ਸੀਆਚਿਨ: ਜਿੱਥੇ ਲੜਨਾ ਤਾਂ ਦੂਰ ਖੜ੍ਹੇ ਹੋਣਾ ਵੀ ਮੁਸ਼ਕਿਲ- ਕਿਵੇਂ ਰਹਿੰਦੇ ਹਨ ਭਾਰਤੀ ਫ਼ੌਜੀ

ਸਿਆਚਿਨ

ਤਸਵੀਰ ਸਰੋਤ, Getty Images

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਰੂਸ ਦੇ ਟੁੰਡਰਾ ਨੂੰ ਦੁਨੀਆ ਦਾ ਸਭ ਤੋਂ ਖ਼ਤਰਨਾਕ ਜੰਗੀ ਮੈਦਾਨ ਮੰਨਿਆ ਜਾਂਦਾ ਹੈ।

1942 ਦੀਆਂ ਸਰਦੀ ਵਿੱਚ ਸਟਾਲਿਨਗਾਰਡ ਵਿੱਚ ਰੂਸੀ ਫ਼ੌਜ ਦੇ ਹੱਥੋਂ ਹਿਟਲਰ ਦੀ ਹਾਰ ਨੇ ਦੂਜੇ ਵਿਸ਼ਵ ਯੁੱਧ ਦਾ ਪਾਸਾ ਹੀ ਬਦਲ ਦਿੱਤਾ ਸੀ।

ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਚੁਣਨ ਲਈ CLICK HERE

ਇਹ ਵੀ ਪੜ੍ਹੋ:

ਸਾਲ 1948 ਵਿੱਚ ਬਰਫ਼ ਨਾਲ ਢਕੇ ਹੋਏ ਸਕਰਦੂ ਅਤੇ ਗਿਲਗਿਤ ਵਿੱਚ ਪਾਕਿਸਤਾਨੀ ਕਬਾਇਲੀਆਂ ਖਿਲਾਫ਼ ਮੇਜਰ ਜਨਰਲ ਥਿਮੈਯਾ ਦੀ 19 ਇਨਫੈਂਟਰੀ ਡਿਵੀਜ਼ਨ ਨੇ ਜਿਸ ਤਰ੍ਹਾਂ ਲੋਹਾ ਲਿਆ ਸੀ, ਉਹ ਵੀ ਸਾਹਸ ਅਤੇ ਬਹਾਦਰੀ ਦੀ ਮਿਸਾਲ ਹੈ।

ਪਰ ਇਹ ਸਭ ਲੜਾਈਆਂ ਸੀਆਚਿਨ ਵਿੱਚ ਪਿਛਲੇ 36 ਸਾਲ ਤੋਂ ਚੱਲ ਰਹੇ ਭਾਰਤ-ਪਾਕਿਸਤਾਨ ਸੰਘਰਸ਼ ਦੇ ਸਾਹਮਣੇ ਕਿਧਰੇ ਨਹੀਂ ਟਿਕਦੀਆਂ। ਇਹ ਉਹ ਇਲਾਕਾ ਹੈ ਜਿੱਥੇ ਲੜਨਾ ਤਾਂ ਦੂਰ ਇੱਕ ਸਾਹ ਲੈਣਾ ਵੀ ਬਹੁਤ ਵੱਡਾ ਕਾਰਨਾਮਾ ਹੈ।

ਗੱਲ 13 ਅਪ੍ਰੈਲ, 1984 ਦੀ ਹੈ। ਸਮਾਂ - ਸਵੇਰੇ 5 ਵੱਜ ਕੇ 30 ਮਿੰਟ। ਕੈਪਟਨ ਸੰਜੇ ਕੁਲਕਰਨੀ ਅਤੇ ਉਨ੍ਹਾਂ ਦੇ ਸਾਥੀ ਫ਼ੌਜੀਆਂ ਨੂੰ ਲੈ ਕੇ ਚੀਤਾ ਹੈਲੀਕਾਪਟਰ ਨੇ ਬੇਸ ਕੈਂਪ ਤੋਂ ਉਡਾਣ ਭਰੀ।

ਉਸ ਦੇ ਪਿੱਛੇ ਦੋ ਹੈਲੀਕਾਪਟਰ ਹੋਰ ਉੱਡੇ। ਦੁਪਹਿਰ ਤੱਕ ਸਕੁਐਡਰਨ ਲੀਡਰ ਸੁਰਿੰਦਰ ਬੈਂਸ ਅਤੇ ਰੋਹਿਤ ਰਾਏ ਨੇ ਇਸ ਤਰ੍ਹਾਂ ਦੀਆਂ 17 ਉਡਾਣਾਂ ਹੋਰ ਭਰੀਆਂ।

ਕੈਪਟਨ ਸੰਜੇ ਕੁਲਕਰਨੀ ਨਾਲ ਇੱਕ ਜੇਸੀਓ ਅਤੇ 27 ਭਾਰਤੀ ਫ਼ੌਜੀਆਂ ਨੂੰ ਸਿਆਚਿਨ ਵਿੱਚ ਬਿਲਾਫੋਂਡ ਲਾ ਦੇ ਕੋਲ ਹੈਲੀਕਾਪਟਰ ਰਾਹੀਂ ਥੱਲੇ ਉਤਾਰਿਆ ਗਿਆ।

ਆਪਰੇਸ਼ਨ ਮੇਘਦੂਤ ਵਿੱਚ ਭਾਗ ਲੈਣ ਵਾਲੇ ਸੁਐਡਰਨ ਲੀਡਰ ਰੋਹਿਤ ਰਾਏ ਅਤੇ ਏਅਰ ਚੀਫ਼ ਮਾਰਸ਼ਲ ਕਾਟਰੇ

ਤਸਵੀਰ ਸਰੋਤ, HARPERSCOLLINS

ਤਸਵੀਰ ਕੈਪਸ਼ਨ, ਆਪਰੇਸ਼ਨ ਮੇਘਦੂਤ ਵਿੱਚ ਭਾਗ ਲੈਣ ਵਾਲੇ ਸੁਐਡਰਨ ਲੀਡਰ ਰੋਹਿਤ ਰਾਏ ਅਤੇ ਏਅਰ ਚੀਫ਼ ਮਾਰਸ਼ਲ ਕਾਟਰੇ

ਨਿਤਿਨ ਗੋਖਲੇ ਆਪਣੀ ਕਿਤਾਬ 'ਬਿਓਂਡ ਐੱਨ ਜੇ 9842 ਦਿ ਸੀਆਚਿਨ ਸਾਗਾ' ਵਿੱਚ ਲਿਖਦੇ ਹਨ, ''ਲੈਫਟੀਨੈਂਟ ਜਨਰਲ ਦੇ ਅਹੁਦੇ ਤੋਂ ਰਿਟਾਇਰ ਹੋਏ ਸੰਜੇ ਕੁਲਕਰਨੀ ਨੇ ਮੈਨੂੰ ਦੱਸਿਆ ਸੀ, ਸਵੇਰੇ ਛੇ ਵਜੇ ਜ਼ਮੀਨ ਤੋਂ ਕੁਝ ਫੁੱਟ ਉੱਪਰ ਮੰਡਰਾਉਂਦੇ ਦੋ ਹੈਲੀਕਾਪਟਰਾਂ ਵਿੱਚੋਂ ਸਾਡੇ ਵਿੱਚੋਂ ਦੋ ਚਾਰ ਲੋਕ ਹੇਠਾਂ ਕੁੱਦੇ ਸਨ।”

“ਮੈਨੂੰ ਯਾਦ ਹੈ ਕਿ ਮੈਂ ਹੇਠਾਂ ਫ਼ੈਲੀ ਹੋਈ ਬਰਫ਼ ਦੀ ਡੁੰਘਾਈ ਅਤੇ ਮਜ਼ਬੂਤੀ ਪਰਖਣ ਲਈ ਪਹਿਲਾਂ 25 ਕਿੱਲੋ ਦੀ ਆਟੇ ਦੀ ਇੱਕ ਬੋਰੀ ਹੇਠਾਂ ਸੁੱਟੀ ਸੀ। ਇਸ ਨਾਲ ਸਾਨੂੰ ਅੰਦਾਜ਼ਾ ਹੋ ਗਿਆ ਸੀ ਕਿ ਉੱਥੇ ਫੈਲੀ ਬਰਫ਼ ਕਾਫ਼ੀ ਸਖ਼ਤ ਸੀ।”

