ। ਉਨ੍ਹਾਂ ਦਾ ਇਤਿਹਾਸ ਇਹ ਹੈ ਕਿ ਕੀ ਹੋਣਾ ਚਾਹੀਦਾ ਸੀ।"

"ਭਾਰਤੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਸਭ ਹੋਰ ਦੇਖਣ ਨੂੰ ਮਿਲੇਗਾ। ਅਸੀਂ ਪਾਕਿਸਤਾਨ ਵਿੱਚ ਅਜਿਹਾ ਦੇਖਿਆ ਹੈ। ਪਾਕਿਤਸਾਨ ਵਿੱਚ ਤਕਸ਼ਿਲਾ ਅਤੇ ਮੋਹਨਜੋਦਾੜੋ ਨੂੰ ਇਤਿਹਾਸ ਤੋਂ ਬਾਹਰ ਕਰ ਦਿੱਤਾ ਗਿਆ ਹੈ।''

ਭਾਰਤੀ ਇਤਿਹਾਸ ਦੇ ਤਿੰਨ ਕਾਲਖੰਡ

ਭਾਰਤੀ ਇਤਿਹਾਸ ਨੂੰ ਮੋਟੇ ਤੌਰ 'ਤੇ ਤਿੰਨ ਕਾਲਖੰਡਾਂ ਵਿੱਚ ਵੰਡਿਆ ਜਾਂਦਾ ਹੈ-ਪ੍ਰਾਚੀਨ ਭਾਰਤ, ਮੱਧਕਾਲੀ ਭਾਰਤ ਅਤੇ ਆਧੁਨਿਕ ਭਾਰਤ। ਗੁਪਤ ਕਾਲ ਦੇ ਬਾਅਦ ਪ੍ਰਾਚੀਨ ਭਾਰਤ ਦਾ ਅੰਤ ਅਤੇ ਮੱਧਕਾਲੀ ਭਾਰਤ ਦੀ ਸ਼ੁਰੂਆਤ ਹੁੰਦੀ ਹੈ।

ਪ੍ਰਾਚੀਨ ਭਾਰਤ ਵਿੱਚ ਹੀ ਹਿੰਦੂ, ਬੁੱਧ ਅਤੇ ਜੈਨ ਧਰਮਾਂ ਦਾ ਜਨਮ ਹੋਇਆ। ਮੱਧਕਾਲ ਵਿੱਚ ਵੀ ਮੁਗ਼ਲ ਕਾਲ ਯਾਨਿ ਕਿ 1526 ਤੋਂ ਲੈ ਕੇ ਔਰੰਗਜ਼ੇਬ ਦੀ ਮੌਤ (1707) ਤੱਕ ਸਭ ਤੋਂ ਅਹਿਮ ਹੈ।

ਔਰੰਗਜ਼ੇਬ ਦਾ ਲਗਭਗ ਪੂਰੇ ਭਾਰਤ 'ਤੇ ਸ਼ਾਸਨ ਹੋ ਗਿਆ ਸੀ। ਔਰੰਗਜ਼ੇਬ ਦੇ ਬਾਅਦ ਮੁਗ਼ਲ ਸ਼ਾਸਨ ਪਤਨ ਵੱਲ ਵਧਿਆ। 1857 ਵਿੱਚ ਮੁਗ਼ਲ ਵੰਸ਼ ਦੇ ਆਖ਼ਿਰੀ ਸ਼ਾਸਕ ਬਹਾਦਰ ਸ਼ਾਹ ਜ਼ਫ਼ਰ ਨੂੰ ਅੰਗਰੇਜ਼ਾਂ ਨੇ ਬਰਮਾ ਜਲਾਵਤਨ ਕਰ ਦਿੱਤਾ।

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਤਸਵੀਰ ਸਰੋਤ, Getty Images

ਬਹਾਦਰ ਸ਼ਾਹ ਜ਼ਫ਼ਰ ਦੇ ਬਾਅਦ ਪੂਰਾ ਭਾਰਤ ਅੰਗਰੇਜ਼ਾਂ ਦੇ ਸ਼ਾਸਨ ਅਧੀਨ ਹੋ ਗਿਆ ਅਤੇ ਇਸ ਨੂੰ ਆਧੁਨਿਕ ਕਾਲ ਕਿਹਾ ਜਾਂਦਾ ਹੈ।

ਕਈ ਇਤਿਹਾਸਕਾਰ ਇਸ ਬ੍ਰਿਟਿਸ਼ ਕਾਲ ਨੂੰ ਆਧੁਨਿਕ ਕਾਲ ਕਹਿਣ 'ਤੇ ਸਵਾਲ ਖੜ੍ਹੇ ਕਰਦੇ ਹਨ।

ਇਰਫ਼ਾਨ ਹਬੀਬ ਦੇ ਹੀ ਹਮਨਾਮ ਇੱਕ ਹੋਰ ਇਤਿਹਾਸਕਾਰ ਇਰਫ਼ਾਨ ਹਬੀਬ ਕਹਿੰਦੇ ਹਨ, ''ਜੋ ਬ੍ਰਿਟਿਸ਼ ਸ਼ਾਸਨ ਜ਼ੁਲਮਾਂ ਨਾਲ ਭਰਿਆ ਹੈ, ਉਸ ਨੂੰ ਆਧੁਨਿਕ ਕਾਲ ਕਹਿਣਾ ਪੂਰੀ ਤਰ੍ਹਾਂ ਨਾਲ ਹਾਸੋਹੀਣਾ ਹੈ।''

ਮੱਧਕਾਲੀ ਭਾਰਤ ਦੇ ਉੱਘੇ ਇਤਿਹਾਸਕਾਰ ਪ੍ਰੋਫ਼ੈਸਰ ਹਰਬੰਸ ਮੁਖੀਆ ਕਹਿੰਦੇ ਹਨ, ''ਬ੍ਰਿਟਿਸ਼ ਲੇਖਕ ਜੇਮਜ਼ ਮਿਲ ਨੇ ਆਪਣੀ ਕਿਤਾਬ 'ਹਿਸਟਰੀ ਆਫ਼ ਬ੍ਰਿਟਿਸ਼ ਇੰਡੀਆ' ਵਿੱਚ ਪਹਿਲੀ ਵਾਰ ਭਾਰਤੀ ਇਤਿਹਾਸ ਨੂੰ ਸੰਪਰਦਾਇਕ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਪ੍ਰਵਿਰਤੀ ਵੰਡਪਾਊ ਸ਼ਕਤੀਆਂ ਨੂੰ ਰਾਸ ਆਈ।

ਜੇਮਜ਼ ਮਿਲ ਨੇ ਪ੍ਰਾਚੀਨ ਭਾਰਤ ਨੂੰ ਹਿੰਦੂ ਸ਼ਾਸਨ, ਮੱਧਕਾਲ ਨੂੰ ਮੁਸਲਿਮ ਅਤੇ ਆਪਣੇ ਤਸ਼ਦਦ ਵਾਲੇ ਸ਼ਾਸਨ ਨੂੰ ਆਧੁਨਿਕ ਭਾਰਤ ਕਿਹਾ।''

ਅੱਲਾਮਾ ਇਕਬਾਲ ਬਨਾਮ ਸਾਵਰਕਰ

ਮੁਸਲਮਾਨਾਂ ਨੂੰ ਵਿਦੇਸ਼ੀ ਅਤੇ ਮੁਸਲਿਮ ਸ਼ਾਸਕਾਂ ਨੂੰ ਬਸਤੀਵਾਦੀ ਤਾਕਤ ਦੱਸਣ ਦਾ ਵਿਵਾਦ ਕੋਈ ਨਵਾਂ ਨਹੀਂ ਹੈ।

ਮੁਖੀਆ ਅਤੇ ਹਬੀਬ ਵਰਗੇ ਇਤਿਹਾਸਕਾਰ ਦੱਸਦੇ ਹਨ ਕਿ ਇਸ ਦੀ ਸ਼ੁਰੂਆਤ ਅੰਗਰੇਜ਼ਾਂ ਨੇ ਹੀ ਕਰ ਦਿੱਤੀ ਸੀ।

ਇਸ ਨੈਰੇਟਿਵ ਨੂੰ ਹਿੰਦੂ-ਮੁਸਲਮਾਨ ਦੋਵਾਂ ਪੱਖਾਂ ਦੇ ਉਨ੍ਹਾਂ ਲੋਕਾਂ ਨੇ ਹੀ ਲਪਕਿਆ ਜਿਨ੍ਹਾਂ ਨੂੰ ਆਪਣੀ ਸੰਪਰਦਾਇਕਤਾ 'ਤੇ ਆਧਾਰਿਤ ਸਿਆਸਤ ਚਲਾਉਣ ਲਈ ਮਸਾਲਾ ਚਾਹੀਦਾ ਸੀ।

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਤਸਵੀਰ ਸਰੋਤ, Getty Images

ਇਹ ਤਾਂ ਇਤਿਹਾਸਕ ਤੱਥ ਹੈ ਕਿ ਜਦੋਂ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਦੀ ਲੜਾਈ ਆਪਣੇ ਚਰਮ 'ਤੇ ਸੀ, ਉਸ ਵਕਤ ਅੱਲਾਮਾ ਇਕਬਾਲ ਮੁਸਲਿਮ ਰਾਸ਼ਟਰ ਅਤੇ ਸਾਵਰਕਰ ਹਿੰਦੂਤਵ ਦੀ ਗੱਲ ਕਰ ਰਹੇ ਸਨ।

ਇਲਾਹਾਬਾਦ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫ਼ੈਸਰ ਹੇਰੰਬ ਚਤੁਰਵੇਦੀ ਕਹਿੰਦੇ ਹਨ ਕਿ ਜਦੋਂ ਪ੍ਰਧਾਨ ਮੰਤਰੀ ਸੰਸਦ ਵਿੱਚ ਕਹਿੰਦੇ ਹਨ ਕਿ ਭਾਰਤ 1200 ਸਾਲਾਂ ਤੱਕ ਗ਼ੁਲਾਮ ਰਿਹਾ ਤਾਂ ਉਨ੍ਹਾਂ ਦਾ ਨਿਸ਼ਾਨਾ ਦੇਸ ਦਾ ਮੁਸਲਮਾਨ ਹੁੰਦਾ ਹੈ।

ਪ੍ਰੋਫ਼ੈਸਰ ਚਤੁਰਵੇਦੀ ਕਹਿੰਦੇ ਹਨ, ''ਪ੍ਰਧਾਨ ਮੰਤਰੀ ਕਹਿਣਾ ਚਾਹੁੰਦੇ ਹਨ ਕਿ ਮੁਸਲਮਾਨ ਬਾਹਰੀ ਹਨ ਅਤੇ ਉਨ੍ਹਾਂ ਦੀ ਨਿਸ਼ਠਾ 'ਤੇ ਸ਼ੱਕ ਕੀਤਾ ਜਾ ਸਕਦਾ ਹੈ।''

ਪਰ ਆਜ਼ਾਦੀ ਤੋਂ ਪਹਿਲਾਂ ਹੀ ਇਹ ਵਿਵਾਦ ਛਿੜ ਚੁੱਕਿਆ ਸੀ। ਪ੍ਰਧਾਨ ਮੰਤਰੀ ਮੋਦੀ ਅਜਿਹੀ ਗੱਲ ਕਰਨ ਵਾਲੇ ਕੋਈ ਪਹਿਲੇ ਵਿਅਕਤੀ ਨਹੀਂ ਹਨ। ਆਜ਼ਾਦੀ ਦੇ ਬਾਅਦ ਵੀ ਕਈ ਅਜਿਹੇ ਕਦਮ ਚੁੱਕੇ ਗਏ ਜਿਸ ਨਾਲ ਇਹੀ ਸੰਦੇਸ਼ ਗਿਆ ਕਿ ਮੁਗ਼ਲ ਵੀ ਬਸਤੀਵਾਦੀ ਤਾਕਤ ਸਨ।

ਭਾਰਤ ਨੇ ਸੜਕਾਂ ਅਤੇ ਸ਼ਹਿਰਾਂ ਦਾ ਨਾਂ ਬਦਲਣਾ ਸ਼ੁਰੂ ਕੀਤਾ। ਇਸ ਦੀ ਸ਼ੁਰੂਆਤ ਬ੍ਰਿਟਿਸ਼ ਸ਼ਾਸਨ ਵਿੱਚ ਦਿੱਤੇ ਗਏ ਨਾਵਾਂ ਵਿੱਚ ਤਬਦੀਲੀ ਨਾਲ ਹੋਈ। ਜਿਵੇਂ ਕਿ ਬੰਬੇ ਨੂੰ ਮੁੰਬਈ, ਕੈਲਕਟਾ ਨੂੰ ਕੋਲਕਾਤਾ, ਤ੍ਰਿਵੇਂਦਰਮ ਨੂੰ ਤਿਰੂਵਨੰਤਪੁਰਮ ਅਤੇ ਮਦਰਾਸ ਨੂੰ ਚੇਨਈ ਕੀਤਾ ਗਿਆ।

ਇਸ ਦੇ ਬਾਅਦ ਮੁਗ਼ਲ ਸ਼ਾਸਕਾਂ ਦੇ ਦਿੱਤੇ ਨਾਂ ਬਦਲੇ ਜਾਣ ਲੱਗੇ। 1583 ਵਿੱਚ ਜਿਸ ਇਲਾਹਾਬਾਦ ਸ਼ਹਿਰ ਦੀ ਸਥਾਪਨਾ ਅਕਬਰ ਨੇ ਕੀਤੀ ਸੀ, ਉਸ ਦਾ ਨਾਂ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਗਿਆ।

ਇਹ ਬਦਲਾਅ 2018 ਵਿੱਚ ਇੱਕ ਚੁਣੀ ਹੋਈ ਸਰਕਾਰ ਨੇ ਕੀਤਾ। ਇਸ ਬਦਲਾਅ ਨਾਲ ਇਹ ਸੰਦੇਸ਼ ਗਿਆ ਕਿ ਮੁਗ਼ਲ ਵੀ ਅੰਗਰੇਜ਼ਾਂ ਦੀ ਤਰ੍ਹਾਂ ਬਸਤੀਵਾਦੀ ਤਾਕਤ ਸਨ।

