ਜਦੋਂ ਬਾਦਸ਼ਾਹ ਸ਼ਾਹਜਹਾਂ ਸਾਹਮਣੇ ਤਸ਼ਤਰੀ 'ਚ ਪੁੱਤਰ ਦਾ ਸਿਰ ਲਿਆਂਦਾ ਗਿਆ

ਸ਼ਾਹਜਹਾਂ ਦੇ ਦਰਬਾਰ ਦੀ ਕਾਲਪਨਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਾਹਜਹਾਂ ਦੇ ਦਰਬਾਰ ਦੀ ਕਾਲਪਨਿਕ ਤਸਵੀਰ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

ਮੁਗ਼ਲ ਰਾਜ ਬਾਰੇ ਮਸ਼ਹੂਰ ਹੈ ਕਿ ਇੱਕ ਫ਼ਾਰਸੀ ਕਹਾਵਤ ਦਾ ਬੋਲਬਾਲਾ ਰਿਹਾ: 'ਤਖ਼ਤ ਜਾਂ ਤਾਬੂਤ', ਗੱਦੀ ਜਾਂ ਕਬਰ।

ਇਤਿਹਾਸ ਦੇ ਪੰਨਿਆਂ ਨੂੰ ਪਲਟੀਏ ਤਾਂ ਦੇਖਾਂਗੇ ਕਿ ਸ਼ਾਹਜਹਾਂ ਨੇ ਨਾ ਸਿਰਫ਼ ਆਪਣੇ ਦੋ ਭਰਾਵਾਂ, ਖ਼ੁਸਰੋ ਅਤੇ ਸ਼ਹਿਰਿਆਰ, ਦੀ ਮੌਤ ਦਾ ਹੁਕਮ ਦਿੱਤਾ ਸਗੋਂ ਸਾਲ 1628 ਵਿੱਚ ਗੱਦੀ ਸੰਭਾਲਣ ਵੇਲੇ ਆਪਣੇ ਭਤੀਜੇ ਅਤੇ ਚਚੇਰੇ ਭਰਾਵਾਂ ਨੂੰ ਵੀ ਮਰਵਾਇਆ।

ਇੱਥੋਂ ਤੱਕ ਕਿ ਸ਼ਾਹਜਹਾਂ ਦੇ ਪਿਤਾ ਜਹਾਂਗੀਰ ਵੀ ਆਪਣੇ ਛੋਟੇ ਭਰਾ ਦਾਨਿਆਲ ਦੀ ਮੌਤ ਲਈ ਜ਼ਿੰਮੇਵਾਰ ਬਣੇ।

News image

ਇਹ ਪਰੰਪਰਾ ਸ਼ਾਹਜਹਾਂ ਤੋਂ ਬਾਅਦ ਵੀ ਜਾਰੀ ਰਹੀ। ਉਨ੍ਹਾਂ ਦੇ ਪੁੱਤਰ ਔਰੰਗਜ਼ੇਬ ਨੇ ਵੱਡੇ ਭਰਾ ਦਾਰਾ ਸ਼ਿਕੋਹ ਦਾ ਸਿਰ ਕਲਮ ਕਰਵਾ ਕੇ ਭਾਰਤ ਦੀ ਗੱਦੀ 'ਤੇ ਅਧਿਕਾਰ ਸਥਾਪਤ ਕੀਤਾ।

ਕਿਹੋ ਜਿਹੀ ਸ਼ਖਸੀਅਤ ਸੀ ਦਾਰਾ ਸ਼ਿਕੋਹ?

ਮੈਂ ਇਹੀ ਸਵਾਲ ਹਾਲ ਹੀ ਵਿੱਚ ਛਾਪੀ ਪੁਸਤਕ 'ਦਾਰਾ ਸ਼ਿਕੋਹ, ਦਿ ਮੈਨ ਹੁ ਵੁਡ ਬੀ ਕਿੰਗ' ਦੇ ਲੇਖਕ ਅਵੀਕ ਚੰਦਾ ਦੇ ਸਾਹਮਣੇ ਰੱਖਿਆ।

ਅਵੀਕ ਨੇ ਕਿਹਾ, "ਦਾਰਾ ਸ਼ਿਕੋਹ ਦੀ ਸ਼ਖਸੀਅਤ ਬਹੁਪੱਖੀ ਅਤੇ ਗੁੰਝਲਦਾਰ ਸੀ। ਇੱਕ ਪਾਸੇ ਉਹ ਬਹੁਤ ਹੀ ਗਰਮਜੋਸ਼ੀ ਵਾਲੇ ਚਿੰਤਕ, ਪ੍ਰਤਿਭਾਸ਼ਾਲੀ ਕਵੀ, ਵਿਦਵਾਨ, ਧਰਮ ਸ਼ਾਸਤਰੀ, ਸੂਫ਼ੀ ਅਤੇ ਲਲਿਤ ਕਲਾਵਾਂ ਦਾ ਗਿਆਨ ਰੱਖਣ ਵਾਲੇ ਸ਼ਹਿਜ਼ਾਦੇ ਸਨ। ਦੂਜੇ ਪਾਸੇ ਉਹ ਪ੍ਰਸ਼ਾਸਨ ਅਤੇ ਸੈਨਿਕ ਮਾਮਲਿਆਂ ਵਿੱਚ ਕੋਈ ਰੁਚੀ ਨਹੀਂ ਰੱਖਦੇ ਸਨ।"

ਇਹ ਵੀ ਪੜ੍ਹੋ:

ਸ਼ਾਹਜਹਾਂ ਨੇ ਰੱਖਿਆ ਫ਼ੌਜੀ ਕਾਰਵਾਈਆਂ ਤੋਂ ਦੂਰ

ਸ਼ਾਹਜਹਾਂ ਨੂੰ ਦਾਰਾ ਇੰਨੇ ਪਿਆਰੇ ਸਨ ਕਿ ਉਹ ਆਪਣੇ ਸ਼ਹਿਜ਼ਾਦੇ ਨੂੰ ਫ਼ੌਜੀ ਕਾਰਵਾਈਆਂ ਵਿੱਚ ਭੇਜਣ ਤੋਂ ਹਮੇਸ਼ਾ ਗੁਰੇਜ਼ ਕਰਦੇ ਰਹੇ।

ਉਨ੍ਹਾਂ ਨੇ ਆਪਣੇ ਪੁੱਤਰ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦਰਬਾਰ ਵਿੱਚ ਰੱਖਿਆ।

ਅਵੀਕ ਚੰਦਾ ਕਹਿੰਦੇ ਹਨ, "ਔਰੰਗਜ਼ੇਬ ਨੂੰ ਫੌਜੀ ਮੁਹਿੰਮਾਂ 'ਤੇ ਭੇਜਣ ਵਿੱਚ ਸ਼ਾਹਜਹਾਂ ਨੂੰ ਕੋਈ ਝਿਜਕ ਨਹੀਂ ਸੀ, ਜਦੋਂ ਕਿ ਉਸ ਸਮੇਂ ਉਹ ਸਿਰਫ਼ 16 ਵਰ੍ਹਿਆਂ ਦਾ ਸੀ। ਮੁਰਾਦ ਬਖਸ਼ ਨੂੰ ਗੁਜਰਾਤ ਭੇਜਿਆ ਜਾਂਦਾ ਹੈ ਅਤੇ ਸ਼ਾਹ ਸ਼ੁਜਾ ਨੂੰ ਬੰਗਾਲ ਭੇਜਿਆ ਜਾਂਦਾ ਹੈ ਪਰ ਉਨ੍ਹਾਂ ਦੇ ਸਭ ਤੋਂ ਅਜ਼ੀਜ਼ ਪੁੱਤਰ, ਦਾਰਾ, ਦਰਬਾਰ ਵਿੱਚ ਹੀ ਰਹਿੰਦੇ ਹਨ।

ਦਾਰਾ ਸ਼ਿਕੋਹ ਦਾ ਸਿਰ ਕੱਟ ਕੇ ਪੇਸ਼ ਕੀਤਾ ਗਿਆ ਸੀ ਸ਼ਾਹਜਹਾਂ ਦੇ ਸਾਹਮਣੇ

ਤਸਵੀਰ ਸਰੋਤ, Dara Shukoh The Man Who Would Be King

ਤਸਵੀਰ ਕੈਪਸ਼ਨ, ਦਾਰਾ ਸ਼ਿਕੋਹ ਦਾ ਸਿਰ ਕੱਟ ਕੇ ਪੇਸ਼ ਕੀਤਾ ਗਿਆ ਸੀ ਸ਼ਾਹਜਹਾਂ ਦੇ ਸਾਹਮਣੇ

ਨਤੀਜਾ ਇਹ ਨਿਕਲਿਆ ਹੈ ਕਿ ਉਸ ਨੂੰ ਨਾ ਤਾਂ ਜੰਗ ਦਾ ਤਜਰਬਾ ਹੋ ਰਿਹਾ ਸੀ ਅਤੇ ਨਾ ਹੀ ਸਿਆਸਤ ਦਾ।

“ਬਾਦਸ਼ਾਹ ਸ਼ਾਹਜਹਾਂ ਦਾਰਾ ਨੂੰ ਆਪਣਾ ਵਾਰਿਸ ਐਲਾਨਣ ਲਈ ਇੰਨੇ ਉਤਸੁਕ ਸਨ ਕਿ ਆਪਣੇ ਦਰਬਾਰ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ। ਆਪਣੇ ਕੋਲ ਤਖ਼ਤ 'ਤੇ ਬਿਠਾਇਆ ਅਤੇ ਉਸ ਨੂੰ 'ਸ਼ਾਹ-ਏ-ਬੁਲੰਦ ਇਕਬਾਲ' ਦੀ ਉਪਾਧੀ ਦਿੱਤੀ, ਐਲਾਨ ਕੀਤਾ ਕਿ ਉਸ ਤੋਂ ਬਾਅਦ ਉਹ ਹਿੰਦੁਸਤਾਨ ਦੀ ਗੱਦੀ 'ਤੇ ਬੈਠਣਗੇ।"

