ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ

- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੇ ਉੱਤਰੀ ਕੈਰੋਲਾਈਨਾ ਵਿੱਚ ਸੂਰ ਪਾਲਕ ਕਿਸਾਨ ਵਿਲੀਅਮ ਥਾਮਸ ਬਟਲਰ ਨੇ 1995 ਵਿੱਚ ਇੱਕ ਮੀਟ ਪ੍ਰੋਸੈਸਿੰਗ ਕੰਪਨੀ ਦੇ ਨਾਲ ਕਰਾਰ ਕੀਤਾ ਸੀ।
ਸੌਦੇ ਵਿੱਚ ਲਿਖੀਆਂ ਸ਼ਰਤਾਂ ਬਾਰੇ ਉਹ ਕਹਿੰਦੇ ਹਨ, "ਅਸੀਂ ਜਿਨ੍ਹਾਂ ਨਾਲ ਕਰਾਰ ਕਰਦੇ ਹਾਂ, ਉਨ੍ਹਾਂ ਉੱਪਰ ਥੋੜ੍ਹਾ ਬਹੁਤ ਭਰੋਸਾ ਜ਼ਰੂਰ ਕਰਦੇ ਹਾਂ।"
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਨੂੰ ਹਰ ਸਾਲ ਕਿੰਨਾ ਮੁਨਾਫ਼ਾ ਹੋਣਾ ਚਾਹੀਦਾ ਹੈ ਇਸ ਬਾਰੇ ਦੱਸਿਆ ਸੀ।
ਬਟਲਰ ਨੇ ਕਰੀਬ ਛੇ ਲੱਖ ਡਾਲਰ ਲੋਨ ਚੁੱਕ ਕੇ 108 ਏਕੜ ਜ਼ਮੀਨ ਵਿੱਚ ਸੂਰਾਂ ਦੇ ਛੇ ਵਾੜੇ ਤਿਆਰ ਕੀਤੇ।
ਇਹ ਵੀ ਪੜ੍ਹੋ:
ਪਹਿਲੇ ਪੰਜ-ਛੇ ਸਾਲਾਂ ਵਿੱਚ ਉਨ੍ਹਾਂ ਨੇ ਸਾਲਾਨਾ ਪੱਚੀ ਤੋਂ ਤੀਹ ਹਜ਼ਾਰ ਡਾਲਰ ਦਾ ਲਾਭ ਕਮਾਇਆ ਜਿਸ ਨਾਲ ਉਨ੍ਹਾਂ ਨੇ ਚਾਰ ਹੋਰ ਵਾੜੇ ਤਿਆਰ ਕਰ ਲਏ।
ਉਹ ਕਹਿੰਦੇ ਹਨ, "ਕਾਫ਼ੀ ਵਧੀਆ ਅਤੇ ਸ਼ਾਨਦਾਰ ਚੱਲ ਰਿਹਾ ਸੀ। ਸ਼ੁਰੂ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਚੀਜ਼ਾਂ ਬਿਹਤਰ ਹੋ ਰਹੀਆਂ ਹਨ।"
ਬਟਲਰ ਨੇ ਦੱਸਿਆ ਕਿ ਬਾਅਦ ਵਿੱਚ ਹਾਲਾਤ ਵਿੱਚ ਬਦਲਾਅ ਆਉਣ ਲੱਗ ਪਿਆ।
ਉਨ੍ਹਾਂ ਨੇ ਕਿਹਾ, "ਪਹਿਲੀ ਚੀਜ਼ ਜੋ ਕੰਪਨੀ ਨੇ ਨਹੀਂ ਡਲਿਵਰ ਕੀਤੀ ਉਹ ਸੀ ਕੂੜੇ ਦੇ ਬੰਦੋਬਸਤ ਬਾਰੇ ਦਿੱਤੀ ਜਾਣ ਵਾਲੀ ਸਿਖਲਾਈ। ਮੈਂ ਨਹੀਂ ਜਾਣਦਾ ਕਿ ਕਿਸੇ ਵੀ ਕਿਸਾਨ ਨੂੰ ਇਹ ਅੰਦਾਜ਼ਾ ਹੋਵੇਗਾ ਕਿ ਉਹ ਰੋਜ਼ਾਨਾ ਕਿੰਨਾ ਕੂੜਾ ਪੈਦਾ ਕਰਦਾ ਹੈ।"
