ਭਾਰਤੀ ਰਾਜੇ-ਮਹਾਰਾਜੇ ਜਿਨ੍ਹਾਂ ਦੇ ਕੀਤੇ ਕੰਮਾਂ ਨੂੰ ਅੰਗਰੇਜ਼ਾਂ ਨੇ ਲੁਕਾਇਆ ਤੇ ਉਹ ਬਰਤਾਨਵੀ ਰਾਜ ਲਈ ਸਿਰਦਰਦ ਵੀ ਬਣੇ

ਤਸਵੀਰ ਸਰੋਤ, JUGERNAUT
ਭਾਰਤ ਵਿੱਚ ਆਜ਼ਾਦੀ ਤੋਂ ਪਹਿਲਾਂ ਜਿਹੜੇ ਰਾਜਾ-ਮਹਾਰਾਜਾ ਸਨ, ਉਨ੍ਹਾਂ ਦਾ ਅਕਸ ਕੁਝ ਅਜਿਹਾ ਹੈ ਕਿ ਉਨ੍ਹਾਂ ਨੂੰ ਯਾਦ ਕਰਦੇ ਹੀ ਦਿਮਾਗ ਵਿੱਚ ਹਾਥੀ-ਘੋੜੇ, ਨਾਚੀਆਂ ਤੇ ਰਾਜਮਹਿਲਾਂ ਦੀ ਕਲਪਨਾ ਤੈਰਨ ਲੱਗਦੀ ਹੈ।
ਪਰ ਕੀ ਉਹ ਵਾਕਈ ਅਜਿਹੇ ਸਨ? ਇਤਿਹਾਸਕਾਰ ਮਨੁ ਪਿੱਲਏ ਨੇ ਭਾਰਤ ਦੇ ਮਹਾਰਾਜਿਆਂ ਦੇ ਦੌਰ 'ਤੇ ਫਿਰ ਤੋਂ ਨਜ਼ਰ ਮਾਰੀ ਹੈ।
ਜੇ ਤੁਸੀਂ ਗਹਿਣਿਆਂ ਨਾਲ ਲੱਦੀਆਂ ਉਨ੍ਹਾਂ ਦੀਆਂ ਤਸਵੀਰਾਂ, ਮਹਿਲਾਂ ਅਤੇ ਸ਼ਾਨਦਾਰ ਦਰਬਾਰਾਂ ਤੋਂ ਜ਼ਰਾ ਪਰ੍ਹੇ ਵੇਖੋਗੇ ਤਾਂ ਤੁਹਾਨੂੰ ਭਾਰਤ ਦੇ ਇਨ੍ਹਾਂ ਰਾਜਿਆਂ ਬਾਰੇ ਹੋਰ ਕੁਝ ਗੱਲਾਂ ਵੀ ਪਤਾ ਚੱਲਣਗੀਆਂ।
ਤੁਸੀਂ ਪਾਓਗੇ ਕਿ ਉਨ੍ਹਾਂ ਦਾ ਬਹੁਤ ਅਪਮਾਨ ਕੀਤਾ ਗਿਆ, ਮਜ਼ਾਕ ਉਡਾਇਆ ਗਿਆ ਅਤੇ ਮਜ਼ਾ ਲੈਣ ਦੇ ਇਰਾਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਅਜਿਹਾ ਬਣਾ ਦਿੱਤਾ ਗਿਆ ਜਿਸ ਵਿੱਚ ਹਰ ਕੋਈ ਝਾਤੀ ਮਾਰਨਾ ਚਾਹੁੰਦਾ ਸੀ।
ਅੰਗਰੇਜਾਂ ਨੇ ਆਪਣੀ ਜ਼ਮਾਨੇ ਵਿੱਚ "ਦੇਸੀ" ਰਾਜਕੁਮਾਰਾਂ ਨੂੰ ਘੋਰ ਪਤਨਸ਼ੀਲ ਇਨਸਾਨਾਂ ਦੇ ਰੂਪ ਵਿੱਚ ਪੇਸ਼ ਕੀਤਾ, ਜਿਨ੍ਹਾਂ ਦਾ ਮਨ ਰਾਜ-ਕਾਜ ਤੋਂ ਵੱਧ ਸੈਕਸ ਅਤੇ ਫੈਸ਼ਨ ਵਿੱਚ ਲੱਗਦਾ ਸੀ।