ਪਰ ਇਸ ਤਰ੍ਹਾਂ ਦੇ ਬਦਲਾਅ ਸਿਰਫ਼ ਭਾਰਤ ਵਿੱਚ ਹੀ ਨਹੀਂ, ਬਲਕਿ ਪਾਕਿਤਸਾਨ ਵਿੱਚ ਵੀ ਕੀਤੇ ਗਏ ਹਨ। ਪਾਕਿਤਸਾਨ ਵਿੱਚ ਵੀ ਇਸ ਤਰ੍ਹਾਂ ਨਾਲ ਹਿੰਦੂ, ਸਿੱਖ ਅਤੇ ਬੰਗਾਲੀ ਪਛਾਣ ਮਿਟਾਉਣ ਦੀ ਮੁਹਿੰਮ ਚੱਲੀ।

ਯੋਗੀ ਆਦਿਤਿਆਨਾਥ

ਤਸਵੀਰ ਸਰੋਤ, Getty Images

ਪਾਕਿਤਸਾਨ ਦੀਆਂ ਕਿਤਾਬਾਂ ਅਤੇ ਦਸਤਾਵੇਜ਼ਾਂ ਤੋਂ ਪੂਰਬੀ ਪਾਕਿਤਸਾਨ ਨੂੰ ਮਿਟਾ ਦਿੱਤਾ ਗਿਆ ਹੈ। ਕੁਝ ਹੀ ਪਾਕਿਤਸਾਨੀ ਇਸ ਗੱਲ ਨੂੰ ਯਾਦ ਕਰਦੇ ਹਨ ਕਿ 1971 ਵਿੱਚ ਹਿੰਸਾ ਦਾ ਚੱਕਰ ਚੱਲਣ ਦੇ ਬਾਅਦ ਬੰਗਲਾਦੇਸ਼ ਦਾ ਜਨਮ ਹੋਇਆ।

ਕੋਲੰਬੀਆ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫ਼ੈਸਰ ਮਨਾਨ ਅਹਿਮਦ ਆਸਿਫ਼ ਨੇ ਆਪਣੀ ਕਿਤਾਬ 'ਦਿ ਲੌਸ ਆਫ਼ ਹਿੰਦੁਸਤਾਨ' ਵਿੱਚ ਦੱਸਿਆ ਹੈ ਕਿ ਕਿਵੇਂ ਹਿੰਦੁਸਤਾਨ, ਇੰਡੀਆ ਵਿੱਚ ਤਬਦੀਲ ਹੋਇਆ ਅਤੇ ਬਹੁਸੰਖਿਆਵਾਦ ਦਾ ਜ਼ੋਰ ਵਧਦਾ ਗਿਆ। ਇਸ ਨੂੰ ਸਮਝਣ ਲਈ ਆਸਿਫ਼ ਇੱਕ ਮਿਸਾਲ ਦਿੰਦੇ ਹਨ।

ਹਰਦਿਆਲ ਨਾਂ ਦੇ ਇੱਕ ਨੌਜਵਾਨ ਕ੍ਰਾਂਤੀਕਾਰੀ ਨੇ 1904 ਵਿੱਚ ਲਾਹੌਰ ਦੇ ਫੋਰਮੈਨ ਕ੍ਰਿਸ਼ਚੀਅਨ ਕਾਲਜ ਦੇ ਸਾਹਮਣੇ ਲੋਕਾਂ ਨੂੰ ਇਕੱਠਾ ਕੀਤਾ। ਇਸ ਵਿੱਚ ਆਪਣੇ ਦੋਸਤ ਅਤੇ ਨੌਜਵਾਨ ਕਵੀ ਮੁਹੰਮਦ ਇਕਬਾਲ ਨੂੰ ਵੀ ਬੁਲਾਇਆ।

ਇਕਬਾਲ ਉਦੋਂ ਇੱਕ ਸਰਕਾਰੀ ਕਾਲਜ ਵਿੱਚ ਪੜ੍ਹਾਉਂਦੇ ਸਨ। ਇਕਬਾਲ ਨੇ ਉਸ ਬੈਠਕ ਵਿੱਚ ਆਪਣੀ ਇੱਕ ਨਵੀਂ ਕਵਿਤਾ ਸੁਣਾਈ ਸੀ। ਉਹ ਕਵਿਤਾ ਸੀ-ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ।

ਇਸ ਕਵਿਤਾ ਨੂੰ ਬੈਠਕ ਵਿੱਚ ਸਾਰੇ ਲੋਕਾਂ ਨੇ ਬੜੇ ਜੋਸ਼ ਨਾਲ ਉਨ੍ਹਾਂ ਦੇ ਨਾਲ ਗਾਇਆ।

ਉਨ੍ਹਾਂ ਵਿੱਚੋਂ ਹੀ ਇੱਕ ਸਰੋਤੇ ਨੇ ਉਸ ਕਵਿਤਾ ਨੂੰ ਸੁਣ ਕੇ ਲਿਖਿਆ ਅਤੇ ਉਸ ਦੌਰ ਦੀ ਮੋਹਰੀ ਉਰਦੂ ਪੱਤ੍ਰਿਕਾ 'ਇੱਤੇਹਾਦ' ਵਿੱਚ ਭੇਜ ਦਿੱਤਾ।

ਇਹ ਕਵਿਤਾ 1904 ਵਿੱਚ ਇਸ ਪੱਤ੍ਰਿਕਾ ਦੇ ਅਗਸਤ ਮਹੀਨੇ ਦੇ ਅੰਕ ਵਿੱਚ ਛਪੀ।

ਬਾਅਦ ਵਿੱਚ ਇਕਬਾਲ ਦੀ ਇਹ ਕਵਿਤਾ 1924 ਵਿੱਚ ਉਨ੍ਹਾਂ ਦੇ ਪਹਿਲੇ ਕਵਿਤਾ ਸੰਗ੍ਰਹਿ ਵਿੱਚ ਛਪੀ।

ਵੀਡੀਓ ਕੈਪਸ਼ਨ, ਭਾਰਤ ਸਰਕਾਰ ਦਿੱਲੀ ਵਿੱਚ ਕਿਹੜੇ ਮੁਗਲ ਸ਼ਹਿਜ਼ਾਦੇ ਦੀ ਕਬਰ ਦੀ ਭਾਲ ਕਰ ਰਹੀ ਹੈ

ਇਕਬਾਲ ਉਸ ਮੁਹਿੰਮ ਦਾ ਹਿੱਸਾ ਸਨ, ਜਿਸ ਵਿੱਚ ਹਿੰਦੁਸਤਾਨ ਨੂੰ ਸਭ ਲਈ ਦੱਸਿਆ ਜਾ ਰਿਹਾ ਸੀ।

ਉਨ੍ਹਾਂ ਦੀ ਇਸ ਕਵਿਤਾ ਵਿੱਚ ਗੰਗਾ, ਹਿਮਾਲਿਆ ਦਾ ਜ਼ਿਕਰ ਹੈ ਜੋ ਹਿੰਦੂ ਮਾਨਤਾਵਾਂ ਵਿੱਚ ਕਾਫ਼ੀ ਮਾਅਨੇ ਰੱਖਦੇ ਹਨ।

ਇਕਬਾਲ ਦੀ ਕਵਿਤਾ ਇਸ ਗੱਲ ਦੀ ਪੁਸ਼ਟੀ ਕਰ ਰਹੀ ਸੀ ਕਿ ਲੋਕ ਪਹਿਲਾਂ ਹਿੰਦੋਸਤਾਨੀ ਹਨ, ਉਸ ਦੇ ਬਾਅਦ ਕੋਈ ਹਿੰਦੂ ਜਾਂ ਮੁਸਲਮਾਨ ਹੈ।

ਇਕਬਾਲ ਦੀ ਕਲਪਨਾ ਵਿੱਚ ਉਹ ਹਿੰਦੁਸਤਾਨ ਸੀ ਜੋ ਸੈਂਕੜੇ ਸਾਲਾਂ ਤੋਂ ਹੋਂਦ ਵਿੱਚ ਸੀ। ਇਕਬਾਲ ਦੀ ਕਵਿਤਾ ਇੰਨੀ ਹਰਮਨਪਿਆਰੀ ਹੋਈ ਕਿ ਉਹ ਜਨ ਕਵਿਤਾ ਵਿੱਚ ਤਬਦੀਲ ਹੋ ਗਈ।

ਕਾਂਗਰਸ ਦੇ ਸੈਸ਼ਨਾਂ ਦੇ ਉਦਘਾਟਨ ਸਮਾਗਮਾਂ ਵਿੱਚ ਇਹ ਕਵਿਤਾ ਗਾਈ ਜਾਣ ਲੱਗੀ। ਆਜ਼ਾਦੀ ਦੀ ਲੜਾਈ ਵਿੱਚ ਇਹ ਕਵਿਤਾ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਈ। ਇੱਥੋਂ ਤੱਕ ਕਿ ਮਹਾਤਮਾ ਗਾਂਧੀ ਨੂੰ ਵੀ ਕਾਫ਼ੀ ਪਸੰਦ ਆਈ ਸੀ।

ਸਾਵਰਕਰ

ਤਸਵੀਰ ਸਰੋਤ, Getty Images

20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਆਈਡੀਆ ਆਫ਼ ਹਿੰਦੋਸਤਾਨ ਨੂੰ ਲੈ ਕੇ ਇਕਬਾਲ ਦੇ ਰੁਖ਼ ਵਿੱਚ ਵੀ ਅਹਿਮ ਤਬਦੀਲੀ ਆਈ। ਇਕਬਾਲ ਦੇ ਕਵਿਤਾ ਸੰਗ੍ਰਹਿ ਵਿੱਚ 'ਤਰਾਨਾ-ਏ-ਮਿੱਲੀ' ਸਿਰਲੇਖ ਨਾਲ ਇੱਕ ਕਵਿਤਾ ਸ਼ਾਮਲ ਹੋਈ। ਇਕਬਾਲ ਨੇ ਇਸ ਕਵਿਤਾ ਵਿੱਚ ਮੁਸਲਿਮ ਰਾਸ਼ਟਰ ਦੀ ਗੱਲ ਕੀਤੀ।

ਉਨ੍ਹਾਂ ਨੇ ਸਥਾਨਕ ਅਤੇ ਆਲਮੀ ਦੋਵਾਂ ਪੱਧਰਾਂ 'ਤੇ ਮੁਸਲਿਮ ਸਮੁਦਾਏ ਦੀ ਗੱਲ ਕੀਤੀ। 'ਤਰਾਨਾ-ਏ-ਮਿੱਲੀ' ਕਵਿਤਾ ਵਿੱਚ ਇੱਕ ਸਤਰ ਹੈ-ਚੀਨ ਓ ਅਰਬ ਹਮਾਰਾ, ਹਿੰਦੋਸਤਾਂ ਹਮਾਰਾ, ਮੁਸਲਿਮ ਹੈਂ ਹਮ, ਸਾਰਾ ਜਹਾਂ ਹਮਾਰਾ।

1930 ਆਉਂਦੇ-ਆਉਂਦੇ ਇਕਬਾਲ ਦੇ ਵਿਚਾਰ ਵਿੱਚ ਹੋਰ ਤਬਦੀਲੀ ਆਈ। ਉਨ੍ਹਾਂ ਨੇ ਆਲ ਇੰਡੀਆ ਮੁਸਲਿਮ ਲੀਗ ਵਿੱਚ ਪ੍ਰਧਾਨਗੀ ਭਾਸ਼ਣ ਦਿੱਤਾ।

ਇਸ ਸੰਬੋਧਨ ਵਿੱਚ ਉਨ੍ਹਾਂ ਨੇ ਭਾਰਤ ਦੇ ਅੰਦਰ ਇੱਕ ਮੁਸਲਿਮ ਭਾਰਤ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਨੇ ਭਾਰਤ ਨੂੰ 'ਦੁਨੀਆਂ ਦਾ ਸਭ ਤੋਂ ਮਹਾਨ ਮੁਸਲਿਮ ਦੇਸ਼' ਕਿਹਾ।

ਇਕਬਾਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ, ''ਭਾਰਤ ਵਿੱਚ ਇਸਲਾਮ ਦੀ ਸੰਸਕ੍ਰਿਤਕ ਸ਼ਕਤੀ ਕਿਸੇ ਖ਼ਾਸ ਖੇਤਰ ਵਿੱਚ ਮੁਸਲਮਾਨਾਂ ਦੇ ਕੇਂਦਰੀਕਰਨ 'ਤੇ ਨਿਰਭਰ ਕਰੇਗੀ। ਇਹ ਕੇਂਦਰੀਕਰਨ ਉਨ੍ਹਾਂ ਇਲਾਕਿਆਂ ਵਿੱਚ ਹੋਣਾ ਚਾਹੀਦਾ ਹੈ, ਜਿੱਥੇ ਮੁਸਲਮਾਨ ਜ਼ਿਆਦਾ ਗਿਣਤੀ ਵਿੱਚ ਹਨ। ਮੁਸਲਮਾਨ ਬ੍ਰਿਟਿਸ਼ ਸੈਨਾ ਅਤੇ ਪੁਲਿਸ ਵਿੱਚ ਵੀ ਹਨ, ਜਿਨ੍ਹਾਂ ਦੀ ਬਦੌਲਤ ਇੱਥੇ ਅੰਗਰੇਜ਼ ਸ਼ਾਸਨ ਕਰ ਰਹੇ ਹਨ। ਜੇਕਰ ਕਿਸੇ ਖ਼ਾਸ ਖੇਤਰ ਵਿੱਚ ਮੁਸਲਮਾਨਾਂ ਦਾ ਕੇਂਦਰੀਕਰਨ ਹੁੰਦਾ ਹੈ ਤਾਂ ਇਸ ਨਾਲ ਭਾਰਤ ਅਤੇ ਏਸ਼ੀਆ ਦੀ ਸਮੱਸਿਆ ਦਾ ਸਮਾਧਾਨ ਹੋ ਸਕਦਾ ਹੈ।''