ਸ਼ਹਿਜ਼ਾਦੇ ਦੇ ਰੂਪ ਵਿੱਚ ਦਾਰਾ ਨੂੰ ਸ਼ਾਹੀ ਖ਼ਜ਼ਾਨੇ ਵਿਚੋਂ ਦੋ ਲੱਖ ਰੁਪਏ ਦੀ ਇਕਮੁਸ਼ਤ ਰਾਸ਼ੀ ਦਿੱਤੀ ਗਈ ਸੀ। ਉਸ ਨੂੰ ਹਰ ਰੋਜ਼ ਇੱਕ ਹਜ਼ਾਰ ਰੁਪਏ ਦਾ ਭੱਤਾ ਦਿੱਤਾ ਜਾਂਦਾ ਸੀ।

ਹਾਥੀਆਂ ਦੀ ਲੜਾਈ ਵਿੱਚ ਔਰੰਗਜ਼ੇਬ ਦੀ ਬਹਾਦਰੀ

28 ਮਈ 1633 ਨੂੰ ਇੱਕ ਬਹੁਤ ਹੀ ਨਾਟਕੀ ਘਟਨਾ ਵਾਪਰੀ ਜਿਸ ਦਾ ਅਸਰ ਕਈ ਸਾਲਾਂ ਬਾਅਦ ਵਿਖਿਆ।

ਸ਼ਾਹਜਹਾਂ ਨੂੰ ਹਾਥੀਆਂ ਦੀ ਲੜਾਈ ਦੇਖਣਾ ਬਹੁਤ ਪਸੰਦ ਸੀ। ਉਹ ਦੋ ਹਾਥੀਆਂ, ਸੁਧਾਕਰ ਅਤੇ ਸੂਰਤ ਸੁੰਦਰ, ਵਿਚਾਲੇ ਲੜਾਈ ਦੇਖਣ ਲਈ ਬਾਲਕਨੀ ਤੋਂ ਹੇਠਾਂ ਗਏ।

ਲੜਾਈ ਵਿੱਚ ਸੂਰਤ ਸੁੰਦਰ ਹਾਥੀ ਮੈਦਾਨ ਛੱਡ ਕੇ ਭੱਜਣ ਲੱਗਿਆ ਤਾਂ ਸੁਧਾਕਰ ਗੁੱਸੇ ਵਿੱਚ ਉਸ ਦੇ ਪਿੱਛੇ ਦੌੜਿਆ। ਤਮਾਸ਼ਾ ਦੇਖ ਰਹੇ ਲੋਕ ਘਬਰਾਹਟ ਵਿੱਚ ਭੱਜਣ ਲੱਗੇ।

ਹਾਥੀ ਨੇ ਔਰੰਗਜ਼ੇਬ 'ਤੇ ਹਮਲਾ ਕਰ ਦਿੱਤਾ। ਘੋੜੇ 'ਤੇ ਸਵਾਰ 14-ਸਾਲਾ ਔਰੰਗਜ਼ੇਬ ਨੇ ਆਪਣੇ ਘੋੜੇ ਨੂੰ ਭੱਜਣ ਤੋਂ ਰੋਕਿਆ। ਜਿਵੇਂ ਹੀ ਹਾਥੀ ਉਨ੍ਹਾਂ ਦੇ ਨੇੜੇ ਆਇਆ, ਉਨ੍ਹਾਂ ਨੇ ਬਰਛੇ ਨਾਲ ਮੱਥੇ 'ਤੇ ਵਾਰ ਕਰ ਦਿੱਤਾ।

ਇਸ ਦੌਰਾਨ ਕੁਝ ਸਿਪਾਹੀ ਦੌੜ ਕੇ ਉੱਥੇ ਪਹੁੰਚੇ ਅਤੇ ਸ਼ਾਹਜਹਾਂ ਦੇ ਦੁਆਲੇ ਆਪਣਾ ਘੇਰਾ ਬਣਾ ਲਿਆ। ਹਾਥੀ ਨੂੰ ਡਰਾਉਣ ਲਈ ਪਟਾਕੇ ਛੱਡੇ ਗਏ ਪਰ ਹਾਥੀ ਨੇ ਆਪਣੀ ਸੁੰਡ ਦੇ ਜ਼ੋਰ ਨਾਲ ਔਰੰਗਜ਼ੇਬ ਦੇ ਘੋੜੇ ਨੂੰ ਹੇਠਾਂ ਸੁੱਟ ਦਿੱਤਾ।

ਘੋੜੇ ਦੇ ਡਿੱਗਣ ਤੋਂ ਪਹਿਲਾਂ ਹੀ ਔਰੰਗਜ਼ੇਬ ਨੇ ਉਸ ਉੱਤੋਂ ਛਾਲ ਮਾਰ ਦਿੱਤੀ ਅਤੇ ਹਾਥੀ ਨਾਲ ਲੜਨ ਲਈ ਆਪਣੀ ਤਲਵਾਰ ਬਾਹਰ ਕੱਢੀ। ਨਾਲ ਹੀ ਸ਼ਹਿਜ਼ਾਦਾ ਸ਼ੁਜਾ ਪਿੱਛਿਓਂ ਆਏ ਅਤੇ ਹਾਥੀ ਉੱਤੇ ਹਮਲਾ ਕਰ ਦਿੱਤਾ।

ਹਾਥੀ ਨੇ ਉਨ੍ਹਾਂ ਦੇ ਘੋੜੇ ਨੂੰ ਇੰਨੀ ਜ਼ੋਰ ਨਾਲ ਮਾਰਿਆ ਕਿ ਸ਼ੁਜਾ ਵੀ ਘੋੜੇ ਤੋਂ ਹੇਠਾਂ ਡਿੱਗ ਗਏ।

ਫਿਰ ਰਾਜਾ ਜਸਵੰਤ ਸਿੰਘ ਅਤੇ ਕਈ ਸ਼ਾਹੀ ਸੈਨਿਕ ਆਪਣੇ ਘੋੜਿਆਂ ਨਾਲ ਉੱਥੇ ਪਹੁੰਚ ਗਏ। ਚਾਰੇ ਪਾਸੇ ਰੌਲਾ ਪਾਉਣ ਤੋਂ ਬਾਅਦ ਸੁਧਾਕਰ ਉੱਥੋਂ ਭੱਜ ਗਿਆ। ਔਰੰਗਜ਼ੇਬ ਨੂੰ ਬਾਅਦ ਵਿੱਚ ਬਾਦਸ਼ਾਹ ਦੇ ਸਾਹਮਣੇ ਲਿਆਂਦਾ ਗਿਆ। ਉਨ੍ਹਾਂ ਨੇ ਪੁੱਤਰ ਨੂੰ ਗਲੇ ਲਗਾ ਲਿਆ।

ਸ਼ਾਹਜਹਾਂ ਆਪਣੇ ਪੁੱਤਰ ਨਾਲ

ਤਸਵੀਰ ਸਰੋਤ, Dara Shukoh The Man Who Would Be King

ਤਸਵੀਰ ਕੈਪਸ਼ਨ, ਸ਼ਾਹਜਹਾਂ ਆਪਣੇ ਪੁੱਤਰ ਨਾਲ

ਸਾਰੇ ਘਟਨਾਚੱਕਰ ਦੌਰਾਨ ਦਾਰਾ ਉੱਥੇ ਸੀ ਪਰ ਉਨ੍ਹਾਂ ਨੇ ਹਾਥੀਆਂ ਨੂੰ ਕਾਬੂ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ।

ਅਵੀਕ ਚੰਦਾ ਦੱਸਦੇ ਹਨ ਕਿ ਬਾਅਦ ਵਿੱਚ ਇੱਕ ਜਲਸੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਔਰੰਗਜ਼ੇਬ ਨੂੰ 'ਬਹਾਦਰ' ਦੀ ਉਪਾਧੀ ਦਿੱਤੀ ਗਈ, ਸੋਨੇ ਨਾਲ ਤੋਲਿਆ ਗਿਆ ਅਤੇ ਉਹ ਸੋਨਾ ਉਸ ਨੂੰ ਤੋਹਫ਼ੇ ਵਜੋਂ ਦਿੱਤਾ ਗਿਆ।

