ਆਰਟੀਫਿਸ਼ੀਅਲ ਇੰਟੈਲੀਜੈਂਸ: ਭਵਿੱਖ 'ਚ ਸਵੇਰੇ ਦੰਦ ਸਾਫ਼ ਕਰਨ ਵਾਲਾ ਬਰੱਸ਼ ਹੀ ਦੱਸ ਸਕੇਗਾ ਕਿ ਤਹਾਨੂੰ ਸ਼ੂਗਰ ਹੈ ਜਾਂ ਕੈਂਸਰ

ਤਸਵੀਰ ਸਰੋਤ, Getty Images
- ਲੇਖਕ, ਪੀਟਰ ਬੌਲ
- ਰੋਲ, ਬੀਬੀਸੀ ਵਰਲਡ ਸਰਵਿਸ
ਜੋ ਪ੍ਰਫਿਊਮ ਅਤੇ ਡਿਓਡਰੈਂਟਸ ਅਸੀਂ ਇਸਤੇਮਾਲ ਕਰਦੇ ਹਾਂ, ਉਸ ਨਾਲ ਅਸੀਂ ਆਪਣੇ ਆਪ ਨੂੰ ਅਤੇ ਆਸ ਪਾਸ ਦੀ ਜਗ੍ਹਾ ਨੂੰ ਮਹਿਕਦਾ ਰੱਖਣਾ ਚਾਹੁੰਦੇ ਹਾਂ।
ਬਦਲਦੇ ਜ਼ਮਾਨੇ ਵਿਚ ਸੁੰਘਣ ਦੀ ਸਮਰੱਥਾ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਵੱਡੀਆਂ ਤਬਦੀਲੀਆਂ ਆ ਸਕਦੀਆਂ ਹਨ।
ਨਵੇਂ ਅਤੇ ਤੇਜ਼ ਕੰਪਿਊਟਰਾਂ ਦੀ ਸਹਾਇਤਾ ਨਾਲ ਨਵੀਆਂ ਸੁਗੰਧਾਂ ਬਾਰੇ ਜਲਦੀ ਖੋਜ ਅਤੇ ਨਿਰਮਾਣ ਸੰਭਵ ਹੋ ਰਿਹਾ ਹੈ।
ਦੂਜੇ ਪਾਸੇ ਸੁੰਘਣ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਅਜਿਹੇ ਤਰੀਕੇ ਖੋਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿਸ ਨਾਲ ਘਾਤਕ ਬਿਮਾਰੀਆਂ ਦੀ ਸ਼ੁਰੂਆਤੀ ਦੌਰ ਵਿੱਚ ਹੀ ਜਾਣਕਾਰੀ ਮਿਲ ਸਕੇ।
ਆਰਟੀਫਿਸ਼ੀਅਲ ਇੰਟੈਲੀਜੇਂਸ ਬਿਮਾਰੀਆਂ ਦੀ ਖੋਜ ਤੋਂ ਲੈ ਕੇ ਜੋ ਇਤਰ, ਡਿਓਡਰੈਂਟਸ ਅਸੀਂ ਇਸਤੇਮਾਲ ਕਰਦੇ ਹਾਂ ਉਨ੍ਹਾਂ ਸਾਰਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਇਹ ਵੀ ਪੜ੍ਹੋ:
ਸਿਹਤ ਸਮੱਸਿਆਵਾਂ ਬਾਰੇ ਪੜਤਾਲ
