ਕੀ ਸੱਚਮੁੱਚ 146 ਅੰਗਰੇਜ਼ਾਂ ਨੂੰ ਕਲਕੱਤਾ ਦੀ ਕਾਲ ਕੋਠੜੀ ਵਿੱਚ ਡੱਕਿਆ ਗਿਆ ਸੀ

ਅੰਗਰੇਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਪਹਿਰੇਦਾਰ ਨੇ ਕੋਠੜੀ ਵਿੱਚ ਬੰਦ ਅੰਗਰੇਜ਼ਾਂ ਨੂੰ ਪਾਣੀ ਪਿਲਾਇਆ ਪਰ ਕੀ ਪਾਣੀ ਨਾਲ ਉਨ੍ਹਾਂ ਦੀ ਪਿਆਸ ਬੁਝ ਗਈ ਜਾਂ ਵਧ ਗਈ ਸੀ?
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

ਕਿਹਾ ਜਾਂਦਾ ਹੈ ਕਿ ਇੰਗਲੈਂਡ ਵਿੱਚ ਕਿਸੇ ਵੀ ਸਕੂਲ ਦਾ ਬੱਚਾ ਭਾਰਤ ਬਾਰੇ ਤਿੰਨ ਚੀਜ਼ਾਂ ਜ਼ਰੂਰ ਜਾਣਦਾ ਸੀ-ਕਾਲ ਕੋਠੜੀ (ਬਲੈਕ ਹੋਲ),ਪਲਾਸੀ ਦੀ ਲੜਾਈ ਅਤੇ 1857 ਦਾ ਵਿਦਰੋਹ।

ਦਰਅਸਲ 1707 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਹੀ ਮੁਗਲ ਸਾਮਰਾਜ ਦਾ ਤੇਜ਼ੀ ਨਾਲ ਪਤਨ ਸ਼ੁਰੂ ਹੋ ਗਿਆ ਸੀ ਅਤੇ ਬੰਗਾਲ ਤਕਨੀਕੀ ਰੂਪ ਵਿੱਚ ਮੁਗਲ ਸਾਮਰਾਜ ਦਾ ਹਿੱਸਾ ਹੁੰਦੇ ਹੋਏ ਵੀ ਇੱਕ ਤਰ੍ਹਾਂ ਨਾਲ ਆਜ਼ਾਦ ਸੂਬਾ ਬਣ ਗਿਆ ਸੀ।

ਜਦੋਂ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਇੱਥੇ ਆਪਣੀਆਂ ਫੈਕਟਰੀਆਂ ਦੀ ਕਿਲੇਬੰਦੀ ਸ਼ੁਰੂ ਕਰ ਦਿੱਤੀ ਤਾਂ ਨਵਾਬ ਸਿਰਾਜਉਦਦੌਲਾ ਨੂੰ ਲੱਗਿਆ ਕਿ ਉਹ ਆਪਣੇ ਹੱਕਾਂ ਦੀ ਗ਼ਲਤ ਵਰਤੋਂ ਕਰ ਰਹੇ ਹਨ।

ਨਤੀਜੇ ਵਜੋਂ ਨਵਾਬ ਨੇ ਉਨ੍ਹਾਂ ਨੂੰ ਜਵਾਬ-ਤਲਬੀ ਕੀਤੀ।

ਅੰਗਰੇਜ਼ਾਂ ਦੇ ਜਵਾਬ ਨਾਲ ਨਵਾਬ ਨੂੰ ਤਸੱਲੀ ਨਹੀਂ ਹੋਈ ਅਤੇ 16 ਜੂਨ 1756 ਨੂੰ ਉਨ੍ਹਾਂ ਨੇ ਕਲਕੱਤੇ ਉੱਤੇ ਹਮਲਾ ਕਰ ਦਿੱਤਾ।

ਜਦੋਂ ਲੱਗਣ-ਲੱਗਿਆ ਕਿ ਅੰਗਰੇਜ਼ਾਂ ਦੀ ਹਾਰ ਪੱਕੀ ਹੈ ਤਾਂ ਗਵਰਨਰ ਜੌਨ ਡ੍ਰੈਕ ਆਪਣੇ ਕਮਾਂਡਰ ਆਪਣੀ ਕਾਊਂਸਲ ਦੇ ਜ਼ਿਆਦਾਤਰ ਮੈਬਰਾਂ, ਔਰਤਾਂ ਅਤੇ ਬੱਚਿਆਂ ਨਾਲ ਹੁਗਲੀ ਨਦੀ ਵਿੱਚ ਖੜ੍ਹੇ ਇੱਕ ਬੇੜੇ ਉੱਤੇ ਚੜ੍ਹ ਕੇ ਬਚ ਨਿਕਲੇ।

ਅੰਗਰੇਜ਼ਾਂ ਦਾ ਆਤਮ ਸਮਰਪਣ

ਸਿਰਾਜੁਦਦੌਲਾ

ਤਸਵੀਰ ਸਰੋਤ, BLOOMSBURY PUBLICATION

ਤਸਵੀਰ ਕੈਪਸ਼ਨ, ਸਿਰਾਜੁਦਦੌਲਾ ਆਪਣੇ ਲਸ਼ਕਰ ਦੀ ਅਗਵਾਈ ਕਰਦੇ ਹੋਏ

ਕਲਕੱਤਾ ਦੀ ਗੈਰੀਸਨ ਕੋ-ਕਾਊਂਸਲ ਨੂੰ ਇੱਕ ਜੂਨੀਅਰ ਮੈਂਬਰ ਜੋਨਾਥਨ ਹਾਲਵੇਲ ਦੇ ਜ਼ਿੰਮੇ ਛੱਡ ਦਿੱਤਾ ਗਿਆ।

20 ਜੂਨ, 1756 ਨੂੰ ਸਿਰਾਜਉਦਦੌਲਾ ਦੇ ਸਿਪਾਹੀ ਫੋਰਟ ਵਿਲੀਅਮ ਦੀਆਂ ਕੰਧਾਂ ਤੋੜ ਕੇ ਅੰਦਰ ਦਾਖਲ ਹੋਏ ਅਤੇ ਅੰਗਰੇਜ਼ਾਂ ਦੀ ਪੂਰੀ ਗੈਰੀਸਨ ਨੇ ਉਨ੍ਹਾਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ।