ਅਵੀਕ ਚੰਦਾ ਨੇ ਕਿਹਾ ਕਿ ਇਹ ਘਟਨਾ ਇਸ ਗੱਲ ਦਾ ਮੁੱਢਲਾ ਸੰਕੇਤ ਸੀ ਕਿ ਬਾਅਦ ਵਿੱਚ ਕੌਣ ਹਿੰਦੁਸਤਾਨ ਦੀ ਗੱਦੀ ਸੰਭਾਲੇਗਾ।

ਸ਼ਾਹਜਹਾਂ ਤੇ ਉਨ੍ਹਾਂ ਦੀ ਪਤਨੀ ਮੁਮਤਾਜ਼ ਮਹਿਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਾਹਜਹਾਂ ਤੇ ਉਨ੍ਹਾਂ ਦੀ ਪਤਨੀ ਮੁਮਤਾਜ਼ ਮਹਿਲ

ਇੱਕ ਹੋਰ ਇਤਿਹਾਸਕਾਰ ਰਾਣਾ ਸਾਫ਼ਵੀ ਦੱਸਦੇ ਹਨ, "ਦਾਰਾ ਘਟਨਾ ਵਾਲੀ ਥਾਂ ਤੋਂ ਥੋੜੀ ਦੂਰੀ 'ਤੇ ਸਨ। ਉਹ ਚਾਹੁੰਦੇ ਤਾਂ ਵੀ ਤੁਰੰਤ ਨਹੀਂ ਪਹੁੰਚ ਸਕਦੇ ਸਨ। ਇਹ ਕਹਿਣਾ ਗਲਤ ਹੋਵੇਗਾ ਕਿ ਉਹ ਜਾਣਬੁੱਝ ਕੇ ਪਿੱਛੇ ਹਟ ਗਏ।"

ਮੁਗ਼ਲ ਇਤਿਹਾਸ ਦਾ ਸਭ ਤੋਂ ਮਹਿੰਗਾ ਵਿਆਹ

ਦਾਰਾ ਦਾ ਨਾਦਿਰਾ ਬਾਨੋ ਨਾਲ ਵਿਆਹ ਮੁਗ਼ਲ ਇਤਿਹਾਸ ਦਾ ਸਭ ਤੋਂ ਮਹਿੰਗਾ ਵਿਆਹ ਦੱਸਿਆ ਜਾਂਦਾ ਹੈ। ਉਸ ਵੇਲੇ ਇੰਗਲੈਂਡ ਤੋਂ ਭਾਰਤ ਘੁੰਮਣ ਆਏ ਪੀਟਰ ਮੈਂਡੀ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਉਸ ਸਮੇਂ ਵਿਆਹ ’ਚ 32 ਲੱਖ ਰੁਪਏ ਖਰਚ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 16 ਲੱਖ ਰੁਪਏ ਦਾਰਾ ਦੀ ਵੱਡੀ ਭੈਣ ਜਹਾਂਆਰਾ ਬੇਗਮ ਨੇ ਦਿੱਤੇ ਸਨ।

ਅਵੀਕ ਚੰਦਾ ਦੱਸਦੇ ਹਨ, "ਦਾਰਾ ਸਭ ਨੂੰ ਪਿਆਰੇ ਸਨ, ਬਾਦਸ਼ਾਹ ਨੂੰ ਵੀ ਅਤੇ ਉਸ ਦੀ ਵੱਡੀ ਭੈਣ ਨੂੰ ਵੀ। ਮੁਮਤਾਜ਼ ਮਹਿਲ ਗੁਜ਼ਰ ਚੁੱਕੀ ਸੀ ਅਤੇ ਜਹਾਂਆਰਾ ਸ਼ਾਹੀ ਬੇਗਮ ਬਣ ਗਈ ਸੀ।"

ਦਾਰਾ ਸ਼ਿਕੋਹ ਦੇ ਵਿਆਹ ਦਾ ਨਜ਼ਾਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਾਰਾ ਸ਼ਿਕੋਹ ਦਾ ਨਾਦਿਰਾ ਬਾਨੋ ਨਾਲ ਵਿਆਹ ਮੁਗ਼ਲ ਇਤਿਹਾਸ ਦਾ ਸਭ ਤੋਂ ਮਹਿੰਗਾ ਵਿਆਹ ਦੱਸਿਆ ਜਾਂਦਾ ਹੈ

ਅਵੀਕ ਚੰਦਾ ਨੇ ਦੱਸਿਆ, "ਪਤਨੀ ਦੀ ਮੌਤ ਤੋਂ ਬਾਅਦ ਸ਼ਾਹਜਹਾਂ ਪਹਿਲੀ ਵਾਰ ਕਿਸੇ ਜਨਤਕ ਸਮਾਗਮ ਵਿੱਚ ਹਿੱਸਾ ਲੈ ਰਹੇ ਸਨ। ਵਿਆਹ 1 ਫਰਵਰੀ, 1633, ਨੂੰ ਹੋਇਆ ਸੀ ਅਤੇ 8 ਫਰਵਰੀ ਤੱਕ ਦਾਵਤਾਂ ਦਾ ਸਿਲਸਿਲਾ ਚੱਲਦਾ ਰਿਹਾ ਸੀ। ਇੰਨੇ ਪਟਾਕੇ ਛੱਡੇ ਗਏ ,ਇੰਨੀ ਰੌਸ਼ਨੀ ਹੋ ਗਈ ਕਿ ਜਿਵੇਂ ਦਿਨ ਹੋ ਗਿਆ ਹੋਵੇ। ਕਿਹਾ ਜਾਂਦਾ ਹੈ ਕਿ ਵਿਆਹ ਵਾਲੇ ਦਿਨ ਪਾਏ ਗਏ ਦੁਲਹਨ ਦੇ ਜੋੜੇ ਦੀ ਕੀਮਤ ਅੱਠ ਲੱਖ ਸੀ।"

ਕੰਧਾਰ 'ਤੇ ਚੜ੍ਹਾਈ ਕੀਤੀ ਸੀ ਦਾਰਾ ਨੇ

ਦਾਰਾ ਸ਼ਿਕੋਹ ਦੀ ਜਨਤਕ ਪਛਾਣ ਇੱਕ ਕਮਜ਼ੋਰ ਯੋਧੇ ਅਤੇ ਅਯੋਗ ਪ੍ਰਬੰਧਕ ਦੀ ਸੀ। ਪਰ ਅਜਿਹਾ ਨਹੀਂ ਹੈ ਕਿ ਉਨ੍ਹਾਂ ਨੇ ਕਦੇ ਵੀ ਜੰਗ ਵਿੱਚ ਹਿੱਸਾ ਨਹੀਂ ਲਿਆ।

ਕੰਧਾਰ ਦੀ ਮੁਹਿੰਮ ਵਿੱਚ ਉਹ ਪਹਿਲਕਦਮੀ 'ਤੇ ਲੜਨ ਗਏ ਸਨ ਪਰ ਉਨ੍ਹਾਂ ਨੂੰ ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਦਾਰਾ ਸ਼ਿਕੋਹ, ਸ਼ਾਹਜਹਾਂ

ਤਸਵੀਰ ਸਰੋਤ, Dara Shukoh The Man Who Would Be King

ਤਸਵੀਰ ਕੈਪਸ਼ਨ, ਸ਼ਾਹਜਹਾਂ ਸਾਹਮਣੇ ਦਾਰਾ ਸ਼ਿਕੋਹ ਦਾ ਸਿਰ ਕੱਟ ਕੇ ਪੇਸ਼ ਕੀਤਾ ਗਿਆ ਸੀ

ਅਵੀਕ ਚੰਦਾ ਦੱਸਦੇ ਹਨ, "ਜਦੋਂ ਔਰੰਗਜ਼ੇਬ ਅਸਫ਼ਲ ਹੋ ਕੇ ਕੰਧਾਰ ਤੋਂ ਵਾਪਸ ਪਰਤਦੇ ਹਨ ਤਾਂ ਦਾਰਾ ਸ਼ਿਕੋਹ ਮੁਹਿੰਮ ਦੀ ਅਗਵਾਈ ਕਰਨ ਲਈ ਖ਼ੁਦ ਪੇਸ਼ਕਸ਼ ਕਰਦੇ ਹਨ ਅਤੇ ਸ਼ਾਹਜਹਾਂ ਇਸ ਨਾਲ ਸਹਿਮਤ ਹੁੰਦੇ ਹਨ।”

“ਦਾਰਾ 70 ਹਜ਼ਾਰ ਜਵਾਨਾਂ ਦੀ ਫੌਜ ਲੈ ਕੇ ਲਾਹੌਰ ਪਹੁੰਚਦੇ ਹਨ ਜਿਸ ਵਿੱਚ 110 ਮੁਸਲਮਾਨ ਅਤੇ 58 ਰਾਜਪੂਤ ਸਰਦਾਰ ਹਨ। ਇਸ ਫੌਜ ਵਿੱਚ 230 ਹਾਥੀ, 6,000 ਜ਼ਮੀਨ ਖੋਦਣ ਵਾਲੇ, 500 ਭਿਸ਼ਤੀ ਅਤੇ ਕਈ ਜਾਦੂਗਰ ਅਤੇ ਹਰ ਕਿਸਮ ਦੇ ਮੌਲਾਨਾ-ਸਾਧੂ ਵੀ ਚੱਲ ਰਹੇ ਸਨ।”

