ਭਾਰਤ 'ਚ BH ਸੀਰੀਜ਼ ਵਾਲੀ ਨੰਬਰ ਪਲੇਟ, ਹਰ ਸਵਾਲ ਦਾ ਜਵਾਬ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਹਰਸ਼ਲ ਅਕੁੜੇ
- ਰੋਲ, ਬੀਬੀਸੀ ਮਰਾਠੀ
ਕੀ ਤੁਸੀਂ ਆਪਣੀ ਨੌਕਰੀ ਜਾਂ ਕਾਰੋਬਾਰ ਲਈ ਕਿਸੇ ਹੋਰ ਸੂਬੇ ਵਿੱਚ ਵਸਣ ਜਾ ਰਹੇ ਹੋ ਅਤੇ ਕੀ ਤੁਹਾਨੂੰ ਉੱਥੇ ਆਪਣਾ ਵਾਹਨ ਵੀ ਨਾਲ ਲੈ ਕੇ ਜਾਣ ਦੀ ਜ਼ਰੂਰਤ ਹੈ?
ਕੀ ਤੁਹਾਨੂੰ ਡਰ ਹੈ ਕਿ ਪੁਲਿਸ ਤੁਹਾਨੂੰ ਤੁਹਾਡਾ ਵਾਹਨ ਨਾਲ ਲੈ ਕੇ ਨਹੀਂ ਜਾਣ ਦਵੇਗੀ? ਕੀ ਤੁਹਾਨੂੰ ਆਪਣੇ ਵਾਹਨ ਨੂੰ ਦੁਬਾਰਾ ਰਜਿਸਟਰ ਕਰਨ ਦੀ ਜ਼ਰੂਰਤ ਹੋਏਗੀ?
ਕੀ ਤੁਹਾਨੂੰ ਆਪਣੇ ਵਾਹਨ ਲਈ ਨਵੇਂ ਨੰਬਰ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੋਏਗੀ? ਅਜਿਹੇ ਬਹੁਤ ਸਾਰੇ ਸਵਾਲ ਹਨ ਜੋ ਵਿਅਕਤੀ ਦੇ ਦਿਮਾਗ ਵਿੱਚ ਉੱਠਦੇ ਹਨ ਜਦੋਂ ਉਹ ਕਿਸੇ ਹੋਰ ਜਗ੍ਹਾ ਜਾ ਕੇ ਰਹਿਣ ਲਈ ਤਿਆਰੀ ਕਰਦਾ ਹੈ।
ਲੋਕ ਇਨ੍ਹਾਂ ਪ੍ਰਕਿਰਿਆਵਾਂ ਬਾਰੇ ਜ਼ਿਆਦਾ ਜਾਣੂ ਨਹੀਂ ਹੁੰਦੇ। ਅਤੇ ਭਾਵੇਂ ਸਾਨੂੰ ਪ੍ਰਕਿਰਿਆ ਦੀ ਜਾਣਕਾਰੀ ਹੋਵੇ ਤਾਂ ਵੀ ਇਨ੍ਹਾਂ ਨਾਲ ਜੁੜੇ ਕੰਮ ਕਰਨਾ ਅਤੇ ਨਵੀਂ ਜਗ੍ਹਾ 'ਤੇ ਆਰਟੀਓ ਦਫਤਰ ਜਾਣਾ ਬਹੁਤ ਔਖਾ ਲੱਗਦਾ ਹੈ।
ਪਰ ਜੇ ਅਸੀਂ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰਦੇ ਅਤੇ ਜੇ ਪੁਲਿਸ ਸਾਨੂੰ ਕਿਤੇ ਰੋਕ ਲੈਂਦੀ ਹੈ, ਤਾਂ ਇਹ ਹੋਰ ਵੀ ਵਧੇਰੇ ਮੁਸ਼ਕਿਲ ਵਾਲੀ ਸਥਿਤੀ ਹੋ ਜਾਂਦੀ ਹੈ। ਪਰ ਹੁਣ, ਵਾਹਨ ਮਾਲਕ ਇਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਮੁਕਤ ਹੋ ਸਕਦੇ ਹਨ।
ਇਹ ਵੀ ਪੜ੍ਹੋ-
ਵਰਤਮਾਨ ਵਿੱਚ ਕੀ ਹਨ ਨਿਯਮ?