"ਮੇਰੇ ਛੋਟੇ ਜਿਹੇ ਖੇਤ ਵਿੱਚ ਦਸ ਹਜ਼ਾਰ ਗੈਲਣ ਤੋਂ ਵਧੇਰੇ ਕੂੜਾ ਹਰ ਰੋਜ਼ ਪੈਦਾ ਹੁੰਦਾ ਹੈ। ਜੇ ਕਿਸੇ ਕਿਸਾਨ ਨੂੰ ਉਸ ਸਮੇਂ 1995 ਵਿੱਚ ਇਹ ਪਤਾ ਹੁੰਦਾ ਤਾਂ ਕੋਈ ਵੀ ਇਸ ਸੌਦੇ ਲਈ ਤਿਆਰ ਨਾ ਹੁੰਦਾ। ਲੇਕਿਨ ਸਾਨੂੰ ਪੂਰੀ ਤਰ੍ਹਾਂ ਹਨੇਰੇ ਵਿੱਚ ਰੱਖਿਆ ਗਿਆ।"
ਕਮਾਈ ਵਿੱਚ ਵਾਧਾ-ਘਾਟਾ ਸ਼ੁਰੂ ਹੋਣ ਦੇ ਨਾਲ ਹੀ ਕਰਾਰ ਅਧੀਨ ਜ਼ਿੰਮੇਵਾਰੀਆਂ ਵੀ ਵਧਣ ਲੱਗੀਆਂ।
ਬਟਲਰ ਦਸਦੇ ਹਨ, "ਸਾਨੂੰ ਦੱਸਿਆ ਗਿਆ ਸੀ ਕਿ ਅਸੀਂ ਕਿਵੇਂ ਪੈਸੇ ਕਮਾ ਸਕਦੇ ਹਾਂ ਪਰ ਉਹ ਸਭ ਕੁਝ ਅਸਲ ਵਿੱਚ ਵਧਾਅ-ਚੜਾਅ ਕੇ ਦੱਸਿਆ ਗਿਆ ਸੀ। ਹੌਲੀ-ਹੌਲੀ ਕਈ ਸਾਲਾਂ ਵਿੱਚ ਉਨ੍ਹਾਂ ਵੱਲੋ ਦਿੱਤੀ ਗਈ ਗਰੰਟੀ ਨੂੰ ਉਨ੍ਹਾਂ ਨੇ ਬਦਲ ਦਿੱਤਾ।"

"ਸ਼ੁਰੂ ਵਿੱਚ ਸਾਰੀ ਜ਼ਿੰਮੇਵਾਰੀ ਕੰਪਨੀ ਦੇ ਉੱਪਰ ਹੁੰਦੀ ਸੀ। ਕਿਸਾਨਾਂ ਨੇ ਸਿਰਫ਼ ਸੂਰ ਪਾਲਣੇ ਹੁੰਦੇ ਸਨ। ਬਿਮਾਰੀ ਜਾਂ ਬਜ਼ਾਰ ਦੇ ਉਤਰਾਅ-ਚੜਾਅ ਵਰਗੀਆਂ ਗੱਲਾਂ ਦੀ ਫ਼ਿਕਰ ਕਿਸਾਨਾਂ ਨੇ ਨਹੀਂ ਸੀ ਕਰਨੀ ਹੁੰਦੀ।"
"ਹੌਲੀ-ਹੌਲੀ ਬਿਮਾਰੀ ਤੋਂ ਲੈ ਕੇ ਬਜ਼ਾਰ ਦੇ ਉਤਰਾਅ-ਚੜਾਅ ਦੀ ਜ਼ਿੰਮੇਵਾਰੀ ਵੀ ਸਾਡੇ ਉੱਪਰ ਆ ਗਈ।"
"ਇਨ੍ਹਾਂ ਸਭ ਚੀਜ਼ਾਂ ਲਈ ਕੰਪਨੀ ਦੀ ਥਾਵੇਂ ਸਾਡੇ ਵੱਲੋਂ ਭੁਗਤਾਨ ਕੀਤਾ ਜਾਣ ਲੱਗਿਆ। ਅਸੀਂ ਜਿਨ੍ਹਾਂ ਚੀਜ਼ਾਂ ਦੀ ਉਮੀਦ ਕੀਤੀ ਸੀ, ਹੁਣ ਉਨ੍ਹਾਂ ਉੱਪਰ ਸਾਡਾ ਕੋਈ ਵੱਸ ਨਹੀਂ ਸੀ ਰਿਹਾ।"
ਕਰਜ਼ ਵਿੱਚ ਡੁੱਬੇ ਹੋਣ ਕਾਰਨ ਬਟਲਰ ਹੁਣ ਕਰਾਰ ਤੋਂ ਬਾਹਰ ਨਹੀਂ ਆ ਸਕਦੇ, ਰਾਹ ਬੰਦ ਹੋ ਚੁੱਕਿਆ ਹੈ।
ਉਹ ਕਹਿੰਦੇ ਹਨ ਕਿ ਅਸੀਂ ਕਰਾਰ ਤੋੜ ਵੀ ਨਹੀਂ ਸਕਦੇ ਕਿਉਂਕਿ ਅਜਿਹਾ ਕਰਨ ਨਾਲ ਦੂਜੀ ਸਥਾਨਕ ਕੰਪਨੀ ਨਾਲ ਕਰਾਰ ਹੋ ਸਕਣ ਦੀ ਸੰਭਾਵਨਾ ਮੱਧਮ ਹੋ ਜਾਵੇਗੀ।
ਕਰਾਰ ਤੋਂ ਬਾਹਰ ਆਉਣ ਦਾ ਅਰਥ ਇਹ ਵੀ ਹੋਵੇਗਾ ਕਿ ਹੁਣ ਤੱਕ ਲਾਈ ਪੂੰਜੀ ਤੋਂ ਹੱਥ ਧੋਣੇ ਪੈਣਗੇ।