ਟੈਕ ਸਟਾਰਟ-ਅਪ ਐਰੀਵੈਲ ਨਵੀਆਂ ਸੁਗੰਧਾਂ ਬਾਰੇ ਖੋਜ ਕਰਨ ਦੀ ਜਗ੍ਹਾ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਸਾਡੀ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ਅਤੇ ਇਹ ਸਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਦੇ ਸਕਦੀਆਂ ਹਨ।
ਇਹ ਕਾਫ਼ੀ ਜਟਿਲ ਹੋ ਸਕਦਾ ਹੈ ਕਿਉਂਕਿ ਰੌਸ਼ਨੀ ਅਤੇ ਆਵਾਜ਼ ਦੀ ਇਕ ਵੇਵਲੈਂਥ ਹੁੰਦੀ ਹੈ ਪਰ ਸੁਗੰਧਾਂ ਨੂੰ ਇਸ ਤਰ੍ਹਾਂ ਨਾਪਣਾ ਕਾਫੀ ਮੁਸ਼ਕਲ ਹੁੰਦਾ ਹੈ।
ਇਸ ਲਈ ਇਹ ਫਰਾਂਸੀਸੀ ਕੰਪਨੀ ਸਿਲੀਕੋਨ ਦੇ ਉੱਪਰ ਪ੍ਰੋਟੀਨ ਦੇ ਹਿੱਸੇ ਰੱਖਦੇ ਹਨ ਤਾਂ ਜੋ ਅਸੀਂ ਮੌਲੀਕਿਊਲ ਨੂੰ ਸੁੰਘ ਸਕੀਏ ਅਤੇ ਆਸੇ ਪਾਸੇ ਆਕਸੀਜਨ, ਨਾਈਟ੍ਰੋਜਨ ਵਰਗੀਆਂ ਗੈਸਾਂ ਨੂੰ ਨਜ਼ਰਅੰਦਾਜ਼ ਕਰ ਸਕੀਏ।
ਕੰਪਨੀ ਦੇ ਸੀਈਓ ਸੈਮ ਗਿਓਲਾਮੀ ਦਾ ਕਹਿਣਾ ਹੈ, "ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਸੁਗੰਧ ਬਾਰੇ ਜ਼ਿਆਦਾ ਡੂੰਘਾਈ ਨਾਲ ਦੱਸ ਨਹੀਂ ਸਕਦੇ। ਇਸ ਲਈ ਅਸੀਂ ਸਿਰਫ਼ ਮਸ਼ੀਨ ਨੂੰ ਟ੍ਰੇਨ ਕਰ ਸਕਦੇ ਹਾਂ ਕਿ ਇਹ ਸਟ੍ਰਾਬੇਰੀ ਹੈ ਇਹ ਰਾਸਪਬੈਰੀ ਹੈ।

ਤਸਵੀਰ ਸਰੋਤ, Getty Images
ਸੁਗੰਧ ਬਾਰੇ ਖੋਜ ਕਈ ਅਹਿਮ ਕੰਮਾਂ ਲਈ ਸਹਾਇਤਾ ਕਰ ਸਕਦੀ ਹੈ।
ਹੈਲਸਿੰਕੀ ਹਵਾਈ ਅੱਡੇ 'ਤੇ ਪਿਛਲੇ ਸਾਲ ਕੁਝ ਕੁੱਤਿਆਂ ਦੀ ਸਹਾਇਤਾ ਲੈ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਯਾਤਰੀਆਂ ਨੂੰ ਕੋਰੋਨਾਵਾਇਰਸ ਨਾਲ ਸੰਬੰਧਿਤ ਸਮੱਸਿਆ ਤਾਂ ਨਹੀਂ। ਇਹ ਕਈ ਸਾਲਾਂ ਤੋਂ ਪਤਾ ਹੈ ਕਿ ਗੰਧ ਰਾਹੀਂ ਕੁਝ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ।