ਇਕਬਾਲ ਮੁਸਲਮਾਨਾਂ ਦੇ ਆਲਮੀ ਭਾਈਚਾਰੇ ਦੀ ਵਕਾਲਤ ਕਰਨ ਲੱਗੇ ਸਨ। 1947 ਵਿੱਚ ਭਾਰਤ ਦੀ ਵੰਡ ਹੋਈ ਅਤੇ ਇਸਲਾਮਿਕ ਰਿਪਬਲਿਕ ਆਫ਼ ਪਾਕਿਸਤਾਨ ਬਣਿਆ। ਵੰਡ ਦੇ ਠੀਕ ਬਾਅਦ ਦੋਵਾਂ ਮੁਲਕਾਂ ਵਿੱਚ ਜੰਗ ਹੋਈ।

ਅੱਗੇ ਜਾ ਕੇ 1970 ਦੇ ਦਹਾਕੇ ਵਿੱਚ ਪਾਕਿਸਤਾਨ ਦੇ ਫੌਜੀ ਸ਼ਾਸਕ ਜ਼ੀਆ-ਉੱਲ-ਹੱਕ ਨੇ ਅੱਲਾਮਾ ਇਕਬਾਲ ਨੂੰ ਪਾਕਿਤਸਾਨ ਦੇ 'ਨੈਸ਼ਨਲ ਫ਼ਿਲਾਸਫ਼ਰ' ਦੀ ਉਪਾਧੀ ਦਿੱਤੀ। ਇਕਬਾਲ ਦੀ ਮੌਤ 1938 ਵਿੱਚ ਹੋ ਗਈ ਅਤੇ ਉਹ ਇਸਲਾਮੀ ਰਾਸ਼ਟਰ ਦੇਖਣ ਦਾ ਸੁਪਨਾ ਦਿਲ ਵਿੱਚ ਲੈ ਕੇ ਗੁਜ਼ਰ ਗਏ।

ਮੱਧਕਾਲ ਦੇ ਉੱਘੇ ਇਤਿਹਾਸਕਾਰ ਪ੍ਰੋ. ਹਰਬੰਸ ਮੁਖੀਆ ਕਹਿੰਦੇ ਹਨ ਕਿ ਅੱਲਾਮਾ ਇਕਬਾਲ ਜਰਮਨੀ ਜਾਣ ਦੇ ਬਾਅਦ ਪੂਰੀ ਤਰ੍ਹਾਂ ਨਾਲ ਬਦਲ ਚੁੱਕੇ ਸਨ।

ਮੁਖੀਆ ਕਹਿੰਦੇ ਹਨ, ''ਇਕਬਾਲ ਜਦੋਂ ਜਰਮਨੀ ਵਿੱਚ ਦਰਸ਼ਨ ਦੀ ਪੜ੍ਹਾਈ ਕਰਨ ਗਏ ਤਾਂ ਉੱਥੋਂ ਦੇ ਰਾਸ਼ਟਰਵਾਦ ਦੇ ਪ੍ਰਭਾਵ ਵਿੱਚ ਉਨ੍ਹਾਂ ਦੇ ਮਨ ਵਿੱਚ ਇਸਲਾਮਿਕ ਰਾਸ਼ਟਰਵਾਦ ਦਾ ਵਿਚਾਰ ਆਇਆ। ਜਰਮਨੀ ਜਾਣ ਦੇ ਬਾਅਦ ਇਕਬਾਲ ਪੂਰੀ ਤਰ੍ਹਾਂ ਨਾਲ ਬਦਲ ਚੁੱਕੇ ਸਨ ਅਤੇ 'ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ' ਵਾਲਾ ਵਿਚਾਰ ਬਹੁਤ ਪਿੱਛੇ ਛੱਡ ਚੁੱਕੇ ਸਨ।''

ਮੁਬਾਰਕ ਅਲੀ ਵੀ ਮੰਨਦੇ ਹਨ ਕਿ ਅੱਲਾਮਾ ਇਕਬਾਲ ਯੂਰਪ ਜਾਣ ਦੇ ਬਾਅਦ ਰੂੜੀਵਾਦੀ ਮੁਸਲਮਾਨ ਹੋ ਗਏ ਸਨ।

ਮੁਸਲਮਾਨਾਂ ਦੀ ਵਫਾਦਾਰੀ 'ਤੇ ਸ਼ੱਕ

ਪਰ ਅੱਲਾਮਾ ਇਕਬਾਲ ਤੋਂ ਜ਼ਿਆਦਾ ਸਾਫ਼ ਸ਼ਬਦਾਂ ਵਿੱਚ ਵਿਨਾਇਕ ਦਾਮੋਦਰ ਸਾਵਰਕਰ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਸਨ। ਸਾਵਰਕਰ ਖੁੱਲ੍ਹ ਕੇ ਦੱਸ ਰਹੇ ਸਨ ਕਿ ''ਭਾਰਤ ਨਾਲ ਇੱਕਲੌਤਾ ਪ੍ਰੇਮ ਸਿਰਫ਼ ਹਿੰਦੂਆਂ ਦਾ ਹੀ ਹੋ ਸਕਦਾ ਹੈ।''

ਭਾਰਤ ਵਿੱਚ ਸਾਵਰਕਰ ਹਿੰਦੂ ਸ਼੍ਰੇਸ਼ਠਤਾ ਅਤੇ ਹਿੰਦੂਤਵ ਦੀ ਰਾਜਨੀਤੀ ਦੇ ਝੰਡਾਬਰਦਾਰ ਰਹੇ ਹਨ। ਦਰਅਸਲ ਹਿੰਦੂਤਵ ਸ਼ਬਦ ਦੀ ਪਹਿਲੀ ਵਾਰ ਵਰਤੋਂ ਉਨ੍ਹਾਂ ਨੇ ਹੀ ਕੀਤੀ ਸੀ।

ਸਾਵਰਕਰ ਨੂੰ ਲੰਡਨ ਵਿੱਚ ਦੇਸਧ੍ਰੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 1911 ਵਿੱਚ ਉਮਰ ਕੈਦ ਤਹਿਤ ਅੰਡਮਾਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।

1924 ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਰਾਜਨੀਤੀ ਨਾ ਕਰਨ ਦਾ ਵਾਅਦਾ ਕਰਦੇ ਹੋਏ ਮਾਫੀਨਾਮਾ ਦੇਣ 'ਤੇ ਰਿਹਾਅ ਹੋਏ ਸਾਵਰਕਰ 1937 ਤੱਕ ਮਹਾਰਾਸ਼ਟਰ ਦੇ ਰਤਨਾਗਿਰੀ ਵਿੱਚ ਰਹੇ।

ਮਹਾਤਮਾ ਗਾਂਧੀ ਦੇ ਕਤਲ ਦੇ ਮਾਮਲੇ ਵਿੱਚ ਸਾਵਰਕਰ ਨੂੰ ਵੀ ਸਹਿ-ਮੁਲਜ਼ਮ ਬਣਾਇਆ ਗਿਆ ਸੀ ਪਰ ਉਨ੍ਹਾਂ ਨੂੰ 'ਸਬੂਤਾਂ ਦੀ ਅਣਹੋਂਦ' ਵਿੱਚ ਰਿਹਾ ਕਰ ਦਿੱਤਾ ਗਿਆ ਸੀ।

ਗਾਂਧੀ ਦਾ ਕਤਲ ਕਰਨ ਵਾਲੇ ਨੱਥੂਰਾਮ ਗੋਡਸੇ ਵੀ ਸਾਵਰਕਰ ਦੀ ਹਿੰਦੂਤਵ ਦੀ ਵਿਚਾਰਧਾਰਾ ਤੋਂ ਹੀ ਪ੍ਰੇਰਿਤ ਸਨ।

ਪਾਕਿਸਤਾਨ

ਤਸਵੀਰ ਸਰੋਤ, Getty Images

ਸਾਵਰਕਰ ਦਾ 'ਭਾਰਤ ਦਾ ਸੁਪਨਾ' ਇੱਕ ਗੌਰਵਸ਼ਾਲੀ ਹਿੰਦੂ ਰਾਸ਼ਟਰ ਦਾ ਸੁਪਨਾ ਸੀ। 1908 ਵਿੱਚ ਸਾਵਰਕਰ ਨੇ ਮਰਾਠੀ ਵਿੱਚ ਇੱਕ ਕਵਿਤਾ ਲਿਖੀ ਸੀ। ਇਹ ਕਵਿਤਾ ਸੀ-ਅਮੁਚੇ ਪ੍ਰਿਯਕਰ ਹਿੰਦੁਸਥਾਨ (ਸਾਡਾ ਪਿਆਰਾ ਹਿੰਦੋਸਤਾਨ)।

ਸਾਵਰਕਰ ਨੇ ਇਹ ਕਵਿਤਾ ਲੰਡਨ ਵਿੱਚ ਹੀ ਲਿਖੀ ਸੀ। ਦੇਖਣ ਵਿੱਚ ਤਾਂ ਅਜਿਹਾ ਹੀ ਲੱਗਦਾ ਹੈ ਕਿ ਸਾਵਰਕਰ ਵੀ ਹਿੰਦੁਸਤਾਨ ਨੂੰ ਅੱਲਾਮਾ ਇਕਬਾਲ ਦੀ ਤਰ੍ਹਾਂ ਬਾਕੀ ਦੇ ਸਾਰੇ ਮੁਲਕਾਂ ਤੋਂ ਚੰਗਾ ਦੱਸ ਰਹੇ ਸਨ।

ਉਨ੍ਹਾਂ ਨੇ ਵੀ ਆਪਣੀ ਕਵਿਤਾ ਵਿੱਚ ਹਿਮਾਲਿਆ ਅਤੇ ਗੰਗਾ ਦਾ ਜ਼ਿਕਰ ਕੀਤਾ ਹੈ। ਪਰ ਸਾਵਰਕਰ ਨੇ ਆਪਣੀ ਕਵਿਤਾ ਵਿੱਚ ਮੁਸਲਮਾਨਾਂ ਅਤੇ ਅੰਗਰੇਜ਼ਾਂ ਦੋਵਾਂ ਨੂੰ ਬਾਹਰੀ ਬਸਤੀਵਾਦੀ ਸ਼ਕਤੀ ਦੱਸਿਆ ਹੈ।

ਸਾਵਰਕਰ ਨੇ ਆਪਣੀ ਕਵਿਤਾ ਵਿੱਚ ਪਹਿਲੀ ਸਦੀ ਵਿੱਚ ਵਿਕਰਮਾਦਿੱਤਿਆ ਤੋਂ ਹਾਰ ਦਾ ਸਾਹਮਣਾ ਕਰਨ ਵਾਲੇ ਗਰੀਕਾਂ ਲਈ 'ਮਲੇਛ' ਸ਼ਬਦ ਦੀ ਵਰਤੋਂ ਕੀਤੀ ਹੈ। 'ਮਲੇਛ' ਸ਼ਬਦ ਦੀ ਵਰਤੋਂ ਅਸ਼ੁੱਧ ਅਤੇ ਗੰਦੇ ਦੇ ਸਮਾਨਅਰਥੀ ਦੇ ਤੌਰ 'ਤੇ ਕੀਤਾ ਜਾਂਦਾ ਸੀ। ਬਾਅਦ ਵਿੱਚ ਮੁਸਲਮਾਨਾਂ ਪ੍ਰਤੀ ਘ੍ਰਿਣਾ ਪ੍ਰਗਟਾਉਣ ਲਈ ਵੀ ਇਸ ਸ਼ਬਦ ਦੀ ਵਰਤੋਂ ਹੁੰਦੀ ਰਹੀ ਹੈ।

1923 ਵਿੱਚ ਪਹਿਲੀ ਵਾਰ ਸਾਵਰਕਰ ਦਾ ਲੇਖ 'ਅਸੈਂਸ਼ੀਅਲਜ਼ ਆਫ਼ ਹਿੰਦੂਤਵ' ਛਪਿਆ।

ਇਹ ਵੀ ਪੜ੍ਹੋ:

ਸਾਵਰਕਰ ਨੇ ਇਸ ਲੇਖ ਵਿੱਚ ਆਪਣੇ ਉਸ ਵਿਚਾਰ ਨੂੰ ਵਿਸਥਾਰ ਦਿੱਤਾ ਕਿ ਮੁਸਲਮਾਨ ਬਾਹਰੀ ਹਮਲਾਵਰ ਸਨ। ਇਸ ਲੇਖ ਵਿੱਚ ਸਾਵਰਕਰ ਨੇ ਪਹਿਲੀ ਵਾਰ ਹਿੰਦੂਤਵ ਸ਼ਬਦ ਦੀ ਵਰਤੋਂ ਕੀਤੀ।

ਇਸ ਵਿੱਚ ਉਨ੍ਹਾਂ ਨੇ 'ਹਿੰਦੁਸਥਾਨ' ਦੀ ਪਰਿਕਲਪਨਾ ਕੀਤੀ। ਸਾਵਰਕਰ ਨੇ 'ਹਿੰਦੁਸਤਾਨ' ਦੇ ਬਦਲੇ 'ਹਿੰਦੁਸਥਾਨ' ਦੀ ਵਕਾਲਤ ਕੀਤੀ।

ਸਾਵਰਕਰ ਨੇ 'ਹਿੰਦੁ' ਨਾਲ ਸੰਸਕ੍ਰਿਤ ਦਾ 'ਸਥਾਨ' ਜੋੜਿਆ, ਨਾ ਕਿ ਫ਼ਾਰਸੀ ਦਾ ਸਤਾਨ। ਸਾਵਰਕਰ ਇਸ ਗੱਲ ਨਾਲ ਅਸਹਿਮਤ ਸਨ ਕਿ ਹਿੰਦੁਸਤਾਨ ਨਾਂ ਵਿਦੇਸ਼ੀਆਂ ਨੇ ਦਿੱਤਾ ਸੀ।

ਸਾਵਰਕਰ ਨੇ ਆਪਣੀ ਕਿਤਾਬ 'ਹਿੰਦੂਤਵ : ਹੂ ਇਜ਼ ਅ ਹਿੰਦੂ' ਵਿੱਚ ਲਿਖਿਆ ਹੈ, ''ਜਦੋਂ ਮੁਹੰਮਦ ਦਾ ਜਨਮ ਨਹੀਂ ਹੋਇਆ ਸੀ ਅਤੇ ਅਰਬ ਦੇ ਲੋਕਾਂ ਬਾਰੇ ਦੁਨੀਆਂ ਨਹੀਂ ਜਾਣਦੀ ਸੀ: ਉਸ ਦੇ ਬਹੁਤ ਪਹਿਲਾਂ ਤੋਂ ਹੀ ਇਸ ਪ੍ਰਾਚੀਨ ਦੇਸ ਨੂੰ ਬਾਹਰ ਦੇ ਲੋਕ ਹਿੰਦੂ ਜਾਂ ਸਿੰਧੂ ਦੇ ਤੌਰ 'ਤੇ ਜਾਣਦੇ ਸਨ। ਅਰਬ ਦੇ ਲੋਕਾਂ ਨੇ ਇਹ ਨਾਂ ਨਹੀਂ ਦਿੱਤਾ ਹੈ।''