ਕਾਰਕੁਨਾਂ ਦਾ ਕਹਿਣਾ ਹੈ ਕਿ ਮੁਨਾਫ਼ਾ ਕਮਾਉਣ ਲਈ ਕਾਰਪੋਰੇਟਾਂ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਿਚੋੜ ਲਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਮੁਰਗੀ ਪਾਲਣ ਵਾਲੇ ਕਿਸਾਨ ਨੂੰ ਕਰਾਰ ਦੇ ਹਿਸਾਬ ਨਾਲ ਘੱਟ ਲਾਗਤ 'ਤੇ ਵਧੀਆ ਮੁਰਗੀਆਂ ਤਿਆਰ ਕਰਨ 'ਤੇ ਭੁਗਤਾਨ ਕੀਤਾ ਜਾਂਦਾ ਹੈ। ਇਸ ਨੂੰ 'ਟੂਰਨਾਮੈਂਟ ਸਿਸਟਮ' ਕਿਹਾ ਜਾਂਦਾ ਹੈ।
ਇਸ ਦਾ ਅਰਥ ਇਹ ਹੋਇਆ ਕਿ ਇੱਕ ਕਿਸਾਨ ਦੂਜੇ ਕਿਸਾਨ ਦੇ ਨਾਲ ਮੁਕਾਬਲਾ ਕਰੇਗਾ ਅਤੇ ਅੱਧੇ ਕਿਸਾਨਾਂ ਨੂੰ ਬੋਨਸ ਮਿਲੇਗਾਾ ਅਤੇ ਅੱਧੇ ਕਿਸਾਨਾਂ ਨੂੰ ਮਿਲਣ ਵਾਲੇ ਪੈਸੇ ਵਿੱਚ ਕਟੌਤੀ ਕੀਤੀ ਜਾਵੇਗੀ।
ਮੁੱਠੀ ਭਰ ਕਾਰਪੋਰਟਾਂ ਦੇ ਹੱਥ ਵਿੱਚ ਸਾਰਾ ਸਿਸਟਮ?
ਦਹਾਕਿਆਂ ਤੋਂ ਕੰਟਰੈਕਟ ਫਾਰਮਿੰਗ ਨੂੰ ਇਹ ਕਹਿ ਕੇ ਹੱਲਾਸ਼ੇਰੀ ਦਿੱਤੀ ਜਾਂਦੀ ਰਹੀ ਹੈ ਕਿ ਇਹ ਕਿਸਾਨੀ ਅਤੇ ਪਸ਼ੂਪਾਲਣ ਨੂੰ ਆਧੁਨਿਕ ਬਣਾਉਣ ਵਿੱਚ ਮਦਦਗਾਰ ਹੋਵੇਗੀ ਅਤੇ ਕਿਸਾਨਾਂ ਨੂੰ ਬਿਹਤਰ ਬਜ਼ਾਰ ਦਾ ਵਿਕਲਪ ਮਿਲੇਗਾ।
ਆਲੋਚਕਾਂ ਦਾ ਤਰਕ ਹੈ ਕਿ ਇਸ ਨਾਲ ਕੁਝ ਮੁੱਠੀ ਭਰ ਕਾਰਪੋਰਟਾਂ ਦੇ ਹੱਥ ਵਿੱਚ ਸਾਰਾ ਸਿਸਟਮ ਆ ਜਾਵੇਗਾ ਅਤੇ ਕਿਸਾਨਾਂ ਦਾ ਸ਼ੋਸ਼ਣ ਸੌਖਾ ਹੋ ਜਾਵੇਗਾ।
ਕੰਪਨੀਆਂ ਇਸ ਕਿਸਮ ਦੇ ਇਲਜ਼ਾਮਾਂ ਦਾ ਖੰਡਨ ਕਰਦੀਆਂ ਹਨ। ਉਨ੍ਹਾਂ ਦਾ ਤਰਕ ਹੈ ਕਿ ਕੰਟਰੈਕਟ ਫਾਰਮਿੰਗ ਕਿਸਾਨ ਅਤੇ ਪ੍ਰੋਸੈਸਿੰਗ ਕੰਪਨੀ ਦੋਵਾਂ ਲਈ ਲਾਹੇ ਦਾ ਸੌਦਾ ਹੈ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੰਪਨੀਆਂ ਦੀਆਂ ਵੈਬਸਾਈਟਾਂ ਖ਼ੁਸ਼ਹਾਲ ਕਿਸਾਨਾਂ ਦੀਆਂ ਕਹਾਣੀਆਂ ਨਾਲ ਭਰੀਆਂ ਹੁੰਦੀਆਂ ਹਨ ਜਦਕਿ ਆਲੋਚਕ ਕਹਿੰਦੇ ਹਨ ਕਿ ਇਹ ਸਭ ਮੀਡੀਆ ਅਤੇ ਨੇਤਾਵਾਂ ਨੂੰ ਸੰਤੁਸ਼ਟ ਕਰਨ ਲਈ ਹੀ ਹੁੰਦੀਆਂ ਹਨ।
ਅਮਰੀਕਾ ਵਿੱਚ ਚਾਰ ਕੰਪਨੀਆਂ ਅੱਸੀ ਫ਼ੀਸਦੀ ਤੋਂ ਵਧੇਰੇ ਬੀਫ਼ ਦਾ ਉਤਪਾਦਨ ਅਤੇ ਪ੍ਰੋਸੈਸਿੰਗ ਕਰਦੀਆਂ ਹਨ।