“ਆਪਣੇ ਯੋਧਿਆਂ ਦੀ ਸਲਾਹ ਲੈਣ ਦੀ ਥਾਂ, ਦਾਰਾ ਨੇ ਇਨ੍ਹਾਂ ਮੌਲਾਨਾ-ਸਾਧੂ-ਨਜੂਮੀਆਂ ਤੋਂ ਸਲਾਹ ਲੈ ਕੇ ਹਮਲੇ ਦੇ ਦਿਨ ਦਾ ਫ਼ੈਸਲਾ ਕੀਤਾ। ਦੂਜੇ ਪਾਸੇ ਫ਼ਾਰਸੀ ਫ਼ੌਜਾਂ ਨੇ ਇੱਕ ਬਹੁਤ ਹੀ ਮਜ਼ਬੂਤ ਰੱਖਿਆ ਯੋਜਨਾ ਬਣਾਈ ਹੋਈ ਸੀ। ਕਈ ਦਿਨਾਂ ਤੱਕ ਘੇਰਾਬੰਦੀ ਕਰਨ ਤੋਂ ਬਾਅਦ ਵੀ ਦਾਰਾ ਨੂੰ ਅਸਫ਼ਲਤਾ ਹੀ ਹੱਥ ਲੱਗੀ ਅਤੇ ਖ਼ਾਲੀ ਹੱਥ ਹੀ ਦਿੱਲੀ ਪਰਤਣਾ ਪਿਆ।"

ਔਰੰਗਜ਼ੇਬ ਤੋਂ ਉਤਰਾਧਿਕਾਰ ਦੀ ਲੜਾਈ ਹਾਰੇ

ਸ਼ਾਹਜਹਾਂ ਦੀ ਬਿਮਾਰੀ ਤੋਂ ਬਾਅਦ ਰਾਜ ਦੀ ਲੜਾਈ ਵਿੱਚ ਔਰੰਗਜ਼ੇਬ ਭਾਰੂ ਰਹੇ।

ਪਾਕਿਸਤਾਨ ਦੇ ਨਾਟਕਕਾਰ ਸ਼ਾਹਿਦ ਨਦੀਮ ਦੀ ਮੰਨੀਏ ਤਾਂ ਔਰੰਗਜ਼ੇਬ ਦੇ ਹੱਥੋਂ ਦਾਰਾ ਦੀ ਹਾਰ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਬੀਜ ਬੋ ਦਿੱਤਾ ਸੀ।

ਇਸ ਲੜਾਈ ਵਿੱਚ ਔਰੰਗਜ਼ੇਬ ਇੱਕ ਵੱਡੇ ਹਾਥੀ ਉੱਤੇ ਸਵਾਰ ਸੀ। ਪਿੱਛੇ ਤੀਰ-ਕਮਾਨਾਂ ਨਾਲ ਲੈਸ 15,000 ਹੋਰ ਸਵਾਰ ਸਨ। ਸੱਜੇ ਪਾਸੇ ਉਨ੍ਹਾਂ ਦਾ ਪੁੱਤਰ ਸੁਲਤਾਨ ਮੁਹੰਮਦ ਅਤੇ ਸੌਤੇਲਾ ਭਰਾ ਮੀਰ ਬਾਬਾ ਸੀ। ਸੁਲਤਾਨ ਮੁਹੰਮਦ ਦੇ ਨੇੜੇ ਹੀ ਨਜਾਬਤ ਖ਼ਾਨ ਦੀ ਇੱਕ ਟੁਕੜੀ ਸੀ। ਇਸ ਤੋਂ ਇਲਾਵਾ 15,000 ਹੋਰ ਸੈਨਿਕ ਸ਼ਹਿਜ਼ਾਦੇ ਮੁਰਾਦ ਬਖ਼ਸ਼ ਦੀ ਕਮਾਨ ਹੇਠਾਂ ਸਨ। ਉਹ ਵੀ ਇੱਕ ਕੱਦ਼ਾਵਰ ਹਾਥੀ 'ਤੇ ਬੈਠੇ ਸਨ। ਉਨ੍ਹਾਂ ਦੇ ਬਿਲਕੁਲ ਪਿੱਛੇ ਉਨ੍ਹਾਂ ਦਾ ਛੋਟਾ ਪੁੱਤਰ ਬੈਠਾ ਹੋਇਆ ਸੀ।

ਦਾਰਾ ਸ਼ਿਕੋਹ

ਤਸਵੀਰ ਸਰੋਤ, Dara Shukoh The Man Who Would Be King

ਅਵੀਕ ਚੰਦਾ ਕਹਿੰਦੇ ਹਨ, "ਸ਼ੁਰੂ ਵਿੱਚ ਦੋਵਾਂ ਫ਼ੌਜਾਂ ਵਿਚਾਲੇ ਬਰਾਬਰੀ ਦਾ ਮੁਕਾਬਲਾ ਸੀ ਪਰ ਦਾਰਾ ਭਾਰੀ ਪੈ ਰਹੇ ਸਨ। ਫਿਰ ਔਰੰਗਜ਼ੇਬ ਨੇ ਅਸਲ ਯੋਗਤਾ ਦਿਖਾਈ।”

“ਉਨ੍ਹਾਂ ਨੇ ਆਪਣੇ ਹਾਥੀ ਦੀਆਂ ਲੱਤਾਂ ਨੂੰ ਜੰਜ਼ੀਰਾਂ ਨਾਲ ਬੰਨ੍ਹਿਆ ਤਾਂ ਕਿ ਉਹ ਨਾ ਤਾਂ ਪਿੱਛੇ ਜਾ ਸਕੇ ਤੇ ਨਾ ਹੀ ਅੱਗੇ। ਫਿਰ ਉਹ ਚੀਕ ਕੇ ਬੋਲੇ, "ਮਰਦਾਨੀ, ਦਿਲਾਵਰਾ-ਏ-ਬਹਾਦੁਰ! ਸਮਾਂ ਤਹਿ!" (ਬਹਾਦੁਰੋ, ਇਹ ਹੀ ਸਮਾਂ ਹੈ ਆਪਣੀ ਬਹਾਦਰੀ ਦਰਸਾਉਣ ਦਾ)। ਉਨ੍ਹਾਂ ਨੇ ਆਪਣੇ ਹੱਥ ਉੱਪਰ ਵੱਲ ਕੀਤੇ ਅਤੇ ਉੱਚੀ ਆਵਾਜ਼ ਵਿੱਚ ਕਿਹਾ, "ਯਾ ਖ਼ੁਦਾ! ਯਾ ਖ਼ੁਦਾ! ਮੇਰਾ ਤੁਹਾਡੇ 'ਚ ਅਕੀਦਾ (ਵਿਸ਼ਵਾਸ) ਹੈ! ਮੈਂ ਹਾਰਨ ਨਾਲੋਂ ਮਰਨ ਨੂੰ ਤਰਜੀਹ ਦੇਵਾਂਗਾ।"

ਹਾਥੀ ਛੱਡਣਾ ਭਾਰੀ ਪਿਆ ਦਾਰਾ ਨੂੰ

ਅਵੀਕ ਚੰਦਾ ਅੱਗੇ ਦੱਸਦੇ ਹਨ, "ਫਿਰ ਖ਼ਲੀਲਉੱਲਾ ਖ਼ਾਨ ਨੇ ਦਾਰਾ ਨੂੰ ਕਿਹਾ, ‘ਤੁਸੀਂ ਜਿੱਤ ਰਹੇ ਹੋ। ਪਰ ਤੁਸੀਂ ਇੱਕ ਉੱਚੇ ਹਾਥੀ 'ਤੇ ਕਿਉਂ ਬੈਠੇ ਹੋ? ਤੁਸੀਂ ਖ਼ੁਦ ਨੂੰ ਖ਼ਤਰੇ ਵਿੱਚ ਕਿਉਂ ਪਾ ਰਹੇ ਹੋ? ਤੀਰ ਜਾਂ ਗੋਲੀ ਤੁਹਾਨੂੰ ਲੱਗ ਸਕਦੀ ਹੈ।’”

