ਤਸਵੀਰ ਅਸਲੀ ਹੈ ਜਾਂ ਨਕਲੀ, ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਾਂ ਨਹੀਂ ਬਣੀ – ਪਤਾ ਕਰਨ ਦੇ 5 ਤਰੀਕੇ

ਤਸਵੀਰ ਸਰੋਤ, Getty Images
- ਲੇਖਕ, ਰਿਚਰਡ ਗਰੇਅ
- ਰੋਲ, ਬੀਬੀਸੀ ਫਿਊਚਰ
ਸੰਸਾਰ ਨੇ ਤਕਨੀਕ ਦੇ ਮਾਮਲੇ ਵਿੱਚ ਇੰਨਾ ਵਿਕਾਸ ਕਰ ਲਿਆ ਹੈ ਕਿ ਕਿਸੇ ਵੀ ਤਸਵੀਰ ਨੂੰ ਝੱਟ ਹੀ ਬਿਲਕੁਲ ਹੀ ਬਦਲਿਆ ਜਾ ਸਕਦਾ ਹੈ।
ਆਰਟੀਫਿਸ਼ਿਅਲ ਇੰਟੈਲੀਜੈਂਸ ਤਕਨੀਕ ਰਾਹੀਂ ਤਸਵੀਰ ਨੂੰ ਮੁੱਢੋਂ ਹੀ ਨਵਾਂ ਰੂਪ ਦਿੱਤਾ ਜਾ ਸਕਦਾ ਹੈ।
ਅਜਿਹੇ ਵਿੱਚ ਸਾਡੀਆਂ ਅੱਖਾਂ ਜੋ ਦੇਖਦੀਆਂ ਹਨ ਉਨ੍ਹਾਂ ਉੱਤੇ ਯਕੀਨ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਤਸਵੀਰਾਂ ਨੂੰ ਬਦਲਣ ਜਾਂ ਉਨ੍ਹਾਂ ਨਾਲ ਛੇੜਛਾੜ ਕਰਨ ਦੀ ਤਕਨੀਕ ਇੰਨੀ ਵਿਕਸਿਤ ਹੋ ਚੁੱਕੀ ਹੈ ਕਿ ਅਸੀਂ ਅਜਿਹੇ ਸਮੇਂ ਵਿੱਚ ਆ ਗਏ ਹਾਂ ਜਿਸ ਨੂੰ ਕਿ ‘ਹਾਈਪਰ ਰੀਅਲਿਸਟਿਕ ਫੇਕ’ ਕਿਹਾ ਜਾ ਰਿਹਾ ਹੈ।
ਅਜਿਹੀਆਂ ਤਸਵੀਰਾਂ ਗ਼ਲਤ ਸੂਚਨਾ ਦੇ ਫੈਲਾਅ ਦੇ ਨਾਲ-ਨਾਲ ਚੋਣਾਂ ਜਿਹੇ ਮੁੱਦਿਆਂ ਬਾਰੇ ਲੋਕਾਂ ਦੇ ਨਜ਼ਰੀਏ ਜਾਂ ਰਾਇ ਉੱਤੇ ਵੀ ਅਸਰ ਪਾ ਸਕਦੀਆਂ ਹਨ।
ਹਾਲ ਹੀ ਵਿੱਚ ਖ਼ਬਰ ਏਜੰਸੀਆਂ ਨੇ ਪ੍ਰਿੰਸਸ ਆਫ਼ ਵੇਲਜ਼ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਤਸਵੀਰਾਂ ਵਾਪਸ ਲੈ ਲਈਆਂ ਹਨ। ਇਸ ਬਾਰੇ ਇਹ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਸਨ ਕਿ ਇਨ੍ਹਾਂ ਨਾਲ ‘ਛੇੜਛਾੜ’ ਹੋਈ ਸੀ। ਇਹ ਮਾਮਲਾ ਹੁਣ ਸੁਰਖੀਆਂ ਵਿੱਚ ਆ ਗਿਆ ਹੈ।