ਐੱਸ ਸੀ ਹਿੱਲ ਨੇ ਆਪਣੀ ਕਿਤਾਬ 'ਬੰਗਾਲ ਇਨ 1857-58, ਵਿੱਚ ਲਿਖਿਆ,'ਸਿਰਾਜਉਦਦੌਲਾ ਨੇ ਫੋਰਟ ਵਿਲੀਅਮ ਦੇ ਵਿੱਚ ਆਪਣਾ ਦਰਬਾਰ ਲਾਇਆ ਜਿੱਥੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਕਲਕੱਤਾ ਦਾ ਨਾਮ ਬਦਲ ਕੇ ਅਲੀਨਗਰ ਰੱਖਿਆ ਜਾ ਰਿਹਾ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਰਾਜਾ ਮਾਣਿਕ ਚੰਦ ਨੂੰ ਕਿਲੇ ਦਾ ਰਾਖਾ ਐਲਾਨ ਦਿੱਤਾ। ਉਨ੍ਹਾਂ ਨੇ ਅੰਗਰੇਜ਼ਾਂ ਦੁਆਰਾ ਬਣਾਏ ਗਏ ਗੌਰਮਿੰਟ ਹਾਊਸ ਨੂੰ ਢਾਹ ਦੇਣ ਦਾ ਹੁਕਮ ਵੀ ਜਾਰੀ ਕੀਤਾ।

ਉਨ੍ਹਾਂ ਨੇ ਕਿਹਾ ਕਿ ਇਹ ਭਵਨ ਰਾਜਕੁਮਾਰਾਂ ਦੇ ਰਹਿਣ ਦੇ ਲਾਇਕ ਹਨ ਨਾ ਕਿ ਵਪਾਰੀਆਂ ਦੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਫਲਤਾ ਦੇ ਲਈ ਖ਼ੁਦਾ ਨੂੰ ਧੰਨਵਾਦ ਕਰਦੇ ਹੋਏ ਨਮਾਜ਼ ਪੜ੍ਹੀ।'

ਅੰਗਰੇਜ਼ ਫੌਜੀ ਨੇ ਗੋਲੀ ਚਲਾਈ

ਅੰਗਰੇਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਲ ਕੋਠੜੀ ਵਿੱਚ ਇੱਕ ਅੰਗੇਰਜ਼ ਨੇ ਲਿਖਿਆ ਹੈ ਕਿ ਬਹੁਤ ਹੁੰਮਸ ਅਤੇ ਗਰਮੀ ਦੀ ਰਾਤ ਸੀ

ਬਾਅਦ ਵਿੱਚ ਜੇ ਜ਼ੈੱਡ ਹਾਲਵੇਲ ਨੇ ਇਸ ਦਾ ਵਰਣਨ ਕਰਦੇ ਹੋਏ ਆਪਣੇ ਲੇਖ 'ਇੰਟਰਸਟਿੰਗ ਹਿਸਟੌਰੀਕਲ ਇਵੈਂਟਸ ਰਿਲੇਟਿਡ ਟੂ ਪ੍ਰੋਵਿੰਸ ਆਫ਼ ਬੰਗਾਲ' ਵਿੱਚ ਲਿਖਿਆ ,''ਮੇਰੇ ਹੱਥ ਬੰਨ੍ਹ ਕੇ ਮੈਨੂੰ ਨਵਾਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਨਵਾਬ ਨੇ ਮੇਰੇ ਹੱਥ ਖੋਲ੍ਹਣ ਦਾ ਹੁਕਮ ਦਿੱਤਾ।''

''ਮੇਰੇ ਨਾਲ ਵਾਅਦਾ ਕੀਤਾ ਕਿ ਮੇਰੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਜਾਵੇਗੀ।''

''ਨਾਲ ਹੀ ਉਨ੍ਹਾਂ ਨੇ ਅੰਗਰੇਜ਼ਾਂ ਦੁਆਰਾ ਉਨ੍ਹਾਂ ਦਾ ਵਿਰੋਧ ਕਰਨ ਅਤੇ ਗਵਰਨਰ ਡ੍ਰੈਕ ਦੇ ਵਿਹਾਰ ਉੱਪਰ ਆਪਣੀ ਨਾਰਾਜ਼ਗੀ ਵੀ ਜਤਾਈ।"

ਥੋੜ੍ਹੇ ਸਮੇਂ ਬਾਅਦ ਸਿਰਾਜਉਦਦੌਲਾ ਉੱਥੋਂ ਉੱਠ ਕੇ ਇੱਕ ਘਰ ਵਿੱਚ ਅਰਾਮ ਕਰਨ ਚਲੇ ਗਏ ਜੋ ਅੰਗਰੇਜ਼ ਵੈਡਰਬਰਨ ਦਾ ਸੀ।

ਐੱਸ ਸੀ ਹਿੱਲ ਨੇ ਲਿਖਿਆ ਹੈ, ''ਨਵਾਬ ਦੇ ਕੁਝ ਸਿਪਾਹੀਆਂ ਨੇ ਇੱਕ ਤਰ੍ਹਾਂ ਦੀ ਬੇਕਾਬੂ ਲੁੱਟ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕੁਝ ਅੰਗਰੇਜ਼ਾਂ ਦੀ ਲੁੱਟ-ਖਸੁੱਟ ਕੀਤੀ ਪਰ ਕਿਸੇ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਨਹੀਂ ਕੀਤੀ।''

''ਕੁਝ ਪੁਰਤਗਾਲੀਆਂ ਅਤੇ ਆਰਮੀਨੀਅਸ ਨੂੰ ਤਾਂ ਉਨ੍ਹਾਂ ਨੇ ਖੁੱਲ੍ਹਾ ਛੱਡ ਦਿੱਤਾ ਅਤੇ ਉਹ ਫੋਰਟ ਵਿਲੀਅਮ ਤੋਂ ਬਾਹਰ ਨਿਕਲ ਗਏ।''

सिराजुद्दौला

ਤਸਵੀਰ ਸਰੋਤ, Aleph

ਤਸਵੀਰ ਕੈਪਸ਼ਨ, ਸਿਰਾਜੁਦਦੌਲਾ ਬੰਗਾਲ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੀਆਂ ਸਰਗਰਮੀਆਂ ਤੋਂ ਨਾਖ਼ੁਸ਼ ਸਨ