“ਦਾਰਾ ਨੇ ਉਸ ਸਲਾਹ ਨੂੰ ਮੰਨ ਲਿਆ। ਜਦੋ ਦਾਰਾ ਦੇ ਸਿਪਾਹੀਆਂ ਨੇ ਉਸ ਹਾਥੀ ਨੂੰ ਖ਼ਾਲੀ ਵੇਖਿਆ ਜਿਸ ’ਤੇ ਉਹ ਸਵਾਰ ਸੀ, ਤਾਂ ਹਰ ਪਾਸੇ ਅਫ਼ਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਦਾਰਾ ਕਿਤੇ ਵੀ ਨਜ਼ਰ ਨਹੀਂ ਆ ਰਹੇ। ਸਭ ਨੂੰ ਲੱਗਿਆ ਕਿ ਦਾਰਾ ਫੜੇ ਤਾਂ ਨਹੀਂ ਗਏ ਜਾਂ ਲੜਾਈ ਵਿੱਚ ਉਨ੍ਹਾਂ ਦੀ ਮੌਤ ਤਾਂ ਨਹੀਂ ਹੋ ਗਈ। ਦਾਰਾ ਦੇ ਸਿਪਾਹੀ ਘਬਰਾ ਗਏ ,ਪਿੱਛੇ ਵੱਲ ਜਾਣ ਲੱਗ ਪਏ ਅਤੇ ਔਰੰਗਜ਼ੇਬ ਦੇ ਸਿਪਾਹੀਆਂ ਨੇ ਦਾਰਾ ਦੇ ਸਿਪਾਹੀਆਂ ਨੂੰ ਇੱਕ ਤਰ੍ਹਾਂ ਨਾਲ ਕੁਚਲ ਦਿੱਤਾ।"

ਦਾਰਾ ਸ਼ਿਕੋਹ

ਤਸਵੀਰ ਸਰੋਤ, Getty Images

ਇਟਲੀ ਦੇ ਇਤਿਹਾਸਕਾਰ ਨਿਕੋਲਾਓ ਮਨੂਚੀ ਨੇ ਆਪਣੀ ਕਿਤਾਬ 'ਸਤੋਰੀਆ ਦੋ ਮੋਗੋਰ' ਵਿੱਚ ਇਸ ਲੜਾਈ ਦਾ ਬਹੁਤ ਹੀ ਬਾਰੀਕੀ ਨਾਲ ਵਰਣਨ ਕੀਤਾ ਹੈ।

ਮਨੂਚੀ ਲਿਖਦੇ ਹਨ, "ਦਾਰਾ ਦੀ ਫ਼ੌਜ ਕੋਲ ਪੇਸ਼ੇਵਰ ਸਿਪਾਹੀ ਨਹੀਂ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਜਾਂ ਤਾਂ ਨਾਈ ਸਨ ਜਾਂ ਕਸਾਈ ਜਾਂ ਮਜ਼ਦੂਰ। ਦਾਰਾ ਨੇ ਆਪਣੇ ਘੋੜਿਆਂ ਨੂੰ ਧੂੰਏਂ ਦੇ ਬੱਦਲਾਂ ਵਿੱਚ ਅੱਗੇ ਧੱਕ ਦਿੱਤਾ। ਦਲੇਰੀ ਦਿਖਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਨਗਾੜੇ ਵਜਾਉਣੇ ਜਾਰੀ ਰੱਖੇ ਜਾਣ। ਉਨ੍ਹਾਂ ਨੇ ਦੇਖਿਆ ਕਿ ਦੁਸ਼ਮਣ ਅਜੇ ਕੁਝ ਦੂਰੀ 'ਤੇ ਹੀ ਸੀ।”

“ਦੂਜੇ ਪੱਖੋਂ ਨਾ ਤਾਂ ਕੋਈ ਹਮਲਾ ਹੋਇਆ ਅਤੇ ਨਾ ਹੀ ਗੋਲੀ ਚੱਲੀ। ਦਾਰਾ ਆਪਣੇ ਸਿਪਾਹੀਆਂ ਨਾਲ ਅੱਗੇ ਚਲੇ ਗਏ। ਜਿਵੇਂ ਹੀ ਉਹ ਔਰੰਗਜ਼ੇਬ ਦੀਆਂ ਫੌਜਾਂ ਕੋਲ ਪਹੁੰਚੇ, ਔਰੰਗਜ਼ੇਬ ਨੇ ਦਾਰਾ ਦੀਆਂ ਫ਼ੌਜਾਂ ’ਤੇ ਤੋਪਾਂ, ਬੰਦੂਕਾਂ ਅਤੇ ਊਠਾਂ 'ਤੇ ਲੱਗੀਆਂ ਗੋਲ-ਗੋਲ ਘੁੰਮਣ ਵਾਲੀਆਂ ਬੰਦੂਕਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਦਾਰਾ ਅਤੇ ਉਨ੍ਹਾਂ ਦੇ ਜਵਾਨ ਇਸ ਅਚਾਨਕ ਅਤੇ ਸਟੀਕ ਹਮਲੇ ਲਈ ਤਿਆਰ ਨਹੀਂ ਸਨ।"

ਦਾਰਾ ਸ਼ਿਕੋਹ

ਤਸਵੀਰ ਸਰੋਤ, Dara Shukoh The Man Who Would Be King

ਮਨੂਚੀ ਅੱਗੇ ਲਿਖਦੇ ਹਨ, "ਜਿਵੇਂ ਹੀ ਔਰੰਗਜ਼ੇਬ ਦੀ ਫੌਜ ਦੇ ਗੋਲੇ ਦਾਰਾ ਦੇ ਸਿਪਾਹੀਆਂ ਦੇ ਸਿਰ ਅਤੇ ਧੜ ਉਡਾਉਣ ਲੱਗ ਪਏ, ਦਾਰਾ ਨੇ ਹੁਕਮ ਦਿੱਤਾ ਕਿ ਉਨ੍ਹਾਂ ਦੀਆਂ ਤੋਪਾਂ ਔਰੰਗਜ਼ੇਬ ਦੀਆਂ ਤੋਪਾਂ ਦਾ ਜਵਾਬ ਦੇਣ ਲਈ ਅੱਗੇ ਲਿਆਂਦੀਆਂ ਜਾਣ। ਪਰ ਇਹ ਜਾਣ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਅੱਗੇ ਵਧਣ ਦੇ ਚੱਕਰ 'ਚ ਉਨ੍ਹਾਂ ਦੇ ਸਿਪਾਹੀ ਆਪਣੀਆਂ ਤੋਪਾਂ ਪਿੱਛੇ ਹੀ ਛੱਡ ਆਏ ਸਨ।"

ਚੋਰਾਂ ਵਾਂਗ ਆਗਰਾ ਦੇ ਕਿਲ੍ਹੇ 'ਤੇ ਪਹੁੰਚੇ

ਮਸ਼ਹੂਰ ਇਤਿਹਾਸਕਾਰ ਜਦੂਨਾਥ ਸਰਕਾਰ ਨੇ ਵੀ ਔਰੰਗਜ਼ੇਬ ਦੀ ਜੀਵਨੀ ਵਿੱਚ ਇਸ ਲੜਾਈ ਦਰਮਿਆਨ ਹੋਈ ਦਾਰਾ ਦੀ ਹਾਰ ਦਾ ਜ਼ਿਕਰ ਕੀਤਾ ਹੈ।

ਸਰਕਾਰ ਲਿਖਦੇ ਹਨ, "ਘੋੜੇ 'ਤੇ ਚਾਰ ਜਾਂ ਪੰਜ ਮੀਲ ਦੌੜਣ ਤੋਂ ਬਾਅਦ ਦਾਰਾ ਆਰਾਮ ਲਈ ਇੱਕ ਦਰਖ਼ਤ ਹੇਠਾਂ ਬੈਠ ਗਏ। ਔਰੰਗਜ਼ੇਬ ਦੇ ਸਿਪਾਹੀ ਉਨ੍ਹਾਂ ਦਾ ਪਿੱਛਾ ਨਹੀਂ ਕਰ ਰਹੇ ਸਨ ਪਰ ਜਦੋਂ ਵੀ ਦਾਰਾ ਪਿੱਛੇ ਵੱਲ ਆਪਣਾ ਸਿਰ ਮੋੜਦੇ ਸਨ ਤਾਂ ਉਨ੍ਹਾਂ ਨੂੰ ਔਰੰਗਜ਼ੇਬ ਦੀ ਫ਼ੌਜ ਦੇ ਢੋਲ ਦੀ ਆਵਾਜ਼ ਸੁਣਾਈ ਦਿੰਦੀ ਸੀ।”

“ਇੱਕ ਸਮੇਂ ਉਹ ਆਪਣੇ ਸਿਰ 'ਤੇ ਲੱਗੇ ਕਵਚ ਨੂੰ ਖੋਲ੍ਹਣਾ ਚਾਹੁੰਦੇ ਸਨ ਕਿਉਂਕਿ ਉਹ ਉਨ੍ਹਾਂ ਦੇ ਮੱਥੇ ਦੀ ਚਮੜੀ ਨੂੰ ਕੱਟ ਰਿਹਾ ਸੀ ਪਰ ਉਨ੍ਹਾਂ ਦੇ ਹੱਥ ਇੰਨੇ ਥੱਕੇ ਹੋਏ ਸਨ ਕਿ ਉਹ ਉਨ੍ਹਾਂ ਨੂੰ ਆਪਣੇ ਸਿਰ ਤੱਕ ਨਹੀਂ ਲਿਜਾ ਸਕੇ।"