"ਮੋਟਰ ਵਹੀਕਲ ਐਕਟ, 1988" ਦੇ ਅਨੁਸਾਰ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਇੱਕ ਨਿਯਮ ਰੱਖਿਆ ਹੈ।
ਇਸ ਨਿਯਮ ਅਨੁਸਾਰ ਜੇਕਰ ਕੋਈ ਵਿਅਕਤੀ ਕਿਸੇ ਹੋਰ ਰਾਜ/ਸੂਬੇ ਵਿੱਚ ਜਾ ਕੇ ਰਹਿਣਾ ਚਾਹੁੰਦਾ ਹੈ (ਆਪਣਾ ਨਿਵਾਸ ਸਥਾਨ ਕਿਸੇ ਹੋਰ ਸੂਬੇ ਵਿੱਚ ਬਣਾਉਣਾ ਚਾਹੁੰਦਾ ਹੈ) ਤਾਂ ਅਜਿਹੇ ਵਿਅਕਤੀ ਲਈ ਇਹ ਲਾਜ਼ਮੀ ਹੈ ਕਿ ਉਹ ਉਸ ਨਵੀਂ ਥਾਂ 'ਤੇ ਆਪਣੇ ਵਾਹਨ ਦੀ ਦੁਬਾਰਾ ਰਜਿਸਟਰੀ ਕਰਵਾਏ।

ਤਸਵੀਰ ਸਰੋਤ, Getty Images
ਜਦੋਂ ਅਸੀਂ ਵਾਹਨ ਖਰੀਦਦੇ ਹਾਂ, ਤਾਂ ਅਸੀਂ 15 ਸਾਲਾਂ ਲਈ ਰੋਡ ਟੈਕਸ ਅਦਾ ਕਰਦੇ ਹਾਂ। ਜੇ ਕਿਸੇ ਨੇ ਸਿਰਫ ਪੰਜ ਸਾਲ ਪਹਿਲਾਂ ਕੋਈ ਵਾਹਨ ਖਰੀਦਿਆ ਹੈ ਅਤੇ ਉਹ ਕਿਸੇ ਹੋਰ ਸੂਬੇ ਵਿੱਚ ਸ਼ਿਫਟ ਹੋ ਜਾਂਦੀ/ਜਾਂਦਾ ਹੈ, ਤਾਂ ਉਸ ਨੂੰ ਬਾਕੀ ਦੇ 10 ਸਾਲਾਂ ਲਈ ਟੈਕਸ ਰਿਫੰਡ ਮਿਲਦਾ ਹੈ।
ਪਰ ਇਸ ਦੇ ਲਈ ਸੰਬੰਧਿਤ ਦਫਤਰ ਤੋਂ ਐਨਓਸੀ ਦੀ ਜ਼ਰੂਰਤ ਹੁੰਦੀ ਹੈ।
ਇਨ੍ਹਾਂ ਅਧਿਕਾਰਤ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ, ਨਵੇਂ ਸੂਬੇ ਦੇ ਨਿਯਮਾਂ ਅਨੁਸਾਰ ਟੈਕਸ ਦੀ ਰਕਮ ਦਾ ਭੁਗਤਾਨ ਉੱਥੋਂ ਦੇ ਖੇਤਰੀ ਟਰਾਂਸਪੋਰਟ ਦਫਤਰ ਵਿੱਚ ਕੀਤਾ ਜਾਣਾ ਚਾਹੀਦਾ ਹੈ।
ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਵਿਅਕਤੀ ਨੂੰ ਨਵਾਂ ਵਾਹਨ ਰਜਿਸਟਰੇਸ਼ਨ ਨੰਬਰ ਮਿਲਦਾ ਹੈ।
ਕਿਉਂਕਿ ਇਹ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ, ਇਸ ਲਈ ਵਿਅਕਤੀ ਨੂੰ ਕਈ ਵਾਰ ਆਰਟੀਓ ਦਫਤਰ (ਖੇਤਰੀ ਟਰਾਂਸਪੋਰਟ ਦਫਤਰ) ਦੇ ਚੱਕਰ ਲਗਾਉਣੇ ਪੈਂਦੇ ਹਨ।
