ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ 'ਤੇ ਕੀ ਅਸਰ ਹੁੰਦਾ ਹੈ

ਤਸਵੀਰ ਸਰੋਤ, Getty Images
ਤੁਹਾਡੀ ਖੁਰਾਕ ਵਿੱਚ ਮਿੱਠੇ ਪਦਾਰਥਾਂ ਦੀ ਵੱਧ ਮਾਤਰਾ ਤੁਹਾਡੀ ਸਿਹਤ ਲਈ ਮਾੜੀ ਮੰਨੀ ਜਾਂਦੀ ਹੈ, ਪਰ ਇਸ ਨੂੰ ਛੱਡਣਾ ਵੀ ਮੁਸ਼ਕਿਲ ਹੋ ਸਕਦਾ ਹੈ, ਖ਼ਾਸ ਕਰਕੇ ਇਸ ਲਈ ਕਿਉਂਕਿ ਇਸ ਨਾਲ ਬਹੁਤ ਸਾਰੇ ਅਜਿਹੇ ਲੱਛਣ ਪੈਂਦੇ ਹੁੰਦੇ ਹਨ ਜੋ ਸ਼ਾਇਦ ਤੁਹਾਨੂੰ ਚੰਗਾ ਮਹਿਸੂਸ ਨਾ ਕਰਵਾਉਣ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ (ਘੱਟੋ-ਘੱਟ ਯੂਕੇ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ) ਮਿੱਠੇ ਦੀ ਖ਼ਪਤ ਲਗਾਤਾਰ ਘਟੀ ਹੈ।
ਇਸ ਦਾ ਕਾਰਨ ਕੁਝ ਵੀ ਹੋ ਸਕਦਾ ਹੈ, ਜਿਵੇਂ ਕਿ ਸਵਾਦ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀ, ਘੱਟ ਕਾਰਬੋਹਾਈਡਰੇਟ ਖੁਰਾਕਾਂ ਜਿਵੇਂ ਕਿ ਕੀਟੋ ਆਦਿ ਵਿੱਚ ਰੁਝਾਨ।

ਅਜਿਹੇ ਕਈ ਕਾਰਨ ਪਿਛਲੇ ਦਹਾਕੇ ਵਿੱਚ ਵਧੇਰੇ ਰੁਝਾਨ ਵਿੱਚ ਰਹੇ ਹਨ। ਇਸ ਦਾ ਇੱਕ ਹੋਰ ਕਾਰਨ ਇਹ ਵੀ ਹੋ ਸਕਦਾ ਹੈ ਕਿ ਹੁਣ ਲੋਕਾਂ ਵਿੱਚ ਇਸ ਗੱਲ ਸੰਬੰਧੀ ਕਾਫੀ ਜਾਣਕਾਰੀ ਹੈ ਕਿ ਜ਼ਿਆਦਾ ਮਿੱਠਾ ਜਾਂ ਸ਼ੱਕਰ ਖਾਣਾ ਸਾਡੀ ਸਿਹਤ ਲਈ ਬਹੁਤ ਤਰੀਕਿਆਂ ਨਾਲ ਖ਼ਤਰਨਾਕ ਹੋ ਸਕਦਾ ਹੈ।
ਖੰਡ ਜਾਂ ਮਿੱਠੇ ਦੀ ਮਾਤਰਾ ਘਟਾਉਣ ਨਾਲ ਸਿਹਤ ਨੂੰ ਸਪਸ਼ਟ ਲਾਭ ਹੁੰਦੇ ਹਨ, ਜਿਸ ਨਾਲ ਕੈਲੋਰੀ ਦੀ ਮਾਤਰਾ ਘਟਦੀ ਹੈ, ਜੋ ਭਾਰ ਘਟਾਉਣ ਅਤੇ ਦੰਦਾਂ ਦੀ ਸਿਹਤ ਵਿੱਚ ਸੁਧਾਰ ਲਈ ਬਹੁਤ ਸਹਾਇਤਾ ਕਰ ਸਕਦੀ ਹੈ।
