ਅਫਗਾਨਿਸਤਾਨ : ਤਾਲਿਬਾਨ ਨੂੰ ਹੁਣ ਤੱਕ ਇੰਨਾਂ ਪੈਸਾ ਕਿੱਥੋਂ ਆਉਂਦਾ ਸੀ

ਤਸਵੀਰ ਸਰੋਤ, EPA
- ਲੇਖਕ, ਦਾਊਦ ਆਜ਼ਮੀ
- ਰੋਲ, ਬੀਬੀਸੀ ਵਰਲਡ ਸਰਵਿਸ ਐਂਡ ਰਿਐਲਿਟੀ ਚੈੱਕ
ਤਾਲਿਬਾਨ ਨੂੰ ਦੁਨੀਆ ਦੇ ਸਭ ਤੋਂ ਅਮੀਰ ਬਾਗ਼ੀ ਗੁੱਟਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਅਤੇ ਦੋ ਦਹਾਕਿਆਂ ਤੋਂ ਅਮਰੀਕਾ ਅਤੇ ਗਠਜੋੜ ਫੌਜਾਂ ਨਾਲ ਲੜਨ ਤੋਂ ਬਾਅਦ, ਇਹੀ ਬਾਗ਼ੀ ਤਾਲਿਬਾਨ ਹੁਣ ਅਫ਼ਗਾਨਿਸਤਾਨ ਨੂੰ ਕੰਟਰੋਲ ਕਰਨ ਲੱਗ ਪਏ ਹਨ।
..ਤਾਂ ਤਾਲਿਬਾਨ ਕਿਵੇਂ ਆਪਣੇ ਪੈਰਾਂ ਉੱਤੇ ਇੰਨੀ ਮਜ਼ਬੂਤੀ ਨਾਲ ਖੜ੍ਹਾ ਹੈ?
ਅਫ਼ਗਾਨਿਸਤਾਨ ਵਿੱਚ ਅਮਰੀਕਾ ਦੇ ਫੌਜੀ ਦਸਤੇ, ਤਾਲਿਬਾਨ ਸਮੇਤ ਦੂਜੇ ਕਈ ਕੱਟੜਪੰਥੀ ਸੰਗਠਨਾਂ ਦੇ ਵਿਰੁੱਧ ਲੜਾਈ ਵਿੱਚ ਅਫ਼ਗਾਨ ਸਰਕਾਰ ਦਾ ਸਾਥ ਦੇ ਰਹੇ ਸਨ।
ਅਮਰੀਕਾ ਦੀ ਅਗਵਾਈ ਹੇਠ ਗਠਜੋੜ ਫੌਜਾਂ ਨੇ ਤਾਲਿਬਾਨ ਨੂੰ ਸਾਲ 2001 ਵਿੱਚ ਅਫ਼ਗਾਨਿਸਤਾਨ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਸੀ।
ਅਮਰੀਕਾ ਮੁਤਾਬਕ 2021 ਦੇ ਮੱਧ ਤੱਕ ਦੇ ਅਨੁਮਾਨ ਮੁਤਾਬਕ ਇਸ ਦੇ ਲੜਾਕਿਆਂ ਦੀ ਗਿਣਤੀ 70,000 ਤੋਂ ਇੱਕ ਲੱਖ ਦੇ ਦਰਮਿਆਨ ਸੀ। ਇਹ ਪਿਛਲੇ ਇੱਕ ਦਹਾਕੇ ਤੋਂ 30 ਹਜ਼ਾਰ ਵੱਧ ਸੀ।
ਸਿਰਫ਼ ਐਨਾ ਹੀ ਨਹੀਂ, ਪਿਛਲੇ 20 ਸਾਲਾਂ ਦੌਰਾਨ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਖੇਤਰੀ ਕੰਟਰੋਲ ਵਿੱਚ ਵਾਧਾ ਕੀਤਾ ।
ਆਖ਼ਰ ਅਮੀਰੀਕੀ ਤੇ ਗਠਜੋੜ ਫੌਜਾਂ ਦੇ ਅਫ਼ਗਾਨਿਸਤਾਨ ਨੂੰ ਛੱਡਣ ਦੀ ਪ੍ਰਕਿਰਿਆ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਤਾਲਿਬਾਨ ਨੇ ਅਫ਼ਗਾਨਿਸਤਾਨ ਉੱਤੇ ਮੁੜ ਕਬਜ਼ਾ ਕਰ ਲਿਆ।
ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ। ਅਜਿਹੇ ਵਿੱਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤਾਲਿਬਾਨ ਨੂੰ ਇਹ ਮਾਲੀ ਸਹਾਇਤਾ ਕਿੱਥੋਂ ਮਿਲਦੀ ਹੈ?
ਆਖ਼ਿਰ ਕਿੰਨਾ ਅਮੀਰ ਹੈ ਤਾਲਿਬਾਨ?