ਸਾਲ 2015 ਵਿੱਚ ਪੰਜ ਕੰਪਨੀਆਂ ਦਾ ਸੱਠ ਫ਼ੀਸਦੀ ਤੋਂ ਵਧੇਰੇ ਚਿਕਨ ਦੇ ਕਾਰੋਬਾਰ ਉੱਪਰ ਕੰਟਰੋਲ ਸੀ। ਇਹ ਕੰਪਨੀਆਂ ਫ਼ੀਡ ਮਿੱਲਾਂ, ਬੁੱਚੜਖਾਨਿਆਂ ਅਤੇ ਹੈਚਰੀਆਂ ਚਲਾਉਂਦੀਆਂ ਹਨ।
ਚਾਰ ਬਾਇਓਟੈਕ ਕੰਪਨੀਆਂ ਦਾ ਸੋਇਆਬੀਨ ਦੀ ਪ੍ਰੋਸੈਸਿੰਗ ਦੇ ਅੱਸੀ ਫ਼ੀਸਦੀ ਤੋਂ ਵਧੇਰੇ ਕਾਰੋਬਾਰ ਉੱਪਰ ਕੰਟਰੋਲ ਹੈ।
ਸੂਰਾਂ ਦੇ ਕਾਰੋਬਾਰ ਨਾਲ ਜੁੜੀਆਂ ਚਾਰ ਸਿਰਮੌਰ ਕੰਪਨੀਆਂ ਦਾ ਇਸ ਦੇ ਦੋ ਤਿਹਾਈ ਬਜ਼ਾਰ ਉੱਪਰ ਕੰਟਰੋਲ ਹੈ।
ਕੁਝ ਮੁੱਠੀ ਭਰ ਵੱਡੀਆਂ ਕੰਪਨੀਆਂ ਕਿਸਾਨਾਂ ਨੂੰ ਇਹ ਵਿਕਲਪ ਦਿੰਦੀਆਂ ਹਨ ਕਿ ਉਹ ਵਪਾਰ ਕਰ ਸਕਣ।
ਇਨ੍ਹਾਂ ਕਿਸਾਨਾਂ ਦਾ ਸ਼ਿਕਵਾ ਹੈ ਕਿ ਉਨ੍ਹਾਂ ਨੂੰ ਸਬਜ਼ਬਾਗ਼ ਦਿਖਾ ਕੇ ਫ਼ਸਾਇਆ ਜਾਂਦਾ ਹੈ ਜਦਕਿ ਅਸਲੀਅਤ ਵਿੱਚ ਅਜਿਹਾ ਨਹੀਂ ਹੈ।
ਕੰਪਨੀਆਂ ਆਪਣੇ ਕਰਾਰ ਦੀਆਂ ਸ਼ਰਤਾਂ ਬਦਲ ਦਿੰਦੀਆਂ ਹਨ ਅਤੇ ਮਨਮੰਨੇ ਤਰੀਕੇ ਨਾਲ ਵਧੇਰੇ ਪੈਸੇ ਥੋਪਦੀਆਂ ਹਨ ਜਾਂ ਫ਼ਿਰ ਜਦੋਂ ਚਾਹੁਣ ਕਿਸੇ ਵੀ ਵਜ੍ਹਾ ਤੋਂ ਕਰਾਰ ਤੋੜ ਦਿੰਦੀਆਂ ਹਨ। ਇਸੇ ਤਰ੍ਹਾਂ ਦੇ ਵਿਹਾਰ ਬਾਰੇ ਭਾਰਤੀ ਕਿਸਾਨ ਵੀ ਡਰੇ ਹੋਏ ਹਨ।

ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿੱਚ ਪੀਐੱਚਡੀ ਖੋਜਾਰਥੀ ਤਲਹਾ ਰਹਿਮਾਨ ਦਾ ਕਹਿਣਾ ਹੈ ਕਿ ਕੰਟਰੈਕਟ ਫਾਰਮਿੰਗ ਇੱਕ ਤਰ੍ਹਾਂ ਦਾ ਮਿਸ਼ਰਿਤ ਵਰਦਾਨ ਹੈ।
ਰਹਿਮਾਨ ਦੇ ਪੜਦਾਦਾ ਇਮਾਮ ਬਖ਼ਸ਼ ਭਾਰਤ ਵਿੱਚ ਕਿਸਾਨ ਸਨ। ਇਮਾਮ ਬਖ਼ਸ਼ ਸਾਲ 1906 ਵਿੱਚ ਆਪਣੇ ਬੇਟੇ ਕਾਲੂ ਖ਼ਾਨ ਨਾਲ ਕੈਲੀਫੋਰਨੀਆ ਆ ਗਏ ਸਨ।
ਉਨ੍ਹਾਂ ਦੇ ਪਰਿਵਾਰ ਕੋਲ ਇਸ ਸੂਬੇ ਵਿੱਚ ਸੈਂਕੜੇ ਏਕੜ ਖੇਤੀ ਵਾਲੀ ਜ਼ਮੀਨ ਹੈ ਅਤੇ ਉਹ ਕੰਟਰੈਕਟ ਫਾਰਮਿੰਗ ਕਰਦੇ ਹਨ।
ਰਹਿਮਾਨ ਦਸਦੇ ਹਨ, "ਕਿਸਾਨਾਂ ਲਈ ਖ਼ਤਰਾ ਘਟ ਜਾਂਦਾ ਹੈ (ਕੰਟਰੇਕਟ ਫਾਰਮਿੰਗ ਕਾਰਨ) ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਕੋਲ ਖ਼ਰੀਦਾਰ ਹੈ।"