ਬਚਪਨ ਵਿਚ ਦਾਰਾ ਸ਼ਿਕੋਹ ਆਪਣੇ ਪਿਤਾ ਸ਼ਾਹਜਹਾਂ ਦੇ ਨਾਲ

ਤਸਵੀਰ ਸਰੋਤ, Dara Shukoh: The Man Who Would Be King

ਤਸਵੀਰ ਕੈਪਸ਼ਨ, ਬਚਪਨ ਵਿਚ ਦਾਰਾ ਸ਼ਿਕੋਹ ਆਪਣੇ ਪਿਤਾ ਸ਼ਾਹਜਹਾਂ ਨਾਲ

ਸਰਕਾਰ ਅੱਗੇ ਲਿਖਦੇ ਹਨ, "ਆਖ਼ਰਕਾਰ ਰਾਤ ਦੇ ਨੌ ਵਜੇ ਦੇ ਕਰੀਬ਼ ਦਾਰਾ ਕੁਝ ਘੋੜਸਵਾਰਾਂ ਸਮੇਤ ਆਗਰਾ ਕਿਲ੍ਹੇ ਦੇ ਮੁੱਖ ਗੇਟ 'ਤੇ ਚੋਰਾਂ ਦੀ ਤਰ੍ਹਾਂ ਪਹੁੰਚੇ। ਉਨ੍ਹਾਂ ਦੇ ਘੋੜੇ ਬੁਰੀ ਤਰ੍ਹਾਂ ਥੱਕੇ ਹੋਏ ਸਨ ਅਤੇ ਉਨ੍ਹਾਂ ਦੇ ਜਵਾਨਾਂ ਦੇ ਹੱਥਾਂ ਵਿੱਚ ਕੋਈ ਮਸ਼ਾਲ ਨਹੀਂ ਸੀ। ਪੂਰੇ ਸ਼ਹਿਰ ਵਿੱਚ ਚੁੱਪ ਪਸਰੀ ਸੀ। ਇੱਕ ਵੀ ਸ਼ਬਦ ਕਹੇ ਬਿਨਾਂ ਦਾਰਾ ਆਪਣੇ ਘੋੜੇ ਤੋਂ ਉਤਰੇ ਅਤੇ ਆਪਣੇ ਘਰ ਵਿੱਚ ਦਾਖ਼ਲ ਹੋਏ।”

“ਦਰਵਾਜਾ ਅੰਦਰੋਂ ਬੰਦ ਕਰ ਦਿੱਤਾ। ਦਾਰਾ ਸ਼ਿਕੋਹ ਮੁਗ਼ਲ ਬਾਦਸ਼ਾਹਤ ਦੀ ਲੜਾਈ ਹਾਰ ਚੁੱਕੇ ਸਨ।”

ਮਲਿਕ ਜੀਵਨ ਨੇ ਦਾਰਾ ਨੂੰ ਧੋਖ਼ੇ ਨਾਲ ਫੜਾਇਆ

ਆਗਰਾ ਤੋਂ ਭੱਜਣ ਦੇ ਬਾਅਦ ਦਾਰਾ ਪਹਿਲਾਂ ਦਿੱਲੀ ਆਏ ਅਤੇ ਫਿਰ ਉੱਥੋਂ ਪੰਜਾਬ ਅਤੇ ਫਿਰ ਅਫ਼ਗ਼ਾਨਿਸਤਾਨ ਗਏ। ਉੱਥੇ ਮਲਿਕ ਜੀਵਨ ਨੇ ਉਨ੍ਹਾਂ ਨੂੰ ਧੋਖੇ ਨਾਲ ਔਰੰਗਜ਼ੇਬ ਦੇ ਸਰਦਾਰਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ ਅਤੇ ਬਹੁਤ ਬੇਇੱਜ਼ਤ ਕਰ ਕੇ ਦਿੱਲੀ ਦੀਆਂ ਗਲੀਆਂ ਵਿੱਚ ਘੁਮਾਇਆ ਗਿਆ।

ਦਾਰਾ ਸ਼ਿਕੋਹ

ਤਸਵੀਰ ਸਰੋਤ, Getty Images

ਅਵੀਕ ਚੰਦਾ ਦੱਸਦੇ ਹਨ, "ਜਿਸ ਤਰ੍ਹਾਂ ਰੋਮਨ ਜਨਰਲ ਜਿਸ ਨੂੰ ਹਰਾ ਕੇ ਆਉਂਦੇ ਸਨ ਉਸ ਨੂੰ ਕੋਲੋਜ਼ੀਅਮ ਦੇ ਚੱਕਰ ਲਗਵਾਉਂਦੇ ਸਨ, ਔਰੰਗਜ਼ੇਬ ਨੇ ਵੀ ਦਾਰਾ ਸ਼ਿਕੋਹ ਨਾਲ ਅਜਿਹਾ ਕੀਤਾ। ਆਗਰਾ ਅਤੇ ਦਿੱਲੀ ਦੇ ਲੋਕਾਂ ਵਿੱਚ ਦਾਰਾ ਬਹੁਤ ਮਸ਼ਹੂਰ ਸੀ। ਉਨ੍ਹਾਂ ਨੂੰ ਜ਼ਲੀਲ ਕਰ ਕੇ ਔਰੰਗਜ਼ੇਬ ਇਹ ਦੱਸਣਾ ਚਾਹੁੰਦਾ ਸੀ ਕਿ ਉਹ ਸਿਰਫ਼ ਲੋਕਾਂ ਦੇ ਪਿਆਰ ਦੀ ਬਦੌਲਤ ਭਾਰਤ ਦੇ ਬਾਦਸ਼ਾਹ ਬਣਨ ਦਾ ਸੁਪਨਾ ਨਹੀਂ ਦੇਖ ਸਕਦੇ।"

ਫਰਾਂਸ ਦੇ ਇਤਿਹਾਸਕਾਰ ਫਰਾਂਸੁਆ ਬਰਨੀਅਰ ਨੇ ਆਪਣੀ ਕਿਤਾਬ 'ਟਰੈਵਲਜ਼ ਇਨ ਦਿ ਮੁਗਲ ਇੰਡੀਆ' ਵਿੱਚ ਦਾਰਾ ਦੀ ਇਸ ਜਨਤਕ ਬੇਇੱਜ਼ਤੀ ਦਾ ਵੇਰਵਾ ਦਿੱਤਾ ਹੈ।

"ਦਾਰਾ ਨੂੰ ਇੱਕ ਛੋਟੀ ਹਥਿਨੀ ਦੀ ਪਿੱਠ 'ਤੇ ਬਿਠਾਇਆ ਗਿਆ। ਪਿੱਛੇ ਉਨ੍ਹਾਂ ਦਾ 14 ਸਾਲ ਦਾ ਪੁੱਤਰ ਸਿਫ਼ਿਰ ਸ਼ਿਕੋਹ ਇੱਕ ਹੋਰ ਹਾਥੀ ਉੱਤੇ ਸਵਾਰ ਸੀ।”

“ਔਰੰਗਜ਼ੇਬ ਦਾ ਗੁਲਾਮ ਨਜ਼ਰ ਬੇਗ ਉਨ੍ਹਾਂ ਦੇ ਪਿੱਛੇ ਨੰਗੀ ਤਲਵਾਰ ਨਾਲ ਤੁਰ ਰਿਹਾ ਸੀ। ਉਸ ਨੂੰ ਹੁਕਮ ਦਿੱਤਾ ਗਿਆ ਸੀ ਕਿ ਜੇ ਦਾਰਾ ਭੱਜਣ ਦੀ ਕੋਸ਼ਿਸ਼ ਕਰੇ ਜਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਤੁਰੰਤ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇ।”

ਔਰੰਗਜ਼ੇਬ ਆਪਣੇ ਪਿਤਾ ਸ਼ਾਹਜਹਾਂ ਨੂੰ ਬੰਦੀ ਬਣਾ ਕੇ ਆਗਰਾ ਜੇਲ੍ਹ ਲੈ ਗਏ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰੰਗਜ਼ੇਬ ਆਪਣੇ ਪਿਤਾ ਸ਼ਾਹਜਹਾਂ ਨੂੰ ਬੰਦੀ ਬਣਾ ਕੇ ਆਗਰਾ ਜੇਲ੍ਹ ਲੈ ਗਏ ਸੀ

“ਵਿਸ਼ਵ ਦੇ ਸਭ ਤੋਂ ਅਮੀਰ ਸ਼ਾਹੀ ਪਰਿਵਾਰ ਦਾ ਵਾਰਿਸ ਪਾਟੇ ਕੱਪੜਿਆਂ ਵਿੱਚ ਆਪਣੇ ਹੀ ਲੋਕਾਂ ਦੇ ਸਾਹਮਣੇ ਬੋਇੱਜ਼ਤ ਹੋ ਰਿਹਾ ਸੀ। ਉਸ ਦੇ ਸਿਰ 'ਤੇ ਇੱਕ ਬਦਰੰਗ ਸਾਫ਼ਾ ਬੰਨ੍ਹਿਆ ਹੋਇਆ ਸੀ ਅਤੇ ਗਰਦਨ 'ਤੇ ਨਾ ਕੋਈ ਗਹਿਣੇ ਸੀ ਤੇ ਨਾ ਕੋਈ ਜਵਾਹਰਾਤ।"