ਸਾਲ 1996 ਤੋਂ 2001 ਤੱਕ ਅਫ਼ਗਾਨਿਸਤਾਨ 'ਤੇ ਤਾਲੀਬਾਨ ਦਾ ਸ਼ਾਸਨ ਸੀ।
ਇਸ ਦੌਰਾਨ ਅਮਰੀਕਾ ਵਲੋਂ ਉਸ ਨੂੰ ਸੱਤਾ ਤੋਂ ਬਾਹਰ ਕਰਨ ਤੱਕ ਅਫ਼ਗਾਨਿਸਤਾਨ ਵਿੱਚ ਸ਼ਰੀਆ ਕਾਨੂੰਨ ਲਾਗੂ ਸੀ।

ਤਸਵੀਰ ਸਰੋਤ, Getty Images
ਇਸ ਸੰਗਠਨ ਨਾਲ ਜੁੜੀ ਪੈਸਿਆਂ ਦੀ ਆਵਾਜਾਈ ਨੂੰ ਸਮਝਣਾ, ਇੱਕ ਤਰ੍ਹਾਂ ਨਾਲ ਕਿਆਸ ਲਗਾਉਣ ਦੇ ਬਰਾਬਰ ਹੈ, ਕਿਉਂਕਿ ਇਹ ਖੁਫ਼ੀਆ ਕੱਟੜਪੰਥੀ ਸੰਗਠਨ ਆਪਣੇ ਖਾਤਿਆਂ ਦੇ ਨਾਲ ਜੁੜੀ ਜਾਣਕਾਰੀ ਨੂੰ ਪ੍ਰਕਾਸ਼ਿਤ ਨਹੀਂ ਕਰਦੇ ਹਨ।
20 ਸਾਲਾਂ ਦੀ ਲੜਾਈ ਦੌਰਾਨ ਤਾਲਿਬਾਨ ਦੇ ਹਜ਼ਾਰਾਂ ਲੜਾਕੇ ਮਾਰੇ ਗਏ ਹਨ, ਗਰੁੱਪ ਦਾ ਜ਼ਮੀਨੀ ਕਬਜ਼ਾ ਕਾਫ਼ੀ ਵਧ ਗਿਆ ਹੈ।
ਪਰ ਬੀਬੀਸੀ ਨੇ ਅਫ਼ਗਾਨਿਸਤਾਨ ਦੇ ਅੰਦਰ ਅਤੇ ਬਾਹਰ ਅਜਿਹੇ ਕਈ ਲੋਕਾਂ ਦਾ ਇੰਟਰਵਿਊ ਕੀਤਾ ਹੈ, ਜਿਸ ਦੇ ਆਧਾਰ 'ਤੇ ਇਹ ਪਤਾ ਲੱਗਿਆ ਹੈ ਕਿ ਤਾਲਿਬਾਨ ਇੱਕ ਬਹੁਤ ਹੀ ਗੁੰਝਲਦਾਰ ਆਰਥਿਕ ਪ੍ਰਣਾਲੀ ਚਲਾਉਂਦਾ ਹੈ। ਇਸ ਤੋਂ ਇਲਾਵਾ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਟੈਕਸ ਪ੍ਰਣਾਲੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ।
ਯੂਐਨ ਦੇ ਇੱਕ ਅੰਦਾਜ਼ੇ ਮੁਤਾਬਕ 2011 ਤੋਂ ਬਾਅਦ ਤਾਲਿਬਾਨ ਦੀ ਸਲਾਨਾ ਆਮਦਨ 40 ਕਰੋੜ ਡਾਲਰ ਸੀ।
ਬੀਬੀਸੀ ਵਲੋਂ ਕੀਤੀ ਗਈ ਪੜ੍ਹਤਾਲ ਮੁਤਾਬਕ 2018 ਦੇ ਅੰਤ ਤੱਕ ਇਹ ਵਧ ਕੇ 150 ਕਰੋੜ ਡਾਲਰ ਸਲਾਨਾ ਹੋ ਗਈ।
ਅਫ਼ਗਾਨਿਸਤਾਨ ਅਤੇ ਅਮਰੀਕੀ ਸਰਕਾਰ ਉਨ੍ਹਾਂ ਦੇ ਨੈਟਵਰਕਾਂ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਤੋਂ ਕੁਝ ਸਮਾਂ ਪਹਿਲਾਂ ਅਮਰੀਕੀ ਸਰਕਾਰ ਨੇ ਡਰੱਗ ਉਤਪਾਦਨ ਕਰਨ ਵਾਲੀ ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀ ਕਰਨ ਦੀ ਰਣਨੀਤੀ ਤਿਆਰ ਕੀਤੀ ਸੀ।