“ਉੱਥੇ ਛਾਲ ਮਾਰਨ ਦੇ ਬਾਅਦ ਅਸੀਂ ਉੱਥੇ ਇੱਕ ਤਰ੍ਹਾਂ ਦਾ ਹੈਲੀਪੈਡ ਜਿਹਾ ਬਣਾ ਦਿੱਤਾ ਸੀ ਤਾਂ ਕਿ ਸਾਡੇ ਬਾਅਦ ਉੱਥੋਂ ਦੂਜੇ ਹੈਲੀਕਾਪਟਰ ਸਿਰਫ਼ ਅੱਧੇ ਮਿੰਟ ਲਈ ਲੈਂਡ ਕਰ ਸਕਣ ਅਤੇ ਫਿਰ ਦੂਜੀ ਖੇਪ 'ਤੇ ਚਲੇ ਜਾਣ। ਉਸ ਦਿਨ ਦੀ ਕਦੇ ਨਾ ਭੁੱਲਣ ਵਾਲੀ ਯਾਦ ਇਹ ਹੈ ਕਿ ਉਸ ਦਿਨ ਵਿਜ਼ੀਬਿਲਿਟੀ ਜ਼ੀਰੋ ਤੋਂ ਵੀ ਹੇਠ ਸੀ ਅਤੇ ਤਾਪਮਾਨ ਸੀ ਮਨਫ਼ੀ 30 ਡਿਗਰੀ।''

ਸਿਆਚਨ ਵਿੱਚ ਸਭ ਤੋਂ ਪਹਿਲਾਂ ਉਤਰਨ ਵਾਲੇ ਕੈਪਟਨ ਸੰਜੇ ਕੁਲਕਰਨੀ

ਤਸਵੀਰ ਸਰੋਤ, BLOOMSBERRY

ਤਸਵੀਰ ਕੈਪਸ਼ਨ, ਸਿਆਚਨ ਵਿੱਚ ਸਭ ਤੋਂ ਪਹਿਲਾਂ ਉਤਰਨ ਵਾਲੇ ਕੈਪਟਨ ਸੰਜੇ ਕੁਲਕਰਨੀ

ਉਤਰਦੇ ਹੀ ਇੱਕ ਸੈਨਿਕ ਦੀ ਮੌਤ

ਬਿਲਾਫੋਂਡ ਲਾ ਵਿੱਚ ਹੈਲੀਕਾਪਟਰਾਂ ਤੋਂ ਉਤਾਰੇ ਜਾਣ ਦੇ ਤਿੰਨ ਘੰਟਿਆਂ ਦੇ ਅੰਦਰ ਰੇਡਿਓ ਆਪਰੇਟਰ ਮੰਡਲ ਜ਼ਿਆਦਾ ਉੱਚਾਈ 'ਤੇ ਹੋਣ ਵਾਲੀ ਬਿਮਾਰੀ 'ਹੇਪ' ਦੇ ਸ਼ਿਕਾਰ ਹੋ ਗਏ ਸਨ।

ਹਾਲਾਂਕਿ ਇਸ ਨਾਲ ਭਾਰਤੀ ਦਲ ਨੂੰ ਇੱਕ ਤਰ੍ਹਾਂ ਨਾਲ ਫਾਇਦਾ ਹੀ ਹੋਇਆ ਕਿਉਂਕਿ ਰੇਡਿਓ ਆਪਰੇਟਰ ਦੀ ਗੈਰਮੌਜੂਦਗੀ ਵਿੱਚ ਪੂਰੀ ਰੇਡਿਓ ਸਾਈਲੈਂਸ ਹੋ ਗਈ ਅਤੇ ਪਾਕਿਸਤਾਨੀਆਂ ਨੂੰ ਉੱਥੇ ਭਾਰਤੀ ਫ਼ੌਜੀ ਹੋਣ ਦੀ ਭਿਣਕ ਤੱਕ ਨਹੀਂ ਲੱਗ ਸਕੀ।

ਬਿਲਾਫੋਂਡ ਲਾ ਵਿੱਚ ਉਤਰਨ ਦੇ ਕੁਝ ਸਮੇਂ ਬਾਅਦ ਹੀ ਕੁਲਕਰਨੀ ਅਤੇ ਉਨ੍ਹਾਂ ਦੀ ਟੀਮ ਦਾ ਬਾਹਰੀ ਦੁਨੀਆ ਤੋਂ ਸੰਪਰਕ ਟੁੱਟ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਇੱਕ ਭਿਆਨਕ ਬਰਫ਼ੀਲੇ ਤੂਫਾਨ ਨੇ ਘੇਰ ਲਿਆ ਸੀ।

ਹਾਲ ਹੀ ਵਿੱਚ ਛਪੀ ਇੱਕ ਹੋਰ ਪੁਸਤਕ 'ਫੁਲ ਸਪੈਕਟ੍ਰਮ ਇੰਡੀਆਜ਼ ਵਾਰਜ਼ 1972-2000' ਵਿੱਚ ਏਅਰ ਵਾਈਸ ਮਾਰਸ਼ਲ ਅਰਜੁਨ ਸੁਬਰਮਣੀਯਮ ਲਿਖਦੇ ਹਨ, ''16 ਅਪ੍ਰੈਲ ਨੂੰ ਜਦੋਂ ਮੌਸਮ ਸਾਫ਼ ਹੋਇਆ ਤਾਂ ਜਾ ਕੇ ਕੁਝ ਹੋਰ ਫ਼ੌਜੀ ਅਤੇ ਮੈਡੀਕਲ ਮਦਦ ਭੇਜੀ ਜਾ ਸਕੀ। ਉਦੋਂ ਤੱਕ ਇੱਕ ਫ਼ੌਜੀ ਦੀ ਮੌਤ ਹੋ ਚੁੱਕੀ ਸੀ ਅਤੇ ਬਚੇ ਹੋਏ 27 ਭਾਰਤੀ ਫ਼ੌਜੀਆਂ ਵਿੱਚੋਂ 21 ਫ਼ੌਜੀ ਫਰੌਸਟ ਬਾਈਟ ਯਾਨੀ ਸ਼ੀਤ ਦੰਸ਼ ਦੇ ਸ਼ਿਕਾਰ ਹੋ ਗਏ ਸਨ।’

'ਫੁਲ ਸਪੈਕਟ੍ਰਮ ਇੰਡੀਆਜ਼ ਵਾਰਜ਼ 1972-2000' ਕਿਤਾਬ ਦਾ ਸਵਰਕ

ਤਸਵੀਰ ਸਰੋਤ, HARPERSCOLLINS

ਤਸਵੀਰ ਕੈਪਸ਼ਨ, 'ਫੁਲ ਸਪੈਕਟ੍ਰਮ ਇੰਡੀਆਜ਼ ਵਾਰਜ਼ 1972-2000' ਕਿਤਾਬ ਦਾ ਸਵਰਕ

ਪਾਕਿਸਤਾਨ ਨੇ ਬਰਫ਼ 'ਤੇ ਰਹਿਣ ਦੇ ਖ਼ਾਸ ਕੱਪੜੇ ਜਰਮਨੀ ਤੋਂ ਖਰੀਦੇ

ਸਿਆਚਿਨ ਦੀ ਲੜਾਈ 'ਤੇ ਸਭ ਤੋਂ ਦਿਲਚਸਪ ਟਿੱਪਣੀ ਬਰੁਕਿੰਗਜ਼ ਇੰਸਟੀਚਿਊਸ਼ਨ ਦੇ ਸੀਨੀਅਰ ਫੈਲੋ ਸਟੀਫਨ ਕੋਹੇਨ ਵੱਲੋਂ ਆਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ 'ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋ ਰਹੇ ਇਸ ਸੰਘਰਸ਼ ਦੀ ਤੁਲਨਾ ਦੋ ਗੰਜੇ ਲੋਕਾਂ ਦੀ ਲੜਾਈ ਨਾਲ ਕੀਤੀ ਜਾ ਸਕਦੀ ਹੈ ਜੋ ਇੱਕ ਕੰਘੇ ਲਈ ਲੜ ਰਹੇ ਹਨ।'