ਕੀ ਅਸੀਂ ਅਜਿਹਾ ਕੁਝ ਕਰ ਸਕਦੇ ਹਾਂ ਜਿਸ ਰਾਹੀਂ ਅਸੀਂ ਏਆਈ ਜਾਂ ਹੋਰ ਤਰੀਕਿਆਂ ਨਾਲ ਬਦਲੀ ਜਾਂ ਛੇੜੀ ਗਈ ਤਸਵੀਰ ਦੀ ਪਛਾਣ ਕਰ ਸਕੀਏ।
ਇਸ ਲੇਖ ਵਿੱਚ ਅਸੀਂ ਉਨ੍ਹਾਂ ਤਰੀਕਿਆਂ ਦੀ ਗੱਲ ਕਰਾਂਗੇ ਜਿਸ ਰਾਹੀਂ ਤੁਸੀਂ ਅਜਿਹੀਆਂ ਤਸਵੀਰਾਂ ਦੀ ਪਛਾਣ ਕਰ ਸਕਦੇ ਹੋ।
ਰੌਸ਼ਨੀ ਅਤੇ ਪਰਛਾਵਿਆਂ ਤੋਂ ਕਿਵੇਂ ਪਛਾਣ ਕੀਤੀ ਜਾ ਸਕਦੀ ਹੈ

ਤਸਵੀਰ ਸਰੋਤ, Getty Images
ਕਿਸੇ ਤਰੀਕੇ ਵਿੱਚ ਅਸਾਧਾਰਣ ਰੌਸ਼ਨੀ ਹੋਣਾ ਵੀ ਇਸ ਦਾ ਸੰਕੇਤ ਦੇ ਸਕਦਾ ਹੈ ਕਿ ਇਸ ਫੋਟੋ ਨਾਲ ਛੇੜਛਾੜ ਹੋਈ ਹੈ।
ਅਜਿਹੀਆਂ ਤਸਵੀਰਾਂ ਦੀ ਪਛਾਣ ਕਰਨ ਲਈ ਰੌਸ਼ਨੀ ਦੇ ਬਿੰਦੂ ਤਸਵੀਰ ਵਿਚਲੇ ਲੋਕਾਂ ਦੀਆਂ ਅੱਖਾਂ ਵਿੱਚ ਵੇਖੇ ਜਾ ਸਕਦੇ ਹਨ।
ਜੇਕਰ ਇਸ ਦਾ ਆਕਾਰ ਜਾਂ ਰੰਗ ਉਸ ਥਾਂ ਨਾਲ ਮੇਲ ਨਾ ਖਾਵੇ ਜਾਂ ਦੋਵਾਂ ਅੱਖਾਂ ਵਿੱਚ ਇਸ ਦਾ ਫ਼ਰਕ ਹੋਵੇ ਤਾਂ ਤੁਹਾਡੇ ਕੋਲ ਸ਼ੱਕ ਕਰਨ ਦਾ ਕਾਰਨ ਹੈ।
ਕਿਸੇ ਤਸਵੀਰ ਵਿਚਲੀ ਸ਼ੀਸ਼ੇਨੁਮਾ ਚੀਜ਼ ਵਿੱਚ ਫੋਟੋ ਵਿਚਲੇ ਲੋਕ ਜਾਂ ਤਸਵੀਰਾਂ ਕਿਹੋ ਜਿਹੀਆਂ ਨਜ਼ਰ ਆਉਂਦੀਆਂ ਹਨ ਵੀ ਸੁਨੇਹਾ ਦੇ ਸਕਦਾ ਹੈ।
ਕਿਸੇ ਤਸਵੀਰ ਵਿੱਚ ਪਰਛਾਵਾਂ ਦੇਖ ਕੇ ਵੀ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਤਸਵੀਰ ਦੋ ਜਾਂ ਇਸ ਨਾਲੋਂ ਵੱਧ ਤਸਵੀਰਾਂ ਨੂੰ ਜੋੜ ਕੇ ਬਣਾਈ ਗਈ ਹੋਵੇਗੀ। ਹਾਲਾਂਕਿ ਇਸ ਗੱਲ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ ਕਿ ਕੁਝ ਤਸਵੀਰਾਂ ਲਈ ਕਈ ਥਾਵਾਂ ਤੋਂ ਰੌਸ਼ਨੀ ਦੀ ਸਹਾਇਤਾ ਵੀ ਲਈ ਗਈ ਹੋ ਸਕਦੀ ਹੈ।