ਮਿਸਾਲ ਵਜੋਂ, ਇੱਕ ਗੋਰੇ ਅਧਿਕਾਰੀ ਨੇ ਮਹਾਰਾਜਿਆਂ ਨੂੰ "ਦੈਂਤ ਵਰਗੇ, ਮੋਟੇ, ਦਿਖਣ ਵਿੱਚ ਘਿਨੌਣੇ" ਅਤੇ ਕਿਸੇ ਨੱਚਣ ਵਾਲੀ ਦੀ ਤਰ੍ਹਾਂ "ਹਾਰ-ਕੁੰਡਲ ਧਾਰੀ" ਇਨਸਾਨਾਂ ਦੇ ਰੂਪ ਵਿੱਚ ਦੱਸਿਆ। ਅਧਿਕਾਰੀ ਨੇ ਕਿਹਾ ਕਿ ਇਹ ਮਹਾਰਾਜੇ ਗੋਰਿਆਂ ਵਰਗੇ ਨਹੀਂ ਬਲਕਿ ਔਰਤਾਂ ਵਰਗੇ ਦਿਖਾਈ ਦੇਣ ਵਾਲੇ "ਬੇਵਕੂਫ਼" ਹਨ।
ਰਾਜਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼
ਰਾਜਿਆਂ ਦੀ ਇਹੀ ਪਛਾਣ ਕਈ ਦਹਾਕਿਆਂ ਤੱਕ ਬਣੀ ਰਹੀ। 1947 ਵਿੱਚ, ਲਾਈਫ ਮੈਗਾਜ਼ੀਨ ਤਾਂ ਅੰਕੜਿਆਂ ਦੇ ਨਾਲ ਇਸ ਦੌੜ ਵਿੱਚ ਸ਼ਾਮਲ ਹੋ ਗਈ।
ਉਸ ਨੇ ਦੱਸਿਆ ਕਿ ਇੱਕ ਸਾਧਾਰਨ ਮਹਾਰਾਜੇ ਕੋਲ ਔਸਤ "11 ਉਪਾਧੀਆਂ, 3 ਵਰਦੀਆਂ, 5.8 ਪਤਨੀਆਂ, 12.6 ਬੱਚੇ, 5 ਮਹਿਲ, 9.2 ਹਾਥੀ ਅਤੇ 3.4 ਰੋਲਸ ਰਾਇਸ ਕਾਰਾਂ ਹਨ।"
ਇਹ ਸਭ ਕੁਝ ਮਜ਼ੇਦਾਰ ਸੀ, ਪਰ ਇਹ ਅੰਕੜੇ ਭਰਮਾਉਣ ਵਾਲੇ ਸਨ, ਕਿਉਂਕਿ ਸਾਰੇ ਰਾਜੇ ਇੱਕੋ-ਜਿਹੇ ਨਹੀਂ ਸਨ। ਕੁੱਲ 562 "ਰਾਜਾਂ" ਵਿੱਚੋਂ ਬਹੁਤ ਸਾਰੇ ਦੀਆਂ ਤਾਂ ਛੋਟੀਆਂ ਰਿਆਸਤਾਂ ਸਨ, ਜਿਨ੍ਹਾਂ ਦੀ ਰਾਜਨੀਤਿਕ ਸਾਰਥਕਤਾ ਲਗਭਗ ਨਾ ਦੇ ਬਰਾਬਰ ਸੀ।
ਲੱਖਾਂ ਲੋਕਾਂ ਉੱਤੇ ਰਾਜ ਕਰਨ ਵਾਲੇ ਲਗਭਗ 100 ਰਾਜਿਆਂ ਨੂੰ ਬਹੁਤ ਛੋਟੀ ਮਲਕੀਅਤ ਵਾਲੇ ਜਿਮੀਂਦਾਰਾਂ ਬਰਾਬਰ ਖੜ੍ਹਾ ਕਰ ਦੇਣਾ ਉਚਿਤ ਨਹੀਂ ਸੀ, ਅਤੇ ਇਸ ਦੇ ਨਾਲ ਨਾ ਸਿਰਫ ਉਨ੍ਹਾਂ ਦੀ ਹੈਸੀਅਤ ਘਟੀ ਬਲਕਿ ਉਹ ਇੱਕ ਕਾਰਟੂਨ ਵਰਗੇ ਬਣ ਕੇ ਰਹਿ ਗਏ।