''ਕੁਝ ਘੰਟਿਆਂ ਬਾਅਦ ਸ਼ਾਮ ਹੁੰਦੇ - ਹੁੰਦੇ ਹਾਲਵੇਲ ਅਤੇ ਦੂਸਰੇ ਕੈਦੀਆਂ ਦੇ ਨਾਲ ਨਵਾਬ ਦੇ ਸਿਪਾਹੀਆਂ ਦਾ ਰਵੱਈਆ ਬਦਲ ਗਿਆ।''

''ਹੋਇਆ ਇਹ ਕਿ ਸ਼ਰਾਬ ਦੇ ਨਸ਼ੇ ਵਿੱਚ ਇੱਕ ਅੰਗਰੇਜ਼ ਸਿਪਾਹੀ ਨੇ ਪਿਸਤੌਲ ਕੱਢ ਕੇ ਨਵਾਬ ਦੇ ਇੱਕ ਸਿਪਾਹੀ ਨੂੰ ਗੋਲੀ ਮਾਰ ਕੇ ਉਡਾ ਦਿੱਤਾ।''

ਅੰਗਰੇਜ਼ਾਂ ਨੂੰ ਕਾਲ ਕੋਠੜੀ ਵਿੱਚ ਪਾਇਆ ਗਿਆ

ਜਦੋਂ ਇਸ ਦੀ ਸ਼ਿਕਾਇਤ ਸਿਰਾਜਉਦਦੌਲਾ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਪੁੱਛਿਆ ਕਿ ਦੁਰਵਿਵਹਾਰ ਕਰਨ ਵਾਲੇ ਅੰਗਰੇਜ਼ ਸਿਪਾਹੀਆਂ ਨੂੰ ਕਿੱਥੇ ਰੱਖਿਆ ਜਾਂਦਾ ਸੀ।

ਜਵਾਬ ਮਿਲਿਆ ਕਿ ਕਾਲ ਕੋਠੜੀ ਵਿੱਚ। ਅਧਿਕਾਰੀਆਂ ਨੇ ਸਲਾਹ ਦਿੱਤੀ ਕਿ ਐਨੇ ਸਾਰੇ ਕੈਦੀਆਂ ਨੂੰ ਰਾਤ ਭਰ ਖੁੱਲ੍ਹੇ ਛੱਡਣਾ ਖ਼ਤਰਨਾਕ ਹੈ।

ਇਸ ਕਰਕੇ ਬਿਹਤਰ ਹੈ ਉਨ੍ਹਾਂ ਨੂੰ ਕਾਲ ਕੋਠੜੀ ਵਿੱਚ ਪਾਇਆ ਜਾਵੇ। ਸਿਰਾਜਉਦਦੌਲਾ ਨੇ ਉਨ੍ਹਾਂ ਨੂੰ ਅਜਿਹਾ ਹੀ ਕਰਨ ਲਈ ਕਿਹਾ।

146 ਅੰਗਰੇਜ਼ਾਂ ਨੂੰ ਬਿਨਾਂ ਉਨ੍ਹਾਂ ਦੇ ਅਹੁਦੇ ਅਤੇ ਲਿੰਗ ਦਾ ਲਿਹਾਜ਼ ਕੀਤੇ ਇੱਕ ਅਠਾਰਾਂ ਫੁੱਟ ਗੁਣਾ ਚੌਦਾਂ ਫੁੱਟ ਦੀ ਕੋਠੜੀ ਵਿੱਚ ਧੁੰਨ ਦਿੱਤਾ ਗਿਆ।

ਇਸ ਕੋਠੜੀ ਵਿੱਚ ਸਿਰਫ਼ ਦੋ ਛੋਟੀਆਂ ਜਿਹੀਆਂ ਖਿੜਕੀਆਂ ਸਨ ਅਤੇ ਇਹ ਕੋਠੜੀ ਕੇਵਲ ਤਿੰਨ ਜਾਂ ਚਾਰ ਕੈਦੀਆਂ ਨੂੰ ਰੱਖਣ ਲਈ ਬਣਾਈ ਗਈ ਸੀ।

ਕਲਕੱਤਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਕਲਕੱਤਾ

ਹਾਲਵੇਲ ਨੇ ਲਿਖਿਆ, ''ਇਹ ਸਾਲ ਦੀ ਸ਼ਾਇਦ ਸਭ ਤੋਂ ਗਰਮ ਅਤੇ ਉਮਸ ਭਰੀ ਰਾਤ ਸੀ। ਇਹ ਸਾਰੇ ਕੈਦੀ 21 ਜੂਨ ਦੀ ਸਵੇਰ ਛੇ ਵਜੇ ਤੱਕ ਬਿਨਾਂ ਖਾਣਾ-ਪਾਣੀ ਅਤੇ ਹਵਾ ਦੇ ਉਸ ਕੋਠੀ ਵਿੱਚ ਬੰਦ ਰਹੇ।''

ਅੰਗਰੇਜ਼ਾਂ ਦੀ ਇਹ ਤਕਲੀਫ਼ ਸ਼ਾਮ ਸੱਤ ਵਜੇ ਤੋਂ ਸ਼ੁਰੂ ਹੋ ਕੇ ਅਗਲੇ ਦਿਨ ਸਵੇਰੇ ਛੇ ਵਜੇ ਤੱਕ ਜਾਰੀ ਰਹੀ।

ਐੱਸ ਸੀ ਹਿੱਲ ਦੇ ਸ਼ਬਦਾਂ ਵਿੱਚ, "ਜਿਨ੍ਹਾਂ ਸਿਪਾਹੀਆਂ ਨੂੰ ਇਨ੍ਹਾਂ ਕੈਦੀਆਂ ਦੀ ਨਿਗਰਾਨੀ ਲਈ ਰੱਖਿਆ ਗਿਆ ਸੀ ਉਨ੍ਹਾਂ ਦੀ ਹਿੰਮਤ ਹੀ ਨਹੀਂ ਪਈ ਕਿ ਉਹ ਆਪਣੇ ਸੌਂ ਰਹੇ ਨਵਾਬ ਨੂੰ ਜਾ ਕੇ ਉਨ੍ਹਾਂ ਦਾ ਹਾਲ ਦੱਸਦੇ।''