ਪਰ ਲੋਕ ਕਈ ਵਾਰ ਇਹ ਸ਼ਿਕਾਇਤ ਵੀ ਕਰਦੇ ਹਨ ਕਿ ਜਦੋਂ ਉਹ ਮਿੱਠਾ ਖਾਣਾ ਘੱਟ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਨਕਾਰਾਤਮਕ ਮਾੜੇ ਪ੍ਰਭਾਵ ਵੀ ਮਹਿਸੂਸ ਹੁੰਦੇ ਹਨ।
ਸਿਰ ਦਰਦ, ਥਕਾਵਟ ਜਾਂ ਭਾਵਨਾਤਮਕ ਬਦਲਾਅ ਆਦਿ ਕੁਝ ਅਜਿਹੇ ਲੱਛਣ ਹਨ ਜੋ ਆਮ ਤੌਰ 'ਤੇ ਅਸਥਾਈ ਹੁੰਦੇ ਹਨ।

ਤਸਵੀਰ ਸਰੋਤ, Getty Images
ਇਹਨਾਂ ਮਾੜੇ ਪ੍ਰਭਾਵਾਂ ਦਾ ਕਾਰਨ ਹਾਲੇ ਤੱਕ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆਇਆ ਹੈ। ਪਰ ਇਹ ਸੰਭਵ ਹੈ ਕਿ ਇਹ ਲੱਛਣ ਇਸ ਨਾਲ ਸੰਬੰਧਿਤ ਹੋਣ ਕਿ ਮਿੱਠਾ ਖਾਣ 'ਤੇ ਦਿਮਾਗ਼ ਕਿਸ ਤਰ੍ਹਾਂ ਪ੍ਰਤੀਕਿਰਿਆ ਕਰਦਾ ਹੈ - 'ਰਿਵਾਰਡ' ਰਸਾਇਣ ਕਿਵੇਂ ਛੱਡਦਾ ਹੈ।
ਕਾਰਬੋਹਾਈਡਰੇਟ, ਸ਼ੱਕਰ ਸਮੇਤ ਕਈ ਰੂਪਾਂ ਵਿੱਚ ਆਉਂਦੇ ਹਨ, ਜੋ ਕੁਦਰਤੀ ਤੌਰ 'ਤੇ ਬਹੁਤ ਸਾਰੇ ਭੋਜਨ ਪਦਾਰਥਾਂ ਵਿੱਚ ਮੌਜੂਦ ਹੋ ਸਕਦੇ ਹਨ, ਜਿਵੇਂ ਕਿ ਫਲਾਂ ਵਿੱਚ ਫਰੂਟੋਜ਼ ਅਤੇ ਦੁੱਧ ਵਿੱਚ ਲੈਕਟੋਜ਼ ਦੇ ਰੂਪ ਵਿੱਚ।
ਟੇਬਲ ਸ਼ੂਗਰ, ਜਿਸ ਨੂੰ ਸੁਕਰੋਜ਼ ਕਿਹਾ ਜਾਂਦਾ ਹੈ, ਗੰਨੇ, ਸ਼ੂਗਰ ਬੀਟ (ਮਿੱਠੇ ਚੁਕੰਦਰ) ਅਤੇ ਮੈਪਲ ਸਿਰਪ ਵਿੱਚ ਪਾਇਆ ਜਾਂਦਾ ਹੈ ਜਦਕਿ ਸ਼ਹਿਦ ਵਿੱਚ ਮੁਖ ਤੌਰ 'ਤੇ ਗਲੂਕੋਜ਼ ਅਤੇ ਫਰੂਟੋਜ਼ ਹੁੰਦੇ ਹਨ।

ਤਸਵੀਰ ਸਰੋਤ, Getty Images
ਦਿਮਾਗ਼ 'ਤੇ ਅਸਰ
ਹੁਣ ਜ਼ਿਆਦਾਤਰ ਭੋਜਨ ਵਿੱਚ ਸੁਕਰੋਜ਼ ਅਤੇ ਹੋਰ ਪ੍ਰਕਾਰ ਦੀ ਸ਼ੱਕਰ ਮਿਲਾਈ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਵਧੇਰੇ ਸੁਆਦੀ ਬਣਾਇਆ ਜਾ ਸਕੇ।