ਸੱਚਾਈ ਇਹ ਸੀ ਕਿ ਇਹ ਰਜਵਾੜੇ ਉਸ ਸਮੇਂ ਭਾਰਤੀ ਉਪ-ਮਹਾਂਦੀਪ ਦੇ ਤਕਰੀਬਨ 40 ਪ੍ਰਤੀਸ਼ਤ ਖੇਤਰ ਵਿੱਚ ਫੈਲੇ ਹੋਏ ਸਨ ਅਤੇ ਉਨ੍ਹਾਂ ਉੱਤੇ ਬ੍ਰਿਟਿਸ਼ ਸ਼ਾਸਕਾਂ ਦਾ ਸਿੱਧਾ ਸ਼ਾਸਨ ਨਹੀਂ ਸੀ।
ਇਹ ਰਾਜੇ ਬ੍ਰਿਟਿਸ਼ ਰਾਜ ਨਾਲ ਕੀਤੀਆਂ ਗਈਆਂ ਕਈ ਸੰਧੀਆਂ ਅਤੇ ਸਮਝੌਤਿਆਂ ਦੇ ਜ਼ਰੀਏ, ਉਨ੍ਹਾਂ ਨਾਲ ਬਤੌਰ ਜਗੀਰਦਾਰ ਜੁੜੇ ਹੋਏ ਸਨ ਪਰ ਉਹ ਸਾਰੇ ਉਸ ਤਰ੍ਹਾਂ ਨਹੀਂ ਸਨ ਜਿਸ ਤਰ੍ਹਾਂ ਉਨ੍ਹਾਂ ਨੂੰ ਪੇਸ਼ ਕੀਤਾ ਗਿਆ।

ਤਸਵੀਰ ਸਰੋਤ, JUGGERNAUT
ਕਈ ਰਾਜੇ ਸਮਰੱਥ ਅਤੇ ਅਨੁਸ਼ਾਸਿਤ ਵੀ ਸਨ
ਲਾਈਫ ਮੈਗਜ਼ੀਨ ਨੇ ਆਪਣੀ ਉਸੇ ਰਿਪੋਰਟ ਵਿੱਚ ਇਹ ਵੀ ਸਵੀਕਾਰ ਕੀਤਾ ਸੀ ਕਿ ਕੋਚੀਨ ਦੇ ਮਹਾਰਾਜਾ ਦੀ ਕਿਸੇ ਰਖੇਲ ਦੀ ਗੋਦ ਵਿੱਚ ਬੈਠਣ ਨਾਲੋਂ, ਕਿਸੇ ਸੰਸਕ੍ਰਿਤ ਖਰੜੇ ਵਿੱਚ ਰੁੱਝੇ ਹੋਣ ਦੀ ਸੰਭਾਵਨਾ ਜ਼ਿਆਦਾ ਸੀ। ਇਸੇ ਤਰ੍ਹਾਂ, ਗੋਂਡਲ ਦੇ ਰਾਜਾ ਇੱਕ ਸਿਖਲਾਈ ਪ੍ਰਾਪਤ ਡਾਕਟਰ ਸਨ।
ਵੱਡੇ ਸੂਬਿਆਂ ਵਿੱਚ ਸ਼ਰਾਬ ਅਤੇ ਅੱਯਾਸ਼ੀ ਵਿੱਚ ਡੁੱਬੇ ਰਹਿਣ ਵਾਲੇ ਤਾਨਾਸ਼ਾਹਾਂ ਦਾ ਰਾਜ ਨਹੀਂ ਸੀ। ਉਥੇ ਗੰਭੀਰ ਸਿਆਸੀ ਹਸਤੀਆਂ ਰਾਜ ਕਰ ਰਹੀਆਂ ਸਨ।
ਬੇਸ਼ੱਕ, ਸ਼ਾਸਕਾਂ ਦੀ ਸਨਕ ਦੇ ਇਲਜ਼ਾਮਾਂ ਵਿੱਚ ਕੁਝ ਸੱਚਾਈ ਹੈ। ਜਿਵੇਂ ਇੱਕ ਮਹਾਰਾਜਾ ਨੇ, ਸਕੌਟਲੈਂਡ ਦੀ ਇੱਕ ਫੌਜੀ ਟੁਕੜੀ ਨੂੰ ਦੇਖ ਕੇ ਆਪਣੇ ਸਿਪਾਹੀਆਂ ਨੂੰ ਵੀ ਉਨ੍ਹਾਂ ਵਾਂਗ ਹੀ ਸਕਰਟ ਵਾਲੀ ਪੋਸ਼ਾਕ ਪੁਆ ਦਿੱਤੀ। ਇਸੇ ਤਰ੍ਹਾਂ, ਇੱਕ ਹੋਰ ਰਾਜੇ ਦਾ ਮੰਨਣਾ ਸੀ ਕਿ ਉਹ ਫਰਾਂਸ ਦਾ ਸ਼ਾਸਕ ਲੂਈ ਚੌਦਵਾਂ ਹੈ, ਜਿਸਨੇ ਪੰਜਾਬੀਆਂ ਵਿੱਚ ਪੁਨਰ ਜਨਮ ਲਿਆ ਹੈ।
