ਜੱਗੀ ਜੌਹਲ : ''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਇਨਾਂ ਕੈਮਰੇ 'ਤੇ ਬੁਲਾਈਆਂ''

ਤਸਵੀਰ ਸਰੋਤ, Free Jaggi Campaign
- ਲੇਖਕ, ਰਜਨੀ ਵੈਦਿਆਨਾਥਨ
- ਰੋਲ, ਬੀਬੀਸੀ ਪੱਤਰਕਾਰ
ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਜੋ ਕਿ ਅਪਰਾਧ ਸਾਬਤ ਹੋਏ ਬਿਨਾਂ ਹੀ ਤਿੰਨ ਸਾਲਾਂ ਤੋਂ ਭਾਰਤੀ ਜੇਲ੍ਹ 'ਚ ਬੰਦ ਹੈ, ਨੇ ਬੀਬੀਸੀ ਨੂੰ ਦੱਸਿਆ ਕਿ ਉਸ ਤੋਂ ਕੋਰੇ ਹਲਫੀਆਂ ਬਿਆਨ ਵਾਲੇ ਕਾਗਜ਼ ਉੱਤੇ ਹਸਤਾਖ਼ਰ ਕਰਵਾਉਣ ਲਈ ਤਸ਼ੱਦਦ ਢਾਹੇ ਗਏ।
ਡੰਬਰਟਨ ਵਾਸੀ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ ਹੈ, ਉਨ੍ਹਾਂ 'ਤੇ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਘੜਨ ਦਾ ਇਲਜ਼ਾਮ ਹੈ।
ਅਦਾਲਤੀ ਦਸਤਾਵੇਜ਼ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਪੈਸਿਆਂ ਦੀ ਮਦਦ ਕੀਤੀ ਅਤੇ ਮੰਨਿਆ ਕਿ ਉਹ 'ਦਹਿਸ਼ਤਗਰਦੀ ਗਿਹੋਰ' ਦੇ ਮੈਂਬਰ ਸਨ।
ਜੌਹਲ ਨੇ ਆਪਣੇ ਵਕੀਲ ਜ਼ਰੀਏ ਬੀਬੀਸੀ ਨੂੰ ਦੱਸਿਆ ਉਨ੍ਹਾਂ ਨੂੰ 'ਝੂਠਾ ਫ਼ਸਾਇਆ ਜਾ ਰਿਹਾ ਹੈ।'
ਜੇਲ੍ਹ ਤੋਂ ਇੱਕ ਵਰਚੁਅਲ ਮੀਟਿੰਗ ਦੌਰਾਨ ਬੀਬੀਸੀ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਦੇ ਵਕੀਲ ਰਾਹੀਂ ਪ੍ਰਾਪਤ ਕੀਤੇ ਗਏ।
ਇਨ੍ਹਾਂ ਜਵਾਬਾਂ ਵਿੱਚ 33 ਸਾਲਾਂ ਦੇ ਜੌਹਲ ਨੇ ਕਿਹਾ ਕਿ ਉਸ ਨੂੰ ਇੱਕ ਕੋਰੇ ਇਕਰਾਰਨਾਮੇ 'ਤੇ ਦਸਤਖ਼ਤ ਕਰਨ ਲਈ ਸਰੀਰਕ ਤਸ਼ੱਦਦ ਦਿੱਤੇ ਗਏ ਅਤੇ ਇੱਕ ਵੀਡੀਓ ਰਿਕਾਰਡ ਕਰਨ ਲਈ ਦਬਾਅ ਪਾਇਆ ਗਿਆ ਜਿਸ ਨੂੰ ਭਾਰਤੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਗਿਆ ਸੀ।
ਇਹ ਖ਼ਬਰਾਂ ਵੀ ਪੜ੍ਹੋ:
ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਕਿਹਾ, "ਉਨ੍ਹਾਂ ਨੇ ਅੰਤਾਂ ਦੇ ਤਸ਼ਦੱਦ ਦੇ ਡਰ 'ਚ ਮੇਰੇ ਤੋਂ ਕੁਝ ਖ਼ਾਲੀ ਕਾਗਜ਼ਾਂ 'ਤੇ ਦਸਤਖ਼ਤ ਕਰਵਾਏ ਅਤੇ ਕੈਮਰੇ ਮੂਹਰੇ ਕੁਝ ਲਾਈਨਾਂ ਬੋਲਣ ਲਈ ਕਿਹਾ।"