ਲਗਭਗ 23,000 ਫੁੱਟ ਦੀ ਉੱਚਾਈ 'ਤੇ 75 ਕਿੱਲੋਮੀਟਰ ਲੰਬੇ ਅਤੇ ਕਰੀਬ ਦਸ ਹਜ਼ਾਰ ਵਰਗ ਕਿੱਲੋਮੀਟਰ ਖੇਤਰ ਵਿੱਚ ਫੈਲੇ ਸੀਆਚਿਨ ਗਲੇਸ਼ੀਅਰ ਦਾ ਇਲਾਕਾ ਪਹੁੰਚ ਤੋਂ ਇੰਨਾ ਬਾਹਰ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ 1972 ਤੱਕ ਇਸ ਦੀ ਸੀਮਾ ਬਾਰੇ ਸਪੱਸ਼ਟੀਕਰਨ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ ਸੀ।

ਭਾਰਤ ਦਾ ਮੱਥਾ ਉਦੋਂ ਠਣਕਿਆ ਜਦੋਂ 70 ਦੇ ਦਹਾਕੇ ਵਿੱਚ ਕੁਝ ਅਮਰੀਕੀ ਦਸਤਾਵੇਜ਼ਾਂ ਵਿੱਚ ਐੱਨ ਜੇ 9842 ਤੋਂ ਅੱਗੇ ਕਰਾਕੋਰਮ ਰੇਂਜ ਦੇ ਖੇਤਰ ਨੂੰ ਪਾਕਿਸਤਾਨੀ ਇਲਾਕੇ ਦੇ ਰੂਪ ਵਿੱਚ ਦਿਖਾਇਆ ਜਾਣ ਲੱਗਿਆ।

ਵੀਡੀਓ ਕੈਪਸ਼ਨ, ਪਾਕਿਸਤਾਨ 'ਚ ਤਖ਼ਤਾ ਪਲਟ ਹੋਇਆ ਤਾਂ ਫੌਜ ਨੇ ਇੰਝ ਕਬਜ਼ਾਏ ਮੀਡੀਆ ਅਦਾਰੇ

ਭਾਰਤ ਨੂੰ ਇਹ ਵੀ ਪਤਾ ਲੱਗਿਆ ਕਿ ਪਾਕਿਸਤਾਨੀ ਇਸ ਇਲਾਕੇ ਵਿੱਚ ਪੱਛਮੀ ਦੇਸ਼ਾਂ ਦੇ ਪਰਵਤਾਰੋਹਣ ਦਲ ਵੀ ਭੇਜ ਰਹੇ ਹਨ ਤਾਂ ਕਿ ਇਸ ਇਲਾਕੇ 'ਤੇ ਉਨ੍ਹਾਂ ਦਾ ਦਾਅਵਾ ਮਜ਼ਬੂਤ ਹੋ ਸਕੇ।

ਅੱਸੀ ਦੇ ਦਹਾਕੇ ਵਿੱਚ ਭਾਰਤੀ ਖੂਫ਼ੀਆ ਏਜੰਸੀ ਰਾਅ ਦੇ ਜਾਸੂਸਾਂ ਨੂੰ ਪਤਾ ਲੱਗਿਆ ਕਿ ਪਾਕਿਸਤਾਨ ਜਰਮਨੀ ਤੋਂ ਉੱਚਾਈ 'ਤੇ ਰਹਿਣ ਲਈ ਖ਼ਾਸ ਤਰ੍ਹਾਂ ਦੇ ਕੱਪੜੇ ਖਰੀਦ ਰਿਹਾ ਹੈ।

ਰਾਅ ਦੇ ਮੁੱਖੀ ਰਹੇ ਵਿਕਰਮ ਸੂਦ ਉਸ ਜ਼ਮਾਨੇ ਵਿੱਚ ਸ਼੍ਰੀਨਗਰ ਵਿੱਚ ਤਾਇਨਾਤ ਸਨ। ਉਨ੍ਹਾਂ ਨੇ ਖੁਦ 15 ਕੋਰ ਦੇ ਬਾਦਾਮੀ ਬਾਗ਼ ਹੈੱਡਕੁਆਰਟਰ ਵਿੱਚ ਜਾ ਕੇ ਉੱਥੋਂ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀ ਐੱਨ ਹੂਨ ਨੂੰ ਪਾਕਿਸਤਾਨ ਦੀਆਂ ਤਾਜ਼ਾ ਗਤੀਵਿਧੀਆਂ ਤੋਂ ਜਾਣੂ ਕਰਾਇਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਪਾਕਿਸਤਾਨੀ ਇਹ ਕੱਪੜੇ ਪਿਕਨਿਕ ਮਨਾਉਣ ਲਈ ਨਹੀਂ ਖਰੀਦ ਰਹੇ।

ਭਾਰਤੀ ਫ਼ੌਜੀ ਪਾਕਿਸਤਾਨੀਆਂ ਤੋਂ ਪਹਿਲਾਂ ਸੀਆਚਿਨ ਪਹੁੰਚੇ

ਏਅਰ ਵਾਈਸ ਮਾਰਸ਼ਲ ਅਰਜੁਨ ਸੁਬਰਮਣੀਅਮ ਆਪਣੀ ਕਿਤਾਬ 'ਫੁਲ ਸਪੈੱਕਟ੍ਰਮ ਇੰਡੀਆਜ਼ ਵਾਰਜ਼ 1972-2000' ਵਿੱਚ ਲਿਖਦੇ ਹਨ, 'ਪਾਕਿਸਤਾਨ ਨੇ 1983 ਦੀਆਂ ਸਰਦੀਆਂ ਵਿੱਚ ਬਿਲਾਫੋਂਡ ਲਾ 'ਤੇ ਕੰਟਰੋਲ ਕਰਨ ਲਈ ਮਸ਼ੀਨ ਗੰਨ ਅਤੇ ਮੋਰਟਰ ਨਾਲ ਲੈਸ ਆਪਣੇ ਫ਼ੌਜੀਆਂ ਦਾ ਇੱਕ ਛੋਟਾ ਜੱਥਾ ਭੇਜਿਆ ਸੀ।

ਅਜਿਹਾ ਮੰਨਿਆ ਜਾਂਦਾ ਹੈ ਕਿ ਜ਼ਿਆਦਾ ਖਰਾਬ ਮੌਸਮ ਅਤੇ ਰਸਦ ਨਾ ਪਹੁੰਚਾ ਸਕਣ ਕਾਰਨ ਉਨ੍ਹਾਂ ਨੂੰ ਉੱਥੋਂ ਵਾਪਸ ਪਰਤਣਾ ਪਿਆ ਸੀ।’

ਭਾਰਤੀ ਫ਼ੌਜੀ

ਤਸਵੀਰ ਸਰੋਤ, BLOOMSBERRY

ਅਰਜੁਨ ਸੁਬਰਮਣੀਅਮ ਅੱਗੇ ਲਿਖਦੇ ਹਨ, ''ਜਦੋਂ ਭਾਰਤੀ ਫ਼ੌਜੀ ਸੀਆਚਿਨ ਵਿੱਚ ਉਤਰ ਰਹੇ ਸਨ, ਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹ ਜਨਰਲ ਜ਼ਿਆ ਉੱਲ ਹੱਕ ਸਕਰਦੂ ਵਿੱਚ ਇੱਕ ਬਟਾਲੀਅਨ ਬੁਰਜ਼ਿਲ ਫੋਰਸ ਨੂੰ ਸਿਆਚਿਨ ਵਿੱਚ ਰਹਿਣ ਦੀ ਟਰੇਨਿੰਗ ਦਿਵਾ ਰਹੇ ਸਨ।”