ਉਂਝ ਇਸ ਤਰ੍ਹਾਂ ਦੀਆਂ ਸਨਕ ਭਰੀਆਂ ਕਹਾਣੀਆਂ ਬ੍ਰਿਟਿਸ਼ ਸ਼ਾਸਕਾਂ ਦੀਆਂ ਵੀ ਰਹੀਆਂ ਹਨ। ਜਿਵੇਂ ਭਾਰਤ ਦੇ ਵਾਇਸਰਾਏ ਰਹੇ ਲਾਰਡ ਕਰਜ਼ਨ ਨੂੰ ਇੱਕ ਵਾਰ ਨੰਗਾ ਹੋ ਕੇ ਟੈਨਿਸ ਖੇਡਦੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ:
ਕਈ ਸ਼ਾਸਕਾਂ ਦਾ ਕੰਮ ਸ਼ਾਨਦਾਰ ਸੀ
ਆਪਣੀ ਨਵੀਂ ਕਿਤਾਬ ਲਈ ਖੋਜ ਦੌਰਾਨ ਮੈਂ ਦੇਖਿਆ ਕਿ ਮਹਾਰਾਜਿਆਂ ਦੀ "ਸਵੈ-ਕੇਂਦਰਿਤ ਮੂਰਖਾਂ" ਵਾਲੇ ਅਕਸ ਕਾਰਨ ਜਿੱਥੇ ਕਈ ਦਿਲਚਸਪ ਕਹਾਣੀਆਂ ਪਿੱਛੇ ਛੁੱਟ ਗਈਆਂ ਉੱਥੇ ਕਈ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ ਜਾਣ ਬੁੱਝ ਕੇ ਲੁਕਾ ਦਿੱਤਾ ਗਿਆ।
ਮੈਸੂਰ ਦੇ ਰਾਜੇ ਕੋਲ ਹਾਥੀ ਸਨ, ਪਰ ਉਨ੍ਹਾਂ ਦੇ ਰਾਜ ਵਿੱਚ ਉਦਯੋਗ ਵੀ ਲੱਗੇ ਸਨ। ਬੜੌਦਾ ਵਿੱਚ ਇੱਕ ਪੱਤਰਕਾਰ ਨੇ ਪਤਾ ਲਗਿਆ ਕਿ ਉੱਥੋਂ ਦੇ ਮਹਾਰਾਜਾ ਨੇ ਸਿੱਖਿਆ ਲਈ 55 ਲੋਕਾਂ ਉੱਤੇ 5 ਡਾਲਰ ਦੇ ਬਰਾਬਰ ਦੀ ਰਕਮ ਖਰਚ ਕੀਤੀ, ਜਦਕਿ ਦੂਜੇ ਪਾਸੇ ਬ੍ਰਿਟਿਸ਼ ਸ਼ਾਸਕਾਂ ਦੇ ਅਧੀਨ ਆਉਂਦੇ ਖੇਤਰ ਵਿੱਚ ਇਹੀ ਰਕਮ 1,000 ਲੋਕਾਂ ਉੱਤੇ ਖਰਚ ਕੀਤੀ ਗਈ ਸੀ।