ਬਰਨੀਅਰ ਅੱਗੇ ਲਿਖਦੇ ਹਨ, "ਦਾਰਾ ਦੇ ਪੈਰ ਜ਼ੰਜੀਰਾਂ ਨਾਲ ਬੱਝੇ ਹੋਏ ਸਨ ਪਰ ਹੱਥ ਆਜ਼ਾਦ ਸਨ। ਭਿਆਨਕ ਗਰਮੀ ਵਿੱਚ ਉਨ੍ਹਾਂ ਨੂੰ ਦਿੱਲੀ ਦੀਆਂ ਸੜਕਾਂ ਉੱਤੇ ਲਿਜਾਇਆ ਗਿਆ ਜਿੱਥੇ ਕਦੇ ਉਨ੍ਹਾਂ ਦੀ ਤੂਤੀ ਬੋਲਦੀ ਸੀ।”

“ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਅੱਖਾਂ ਇੱਕ ਵਾਰ ਵੀ ਨਹੀਂ ਚੁੱਕੀਆਂ ਅਤੇ ਕੁਚਲੀ ਹੋਈ ਦਰਖ਼ਤ ਦੀ ਟਹਿਣੀ ਵਾਂਗ ਬੈਠੇ ਰਹੇ। ਇਸ ਸਥਿਤੀ ਨੂੰ ਦੇਖਦਿਆਂ ਲੋਕਾਂ ਦੀਆਂ ਅੱਖਾਂ ਭਰ ਆਈਆਂ।"

ਭਿਖ਼ਾਰੀ ਵੱਲ ਇੱਕ ਸ਼ਾਲ ਸੁੱਟੀ

ਜਦੋਂ ਦਾਰਾ ਨੂੰ ਇਸ ਤਰ੍ਹਾਂ ਘੁਮਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਇੱਕ ਭਿਖਾਰੀ ਦੀ ਆਵਾਜ਼ ਸੁਣੀ।

ਅਵੀਕ ਚੰਦਾ ਦੱਸਦੇ ਹਨ, "ਭਿਖਾਰੀ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ, ‘ਏ ਦਾਰਾ। ਇੱਕ ਜ਼ਮਾਨੇ ਵਿੱਚ ਤੁਸੀਂ ਇਸ ਧਰਤੀ ਦੇ ਮਾਲਕ ਹੁੰਦੇ ਸੀ। ਜਦੋਂ ਤੁਸੀਂ ਇਸ ਸੜਕ ਤੋਂ ਲੰਘਦੇ ਸੀ ਤਾਂ ਤੁਸੀਂ ਮੈਨੂੰ ਜ਼ਰੂਰ ਕੁਝ ਦਿੰਦੇ ਸੀ। ਅੱਜ ਤੁਹਾਡੇ ਕੋਲ ਦੇਣ ਲਈ ਕੁਝ ਨਹੀਂ।’”

“ਇਹ ਸੁਣਦਿਆਂ ਹੀ ਦਾਰਾ ਨੇ ਆਪਣਾ ਹੱਥ ਆਪਣੇ ਮੋਢਿਆਂ ਵੱਲ ਵਧਾਇਆ ਅਤੇ ਉਸ ਉੱਤੇ ਪਈ ਸ਼ਾਲ ਨੂੰ ਭਿਖ਼ਾਰੀ ਵੱਲ ਸੁੱਟ ਦਿੱਤਾ। ਇਸ ਘਟਨਾ ਦੇ ਗਵਾਹਾਂ ਨੇ ਇਸ ਕਹਾਣੀ ਨੂੰ ਔਰੰਗਜ਼ੇਬ ਤੱਕ ਪਹੁੰਚਾਇਆ। ਪਰੇਡ ਖ਼ਤਮ ਹੁੰਦਿਆਂ ਹੀ ਦਾਰਾ ਅਤੇ ਉਸ ਦੇ ਬੇਟੇ ਸਿਫ਼ਿਰ ਨੂੰ ਖ਼ਿਜ਼ਰਾਬਾਦ ਦੇ ਜੇਲ੍ਹਰਾਂ ਦੇ ਹਵਾਲੇ ਕਰ ਦਿੱਤਾ ਗਿਆ।"

ਹੁਮਾਯੂੰ ਦਾ ਮਕਬਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਮਾਯੂੰ ਦਾ ਮਕਬਰਾ

ਸਿਰ ਕਲਮ ਕੀਤਾ

ਉਸ ਤੋਂ ਇੱਕ ਦਿਨ ਬਾਅਦ ਹੀ ਔਰੰਗਜ਼ੇਬ ਦੇ ਦਰਬਾਰ ਵਿੱਚ ਫੈਸਲਾ ਹੋਇਆ ਕਿ ਦਾਰਾ ਸ਼ਿਕੋਹ ਨੂੰ ਮੌਤ ਦਿੱਤੀ ਜਾਵੇ। ਉਸ 'ਤੇ ਇਸਲਾਮ ਦਾ ਵਿਰੋਧ ਕਰਨ ਦਾ ਇਲਜ਼ਾਮ ਲਾਇਆ ਗਿਆ।

ਔਰੰਗਜ਼ੇਬ ਨੇ 4,000 ਘੋੜਸਵਾਰਾਂ ਨੂੰ ਦਿੱਲੀ ਤੋਂ ਬਾਹਰ ਭੇਜਣ ਦਾ ਹੁਕਮ ਦਿੱਤਾ ਅਤੇ ਜਾਣਬੁੱਝ ਕੇ ਅਫ਼ਵਾਹਾਂ ਫੈਲਾਈਆਂ ਕਿ ਦਾਰਾ ਨੂੰ ਗਵਾਲੀਅਰ ਦੀ ਇੱਕ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਹੈ।

ਉਸੇ ਸ਼ਾਮ ਔਰੰਗਜ਼ੇਬ ਨੇ ਨਜ਼ਰ ਬੇਗ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਦਾਰਾ ਸ਼ਿਕੋਹ ਦਾ ਕੱਟਿਆ ਹੋਇਆ ਸਿਰ ਵੇਖਣਾ ਚਾਹੁੰਦੇ ਹਨ।

ਅਵੀਕ ਚੰਦਾ ਦੱਸਦੇ ਹਨ, "ਨਜ਼ਰ ਬੇਗ ਅਤੇ ਉਸ ਦੇ ਮੁਲਾਜ਼ਮ ਮਕਬ਼ੂਲਾ, ਮਹਰਮ, ਮਸ਼ਹੂਰ, ਫ਼ਰਾਦ ਅਤੇ ਫ਼ਤਹਿ ਬਹਾਦੁਰ ਚਾਕੂ ਲੈ ਕੇ ਖ਼ਿਜ਼ਰਾਬਾਦ ਦੇ ਮਹਿਲ ਜਾਂਦੇ ਹਨ। ਉੱਥੇ ਦਾਰਾ ਅਤੇ ਉਨ੍ਹਾਂ ਦਾ ਪੁੱਤਰ ਰਾਤ ਦੇ ਖਾਣੇ ਲਈ ਆਪਣੇ ਹੱਥਾਂ ਨਾਲ ਦਾਲ ਪਕਾ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤਾ ਜਾਵੇਗਾ।”

“ਨਜ਼ਰ ਬੇਗ ਨੇ ਅੰਦਰ ਆਉਂਦਿਆਂ ਹੀ ਐਲਾਨ ਕੀਤਾ ਕਿ ਉਹ ਸਿਫ਼ਿਰ ਨੂੰ ਲੈਣ ਆਇਆ ਹੈ। ਸਿਫ਼ਿਰ ਰੋਣਾ ਸ਼ੁਰੂ ਕਰ ਦਿੰਦਾ ਹੈ ਅਤੇ ਦਾਰਾ ਆਪਣੇ ਪੁੱਤਰ ਨੂੰ ਆਪਣੀ ਛਾਤੀ ਨਾਲ ਲਾ ਲੈਂਦੇ ਹਨ। ਨਜ਼ਰ ਬੇਗ ਅਤੇ ਉਸ ਦੇ ਸਾਥੀ ਜ਼ਬਰਦਸਤੀ ਸਿਫ਼ਿਰ ਨੂੰ ਕਿਸੇ ਹੋਰ ਕਮਰੇ ਵਿੱਚ ਲੈ ਜਾਂਦੇ ਹਨ।"

ਦਾਰਾ ਸ਼ਿਕੋਹ

ਤਸਵੀਰ ਸਰੋਤ, Getty Images

ਅਵੀਕ ਚੰਦਾ ਅੱਗੇ ਕਹਿੰਦੇ ਹਨ, "ਦਾਰਾ ਨੇ ਪਹਿਲਾਂ ਹੀ ਆਪਣੇ ਸਿਰਹਾਣੇ ਹੇਠਾਂ ਇੱਕ ਛੋਟਾ ਜਿਹਾ ਚਾਕੂ ਲੁਕੋ ਕੇ ਰੱਖਿਆ ਸੀ। ਚਾਕੂ ਬਾਹਰ ਕੱਢ ਕੇ ਪੂਰੀ ਤਾਕਤ ਨਾਲ ਨਜ਼ਰ ਬੇਗ ਦੇ ਇੱਕ ਸਾਥੀ 'ਤੇ ਹਮਲਾ ਕੀਤਾ। ਪਰ ਕਾਤਲਾਂ ਨੇ ਦੋਵੇਂ ਹੱਥ ਫੜ ਲਏ ਅਤੇ ਗੋਡਿਆਂ 'ਤੇ ਬੈਠਣ ਲਈ ਮਜਬੂਰ ਕਰ ਕੇ ਸਿਰ ਤਲਵਾਰ ਨਾਲ ਕਲਮ ਕਰ ਦਿੱਤਾ।"