ਜੌਹਲ ਦੀ ਕਾਨੂੰਨੀ ਟੀਮ ਨੇ ਨਵੰਬਰ 2017 ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਥੋੜ੍ਹੀ ਦੇਰ ਬਾਅਦ ਇੱਕ ਹੱਥ ਲਿਖਤ ਪੱਤਰ ਵਿੱਚ ਜੋ ਕਿਹਾ ਸੀ, ਉਸ ਦੀ ਇੱਕ ਕਾਪੀ ਵੀ ਸਾਂਝੀ ਕੀਤੀ। ਇਸ ਪੱਤਰ ਵਿੱਚ ਤਸ਼ੱਦਦ ਕਿਵੇਂ ਵਾਪਰਿਆ ਦੇ ਇਲਜ਼ਾਮਾਂ ਦਾ ਵੇਰਵਾ ਦਿੱਤਾ ਗਿਆ ਹੈ।
ਜੇਲ੍ਹ 'ਚ ਤਸ਼ੱਦਦ ਦੇ ਇਲਜ਼ਾਮ
ਪੱਤਰ ਵਿੱਚ ਕਿਹਾ ਗਿਆ ਹੈ, "ਮੇਰੇ ਕੰਨਾਂ ਦੀ ਪੇਪੜੀ, ਨਿੱਪਲਾਂ ਅਤੇ ਅੰਦਰੂਨੀ ਹਿੱਸਿਆਂ 'ਤੇ ਕਰੋਕੋਡਾਈਲ ਕਲਿੱਪ ਲਗਾ ਕੇ ਬਿਜਲੀ ਦੇ ਝਟਕੇ ਦਿੱਤੇ ਗਏ। ਹਰ ਰੋਜ਼ ਕਈ ਝਟਕੇ ਦਿੱਤੇ ਜਾਂਦੇ ਸਨ।"
"ਦੋ ਲੋਕ ਮੇਰੀਆਂ ਲੱਤਾਂ ਫ਼ੈਲਾਉਂਦੇ ਸਨ, ਦੂਜਾ ਚਪੇੜ ਮਾਰਦਾ ਅਤੇ ਮੈਨੂੰ ਪਿੱਛੋਂ ਮਾਰਦਾ ਅਤੇ ਬਿਜਲੀ ਦੇ ਝਟਕੇ ਬੈਠੇ ਹੋਏ ਅਧਿਕਾਰੀਆਂ ਦੁਆਰਾ ਦਿੱਤੇ ਜਾਂਦੇ।"
"ਕਈ ਸਥਿਤੀਆਂ ਵਿੱਚ ਮੈਨੂੰ ਤੁਰਨ ਜੋਗਾ ਵੀ ਨਾ ਛੱਡਿਆ ਅਤੇ ਪੁੱਛਗਿੱਛ ਵਾਲੇ ਕਮਰੇ ਵਿੱਚ ਲੈ ਕੇ ਜਾਣਾ ਪਿਆ।"

ਤਸਵੀਰ ਸਰੋਤ, Free Jaggi Campaign
ਬੀਬੀਸੀ ਤਸ਼ਦੱਦ ਦੇ ਇੰਨ੍ਹਾਂ ਇਲਜ਼ਾਮਾਂ ਬਾਰੇ ਸੁਤੰਤਰ ਤੌਰ 'ਤੇ ਤਸਦੀਕ ਕਰਨ ਦੇ ਅਸਮਰੱਥ ਰਿਹਾ ਹੈ।
ਭਾਰਤੀ ਅਧਿਕਾਰੀਆਂ ਨੇ ਇਸ ਤੋਂ ਸਾਫ਼ ਤੌਰ 'ਤੇ ਇਨਕਾਰ ਕੀਤਾ ਅਤੇ ਕਿਹਾ, "ਜਿਸ ਤਰ੍ਹਾਂ ਦੇ ਦੁਰ-ਵਿਵਹਾਰ ਜਾਂ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਹਨ ਉਨ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈ।"
ਆਪਣੇ ਵਿਆਹ ਲਈ ਭਾਰਤ ਆਉਣਾ
ਜੌਹਲ ਅਕਤੂਬਰ 2017 ਵਿੱਚ ਆਪਣੇ ਵਿਆਹ ਵਾਸਤੇ ਭਾਰਤ ਆਏ ਸਨ।
ਸਮਾਗਮ ਦੀ ਵੀਡੀਓ ਵਿੱਚ ਲਾੜਾ ਜਸ਼ਨ ਮਨਾਉਣ ਲਈ ਉਤਸ਼ਾਹ ਨਾਲ ਭੰਗੜੇ ਦੀਆਂ ਤਰਜ਼ਾਂ 'ਤੇ ਨੱਚ ਰਿਹਾ ਹੈ।
ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਦਾ ਹੱਥ ਫ਼ੜ੍ਹਿਆ ਹੋਇਆ ਹੈ, ਜਦੋਂ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਸਾਹਮਣੇ ਪਹਿਲੀ ਵਾਰ ਨੱਚੇ।
ਉਨ੍ਹਾਂ ਦਾ ਭਰਾ ਗੁਰਪ੍ਰੀਤ ਸਿੰਘ ਜੌਹਲ ਯਾਦ ਕਰਦਾ ਹੈ, "ਇਹ ਸਾਡੇ ਲਈ ਖ਼ੁਸ਼ੀ ਭਰਿਆ ਦਿਨ ਸੀ, ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ।"
ਪਰ 15 ਦਿਨਾਂ ਬਾਅਦ, ਜਦੋਂ ਜੌਹਲ ਪੰਜਾਬ ਵਿੱਚ ਆਪਣੀ ਪਤਨੀ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਦੁਆਰਾ ਫ਼ੜ ਲਏ ਗਏ ਅਤੇ ਉਸ ਦੇ ਬਾਅਦ ਤੋਂ ਨਜ਼ਰਬੰਦ ਹਨ।
ਸਿੱਖਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ
ਉਨ੍ਹਾਂ ਦਾ ਭਰਾ ਗੁਰਪ੍ਰੀਤ ਜੋ ਸਕੌਟਲੈਂਡ ਵਾਸੀ ਹੈ, ਨੇ ਦੱਸਿਆ, ਜੌਹਲ ਇੱਕ ਸ਼ਾਂਤਮਈ ਕਾਰਕੁਨ ਸੀ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਸਿੱਖਾਂ ਖ਼ਿਲਾਫ਼ ਹੋਈ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ।
ਗੁਰਪ੍ਰੀਤ ਕਹਿੰਦੇ ਹਨ, "ਮੈਂ ਮੰਨਦਾ ਹਾਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਬੜਬੋਲਾ ਸੀ। ਮੈਂ ਮੰਨਦਾ ਹਾਂ ਕਿ ਉਹ ਮਸੂਮ ਹੈ ਅਤੇ ਜਦੋਂ ਇੱਕ ਵਾਰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਹ ਬੇਕਸੂਰ ਸਾਬਤ ਹੋ ਜਾਵੇਗਾ।"

"ਨਹੀਂ ਤਾਂ ਭਾਰਤੀ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਉਸ ਨੂੰ ਰਿਹਾਅ ਕਰਨ ਅਤੇ ਉਸਨੂੰ ਉਸ ਦੇ ਦੇਸ ਨੂੰ ਵਾਪਸ ਸੌਂਪਣ।"
ਭਾਰਤੀ ਅਧਿਕਾਰੀਆਂ ਦੀਆਂ ਚਾਰਜਸ਼ੀਟਾਂ ਵਿੱਚ ਜੌਹਲ ਅਤੇ ਕੁਝ ਲੋਕਾਂ ਦੇ ਇੱਕ ਸਮੂਹ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਬਾਰੇ ਉਹ ਮੰਨਦੇ ਹਨ ਉਹ ਕਿ ਸੱਜੇ ਪੱਖੀ ਹਿੰਦੂ ਆਗੂਆਂ ਦੇ 'ਲੜੀਵਾਰ ਕਤਲਾਂ' ਵਿੱਚ ਸ਼ਾਮਲ ਸਨ
ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੌਹਲ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ (ਕੇਐੱਲਐੱਫ਼) ਦੇ ਮੈਂਬਰ ਸਨ ਅਤੇ ਦਸਤਾਵੇਜਾਂ ਵਿੱਚ 'ਅੱਤਵਾਦੀ ਗੈਂਗ' ਵਜੋਂ ਦਰਸਾਇਆ ਗਿਆ ਹੈ।
ਉਨ੍ਹਾਂ 'ਤੇ ਅਪਰਾਧ ਲਈ ਵਿੱਤੀ ਮਦਦ ਕਰਨ ਵਾਸਤੇ ਕੇਐੱਲਐੱਫ਼ ਦੇ ਸਾਬਕਾ ਮੁਖੀ ਨੂੰ 3000 ਪੌਂਡ ਦੇਣ ਦਾ ਇਲਜ਼ਾਮ ਹੈ।
ਦਸਤਾਵੇਜਾਂ ਵਿੱਚ ਦਾਅਵਾ ਕੀਤਾ ਗਿਆ ਹੈ, "ਉਨ੍ਹਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸਾਜ਼ਿਸ਼ ਬਾਰੇ ਪੂਰੀ ਜਾਣਕਾਰੀ ਸੀ।"
ਇੱਕ ਭਾਰਤੀ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਖ਼ਿਲਾਫ਼ ਕਤਲ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਸਮੇਤ ਬਹੁਤ ਗੰਭੀਰ ਇਲਜ਼ਾਮ ਹਨ।"
ਉਨ੍ਹਾਂ ਅੱਗੇ ਕਿਹਾ, "ਉਸ ਖ਼ਿਲਾਫ਼ ਇਲਜ਼ਾਮਾਂ ਦੀ ਗੰਭੀਰਤਾ ਨੂੰ ਬਰਤਾਨਵੀ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਹੈ।"
ਮੁਕੱਦਮੇ ਦਾ ਲੰਬਾ ਚੱਲਣਾ- ਇੱਕ ਚਿੰਤਾ
ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ,ਜੋ ਜੌਹਲ ਦੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਉਨ੍ਹਾਂ ਦੀ ਪ੍ਰਤੀਨਿਧਤਾ ਕਰ ਰਹੇ ਹਨ, ਨੇ ਬੀਬੀਸੀ ਨੂੰ ਦੱਸਿਆ ਕਿ ਜਿਸ ਤਰ੍ਹਾਂ ਭਾਰਤੀ ਕਾਨੂੰਨ ਪ੍ਰਣਾਲੀ ਤਹਿਤ ਮਾਮਲਾ ਲੰਬਾ ਖਿੱਚਦਾ ਜਾ ਰਿਹਾ ਹੈ, ਉਹ ਉਸ ਤੋਂ ਚਿੰਤਤ ਸਨ।
ਮੰਝਪੁਰ ਨੇ ਕਿਹਾ, "ਜਗਤਾਰ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਹੈ। ਆਮ ਤੌਰ 'ਤੇ ਜੇ ਪੈਰਵੀ ਕਰਨ ਵਾਲੇ ਚਾਹੁਣ ਤਾਂ ਉਹ ਇੰਨੇ ਸਮੇਂ ਵਿੱਚ ਮਾਮਲਾ ਨਿਬੇੜ ਸਕਦੇ ਹਨ।"