ਇਸੇ ਕਿਤਾਬ ਵਿੱਚ ਸਾਵਰਕਰ ਨੇ ਕਿਹਾ ਹੈ, ''ਹਿੰਦੁਸਥਾਨ ਦਾ ਮਤਲਬ ਹਿੰਦੂਆਂ ਦੀ ਭੂਮੀ ਤੋਂ ਹੈ। ਹਿੰਦੂਤਵ ਲਈ ਭੂਗੋਲਿਕ ਏਕਤਾ ਬਹੁਤ ਜ਼ਰੂਰੀ ਹੈ। ਇੱਕ ਹਿੰਦੂ ਮੁੱਢਲੇ ਰੂਪ ਵਿੱਚ ਇੱਥੋਂ ਦਾ ਨਾਗਰਿਕ ਹੈ ਜਾਂ ਆਪਣੇ ਪੂਰਵਜਾਂ ਦੇ ਕਾਰਨ 'ਹਿੰਦੁਸਥਾਨ' ਦਾ ਨਾਗਰਿਕ ਹੈ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਾਵਰਕਰ ਹਿੰਦੂਤਵ ਨੂੰ ਪਰਿਭਾਸ਼ਿਤ ਕਰਨ ਤੋਂ ਪਹਿਲਾਂ 'ਹਿੰਦੁਸਥਾਨ' ਨੂੰ ਪਰਿਭਾਸ਼ਿਤ ਕਰਦੇ ਹਨ।

ਇਸ ਦੀ ਸ਼ੁਰੂਆਤ ਭੂਗੋਲਿਕ ਰੂਪ ਨਾਲ ਕਰਦੇ ਹਨ। ਉਹ ਖੇਤਰੀ ਅਖੰਡਤਾ ਦੇ ਬਾਅਦ ਧਾਰਮਿਕ ਅਤੇ ਸੰਸਕ੍ਰਿਤਕ ਮੁੱਦੇ 'ਤੇ ਗੱਲ ਕਰਦੇ ਹਨ।

ਸਾਵਰਕਰ ਪੰਜ ਹਜ਼ਾਰ ਸਾਲ ਪੁਰਾਣੇ ਹਿੰਦੁਸਥਾਨ ਦੀ ਗੱਲ ਕਰਦੇ ਹਨ। ਉਹ ਦੱਸਦੇ ਹਨ ਕਿ ਜਦੋਂ ਤੱਕ ਗਜ਼ਨੀ ਨੇ ਹਮਲਾ ਨਹੀਂ ਕੀਤਾ ਉਦੋਂ ਤੱਕ ਇੱਥੇ 'ਸੁੰਦਰਤਾ ਦੇ ਨਾਲ ਸ਼ਾਂਤੀ' ਬਣੀ ਰਹੀ।

ਸਾਵਰਕਰ ਦੱਸਦੇ ਹਨ ਕਿ ਸਾਲ ਦਰ ਸਾਲ, ਦਹਾਕੇ ਦਰ ਦਹਾਕੇ ਅਤੇ ਸਦੀ ਦਰ ਸਦੀ ਮੁਸਲਿਮ ਹਮਲਾਵਰਾਂ ਅਤੇ ਹਿੰਦੂ ਵਿਰੋਧ ਵਿਚਕਾਰ ਸੰਘਰਸ਼ ਜਾਰੀ ਰਿਹਾ।

ਸਾਵਰਕਰ ਕਹਿੰਦੇ ਹਨ ਕਿ ਇਨ੍ਹਾਂ ਹਮਲਿਆਂ ਅਤੇ ਉਨ੍ਹਾਂ ਦੇ ਵਿਰੋਧ ਨਾਲ ਹਿੰਦੂਤਵ ਦਾ ਜਨਮ ਹੋਇਆ ਹੈ। ਸਾਵਰਕਰ ਕਹਿੰਦੇ ਹਨ ਕਿ ਮੁਸਲਿਮ ਸ਼ਾਸਕਾਂ ਨਾਲ ਜੋ ਸੰਘਰਸ਼ ਹੋਇਆ, ਉਸੀ ਨਾਲ ਹਿੰਦੂ ਰਾਸ਼ਟਰ ਪਰਿਭਾਸ਼ਿਤ ਹੁੰਦਾ ਹੈ।

ਮੁਸਲਮਾਨਾਂ ਨੂੰ ਸਾਵਰਕਰ ਹਮੇਸ਼ਾਂ ਬਾਹਰੀ ਹੀ ਮੰਨਦੇ ਰਹੇ।

ਸਾਵਰਕਰ ਨੇ 'ਹਿੰਦੂਤਵ: ਹੂ ਇਜ਼ ਅ ਹਿੰਦੂ' ਵਿੱਚ ਲਿਖਿਆ ਹੈ, ''ਸਾਡੇ ਮੁਸਲਮਾਨਾਂ ਜਾਂ ਈਸਾਈਆਂ ਦੇ ਕੁਝ ਮਾਮਲਿਆਂ ਵਿੱਚ ਜਿਨ੍ਹਾਂ ਨੂੰ ਜਬਰਨ ਗ਼ੈਰ ਹਿੰਦੂ ਧਰਮ ਵਿੱਚ ਧਰਮ ਪਰਿਵਰਤਨ ਕੀਤਾ ਗਿਆ, ਉਨ੍ਹਾਂ ਦੀ ਪਿੱਤਰਭੂਮੀ (ਵਤਨ) ਵੀ ਇਹੀ ਹੈ ਅਤੇ ਸੰਸਕ੍ਰਿਤੀ ਦਾ ਵੱਡਾ ਹਿੱਸਾ ਵੀ ਇੱਕੋ ਜਿਹਾ ਹੀ ਹੈ, ਪਰ ਫਿਰ ਵੀ ਉਨ੍ਹਾਂ ਨੂੰ ਹਿੰਦੂ ਨਹੀਂ ਮੰਨਿਆ ਜਾ ਸਕਦਾ।

ਤਾਜਮਹਿਲ

ਤਸਵੀਰ ਸਰੋਤ, Getty Images

ਹਾਲਾਂਕਿ ਹਿੰਦੂਆਂ ਦੀ ਤਰ੍ਹਾਂ ਹਿੰਦੁਸਤਾਨ ਉਨ੍ਹਾਂ ਦੀ ਵੀ ਪਿੱਤਰਭੂਮੀ ਹੈ, ਪਰ ਪਵਿੱਤਰਭੂਮੀ ਨਹੀਂ ਹੈ। ਉਨ੍ਹਾਂ ਦੀ ਪਵਿੱਤਰਭੂਮੀ ਦੂਰ ਅਰਬ ਹੈ। ਉਨ੍ਹਾਂ ਦੀਆਂ ਮਾਨਤਾਵਾਂ, ਉਨ੍ਹਾਂ ਦੇ ਧਰਮ ਗੁਰੂ, ਵਿਚਾਰ ਅਤੇ ਨਾਇਕ ਇਸ ਮਿੱਟੀ ਦੀ ਉਪਜ ਨਹੀਂ ਹਨ। ਅਜਿਹੇ ਵਿੱਚ ਉਨ੍ਹਾਂ ਦੇ ਨਾਂ ਅਤੇ ਦ੍ਰਿਸ਼ਟੀਕੋਣ ਮੂਲ ਰੂਪ ਨਾਲ ਵਿਦੇਸ਼ੀ ਹਨ। ਉਨ੍ਹਾਂ ਦਾ ਪਿਆਰ ਵੰਡਿਆ ਹੋਇਆ ਹੈ।''

ਸਾਵਰਕਰ ਦੇ ਇਸ ਤਰਕ 'ਤੇ ਇਤਿਹਾਸਕਾਰ ਇਰਫ਼ਾਨ ਹਬੀਬ (2) ਕਹਿੰਦੇ ਹਨ ਕਿ ਭਗਤ ਸਿੰਘ ਤਾਂ ਨਾਸਤਿਕ ਸਨ ਅਤੇ ਉਨ੍ਹਾਂ ਦੀ ਕੋਈ ਪਵਿੱਤਰਭੂਮੀ ਹੀ ਨਹੀਂ ਸੀ। ਇਰਫ਼ਾਨ ਹਬੀਬ ਕਹਿੰਦੇ ਹਨ, ''ਰਾਸ਼ਟਰਵਾਦ ਅਤੇ ਧਰਮ ਦਾ ਘਾਲਮੇਲ ਨਹੀਂ ਕੀਤਾ ਜਾ ਸਕਦਾ। ਧਰਮ ਬਿਲਕੁਲ ਅਲਗ ਚੀਜ਼ ਹੈ। ਧਰਮ ਨਾਲ ਕਿਸੇ ਦਾ ਰਾਸ਼ਟਰਵਾਦ ਪ੍ਰਭਾਵਿਤ ਨਹੀਂ ਹੁੰਦਾ ਹੈ।''

ਮੁਸਲਮਾਨਾਂ ਨੂੰ ਲੈ ਕੇ ਇਹ ਸਿਰਫ਼ ਸਾਵਰਕਰ ਦੀ ਹੀ ਰਾਇ ਨਹੀਂ ਸੀ, ਬਲਕਿ ਬ੍ਰਿਟਿਸ਼ ਸ਼ਾਸਨ ਦੇ ਪ੍ਰਸ਼ੰਸਕ ਰਹੇ ਸਰ ਜਦੂਨਾਥ ਸਰਕਾਰ ਨੇ ਵੀ ਕੁਝ ਅਜਿਹਾ ਹੀ ਕਿਹਾ ਸੀ।

ਹਰਬੰਸ ਮੁਖੀਆ ਕਹਿੰਦੇ ਹਨ ਕਿ ਜਦੂਨਾਥ ਨੇ ਮੁਗ਼ਲ ਕਾਲ 'ਤੇ ਜੋ ਵੀ ਲਿਖਿਆ ਹੈ, ਉਹ ਹੁਣ ਬੀਜੇਪੀ ਦੇ ਖਾਂਚੇ ਵਿੱਚ ਬਿਲਕੁਲ ਫਿਟ ਬੈਠਦਾ ਹੈ।

ਜਦੂਨਾਥ ਸਰਕਾਰ ਨੇ ਮਦਰਾਸ ਵਿੱਚ 1928 ਵਿੱਚ ਇੱਕ ਲੈਕਚਰ ਦਿੱਤਾ ਸੀ। ਉਹ ਭਾਸ਼ਣ 'ਇੰਡੀਆ ਥ੍ਰੂ ਦਿ ਏਜ' ਸਿਰਲੇਖ ਨਾਲ ਛਪਿਆ ਸੀ। ਇਸ ਵਿੱਚ ਜਦੂਨਾਥ ਸਰਕਾਰ ਨੇ ਮੁਸਲਿਮ ਸ਼ਾਸਨ ਨੂੰ ਵਿਦੇਸ਼ੀ ਅਤੇ ਸੰਸਕ੍ਰਿਤਕ ਰੂਪ ਨਾਲ ਭਿੰਨ ਸ਼ਾਸਨ ਕਿਹਾ ਸੀ।

ਸਰਕਾਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ, ''ਭਾਰਤ 'ਤੇ ਮੁਸਲਿਮਾਂ ਦੀ ਜਿੱਤ ਪਹਿਲਾਂ ਦੇ ਹਮਲਿਆਂ ਨਾਲੋਂ ਇੱਕ ਮਾਮਲੇ ਵਿੱਚ ਬਿਲਕੁਲ ਅਲੱਗ ਸੀ। ਭਾਰਤ ਦੇ ਲੋਕਾਂ ਲਈ ਮੁਸਲਮਾਨ ਬਿਲਕੁਲ ਅਲਗ ਸਨ ਅਤੇ ਇੱਥੋਂ ਦੇ ਲੋਕ ਉਨ੍ਹਾਂ ਨੂੰ ਕਦੇ ਅਪਣਾ ਨਹੀਂ ਸਕੇ। ਹਿੰਦੂ ਅਤੇ ਮੁਸਲਮਾਨ ਅਤੇ ਅੱਗੇ ਜਾ ਕੇ ਹਿੰਦੂ-ਈਸਾਈ ਵੀ ਇਕੱਠੇ ਰਹਿੰਦੇ ਹੋਏ ਵੀ ਇੱਕ-ਦੂਜੇ ਨਾਲ ਘੁਲ-ਮਿਲ ਨਹੀਂ ਸਕੇ। ਮੁਸਲਮਾਨ ਅੱਜ ਵੀ ਆਪਣਾ ਚਿਹਰਾ ਮੱਕਾਂ ਵੱਲ ਕਰਕੇ ਨਮਾਜ਼ ਅਦਾ ਕਰਦੇ ਹਨ।''

ਸਰਕਾਰ ਨੇ 'ਇੰਡੀਆ ਥ੍ਰੂ ਦਿ ਏਜ' ਵਿੱਚ ਲਿਖਿਆ ਹੈ ਕਿ 1200 ਤੋਂ 1580 ਤੱਕ (ਅਕਬਰ ਦੇ ਸ਼ਾਸਨ ਤੋਂ ਪਹਿਲਾਂ) ਮੁਸਲਿਮ ਸ਼ਾਸਕ ਭਾਰਤ ਦੀ ਜ਼ਮੀਨ 'ਤੇ ਕਿਸੇ ਸੈਨਾ ਕੈਂਪ ਦੀ ਤਰ੍ਹਾਂ ਰਹੇ।

ਪ੍ਰੋ. ਹਰਬੰਸ ਮੁਖੀਆ ਅਤੇ ਪ੍ਰੋ. ਹੇਰੰਬ ਚਤੁਰਵੇਦੀ ਸਰ, ਜਦੂਨਾਥ ਸਰਕਾਰ ਦੀ ਇਸ ਗੱਲ ਨੂੰ ਗੈਰ-ਤਾਰਕਿਕ ਦੱਸਦੇ ਹਨ।