ਵਧੇਰੇ ਸ਼ੱਕਰ ਵਾਲੇ ਭੋਜਨ ਦਾ ਸੁਆਦ ਜੀਭ ਨੂੰ ਤਾਂ ਮਹਿਸੂਸ ਹੁੰਦਾ ਹੀ ਹੈ ਪਰ ਇਸ ਦਾ ਦਿਮਾਗ਼ 'ਤੇ ਵੀ ਜੈਵਿਕ ਅਸਰ ਹੁੰਦਾ ਹੈ।
ਇਹ ਪ੍ਰਭਾਵ ਇੰਨੇ ਮਹੱਤਵਪੂਰਨ ਹਨ ਕਿ ਇਸ ਨਾਲ ਇਹ ਬਹਿਸ ਵੀ ਸ਼ੁਰੂ ਹੋ ਗਈ ਹੈ ਕਿ ਕੀ ਤੁਹਾਨੂੰ ਮਿੱਠੇ ਦੀ 'ਲਤ' ਲੱਗ ਸਕਦੀ ਹੈ, ਹਾਲਾਂਕਿ ਇਸ ਵਿਸ਼ੇ 'ਤੇ ਅਜੇ ਅਧਿਐਨ ਕੀਤਾ ਜਾ ਰਿਹਾ ਹੈ।
ਸੁਕਰੋਜ਼ ਮੂੰਹ ਵਿੱਚ ਮਿੱਠੇ ਸੁਆਦ ਸੰਵੇਦਕਾਂ (ਇੰਦਰੀਆਂ) ਨੂੰ ਕਿਰਿਆਸ਼ੀਲ ਕਰਦਾ ਹੈ ਜੋ ਅਖੀਰ ਵਿੱਚ ਦਿਮਾਗ਼ ਵਿੱਚ ਡੋਪਾਮਾਈਨ ਨਾਮ ਦੇ ਰਸਾਇਣ ਨੂੰ ਛੱਡਣ ਵਿੱਚ ਸਹਾਇਕ ਹੁੰਦਾ ਹੈ।
ਡੋਪਾਮਾਈਨ ਇੱਕ ਨਿਊਰੋਟ੍ਰਾਂਸਮੀਟਰ ਹੈ, ਭਾਵ ਇਹ ਇੱਕ ਅਜਿਹਾ ਰਸਾਇਣ ਹੈ ਜੋ ਦਿਮਾਗ਼ ਦੀਆਂ ਨਾੜੀਆਂ ਵਿੱਚ ਸੰਦੇਸ਼ ਭੇਜਦਾ ਹੈ।
ਜਿਵੇਂ ਹੀ ਸਾਨੂੰ ਇੱਕ ਲਾਭਦਾਇਕ ਉਤਸ਼ਾਹ ਮਹਿਸੂਸ ਹੁੰਦਾ ਹੈ, ਦਿਮਾਗ਼ ਡੋਪਾਮਾਈਨ ਨੂੰ ਛੱਡ ਕੇ ਜਵਾਬ ਦਿੰਦਾ ਹੈ - ਇਸੇ ਕਰ ਕੇ ਇਸ ਨੂੰ ਅਕਸਰ 'ਰਿਵਾਰਡ' ਰਸਾਇਣ ਕਿਹਾ ਜਾਂਦਾ ਹੈ।
ਡੋਪਾਮਾਈਨ ਦੇ ਫ਼ਾਇਦੇਮੰਦ ਪ੍ਰਭਾਵ ਦਿਮਾਗ਼ ਦੇ ਉਸ ਹਿੱਸੇ ਵਿੱਚ ਮਹਿਸੂਸ ਹੁੰਦੇ ਹਨ ਜਿੱਥੇ ਖੁਸ਼ੀ ਅਤੇ ਆਨੰਦ ਸ਼ਾਮਲ ਹੁੰਦੇ ਹਨ।

ਤਸਵੀਰ ਸਰੋਤ, Getty Images
ਇਹੀ ਰਿਵਾਰਡ ਸਾਡੇ ਵਿਵਹਾਰ ਨੂੰ ਕੰਟ੍ਰੋਲ ਕਰਦਾ ਹੈ, ਭਾਵ ਅਸੀਂ ਉਨ੍ਹਾਂ ਵਿਵਹਾਰਾਂ ਨੂੰ ਦੁਹਰਾਉਣ ਲਈ ਪ੍ਰੇਰਿਤ ਹੁੰਦੇ ਹਾਂ ਜੋ ਡੋਪਾਮਾਈਨ ਨੂੰ ਛੱਡਣ ਦਾ ਕਾਰਨ ਬਣਦੇ ਹਨ।
ਡੋਪਾਮਾਈਨ ਸਾਨੂੰ ਭੋਜਨ ਦੀ ਭਾਲ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ, ਜਿਵੇਂ ਕਿ ਜੰਕ ਫੂਡ।