ਮੰਝਪੁਰ ਦਾ ਕਹਿਣਾ ਹੈ ਅਧਿਕਾਰੀਆਂ ਨੇ ਹਾਲੇ ਉਨ੍ਹਾਂ ਦੇ ਮੁਵੱਕਲ ਦੇ ਅਪਰਾਧ ਨਾਲ ਸਬੰਧਤ ਕੋਈ ਵੀ ਸਬੂਤ ਮੁਹੱਈਆ ਨਹੀਂ ਕਰਵਾਇਆ ਹੈ। ਉਨ੍ਹਾਂ ਡਰ ਜ਼ਾਹਿਰ ਕੀਤਾ ਕਿ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ, ਹਾਲਾਂਕਿ, ਅਧਿਕਾਰੀਆਂ ਨੇ ਇੰਨਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
ਕੁਝ ਹਫ਼ਤੇ ਪਹਿਲਾਂ ਜੌਹਲ 'ਤੇ ਇੱਕ ਹੋਰ ਅਪਰਾਧ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਲਗਾਏ ਗਏ।
ਜੇਲ੍ਹ ਵਿੱਚ ਹੁੰਦਿਆਂ ਹੀ ਉਨ੍ਹਾਂ ਨੂੰ ਅਕਤੂਬਰ 2020 ਵਿੱਚ ਇੱਕ ਵਿਅਕਤੀ ਦੇ ਕਤਲ ਦੀ ਸਾਜਿਸ਼ ਘੜਨ ਵਿੱਚ ਮਦਦ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਖ਼ਤ ਸੁਰੱਖਿਆ ਵਾਲੀ ਜੇਲ੍ਹ
ਮੰਝਪੁਰ ਦਾ ਕਹਿਣਾ ਹੈ, "ਉਹ ਇੱਕ ਸਖ਼ਤ ਸਰੱਖਿਆ ਵਾਲੀ ਜੇਲ੍ਹ ਵਿੱਚ ਹਨ, ਉਹ 24 ਘੰਟੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵਿੱਚ ਹਨ। ਉਹ ਕਿਸੇ ਨਾਲ ਵੀ ਕਿਵੇਂ ਰਾਬਤਾ ਕਰ ਸਕਦੇ ਹਨ?"
ਜੌਹਲ ਨੂੰ ਦਿੱਲੀ ਦੀ ਸਭ ਤੋਂ ਵੱਧ ਸੁਰੱਖਿਆ ਵਾਲੀ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅਕਸਰ ਇਕੱਲੇ ਕੈਦ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਉਸ ਨੂੰ ਉਹ ਸਹੂਲਤਾਂ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਜੋ ਹੋਰਨਾਂ ਕੈਦੀਆਂ ਨੂੰ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਗਰਮ ਪਾਣੀ।
ਉਹ ਕਹਿੰਦੇ ਹਨ, "ਅਜਿਹੀਆਂ ਸਥਿਤੀਆਂ ਵਿੱਚ ਰੱਖਕੇ, ਉਹ ਯਕੀਨੀ ਬਣਾ ਰਹੇ ਹਨ ਕਿ ਮੇਰੀ ਮਾਨਸਿਕ ਸਥਿਤੀ ਖ਼ਰਾਬ ਰਹੇ।"
ਉਹ ਕਹਿੰਦੇ ਹਨ,"ਇਥੇ ਰਹਿਣਾ ਬਹੁਤ ਔਖਾ ਹੈ।"
ਭਾਰਤ ਦੀਆਂ ਜੇਲ੍ਹਾਂ ਵਿੱਚ ਬਿਨਾ ਮੁਕੱਦਮਾ ਬੰਦ
ਜੇਲ੍ਹ ਵਿਚ ਬਹੁਤ ਸਾਰੇ ਕੈਦੀ ਜੌਹਲ ਦੀ ਤਰ੍ਹਾਂ ਹੀ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਬੰਦ ਹਨ, ਜਿਸ ਨੂੰ ਭਾਰਤ ਵਿਚ "ਅੰਡਰ ਟਰਾਇਲ" ਕਿਹਾ ਜਾਂਦਾ ਹੈ।