ਲਾਲ ਕਿਲਾ

ਤਸਵੀਰ ਸਰੋਤ, Getty Images

ਹਰਬੰਸ ਮੁਖੀਆ ਕਹਿੰਦੇ ਹਨ, ''ਬਾਬਰ ਅਤੇ ਹੁਮਾਯੂੰ ਮੱਧ ਏਸ਼ੀਆ ਤੋਂ ਆਏ ਸਨ। ਅਕਬਰ ਦਾ ਜਨਮ ਤਾਂ ਉਮਰਕੋਟ ਵਿੱਚ ਇੱਕ ਰਾਜਪੂਤ ਰਾਜੇ ਦੇ ਘਰ ਵਿੱਚ ਹੋਇਆ ਸੀ। ਅਕਬਰ ਹਿੰਦੋਸਤਾਨ ਤੋਂ ਬਾਹਰ ਕਦੇ ਨਹੀਂ ਗਏ। ਅਕਬਰ ਦੇ ਬਾਅਦ ਜਿੰਨੇ ਮੁਗ਼ਲ ਸ਼ਾਸਕ ਹੋਏ ਸਭ ਦਾ ਜਨਮ ਹਿੰਦੋਸਤਾਨ ਵਿੱਚ ਹੀ ਹੋਇਆ। ਇਨ੍ਹਾਂ ਨੇ ਤਾਂ ਹਿੰਦੁਸਤਾਨ ਦੇ ਬਾਹਰ ਕਦਮ ਤੱਕ ਨਹੀਂ ਰੱਖਿਆ।''

ਹੇਰੰਬ ਚਤੁਰਵੇਦੀ ਕਹਿੰਦੇ ਹਨ ਕਿ ਭਗਤੀ ਅਤੇ ਸੂਫ਼ੀ ਅੰਦੋਲਨ ਦੀ ਵਜ੍ਹਾ ਨਾਲ ਮਜ਼ਹਬ ਦੀ ਦੀਵਾਰ ਖ਼ਤਮ ਹੋ ਗਈ ਸੀ।

ਮੁਸਲਮਾਨ ਕਵੀ ਕ੍ਰਿਸ਼ਨ-ਭਗਤੀ ਦੀਆਂ ਕਵਿਤਾਵਾਂ ਲਿਖ ਰਹੇ ਸਨ ਅਤੇ ਰਾਜਪੂਤ ਘਰਾਂ ਵਿੱਚ ਮੁਸਲਮਾਨਾਂ ਦੇ ਵਿਆਹ ਹੋ ਰਹੇ ਸਨ। ਹੇਰੰਬ ਚਤੁਰਵੇਦੀ ਕਹਿੰਦੇ ਹਨ ਕਿ ਇਸ ਤੋਂ ਜ਼ਿਆਦਾ ਘੁਲਣਾ-ਮਿਲਣਾ ਕੀ ਹੁੰਦਾ ਹੈ?

ਕੀ ਮੁਸਲਿਮ ਸ਼ਾਸਕਾਂ ਨੇ ਹਿੰਦੂਆਂ 'ਤੇ ਤਸ਼ਦਦ ਕੀਤਾ ਸੀ

ਮੱਧਕਾਲ ਦੇ ਮੁਸਲਿਮ ਸ਼ਾਸਕਾਂ ਨੂੰ ਕਈ ਲੋਕ ਹਮਲਾਵਰ ਕਹਿੰਦੇ ਹਨ। ਇਤਿਹਾਸ ਦੀ ਸਕਾਲਰ ਅਤੇ ਜਹਾਂਗੀਰ 'ਤੇ 'ਇੰਟੀਮੇਟ ਪੋਰਟਰੇਟ ਆਫ਼ ਦਿ ਗ੍ਰੇਟ ਮੁਗ਼ਲ' ਕਿਤਾਬ ਲਿਖ ਚੁੱਕੀ ਪਾਰਵਤੀ ਸ਼ਰਮਾ ਕਹਿੰਦੀ ਹੈ ਕਿ ਸੱਤਾ ਲਈ ਇੱਕ ਦੂਜੇ ਰਾਜ 'ਤੇ ਹਮਲਾ ਕਰਨਾ ਕੋਈ ਨਵੀਂ ਗੱਲ ਨਹੀਂ ਸੀ।

ਪਾਰਵਤੀ ਕਹਿੰਦੀ ਹੈ, ''ਮੌਰਿਆਂ ਦਾ ਸ਼ਾਸਨ ਅਫ਼ਗਾਨਿਸਤਾਨ ਤੱਕ ਸੀ। ਇਸ ਤਰ੍ਹਾਂ ਤਾਂ ਉਹ ਵੀ ਹਮਲਾਵਰ ਹੋਏ। ਸੱਤਾ ਵਿਸਥਾਰ ਅਤੇ ਸੱਤਾ ਪਾਉਣ ਦੀ ਚਾਹਤ ਨੂੰ ਅਸੀਂ ਚਾਹੇ ਜਿਸ ਰੂਪ ਵਿੱਚ ਦੇਖੀਏ, ਇਸ ਚਾਹਤ ਦਾ ਕਿਸੇ ਖ਼ਾਸ ਮਜ਼ਹਬ ਨਾਲ ਕੋਈ ਰਿਸ਼ਤਾ ਨਹੀਂ ਹੈ।''

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਤਸਵੀਰ ਸਰੋਤ, Getty Images

ਮੁਸਲਿਮ ਸ਼ਾਸਕਾਂ 'ਤੇ ਜਦੋਂ ਤਸ਼ਦਦ ਦਾ ਇਲਜਾਮ ਲਗਦਾ ਹੈ ਤਾਂ ਸਭ ਤੋਂ ਪਹਿਲਾਂ ਜਜ਼ੀਆ ਕਰ ਦੀ ਗੱਲ ਹੁੰਦੀ ਹੈ। ਜਜ਼ੀਆ ਨੂੰ ਅਕਬਰ ਨੇ ਹਟਾ ਦਿੱਤਾ ਸੀ ਅਤੇ ਔਰੰਗਜ਼ੇਬ ਨੇ 1679 ਵਿੱਚ ਉਸ ਨੂੰ ਦੁਬਾਰਾ ਲਗਾ ਦਿੱਤਾ ਸੀ। ਇਹ ਟੈਕਸ ਸੀ ਜੋ ਗ਼ੈਰ-ਮੁਸਲਮਾਨਾਂ 'ਤੇ ਲਗਾਇਆ ਜਾਂਦਾ ਸੀ।

ਔਰੰਗਜ਼ੇਬ ਦੇ ਇਸ ਕਦਮ ਨੂੰ ਉਨ੍ਹਾਂ ਦੀ ਧਾਰਮਿਕ ਕੱਟੜਤਾ ਦੇ ਸਬੂਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਔਰੰਗਜ਼ੇਬ ਦਾ ਇਹ ਫ਼ੈਸਲਾ ਰਾਜਪੂਤਾਂ ਅਤੇ ਮਰਾਠਿਆਂ ਨੂੰ ਵੀ ਅਸਹਿਜ ਕਰਨ ਵਾਲਾ ਸੀ।

ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਮੁਗ਼ਲ ਸ਼ਾਸਨ ਨੂੰ ਲੈ ਕੇ ਹਿੰਦੂਆਂ ਵਿੱਚ ਵਧਦੇ ਵਿਰੋਧ ਦੀ ਵਜ੍ਹਾ ਨਾਲ ਔਰੰਗਜ਼ੇਬ ਨੇ ਜਜ਼ੀਆ ਕਰ ਲਗਾਇਆ ਜੋ ਇੱਕ ਸਿਆਸੀ ਕਦਮ ਸੀ।

ਇਤਿਹਾਸਕਾਰ ਸਤੀਸ਼ ਚੰਦਰ ਨੇ ਲਿਖਿਆ ਹੈ ਕਿ ਜਜ਼ੀਆ ਕਰ ਨੂੰ ਫਿਰ ਤੋਂ ਲਗਾਉਣ ਦੇ ਪਿੱਛੇ ਉਦੋਂ ਦੇ ਸਿਆਸੀ ਅਤੇ ਆਰਥਿਕ ਪਹਿਲੂ ਵੀ ਅਹਿਮ ਹਨ। ਜਜ਼ੀਆ ਕਰ ਫਿਰ ਤੋਂ ਲਗਾਉਣ ਦੇ ਪਿੱਛੇ ਕਈ ਸਮਕਾਲੀ ਇਤਿਹਾਸਕਾਰਾਂ ਨੇ ਆਪਣੀ-ਆਪਣੀ ਰਾਇ ਰੱਖੀ ਹੈ।

ਸਤੀਸ਼ ਚੰਦਰ ਨੇ ਲਿਖਿਆ ਹੈ, ''ਔਰੰਗਜ਼ੇਬ ਦੇ ਸ਼ਾਸਲਕਾਲ ਦੇ ਅਧਿਕਾਰਕ ਇਤਿਹਾਸਕਾਰ ਮੰਨੇ ਜਾਣ ਵਾਲੇ ਮੁਹੰਮਦ ਸਾਕੀ ਮੁਸਤੈਦ ਖ਼ਾਨ ਅਨੁਸਾਰ, ਇਸਲਾਮਿਕ ਸ਼ਾਸਕਾਂ ਨੂੰ ਫਰਮਾਨ ਸੀ ਕਿ ਉਹ ਇਸਲਾਮਿਕ ਕਾਨੂੰਨ ਦਾ ਪ੍ਰਸਾਰ ਕਰਨ ਅਤੇ ਕਾਫ਼ਿਰਾਂ ਨਾਲ ਉਸੇ ਹਿਸਾਬ ਨਾਲ ਵਰਤਾਅ ਕਰਨ।

ਇਸੇ ਨਿਰਦੇਸ਼ ਤਹਿਤ ਔਰੰਗਜ਼ੇਬ ਨੇ ਦੀਵਾਨੀ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤਾ ਕਿ ਦੋ ਅਪ੍ਰੈਲ, 1679 ਤੋਂ ਕੁਰਾਨ ਦਾ ਪਾਲਣ ਕਰਦੇ ਹੋਏ ਕਾਫ਼ਿਰਾਂ ਤੋਂ ਜਜ਼ੀਆ ਕਰ ਵਸੂਲਿਆ ਜਾਵੇ।''

ਸਤੀਸ਼ ਚੰਦਰ ਨੇ ਲਿਖਿਆ ਹੈ, ''ਇਸ ਸਵਾਲ ਦਾ ਜਵਾਬ ਨਹੀਂ ਮਿਲਦਾ ਹੈ ਕਿ ਸ਼ਰੀਆ ਦਾ ਗਿਆਨ ਰੱਖਣ ਵਾਲੇ ਔਰੰਗਜ਼ੇਬ ਨੇ ਸੱਤਾ ਵਿੱਚ ਆਉਣ ਦੇ 22 ਸਾਲ ਬਾਅਦ ਜਜ਼ੀਆ ਕਿਉਂ ਲਗਾਇਆ? ਭਾਰਤ ਆਉਣ ਵਾਲੇ ਸਮਕਾਲੀ ਯੂਰਪੀਅਨ ਯਾਤਰੀ ਅਤੇ ਕਾਰੋਬਾਰੀ ਕੰਪਨੀਆਂ ਦੇ ਏਜੰਟਾਂ ਦੀ ਜਜ਼ੀਆ 'ਤੇ ਰਾਇ ਬਿਲਕੁਲ ਹੀ ਅਲਗ ਹੈ।

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਤਸਵੀਰ ਸਰੋਤ, Getty Images

ਸੂਰਤ ਵਿੱਚ ਇੰਗਲਿਸ਼ ਫੈਕਟਰੀ ਦੇ ਮੁਖੀ ਥਾਮਸ ਰੋਲ ਨੇ 1679 ਵਿੱਚ ਲਿਖਿਆ ਕਿ ''ਜਜ਼ੀਆ ਕੇਵਲ ਔਰੰਗਜ਼ੇਬ ਦੇ ਖਾਲੀ ਖ਼ਜ਼ਾਨੇ ਨੂੰ ਭਰਨ ਲਈ ਹੀ ਨਹੀਂ ਲਗਾਇਆ ਗਿਆ ਸੀ, ਬਲਕਿ ਗ਼ਰੀਬਾਂ ਨੂੰ ਮੁਸਲਮਾਨ ਬਣਨ 'ਤੇ ਮਜਬੂਰ ਕਰਨ ਲਈ ਵੀ ਲਗਾਇਆ ਗਿਆ ਸੀ।''

ਪਰ ਸਤੀਸ਼ ਚੰਦਰ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਔਰੰਗਜ਼ੇਬ ਨੇ ਜਜ਼ੀਆ ਟੈਕਸ ਗ਼ਰੀਬ ਹਿੰਦੂਆਂ ਨੂੰ ਮੁਸਲਮਾਨ ਬਣਨ 'ਤੇ ਮਜਬੂਰ ਕਰਨ ਲਈ ਲਗਾਇਆ ਸੀ।

ਉਹ ਕਹਿੰਦੇ ਹਨ, ''ਦੇਸ ਦੇ ਵੱਡੇ ਹਿੱਸੇ ਵਿੱਚ 400 ਸਾਲਾਂ ਤੱਕ ਮੁਸਲਿਮ ਸ਼ਾਸਨ ਦੇ ਬਾਵਜੂਦ ਹਿੰਦੂ ਆਪਣੇ ਧਰਮ ਵਿੱਚ ਬਣੇ ਰਹੇ। ਇਸ ਸਮੇਂ ਵਿੱਚ ਜ਼ਿਆਦਾਤਰ ਸ਼ਾਸਕਾਂ ਨੇ ਜਜ਼ੀਆ ਵਸੂਲਿਆ ਸੀ। ਔਰੰਗਜ਼ੇਬ ਨੂੰ ਪਤਾ ਰਿਹਾ ਹੋਵੇਗਾ ਕਿ ਜਜ਼ੀਆ ਨੂੰ ਫਿਰ ਤੋਂ ਲਗਾਉਣ ਨਾਲ ਕੋਈ ਅਲਗ ਨਤੀਜਾ ਨਹੀਂ ਮਿਲੇਗਾ। ਮਤਲਬ ਕਿ ਗ਼ਰੀਬ ਹਿੰਦੂ ਮੁਸਲਮਾਨ ਨਹੀਂ ਬਣ ਸਕਣਗੇ।''