“ਯੋਜਨਾ ਸੀ ਕਿ ਉਨ੍ਹਾਂ ਨੂੰ ਅਪ੍ਰੈਲ ਜਾਂ ਮਈ ਵਿੱਚ ਉੱਥੇ ਭੇਜਿਆ ਜਾਵੇਗਾ ਪਰ ਭਾਰਤੀ ਫ਼ੌਜੀ ਉਨ੍ਹਾਂ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ। ਬੁਰਜ਼ਿਲ ਫੋਰਸ ਨੇ ਪਹਿਲੀ ਵਾਰ 25 ਅਪ੍ਰੈਲ 1984 ਨੂੰ ਭਾਰਤੀ ਫ਼ੌਜੀਆਂ 'ਤੇ ਹਮਲਾ ਕੀਤਾ, ਪਰ ਭਾਰਤੀ ਫ਼ੌਜੀਆਂ ਨੇ ਉਸ ਨੂੰ ਨਾਕਾਮਯਾਬ ਕਰ ਦਿੱਤਾ।''

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਵੀ ਉਸ ਜ਼ਮਾਨੇ ਵਿੱਚ ਉੱਥੇ ਤਾਇਨਾਤ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਹ ਆਪਣੀ ਆਤਮਕਥਾ 'ਇਨ ਦਿ ਲਾਈਨ ਆਫ ਫਾਇਰ' ਵਿੱਚ ਲਿਖਦੇ ਹਨ, ''ਅਸੀਂ ਸਲਾਹ ਦਿੱਤੀ ਕਿ ਅਸੀਂ ਉੱਥੇ ਮਾਰਚ ਵਿੱਚ ਜਾਈਏ, ਪਰ ਉੱਤਰੀ ਖੇਤਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਨੇ ਇਹ ਕਹਿ ਕੇ ਮੇਰੀ ਸਲਾਹ ਦਾ ਵਿਰੋਧ ਕੀਤਾ ਕਿ ਦੁਰਗਮ ਇਲਾਕਾ ਅਤੇ ਖਰਾਬ ਮੌਸਮ ਹੋਣ ਕਾਰਨ ਸਾਡੇ ਸੈਨਿਕ ਉੱਥੇ ਮਾਰਚ ਵਿੱਚ ਨਹੀਂ ਪਹੁੰਚ ਸਕਦੇ।”

“ਉਨ੍ਹਾਂ ਦੀ ਸਲਾਹ ਸੀ ਕਿ ਅਸੀਂ ਉੱਥੇ ਪਹਿਲੀ ਮਈ ਨੂੰ ਜਾਈਏ। ਉਹ ਕਿਉਂਕਿ ਕਮਾਂਡਰ ਸਨ, ਇਸ ਲਈ ਉਨ੍ਹਾਂ ਦੀ ਗੱਲ ਮੰਨੀ ਗਈ। ਇੱਥੇ ਸਾਡੇ ਤੋਂ ਗ਼ਲਤੀ ਹੋਈ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਭਾਰਤੀਆਂ ਨੇ ਉੱਥੇ ਪਹਿਲਾਂ ਤੋਂ ਹੀ ਚੋਟੀਆਂ 'ਤੇ ਕਬਜ਼ਾ ਪੱਕਾ ਕੀਤਾ ਹੋਇਆ ਸੀ।”

ਪਰਵੇਜ ਮੁਸ਼ਰਫ਼

ਤਸਵੀਰ ਸਰੋਤ, CHRIS HONDROS

ਦੋ ਹਫ਼ਤੇ ਤੱਕ ਸੈਨਿਕ ਦੀ ਲਾਸ਼ ਥੱਲੇ ਨਾ ਭੇਜੀ ਜਾ ਸਕੀ

ਸੀਆਚਿਨ 'ਤੇ ਚੌਕੀਆਂ ਬਣਾ ਲੈਣ ਨਾਲੋਂ ਜ਼ਿਆਦਾ ਮੁਸ਼ਕਿਲ ਸੀ, ਉੱਥੇ ਜ਼ੀਰੋ ਤੋਂ 30-40 ਡਿਗਰੀ ਹੇਠ ਤਾਪਮਾਨ ਵਿੱਚ ਟਿਕੇ ਰਹਿਣਾ। ਇਸ ਤੋਂ ਵੀ ਜ਼ਿਆਦਾ ਮੁਸ਼ਕਲ ਸੀ ਮਾਰੇ ਗਏ ਫ਼ੌਜੀਆਂ ਦੀਆਂ ਲਾਸ਼ਾਂ ਨੂੰ ਥੱਲੇ ਲੈ ਕੇ ਜਾਣਾ।

ਨੱਬੇ ਦੇ ਦਹਾਕੇ ਵਿੱਚ ਸੋਨਮ ਸੈਡਿਲ 'ਤੇ ਇੱਕ ਗੋਰਖਾ ਸੈਨਿਕ ਦੀ ਐੱਚਏਪੀਈ ਬਿਮਾਰੀ ਨਾਲ ਮੌਤ ਹੋ ਗਈ।

ਉਨ੍ਹਾਂ ਦੀ ਲਾਸ਼ ਨੂੰ ਹੈਲੀਪੈਡ ਤੱਕ ਲਿਆਂਦਾ ਗਿਆ ਤਾਂ ਜੋ ਉਸ ਨੂੰ ਬੇਸ ਕੈਂਪ 'ਤੇ ਭੇਜਿਆ ਜਾ ਸਕੇ, ਪਰ ਪਾਇਲਟ ਕੁਝ ਲਾਜ਼ਮੀ ਵਸਤੂਆਂ ਨੂੰ ਪਹੁੰਚਾਉਣ ਵਿੱਚ ਰੁੱਝੇ ਹੋਏ ਸਨ। ਇਸ ਲਈ ਉਨ੍ਹਾਂ ਨੇ ਕਿਹਾ ਕਿ ਉਹ ਸ਼ਾਮ ਤੱਕ ਹੀ ਲਾਸ਼ ਨੂੰ ਲਿਜਾ ਸਕਣਗੇ।

ਨਿਤਿਨ ਗੋਖਲੇ ਆਪਣੀ ਕਿਤਾਬ 'ਬਿਓਂਡ ਐੱਨ ਜੇ 9842 ਦਿ ਸੀਆਚਿਨ ਸਾਗਾ' ਵਿੱਚ ਲਿਖਦੇ ਹਨ, ''ਜਦੋਂ ਸ਼ਾਮ ਹੋਈ ਤਾਂ ਪਾਇਲਟ ਨੇ ਕਿਹਾ ਕਿ ਉਨ੍ਹਾਂ ਦਾ ਤੇਲ ਖਤਮ ਹੋ ਰਿਹਾ ਹੈ, ਇਸ ਲਈ ਉਹ ਅਗਲੇ ਦਿਨ ਲਾਸ਼ ਨੂੰ ਲੈ ਕੇ ਜਾਣਗੇ। ਅਗਲੇ ਦਿਨ ਕੁਝ ਹੋਰ ਜ਼ਰੂਰੀ ਕੰਮ ਆ ਗਏ। ਇਸ ਤਰ੍ਹਾਂ ਲਾਸ਼ ਦਾ ਥੱਲੇ ਲੈ ਜਾਣਾ ਲਗਾਤਾਰ ਦੋ ਹਫ਼ਤਿਆਂ ਤੱਕ ਟਲਦਾ ਰਿਹਾ। ਹਰ ਦਿਨ ਗੋਰਖਾ ਆਪਣੇ ਸਾਥੀ ਦੀ ਲਾਸ਼ ਨੂੰ ਹੈਲੀਪੈਡ ਤੱਕ ਲਿਆਉਂਦੇ।”

“ਹੈਲੀਕਾਪਟਰ ਵਿੱਚ ਜਗ੍ਹਾ ਨਾ ਹੋਣ ਕਾਰਨ ਵਾਪਸ ਲੈ ਜਾਂਦੇ। ਆਪਣੇ ਮਰਹੂਮ ਸਾਥੀ ਦੀ ਲਾਸ਼ ਨੂੰ ਵੀਹ ਦਿਨਾਂ ਤੱਕ ਬੰਕਰ ਵਿੱਚ ਆਪਣੇ ਨਾਲ ਰੱਖਣ ਦਾ ਅਸਰ ਇਹ ਹੋਇਆ ਕਿ ਉਨ੍ਹਾਂ ਨੂੰ ਵਹਿਮ ਹੋ ਗਿਆ। ਉਹ ਉਸ ਫ਼ੌਜੀ ਨਾਲ ਇਸ ਤਰ੍ਹਾਂ ਵਿਹਾਰ ਕਰਨ ਲੱਗੇ ਜਿਵੇਂ ਉਹ ਹੁਣ ਵੀ ਜਿਊਂਦਾ ਹੋਵੇ।”