ਇਹ ਆਉਣ ਵਾਲੇ ਸਮੇਂ ਵਿੱਚ ਕੁਝ ਅਜਿਹੀਆਂ ਚੀਜ਼ਾਂ ਦੀ ਖੋਜ ਬਾਰੇ ਸਹਾਇਤਾ ਕਰ ਸਕਦੀਆਂ ਹਨ ਜੋ ਰੋਜ਼ਾਨਾ ਸਾਡੇ ਸਿਹਤ ਵਿੱਚ ਹੋਣ ਵਾਲੇ ਬਦਲਾਅ ਅਤੇ ਬਿਮਾਰੀਆਂ ਦੀ ਸ਼ੁਰੂਆਤ ਬਾਰੇ ਜਾਣਕਾਰੀ ਦੇਵੇ।
ਗਿਓਲਾਮੀ ਆਖਦੇ ਹਨ, "ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿਚ ਮੇਰੇ ਟੁੱਥਬਰੱਸ਼ ਵਿੱਚ ਅਜਿਹਾ ਸੁਣਨ ਵਾਲਾ ਕੋਈ ਸੈਂਸਰ ਹੋਵੇ ਜੋ ਮੇਰੀ ਸਿਹਤ ਬਾਰੇ ਜਾਣਕਾਰੀ ਮੁਹੱਈਆ ਕਰਵਾ ਸਕੇ।"
"ਹੋ ਸਕਦਾ ਹੈ ਇਹ ਸੈਂਸਰ ਆਖ ਸਕੇ ਕਿ ਇਹ ਡਾਇਬਿਟੀਜ਼ ਦੀ ਨਿਸ਼ਾਨੀ ਹੈ ਜਾਂ ਇਹ ਕੈਂਸਰ ਦੀ ਨਿਸ਼ਾਨੀ ਹੈ।"
ਕਿਸੇ ਬਿਮਾਰੀ ਬਾਰੇ ਪਹਿਲੇ ਪੜਾਅ 'ਤੇ ਜਾਣਕਾਰੀ ਅਤੇ ਉਸ ਦੇ ਇਲਾਜ ਨਾਲ ਉਸ ਦੇ ਠੀਕ ਹੋਣ ਦੇ ਆਸਾਰ ਵੱਧ ਜਾਂਦੇ ਹਨ।
ਗਿਓਲਾਮੀ ਨੂੰ ਯਕੀਨ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਟੁੱਥਬਰੱਸ਼ ਵਰਗੇ ਔਜਾਰ ਇੱਕ ਦਿਨ ਜ਼ਰੂਰ ਬਣ ਸਕਣਗੇ। ਗਿਓਲਾਮੀ ਮੁਤਾਬਕ ਇੱਥੇ ਸਵਾਲ 'ਜੇ' ਦਾ ਨਹੀਂ ਬਲਕਿ 'ਕਦੋਂ' ਦਾ ਹੈ।
ਸੈਂਟ ਵਿਗਿਆਨ
ਮਾਰੀਆ ਨੂਰੀਸਲੇਮੋਵਾ ਮੁਤਾਬਕ ,"ਮੈਨੂੰ ਚਾਰ ਸਾਲ ਦੀ ਉਮਰ ਤੋਂ ਪਰਫਿਊਮ ਦਾ ਸ਼ੌਂਕ ਹੈ ਜੋ ਕਿ ਕਾਫੀ ਛੋਟੀ ਉਮਰ ਹੈ।"
"ਮੈਂ ਆਪਣੀ ਮਾਂ ਦੇ ਪਰਫਿਊਮ ਚੋਰੀ ਕਰਦੀ ਸੀ, ਉਨ੍ਹਾਂ ਨੂੰ ਹਰ ਵਾਰ ਪਤਾ ਲੱਗ ਜਾਂਦਾ ਸੀ।"
ਪ੍ਰਫਿਊਮ ਨਾਲ ਇਸ ਪਿਆਰ ਨੇ ਉਨ੍ਹਾਂ ਨੂੰ ਅਮਰੀਕੀ ਸਟਾਰਟ-ਅਪ ਸੇਂਟਬਰਡ ਦੀ ਆਪਣੇ ਬਿਜ਼ਨਸ ਪਾਰਟਨਰ ਨਾਲ ਸ਼ੁਰੂਆਤ ਕਰਨ ਲਈ ਪ੍ਰੇਰਿਆ।