ਜਿਸ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਇਹ ਸਭ ਬਹੁਤ ਥਕਾਊ ਹੋ ਜਾਂਦਾ ਹੈ। ਇਸ ਲਈ, ਉਮੀਦ ਹੈ ਕਿ ਇਹ ਨਵਾਂ ਨਿਯਮ ਵਾਹਨ ਮਾਲਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ।
ਦੇਸ਼ ਭਰ ਦੇ ਵਾਹਨਾਂ ਲਈ ਇੱਕ ਇਕਹਿਰੀ ਸੀਰੀਜ਼
ਭਾਰਤ ਸਰਕਾਰ ਨੇ BH (ਭਾਰਤ) ਅੱਖਰਾਂ ਨਾਲ ਇੱਕ ਨਵੀਂ ਨੰਬਰ ਸੀਰੀਜ਼ ਸ਼ੁਰੂ ਕੀਤੀ ਹੈ ਜੋ ਦੇਸ਼ ਭਰ ਵਿੱਚ ਰਜਿਸਟਰਡ ਵਾਹਨਾਂ ਉੱਤੇ ਲਾਗੂ ਹੋਵੇਗੀ।
26 ਅਗਸਤ 2021 ਨੂੰ ਪ੍ਰਕਾਸ਼ਿਤ ਇੱਕ ਨੋਟੀਫਿਕੇਸ਼ਨ ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ, ਕਿ ਇਸ ਤਰ੍ਹਾਂ ਜੇ ਕੋਈ ਵਾਹਨ ਮਾਲਕ ਆਪਣਾ ਨਿਵਾਸ ਸਥਾਨ ਕਿਸੇ ਹੋਰ ਸੂਬੇ ਵਿੱਚ ਤਬਦੀਲ ਕਰ ਵੀ ਲਵੇਗਾ ਤਾਂ ਵੀ ਉਸ ਨੂੰ ਆਪਣੇ ਵਾਹਨ ਨੂੰ ਦੁਬਾਰਾ ਰਜਿਸਟਰ ਕਰਨ ਅਤੇ ਨਵਾਂ ਨੰਬਰ ਲੈਣ ਦੀ ਜ਼ਰੂਰਤ ਨਹੀਂ ਹੋਏਗੀ।

ਤਸਵੀਰ ਸਰੋਤ, Getty Images
ਮੰਤਰਾਲੇ ਦਾ ਕਹਿਣਾ ਹੈ ਕਿ ਇਹ ਨਵਾਂ ਨਿਯਮ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਾਹਨਾਂ ਦੇ ਅਸਾਨੀ ਨਾਲ ਪ੍ਰਵਾਸ ਨੂੰ ਸੁਖਾਲਾ ਬਣਾਏਗਾ।
ਇਸਦੇ ਲਈ ਕੇਂਦਰ ਸਰਕਾਰ ਨੂੰ "ਮੋਟਰ ਵਹੀਕਲ ਐਕਟ, 1988" ਦੀ ਧਾਰਾ 64 ਵਿੱਚ ਸੋਧ ਕਰਨੀ ਪਏਗੀ। ਇਸ ਤਰ੍ਹਾਂ, ਸੰਬੰਧਿਤ ਧਾਰਾ ਵਿੱਚ ਇਹ 20ਵੀਂ ਸੋਧ ਹੋਵੇਗੀ।
ਇਹ ਤਬਦੀਲੀ 15 ਸਤੰਬਰ 2021 ਤੋਂ ਲਾਗੂ ਕੀਤੀ ਜਾਵੇਗੀ।
BH (ਬੀਐੱਚ) ਸੀਰੀਜ਼ ਦੇ ਨੰਬਰ ਕਿਹੋ-ਜਿਹੇ ਦਿਖਾਈ ਦੇਣਗੇ?