“ਉਹ ਉਸ ਦਾ ਖਾਣਾ ਤੱਕ ਵੱਖਰਾ ਰੱਖਣ ਲੱਗੇ। ਜਦੋਂ ਅਫ਼ਸਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਲਾਸ਼ ਨੂੰ ਪੀ-1 ਯਾਨੀ ਪ੍ਰਿਫਰੈਂਸ ਵਨ (ਪਹਿਲੀ ਪਹਿਲ) ਐਲਾਨ ਕਰਾਇਆ। ਤਾਂ ਜਾ ਕੇ ਉਸ ਨੂੰ ਥੱਲੇ ਭੇਜਿਆ ਜਾ ਸਕਿਆ।''

'ਬਿਓਂਡ ਐੱਨ ਜੇ 9842 ਦਿ ਸਿਆਚਿਨ ਸਾਗਾ' ਕਿਤਾਬ ਦਾ ਸਵਰਕ

ਤਸਵੀਰ ਸਰੋਤ, BLOOMSBERRY

ਤਸਵੀਰ ਕੈਪਸ਼ਨ, 'ਬਿਓਂਡ ਐੱਨ ਜੇ 9842 ਦਿ ਸੀਆਚਿਨ ਸਾਗਾ' ਕਿਤਾਬ ਦਾ ਸਵਰਕ

ਲਾਸ਼ ਆਕੜਨ ਕਾਰਨ ਹੈਲੀਕਾਪਟਰ ਵਿੱਚ ਰੱਖਣਾ ਮੁਸ਼ਕਿਲ

ਲਾਸ਼ਾਂ ਨੂੰ ਥੱਲੇ ਲੈ ਜਾਣ ਦੀਆਂ ਪਾਇਲਟਾਂ ਦੀਆਂ ਆਪਣੀਆਂ ਕਹਾਣੀਆਂ ਹਨ। ਕਈ ਵਾਰ ਲਾਸ਼ਾਂ ਆਕੜ ਜਾਂਦੀਆਂ ਸਨ। ਚੇਤਕ ਹੈਲੀਕਾਪਟਰ ਉਂਜ ਵੀ ਇੰਨੇ ਛੋਟੇ ਹੁੰਦੇ ਹਨ ਕਿ ਉਨ੍ਹਾਂ ਵਿੱਚ ਇੱਕ ਲਾਸ਼ ਨੂੰ ਬਹੁਤ ਮੁਸ਼ਕਲ ਨਾਲ ਹੀ ਰੱਖਿਆ ਜਾ ਸਕਦਾ ਹੈ।

ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਫ਼ੌਜੀਆਂ ਨੂੰ ਆਪਣੇ ਸਾਥੀਆਂ ਦੀਆਂ ਲਾਸ਼ਾਂ ਦੀਆਂ ਹੱਡੀਆਂ ਨੂੰ ਤੋੜਨਾ ਤੱਕ ਪਿਆ ਹੈ ਤਾਂ ਕਿ ਉਨ੍ਹਾਂ ਨੂੰ ਸਲੀਪਿੰਗ ਬੈਗ ਵਿੱਚ ਰੱਖ ਕੇ ਹੈਲੀਕਾਪਟਰਾਂ ਨਾਲ ਥੱਲੇ ਭੇਜਿਆ ਜਾ ਸਕੇ।

ਬ੍ਰਿਗੇਡੀਅਰ ਆਰ. ਈ. ਵਿਲੀਅਮਜ਼ ਨੇ ਇੱਕ ਕਿਤਾਬ ਲਿਖੀ ਹੈ 'ਦਿ ਲੌਂਗ ਰੋਡ ਟੂ ਸਿਆਚਿਨ: ਦਿ ਕੁਅਸ਼ਚਨ ਵਾਈ' ਜਿਸ ਵਿੱਚ ਉਹ ਲਿਖਦੇ ਹਨ, ''ਜੀਵਤ ਜ਼ਖ਼ਮੀ ਲੋਕਾਂ ਨੂੰ ਹੇਠ ਲੈ ਜਾਣਾ ਇੰਨਾ ਮੁਸ਼ਕਿਲ ਕੰਮ ਨਹੀਂ ਸੀ ਜਿੰਨਾ ਮ੍ਰਿਤਕਾਂ ਨੂੰ ਹੇਠ ਲੈ ਜਾਣਾ।“

“ਕਈ ਵਾਰ ਸਾਨੂੰ ਲਾਸ਼ ਨੂੰ ਗੈਰ-ਮਨੁੱਖੀ ਅਤੇ ਅਸਨਮਾਨਜਨਕ ਤਰੀਕੇ ਨਾਲ ਰੱਸੀ ਨਾਲ ਬੰਨ੍ਹ ਕੇ ਹੇਠਲੇ ਇਲਾਕੇ ਵੱਲ ਲੁੜ੍ਹਕਾਉਣ ਲਈ ਮਜਬੂਰ ਹੋਣਾ ਪੈਂਦਾ ਸੀ। ਇਸ ਦਾ ਕੋਈ ਵਿਕਲਪ ਨਹੀਂ ਹੁੰਦਾ ਸੀ ਕਿਉਂਕਿ ਲਾਸ਼ ਨੂੰ ਕਈ ਦਿਨਾਂ ਤੱਕ ਉਸੀ ਜਗ੍ਹਾ ਰੱਖਣ ਨਾਲ ਉਸ ਵਿੱਚ ਆਕੜਨ ਆ ਜਾਂਦੀ ਸੀ ਅਤੇ ਉਹ ਬਿਲਕੁਲ ਚੱਟਾਨ ਵਰਗੀ ਸਖ਼ਤ ਹੋ ਜਾਂਦੀ ਸੀ।''

ਹੈਲੀਕਾਪਟਰ

ਤਸਵੀਰ ਸਰੋਤ, BLOOMSBERRY

ਬਰਫ਼ ਵਿੱਚ ਧਸਣ ਦੀ ਕਹਾਣੀ

ਲੈਫਟੀਨੈਂਟ ਕਰਨਲ ਸਾਗਰ ਪਟਵਰਧਨ ਆਪਣੀ ਯੂਨਿਟ 6 ਜਾਟ ਨਾਲ 1993-94 ਵਿੱਚ ਸੀਆਚਿਨ ਗਲੇਸ਼ੀਅਰ 'ਤੇ ਤਾਇਨਾਤ ਸਨ। ਇੱਕ ਵਾਰ ਜਦੋਂ ਉਹ ਪਿਸ਼ਾਬ ਕਰਨ ਲਈ ਟੈਂਟ ਤੋਂ ਬਾਹਰ ਨਿਕਲੇ ਤਾਂ ਉਹ ਤਾਜ਼ੀ ਪਈ ਬਰਫ਼ ਵਿੱਚ ਕਮਰ ਤੱਕ ਧਸ ਗਏ।

ਪਟਵਰਧਨ ਦੱਸਦੇ ਹਨ, ''ਜਦੋਂ ਮੈਂ ਉਸ ਬਰਫ਼ ਦੇ ਢੇਰ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਢਿੱਲਾ ਬੰਨ੍ਹਿਆ ਹੋਇਆ ਜੁੱਤਾ ਇੱਕ ਸੁਰਾਖ ਵਿੱਚ ਫਸ ਗਿਆ। ਜਦੋਂ ਮੈਂ ਬਹੁਤ ਮੁਸ਼ਕਿਲ ਨਾਲ ਆਪਣਾ ਪੈਰ ਉਸ ਜੁੱਤੇ ਵਿੱਚ ਪਾਇਆ ਤਾਂ ਉਹ ਬਰਫ਼ ਨਾਲ ਭਰ ਚੁੱਕਿਆ ਸੀ।“