''ਜ਼ਾਹਿਰ ਹੈ ਕਿ ਇਸ ਟੈਕਸ ਕਾਰਨ ਗ਼ਰੀਬਾਂ ਨੂੰ ਪਰੇਸ਼ਾਨੀ ਹੋਈ, ਪਰ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਜਜ਼ੀਆ ਕਾਰਨ ਵੱਡੇ ਪੈਮਾਨੇ 'ਤੇ ਧਰਮ ਪਰਿਵਰਤਨ ਹੋਇਆ। ਜੇਕਰ ਅਜਿਹਾ ਕੁਝ ਹੋਇਆ ਹੁੰਦਾ ਤਾਂ ਮੁਸਲਿਮ ਸ਼ਾਸਕਾਂ ਦੇ ਦਰਬਾਰੀਆਂ ਨੇ ਇਸ ਨੂੰ ਵੱਡੀ ਜਿੱਤ ਦੇ ਤੌਰ 'ਤੇ ਦੇਖਿਆ ਅਤੇ ਦਰਜ ਕੀਤਾ ਹੁੰਦਾ।''

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਤਸਵੀਰ ਸਰੋਤ, Getty Images

ਸਤੀਸ਼ ਚੰਦਰ ਦਾ ਕਹਿਣਾ ਹੈ, ''ਜੇਕਰ ਇਸ ਨੂੰ ਆਰਥਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਗੱਲ ਸੱਚ ਹੈ ਕਿ ਔਰੰਗਜ਼ੇਬ ਨੇ ਜਦੋਂ ਆਪਣੇ ਸ਼ਾਸਨ ਦੇ 13ਵੇਂ ਸਾਲ ਵਿੱਚ ਵਿੱਤੀ ਸਮੀਖਿਆ ਕੀਤੀ ਤਾਂ ਦੇਖਿਆ ਕਿ ਪਿਛਲੇ 12 ਸਾਲਾਂ ਵਿੱਚ ਆਮਦਨ ਤੋਂ ਜ਼ਿਆਦਾ ਖਰਚ ਹੋਇਆ ਹੈ।

ਇਸ ਦਾ ਨਤੀਜਾ ਇਹ ਹੋਇਆ ਕਿ ਸੁਲਤਾਨਾਂ, ਬੇਗਮਾਂ ਅਤੇ ਸ਼ਹਿਜ਼ਾਦਿਆਂ ਦੇ ਖਰਚਿਆਂ ਵਿੱਚ ਵੀ ਕਟੌਤੀ ਕੀਤੀ ਗਈ। 1676 ਦੇ ਬਾਅਦ ਦੱਖਣ ਵਿੱਚ ਲਗਾਤਾਰ ਜੰਗ ਕਾਰਨ ਸਰਕਾਰੀ ਖ਼ਜ਼ਾਨੇ ਖਾਲੀ ਹੋਏ, ਇਸ ਦੇ ਇਲਾਵਾ ਪੂਰਬ-ਉੱਤਰ ਵਿੱਚ ਫਰੰਟੀਅਰ ਵਾਰ ਨਾਲ ਸਿਸੋਦੀਆ ਅਤੇ ਰਠੌੜਾਂ ਵਿੱਚ ਵੀ ਟਕਰਾਅ ਜਾਰੀ ਸੀ। ਇਨ੍ਹਾਂ ਲੜਾਈਆਂ ਨਾਲ ਔਰੰਗਜ਼ੇਬ ਦਾ ਨਾ ਤਾਂ ਸਾਮਰਾਜ ਵਿਸਥਾਰ ਹੋਇਆ ਅਤੇ ਨਾ ਹੀ ਆਰਥਿਕ ਫਾਇਦਾ ਹੋਇਆ।''

ਇਸ ਦੇ ਇਲਾਵਾ ਔਰੰਗਜ਼ੇਬ ਦੇ ਖ਼ਜ਼ਾਨੇ 'ਤੇ ਕਈ ਤਰ੍ਹਾਂ ਦੇ ਉਪ ਕਰਾਂ ਵਿੱਚ ਛੋਟ ਦਾ ਵੀ ਅਸਰ ਪਿਆ ਸੀ। ਕਈ ਲੋਕ ਇਹ ਤਰਕ ਵੀ ਦਿੰਦੇ ਹਨ ਕਿ ਇਸਲਾਮਿਕ ਕਾਨੂੰਨ ਜਿਨ੍ਹਾਂ ਉਪ ਕਰਾਂ ਨੂੰ ਲਗਾਉਣ ਦੀ ਇਜਾਜ਼ਤ ਨਹੀਂ ਦਿੰਦਾ ਹੈ, ਔਰੰਗਜ਼ੇਬ ਨੇ ਉਨ੍ਹਾਂ ਨੂੰ ਹਟਾਇਆ। ਅਜਿਹੇ ਵਿੱਚ ਸ਼ਰੀਆ ਤਹਿਤ ਜਜ਼ੀਆ ਲਗਾਉਣ ਦਾ ਬਦਲ ਚੁਣਿਆ ਗਿਆ।

ਇਤਿਹਾਸ ਦੇ ਸਕਾਲਰ ਅਤੇ ਧਾਰਮਿਕ ਰਾਸ਼ਟਰਵਾਦ 'ਤੇ ਕਿਤਾਬ ਲਿਖ ਚੁੱਕੇ ਰਾਮ ਪੁਨਯਾਨੀ ਕਹਿੰਦੇ ਹਨ, ''ਅਸੀਂ ਪੂਰੇ ਮੱਧਕਾਲ ਨੂੰ ਸਿਰਫ਼ ਔਰੰਗਜ਼ੇਬ ਦੇ ਆਈਨੇ ਤੋਂ ਨਹੀਂ ਦੇਖ ਸਕਦੇ। ਜੇਕਰ ਔਰੰਗਜ਼ੇਬ ਹਿੰਦੂਆਂ ਤੋਂ ਜਜ਼ੀਆ ਲੈਂਦਾ ਸੀ ਤਾਂ ਮੁਸਲਮਾਨਾਂ ਤੋਂ ਜ਼ਕਾਤ ਵੀ ਲੈਂਦਾ ਸੀ।

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਜਜ਼ੀਆ ਤਾਂ 1.5 ਫੀਸਦੀ ਹੀ ਸੀ, ਜ਼ਕਾਤ ਇਸ ਤੋਂ ਜ਼ਿਆਦਾ ਸੀ। ਜਜ਼ੀਆ ਵਿਅਕਤੀਗਤ ਕਰ ਸੀ ਅਤੇ ਇਸ ਵਿੱਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਛੋਟ ਮਿਲੀ ਹੋਈ ਸੀ। ਇਸ ਤੋਂ ਪਹਿਲਾਂ ਅਕਬਰ ਨੇ ਤਾਂ ਜਜ਼ੀਆ ਖ਼ਤਮ ਕਰ ਦਿੱਤਾ ਸੀ।''

ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਯਾਨਿ ਕਿ ਆਈਸੀਐੱਚਆਰ ਨਾਲ ਜੁੜੇ ਜੇਐੱਨਯੂ ਵਿੱਚ ਇਤਿਹਾਸ ਦੇ ਪ੍ਰੋਫ਼ੈਸਰ ਉਮੇਸ਼ ਅਸ਼ੋਕ ਕਦਮ ਮੰਨਦੇ ਹਨ ਕਿ ਮੱਧਕਾਲ ਵਿੱਚ ਹਿੰਦੂਆਂ 'ਤੇ ਮੁਸਲਿਮ ਸ਼ਾਸਕਾਂ ਨੇ ਅੱਤਿਆਚਾਰ ਕੀਤਾ ਸੀ ਅਤੇ ਜਜ਼ੀਆ ਉਸੀ ਵਿਤਕਰੇ ਵਾਲੇ ਸ਼ਾਸਨ ਦੀ ਮਿਸਾਲ ਹੈ।

ਉਮੇਸ਼ ਕਦਮ ਕਹਿੰਦੇ ਹਨ, ''ਭਾਰਤ ਵਿੱਚ ਇਸਲਾਮ ਅਤੇ ਈਸਾਈਅਤ ਦਾ ਆਉਣਾ ਸੰਸਕ੍ਰਿਤਕ ਝਟਕਾ ਸੀ। ਮੱਧਕਾਲ ਸਿਰਫ਼ ਦਿੱਲੀ ਸਲਤਨਤ ਅਤੇ ਮੁਗ਼ਲਾਂ ਦਾ ਇਤਿਹਾਸ ਨਹੀਂ ਹੈ। 8ਵੀਂ ਸਦੀ ਤੋਂ 18ਵੀਂ ਸਦੀ ਵਿਚਕਾਰ ਹਿੰਦੂਆਂ ਦੀਆਂ ਵੀ ਰਿਆਸਤਾਂ ਸਨ ਅਤੇ ਬਹੁਤ ਵਧੀਆ ਸ਼ਾਸਨ ਕਰ ਰਹੀਆਂ ਸਨ। ਮੁਸਲਿਮ ਸ਼ਾਸਕਾਂ ਨੇ ਭਾਰਤੀਆਂ ਦੀ ਭਾਸ਼ਾ ਨੂੰ ਬਿਲਕੁਲ ਕਿਨਾਰੇ ਕਰ ਦਿੱਤਾ ਸੀ ਅਤੇ ਸਭ 'ਤੇ ਫ਼ਾਰਸੀ ਥੋਪ ਦਿੱਤੀ। ਮੁਸਲਿਮ ਸ਼ਾਸਕਾਂ ਨੇ ਗ਼ੈਰ ਮੁਸਲਿਮਾਂ ਦੇ ਪੂਜਾ ਸਥਾਨਾਂ ਨੂੰ ਵੀ ਨਹੀਂ ਛੱਡਿਆ। ਹਿੰਦੂ ਰਿਆਸਤਾਂ 'ਤੇ ਕਬਜ਼ਾ ਕਰਨਾ ਮੁਸਲਿਮ ਸ਼ਾਸਕਾਂ ਲਈ ਜੇਹਾਦ ਸੀ।''

ਹਾਲਾਂਕਿ ਆਜ਼ਾਦ ਭਾਰਤ ਵਿੱਚ ਵੀ ਅੰਗਰੇਜ਼ੀ ਭਾਸ਼ਾ ਨੂੰ ਕਈ ਲੋਕ ਬਸਤੀਵਾਦੀ ਭਾਸ਼ਾ ਕਹਿੰਦੇ ਹਨ ਅਤੇ ਇਸੇ ਭਾਸ਼ਾ ਵਿੱਚ ਸਾਰਾ ਕੰਮਕਾਜ ਉਦੋਂ ਹੋ ਰਿਹਾ ਹੈ ਜਦੋਂ ਦੇਸ ਦੀ ਬਹੁਗਿਣਤੀ ਆਬਾਦੀ ਇਸ ਨੂੰ ਨਹੀਂ ਸਮਝਦੀ ਹੈ।

ਸੱਤਾ ਦੀ ਹਮੇਸ਼ਾ ਤੋਂ ਇੱਕ ਭਾਸ਼ਾ ਰਹੀ ਹੈ। ਪ੍ਰੋਫ਼ੈਸਰ ਉਮੇਸ਼ ਕਦਮ ਕਹਿੰਦੇ ਹਨ ਕਿ ਮੱਧਕਾਲ ਵਿੱਚ ਮੁਸਲਿਮ ਸ਼ਾਸਕਾਂ ਨੇ ਹਿੰਦੂਆਂ ਨੂੰ ਮੁਸਲਮਾਨ ਬਣਨ 'ਤੇ ਮਜਬੂਰ ਕੀਤਾ।

ਕੀ ਵਾਕਈ ਧਰਮ ਪਰਿਵਰਤਨ ਹੋਏ

ਕੀ ਸੱਚਮੁੱਚ ਮੁਸਲਿਮ ਸ਼ਾਸਕਾਂ ਨੇ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾਇਆ?