ਵਾਹਨ ਦੀ ਪਛਾਣ ਕਰਨ ਲਈ ਵਾਹਨ ਰਜਿਸਟ੍ਰੇਸ਼ਨ ਨੰਬਰ ਬਹੁਤ ਮਹੱਤਵਪੂਰਨ ਹੁੰਦਾ ਹੈ। ਵਰਤਮਾਨ ਵਿੱਚ, ਵਾਹਨਾਂ ਲਈ ਇਹ ਨੰਬਰ ਸੰਬੰਧਿਤ ਸੂਬਿਆਂ ਦੇ ਆਰਟੀਓ ਦਫਤਰਾਂ ਤੋਂ ਪ੍ਰਾਪਤ ਹੁੰਦੇ ਹਨ।
ਮਿਸਾਲ ਵਜੋਂ, ਜਿਵੇਂ ਪੰਜਾਬ ਦਾ ਨੰਬਰ PB, ਮਹਾਰਾਸ਼ਟਰ ਵਿੱਚ ਵਾਹਨ ਰਜਿਸਟਰੇਸ਼ਨ ਨੰਬਰ MH ਨਾਲ ਸ਼ੁਰੂ ਹੁੰਦਾ ਹੈ।
ਇਸ ਤਰ੍ਹਾਂ ਬਾਕੀ ਸੂਬਿਆਂ ਵਿੱਚ ਵੀ ਇਸੇ ਤਰ੍ਹਾਂ ਨੰਬਰ ਹੁੰਦੇ ਹਨ ਜਿਵੇਂ ਕਿ ਮੱਧ ਪ੍ਰਦੇਸ਼ ਵਿੱਚ ਵਾਹਨ ਦਾ ਨੰਬਰ MP, ਆਂਧਰਾ ਪ੍ਰਦੇਸ਼ ਵਿੱਚ AP, ਕਰਨਾਟਕ ਵਿੱਚ KA ਅਤੇ ਗੋਆ ਵਿੱਚ GA ਤੋਂ ਸ਼ੁਰੂ ਹੁੰਦਾ ਹੈ।
ਇਹ ਵੀ ਪੜ੍ਹੋ-
ਇਸ ਦੇ ਨਾਲ ਹੀ, ਇਹ ਨੰਬਰ ਸੂਬੇ ਦੇ ਉਸ ਆਰਟੀਓ (ਖੇਤਰੀ ਟਰਾਂਸਪੋਰਟ ਦਫਤਰ) ਨੂੰ ਵੀ ਦਰਸਾਉਂਦੇ ਹਨ ਜਿੱਥੇ ਵਾਹਨ ਰਜਿਸਟਰਡ ਹੋਵੇ।
ਮਿਸਾਲ ਲਈ, ਮੁੰਬਈ ਵਿੱਚ ਰਜਿਸਟਰਡ ਵਾਹਨ MH01 ਨਾਲ ਸ਼ੁਰੂ ਹੁੰਦਾ ਹੈ ਜਦਕਿ ਪੁਣੇ ਵਿੱਚ ਰਜਿਸਟਰਡ ਵਾਹਨ ਲਈ MH12 ਲਿਖਿਆ ਜਾਂਦਾ ਹੈ।
ਪਰ, BH ਸੀਰੀਜ਼ ਦੇ ਨੰਬਰ ਵੱਖਰੇ ਤਰੀਕੇ ਨਾਲ ਹੋਣਗੇ।
ਆਓ, ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ
ਨਵੀਂ BH ਸੀਰੀਜ਼ ਵਿੱਚ, ਰਜਿਸਟ੍ਰੇਸ਼ਨ ਨੰਬਰ ਦੀ ਸ਼ੁਰੂਆਤ ਵਾਹਨ ਦੇ ਰਜਿਸਟ੍ਰੇਸ਼ਨ ਵਾਲੇ ਸਾਲ ਤੋਂ ਹੋਵੇਗੀ, ਉਸ ਤੋਂ ਬਾਅਦ BH ਅੱਖਰ ਹੋਣਗੇ ਅਤੇ ਉਸ ਤੋਂ ਅੱਗੇ 0000 ਅਤੇ 9999 ਦੇ ਵਿਚਕਾਰ ਦੇ ਕੋਈ ਵੀ ਨੰਬਰ ਆਉਣਗੇ। ਫਿਰ ਅੰਤ ਵਿੱਚ ਵਾਹਨ ਨੰਬਰ AA ਅਤੇ ZZ ਦੇ ਵਿਚਕਾਰ ਕਿਸੇ ਵੀ ਅੱਖਰ-ਜੋੜੇ ਦੇ ਨਾਲ ਸਮਾਪਤ ਹੋਣਗੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਤਸਵੀਰ ਸਰੋਤ, Getty Images