"ਤੁਹਾਡੇ ਕੋਲ ਇੱਕ ਸੁਰੱਖਿਆ ਦੀ ਭਾਵਨਾ ਆ ਜਾਂਦੀ ਹੈ, ਪਰ ਇਸ ਵਿੱਚ ਪਾਰਦਰਸ਼ਿਤਾ ਦੀ ਘਾਟ ਹੁੰਦੀ ਹੈ। ਤੁਹਾਡਾ ਕੰਟਰੋਲ ਵੀ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਹਾਡੀ ਜਿਣਸ ਦੀ ਕੀਮਤ ਆਖ਼ਰ ਕੀ ਮਿਲਣ ਵਾਲੀ ਹੈ।"
ਦੋ ਤਰ੍ਹਾਂ ਦੇ ਕਰਾਰ
ਕੰਟਰੈਕਟ ਫਾਰਮਿੰਗ ਲਈ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੇ ਕਰਾਰ ਕੀਤੇ ਜਾਂਦੇ ਹਨ।
ਇੱਕ ਹੁੰਦਾ ਹੈ ਮਾਰਕਿਟਿੰਗ ਕੰਟਰੈਕਟ (ਮੰਡੀਕਰਨ ਕਰਾਰ) ਅਤੇ ਦੂਜਾ ਹੁੰਦਾ ਹੈ ਪ੍ਰੋਡਕਸ਼ਨ ਕੰਟਰੈਕਟ (ਉਤਪਾਦਨ ਕਰਾਰ)।
ਮਾਰਕਿਟਿੰਗ ਕੰਟਰੈਕਟ ਦੇ ਤਹਿਤ ਜਿਣਸ ਉੱਪਰ ਮਾਲਕਾਨਾ ਹੱਕ ਕਿਸਾਨ ਦਾ ਹੁੰਦਾ ਹੈ ਜਦਕਿ ਪ੍ਰੋਡਕਸ਼ਨ ਕੰਟਰੈਕਟ ਵਿੱਚ ਠੇਕੇਦਾਰ ਅਕਸਰ ਕਿਸਾਨਾਂ ਨੂੰ ਸੇਵਾ ਅਤੇ ਤਕਨੀਕੀ ਮਾਰਗਦਰਸ਼ਨ ਮੁਹਈਆ ਕਰਵਾਉਂਦੇ ਹਨ। ਉਨ੍ਹਾਂ ਨੂੰ ਪੈਦਾਵਾਰ ਲਈ ਫ਼ੀਸ ਮਿਲਦੀ ਹੈ।
ਮਾਈਕ ਵੀਵਰ ਇੱਕ ਕੰਟਰੈਕਟ ਫਾਰਮਰ ਹਨ। ਉਨ੍ਹਾਂ ਦਾ ਇੱਕ ਵਿਸ਼ਾਲ ਪੋਲਟਰੀ ਫ਼ਾਰਮ ਹੈ। ਉਨ੍ਹਾਂ ਨੇ ਉੱਨੀ ਸਾਲਾਂ ਬਾਅਦ ਕਰਾਰ ਤੋਂ ਬਾਹਰ ਨਿਕਲਣ ਦਾ ਫ਼ੈਸਲਾ ਲਿਆ।
ਬੁਨਿਆਦੀ ਢਾਂਚਾ ਖੜ੍ਹਾ ਕਰਨ ਲਈ ਉਨ੍ਹਾਂ ਨੂੰ ਪੰਦਰਾਂ ਲੱਖ ਡਾਲਰ ਦਾ ਲੋਨ ਲੈਣਾ ਪਿਆ ਸੀ।

ਤਸਵੀਰ ਸਰੋਤ, Wanderer Jenn
ਉਹ ਦਸਦੇ ਹਨ, "ਤੁਸੀਂ ਕਲਪਨਾ ਕਰੋ ਕਿ ਇਕ ਕਿਸਾਨ 15 ਲੱਖ ਡਾਲਰ ਲੈਂਦਾ ਹੈ ਜਿਵੇਂ ਮੈਂ ਇਨਫਰਾਸਟਰਕਚਰ ਖੜ੍ਹਾ ਕੀਤਾ, ਅਜਿਹਾ ਖੜ੍ਹਾ ਕਰਨ ਲਈ। ਉਹ ਖ਼ੁਸ਼ਕਿਸਮਤ ਹੋਇਆ ਤਾਂ ਆਪਣਾ ਬਿਲ ਭਰ ਸਕੇਗਾ ਅਤੇ ਆਪਣਾ ਪਰਿਵਾਰ ਵੀ ਪਾਲ ਸਕੇਗਾ। ਇੰਨਾ ਘੱਟ ਮੁਨਾਫ਼ਾ ਹਾਸਲ ਹੋਵੇਗਾ।"