ਜਿਸ ਵਿੱਚ ਉਹ ਆਪਣੇ ਸਬਸਕ੍ਰਾਈਬਰਜ਼ ਨੂੰ ਹਰ ਮਹੀਨੇ ਮਹਿੰਗੇ ਪਰਫਿਊਮ ਭੇਜਦੇ ਹਨ। ਪਰ ਤਕਨਾਲੋਜੀ ਦੀ ਆਪਣੀ ਜਗ੍ਹਾ ਹੈ।
ਜਦੋਂ ਉਨ੍ਹਾਂ ਨੇ ਆਪਣੇ ਸੈਂਟ ਦੀ ਨਵੀਂ ਸੀਰੀਜ਼ ਸ਼ੁਰੂ ਕਰਨ ਬਾਰੇ ਸੋਚਿਆ ਤਾਂ ਉਨ੍ਹਾਂ ਨੂੰ ਆਪਣੇ ਤਿੰਨ ਲੱਖ ਸਬਸਕਾਈਬਰਜ਼ ਦੇ ਸੁਝਾਵਾਂ ਦਾ ਵਿਸ਼ਲੇਸ਼ਣ ਆਰਟੀਫਿਸ਼ਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਕਰਨਾ ਪਿਆ। ਇਹ ਪ੍ਰਫਿਊਮ ਔਰਤਾਂ ਅਤੇ ਮਰਦ ਦੋਹੇਂ ਇਸਤੇਮਾਲ ਕਰ ਸਕਦੇ ਸਨ।

ਤਸਵੀਰ ਸਰੋਤ, Getty Images
ਇਸ ਵਿੱਚ ਸਮੱਸਿਆ ਇਹ ਸੀ ਕਿ ਬਹੁਤ ਸਾਰੀਆਂ ਸੁਗੰਧਾਂ ਅਜਿਹੀਆਂ ਸਨ, ਜੋ ਇੱਕ ਲਿੰਗ ਦੇ ਲੋਕ ਪਸੰਦ ਕਰਦੇ ਹਨ ਜਦੋਂ ਕਿ ਦੂਸਰੇ ਨਹੀਂ।
ਉਹ ਕਹਿੰਦੇ ਹਨ, "ਜੈਂਡਰ ਨਿਊਟਰਲ ਸੁਗੰਧਾਂ ਲੱਭਣਾ ਮੁਸ਼ਕਲ ਹੈ।"
ਮਾਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਖੋਜ ਰਾਹੀਂ 12 ਅਜਿਹੀਆਂ ਸੁਗੰਧਾਂ ਲੱਭੀਆਂ ਜੋ ਦੋਹੇਂ ਔਰਤਾਂ ਅਤੇ ਮਰਦਾਂ ਵੱਲੋਂ ਪਸੰਦ ਕੀਤੀਆਂ ਗਈਆਂ ਅਤੇ ਇਸ ਨਾਲ ਉਨ੍ਹਾਂ ਦੀ 'ਕਨਫੈਸ਼ਨ ਆਫ਼ ਦੀ ਰਿਬੈੱਲ' ਰੇਂਜ ਦੀ ਸ਼ੁਰੂਆਤ ਹੋਈ। ਇਹ ਉਨ੍ਹਾਂ ਦੇ ਜ਼ਿਆਦਾ ਵਿਕਣ ਵਾਲੇ ਤਿੰਨ ਫ਼ੀਸਦ ਪ੍ਰਫਿਊਮ ਵਿੱਚ ਸ਼ਾਮਿਲ ਹਨ।
ਮਾਰੀਆ ਕਹਿੰਦੇ ਹਨ, "ਮੇਰੇ ਅਨੁਸਾਰ ਇਹ ਇੱਕ ਜਿੱਤ ਹੈ। ਕਨਫੈਸ਼ਨਜ਼ ਆਫ ਰਿਬੈੱਲ ਗੂਚੀ, ਵਰਸੇਜ ਵਾਂਗ ਬਹੁਤ ਵੱਡਾ ਬ੍ਰੈਂਡ ਨਹੀਂ ਹੈ ਪਰ ਇਹ ਸਫ਼ਲ ਹੈ ਅਤੇ ਇਸ ਦਾ ਸਿਹਰਾ ਇਸ ਨੂੰ ਬਣਾਉਣ ਤੋਂ ਪਹਿਲਾਂ ਇਕੱਤਰ ਕੀਤੇ ਡੇਟਾ ਨੂੰ ਜਾਂਦਾ ਹੈ।"