ਇਹ ਵੀ ਦੇਖਣਾ ਜ਼ਰੂਰੀ ਹੈ ਕਿ ਤਸਵੀਰ ਵਿਚਲੇ ਲੋਕਾਂ ਦੇ ਮੂੰਹ ਉੱਤੇ ਰੌਸ਼ਨੀ ਕਿਹੋ ਜਿਹੀ ਨਜ਼ਰ ਆਉਂਦੀ ਹੈ।ਜੇਕਰ ਸੂਰਜ ਉਨ੍ਹਾਂ ਦੇ ਪਿੱਛੇ ਹੋਵੇ ਤਾਂ ਉਨ੍ਹਾਂ ਦੇ ਕੰਨ ਲਾਲ ਨਜ਼ਰ ਆ ਸਕਦੇ ਹਨ।
ਆਰਟੀਫਿਸ਼ਿਅਲ ਇੰਟੈਲਿਜੈਂਸ ਵੀ ਅਜਿਹੀ ਲਾਇਟਿੰਗ ਅਤੇ ਪਰਛਾਵੇਂ ਪੈਦਾ ਕਰ ਸਕਦੀ ਹੈ ਪਰ ਜਿਵੇਂ ਜਿਵੇਂ ਐਲਗੋਰਿਦਮ ਅੱਗੇ ਵੱਧਦਾ ਹੈ ਏਆਈ ਰਾਹੀਂ ਪੈਦਾ ਹੋਏ ਚਿਹਰੇ ਮਨੁੱਖੀ ਚਿਹਰਿਆਂ ਨਾਲੋਂ ਵੱਧ ਅਸਲੀ ਲੱਗਣ ਲੱਗਦੇ ਹਨ।
ਹੱਥ ਅਤੇ ਕੰਨ

ਤਸਵੀਰ ਸਰੋਤ, Getty Images
ਅਜਿਹੀਆ ਤਸਵੀਰਾਂ ਦੀ ਪਛਾਣ ਕਰਨ ਦਾ ਇੱਕ ਹੋਰ ਤਰੀਕਾ ਇਹ ਹੋ ਸਕਦਾ ਹੈ ਕਿ ਅਜਿਹੀਆਂ ਗੱਲਾਂ ਵੱਲ ਧਿਆਨ ਦੇਈਏ ਜਿਨ੍ਹਾਂ ਦੀ ਨਕਲ ਕਰਨਾ ਮੁਸ਼ਕਲ ਹੋਵੇ।
ਏਆਈ ਫਿਲਹਾਲ ਇੰਨੀ ਵਿਕਸਿਤ ਨਹੀਂ ਹੋਈ ਹੈ ਕਿ ਉਹ ਹੱਥ ਅਤੇ ਕੰਨ ਵੀ ਉਹੋ ਜਿਹੇ ਹੀ ਬਣਾ ਸਕੇ। ਇਹ ਅਕਸਰ ਉਨ੍ਹਾਂ ਦੇ ਆਕਾਰ ਨੂੰ ਬਦਲ ਦਿੰਦਾ ਹੈ ਅਤੇ ਇੱਤੋਂ ਤੱਕ ਕਿ ਉਂਗਲਾਂ ਦੀ ਗਿਣਤੀ ਵੀ ਵੱਧ ਕਰ ਦਿੰਦਾ ਹੇ।
ਇਹ ਚੀਜ਼ਾਂ ਕਲਾਕਾਰਾਂ ਦੇ ਲਈ ਵੀ ਮੁਸ਼ਕਲ ਹੁੰਦੀਆਂ ਹਨ। ਏਆਈ ਦੀ ਵਰਤੋਂ ਨਾਲ ਇਹ ਤਸਵੀਰਾਂ ਹਾਈਪਰ ਰੀਅਲ ਬਣ ਜਾਂਦੀਆਂ ਹਨ, ਅਜਿਹੀਆਂ ਗਲਤੀਆਂ ਤਸਵੀਰ ਨੂੰ ਅਜਿਹਾ ਬਣਾ ਦਿੰਦੀਆਂ ਹਨ ਕਿ ਤਸਵੀਰ ਗ਼ੈਰ-ਕੁਦਰਤੀ ਲੱਗਣ ਲੱਗਦੀ ਹੈ।
ਮੇਟਾ ਡਾਟਾ ਨਾਲ ਕਿਵੇਂ ਨਕਲੀ ਤਸਵੀਰ ਫੜੀ ਜਾ ਸਕਦੀ ਹੈ

ਤਸਵੀਰ ਸਰੋਤ, Getty Images
ਡਿਜੀਟਲ ਤਸਵੀਰਾਂ ਦੇ ਕੋਡ ਵਿੱਚ ਹੀ ਅਜਿਹੀ ਸੂਚਨਾ ਹੁੰਦੀ ਹੈ ਜਿਹੜੀ ਕਿ ਇਹ ਦੱਸ ਸਕਦੀ ਹੈ ਕਿ ਤਸਵੀਰ ਨਕਲੀ ਹੈ।
ਜਦੋਂ ਵੀ ਇੱਕ ਡਿਜੀਟਲ ਕੈਮਰਾ ਇੱਕ ਤਸਵੀਰ ਖਿੱਚਦਾ ਹੈ ਤਾਂ ਮੇਟਾ ਡਾਟਾ ਉਸ ਤਸਵੀਰ ਦੀ ਫਾਈਲ ਵਿੱਚ ਦਰਜ ਹੋ ਜਾਂਦਾ ਹੈ।