“ਹਾਲਾਂਕਿ ਮੈਂ ਆਪਣੇ ਤੰਬੂ ਤੋਂ ਸਿਰਫ਼ 10 ਮੀਟਰ ਦੂਰ ਸੀ। ਚੀਕਾਂ ਮਾਰਨ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਹਵਾ ਇੰਨੀ ਤੇਜ਼ੀ ਨਾਲ ਚੱਲ ਰਹੀ ਸੀ ਕਿ ਮੇਰੀ ਆਵਾਜ਼ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੀ ਸੀ। ਖ਼ੈਰ ਮੈਂ ਕਿਵੇਂ ਨਾ ਕਿਵੇਂ ਆਪਣੇ ਫਸੇ ਹੋਏ ਪੈਰ ਨੂੰ ਕੱਢਿਆ ਅਤੇ ਡਿੱਗਦੇ ਢਹਿੰਦੇ ਨੇ ਤੰਬੂ ਤੱਕ ਪਹੁੰਚ ਕੇ ਮਦਦ ਮੰਗੀ।”

“ਮੈਨੂੰ ਤੁਰੰਤ ਸਲੀਪਿੰਗ ਬੈਗ ਵਿੱਚ ਲਿਟਾਇਆ ਗਿਆ ਅਤੇ ਮੈਨੂੰ ਗਰਮ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਗਈ। ਪਹਿਲੀ ਤਰਜੀਹ ਸੀ ਮੇਰੇ ਪੈਰ ਨੂੰ ਬਚਾਉਣਾ ਜੋ ਕਿ ਬਰਫ਼ ਦੇ ਸੰਪਰਕ ਵਿੱਚ ਆ ਚੁੱਕਿਆ ਸੀ।”

“ਮੇਰੇ ਸਾਥੀਆਂ ਨੇ ਸਟੋਵ ਜਲਾ ਕੇ ਬਰਫ਼ ਪਿਘਲਾਉਣੀ ਸ਼ੁਰੂ ਕਰ ਦਿੱਤੀ। ਮੈਂ ਆਪਣੀਆਂ ਗਿੱਲੀਆਂ ਜੁਰਾਬਾਂ ਉਤਾਰੀਆਂ ਅਤੇ ਤੇਜ਼ੀ ਨਾਲ ਆਪਣੇ ਪੈਰ ਮਲਣ ਲੱਗਿਆ। ਤਿੰਨ ਘੰਟੇ ਬਾਅਦ ਕਿਧਰੇ ਜਾ ਕੇ ਮੈਂ ਦੁਬਾਰਾ ਪਹਿਲਾਂ ਵਰਗਾ ਹੋ ਸਕਿਆ।”

ਸਿਆਚਿਨ ਵਿੱਚ ਮੁਸਤੈਦ ਭਾਰਤੀ ਫ਼ੌਜੀ

ਤਸਵੀਰ ਸਰੋਤ, BLOOMSBERRY

ਤਸਵੀਰ ਕੈਪਸ਼ਨ, ਸਿਆਚਿਨ ਵਿੱਚ ਮੁਸਤੈਦ ਭਾਰਤੀ ਫ਼ੌਜੀ

ਖਾਣਾ ਬਣਾਉਣ ਵਿੱਚ ਦਿੱਕਤ

ਸੀਆਚਿਨ ਵਿੱਚ ਤਾਇਨਾਤ 2 ਬਿਹਾਰ ਟੁਕੜੀ ਦੇ ਹੌਲਦਾਰ ਰਾਜੀਵ ਕੁਮਾਰ ਨੇ ਨਿਤਿਨ ਗੋਖਲੇ ਨੂੰ ਦੱਸਿਆ, ''ਉੱਥੇ ਸਭ ਤੋਂ ਵੱਡੀ ਮੁਸੀਬਤ ਹੈ ਖਾਣਾ ਬਣਾਉਣਾ। ਚਾਵਲ ਪਕਾਉਣ ਲਈ ਪ੍ਰੈੱਸ਼ਰ ਕੂਕਰ ਦੀਆਂ 21 ਸੀਟੀਆਂ ਲਵਾਉਣੀਆਂ ਪੈਂਦੀਆਂ ਹਨ।''

ਹਾਲਾਂਕਿ ਸੈਨਾ ਵੱਲੋਂ ਹਰ ਫ਼ੌਜੀ ਨੂੰ ਹਾਈ ਪ੍ਰੋਟੀਨ ਡਾਈਟ ਦਿੱਤੀ ਜਾਂਦੀ ਹੈ, ਪਰ ਉੱਥੇ ਕੋਈ ਵੀ ਉਸ ਨੂੰ ਨਹੀਂ ਖਾਂਦਾ ਕਿਉਂਕਿ ਉੱਥੇ ਭੁੱਖ ਹੀ ਨਹੀਂ ਲੱਗਦੀ। ਬਹੁਤ ਸਾਰੇ ਫ਼ੌਜੀਆਂ ਦੀ ਚਮੜੀ ਦਾ ਰੰਗ ਕਾਲਾ ਪੈ ਜਾਂਦਾ ਹੈ। ਉੱਥੇ ਤਾਇਨਾਤ ਜ਼ਿਆਦਾਤਰ ਫ਼ੌਜੀ ਨੀਂਦ ਨਾ ਆਉਣ ਦੀ ਸ਼ਿਕਾਇਤ ਕਰਦੇ ਹਨ।

ਡਾਕਟਰਾਂ ਦਾ ਮੰਨਣਾ ਹੈ ਕਿ ਨੀਂਦ ਨਾ ਆਉਣ ਦਾ ਮੁੱਖ ਕਾਰਨ ਆਕਸੀਜਨ ਦੀ ਕਮੀ ਹੋਣਾ ਹੈ। ਆਮ ਤੌਰ 'ਤੇ ਫ਼ੌਜੀਆਂ ਨੂੰ ਉਨ੍ਹਾਂ ਦੀ ਸੀਆਚਿਨ ਦੀ ਤਾਇਨਾਤੀ ਦੌਰਾਨ ਆਮਤੌਰ 'ਤੇ ਗਰਮ ਜੁਰਾਬਾਂ ਦੇ ਨੌਂ ਜੋੜੇ ਦਿੱਤੇ ਜਾਂਦੇ ਹਨ। ਜੋ ਉਨ੍ਹਾਂ ਦੀ ਵਰਤੋਂ ਨਹੀਂ ਕਰਦੇ ਉਨ੍ਹਾਂ ਨੂੰ ਕਾਫ਼ੀ ਤਕਲੀਫ਼ ਚੁੱਕਣੀ ਪੈਂਦੀ ਹੈ।

ਸੀਆਚਿਨ ਵਿੱਚ ਕਮਾਂਡਰ ਰਹਿ ਚੁੱਕੇ ਲੈਫਟੀਨੈਂਟ ਜਨਰਲ ਪੀ. ਸੀ. ਕਟੋਚ ਦੱਸਦੇ ਹਨ, ''ਇੱਕ ਵਾਰ ਮੈਂ ਸੈਂਟਰਲ ਗਲੇਸ਼ੀਅਰ ਦੀ ਚੌਕੀ 'ਤੇ ਰੁਕਿਆ ਹੋਇਆ ਸੀ। ਮੈਂ ਅਗਲੇ ਦਿਨ ਅੱਗੇ ਦੀ ਇੱਕ ਚੌਕੀ 'ਤੇ ਜਾਣਾ ਸੀ। ਮੈਂ ਸੂਰਜ ਚੜ੍ਹਨ ਤੋਂ ਇੱਕ ਘੰਟਾ ਪਹਿਲਾਂ ਚੱਲਣਾ ਸ਼ੁਰੂ ਕੀਤਾ। ਯਾਤਰਾ ਦਾ ਪਹਿਲਾ ਪੜਾਅ ਸਨੋ ਸਕੂਟਰ ਨਾਲ ਤੈਅ ਕੀਤਾ ਗਿਆ।"