ਔਰੰਗਜ਼ੇਬ ਦੇ ਸਾਹਮਣੇ ਕੱਟਿਆ ਸਿਰ ਪੇਸ਼ ਕੀਤਾ

ਦਾਰਾ ਸ਼ਿਕੋਹ ਦੇ ਕਲਮ ਹੋਏ ਸਿਰ ਨੂੰ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਵੇਲੇ ਉਹ ਆਪਣੇ ਕਿਲ੍ਹੇ ਦੇ ਬਾਗ਼ ਵਿੱਚ ਬੈਠੇ ਸਨ।

ਸਿਰ ਵੇਖਣ ਤੋਂ ਬਾਅਦ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਸਿਰ ਵਿੱਚ ਲੱਗੇ ਲਹੂ ਨੂੰ ਧੋਤਾ ਜਾਵੇ ਅਤੇ ਉਨ੍ਹਾਂ ਸਾਹਮਣੇ ਪੇਸ਼ ਕੀਤਾ ਜਾਵੇ।

ਅਵੀਕ ਚੰਦਾ ਦੱਸਦੇ ਹਨ, "ਜਲਦੀ ਹੀ ਮਸ਼ਾਲਾਂ ਲਿਆਂਦੀਆਂ ਗਈਆਂ ਤਾਂ ਕਿ ਔਰੰਗਜ਼ੇਬ ਆਪਣੀਆਂ ਅੱਖਾਂ ਨਾਲ ਦੇਖ ਸਕਣ ਕਿ ਇਹ ਸਿਰ ਉਨ੍ਹਾਂ ਦੇ ਭਰਾ ਦਾ ਹੀ ਹੈ।”

ਔਰੰਗਜ਼ੇਬ ਇੰਨੇֹ 'ਚ ਵੀ ਨਹੀਂ ਰੁਕੇ।

“ਅਗਲੇ ਦਿਨ (31 ਅਗਸਤ, 1659) ਨੂੰ ਹੁਕਮ ਦਿੱਤੇ ਕਿ ਦਾਰਾ ਦੇ ਸਿਰ ਤੋਂ ਵੱਖ ਹੋਏ ਧੜ ਨੂੰ ਹਾਥੀ ਉੱਤੇ ਰੱਖ ਦਿੱਤਾ ਜਾਵੇ ਅਤੇ ਇੱਕ ਵਾਰ ਫਿਰ ਦਿੱਲੀ ਦੀਆਂ ਸੜਕਾਂ 'ਤੇ ਘੁਮਾਇਆ ਜਾਵੇ।"

ਦਿੱਲੀ ਦੇ ਲੋਕ ਜਦੋਂ ਇਸ ਤਸਵੀਰ ਨੂੰ ਦੇਖਦੇ ਹਨ ਤਾਂ ਹੈਰਾਨ ਹੋ ਜਾਂਦੇ ਹਨ। ਔਰਤਾਂ ਘਰ ਦੇ ਅੰਦਰ ਜਾ ਕੇ ਰੋਣ ਲੱਗ ਪੈਂਦੀਆਂ ਹਨ। ਦਾਰਾ ਦੇ ਧੜ ਨੂੰ ਹੁਮਾਯੂੰ ਦੇ ਮਕਬ਼ਰੇ 'ਚ ਦਫ਼ਨਾ ਦਿੱਤਾ ਜਾਂਦਾ ਹੈ।

ਔਰੰਗਜ਼ੇਬ ਨੇ ਸ਼ਾਹਜਹਾਂ ਦਾ ਦਿਲ ਤੋੜਿਆ

ਫਿਰ ਔਰੰਗਜ਼ੇਬ ਨੇ ਆਗਰਾ ਕਿਲ੍ਹੇ ਵਿੱਚ ਕੈਦ ਆਪਣੇ ਪਿਤਾ ਸ਼ਾਹਜਹਾਂ ਨੂੰ ਇੱਕ ‘ਤੋਹਫ਼ਾ’ ਭੇਜਿਆ।

ਦਾਰਾ ਸ਼ਿਕੋਹ

ਤਸਵੀਰ ਸਰੋਤ, Dara Shukoh The Man Who Would Be King

ਇਟਲੀ ਦੇ ਇਤਿਹਾਸਕਾਰ ਮਨੂਚੀ ਨੇ ਆਪਣੀ ਕਿਤਾਬ ਵਿੱਚ ਲਿਖਿਆ, "ਆਲਮਗੀਰ ਨੇ ਆਪਣੇ ਲਈ ਕੰਮ ਕਰਨ ਵਾਲੇ ਐਤਬਾਰ ਖ਼ਾਨ ਨੂੰ ਸ਼ਾਹਜਹਾਂ ਨੂੰ ਇੱਕ ਪੱਤਰ ਭੇਜਣ ਦੀ ਜ਼ਿੰਮੇਵਾਰੀ ਦਿੱਤੀ। ਲਿਖਿਆ ਸੀ ਕਿ ਤੁਹਾਡਾ ਪੁੱਤਰ ਔਰੰਗਜ਼ੇਬ ਤੁਹਾਡੀ ਖ਼ਿਦਮਤ ਵਿੱਚ ਇਸ ਨੂੰ ਭੇਜ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਇਸ ਨੂੰ ਕਦੇ ਨਹੀਂ ਭੁੱਲੋਗੇ।”

“ਪੱਤਰ ਮਿਲਦਿਆਂ ਸ਼ਾਹਜਹਾਂ ਨੇ ਕਿਹਾ ਕਿ ‘ਸ਼ੁਕਰ ਹੈ ਪ੍ਰਮਾਤਮਾ, ਮੇਰਾ ਬੇਟਾ ਵੀ ਮੈਨੂੰ ਯਾਦ ਕਰਦਾ ਹੈ’। ਉਸੇ ਸਮੇਂ ਉਨ੍ਹਾਂ ਦੇ ਸਾਹਮਣੇ ਇੱਕ ਢਕੀ ਹੋਈ ਤਸ਼ਤਰੀ ਪੇਸ਼ ਕੀਤੀ, ਜਦੋਂ ਸ਼ਾਹਜਹਾਂ ਨੇ ਉਸ ਦਾ ਢੱਕਣ ਹਟਾਇਆ ਤਾਂ ਚੀਕ ਨਿਕਲ ਗਈ। ਤਸ਼ਤਰੀ ’ਚ ਉਨ੍ਹਾਂ ਦੇ ਵੱਡੇ ਪੁੱਤਰ ਦਾਰਾ ਦਾ ਸਿਰ ਰੱਖਿਆ ਸੀ। "

ਇਹ ਵੀ ਪੜ੍ਹੋ:

ਬੇਰਹਿਮੀ ਦੀ ਇੰਤਿਹਾ

ਮਨੂਚੀ ਮੁਤਾਬਕ, "ਇਹ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਔਰਤਾਂ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ, ਗਹਿਣੇ ਉਤਾਰ ਕੇ ਸੁੱਟ ਦਿੱਤੇ। ਸ਼ਾਹਜਹਾਂ ਨੂੰ ਦੌਰਾ ਪਿਆ, ਉਨ੍ਹਾਂ ਨੂੰ ਉੱਥੋਂ ਦੂਜੀ ਜਗ੍ਹਾ ਲੈ ਕੇ ਜਾਣਾ ਪਿਆ।”

“ਦਾਰਾ ਦੇ ਧੜ ਨੂੰ ਹੁਮਾਯੂੰ ਦੇ ਮਕਬਰੇ 'ਚ ਦਫ਼ਨਾਇਆ ਗਿਆ ਪਰ ਔਰੰਗਜ਼ੇਬ ਦੇ ਹੁਕਮਾਂ 'ਤੇ ਦਾਰਾ ਦੇ ਸਿਰ ਨੂੰ ਤਾਜ ਮਹਿਲ ਦੇ ਵਿਹੜੇ 'ਚ ਗੱਡਿਆ ਗਿਆ।”

ਉਨ੍ਹਾਂ ਦਾ ਮੰਨਣਾ ਸੀ ਕਿ “ਜਦੋਂ ਵੀ ਸ਼ਾਹਜਹਾਂ ਦੀ ਨਜ਼ਰ ਆਪਣੀ ਬੇਗ਼ਮ ਦੇ ਮਕਬਰੇ 'ਤੇ ਜਾਵੇਗੀ, ਉਨ੍ਹਾਂ ਨੂੰ ਖ਼ਿਆਲ ਆਵੇਗਾ ਕਿ ਉਨ੍ਹਾਂ ਦੇ ਵੱਡੇ ਪੁੱਤਰ ਦਾ ਸਿਰ ਵੀ ਇੱਥੇ ਸੜ ਰਿਹਾ ਹੈ।”

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)