''ਜਦੋਂ ਸਿਰਾਜਉਦਦੌਲਾ ਜਾਗੇ ਅਤੇ ਉਨ੍ਹਾਂ ਨੂੰ ਇਨ੍ਹਾਂ ਕੈਦੀਆਂ ਦਾ ਹਾਲ ਦੱਸਿਆ ਗਿਆ ਤਾਂ ਉਨ੍ਹਾਂ ਨੇ ਕੋਠੜੀ ਦਾ ਦਰਵਾਜ਼ਾ ਖੋਲ੍ਹਣ ਦੇ ਆਦੇਸ਼ ਦਿੱਤੇ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ 146 ਕੈਦੀਆਂ ਵਿੱਚੋਂ ਸਿਰਫ਼ 23 ਕੈਦੀ ਹੀ ਅੱਧਮਰੀ ਹਾਲਤ ਵਿੱਚ ਜਿਉਂਦੇ ਬਾਹਰ ਆਏ।''

ਮ੍ਰਿਤਕ ਦੇਹਾਂ ਨੂੰ ਨੇੜੇ ਹੀ ਇੱਕ ਟੋਇਆ ਪੁੱਟ ਕੇ ਬਿਨਾਂ ਕਿਸੇ ਰਸਮ ਦੇ ਇਕੱਠਿਆਂ ਹੀ ਦਫਨਾ ਦਿੱਤਾ ਗਿਆ।

ਚੌਂਕੀਦਾਰਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼

ਮਾਸ਼ਕੀ

ਤਸਵੀਰ ਸਰੋਤ, AlEPH PUBLICATION

ਤਸਵੀਰ ਕੈਪਸ਼ਨ, ਕਾਲ ਕੋਠੜੀ ਦੀ ਘਟਨਾ ਨੂੰ ਬਾਅਦ ਵਿੱਚ ਅੰਗਰੇਜ਼ਾਂ ਨੇ ਭਾਰਤੀਆਂ ਦੇ ਤਸ਼ਦੱਦ ਵਜੋਂ ਪੇਸ਼ ਕੀਤਾ

ਹਾਲਵੇਲ ਨੇ ਲਿਖਿਆ ਕਿ ਸਿਰਫ਼ ਇੱਕ ਬੁੱਢੇ ਪਹਿਰੇਦਾਰਾਂ ਨੇ ਉਨ੍ਹਾਂ ਪ੍ਰਤੀ ਥੋੜ੍ਹੀ ਦਇਆ ਵਿਖਾਈ।

''ਮੈਂ ਉਸ ਨੂੰ ਨਿਮਰਤਾ ਸਹਿਤ ਕਿਹਾ ਕਿ ਉਹਦੇ ਲੋਕਾਂ ਨੂੰ ਦੂਜੇ ਕਮਰੇ ਵਿੱਚ ਬੰਦ ਕਰਕੇ ਸਾਡੀਆਂ ਮੁਸੀਬਤਾਂ ਨੂੰ ਥੋੜ੍ਹਾ ਘੱਟ ਕਰ ਦੇਵੇ। ਇਸ ਦੇ ਬਦਲੇ ਮੈਂ ਤੈਨੂੰ ਸਵੇਰੇ ਇੱਕ ਹਜ਼ਾਰ ਰੁਪਏ ਦੇਵਾਂਗਾ।''

''ਉਸ ਨੇ ਵਾਅਦਾ ਕੀਤਾ ਕਿ ਉਹ ਕੋਸ਼ਿਸ਼ ਕਰੇਗਾ ਪਰ ਥੋੜ੍ਹੀ ਹੀ ਦੇਰ ਬਾਅਦ ਉਸ ਨੇ ਵਾਪਸ ਆ ਕੇ ਦੱਸਿਆ ਕਿ ਅਜਿਹਾ ਕਰਨਾ ਸੰਭਵ ਨਹੀਂ ਹੈ।''

''ਮੈਂ ਫਿਰ ਰਕਮ ਵਧਾ ਕੇ ਦੋ ਹਜ਼ਾਰ ਕਰ ਦਿੱਤੀ। ਉਹ ਦੂਸਰੀ ਵਾਰ ਗਾਇਬ ਹੋ ਗਿਆ ਪਰ ਫਿਰ ਵਾਪਸ ਆ ਕੇ ਉਸ ਨੇ ਕਿਹਾ ਕਿ ਨਵਾਬ ਦੇ ਹੁਕਮ ਬਿਨਾਂ ਅਜਿਹਾ ਨਹੀਂ ਕੀਤਾ ਜਾ ਸਕਦਾ ਅਤੇ ਕਿਸੇ ਵਿੱਚ ਹਿੰਮਤ ਨਹੀਂ ਹੈ ਕਿ ਉਹ ਨਵਾਬ ਨੂੰ ਜਗਾ ਦੇਵੇ।''

ਦਮ ਘੁੱਟਣ ਨਾਲ ਮੌਤ ਹੋਈ

ਦਿ ਹਿਸਟਰੀ ਆਫ਼ ਬੰਗਾਲ

ਤਸਵੀਰ ਸਰੋਤ, Internet

ਤਸਵੀਰ ਕੈਪਸ਼ਨ, ਜਾਦੂਨਾਥ ਸਰਕਾਰ ਦੀ ਕਿਤਾਬ - ਦਿ ਹਿਸਟਰੀ ਆਫ਼ ਬੰਗਾਲ ਦਾ ਸਵਰਕ

ਰਾਤ ਨੌ ਵਜੇ ਜਦੋਂ ਲੋਕਾਂ ਨੂੰ ਪਿਆਸ ਲੱਗਣ ਲੱਗੀ ਤਾਂ ਉਨ੍ਹਾਂ ਦੀ ਹਾਲਤ ਹੋਰ ਖ਼ਰਾਬ ਹੋਣ ਲੱਗੀ।

ਇੱਕ ਬੁੱਢੇ ਸਿਪਾਹੀ ਨੂੰ ਉਨ੍ਹਾਂ ਉੱਪਰ ਥੋੜ੍ਹਾ ਤਰਸ ਆਇਆ। ਉਹ ਇਕ ਮਸ਼ਕ ਵਿੱਚ ਥੋੜ੍ਹਾ ਪਾਣੀ ਲੈ ਕੇ ਆਇਆ ਅਤੇ ਖਿੜਕੀ ਦੀਆਂ ਸਲਾਖਾਂ ਰਾਹੀਂ ਪਾਣੀ ਅੰਦਰ ਪਹੁੰਚਾਇਆ।