ਵਰਜੀਨੀਆ ਕੰਟਰੈਕਟ ਪੋਲਟਰੀ ਗਰੋਅਰਸ ਐਸੋਸੀਏਸ਼ਨ ਦੇ ਮੁਖੀ ਮਾਈਕ ਵੀਵਰ ਕਹਿੰਦੇ ਹਨ, "ਪੋਲਟਰੀ ਦੇ ਕਾਰੋਬਾਰ ਵਿੱਚ ਲੱਗੇ ਲੋਕ ਵੱਡੀ ਸੰਖਿਆ ਵਿੱਚ ਇਸ ਕਾਰੋਬਾਰ ਨੂੰ ਛੱਡਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਉਹ ਆਪਣੇ ਬੱਚੇ ਪਾਲਣ ਲਈ ਹੁਣ ਨੌਕਰੀ ਕਰ ਰਹੇ ਹਨ।"
"ਉਹ ਆਪਣੇ ਕਰਜ਼ੇ ਮੋੜਨ ਲਈ ਮਿਹਨਤ ਕਰ ਰਹੇ ਤਾਂ ਜੋ ਆਪਣਾ ਖੇਤ ਬਚਾ ਸਕਣ।"
ਜਦੋਂ ਤੁਸੀਂ ਕਿਸੇ ਦੁਕਾਨ ਵਿੱਚ ਜਾਂਦੇ ਹੋ ਤਾਂ 3-4 ਡਾਲਰ ਇੱਕ ਚਿਕਨ ਉੱਪਰ ਖ਼ਰਚ ਕਰਦੋ ਪਰ ਇਸ ਨੂੰ ਤਿਆਰ ਕਰਨ ਵਿੱਚ ਛੇ ਹਫ਼ਤੇ ਲਗਦੇ ਹਨ ਅਤੇ ਇਸ ਨੂੰ ਤਿਆਰ ਕਰਨ ਵਾਲੇ ਨੂੰ ਸਿਰਫ਼ ਛੇ ਸੈਂਟ ਮਿਲਦੇ ਹਨ। ਬਾਕੀ ਸਾਰੇ ਪ੍ਰੋਸੈਸਰ ਅਤੇ ਰਿਟੇਲਰ ਦੇ ਕੋਲ ਜਾਂਦੇ ਹਨ।"
ਕੰਟਰੈਕਟ ਫਾਰਮਿੰਗ ਨੇ ਅਮਰੀਕੀ ਖ਼ੁਰਾਕ ਕਾਰੋਬਾਰ ਅਤੇ ਪੇਂਡੂ ਅਰਥਚਾਰੇ ਦਾ ਮੁਹਾਂਦਰਾ ਬਦਲ ਦਿੱਤਾ ਹੈ।
ਨੈਸ਼ਨਲ ਪੋਲਟਰੀ ਗਰੋਅਰਸ ਐਸੋਸੀਏਸ਼ਨ ਐਂਡ ਯੂਐੱਸ ਡਿਪਾਰਟਮੈਂਟ ਆਫ਼ ਐਗਰੀਕਲਚਰ ਦੇ 2001 ਦੇ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ 71 ਫ਼ੀਸਦੀ ਉਤਪਾਦਕ ਜਿਨ੍ਹਾਂ ਦੀ ਆਮਦਨੀ ਸਿਰਫ਼ ਮੁਰਗੀ ਪਾਲਣ ਉੱਪਰ ਨਿਰਭਰ ਹੈ, ਉਹ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ।
ਐਕਟਵਿਸਟ ਕਈ ਸਾਲਾਂ ਤੋਂ ਪੋਲਟਰੀ ਅਤੇ ਮੀਟ ਕਾਰੋਬਾਰ ਦੇ ਕੇਂਦਰੀਕਰਣ ਦਾ ਵਿਰੋਧ ਕਰ ਰਹੇ ਹਨ। ਉਤਪਾਦਕਾਂ ਉੱਪਰ ਲੱਖਾਂ ਰੁਪਏ ਦਾ ਭਾਰੀ ਖ਼ਰਚ ਹੈ ਅਤੇ ਕਈ ਖ਼ੁਦਕੁਸ਼ੀ ਵਰਗੇ ਕਦਮ ਵੀ ਚੁੱਕ ਰਹੇ ਹਨ।
ਹਰ ਸਾਲ ਕਿੰਨੇ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਇਸ ਬਾਰੇ ਆਂਕੜਾ ਹਾਲੇ ਉਪਲਭਦ ਨਹੀਂ ਹੈ ਪਰ ਸੈਂਟਰ ਫ਼ਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮੁਤਾਬਕ ਦੂਜੇ ਪੇਸ਼ਿਆਂ ਦੀ ਤੁਲਨਾ ਵਿੱਚ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ।