ਮਿਸਾਲ ਵਜੋਂ, ਜੇ ਕੋਈ ਵਾਹਨ 2021 ਵਿੱਚ ਰਜਿਸਟਰ ਕੀਤਾ ਗਿਆ ਹੈ ਅਤੇ ਇਸ ਨੂੰ BH ਸੀਰੀਜ਼ ਦਾ ਨੰਬਰ 1234 ਪ੍ਰਾਪਤ ਹੋਇਆ ਹੈ, ਤਾਂ ਵਾਹਨ ਦਾ ਨੰਬਰ ਇਸ ਤਰ੍ਹਾਂ ਦਿਖਾਈ ਦੇਵੇਗਾ 21 BH 1234 AB.
ਕਿਸ ਨੂੰ ਮਿਲੇਗੀ ਇਹ ਨਵੀਂ BH ਸੀਰੀਜ਼?
ਫਿਲਹਾਲ ਲਈ, ਇਸ ਨਵੀਂ ਸੀਰੀਜ਼ ਲਈ ਆਮ ਲੋਕਾਂ ਨੂੰ ਅਰਜ਼ੀ ਦੇਣ ਦੀ ਆਗਿਆ ਨਹੀਂ ਹੈ।
ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ, ਹੇਠ ਲਿਖੀਆਂ ਸ਼੍ਰੇਣੀਆਂ ਦੇ ਵਿਅਕਤੀਆਂ ਨੂੰ ਇਨ੍ਹਾਂ ਨੰਬਰਾਂ ਲਈ ਅਰਜ਼ੀ ਦੇਣ ਦੀ ਆਗਿਆ ਦਿੱਤੀ ਜਾਏਗੀ-
- ਰੱਖਿਆ ਕਰਮਚਾਰੀ
- ਕੇਂਦਰ ਸਰਕਾਰ ਦੇ ਕਰਮਚਾਰੀ
- ਸੂਬਾ ਸਰਕਾਰ ਦੇ ਕਰਮਚਾਰੀ
- ਕੁਝ ਪਬਲਿਕ ਸੈਕਟਰ ਅੰਡਰਟੇਕਿੰਗ ਦੇ ਕਰਮਚਾਰੀ
ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕ ਵੀ ਇਹ ਨੰਬਰ ਪ੍ਰਾਪਤ ਕਰ ਸਕਦੇ ਹਨ ਜੇਕਰ ਉਨ੍ਹਾਂ ਦੀ ਕੰਪਨੀ ਦੇ ਚਾਰ ਜਾਂ ਵਧੇਰੇ ਸ਼ਹਿਰਾਂ ਵਿੱਚ ਦਫਤਰ ਹੋਣ।

ਤਸਵੀਰ ਸਰੋਤ, Getty Images
ਮੰਤਰਾਲੇ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਆਮ ਨਾਗਰਿਕਾਂ ਨੂੰ BH ਸੀਰੀਜ਼ ਵਾਲੇ ਵਾਹਨਾਂ ਦੇ ਨੰਬਰ ਮਿਲਣਗੇ ਜਾਂ ਕਦੋਂ ਮਿਲਣਗੇ।
ਫੀਸ ਕੀ ਹੋਵੇਗੀ?