ਸੇਂਟਬਰਡ ਅਧਿਐਨ ਦੀ ਸਹਾਇਤਾ ਨਾਲ ਹੋਰ ਵੀ ਅਜਿਹੀਆਂ ਸੁਗੰਧਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਸਾਲ ਦੋ ਨਵੇਂ ਪਰਫਿਊਮ ਇਸ ਵਿੱਚ ਜੁੜੇ ਹਨ।
ਪਰ ਇਹ ਅਜਿਹਾ ਇਕੱਲਾ ਕਾਰੋਬਾਰ ਨਹੀਂ ਹੈ ਜੋ ਆਰਟੀਫਿਸ਼ੀਅਲ ਇੰਟੈਲੀਜੇਂਸ ਦੀ ਸਹਾਇਤਾ ਨਾਲ ਸਾਡੇ ਸੁੰਘਣ ਦੇ ਤਰੀਕੇ ਨੂੰ ਬਦਲ ਰਿਹਾ ਹੈ।
ਭਾਵਨਾਤਮਕ ਅਸਰ
ਇੰਟਰਨੈਸ਼ਨਲ ਫਲੇਵਰਜ਼ ਐਂਡ ਫ੍ਰੈਗਰੈਂਸਜ਼ (ਆਈ ਐਫ ਐਫ) ਵੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਪਰਫਿਊਮ ਬਣਾ ਰਿਹਾ ਹੈ।
ਕਈ ਦੇਸ਼ਾਂ ਵਿੱਚ ਕੰਮ ਕਰਨ ਵਾਲੀਆਂ ਇਨ੍ਹਾਂ ਕੰਪਨੀਆਂ ਦੇ ਨਾਮ ਤੁਹਾਨੂੰ ਦੁਕਾਨਾਂ ਵਿਚ ਨਜ਼ਰ ਨਹੀਂ ਆਉਣਗੇ ਪਰ ਇਹ ਪਰਫਿਊਮ ਦੀ ਦੁਨੀਆ ਦੇ ਵੱਡੇ ਨਾਮ ਅਰਮਾਨੀ, ਸੀ ਕੇ, ਗੇਵਿਨਚੀ ਆਦਿ ਨਾਲ ਮਿਲ ਕੇ ਕੰਮ ਕਰਦੇ ਹਨ।

ਤਸਵੀਰ ਸਰੋਤ, Getty Images
ਆਈ ਐਫ ਐਫ ਨੂੰ ਇਕ ਸਦੀ ਤੋਂ ਜ਼ਿਆਦਾ ਪਰਫਿਊਮ ਦੇ ਖੇਤਰ ਦਾ ਤਜਰਬਾ ਹੈ। ਆਰਟੀਫਿਸ਼ੀਅਲ ਇੰਟੈਲੀਜੇਂਸ ਦੀ ਸਹਾਇਤਾ ਨਾਲ ਇਸ ਵਿੱਚ ਮਦਦ ਮਿਲਦੀ ਹੈ।
ਵੈਲੇਰੀ ਕਲਾਊਡ ਜੋ ਕੰਪਨੀ ਦੇ ਸੈਂਟ ਡਿਵੀਜ਼ਨ ਦੇ ਗਲੋਬਲ ਹੈੱਡ ਆਫ ਇਨੋਵੇਸ਼ਨ ਹਨ ਆਖਦੇ ਹਨ, "ਆਰਟੀਫਿਸ਼ੀਅਲ ਇੰਟੈਲੀਜੈਂਸ ਗੂਗਲ ਮੈਪ ਵਾਂਗ ਇੱਕ ਤਰੀਕਾ ਹੈ। ਇਸ ਦੀ ਸਹਾਇਤਾ ਨਾਲ ਪਰਫਿਊਮ ਬਣਾਉਣ ਵਾਲਾ ਇਸ ਨੂੰ ਬਣਾਉਣ ਉੱਪਰ ਉਸ ਦੇ ਪਿੱਛੇ ਭਾਵਨਾਵਾਂ ਉਪਰ ਕੇਂਦਰਿਤ ਹੋ ਸਕਦਾ ਹੈ।"