ਹਾਲਵੇਲ ਅੱਗੇ ਲਿਖਦੇ ਹਨ, ''ਮੈਂ ਤੁਹਾਨੂੰ ਕਿਵੇਂ ਦੱਸਾਂ ਕਿ ਮੇਰੇ ਉੱਪਰ ਕੀ ਬੀਤ ਰਹੀ ਸੀ। ਕੁਝ ਲੋਕ ਜੋ ਦੂਜੀ ਖਿੜਕੀ ਕੋਲ ਖੜ੍ਹੇ ਸਨ ਉਨ੍ਹਾਂ ਨੇ ਪਾਣੀ ਦੀ ਆਸ ਵਿੱਚ ਉਹ ਖਿੜਕੀ ਛੱਡ ਦਿੱਤੀ। ਉਹ ਏਨੀ ਤੇਜ਼ੀ ਨਾਲ ਪਾਣੀ ਵੱਲ ਵਧੇ ਕਿ ਰਾਹ ਵਿੱਚ ਉਨ੍ਹਾਂ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ।''

''ਮੈਂ ਦੇਖਿਆ ਕਿ ਪਾਣੀ ਨਾਲ ਉਨ੍ਹਾਂ ਨੂੰ ਸਕੂਨ ਮਿਲਣ ਦੀ ਬਜਾਏ ਉਨ੍ਹਾਂ ਦੀ ਪਿਆਸ ਵੱਧ ਗਈ ਸੀ। ਹਰ ਪਾਸਿਓਂ 'ਹਵਾ ਹਵਾ' ਦੀ ਆਵਾਜ਼ ਗੂੰਜ ਰਹੀ ਸੀ।''

''ਫਿਰ ਉਨ੍ਹਾਂ ਨੇ ਇਹ ਸੋਚ ਕੇ ਸਿਪਾਹੀਆਂ ਨੂੰ ਬੋਲ ਬੋਲ ਕੇ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਉਹ ਗੁੱਸੇ ਵਿੱਚ ਆ ਕੇ ਉਨ੍ਹਾਂ 'ਤੇ ਗੋਲੀਆਂ ਚਲਾ ਦੇਣ ਅਤੇ ਇਹ ਦੁਰਗਤੀ ਹਮੇਸ਼ਾਂ ਵਾਸਤੇ ਖ਼ਤਮ ਕਰ ਦੇਣ।''

''ਰਾਤ ਸਾਢੇ ਗਿਆਰਾਂ ਵੱਜਦੇ ਵੱਜਦੇ ਉਨ੍ਹਾਂ ਦੀ ਸਾਰੀ ਤਾਕਤ ਖ਼ਤਮ ਹੋ ਚੁੱਕੀ ਸੀ। ਗਰਮੀ ਨਾਲ ਉਨ੍ਹਾਂ ਦਾ ਸਾਹ ਘੁੱਟ ਰਿਹਾ ਸੀ ਅਤੇ ਉਹ ਇੱਕ ਦੂਜੇ ਉਤੇ ਡਿੱਗ ਕੇ ਦਮ ਤੋੜਨ ਲੱਗੇ ਸਨ।''

ਯਾਦ ਵਿੱਚ ਬਣਿਆ ਸਮਾਰਕ

ਅੰਗਰੇਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਲਕੋਠੜੀ ਵਿੱਚ ਮਾਰੇ ਗਏ ਅੰਗਰੇਜ਼ਾਂ ਦੀ ਯਾਦਗਾਰ

ਹਾਲਵੇਲ ਨੇ ਬਾਅਦ ਵਿੱਚ ਇਨ੍ਹਾਂ ਲੋਕਾਂ ਦੀ ਯਾਦ ਵਿੱਚ ਇੱਕ ਸਮਾਰਕ ਬਣਵਾਇਆ।

''ਕੁਝ ਵਰ੍ਹਿਆਂ ਬਾਅਦ ਬਿਜਲੀ ਡਿੱਗਣ ਕਾਰਨ ਇਸ ਯਾਦਗਾਰ ਦਾ ਕਾਫੀ ਨੁਕਸਾਨ ਹੋਇਆ। ਇੱਟਾਂ ਨਾਲ ਬਣੇ ਇਸ ਯਾਦਗਾਰ ਨੂੰ 1821 ਵਿੱਚ ਫੋਰਟ ਵਿਲੀਅਮ ਦੇ ਉਸ ਸਮੇਂ ਦੇ ਗਵਰਨਰ ਜਨਰਲ ਫਰਾਂਸਿਸ ਹੇਸਟਿੰਗਜ਼ ਨੇ ਤੁੜਵਾ ਦਿੱਤਾ।

1902 ਵਿੱਚ ਵਾਇਸਰਾਏ ਲਾਰਡ ਕਰਜ਼ਨ ਨੇ ਕਾਲ ਕੋਠੜੀ ਤੋਂ ਥੋੜ੍ਹੀ ਦੂਰ ਡਲਹੌਜ਼ੀ ਸਕੁਏਅਰ (ਅੱਜ ਦੇ ਬਿਨੋਏ ਬਾਦਲ ਬਿਨੇਸ਼ ਬਾਗ) ਵਿੱਚ ਇਨ੍ਹਾਂ ਲੋਕਾਂ ਦੀ ਯਾਦ ਵਿੱਚ ਸੰਗਮਰਮਰ ਦਾ ਇੱਕ ਹੋਰ ਸਮਾਰਕ ਬਣਵਾਇਆ।

1940 ਵਿੱਚ ਲੋਕਾਂ ਦੀ ਮੰਗ 'ਤੇ ਇਸ ਨੂੰ ਸੇਂਟ ਜੌਰਜ ਚਰਚ ਕਰ ਦਿੱਤਾ ਗਿਆ ਜਿੱਥੇ ਇਹ ਅੱਜ ਵੀ ਮੌਜੂਦ ਹੈ। ਕੁਝ ਇਤਿਹਾਸਕਾਰਾਂ ਨੇ ਹਾਲਵੇਲ ਦੇ ਵੇਰਵਿਆਂ ਉਤੇ ਸਵਾਲ ਚੁੱਕੇ ਹਨ।