"ਆਪਣੀ ਬੇਵਕੂਫ਼ੀ ਵਿੱਚ ਮੈਂ ਆਪਣੇ ਆਪ ਨੂੰ ਬਰਫ਼ੀਲੀਆਂ ਹਵਾਲਾਂ ਤੋਂ ਬਚਾਉਣ ਲਈ ਇੱਕ ਊਨੀ ਕਨਟੋਪ ਪਹਿਨ ਲਿਆ…ਕੁਝ ਦੇਰ ਵਿੱਚ ਮੈਨੂੰ ਲੱਗਿਆ ਕਿ ਮੇਰੇ ਕੰਨ ਹੀ ਨਹੀਂ ਹਨ। ਸ਼ਾਮ ਤੱਕ ਜਦੋਂ ਮੈਂ ਹੈਲੀਕਾਪਟਰ ਤੋਂ ਬੇਸ ਕੈਂਪ 'ਤੇ ਪਰਤਿਆ ਤਾਂ ਮੇਰੇ ਦੋਵੇਂ ਕੰਨਾਂ ਵਿੱਚ ਫਰੌਸਟ ਬਾਈਟ ਹੋ ਚੁੱਕਿਆ ਸੀ। ਮੈਨੂੰ ਇੰਨੀ ਤਕਲੀਫ਼ ਸੀ ਕਿ ਲਗਭਗ ਇੱਕ ਮਹੀਨੇ ਤੱਕ ਮੈਂ ਸੌਂਦੇ ਸਮੇਂ ਕਰਵਟ ਨਹੀਂ ਬਦਲ ਸਕਿਆ।''

ਸਿਆਚਿਨ

ਤਸਵੀਰ ਸਰੋਤ, HARPERSCOLLINS

ਪਾਕਿਸਤਾਨੀ ਚੌਕੀ ਵਿੱਚ ਅੱਗ

2 ਬਿਹਾਰ ਪਲਟਨ ਦੇ ਇੱਕ ਅਫ਼ਸਰ ਕੈਪਟਨ ਭਰਤ ਨੇ ਨਿਤਿਨ ਗੋਖਲੇ ਨੂੰ ਦੱਸਿਆ, ''ਸਾਡੀ ਪਹਿਲਵਾਨ ਚੌਕੀ ਤੋਂ 360 ਮੀਟਰ ਦੀ ਹੀ ਦੂਰੀ 'ਤੇ ਇੱਕ ਪਾਕਿਸਤਾਨੀ ਚੌਕੀ ਸੀ।"

"ਇੱਕ ਦਿਨ ਉਨ੍ਹਾਂ ਦੇ ਤੰਬੂ ਵਿੱਚ ਅੱਗ ਲੱਗ ਗਈ ਅਤੇ ਉਹ ਕੁਝ ਹੀ ਮਿੰਟਾਂ ਵਿੱਚ ਰਾਖ ਵਿੱਚ ਤਬਦੀਲ ਹੋ ਗਿਆ। ਕਿਉਂਕਿ ਸਾਡਾ ਤੰਬੂ ਬਿਲਕੁਲ ਨਜ਼ਦੀਕ ਸੀ, ਇਸ ਲਈ ਅਸੀਂ ਉੱਚੀ ਦੇਣੇ ਪੁੱਛਿਆ ਕਿ ਕੀ ਅਸੀਂ ਤੁਹਾਡੀ ਮਦਦ ਕਰਨ ਲਈ ਆਈਏ?”

“(ਪਰ) ਉਨ੍ਹਾਂ ਨੇ ਸਾਡੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ। ਥੋੜ੍ਹੀ ਦੇਰ ਵਿੱਚ ਉਨ੍ਹਾਂ ਲਈ ਮਦਦ ਆ ਗਈ, ਪਰ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੱਥੇ ਸਾਡੀ ਚੌਕੀ 'ਤੇ ਸਾਡੇ ਹੈਲੀਕਾਪਟਰ ਲਗਭਗ ਰੋਜ਼ ਹੀ ਆਉਂਦੇ ਸਨ, ਉਨ੍ਹਾਂ ਦੇ ਉੱਥੇ ਮੇਰੇ ਉੱਥੇ 110 ਦਿਨ ਰਹਿਣ ਦੌਰਾਨ ਸਿਰਫ਼ ਦੋ ਵਾਰ ਹੀ ਹੈਲੀਕਾਪਟਰ ਆਏ। ਸਾਡੇ ਇੱਥੇ ਅਤੇ ਉਨ੍ਹਾਂ ਦੇ ਉੱਥੇ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ।''

ਸਿਆਚਿਨ

ਤਸਵੀਰ ਸਰੋਤ, ANADOLU AGENCY

ਤਸਵੀਰ ਕੈਪਸ਼ਨ, ਸਿਆਚਿਨ ਵਿੱਚ ਪਾਕਿਸਤਾਨੀ ਚੌਕੀ

ਫ਼ੇਫ਼ੜਿਆਂ ਅਤੇ ਦਿਮਾਗ਼ ਵਿੱਚ ਪਾਣੀ ਭਰਨਾ

ਕਸ਼ਮੀਰ ਵਿੱਚ ਕਮਾਂਡਰ ਰਹਿ ਚੁੱਕੇ ਜਨਰਲ ਅਤਾ ਹਸਨੈਨ ਯਾਦ ਕਰਦੇ ਹਨ, ''ਬਾਨਾ ਚੌਕੀ 'ਤੇ ਬਣਿਆ ਬਰਫ਼ ਦਾ ਬਿਸਤਰ ਇੱਕ ਤਿੰਨ ਟਾਇਰ ਦੇ ਡਿੱਬੇ ਦੀ ਬਰਥ ਦੇ ਬਰਾਬਰ ਰਿਹਾ ਹੋਵੇਗਾ, ਜਿਸ ਦੇ ਉੱਪਰ ਉੱਥੇ ਤਾਇਨਾਤ ਇਕਲੌਤਾ ਸੈਨਿਕ ਅਤੇ ਉਸ ਦਾ ਅਫ਼ਸਰ ਇੱਕ ਦੂਜੇ ਦੇ ਉੱਪਰ ਪੈਰ ਰੱਖ ਕੇ ਸੌਂਦੇ ਸਨ। ਜਵਾਨ ਦੇ ਉੱਪਰ ਪੈਰ ਰੱਖਣ ਦੀ ਪਹਿਲੀ ਵਾਰੀ ਅਫ਼ਸਰ ਦੀ ਹੁੰਦੀ ਸੀ।“

“ਥੋੜ੍ਹੀ ਦੇਰ ਬਾਅਦ ਜਵਾਨ ਆਪਣੇ ਅਫ਼ਸਰ ਨੂੰ ਕਹਿੰਦਾ ਸੀ-ਸਾਹਬ ਹੁਣ ਬਹੁਤ ਹੋ ਗਿਆ। ਹੁਣ ਜ਼ਿਆਦਾ ਵਜ਼ਨ ਹੋ ਰਿਹਾ ਹੈ। ਹੁਣ ਥੋੜ੍ਹੀ ਦੇਰ ਲਈ ਮੈਂ ਪੈਰ ਉੱਪਰ ਰੱਖਦਾ ਹਾਂ।''

ਸੀਆਚਿਨ ਗਲੇਸ਼ੀਅਰ 'ਤੇ ਮਨੁੱਖੀ ਸਰੀਰ ਨੂੰ ਘੱਟ ਆਕਸੀਜਨ, ਹੱਡ ਚੀਰਵੀਂ ਠੰਢ, ਅਲਟਰਾ ਵਾਇਲਟ ਰੇਡੀਏਸ਼ਨ ਦੇ ਇਲਾਵਾ ਬਹੁਤ ਘੱਟ ਨਮੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਦੇ ਇਲਾਵਾ ਲੰਬੇ ਸਮੇਂ ਤੱਕ ਅਲੱਗ-ਥਲੱਗ ਰਹਿਣਾ, ਹਮੇਸ਼ਾ ਟਿਨ ਬੰਦ ਖਾਣੇ 'ਤੇ ਨਿਰਭਰ ਰਹਿਣਾ, ਸਾਫ਼ ਪੀਣ ਦਾ ਪਾਣੀ ਮਿਲਣ ਵਿੱਚ ਦਿੱਕਤ, ਬਿਜਲੀ ਦੇ ਬਿਨਾਂ ਅਸਥਾਈ ਤੰਬੂਆਂ ਵਿੱਚ ਰਹਿਣਾ ਅਤੇ ਹਮੇਸ਼ਾ ਦੁਸ਼ਮਣ ਦੇ ਹਮਲੇ ਦਾ ਡਰ ਬਣਿਆ ਰਹਿਣਾ ਭਾਰਤੀ ਫ਼ੌਜੀਆਂ ਦਾ ਬਹੁਤ ਵੱਡਾ ਇਮਤਿਹਾਨ ਲੈਂਦੇ ਹਨ।