ਆਈ ਐਫ ਐਫ ਦਾ ਕੰਮ ਪਰਫਿਊਮ ਤੋਂ ਇਲਾਵਾ ਰੋਜ਼ਮੱਰਾ ਵਿਚ ਸਾਡੇ ਸਾਹਮਣੇ ਆਉਣ ਵਾਲੇ ਸਬੰਧਾਂ ਨਾਲ ਵੀ ਜੁੜਿਆ ਹੈ, ਜਿਨ੍ਹਾਂ ਵਿੱਚ ਸ਼ੈਂਪੂ ,ਵਾਸ਼ਿੰਗ ਪਾਊਡਰ, ਫੈਬਰਿਕ ਸਾਫਟਨਰ ਆਦਿ ਸ਼ਾਮਿਲ ਹਨ। ਕੋਰੋਨਾਵਾਇਰਸ ਸਮੇਂ ਦੌਰਾਨ ਲੋਕ ਜੋ ਚਾਹੁੰਦੇ ਹਨ, ਉਸ ਵਿੱਚ ਵੀ ਬਦਲਾਅ ਆਏ ਹਨ।
"ਹੁਣ ਸਾਫ਼ ਅਤੇ ਤਾਜ਼ੇ ਦੀ ਜਗ੍ਹਾ ਸੁਰੱਖਿਅਤ ਰਹਿਣ ਦੀ ਇੱਛਾ ਨੇ ਲੈ ਲਈ ਹੈ।"
ਵੱਖ ਵੱਖ ਸੁਗੰਧਾਂ ਦਾ ਲੋਕਾਂ ਦੇ ਮੂਡ ਉੱਪਰ ਕੀ ਅਸਰ ਪੈਂਦਾ ਹੈ, ਕੰਪਨੀਆਂ ਇਸ ਉੱਪਰ ਵੀ ਆਪਣਾ ਧਿਆਨ ਕੇਂਦਰਤ ਕਰ ਰਹੀਆਂ ਹਨ।

ਤਸਵੀਰ ਸਰੋਤ, Getty Images
ਇਹ ਅਜਿਹੀਆਂ ਸੁਗੰਧਾ ਆਰਟੀਫਿਸ਼ਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਖੁਸ਼ੀ, ਸ਼ਾਂਤੀ, ਸੁਚੇਤਨਾ ਵਰਗੀਆਂ ਭਾਵਨਾਵਾਂ ਵਿੱਚ ਵਾਧਾ ਕਰੇ।
ਇਨ੍ਹਾਂ ਖੋਜਾਂ ਰਾਹੀਂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਨਿਊਰੋਲਾਜਿਕਲ ਬਿਮਾਰੀਆਂ ਹਨ।
ਵੈਲੇਰੀ ਆਖਦੇ ਹਨ, "ਅਲਜ਼ਾਈਮਰ ਵਰਗੀ ਬਿਮਾਰੀ ਵਿੱਚ ਇਹ ਜਿਊਣ ਦੇ ਤਰੀਕੇ ਨੂੰ ਥੋੜ੍ਹਾ ਬਿਹਤਰ ਬਣਾ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਇਹ ਸਾਡੀਆਂ ਇੰਦਰੀਆਂ ਉਪਰ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ ਜਿਨ੍ਹਾਂ ਵਿੱਚ ਸੁੰਘਣ ਦੀ ਸ਼ਕਤੀ, ਛੋਹਣ, ਮਹਿਸੂਸ ਕਰਨ ਦੀ ਅਤੇ ਦੇਖਣ ਦੀ ਸ਼ਕਤੀ ਸ਼ਾਮਲ ਹੈ।"
"ਜ਼ਾਹਿਰ ਤੌਰ 'ਤੇ ਇਹ ਇਲਾਜ ਨਹੀਂ ਹੋ ਸਕਦੇ ਪਰ ਦਿਮਾਗ ਉੱਪਰ ਇਨ੍ਹਾਂ ਬਿਮਾਰੀਆਂ ਦੇ ਅਸਰ ਨੂੰ ਹੌਲੀ ਕਰ ਸਕਦੇ ਹਨ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