ਐੱਸ ਸੀ ਹਿੱਲ ਨੇ ਲਿਖਿਆ ਹੈ,'ਹਾਲਵੇਲ ਦੁਆਰਾ ਦੱਸੇ ਗਏ 123 ਮ੍ਰਿਤਕਾਂ ਵਿੱਚੋਂ ਸਾਨੂੰ ਕੇਵਲ 56 ਲੋਕਾਂ ਦੇ ਰਿਕਾਰਡ ਮਿਲੇ ਹਨ।''

ਮਰਨ ਵਾਲਿਆਂ ਦੀ ਸੰਖਿਆ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੇ ਇਲਜ਼ਾਮ

ਭਾਰਤ ਦੇ ਮਸ਼ਹੂਰ ਇਤਿਹਾਸਕਾਰ ਜਾਦੂਨਾਥ ਸਰਕਾਰ ਦਾ ਮੰਨਣਾ ਹੈ ਕਿ ਹਾਲਵੇਲ ਨੇ ਆਪਣੇ ਵਰਨਣ ਵਿੱਚ ਮੌਤਾਂ ਦੀ ਸੰਖਿਆ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਸੀ।

ਇਤਿਹਾਸਕਾਰ ਵਿਲੀਅਮ ਡੈਲਰਿੰਪਿਲ ਦੀ ਕਿਤਾਬ 'ਦ ਇਨਾਰਕੀ'

ਤਸਵੀਰ ਸਰੋਤ, Bloomsbury

ਤਸਵੀਰ ਕੈਪਸ਼ਨ, ਇਤਿਹਾਸਕਾਰ ਵਿਲੀਅਮ ਡੈਲਰਿੰਪਿਲ ਦੀ ਕਿਤਾਬ 'ਦ ਇਨਾਰਕੀ'

ਸਰਕਾਰ ਆਪਣੀ ਕਿਤਾਬ 'ਦਿ ਹਿਸਟਰੀ ਆਫ਼ ਬੰਗਾਲ' ਵਿੱਚ ਲਿਖਦੇ ਹਨ-

ਇਹ ਦੇਖਦੇ ਹੋਏ ਕਿ ਬਹੁਤ ਸਾਰੇ ਅੰਗਰੇਜ਼ ਇਸ ਲੜਾਈ ਵਿੱਚ ਮਾਰੇ ਗਏ ਸਨ ਤਾਂ ਸਿਰਾਜਉਦਦੌਲਾ ਦੇ ਹੱਥ ਇੰਨੇ ਸਾਰੇ ਅੰਗਰੇਜ਼ ਲੱਗਣ ਦਾ ਸਵਾਲ ਨਹੀਂ ਉੱਠਦਾ।

ਬਾਅਦ ਵਿੱਚ ਇੱਕ ਜ਼ਿਮੀਂਦਾਰ ਭੋਲਾਨਾਥ ਚੰਦਰਾ ਨੇ 18 ਗੁਣਾ 15 ਫੁੱਟ ਦੇ ਖੇਤਰ ਵਿਚ ਬਾਂਸ ਦਾ ਘੇਰਾ ਬਣਾ ਕੇ ਲੋਕਾਂ ਨੂੰ ਇਕੱਠਾ ਕੀਤਾ ਸੀ। ਇਹ ਸੰਖਿਆ 146 ਤੋਂ ਕਾਫ਼ੀ ਘੱਟ ਪਾਈ ਗਈ ਸੀ।

ਹਾਲ ਵੇਲ ਦੇ ਬਿਰਤਾਂਤ ਵਿੱਚ ਉਨ੍ਹਾਂ ਸਾਰੇ ਲੋਕਾਂ ਨੂੰ ਕਾਲ ਕੋਠੜੀ ਵਿੱਚ ਮਰਿਆ ਹੋਇਆ ਦਿਖਾਇਆ ਗਿਆ ਸੀ ਜੋ ਜਾਂ ਤਾਂ ਪਹਿਲਾਂ ਹੀ ਲੜਾਈ ਵਿੱਚ ਮਾਰੇ ਗਏ ਸਨ ਜਾਂ ਉਨ੍ਹਾਂ ਦੇ ਜਿਉਂਦੇ ਰਹਿਣ ਜਾਂ ਬਚ ਨਿਕਲਣ ਬਾਰੇ ਕੋਈ ਰਿਕਾਰਡ ਬਚਿਆ ਹੀ ਨਹੀਂ ਸੀ।

ਮਸ਼ਹੂਰ ਇਤਿਹਾਸਕਾਰ ਵਿਲੀਅਮ ਡੈਲਰਿੰਪਿਲ ਨੇ ਆਪਣੀ ਹਾਲ ਹੀ ਵਿੱਚ ਪ੍ਰਕਾਸ਼ਿਤ ਕਿਤਾਬ 'ਦ ਇਨਾਰਕੀ' ਵਿੱਚ ਲਿਖਿਆ ਹੈ, ''ਹਾਲ ਹੀ ਵਿੱਚ ਕੀਤੀ ਗਈ ਰਿਸਰਚ ਅਨੁਸਾਰ ਕਾਲ ਕੋਠੜੀ ਵਿੱਚ 64 ਲੋਕਾਂ ਨੂੰ ਰੱਖਿਆ ਗਿਆ ਸੀ ਜਿਨ੍ਹਾਂ ਵਿਚੋਂ 21 ਲੋਕਾਂ ਦੀ ਜਾਨ ਬਚ ਗਈ ਸੀ।''

ਅੰਗਰੇਜ਼

ਤਸਵੀਰ ਸਰੋਤ, Getty Images

''ਇਸ ਘਟਨਾ ਦੇ 150 ਸਾਲ ਬਾਅਦ ਵੀ ਬ੍ਰਿਟਿਸ਼ ਸਕੂਲਾਂ ਵਿੱਚ ਭਾਰਤੀ ਲੋਕਾਂ ਦੀ ਕਰੂਰਤਾ ਦੀ ਉਦਹਾਰਣ ਦੇ ਤੌਰ 'ਤੇ ਪੜ੍ਹਾਇਆ ਗਿਆ।''

''ਗੁਲਾਮ ਹੁਸੈਨ ਖਾਨ ਸਮੇਤ ਤਤਕਾਲੀ ਇਤਿਹਾਸਕਾਰਾਂ ਦੇ ਲੇਖਣ ਵਿੱਚ ਇਸ ਘਟਨਾ ਦਾ ਕੋਈ ਜ਼ਿਕਰ ਨਹੀਂ ਮਿਲਦਾ।''