ਜਾਨਵਰਾਂ ਅਤੇ ਲੋਕਾਂ, ਦੋਵਾਂ ਉੱਤੇ ਕੀਤੇ ਗਏ ਪ੍ਰਯੋਗਾਂ ਨੇ ਸਪਸ਼ਟ ਕੀਤਾ ਹੈ ਕਿ ਸ਼ੱਕਰ ਜਾਂ ਮਿੱਠਾ ਇਨ੍ਹਾਂ ਰਿਵਾਰਡ (ਆਨੰਦ) ਮਾਰਗਾਂ ਨੂੰ ਕਿੰਨੀ ਡੂੰਘਾਈ ਨਾਲ ਕਿਰਿਆਸ਼ੀਲ ਕਰਦਾ ਹੈ।
ਤੇਜ਼ ਮਿਠਾਸ, ਅੰਦਰੂਨੀ ਰਿਵਾਰਡ ਵਜੋਂ ਕੋਕੀਨ ਨੂੰ ਵੀ ਪਛਾੜ ਦਿੰਦੀ ਹੈ।
ਚੂਹੇ ਉੱਤੇ ਕੀਤੇ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸ਼ੱਕਰ ਦਿਮਾਗ਼ ਵਿੱਚ ਇਹਨਾਂ ਰਿਵਾਰਡ ਮਾਰਗਾਂ ਨੂੰ ਕਿਰਿਆਸ਼ੀਲ ਕਰਨ ਦੇ ਯੋਗ ਹੁੰਦੀ ਹੈ ਫਿਰ ਭਾਵੇਂ ਇਸ ਨੂੰ ਮੂੰਹ ਰਾਹੀਂ ਖਾਧਾ ਗਿਆ ਹੋਵੇ ਜਾਂ ਖੂਨ ਦੇ ਪ੍ਰਵਾਹ ਵਿੱਚ ਦਾਖ਼ਲ ਕੀਤਾ ਗਿਆ ਹੋਵੇ।
ਇਸ ਦਾ ਅਰਥ ਹੈ ਕਿ ਇਸਦੇ ਪ੍ਰਭਾਵ ਮਿੱਠੇ ਦੇ ਸੁਆਦ ਤੋਂ ਸੁਤੰਤਰ ਹਨ।
ਚੂਹਿਆਂ ਵਿੱਚ ਇਸ ਦੇ ਪੱਕੇ ਸਬੂਤ ਮਿਲੇ ਹਨ ਕਿ ਸੁਕਰੋਜ਼ ਦੀ ਖ਼ਪਤ ਜੋ ਡੋਪਾਮਾਈਨ ਨੂੰ ਕਿਰਿਆਸ਼ੀਲ ਕਰਦੀ ਹੈ, ਅਸਲ ਵਿੱਚ ਦਿਮਾਗ਼ ਵਿੱਚ ਬਣਤਰਾਂ ਨੂੰ ਬਦਲ ਸਕਦੀ ਹੈ ਅਤੇ ਨਾਲ ਹੀ ਜਾਨਵਰਾਂ ਅਤੇ ਮਨੁੱਖਾਂ ਦੋਵਾਂ ਵਿੱਚ ਭਾਵਨਾਤਮਕ ਪ੍ਰਕਿਰਿਆ ਅਤੇ ਵਿਵਹਾਰ ਨੂੰ ਬਦਲਦੀ ਹੈ।
ਇਹ ਸਪਸ਼ਟ ਹੈ ਕਿ ਸ਼ੱਕਰ ਦਾ ਸਾਡੇ 'ਤੇ ਬਹੁਤ ਪ੍ਰਭਾਵ ਹੋ ਸਕਦਾ ਹੈ। ਇਸ ਲਈ ਜਦੋਂ ਅਸੀਂ ਆਪਣੇ ਭੋਜਨ ਵਿੱਚ ਮਿੱਠੇ ਜਾਂ ਸ਼ੱਕਰ ਦੀ ਮਾਤਰਾ ਨੂੰ ਘੱਟ ਕਰ ਦਿੰਦੇ ਹਾਂ ਜਾਂ ਬਿਲਕੁਲ ਹੀ ਖਤਮ ਕਰ ਦਿੰਦੇ ਹਾਂ ਤਾਂ ਇਸ ਦੇ ਨਕਾਰਾਤਮਕ ਪ੍ਰਭਾਵ ਹੋਣਾ ਵੀ ਕੋਈ ਹੈਰਾਨੀ ਦੀ ਗੱਲ ਨਹੀਂ ਹੈ।