ਮਿਸਾਲ ਵਜੋਂ ਟਾਈਮਸਟੈਂਪ (ਤਸਵੀਰ ਕਿਸ ਵੇਲੇ ਖਿੱਚੀ ਗਈ ਬਾਰੇ ਜਾਣਕਾਰੀ) ਨੇ ਹੀ ਅਜਿਹੇ ਸਵਾਲਾਂ ਨੂੰ ਜਨਮ ਦਿੱਤਾ ਕਿ ਕੀ ਰਾਸ਼ਟਰਪਤੀ ਡੋਨਲਡ ਟਰੰਪ ਅਕਤੂਬਰ 2020 ਵਿੱਚ ਖੁਦ ਨੂੰ ਕੋਵਿਡ ਹੋਣ ਦਾ ਜ਼ਾਹਰ ਕਰਨ ਤੋਂ ਇੱਕ ਦਿਨ ਬਾਅਦ ਵ੍ਹਾਈਟ ਹਾਊਸ ਵਿੱਚ ਕੰਮ ਉੱਤੇ ਸਨ।
ਗੂਗਲ ਜਿਹੀਆਂ ਇੰਟਰਨੈੱਟ ਕੰਪਨੀਆਂ ਨੇ ਤਸਵੀਰਾਂ ਦੇ ਅਸਲੀ ਜਾਂ ਨਕਲੀ ਹੋਣ ਦੀ ਪਛਾਣ ਕਰਨ ਲਈ ਅਜਿਹੇ ਸੋਫਟਵੇਅਰ ਵਿਕਸਿਤ ਕੀਤੇ ਹਨ ਹਨ ਜਿਸ ਨਾਲ ਏਆਈ ਨਾਲ ਬਣੀਆਂ ਤਸਵੀਰਾਂ ਫੜੀਆਂ ਜਾ ਸਕਦੀਆਂ ਹਨ।
ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਵੀ ਮੈਟਾ ਦੇ ਆਪਣੇ ਸਿਸਟਮ ਵਿੱਚੋਂ ਆਉਣ ਵਾਲੀਆਂ ਏਆਈ ਨਾਲ ਬਣੀਆਂ ਤਸਵੀਰਾਂ ਉੱਤੇ ਲੇਬਲ ਲਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਉਹ ਇਹ ਯੋਜਨਾ ਬਣਾ ਰਹੇ ਹਨ ਕਿ ਕਿ ਹੋਰ ਕੰਪਨੀਆਂ ਵੱਲੋਂ ਬਣੀਆਂ ਏਆਈ ਤਸਵੀਰਾਂ ਲਈ ਵੀ ਇਹੋ ਹੀ ਕੀਤਾ ਜਾਵੇ।
ਕੈਂਮਰੇ ਦੇ ਸੈਂਸਰ ਤੋਂ ਪਛਾਣ
ਹਰੇਕ ਡਿਜੀਕਲ ਕੈਮਰੇ ਦੇ ਸੈਂਸਰ ਵਿੱਚ ਇੱਕ ਛੋਟਾ ਮੈਨੂਫੈਕਚਰਿੰਗ ਫਾਲਟ ਹੁੰਦਾ ਹੈ ਜੋ ਅਜਿਹੇ ਅਨੋਖੇ ਨੁਕਸ ਪੈਦਾ ਕਰਦਾ ਹੈ ਅਤੇ ਤਸਵੀਰਾਂ ਉੱਤੇ ਆਪਣੀ ਛਾਪ ਛੱਡ ਦਿੰਦਾ ਹੈ।
ਇਸ ਨੂੰ ਫਿਰ ਇੱਕ ਖ਼ਾਸ ਕੈਮਰੇ ਨਾਲ ਜੋੜਕੇ ਤਸਵੀਰ ਵਿਚਲੇ ਅਜਿਹੇ ਭਾਗਾਂ ਦੀ ਪਛਾਣ ਕਰਨ ਲਈ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਨਾਲ ਛੇੜਛਾੜ ਹੋਈ ਹੋਵੇ। ਆਰਟੀਫਿਸ਼ਿਅਲ ਇੰਟੈਲਿਜੈਂਸ ਵਾਲੀ ਤਸਵੀਰ ਦੀ ਗ੍ਰੇਨ ਵੀ ਵੱਖਰੀ ਨਜ਼ਰ ਆ ਸਕਦੀ ਹੈ।