ਸੀਡੀਸੀ ਦਾ ਸਰਵੇਖਣ ਦਸਦਾ ਹੈ ਕਿ ਦੋ ਦਹਾਕਿਆਂ ਤੋਂ ਘੱਟ ਸਮੇਂ ਵਿੱਚ ਖ਼ੁਦਕੁਸ਼ੀ ਦੇ ਮਾਮਲਿਆਂ ਵਿੱਚ 40 ਫ਼ੀਸਦੀ ਵਾਧਾ ਹੋਇਆ ਹੈ।
ਮਾਹਰਾਂ ਦੀ ਰਾਇ ਹੈ ਕਿ ਮੱਧ-ਪੱਛਮੀ ਅਮਰੀਕਾ ਵਿੱਚ ਕਿਸਾਨਾਂ ਦੀ ਖ਼ੁਦਕੁਸ਼ੀ ਦੇ ਕੇਸ ਵਧੇਰੇ ਹਨ।

ਮੈਂਟਲ ਹੈਲਥ ਮਾਹਰ ਟੇਡ ਮੈਥਿਊ ਦਾ ਕਿਸਾਨਾਂ ਦੀ ਮਾਨਿਸਕ ਸਿਹਤ ਉੱਪਰ ਕਈ ਸਾਲਾਂ ਦਾ ਕੰਮ ਹੈ। ਉਨ੍ਹਾਂ ਨੇ ਅਮਰੀਕਾ ਦੇ ਮਿਨੇਸੋਟਾ ਤੋਂ ਦੱਸਿਆ, "ਕਿਸਾਨ ਹਰ ਸਮੇਂ ਤਣਾਅ ਵਿੱਚ ਰਹਿੰਦੇ ਹਨ।"
ਉਹ ਕਹਿੰਦੇ ਹਨ, "ਉਹ ਲੋਨ ਲੈਣ ਬੈਂਕ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੇ ਕਾਗਜ਼ਾਤ ਅਤੇ ਹੋਰ ਚੀਜ਼ਾਂ ਸਹੀ ਰੱਖਣੀਆਂ ਹੁੰਦੀਆਂ ਹਨ। ਉਹ ਬਹੁਤ ਤਣਾਅ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਨੀਂਦ ਵੀ ਘੱਟ ਆਉਂਦੀ ਹੈ।"
ਕਰਜ਼ ਵਿੱਚ ਧਸੇ ਹੋਣ, ਜਿਣਸ ਲਈ ਮਿਲਣ ਵਾਲੀ ਘੱਟ ਕੀਮਤ ਅਤੇ ਖ਼ਰਾਬ ਮੌਸਮ ਕਿਸਾਨਾਂ ਉੱਪਰ ਬਹੁਤ ਬੋਝ ਪਾਉਂਦੇ ਹਨ।

ਮੈਥਿਊ ਦਸਦੇ ਹਨ, "ਜੇ ਤੁਸੀਂ ਸੌ ਕਿਸਾਨਾਂ ਨੂੰ ਪੁੱਛੋਂਗੇ ਕਿ ਉਨ੍ਹਾਂ ਲਈ ਸਭ ਤੋਂ ਅਹਿਮ ਚੀਜ਼ ਕੀ ਹੈ ਤਾਂ ਉਹ ਕਹਿਣਗੇ ਪਰਿਵਾਰ ਅਤੇ ਫਿਰ ਮੈਂ ਉਨ੍ਹਾਂ ਨੂੰ ਪੁਛਦਾ ਹਾਂ ਕਿ ਆਪਣੇ ਪਰਿਵਾਰ ਦੇ ਲਈ ਪਿਛਲੇ ਮਹੀਨੇ ਕੀ ਕੀਤਾ ਤਾਂ ਉਹ ਚੁੱਪ ਹੋ ਜਾਂਦੇ ਹਨ।"
ਓਬਾਮਾ ਪ੍ਰਸ਼ਾਸਨ ਦੇ ਦੌਰਾਨ ਖੇਤੀ ਅਤੇ ਨਿਆਂ ਵਿਭਾਗ ਨੇ ਮੀਟ ਕਾਰੋਬਾਰ ਵਿੱਚ ਕੰਪਨੀਆਂ ਦੇ ਦਬਦਬੇ ਖ਼ਿਲਾਫ਼ ਜਨਤਕ ਸੁਣਵਾਈ ਸ਼ੁਰੂ ਕੀਤੀ ਸੀ।
ਰੂਰਲ ਐਡਵਾਂਸਮੈਂਟ ਫਾਊਂਡੇਸ਼ਨ ਇੰਟਰਨੈਸ਼ਨਲ ਜੇ ਟੇਲਰ ਵ੍ਹਾਈਟਲੀ ਦਾ ਕਹਿਣਾ ਹੈ, "ਸਰਕਾਰ ਵੱਲੋਂ ਸੁਰੱਖਿਆ ਤਾਂ ਹਾਸਲ ਹੈ ਪਰ ਜਾਂ ਤਾਂ ਉਸ ਨੂੰ ਨਿਯਮ ਬਣਾ ਕੇ ਜਾਂ ਅਦਾਲਤੀ ਹੁਕਮਾਂ ਨਾਲ ਬੇਅਸਰ ਕਰ ਦਿੱਤਾ ਹੈ। ਪਿਛਲੇ ਤੀਹ-ਚਾਲੀ ਸਾਲਾਂ ਵਿੱਚ ਇਹ ਇੱਕ ਇਤਿਹਾਸ ਬਣ ਚੁੱਕਿਆ ਹੈ।"