ਅਕਸਰ 'ਸ਼ੱਕਰ ਛੱਡਣ' ਦੇ ਸ਼ੁਰੂਆਤੀ ਦਿਨਾਂ ਵਿੱਚ ਇਨ੍ਹਾਂ ਮਾਨਸਿਕ ਅਤੇ ਸਰੀਰਕ ਲੱਛਣਾਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ, ਜਿਸ ਵਿੱਚ ਉਦਾਸੀ, ਚਿੰਤਾ, ਬ੍ਰੇਨ ਫ਼ੌਗ (ਦਿਮਾਗ਼ੀ ਉਲਝਣ), ਖਾਣ ਦੀ ਲਾਲਸਾ, ਸਿਰ ਦਰਦ, ਥਕਾਵਟ ਅਤੇ ਚੱਕਰ ਆਉਣੇ ਸ਼ਾਮਲ ਹਨ।

ਤਸਵੀਰ ਸਰੋਤ, Getty Images
'ਸ਼ੱਕਰ ਦੀ ਲਤ'
ਇਸ ਦਾ ਅਰਥ ਹੈ ਕਿ ਸ਼ੱਕਰ ਛੱਡਣਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਦੁਖਦਾਈ ਮਹਿਸੂਸ ਕਰਵਾ ਸਕਦਾ ਹੈ, ਜਿਸ ਨਾਲ ਕੁਝ ਲੋਕਾਂ ਲਈ ਆਪਣੀ ਖੁਰਾਕ ਦੀ ਇਸ ਤਬਦੀਲੀ ਨੂੰ ਬਣਾਏ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ।
ਇਹਨਾਂ ਲੱਛਣਾਂ ਦੇ ਅਧਾਰ ਦਾ ਵਿਆਪਕ ਅਧਿਐਨ ਨਹੀਂ ਕੀਤਾ ਗਿਆ ਹੈ, ਪਰ ਇਹ ਸੰਭਵ ਹੈ ਕਿ ਉਹ ਦਿਮਾਗ਼ ਦੇ ਰਿਵਾਰਡ ਮਾਰਗਾਂ ਨਾਲ ਵੀ ਜੁੜੇ ਹੋਏ ਹਨ।
ਹਾਲਾਂਕਿ, 'ਸ਼ੱਕਰ ਦੀ ਲਤ' ਦਾ ਵਿਚਾਰ ਵਿਵਾਦਪੂਰਨ ਹੈ, ਪਰ ਚੂਹਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਹੋਰ ਨਸ਼ੀਲੇ ਪਦਾਰਥਾਂ ਵਾਂਗ ਸ਼ੱਕਰ ਵੀ, ਬਹੁਤ ਜ਼ਿਆਦਾ ਖਾਣ, ਭੋਜਨ ਦੀ ਲਾਲਸਾ ਨੂੰ ਵਧਾ ਸਕਦੀ ਹੈ ਅਤੇ ਚਿੰਤਾ ਨੂੰ ਘੱਟ ਜਾਂ ਮੁਕਾ ਸਕਦੀ ਹੈ।
ਹੋਰ ਜਾਨਵਰਾਂ 'ਤੇ ਕੀਤੇ ਗਏ ਅਧਿਐਨਾਂ ਨੇ ਦਿਖਾਇਆ ਹੈ ਕਿ ਸ਼ੱਕਰ ਦੀ ਲਤ ਹੋਰ ਨਸ਼ਿਆਂ ਵਾਂਗ ਛੱਡੀ ਜਾ ਸਕਦੀ ਹੈ ਅਤੇ ਦੁਬਾਰਾ ਵੀ ਲੱਗ ਸਕਦੀ ਹੈ।
ਪਰ ਇਸ ਵਿਸ਼ੇ 'ਤੇ ਕੀਤੇ ਗਏ ਜ਼ਿਆਦਾਤਰ ਅਧਿਐਨ ਜਾਨਵਰਾਂ 'ਤੇ ਹੀ ਹਨ, ਇਸ ਲਈ ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਕੀ ਇਸ ਦੇ ਇਹ ਪ੍ਰਭਾਵ ਮਨੁੱਖਾਂ ਲਈ ਵੀ ਇੱਕੋ-ਜਿਹੇ ਹਨ ਜਾਂ ਨਹੀਂ।