ਦੂਜੇ ਪਾਸੇ, ਤ੍ਰਾਵਣਕੋਰ, ਜੋ ਕਿ ਅਜੋਕਾ ਕੇਰਲ ਹੈ, ਨੂੰ ਸਕੂਲਾਂ ਅਤੇ ਬੁਨਿਆਦੀ ਢਾਂਚੇ 'ਤੇ ਕੀਤੇ ਗਏ ਨਿਵੇਸ਼ ਦੇ ਮਾਮਲੇ ਵਿੱਚ ਇੱਕ "ਮਾਡਲ ਰਾਜ" ਮੰਨਿਆ ਜਾਂਦਾ ਸੀ। ਦਰਅਸਲ, ਭਾਰਤ ਵਿੱਚ ਸੰਵਿਧਾਨਕਤਾ ਬਾਰੇ ਮੁੱਢਲੀ ਚਰਚਾ ਰਿਆਸਤਾਂ ਵਿੱਚ ਹੀ ਹੋਈ ਸੀ।
ਤਾਂ ਅਜਿਹਾ ਕਿਉਂ ਹੈ ਕਿ ਜਦੋਂ ਵੀ ਅਸੀਂ ਰਾਜਿਆਂ ਬਾਰੇ ਗੱਲ ਕਰਦੇ ਹਾਂ, ਤਾਂ ਸਾਨੂੰ ਸਿਰਫ ਹਰਮ, ਚਮਕਦਾਰ ਕਾਰਾਂ ਅਤੇ ਸੈਕਸ ਸਕੈਂਡਲ ਹੀ ਚੇਤੇ ਆਉਂਦੇ ਹਨ?
ਪਹਿਲੀ ਗੱਲ ਤਾਂ ਇਹ ਕਿ ਬ੍ਰਿਟਿਸ਼ ਸ਼ਾਸਨ ਨੂੰ ਇਹ ਸਥਿਤੀ ਬਿਹਤਰ ਲੱਗਦੀ ਸੀ ਜਿਸ ਵਿੱਚ ਉਹ ਆਪਣੇ ਆਪ ਨੂੰ ਅਜਿਹੇ ਵਫ਼ਾਦਾਰ ਸਿਖਿਅਕ ਦੇ ਰੂਪ ਵਿੱਚ ਪੇਸ਼ ਕਰ ਸਕਦੇ ਸਨ ਜੋ ਸ਼ਰਾਰਤੀ ਬੱਚਿਆਂ ਨੂੰ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਜੇ ਉਹ, ਇਹ ਸਵੀਕਾਰ ਕਰ ਲੈਂਦੇ ਕਿ ਭਾਰਤ ਦੇ ਲੋਕ ਨਾ ਸਿਰਫ ਸ਼ਾਸਨ ਕਰ ਸਕਦੇ ਹਨ, ਬਲਕਿ ਬਹੁਤ ਸਾਰੇ ਮਾਮਲਿਆਂ ਵਿੱਚ ਅੰਗਰੇਜਾਂ ਨੂੰ ਪਿੱਛੇ ਵੀ ਛੱਡ ਸਕਦੇ ਹਨ, ਤਾਂ ਇਸ ਨਾਲ ਬ੍ਰਿਟਿਸ਼ ਸਾਮਰਾਜ ਦੇ ਤਥਾ-ਕਥਿਤ "ਸੱਭਿਅਕ ਬਣਾਉਣ ਵਾਲੇ" ਮਿਸ਼ਨ ਦਾ ਪਰਦਾਫਾਸ਼ ਹੋ ਜਾਂਦਾ।

ਤਸਵੀਰ ਸਰੋਤ, JUGGERNAUT
ਬ੍ਰਿਟਿਸ਼ ਰਾਜ ਨਾਲ ਗੁੰਝਲਦਾਰ ਰਿਸ਼ਤੇ
ਦਰਅਸਲ, ਇਹ ਕਹਾਣੀ ਰਾਜ ਨੂੰ ਪਰਿਭਾਸ਼ਤ ਕਰਨ ਵਾਲੀ ਨਜ਼ਾਕਤ ਅਤੇ ਪਾਗਲਪਣ ਵੀ ਦਿਖਾਉਂਦੀ ਹੈ: ਇਹ ਮਹਾਰਾਜੇ ਭਾਵੇਂ ਰਸਮੀ ਤੌਰ 'ਤੇ "ਸਾਮਰਾਜ ਦੇ ਥੰਮ੍ਹ" ਸਨ, ਪਰ ਵਿਵਹਾਰ ਵਿੱਚ ਉਹ ਅਸ਼ਾਂਤ ਭਾਗੀਦਾਰ ਸਨ ਅਤੇ ਹਮੇਸ਼ਾ ਆਪਣੇ ਸੁਆਮੀ ਦੀ ਪ੍ਰੀਖਿਆ ਲੈਂਦੇ ਰਹਿੰਦੇ ਸਨ।