ਮੀਟ ਅਤੇ ਪੋਲਟਰੀ ਸਨਅਤ ਅਮਰੀਕਾ ਦੇ ਖੇਤੀ ਖੇਤਰ ਦਾ ਸਭ ਤੋਂ ਵੱਡਾ ਹਿੱਸਾ ਹੈ। 2018 ਦੇ ਇੱਕ ਸਰਵੇਖਣ ਵਿੱਚ ਦੇਖਿਆ ਗਿਆ ਕਿ ਸਿਰਫ਼ ਪੰਜ ਫ਼ੀਸਦੀ ਅਮਰੀਕੀ ਹੀ ਆਪਣੇ-ਆਪ ਨੂੰ ਸ਼ਾਕਾਹਾਰੀ ਦਸਦੇ ਹਨ।
ਅਮਰੀਕਾ ਵਿੱਚ ਸਾਲ 2017 ਵਿੱਚ ਕੁੱਲ ਮੀਟ ਉਤਪਾਦਨ 52 ਬਿਲੀਅਨ ਪਾਊਂਡ ਦਾ ਹੋਇਆ ਸੀ ਜਦਕਿ ਪੋਲਟਰੀ ਉਤਪਾਦਨ 48 ਬਿਲੀਅਨ ਪਾਊਂਡ ਰਿਹਾ ਸੀ।
ਇੰਨੇ ਵੱਡੇ ਕਾਰੋਬਾਰ ਦਾ ਮਤਲਬ ਹੋਇਆ ਕਿ ਖ਼ੁਰਾਕ ਸਨਅਤ ਆਪਣੇ ਹਿੱਤਾਂ ਦੀ ਰਾਖੀ ਲਈ ਸਿਆਸੀ ਚੰਦੇ ਉੱਪਰ ਵੀ ਵੱਡਾ ਖ਼ਰਚ ਕਰਦੀ ਹੈ।
ਕਿਸਾਨਾਂ ਦਾ ਮੰਨਣਾ ਹੈ ਕਿ ਕੰਟਰੈਕਟ ਫਾਰਮਿੰਗ ਦੇ ਨਾਲ ਸਮੱਸਿਆ ਇਸ ਨੂੰ ਅਮਲੀ ਰੂਪ ਦੇਣ ਵਿੱਚ ਹੈ।
ਤਲਹਾ ਰਹਿਮਾਨ ਕਹਿੰਦੇ ਹਨ, "ਜੇ ਕੰਟਰੈਕਟ ਫਾਰਮਿੰਗ ਠੀਕ ਤਰੀਕੇ ਨਾਲ ਹੋਵੇ ਤਾਂ ਇਹ ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ।"
"ਅਹਿਮ ਇਹ ਹੈ ਕਿ ਕੰਟਰੈਕਟ ਫਾਰਮਿੰਗ ਦੇ ਤਹਿਤ ਘੱਟੋ-ਘੱਟ ਸਮਰਥਨ ਮੁੱਲ ਹੋਣਾ ਚਾਹੀਦਾ ਹੈ। ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ਮਿੱਲਣਾ ਚਾਹੀਦਾ ਹੈ ਜਿਸ ਤੋਂ ਥੱਲੇ ਕਿਸੇ ਵੀ ਹਾਲਤ ਵਿੱਚ ਖ਼ਰੀਦ ਨਾ ਹੋਵੇ।"
"ਖ਼ਰੀਦਾਰ ਦੀ ਗਰੰਟੀ ਹੋਣੀ ਚਾਹੀਦੀ ਹੈ। ਸ਼ੁਰੂ ਵਿੱਚ ਹੀ ਕੀਮਤਾਂ ਨਹੀਂ ਤੈਅ ਹੋਣੀਆਂ ਚਾਹੀਦੀਆਂ। ਜੇ ਮੁੱਲ ਵਧਦਾ ਹੈ ਤਾਂ ਕਿਸਾਨ ਮਨ੍ਹਾਂ ਕਰ ਦਿੰਦੇ ਹਨ ਅਤੇ ਜੇ ਕੀਮਤਾਂ ਡਿਗਦੀਆਂ ਹਨ ਤਾਂ ਖ਼ਰੀਦਾਰ ਮਨ੍ਹਾਂ ਕਰ ਦਿੰਦੇ ਹਨ।"
ਇਸ ਸਾਰੇ ਕੰਮ-ਕਾਜ ਉੱਪਰ ਨਜ਼ਰਸਾਨੀ ਰੱਖਣ ਵਾਲੀ ਪ੍ਰਣਾਲੀ ਦੀ ਲੋੜ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
