ਐਵੋਲਿਊਸ਼ਨ ਦੁਆਰਾ ਮਨੁੱਖੀ ਦਿਮਾਗ਼ ਵਿੱਚ ਰਿਵਾਰਡ ਦੇ ਰਸਤਿਆਂ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਇਹ ਸੰਭਵ ਹੈ ਕਿ ਬਹੁਤ ਸਾਰੇ ਹੋਰ ਜੀਵਾਂ ਦੇ ਦਿਮਾਗਾਂ ਵਿੱਚ ਵੀ ਰਿਵਾਰਡ ਦੇ ਰਸਤੇ ਇੱਕੋ-ਜਿਹੇ ਹੋਣ।
ਇਸ ਦਾ ਅਰਥ ਇਹ ਹੈ ਕਿ ਸ਼ੱਕਰ ਛੱਡਣ ਤੋਂ ਬਾਅਦ ਜਾਨਵਰਾਂ ਵਿੱਚ ਵੇਖੇ ਗਏ ਜੈਵਿਕ ਪ੍ਰਭਾਵ ਮਨੁੱਖਾਂ ਵਿੱਚ ਵੀ ਕੁਝ ਹਦ ਤੱਕ ਵਾਪਰਨ ਦੀ ਸੰਭਾਵਨਾ ਹੈ ਕਿਉਂਕਿ ਸਾਡੇ ਦਿਮਾਗ਼ਾਂ ਦੇ ਰਿਵਾਰਡ ਦੇ ਰਸਤੇ ਇੱਕੋ-ਜਿਹੇ ਹਨ।
ਜੋ ਲੋਕ ਆਪਣੀ ਖ਼ੁਰਾਕ ਵਿੱਚੋਂ ਸ਼ੱਕਰ ਨੂੰ ਹਟਾਉਂਦੇ ਹਨ ਜਾਂ ਘਟਾਉਂਦੇ ਹਨ, ਉਨ੍ਹਾਂ ਦੁਆਰਾ ਕੀਤੀਆਂ ਗਈਆਂ ਸ਼ਿਕਾਇਤਾਂ ਪਿੱਛੇ ਨਿਸ਼ਚਤ ਤੌਰ 'ਤੇ ਦਿਮਾਗ਼ ਦੇ ਰਸਾਇਣਕ ਸੰਤੁਲਨ ਵਿੱਚ ਤਬਦੀਲੀ ਹੀ ਕਾਰਨ ਹੁੰਦੀ ਹੈ।

ਤਸਵੀਰ ਸਰੋਤ, Getty Images
ਰਿਵਾਰਡ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ, ਡੋਪਾਮਾਈਨ ਹਾਰਮੋਨ, ਜੀਅ ਮਚਲਾਉਣਾ ਤੇ ਉਲਟੀਆਂ ਅਤੇ ਚਿੰਤਾ ਨੂੰ ਵੀ ਕੰਟ੍ਰੋਲ ਕਰਦਾ ਹੈ।
ਜਿਵੇਂ ਹੀ ਖੁਰਾਕ ਵਿੱਚੋਂ ਸ਼ੱਕਰ ਨੂੰ ਹਟਾ ਦਿੱਤਾ ਜਾਂਦਾ ਹੈ, ਦਿਮਾਗ਼ ਵਿੱਚ ਡੋਪਾਮਾਈਨ ਦੇ ਪ੍ਰਭਾਵਾਂ ਵਿੱਚ ਤੇਜ਼ੀ ਨਾਲ ਕਮੀ, ਸੰਭਾਵਿਤ ਤੌਰ 'ਤੇ ਦਿਮਾਗ਼ ਦੇ ਹੋਰ ਬਹੁਤ ਸਾਰੇ ਵੱਖੋ-ਵੱਖਰੇ ਮਾਰਗਾਂ ਦੇ ਸਧਾਰਣ ਕਾਰਜਾਂ ਵਿੱਚ ਵੀ ਰੁਕਾਵਟਾਂ ਪਾਉਂਦੀ ਹੈ ਅਤੇ ਇਸ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਕਿਉਂ ਲੋਕ ਅਜਿਹੇ ਵੱਖ-ਵੱਖ ਲੱਛਣਾਂ ਦੀ ਸ਼ਿਕਾਇਤ ਕਰਦੇ ਹਨ।