ਅੰਗਰੇਜ਼ਾਂ ਵਿੱਚ ਨਾਰਾਜ਼ਗੀ

ਇਤਿਹਾਸ ਦੇ ਪੰਨਿਆਂ ਵਿੱਚ ਇਸ ਘਟਨਾ ਨੂੰ ਜਿੰਨਾ ਵਧਾ-ਚੜਾਅ ਕੇ ਪੇਸ਼ ਕੀਤਾ ਗਿਆ ਹੋਵੇ ਪਰ ਇਸ ਦੀ ਭਰਪੂਰ ਵਰਤੋਂ ਬ੍ਰਿਟਿਸ਼ ਰਾਸ਼ਟਰਵਾਦ ਨੂੰ ਵਧਾਉਣ ਵਿੱਚ ਕੀਤਾ ਗਿਆ।

ਰੌਬਰਟ ਕਲਾਈਵ ਨੇ 7 ਅਕਤੂਬਰ 1756 ਨੂੰ ਸਾਂਸਦ ਵਿਲੀਅਮ ਮਾਂਬਟ ਨੂੰ ਇੱਕ ਚਿੱਠੀ ਵਿੱਚ ਲਿਖਿਆ-

ਇਸ ਘਟਨਾ ਨੂੰ ਸੁਣ ਕੇ ਹਰ ਸੀਨਾ ਦੁੱਖ ,ਦਹਿਸ਼ਤ ਅਤੇ ਨਾਰਾਜ਼ਗੀ ਨਾਲ ਭਰ ਗਿਆ ਹੈ। ਇਹ ਨਾਰਾਜ਼ਗੀ ਖ਼ਾਸ ਤੌਰ 'ਤੇ ਸਿਰਾਜਉਦਦੌਲਾ ਦੇ ਪ੍ਰਤੀ ਹੈ।

ਜਿਨ੍ਹਾਂ ਨੇ ਕਲਕੱਤਾ ਸਾਡੇ ਤੋਂ ਖੋਹ ਲਿਆ ਹੈ ਅਤੇ ਜੋ ਸਾਡੇ ਦੇਸ਼ਵਾਸੀਆਂ ਦਾ ਕਾਤਲ ਹੈ। ਜਿਸ ਆਸਾਨੀ ਨਾਲ ਕਲਕੱਤੇ ਉਤੇ ਕਬਜ਼ਾ ਕੀਤਾ ਗਿਆ ਹੈ ਉਸ ਨਾਲ ਵੀ ਸਾਡਾ ਘੋਰ ਅਪਮਾਨ ਹੋਇਆ ਹੈ।

ਲਾਰਡ ਕਲਾਈਵ

ਤਸਵੀਰ ਸਰੋਤ, BLOOMSBURY PUBLICATION

ਤਸਵੀਰ ਕੈਪਸ਼ਨ, ਲਾਰਡ ਕਲਾਈਵ (ਤਸਵੀਰ) ਨੂੰ ਲਾਰਡ ਵਾਰਨਹੇਸਟਿੰਗਜ਼ ਵਾਂਗ ਹੀ ਭਾਰਤ ਵਿੱਚ ਬ੍ਰਿਟਿਸ਼ ਰਾਜ ਦੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ

ਬ੍ਰਿਟਿਸ਼ ਹਲਕਿਆਂ ਵਿੱਚ ਹਰ ਜਗ੍ਹਾ ਇਹੀ ਭਾਵਨਾ ਘਰ ਕਰ ਗਈ ਸੀ ਕਿ ਬ੍ਰਿਟਿਸ਼ ਸਨਮਾਨ ਦੀ ਵਾਪਸੀ ਹੋਣੀ ਚਾਹੀਦੀ ਹੈ ਅਤੇ ਇਸ ਘਟਨਾ ਦਾ ਬਦਲਾ ਲਿਆ ਜਾਣਾ ਚਾਹੀਦਾ ਹੈ।

ਨਿਕੋਲਸ ਡਰਕਸ ਨੇ ਆਪਣੀ ਕਿਤਾਬ 'ਕਾਸ ਆਫ਼ ਮਾਈਂਡ ਕੋਲੋਨਿਜ਼ਮ ਐਂਡ ਮੇਕਿੰਗ ਆਫ ਮਾਡਰਨ ਇੰਡੀਆ' ਵਿੱਚ ਲਿਖਿਆ, 'ਬਲੈਕ ਹੋਲ ਯਾਨੀ ਕਾਲ ਕੋਠੜੀ ਇੱਕ ਕਥਾ ਬਣ ਗਈ ਅਤੇ ਇਸ ਨੂੰ ਈਸਟ ਇੰਡੀਆ ਕੰਪਨੀ ਦੇ ਬਹਾਦਰ ਵਪਾਰੀਆਂ ਉੱਤੇ ਭਾਰਤ ਵਿੱਚ ਰਹਿਣ ਵਾਲੇ ਲੋਕਾਂ 'ਤੇ ਅੱਤਿਆਚਾਰ ਦੇ ਰੂਪ ਵਿੱਚ ਦਿਖਾਇਆ ਗਿਆ।''

''ਘਟਨਾ ਦੇ ਇੱਕ ਸਾਲ ਬਾਅਦ ਇਸ ਦੀ ਖ਼ਬਰ ਲੰਡਨ ਪਹੁੰਚੀ ਤਾਂ ਵੀ ਜਦੋਂ ਹਾਲਵੇਲ ਖੁਦ ਪਾਣੀ ਦੇ ਜਹਾਜ਼ ਰਾਹੀਂ ਪੁੱਜੇ। ਬਾਅਦ ਵਿੱਚ 1757 ਵਿੱਚ ਨਵਾਬ ਸਿਰਾਜਉਦਦੌਲਾ ਉਤੇ ਹਮਲਾ ਕਰਨ ਲਈ ਇਸ ਘਟਨਾ ਦਾ ਬਹਾਨਾ ਬਣਾਇਆ ਗਿਆ।''