ਸਾਲ 2019 ਦੇ ਅੰਤ ਤੱਕ, ਤਿਹਾੜ ਜੇਲ੍ਹ ਵਿੱਚ ਬੰਦ 82 ਫ਼ੀਸਦ ਕੈਦੀ ਸਨ ਜਿਨ੍ਹਾਂ ਦੇ ਮੁਕੱਮਦੇ ਦੀ ਕਾਰਵਾਈ ਹਾਲੇ ਮੁਕੰਮਲ ਹੋਣੀ ਸੀ।
ਭਾਰਤ ਵਿੱਚ ਮੁਕੱਦਮੇ ਅਧੀਨ ਕੈਦੀਆਂ ਦੇ ਅਦਾਲਤ ਤੱਕ ਪਹੁੰਚਣ ਵਿੱਚ ਕਈ ਸਾਲ ਲੱਗ ਜਾਂਦੇ ਹਨ, ਖ਼ਾਸ ਕਰ ਦਹਿਸ਼ਤਗਰਦੀ ਦੇ ਮਾਮਲਿਆਂ ਵਿੱਚ ਜਿੰਨ੍ਹਾਂ ਵਿੱਚ ਜ਼ਮਾਨਤ ਲੈਣਾ ਬਹੁਤ ਔਖਾ ਹੈ। ਇਹ ਸਭ ਜੌਹਲ ਦੇ ਵਕੀਲ ਲਈ ਚਿੰਤਾ ਦਾ ਸਬੱਬ ਹੈ।
ਮੰਝਪੁਰ ਕਹਿੰਦੇ ਹਨ, "ਮੁਕੱਦਮਾ ਮੁਕੰਮਲ ਹੋਣ ਤੱਕ ਉਹ ਜੇਲ੍ਹ ਵਿੱਚ ਰਹੇਗਾ, ਅਜਿਹੇ ਮਾਮਲਿਆਂ ਵਿੱਚ ਪੰਜ ਤੋਂ 10 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।"
ਬਰਤਾਨਵੀ ਨਾਗਰਿਕ ਵਜੋਂ ਜੌਹਲ ਨੂੰ ਵਾਪਸ ਸੌਂਪਣ ਦੀ ਮੰਗ
ਮਨੁੱਖੀ ਅਧਿਕਾਰਾਂ ਦੀ ਚੈਰਿਟੀ ਰੀਪਰੀਵ ਨੇ ਬਰਤਾਨੀਆ ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਅਬ ਨੂੰ ਪੱਤਰ ਲਿਖਕੇ ਪੁੱਛਿਆ ਹੈ ਕਿ ਉਹ ਜੌਹਲ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਨ।
ਰੀਪਰੀਵ ਇਸ ਗੱਲ ਲਈ ਵੀ ਚਿੰਤਿਤ ਹੈ ਕਿ ਜੌਹਲ ਦੇ ਚੱਲਣ ਵਾਲੇ ਮੁਕੱਦਮੇ ਵਿੱਚ ਕੁਝ ਇਲਜ਼ਾਮ ਅਜਿਹੇ ਹਨ, ਜਿੰਨ੍ਹਾਂ ਲਈ ਵੱਧ ਤੋਂ ਵੱਧ ਸਜ਼ਾ ਮੌਤ ਦੀ ਹੋ ਸਕਦੀ ਹੈ। ਪਰ ਮਾਹਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਭਾਰਤ ਵਿੱਚ ਮੌਤ ਦੀ ਸਜ਼ਾ ਬਹੁਤ ਵਿਰਲੇ ਮਾਮਲਿਆਂ ਵਿੱਚ ਦਿੱਤੀ ਜਾਂਦੀ ਹੈ।

ਯੂਕੇ ਦੇ ਵਿਦੇਸ਼ੀ ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਨੇ ਬੀਬੀਸੀ ਨੂੰ ਦੱਸਿਆ ਕਿ ਰਾਅਬ ਨੇ ਦਸੰਬਰ ਵਿੱਚ ਆਪਣੇ ਭਾਰਤ ਦੌਰੇ ਦੌਰਾਨ ਆਪਣੇ ਹਮਰੁਤਬਾ ਅਧਿਕਾਰੀ ਕੋਲ ਮਾਮਲਾ ਚੁੱਕਿਆ ਸੀ।