ਇਸ ਸਵਾਲ ਦੇ ਜਵਾਬ ਵਿੱਚ ਪ੍ਰੋ. ਹੇਰੰਬ ਚਤੁਰਵੇਦੀ ਕਹਿੰਦੇ ਹਨ, ''ਧਰਮ ਪਰਿਵਰਤਨ ਤਾਂ ਹੋਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਧਰਮ ਪਰਿਵਰਤਨ ਸਮਰਾਟ ਅਸ਼ੋਕ ਦੇ ਵਕਤ ਵਿੱਚ ਵੀ ਹੋਇਆ ਸੀ। ਵੱਡੀ ਗਿਣਤੀ ਵਿੱਚ ਹਿੰਦੂਆਂ ਨੂੰ ਬੋਧੀ ਬਣਾਇਆ ਗਿਆ ਸੀ।''

ਮੱਧਕਾਲ ਵਿੱਚ ਵੀ ਧਰਮ ਪਰਿਵਰਤਨ ਤਿੰਨ ਤਰੀਕਿਆਂ ਨਾਲ ਹੋਇਆ। ਇੱਕ ਤਾਂ ਲੋਕਾਂ ਨੇ ਆਪਣੀ ਜ਼ਮੀਨ ਬਚਾਉਣ ਲਈ ਧਰਮ ਬਦਲਿਆ।

ਦੂਜਾ ਸੂਫ਼ੀਆਂ ਦੇ ਪ੍ਰਭਾਵ ਵਿੱਚ ਖ਼ੁਦ ਮੁਸਲਮਾਨ ਬਣੇ ਅਤੇ ਤੀਜਾ ਯੁੱਧ ਵਿੱਚ ਹਾਰਨ ਦੇ ਬਾਅਦ ਆਪਣੀ ਜਾਨ ਬਚਾਉਣ ਲਈ ਵੀ ਲੋਕ ਮੁਸਲਮਾਨ ਬਣੇ।

ਭਾਰਤ ਵਿੱਚ ਮੁਸਲਿਮ ਸ਼ਾਸਕ ਆਏ ਤਾਂ ਉਨ੍ਹਾਂ ਨਾਲ ਧਰਮ ਵੀ ਆਇਆ ਸੀ ਅਤੇ ਉਨ੍ਹਾਂ ਦੀ ਰਾਜਨੀਤੀ ਵਿੱਚ ਧਰਮ ਵਿਸਥਾਰ ਦੀ ਗੱਲ ਸ਼ਾਮਲ ਸੀ। ਸ਼ਾਸਕ ਦਾ ਜੋ ਧਰਮ ਹੁੰਦਾ ਹੈ, ਉਸ ਦੇ ਪ੍ਰਭਾਵ ਵਿੱਚ ਉੱਥੋਂ ਦੀ ਜਨਤਾ ਬਚੀ ਨਹੀਂ ਰਹਿ ਸਕਦੀ।''

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਤਸਵੀਰ ਸਰੋਤ, Getty Images

ਪ੍ਰੋ. ਚਤੁਰਵੇਦੀ ਕਹਿੰਦੇ ਹਨ, ''ਬ੍ਰਿਟਿਸ਼ ਰਾਜ ਵਿੱਚ ਵੀ ਈਸਾਈ ਮਿਸ਼ਨਰੀਆਂ ਦਾ ਆਗਮਨ ਹੋਇਆ ਅਤੇ ਧਰਮ ਪਰਿਵਰਤਨ ਵੀ ਹੋਇਆ। ਜੇਕਰ ਈਸਾਈ ਵੀ ਇੱਥੇ ਇੱਕ ਹਜ਼ਾਰ ਸਾਲ ਤੱਕ ਰਹਿੰਦੇ ਤਾਂ ਭਾਰਤ ਦੀ ਆਬਾਦੀ ਵਿੱਚ ਉਨ੍ਹਾਂ ਦੀ ਗਿਣਤੀ ਵੀ 15 ਫੀਸਦੀ ਹੁੰਦੀ।''

ਇਤਿਹਾਸਕਾਰਾਂ ਦਾ ਇੱਕ ਤਬਕਾ ਮੁਗ਼ਲ ਕਾਲ ਵਿੱਚ ਔਰੰਗਜ਼ੇਬ ਨੂੰ ਸਭ ਤੋਂ ਅੱਤਿਆਚਾਰੀ ਸ਼ਾਸਕ ਦੇ ਰੂਪ ਵਿੱਚ ਦੇਖਦਾ ਹੈ। ਆਰਸੀ ਮਜੂਮਦਾਰ ਦੀ ਪ੍ਰਸਿੱਧੀ ਰਾਸ਼ਟਰਵਾਦੀ ਇਤਿਹਾਸਕਾਰ ਦੇ ਰੂਪ ਵਿੱਚ ਹੈ।

ਭਾਰਤੀ ਵਿਦਿਆ ਭਵਨ ਨੇ 'ਦਿ ਮੁਗ਼ਲ ਐਮਪਾਇਰ' ਨਾਂ ਦੀ ਇੱਕ ਕਿਤਾਬ ਛਪੀ ਸੀ। ਇਸ ਕਿਤਾਬ ਵਿੱਚ ਪੂਰੇ ਮੁ਼ਗ਼ਲ ਕਾਲ 'ਤੇ ਅਲਗ-ਅਲਗ ਲੇਖਕਾਂ ਦੇ ਲੇਖ ਹਨ। ਇਸ ਦਾ ਸੰਪਾਦਨ ਆਰਸੀ ਮਜੂਮਦਾਰ ਨੇ ਹੀ ਕੀਤਾ ਹੈ।

ਇਸ ਕਿਤਾਬ ਦੀ ਭੂਮਿਕਾ ਵਿੱਚ ਆਰਸੀ ਮਜੂਮਦਾਰ ਨੇ ਲਿਖਿਆ ਹੈ, ''ਜੇਕਰ ਅਕਬਰ ਨੂੰ ਛੱਡ ਦਈਏ ਤਾਂ ਸਾਰੇ ਮੁਗ਼ਲ ਸ਼ਾਸਕ ਕੁਖਿਆਤ ਅਤੇ ਕੱਟੜ ਸਨ। ਅਕਬਰ ਨੇ ਹਿੰਦੂਆਂ ਦੇ ਨਾਲ ਮੇਲ-ਜੋਲ ਵਧਾਇਆ ਸੀ ਅਤੇ ਹਿੰਦੂਆਂ ਦੇ ਖ਼ਿਲਾਫ਼ ਕਈ ਚੀਜ਼ਾਂ ਖ਼ਤਮ ਕੀਤੀਆਂ ਸਨ।

ਹਿੰਦੂਆਂ 'ਤੇ ਇਸਲਾਮਿਕ ਕਾਨੂੰਨ ਥੋਪ ਦਿੱਤੇ ਗਏ ਸਨ। ਮੁਸਲਮਾਨਾਂ ਦੀ ਤੁਲਨਾ ਵਿੱਚ ਉਨ੍ਹਾਂ ਦਾ ਸਮਾਜਿਕ ਅਤੇ ਰਾਜਨੀਤਕ ਦਰਜਾ ਵੀ ਘੱਟ ਹੋਇਆ ਸੀ। ਹਿੰਦੂਆਂ ਨਾਲ ਬੇਇਨਸਾਫ਼ੀ ਮੁਗ਼ਲਾਂ ਨੇ ਦਿੱਲੀ ਸਲਤਨਤ ਦੀ ਤਰ੍ਹਾਂ ਹੀ ਜਾਰੀ ਰੱਖੀ ਸੀ। ਪਰ ਔਰੰਗਜ਼ੇਬ ਦੇ ਸਮੇਂ ਇਹ ਬਹੁਤ ਜ਼ਿਆਦਾ ਵਧ ਗਿਆ ਸੀ। ਔਰੰਗਜ਼ੇਬ ਨੇ ਤਾਂ ਜਾਣ ਬੁੱਝ ਕੇ ਹਿੰਦੂ ਮੰਦਿਰ ਅਤੇ ਮੂਰਤੀਆਂ ਵੀ ਨਸ਼ਟ ਕਰਵਾਈਆਂ। ਇਸ ਤਰ੍ਹਾਂ ਦੀ ਸੱਚਾਈ ਸਾਡੇ ਕੁਝ ਆਗੂਆਂ ਨੂੰ ਠੀਕ ਨਹੀਂ ਲੱਗਦੀ ਹੈ ਪਰ ਇਤਿਹਾਸਕਾਰ ਦਾ ਸਿਰਫ਼ ਇੱਕ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਸੱਚ ਦੱਸੇ, ਚਾਹੇ ਉਹ ਚੰਗਾ ਹੋਵੇ ਜਾਂ ਬੁਰਾ।''

ਆਰਸੀ ਮਜੂਮਦਾਰ ਨੇ ਲਿਖਿਆ ਹੈ, ''ਇੱਕ ਇਤਿਹਾਸ ਭਾਰਤੀ ਰਾਸ਼ਟਰੀ ਕਾਂਗਰਸ ਦੀ ਛਤਰਛਾਇਆ ਹੇਠ ਲਿਖਿਆ ਗਿਆ ਜੋ ਮੰਨਣ ਨੂੰ ਤਿਆਰ ਨਹੀਂ ਹਨ ਕਿ ਮੁਸਲਿਮ ਸ਼ਾਸਕਾਂ ਨੇ ਮੰਦਿਰ ਤੋੜੇ ਸਨ। ਇਸ ਇਤਿਹਾਸ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੁਸਲਿਮ ਸ਼ਾਸਕ ਧਾਰਮਿਕ ਰੂਪ ਨਾਲ ਬਹੁਤ ਸਹਿਣਸ਼ੀਲ ਸਨ। ਕੁਝ ਤਾਂ ਜਦੂਨਾਥ ਸਰਕਾਰ ਦੇ ਔਰੰਗਜ਼ੇਬ 'ਤੇ ਕੀਤੀ ਰਿਸਰਚ ਨੂੰ ਨਕਾਰ ਦਿੰਦੇ ਹਨ ਅਤੇ ਔਰੰਗਜ਼ੇਬ ਦਾ ਹੀ ਬਚਾਅ ਕਰਨ ਲੱਗਦੇ ਹਨ। ਦਿਲਚਸਪ ਤਾਂ ਇਹ ਹੈ ਕਿ ਸੋਧੇ ਹੋਏ ਇਨਸਾਇਕਲੋਪੀਡੀਆ ਆਫ਼ ਇਸਲਾਮ ਵਿੱਚ ਔਰੰਗਜ਼ੇਬ 'ਤੇ ਇੱਕ ਵਾਰ ਫਿਰ ਸਰ ਵਿਲੀਅਮ ਇਰਵਿਨ ਨੇ ਲੇਖ ਲਿਖਿਆ ਅਤੇ ਕਿਹਾ ਕਿ ਔਰੰਗਜ਼ੇਬ 'ਤੇ ਮੰਦਿਰ ਤੋੜਨ ਦਾ ਇਲਜਾਮ ਵਿਵਾਦਿਤ ਹੈ।''

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ, ਮਹਾਰਾਣਾ ਪ੍ਰਤਾਪ

ਤਸਵੀਰ ਸਰੋਤ, Getty Images

ਨਿਊ ਜਰਸੀ ਸਥਿਤ ਰਕਰਸ ਯੂਨੀਵਰਸਿਟੀ ਵਿੱਚ ਦੱਖਣ ਏਸ਼ੀਆਈ ਇਤਿਹਾਸ ਦੀ ਪ੍ਰੋ. ਆਡਰੀ ਟਰੂਸ਼ਕੇ ਨੇ 'ਔਰੰਗਜ਼ੇਬ : ਦਿ ਮੈਨ ਐਂਡ ਦਿ ਮਿਥ' ਨਾਂ ਦੀ ਇੱਕ ਕਿਤਾਬ ਲਿਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਔਰੰਗਜ਼ੇਬ ਵਿੱਚ ਕੁਝ ਚੀਜ਼ਾਂ ਬਹੁਤ ਖ਼ਾਸ ਸਨ, ਪਰ ਅਕਸਰ ਲੋਕ ਉਤਸ਼ਾਹ ਵਿੱਚ ਉਨ੍ਹਾਂ ਨੂੰ ਕਾਲੇ ਜਾਂ ਸਫ਼ੈਦ ਰੰਗ ਵਿੱਚ ਰੰਗ ਦਿੰਦੇ ਹਨ ਅਤੇ ਉਹ ਚੀਜ਼ਾਂ ਕਿਨਾਰੇ 'ਤੇ ਰਹਿ ਜਾਂਦੀਆਂ ਹਨ।

ਟਰੂਸ਼ਕੇ ਕਹਿੰਦੀ ਹੈ, ''ਅਸੀਂ ਹੁਣ 21ਵੀਂ ਸਦੀ ਵਿੱਚ ਹਾਂ। ਜ਼ਾਹਿਰ ਹੈ ਕਿ ਅਸੀਂ ਇਤਿਹਾਸ ਨੂੰ ਵਰਤਮਾਨ ਦੇ ਹਿਸਾਬ ਨਾਲ ਦੇਖ ਰਹੇ ਹਾਂ ਜੋ ਠੀਕ ਨਹੀਂ ਹੈ। ਵਰਤਮਾਨ ਦੇ ਸੰਦਰਭ ਵਿੱਚ ਜਦੋਂ ਅਸੀਂ ਇਤਿਹਾਸ ਨੂੰ ਦੇਖਾਂਗੇ ਤਾਂ ਅਸੀਂ ਉਸ ਦਾ ਗ਼ਲਤ ਮੁਲਾਂਕਣ ਕਰ ਬੈਠਾਂਗੇ।

ਔਰੰਗਜ਼ੇਬ ਨੂੰ ਅੱਜ ਦੇ ਹਿੰਦੂ-ਮੁਸਲਿਮ ਟਕਰਾਅ ਦੇ ਆਈਨੇ ਵਿੱਚ ਦੇਖਣਾ ਠੀਕ ਨਹੀਂ ਹੋਵੇਗਾ। ਕੁਝ ਲੋਕ ਔਰੰਗਜ਼ੇਬ ਨੂੰ ਫੁੱਟਬਾਲ ਦੀ ਤਰ੍ਹਾਂ ਆਪਣੇ ਹਿੱਤਾਂ ਲਈ ਇਸਤੇਮਾਲ ਕਰਦੇ ਹਨ ਅਤੇ ਇਹ ਭਾਰਤ ਵਿੱਚ ਮੁਸਲਿਮ ਵਿਰੋਧੀ ਸੋਚ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦਾ ਹੈ।''

ਉਹ ਕਹਿੰਦੀ ਹੈ, ''ਵਰਤਮਾਨ ਵਿੱਚ ਔਰੰਗਜ਼ੇਬ ਨੂੰ ਹਿੰਦੂਆਂ ਨਾਲ ਨਫ਼ਰਤ ਕਰਨ ਵਾਲੇ ਕੱਟੜ ਇਸਲਾਮਿਕ ਸ਼ਾਸਕ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ, ਪਰ ਔਰੰਗਜ਼ੇਬ ਦਾ ਇਤਿਹਾਸਕ ਕਿਰਦਾਰ ਇਸ ਅਕਸ 'ਤੇ ਖਰਾ ਨਹੀਂ ਉਤਰਦਾ ਹੈ। ਔਰੰਗਜ਼ੇਬ ਨੇ ਜੋ ਵੀ ਕਦਮ ਚੁੱਕੇ, ਉਹ ਅੱਜ ਦੀ ਤਰੀਕ ਵਿੱਚ ਘਿਨੌਣੇ ਸਮਝੇ ਜਾਂਦੇ ਹਨ। ਜਿਵੇਂ ਕਿ ਹਿੰਦੂਆਂ ਅਤੇ ਜੈਨਾਂ ਦੇ ਮੰਦਿਰਾਂ ਨੂੰ ਨਸ਼ਟ ਕਰਨਾ, ਗ਼ੈਰ ਮੁਸਲਿਮਾਂ 'ਤੇ ਜਜ਼ੀਆ ਕਰ ਲਗਾਉਣਾ।''