ਮਿਸਾਲ ਵਜੋਂ, ਬੜੌਦਾ ਰਿਆਸਤ ਬ੍ਰਿਟਿਸ਼ ਵਿਰੋਧੀ ਕ੍ਰਾਂਤੀਕਾਰੀ ਸਾਹਿਤ ਦਾ ਸਰੋਤ ਸੀ। ਉੱਥੇ 'ਸਬਜ਼ੀਆਂ ਦੀ ਦਵਾਈ' ਵਰਗੇ ਸਿਰਲੇਖਾਂ ਨਾਲ ਅਜਿਹੀਆਂ ਕ੍ਰਾਂਤੀਕਾਰੀ ਕਿਤਾਬਾਂ ਛਪਦੀਆਂ ਰਹਿੰਦੀਆਂ ਸਨ।
ਮੈਸੂਰ ਰਿਆਸਤ ਆਪਣੇ ਸ਼ਾਹੀ ਪਰਿਵਾਰ ਮਗਰ ਲੱਗੀ ਸਥਾਨਕ ਪ੍ਰੈਸ ਨੂੰ ਤਾਂ ਬਰਦਾਸ਼ਤ ਨਹੀਂ ਕਰ ਪਾਉਂਦੀ ਸੀ, ਪਰ ਉੱਥੋਂ ਦੇ ਸੰਪਾਦਕਾਂ ਨੂੰ ਬ੍ਰਿਟਿਸ਼ ਰਾਜ ਦੀ ਆਲੋਚਨਾ ਕਰਨ ਦੀ ਪੂਰੀ ਖੁੱਲ੍ਹ ਸੀ।
ਜੈਪੁਰ ਦੇ ਸ਼ਾਸਕਾਂ ਨੇ ਵਧੇਰੇ ਮਾਲੀਆ (ਕਰ) ਦੇਣ ਤੋਂ ਬਚਣ ਲਈ, ਖੁਸ਼ੀ-ਖੁਸ਼ੀ ਆਪਣੇ ਖਾਤਿਆਂ ਵਿੱਚ ਹੇਰਾਫੇਰੀ ਕੀਤੀ ਅਤੇ ਇਸ ਨਾਲ ਲੱਖਾਂ ਦੀ ਬਚਤ ਕੀਤੀ।
ਇਸ ਤੋਂ ਇਲਾਵਾ, ਕਈ ਸ਼ਾਸਕਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਕਾਂਗਰਸ ਪਾਰਟੀ ਨੂੰ ਵਿੱਤੀ ਸਹਾਇਤਾ ਦਿੱਤੀ।
ਉੱਥੇ ਹੀ, ਲਾਰਡ ਕਰਜ਼ਨ ਦਾ 1920 ਦੇ ਦਹਾਕੇ ਵਿੱਚ ਹੀ ਇਹ ਮੰਨਣਾ ਸੀ ਕਿ ਆਜ਼ਾਦੀ ਅੰਦੋਲਨ ਦੀ ਹਮਾਇਤ ਕਰਨ ਵਾਲੇ ਭਾਰਤੀ ਰਾਜਿਆਂ ਵਿੱਚ ਵੀ ਬਹੁਤ ਸਾਰੇ "ਫਿਲਿਪ ਐਗਲਿਟਜ਼" (ਬੌਰਬਨ ਦੇ ਇੱਕ ਰਾਜਾ, ਜਿਨ੍ਹਾਂ ਨੇ ਫ੍ਰੈਂਚ ਕ੍ਰਾਂਤੀ ਦਾ ਸਮਰਥਨ ਕੀਤਾ ਸੀ) ਮੌਜੂਦ ਸਨ।

ਤਸਵੀਰ ਸਰੋਤ, JUGGERNAUT
ਇਹ ਭਾਵੇਂ ਸੁਣਨ ਵਿੱਚ ਅਜੀਬ ਲੱਗੇ, ਪਰ ਆਜ਼ਾਦੀ ਦੀ ਲੜਾਈ ਵਿੱਚ ਜ਼ਿਆਦਾਤਰ ਰਾਜਿਆਂ ਨੂੰ ਨਾਇਕਾਂ ਵਜੋਂ ਵੇਖਿਆ ਗਿਆ।