ਸਿਆਚਿਨ ਦੀ ਉੱਚਾਈ 'ਤੇ ਇੱਕ ਤੰਦਰੁਸਤ ਸੈਨਿਕ ਦੇ ਫ਼ੇਫ਼ੜਿਆਂ ਵਿੱਚ ਆਕਸੀਜਨ ਦਾ ਪੱਧਰ ਸਮੁੰਦਰ ਦੇ ਪੱਧਰ 'ਤੇ ਰਹਿਣ ਵਾਲੇ ਬੁਰੀ ਤਰ੍ਹਾਂ ਨਾਲ ਫੇਫੜਿਆਂ ਦੀ ਬਿਮਾਰੀ ਨਾਲ ਜੂਝ ਰਹੇ ਵਿਅਕਤੀ ਦੇ ਬਰਾਬਰ ਹੁੰਦਾ ਹੈ।

ਉੱਥੇ ਭਾਰਤੀ ਫ਼ੌਜੀਆਂ ਨੂੰ ਫ਼ੇਫ਼ੜਿਆਂ ਦੀ ਬਿਮਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਉਨ੍ਹਾਂ ਦੇ ਫੇਫੜਿਆਂ ਅਤੇ ਦਿਮਾਗ਼ ਵਿੱਚ ਪਾਣੀ ਜਮ੍ਹਾਂ ਹੋ ਜਾਣਾ।

ਇੱਕ ਜ਼ਮਾਨੇ ਵਿੱਚ ਉੱਥੇ ਤਾਇਨਾਤ 100 ਸੈਨਿਕਾਂ ਵਿੱਚੋਂ 15 ਨੂੰ ਜ਼ਿਆਦਾ ਉੱਚਾਈ 'ਤੇ ਹੋਣ ਵਾਲੀ ਬਿਮਾਰੀ ਹੇਪ (ਹਾਈ ਐਲਟੀਟੇਯੂਡ ਪੁਲਮੋਨਰੀ ਅਡੀਮਾ) ਹੋਇਆ ਕਰਦੀ ਸੀ, ਪਰ ਹੁਣ ਡਾਕਟਰਾਂ ਦੀ ਮਿਹਨਤ ਦੀ ਵਜ੍ਹਾ ਨਾਲ ਇਹ ਬਿਮਾਰੀ ਸਿਰਫ਼ 100 ਵਿੱਚੋਂ ਇੱਕ ਸੈਨਿਕ ਨੂੰ ਹੁੰਦੀ ਹੈ।

ਸਿਆਚਿਨ

ਤਸਵੀਰ ਸਰੋਤ, HARPERSCOLLINS

ਕਾਰਗਿਲ ਦੀ ਲੜਾਈ ਤੋਂ ਵੀ ਜ਼ਿਆਦਾ ਸੈਨਿਕ ਸੀਆਚਿਨ ਵਿੱਚ ਮਰੇ

ਸਿਆਚਿਨ ਵਿੱਚ ਅਜੇ ਵੀ ਮੌਤਾਂ ਹੁੰਦੀਆਂ ਹਨ ਪਰ ਇਨ੍ਹਾਂ ਵਿੱਚ ਜ਼ਿਆਦਾਤਰ ਮੌਤਾਂ ਹੁਣ ਹਾਦਸਾ ਹੀ ਹੁੰਦੀਆਂ ਹਨ।

ਸੀਆਚਿਨ ਤੋਂ ਵਾਪਸ ਪਰਤਣ ਦੇ ਬਾਅਦ ਸੈਨਿਕਾਂ ਨੂੰ ਸਭ ਤੋਂ ਜ਼ਿਆਦਾ ਸ਼ਿਕਾਇਤ ਹੁੰਦੀ ਹੈ ਵਜ਼ਨ ਘੱਟ ਹੋਣਾ, ਬਹੁਤ ਜ਼ਿਆਦਾ ਨੀਂਦ ਆਉਣਾ, ਚੀਜ਼ਾਂ ਨੂੰ ਭੁੱਲਣਾ ਅਤੇ ਯੋਨ ਸ਼ਕਤੀ ਵਿੱਚ ਕਮੀ ਆਉਣੀ।

ਇੱਕ ਅਨੁਮਾਨ ਅਨੁਸਾਰ ਭਾਰਤ ਸਰਕਾਰ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਦੇ ਮੋਰਚੇ 'ਤੇ ਰੋਜ਼ਾਨਾ 6 ਕਰੋੜ ਯਾਨੀ ਹਰ ਸਾਲ 2190 ਕਰੋੜ ਰੁਪਏ ਖਰਚ ਕਰਦੀ ਹੈ।

ਉੱਥੇ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਆਪਣੇ ਲਗਭਗ 5000 ਸੈਨਿਕ ਤਾਇਨਾਤ ਕਰਕੇ ਰੱਖੇ ਹਨ।

ਵੀਡੀਓ ਕੈਪਸ਼ਨ, ਕਾਰਗਿਲ ’ਚ ਪਾਕਿਸਤਾਨ ਹਾਰਿਆ ਕਿਉਂ: ਸਾਬਕਾ ਪਾਕ ਮੰਤਰੀ ਦਾ ਵਿਸ਼ਲੇਸ਼ਣ

ਭਾਰਤ ਨੇ ਇਨ੍ਹਾਂ ਸੈਨਿਕਾਂ ਲਈ ਵਿਸ਼ੇਸ਼ ਕੱਪੜਿਆਂ ਅਤੇ ਪਰਵਤਰੋਹੀ ਉਪਕਰਨਾਂ ਲਈ ਹੁਣ ਤੱਕ 7500 ਕਰੋੜ ਰੁਪਏ ਖਰਚ ਕੀਤੇ ਹਨ।

ਸੀਆਚਿਨ ਦੀ ਤਾਇਨਾਤੀ ਦੌਰਾਨ ਹਰ ਸੈਨਿਕ ਨੂੰ ਦਿੱਤੀ ਜਾਣ ਵਾਲੀ ਕਿੱਟ ਦਾ ਮੁੱਲ ਔਸਤਨ ਇੱਕ ਲੱਖ ਰੁਪਏ ਹੁੰਦਾ ਹੈ।

ਉਸ ਵਿੱਚ 28000 ਰੁਪਏ ਖ਼ਾਸ ਕੱਪੜਿਆਂ, 13000 ਰੁਪਏ ਵਿਸ਼ੇਸ਼ ਸਲੀਪਿੰਗ ਬੈਗ, 14000 ਰੁਪਏ ਦਸਤਾਨਿਆਂ ਅਤੇ 12500 ਰੁਪਏ ਜੁੱਤਿਆਂ ਦੇ ਇੱਕ ਜੋੜੇ 'ਤੇ ਖਰਚ ਹੁੰਦੇ ਹਨ।

1984 ਤੋਂ ਲੈ ਕੇ ਹੁਣ ਤੱਕ ਲਗਭਗ 869 ਭਾਰਤੀ ਸੈਨਿਕ ਸਿਆਚਿਨ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਚੁੱਕੇ ਹਨ ਜੋ ਕਿ ਕਾਰਗਿਲ ਯੁੱਧ ਵਿੱਚ ਮਾਰੇ ਗਏ ਸੈਨਿਕਾਂ ਦੀ ਸੰਖਿਆ ਤੋਂ ਕਿਧਰੇ ਜ਼ਿਆਦਾ ਹੈ।

ਇਨ੍ਹਾਂ ਵਿੱਚੋਂ 97 ਫੀਸਦੀ ਸੈਨਿਕ ਮੌਸਮ ਦੀ ਮਾਰ ਦੀ ਵਜ੍ਹਾ ਨਾਲ ਮਾਰੇ ਗਏ ਹਨ ਨਾ ਕਿ ਪਾਕਿਸਤਾਨ ਦੀ ਲੜਾਈ ਵਿੱਚ।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)