ਟਰੂਸ਼ਕੇ ਦਾ ਮੰਨਣਾ ਹੈ ਕਿ 'ਇਸ ਦੇ ਨਾਲ ਹੀ ਔਰੰਗਜ਼ੇਬ ਨੇ ਕਈ ਹਿੰਦੂ ਅਤੇ ਜੈਨ ਮੰਦਿਰਾਂ ਦੀ ਸੁਰੱਖਿਆ ਕੀਤੀ ਅਤੇ ਮੁਗ਼ਲ ਦਰਬਾਰ ਵਿੱਚ ਹਿੰਦੂਆਂ ਦੀ ਗਿਣਤੀ ਵੀ ਵਧੀ। ਜੋ ਵੀ ਔਰੰਗਜ਼ੇਬ ਨੂੰ ਇਸਲਾਮਿਕ ਕੱਟੜ ਦੇ ਤੌਰ 'ਤੇ ਦੇਖਦੇ ਹਨ, ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਸ ਨੇ ਹਿੰਦੂਆਂ ਅਤੇ ਜੈਨ ਮੰਦਿਰਾਂ ਦੀ ਸੁਰੱਖਿਆ ਕਿਉਂ ਕੀਤੀ ਸੀ। ਸੰਪਰਦਾਇਕ ਨਜ਼ਰੀਆ ਔਰੰਗਜ਼ੇਬ ਦੀਆਂ ਨੀਤੀਆਂ ਨੂੰ ਸਮਝਣ ਵਿੱਚ ਮਦਦ ਨਹੀਂ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਔਰੰਗਜ਼ੇਬ ਵਿਵਹਾਰਕ ਸ਼ਾਸਕ ਸੀ ਅਤੇ ਉਸ ਦੇ ਅੰਦਰ ਸੱਤਾ ਦੀ ਭੁੱਖ ਸੀ ਅਤੇ ਉਹ ਉਸ ਲਈ ਸਭ ਕੰਮ ਕਰ ਰਿਹਾ ਸੀ ਨਾ ਕਿ ਹਿੰਦੂਆਂ ਨਾਲ ਨਫ਼ਰਤ ਲਈ ਕੰਮ ਕਰ ਰਿਹਾ ਸੀ।''

ਮੱਧ ਭਾਰਤ, ਮੁਗਲ, ਮੁਸਲਮਾਨ, ਹਿੰਦੂ

ਹਿੰਦੀ ਸਾਹਿਤ ਦਾ ਇਤਿਹਾਸ ਲਿਖਣ ਵਾਲੇ ਆਚਾਰਿਆ ਰਾਮਚੰਦਰ ਸ਼ੁਕਲ ਵੀ ਮੰਨਦੇ ਹਨ ਕਿ ਮੱਧਕਾਲ ਵਿੱਚ ਹਿੰਦੂਆਂ ਵਿੱਚ ਭਾਰੀ ਨਿਰਾਸ਼ਾ ਸੀ ਅਤੇ ਇਸੇ ਦੀ ਪ੍ਰਤੀਕਿਰਿਆ ਵਿੱਚ ਭਗਤੀ ਅੰਦੋਲਨ ਸ਼ੁਰੂ ਹੋਇਆ।

ਆਚਾਰਿਆ ਸ਼ੁਕਲ ਨੇ ਆਪਣੀ ਕਿਤਾਬ 'ਗੋਸਵਾਮੀ ਤੁਲਸੀਦਾਸ' ਵਿੱਚ ਲਿਖਿਆ ਹੈ, ''ਦੇਸ਼ ਵਿੱਚ ਮੁਸਲਮਾਨ ਸਾਮਾਰਾਜ ਦੇ ਪੂਰੀ ਤਰ੍ਹਾਂ ਪ੍ਰਸਿੱਧ ਹੋ ਜਾਣ 'ਤੇ ਬਹਾਦਰੀ ਦੇ ਉਤਸ਼ਾਹ ਦੇ ਸਹੀ ਸੰਚਾਰ ਲਈ ਹੁਣ ਕੋਈ ਖਾਲੀ ਖੇਤਰ ਨਹੀਂ ਰਹਿ ਗਿਆ ਸੀ। ਦੇਸ ਦਾ ਧਿਆਨ ਆਪਣੀ ਮਿਹਨਤ ਅਤੇ ਤਾਕਤ ਤੋਂ ਹਟ ਕੇ ਭਗਵਾਨ ਦੀ ਭਗਤੀ ਵੱਲ ਗਿਆ। ਦੇਸ ਦਾ ਇਹ ਨਿਰਾਸ਼ਾਕਾਲ ਸੀ। ਜਿਸ ਵਿੱਚ ਭਗਵਾਨ ਦੇ ਇਲਾਵਾ ਕੋਈ ਹੋਰ ਸਹਾਰਾ ਦਿਖਾਈ ਨਹੀਂ ਦਿੰਦਾ ਸੀ।''

ਹਾਲਾਂਕਿ ਹਿੰਦੀ ਸਾਹਿਤ ਦੇ ਉੱਘੇ ਆਲੋਚਕ ਹਜਾਰੀ ਪ੍ਰਸਾਦ ਦ੍ਰਿਵੇਦੀ ਆਚਾਰਿਆ ਸ਼ੁਕਲ ਦੇ ਇਸ ਤਰਕ ਨੂੰ ਖ਼ਾਰਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਅਜਿਹਾ ਸੀ ਤਾਂ ਭਗਤੀ ਕਾਲ ਦੀ ਸ਼ੁਰੂਆਤ ਦੱਖਣ ਤੋਂ ਨਹੀਂ, ਉੱਤਰ ਤੋਂ ਹੋਣੀ ਚਾਹੀਦੀ ਸੀ ਕਿਉਂਕਿ ਮੁਸਲਿਮ ਸ਼ਾਸਕ ਪਹਿਲਾਂ ਉੱਤਰ ਵਿੱਚ ਆਏ ਸਨ, ਜਦੋਂਕਿ ਭਗਤੀ ਅੰਦੋਲਨ ਦੱਖਣ ਤੋਂ ਸ਼ੁਰੂ ਹੋਇਆ।

ਮੋਦੀ ਸਰਕਾਰ ਕੀ ਇਤਿਹਾਸ 'ਦਰੁਸਤ' ਕਰਨ ਵਿੱਚ ਲੱਗੀ ਹੈ

ਇਲਾਹਾਬਾਦ ਨੂੰ ਪ੍ਰਯਾਗਰਾਜ ਕੀਤਾ ਜਾ ਚੁੱਕਾ ਹੈ। ਦਿੱਲੀ ਦੇ ਔਰੰਗਜ਼ੇਬ ਰੋਡ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ। ਮੁਗ਼ਲਸਰਾਏ ਸਟੇਸ਼ਨ ਦਾ ਨਾਂ ਦੀਨ ਦਿਆਲ ਉਪਾਧਿਆਏ ਕਰ ਦਿੱਤਾ ਗਿਆ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹੈਦਰਾਬਾਦ ਸ਼ਹਿਰ ਦਾ ਨਾਂ ਵੀ ਬਦਲਣ ਦੀ ਗੱਲ ਕਰ ਰਹੇ ਹਨ। ਹਲਦੀਘਾਟ ਦੀ ਲੜਾਈ ਵਿੱਚ ਰਾਣਾ ਪ੍ਰਤਾਪ ਨੂੰ ਜੇਤੂ ਐਲਾਨਿਆ ਜਾ ਚੁੱਕਾ ਹੈ।

ਬੀਜੇਪੀ ਆਗੂਆਂ ਦਾ ਕਹਿਣਾ ਹੈ ਕਿ ਇਹ ਨਾਂ ਮੁਸਲਿਮ ਹਮਲਾਵਰਾਂ ਨੇ ਰੱਖੇ ਸਨ ਅਤੇ ਬਦਲਣ ਦੀ ਜ਼ਰੂਰਤ ਹੈ। ਇਤਿਹਾਸ ਦੀਆਂ ਕਿਤਾਬਾਂ ਬਦਲਣ ਦੀ ਮੰਗ ਕੀਤੀ ਜਾ ਚੁੱਕੀ ਹੈ।

ਇਲਜਾਮ ਲਗਦੇ ਹਨ ਕਿ ਬੀਜੇਪੀ ਦੀਆਂ ਸਰਕਾਰਾਂ ਭਾਰਤ ਦੇ ਬਹੁਲਵਾਦ ਨੂੰ ਨਸ਼ਟ ਕਰਨ ਵਿੱਚ ਲੱਗੀਆਂ ਹਨ। ਯੋਗੀ ਆਦਿੱਤਿਆਨਾਥ ਕਹਿ ਚੁੱਕੇ ਹਨ ਕਿ ਮੁਗ਼ਲ ਭਾਰਤੀਆਂ ਦੇ ਨਾਇਕ ਨਹੀਂ ਹੋ ਸਕਦੇ, ਨਾ ਹੀ ਉਨ੍ਹਾਂ ਦੀਆਂ ਬਣਾਈਆਂ ਇਮਾਰਤਾਂ ਸਾਡੀ ਵਿਰਾਸਤ।

ਪ੍ਰੋ. ਉਮੇਸ਼ ਅਸ਼ੋਕ ਕਦਮ ਕਹਿੰਦੇ ਹਨ ਕਿ ਸਹੀ ਇਤਿਹਾਸ ਲਿਆਉਣਾ ਹੀ ਹੋਵੇਗਾ। ਉਹ ਕਹਿੰਦੇ ਹਨ, ''ਮੱਧਕਾਲ ਦੇ ਇਤਿਹਾਸ ਨੂੰ ਠੀਕ ਨਾਲ ਨਹੀਂ ਲਿਖਿਆ ਗਿਆ ਹੈ। ਮੱਧਕਾਲ ਨੂੰ ਸਿਰਫ਼ ਦਿੱਲੀ ਸਲਤਨਤ ਅਤੇ ਮੁਗ਼ਲਾਂ ਦੇ ਸ਼ਾਸਨ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਜਦੋਂਕਿ ਅਜਿਹਾ ਨਹੀਂ ਹੈ। ਮੱਧਕਾਲ ਦਾ ਜੋ ਇਤਿਹਾਸ ਲਿਖਿਆ ਗਿਆ ਹੈ, ਉਸ ਦਾ ਸਰੋਤ ਫ਼ਾਰਸੀ ਅਤੇ ਅਰਬੀ ਵਿੱਚ ਲਿਖੇ ਗਏ ਸਾਹਿਤ ਹਨ ਜਦੋਂਕਿ ਭਾਰਤੀ ਭਾਸ਼ਾਵਾਂ ਵਿੱਚ ਜੋ ਕੁਝ ਉਸ ਵਕਤ ਲਿਖਿਆ ਜਾ ਰਿਹਾ ਸੀ, ਉਸ ਦੀ ਅਣਦੇਖੀ ਕੀਤੀ ਗਈ ਹੈ। ਮੋਦੀ ਸਰਕਾਰ ਇਤਿਹਾਸ ਨੂੰ ਠੀਕ ਕਰ ਰਹੀ ਹੈ। ਜੇਕਰ ਸ਼ਹਿਰਾਂ ਅਤੇ ਸੜਕਾਂ ਦੇ ਨਾਂ ਬਦਲੇ ਜਾ ਰਹੇ ਹਨ ਤਾਂ ਇਹ ਜਨਤਕ ਇੱਛਾ ਹੈ ਅਤੇ ਇੱਕ ਹਰਮਨਪਿਆਰਾ ਨੇਤਾ ਜਨਤਕ ਇੱਛਾ ਲਈ ਹੀ ਕੰਮ ਕਰਦਾ ਹੈ।''

ਪ੍ਰੋਫ਼ੈਸਰ ਉਮੇਸ਼ ਕਦਮ ਕਹਿੰਦੇ ਹਨ, ''ਸਾਨੂੰ ਗ਼ੁਲਾਮੀ ਦੇ ਪ੍ਰਤੀਕਾਂ ਨੂੰ ਖ਼ਾਰਜ ਕਰਨਾ ਹੋਵੇਗਾ। ਮੈਂ ਬਚਪਨ ਤੋਂ ਹੀ ਸੋਚਦਾ ਸੀ ਅਤੇ ਇਹ ਗੱਲ ਪਰੇਸ਼ਾਨ ਕਰਦੀ ਸੀ ਕਿ ਲਾਲ ਕਿਲ੍ਹੇ ਤੋਂ ਆਜ਼ਾਦ ਭਾਰਤ ਦਾ ਤਿਰੰਗਾ ਕਿਉਂ ਲਹਿਰਾਇਆ ਜਾਂਦਾ ਹੈ। ਮੈਨੂੰ ਇਹ ਕਦੇ ਠੀਕ ਨਹੀਂ ਲੱਗਿਆ।''

ਪ੍ਰੋ. ਉਮੇਸ਼ ਕਦਮ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰੀਸ਼ਦ ਇਤਿਹਾਸ 'ਤੇ ਕੰਮ ਕਰ ਰਹੀ ਹੈ ਅਤੇ ਮੱਧਕਾਲ ਦੇ ਇਤਿਹਾਸ ਨੂੰ ਦਰੁਸਤ ਕਰਨ ਦਾ ਕੰਮ ਚੱਲ ਰਿਹਾ ਹੈ।

ਲਾਲ ਕਿਲ੍ਹੇ ਨੂੰ ਮੁਗ਼ਲ ਸ਼ਾਸਕ ਸ਼ਾਹਜਹਾਂ ਨੇ ਬਣਵਾਇਆ ਸੀ ਅਤੇ ਪ੍ਰੋਫ਼ੈਸਰ ਉਮੇਸ਼ ਕਦਮ ਨੂੰ ਲੱਗਦਾ ਹੈ ਕਿ ਇਹ ਇਮਾਰਤ ਵੀ ਗ਼ੁਲਾਮ ਭਾਰਤ ਦਾ ਹੀ ਪ੍ਰਤੀਕ ਹੈ। ਪ੍ਰੋਫ਼ੈਸਰ ਉਮੇਸ਼ ਕਦਮ ਕਹਿੰਦੇ ਹਨ ਕਿ ਭਾਰਤੀ ਇਤਿਹਾਸ ਵਿੱਚ ਖੱਬੇ ਪੱਖੀਆਂ ਨੇ ਤੱਥਾਂ ਦੀ ਅਣਦੇਖੀ ਕਰਕੇ ਲਿਖਿਆ ਹੈ ਅਤੇ ਇਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)