ਹਾਲਵੇਲ ਦੁਆਰਾ ਦਿੱਤੇ ਗਏ ਵਿਵਰਣ ਉਪਰ ਸਵਾਲ

ਬਾਅਦ ਵਿੱਚ ਐੱਚ ਐੱਚ ਡਾਡਵੇਲ ਨੇ ਆਪਣੀ ਕਿਤਾਬ 'ਕਲਾਈਵ ਇਨ ਬੰਗਾਲ 1756-60' ਵਿੱਚ ਲਿਖਿਆ , ''ਹਾਲਵੇਲ,ਕੁਕ ਅਤੇ ਹੋਰ ਜਿਨ੍ਹਾਂ ਦੂਸਰੇ ਲੋਕਾਂ ਨੇ ਇਸ ਘਟਨਾ ਬਾਰੇ ਲਿਖਿਆ ਉਨ੍ਹਾਂ ਦੇ ਵਿਵਰਣ ਮਨ ਘੜੰਤ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਫੋਰਟ ਵਿਲੀਅਮ ਉੱਪਰ ਹੋਏ ਹਮਲੇ ਵਿਚ ਮਾਰੇ ਗਏ ਸਨ।''

ਨਿਕੋਲਸ ਡਰਕਸ ਨੇ ਲਿਖਿਆ, ''ਬਲੈਕ ਹੋਲ ਘਟਨਾ ਦੇ ਕੁੱਲ ਚੌਦਾਂ ਵਿਵਰਨ ਵਿੱਚ ਇੱਕ ਨੂੰ ਛੱਡ ਕੇ ਸਭ ਦਾ ਸਰੋਤ ਹਾਲਵੇਲ ਦਾ ਲੇਖ ਹੈ। ਆਖ਼ਰੀ 14ਵਾਂ ਵਿਵਰਣ ਘਟਨਾ ਦੇ ਸੋਲ਼ਾਂ ਸਾਲਾਂ ਬਾਅਦ ਲਿਖਿਆ ਗਿਆ ਸੀ।''

ਗੰਭੀਰ ਇਤਿਹਾਸਕਾਰਾਂ ਨੂੰ ਕਾਲ ਕੋਠੜੀ ਦੀ ਇਸ ਘਟਨਾ ਉੱਪਰ ਸ਼ੱਕ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਕਾਲ ਕੋਠੜੀ ਵਿੱਚ ਦਮ ਘੁਟਣ ਨਾਲ ਨਹੀਂ ਸਗੋਂ ਲੜਾਈ ਵਿੱਚ ਮਾਰੇ ਗਏ ਸਨ।

ਅੰਗਰੇਜ਼

ਤਸਵੀਰ ਸਰੋਤ, Aleph

ਇੱਕ ਹੋਰ ਇਤਿਹਾਸਕਾਰ ਵਿਨਸੈਂਟ ਸਮਿੱਥ ਦੀ ਕਿਤਾਬ

'ਆਕਸਫੋਰਡ ਹਿਸਟਰੀ ਆਫ਼ ਇੰਡੀਆ ਫਰਾਮ ਅਰਲੀਅਰ ਟਾਈਮਜ਼ ਟੂ ਦਿ ਐਂਡ ਆਫ 1911' ਵਿੱਚ ਲਿਖਦੇ ਹਨ, ''ਘਟਨਾ ਹੋਈ ਜ਼ਰੂਰ ਸੀ ਪਰ ਕੁਝ ਗੱਲਾਂ ਵਿੱਚ ਅਸੰਗਤੀਆਂ ਪਾਈਆਂ ਗਈਆਂ ਹਨ। ਨਵਾਬ ਸਿਰਾਜਉਦਦੌਲਾ ਨਿੱਜੀ ਅਤੇ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਸਨ।''

''ਉਨ੍ਹਾਂ ਨੇ ਕੈਦੀਆਂ ਨਾਲ ਕੀ ਸਲੂਕ ਕੀਤਾ ਜਾਵੇ, ਇਸ ਨੂੰ ਆਪਣੇ ਅਧੀਨ ਕੰਮ ਕਰਨ ਵਾਲਿਆਂ ਉੱਪਰ ਛੱਡ ਦਿੱਤਾ ਸੀ। ਪਰ ਇਹ ਵੀ ਤੱਥ ਹੈ ਕਿ ਉਨ੍ਹਾਂ ਨੇ ਨਾ ਤਾਂ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਇਸ ਕਰੂਰਤਾ ਲਈ ਸਜ਼ਾ ਦਿੱਤੀ ਅਤੇ ਨਾ ਹੀ ਕਦੇ ਕੋਈ ਦੁੱਖ ਪ੍ਰਗਟ ਕੀਤਾ।''

ਬ੍ਰਿਟਿਸ਼ ਸਮਰਾਜਵਾਦ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼

ਕਾਲ ਕੋਠੜੀ ਦੀ ਇਸ ਘਟਨਾ ਨੂੰ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜਵਾਦ ਦੇ ਵਿਸਥਾਰ ਦਾ ਨਾ ਕੇਵਲ ਮੁੱਖ ਕਾਰਨ ਦੱਸਿਆ ਗਿਆ ਬਲਕਿ ਇਸ ਦੇ ਆਧਾਰ ਤੇ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਵੀ ਹੋਈ।

ਪਰ ਜਿਵੇਂ ਜਿਵੇਂ ਬ੍ਰਿਟਿਸ਼ ਸ਼ਾਸਨ ਦਾ ਸੂਰਜ ਢਲਦਾ ਗਿਆ ਇਹ ਘਟਨਾ ਵੀ ਇਤਿਹਾਸ ਦੇ ਪੰਨਿਆਂ ਵਿੱਚ ਸਮਾਉਂਦੀ ਚਲੀ ਗਈ।

ਇਸ ਘਟਨਾ ਦੇ ਇੱਕ ਸਾਲ ਬਾਅਦ ਰਾਬਰਟ ਕਲਾਈਵ ਨੇ ਨਾ ਸਿਰਫ਼ ਕਲਕੱਤਾ ਉੱਤੇ ਦੁਬਾਰਾ ਕਬਜ਼ਾ ਕੀਤਾ ਬਲਕਿ ਪਲਾਸੀ ਦੀ ਲੜਾਈ ਵਿੱਚ ਸਿਰਾਜ ਦੁਆਲਾ ਨੂੰ ਹਰਾ ਕੇ ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਨੀਂਹ ਰੱਖੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)