ਹਾਲਾਂਕਿ, ਮਨੁੱਖਾਂ ਵਿੱਚ ਸ਼ੱਕਰ ਘੱਟ ਕਰਨ ਜਾਂ ਛੱਡਣ ਬਾਰੇ ਕੀਤੀ ਗਈ ਖੋਜ ਸੀਮਤ ਹੈ, ਪਰ ਇੱਕ ਅਧਿਐਨ ਵਿੱਚ ਇਹ ਸਬੂਤ ਮਿਲੇ ਹਨ ਕਿ ਕਿਵੇਂ ਜ਼ਿਆਦਾ ਭਾਰ ਵਾਲੇ ਅਤੇ ਮੋਟਾਪੇ ਨਾਲ ਗ੍ਰਸਤ ਲੋਕਾਂ ਦੁਆਰਾ ਸ਼ੱਕਰ ਛੱਡਣ ਤੋਂ ਬਾਅਦ ਉਨ੍ਹਾਂ ਵਿੱਚ ਸ਼ੱਕਰ ਪ੍ਰਤੀ ਲਾਲਸਾ ਹੋਰ ਵਧੀ ਅਤੇ ਬਾਕੀ ਲੱਛਣ ਵੀ ਦਿਖਾਈ ਦਿੱਤੇ।
ਕਿਸੇ ਵੀ ਖ਼ੁਰਾਕ ਤਬਦੀਲੀ ਦੀ ਤਰ੍ਹਾਂ, ਇਸ ਤਬਦੀਲੀ ਨਾਲ ਵੀ ਜੁੜੇ ਰਹਿਣਾ ਜ਼ਰੂਰੀ ਹੈ।
ਜੇ ਤੁਸੀਂ ਲੰਬੇ ਸਮੇਂ ਲਈ ਆਪਣੀ ਖੁਰਾਕ ਵਿੱਚ ਸ਼ੱਕਰ ਨੂੰ ਘਟਾਉਣਾ ਚਾਹੁੰਦੇ ਹੋ, ਤਾਂ ਪਹਿਲੇ ਕੁਝ ਮੁਸ਼ਕਿਲ ਹਫਤਿਆਂ ਵਿੱਚੋਂ ਲੰਘਣਾ ਬਹੁਤ ਜ਼ਰੂਰੀ ਹੈ।
ਹਾਲਾਂਕਿ, ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ ਸ਼ੱਕਰ ਸਾਡੇ ਲਈ 'ਮਾੜੀ' ਨਹੀਂ ਹੈ, ਪਰ ਇੱਕ ਸਿਹਤਮੰਦ ਖੁਰਾਕ ਅਤੇ ਕਸਰਤ ਦੇ ਨਾਲ ਇਸ ਦਾ ਇਸਤੇਮਾਲ ਸੰਜਮ ਨਾਲ ਕਰਨਾ ਚਾਹੀਦਾ ਹੈ।
ਇਹ ਲੇਖ ਅਸਲ ਵਿੱਚ ਗੱਲਬਾਤ ਦੌਰਾਨ ਸਾਂਝਾ ਹੋਇਆ ਸੀ ਅਤੇ ਇਸ ਨੂੰ ਇੱਕ ਕ੍ਰਿਏਟਿਵ ਕਾਮਨਜ਼ ਲਾਇਸੈਂਸ ਦੇ ਅਧੀਨ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਹੈ।
ਜੇਮਜ਼ ਬ੍ਰਾਉਨ ਬ੍ਰਿਟੇਨ ਵਿੱਚ ਬਰਮਿੰਘਮ ਦੀ ਐਸਟਨ ਯੂਨੀਵਰਸਿਟੀ ਵਿਖੇ ਜੀਵ ਵਿਗਿਆਨ ਅਤੇ ਬਾਇਓਮੈਡੀਕਲ ਵਿਗਿਆਨ ਵਿੱਚ ਸਹਿਯੋਗੀ ਪ੍ਰੋਫੈਸਰ ਹਨ।
(ਇਹ ਰਿਪੋਰਟ ਸਾਲ 2021 ਵਿੱਚ ਪ੍ਰਕਾਸ਼ਿਤ ਹੋਈ ਸੀ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