ਵੱਡੇ ਰਾਜਾਂ ਦੀਆਂ ਪ੍ਰਾਪਤੀਆਂ ਨੇ ਮਹਾਤਮਾ ਗਾਂਧੀ ਸਮੇਤ ਬਹੁਤ ਸਾਰੇ ਰਾਸ਼ਟਰਵਾਦੀਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਨਸਲਵਾਦੀ ਧਾਰਨਾ ਨੂੰ ਖਤਮ ਕਰ ਦਿੱਤਾ ਕਿ "ਮੂਲਵਾਸੀ" ਆਪਣੇ ਉੱਤੇ ਰਾਜ ਨਹੀਂ ਕਰ ਸਕਦੇ। ਪਰ 1930 ਅਤੇ 1940 ਦੇ ਦਹਾਕੇ ਵਿੱਚ ਚੀਜ਼ਾਂ ਬਦਲ ਗਈਆਂ।
ਕਈ ਰਿਆਸਤਾਂ ਵਿੱਚ, ਸਿੱਖਿਆ ਤੱਕ ਲੋਕਾਂ ਦੀ ਪਹੁੰਚ ਨੂੰ ਵਧਾਉਣ ਵਿੱਚ ਉਨ੍ਹਾਂ ਦੀ ਸਫ਼ਲਤਾ ਨੇ ਉੱਥੇ ਲੋਕਤੰਤਰੀ ਨੁਮਾਇੰਦਗੀ ਦੀ ਮੰਗ ਨੂੰ ਚੁੱਕਿਆ। ਭਾਰਤ ਤੋਂ ਅੰਗਰੇਜ਼ਾਂ ਦੀ ਵਾਪਸੀ ਤੋਂ ਪਹਿਲਾਂ, ਕਈ ਰਾਜਿਆਂ ਨੇ ਆਪਣੀ ਵਿਸ਼ਾਲ ਵਿਰਾਸਤ ਨੂੰ ਢਾਹ ਲਾਈ ਅਤੇ ਦਮਨਕਾਰੀ ਬਣ ਗਏ।
ਹਾਲਾਂਕਿ ਇਤਿਹਾਸ ਤੋਂ ਇਹੀ ਸਬਕ ਮਿਲਦਾ ਹੈ, ਕਿ ਮਾਮਲਾ ਜਿੰਨਾ ਦਿਖਾਈ ਦਿੰਦਾ ਹੈ ਉਸ ਤੋਂ ਕਿਤੇ ਜਿਆਦਾ ਗੁੰਝਲਦਾਰ ਹੈ।
ਇਹ ਕਥਨ ਉਨ੍ਹਾਂ ਮਹਾਰਾਜਿਆਂ ਬਾਰੇ ਵੀ ਇਹ ਉਨਾਂ ਹੀ ਸੱਚ ਹੈ। ਰਾਜਿਆਂ ਵਿੱਚ ਬਹੁਤ ਸਾਰੇ ਦੂਰਦਰਸ਼ੀ, ਆਧੁਨਿਕਤਾਵਾਦੀ ਅਤੇ ਸੂਝਵਾਨ ਸਿਆਸਤਦਾਨ ਵੀ ਸਨ। ਨਰਤਕੀਆਂ ਅਤੇ ਹਾਥੀਆਂ ਦੀਆਂ ਪੁਰਾਣੀਆਂ ਗੱਲਾਂ ਪਿੱਛੇ, ਬਹੁਤ ਲੰਮੇ ਸਮੇਂ ਦਾ ਇੱਕ ਅਣਸੁਣਾਈ ਕਹਾਣੀ ਵੀ ਲੁਕੀ ਹੋਈ ਹੈ।
(ਮਨੂ ਪਿੱਲਏ ਇੱਕ ਇਤਿਹਾਸਕਾਰ ਹੋਣ ਦੇ ਨਾਲ-ਨਾਲ 'ਫਾਲਸ ਅਲਾਇੰਸਯ ਇੰਡੀਆਜ਼ ਮਹਾਰਾਜਾਸ ਇਨ ਦਿ ਏਜ ਆਫ਼ ਰਵੀ ਵਰਮਾ' ਦੇ ਲੇਖਕ ਹਨ।)
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