ਇਸ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਭਾਰਤ ਸਰਕਾਰ ਨਾਲ ਉਸ ਦੇ ਕੇਸ ਬਾਰੇ ਲਗਾਤਾਰ ਚਿੰਤਾ ਜ਼ਾਹਰ ਕੀਤੀ ਹੈ, ਤਸ਼ੱਦਦ ਅਤੇ ਬਦਸਲੂਕੀ ਦੇ ਇਲਜ਼ਾਮਾਂ ਅਤੇ ਉਸ ਦੇ ਨਿਰਪੱਖ ਮੁਕੱਦਮੇ ਦੇ ਅਧਿਕਾਰ ਸਮੇਤ।"
"ਸਾਡੇ ਕਾਰਕੁਨ ਨੇ ਜਗਤਾਰ ਸਿੰਘ ਜੌਹਲ ਦੀ ਭਾਰਤ ਵਿਚ ਨਜ਼ਰਬੰਦੀ ਤੋਂ ਬਾਅਦ ਉਸਦਾ ਸਮਰਥਨ ਜਾਰੀ ਰੱਖਿਆ ਅਤੇ ਉਸਦੀ ਸਿਹਤ ਅਤੇ ਤੰਦਰੁਸਤੀ ਬਾਰੇ ਉਸਦੇ ਪਰਿਵਾਰ ਅਤੇ ਜੇਲ੍ਹ ਅਧਿਕਾਰੀਆਂ ਨਾਲ ਬਕਾਇਦਾ ਸੰਪਰਕ ਵਿੱਚ ਹਨ।"
ਪਰ ਜੌਹਲ ਦੇ ਭਰਾ ਗੁਰਪ੍ਰੀਤ ਦਾ ਕਹਿਣਾ ਹੈ ਪਰਿਵਾਰ ਹਾਲੇ ਵੀ ਵਿਦੇਸ਼ ਸਕੱਤਰ ਨਾਲ ਇੱਕ ਮੁਲਾਕਾਤ ਦੀ ਉਡੀਕ ਕਰ ਰਿਹਾ ਹੈ।

ਤਸਵੀਰ ਸਰੋਤ, Preet Kaur Gill/BBC
ਉਨ੍ਹਾਂ ਕਿਹਾ, "ਅਸੀਂ ਮੰਗ ਕਰ ਰਹੇ ਹਾਂ ਜਾਂ ਤਾਂ ਜਗਤਾਰ ਨੂੰ ਦੋਸ਼ੀ ਠਹਿਰਾਇਆ ਜਾਵੇ ਅਤੇ ਇੱਕ ਨਿਰਪੱਖ ਮੁਕੱਦਮਾ ਚਲੇ ਜਾਂ ਫ਼ਿਰ ਉਸ ਨੂੰ ਵਾਪਸ ਉਸ ਦੇ ਦੇਸ ਨੂੰ ਸੌਂਪ ਦਿੱਤਾ ਜਾਵੇ ਤਾਂ ਜੋ ਉਹ ਯੂਕੇ ਵਿੱਚ ਆਪਣੀ ਪਤਨੀ ਨਾਲ ਜ਼ਿੰਦਗੀ ਬਿਤਾ ਸਕੇ।"
ਪਿਛਲੇ ਸਾਲ ਅਗਸਤ ਵਿੱਚ ਗੁਰਪ੍ਰੀਤ ਨਾਲ ਦਰਜਨਾਂ ਲੋਕਾਂ ਨੇ ਡਾਊਨਿੰਗ ਸਟਰੀਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।
ਜਗਤਾਰ ਜੌਹਲ ਦੇ ਮਾਮਲੇ ਵਿੱਚ ਵੈਸਟਮਨਿਸਟਰ ਤੋਂ ਵਾਸ਼ਿੰਗਟਨ ਤੱਕ, ਜੇਨੇਵਾ ਤੋਂ ਟੋਰਾਂਟੋ ਤੱਕ ਦੁਨੀਆਂ ਭਰ 'ਚ ਵਿਰੋਧ ਪ੍ਰਦਰਸ਼ਨ ਹੋਏ।
ਬੀਬੀਸੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਜੌਹਲ ਨੇ ਅਧਿਕਾਰੀਆਂ (ਯੂਕੇ ਦੇ ਅਧਿਕਾਰੀਆਂ ਨੂੰ) ਲਈ ਇਹ ਸੁਨੇਹਾ ਦਿੱਤਾ, "ਮੈਂ ਯੂਕੇ ਸਰਕਾਰ ਨੂੰ ਮੇਰੀ ਹਮਾਇਤ ਕਰਨ ਦੀ ਬੇਨਤੀ ਕਰਦਾ ਹਾਂ, ਮੈਂ ਇੱਕ ਬਰਤਾਨਵੀ ਨਾਗਰਿਕ ਹਾਂ ਅਤੇ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ।"
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