ਇਸ ਸੀਰੀਜ਼ ਵਿੱਚ ਰਜਿਸਟਰਡ ਵਾਹਨਾਂ ਦੇ ਮਾਲਕਾਂ ਨੂੰ ਦੋ ਸਾਲਾਂ ਲਈ ਜਾਂ 2 ਦੇ ਗੁਣਾਂਕ ਵਾਲੇ ਸਾਲਾਂ ਲਈ ਮੋਟਰ ਵਾਹਨ ਫੀਸ ਭਰਨੀ ਪਏਗੀ।
ਪੈਟਰੋਲ ਨਾਲ ਚੱਲਣ ਵਾਲੇ ਵਾਹਨ ਜਿਨ੍ਹਾਂ ਦੀਆਂ ਕੀਮਤ 10 ਲੱਖ ਰੁਪਏ ਤੋਂ ਘੱਟ ਹੋਵੇ, ਅਜਿਹੇ ਵਾਹਨਾਂ ਲਈ ਰਜਿਸਟ੍ਰੇਸ਼ਨ ਫੀਸ 8 ਫੀਸਦੀ ਹੋਵੇਗੀ।
ਪੈਟਰੋਲ ਨਾਲ ਚੱਲਣ ਵਾਲੇ 10 ਲੱਖ ਤੋਂ 20 ਲੱਖ ਤੱਕ ਦੀ ਕੀਮਤ ਵਾਲੇ ਵਾਹਨਾਂ ਲਈ 10 ਫੀਸਦੀ ਦਾ ਭੁਗਤਾਨ ਕਰਨਾ ਹੋਵੇਗਾ ਅਤੇ 20 ਲੱਖ ਤੋਂ ਜ਼ਿਆਦਾ ਵਾਲੇ ਵਾਹਨਾਂ ਲਈ 12 ਫੀਸਦੀ ਫੀਸ ਅਦਾ ਕਰਨੀ ਪਏਗੀ।
ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਲਈ ਉਪਰੋਕਤ ਮੁੱਲ ਸ਼੍ਰੇਣੀਆਂ ਵਿੱਚ 2 ਪ੍ਰਤੀਸ਼ਤ ਜ਼ਿਆਦਾ ਫੀਸ ਅਦਾ ਕਰਨੀ ਪਏਗੀ ਅਤੇ ਇਲੈਕਟ੍ਰਿਕ ਵਾਹਨਾਂ ਲਈ ਫੀਸ 2 ਪ੍ਰਤੀਸ਼ਤ ਘੱਟ ਹੋਵੇਗੀ।
ਵਾਹਨ ਮਾਲਕਾਂ ਨੂੰ ਵਾਹਨ ਰਜਿਸਟਰੇਸ਼ਨ ਦੇ 14 ਸਾਲ ਪੂਰੇ ਹੋਣ ਤੋਂ ਬਾਅਦ ਸਾਲਾਨਾ ਰੋਡ ਟੈਕਸ ਅਦਾ ਕਰਨਾ ਪਏਗਾ। ਇਹ ਰਕਮ ਪਹਿਲਾਂ ਅਦਾ ਕੀਤੀ ਫੀਸ ਨਾਲੋਂ ਅੱਧੀ ਹੋਵੇਗੀ। ਇਸ ਬਾਰੇ ਵਧੇਰੇ ਜਾਣਕਾਰੀ ਇੱਥੇ ਕਲਿੱਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