ਪਰ ਤਾਲਿਬਾਨ ਦੀ ਕਮਾਈ ਸਿਰਫ਼ ਨਸ਼ੇ ਦੇ ਕਾਰੋਬਾਰ ਵਿਚੋਂ ਹੀ ਨਹੀਂ ਹੁੰਦੀ, ਇਸ ਦੀ ਆਮਦਨ ਦੇ ਹੋਰ ਵੀ ਕਈ ਸਰੋਤ ਹਨ।
ਅਫ਼ੀਮ ਅਤੇ ਟੈਕਸ
ਅਫ਼ਗਾਨਿਸਤਾਨ ਦੁਨੀਆ ਵਿੱਚ ਅਫ਼ੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਜੇਕਰ ਹਰ ਸਾਲ ਇੱਥੇ ਪੈਦਾ ਹੋਣ ਵਾਲੀ ਅਫ਼ੀਮ ਨੂੰ ਬਰਾਮਦ ਕੀਤਾ ਜਾਵੇ ਤਾਂ ਇਸਦੇ ਕਰੀਬ 105 ਤੋਂ 210 ਅਰਬ ਰੁਪਏ ਬਣਦੇ ਹਨ।

ਅਫੀਮ ਦੀ ਕਾਸ਼ਤ ਇੱਕ ਵੱਡਾ ਕਾਰੋਬਾਰ ਹੈ। ਦੁਨੀਆਂ ਭਰ ਵਿੱਚ ਹੈਰੋਇਨ ਦੀ ਜ਼ਿਆਦਾਤਰ ਸਪਲਾਈ ਵੀ ਇਸੇ ਖੇਤਰ ਤੋਂ ਹੁੰਦੀ ਹੈ।
ਅਫ਼ਗਾਨਿਸਤਾਨ ਵਿੱਚ ਅਫ਼ੀਮ ਦੀ ਕਾਸ਼ਤ ਵਾਲੇ ਖੇਤਰ ਦਾ ਇੱਕ ਹਿੱਸਾ ਸਰਕਾਰ ਦੇ ਕਾਬੂ ਹੇਠ ਹੈ। ਪਰ ਅਫ਼ੀਮ ਦੀ ਖੇਤੀ ਵਾਲੇ ਜ਼ਿਆਦਾਤਰ ਹਿੱਸੇ 'ਤੇ ਤਾਲਿਬਾਨ ਦਾ ਕਾਬੂ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਤਾਲਿਬਾਨ ਦੀ ਆਮਦਨ ਦਾ ਵੱਡਾ ਸਰੋਤ ਹੈ। ਪਰ ਤਾਲਿਬਾਨ ਇਸ ਕਾਰੋਬਾਰ ਦੇ ਵੱਖ-ਵੱਖ ਪੱਧਰਾਂ 'ਤੇ ਟੈਕਸ ਲੈਂਦਾ ਹੈ।
ਇਹ ਵੀ ਪੜ੍ਹੋ:
ਅਫ਼ੀਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ 10 ਫ਼ੀਸਦ ਉਤਪਾਦਨ ਟੈਕਸ ਲਿਆ ਜਾਂਦਾ ਹੈ।
ਇਸ ਤੋਂ ਬਾਅਦ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕਰਨ ਵਾਲੀ ਪ੍ਰਯੋਗਸ਼ਾਲਾਵਾਂ ਤੋਂ ਵੀ ਟੈਕਸ ਲਿਆ ਜਾਂਦਾ ਹੈ। ਸਿਰਫ਼ ਇਹ ਨਹੀਂ, ਇਸ ਗੈਰ-ਕਾਨੂੰਨੀ ਵਪਾਰ ਨੂੰ ਕਰਨ ਵਾਲੇ ਵਪਾਰੀਆਂ ਤੋਂ ਵੀ ਟੈਕਸ ਲਿਆ ਜਾਂਦਾ ਹੈ।
ਇਸ ਤਰ੍ਹਾਂ ਇਸ ਵਪਾਰ ਵਿੱਚ ਤਾਲਿਬਾਨ ਦਾ ਹਿੱਸਾ ਹਰ ਸਾਲ 7 ਅਰਬ ਰੁਪਏ ਤੋਂ ਲੈ ਕੇ 28 ਅਰਬ ਰੁਪਏ ਵਿਚਕਾਰ ਰਹਿੰਦਾ ਹੈ।
ਅਮਰੀਕਾ ਦੇ ਕਮਾਂਡਰ ਜਨਰਲ ਜੌਹਨ ਨਿਕੋਲਸਨ ਨੇ 2018 ਦੀ ਸਪੈਸ਼ਲ ਇੰਸਪੈਕਟਰ ਜਨਰਲ ਫਾਰ ਅਫ਼ਗਾਨ ਰੀਕੰਸਟਰੱਕਸ਼ਨ ਰਿਪੋਰਟ ਵਿੱਚ ਆਖਿਆ ਸੀ ਕਿ ਤਾਲਿਬਾਨ ਦੀ ਸਾਲਾਨਾ ਕਮਾਈ ਦਾ 60 ਫ਼ੀਸਦ ਹਿੱਸਾ ਨਸ਼ਿਆਂ ਦੇ ਵਪਾਰ ਰਾਹੀਂ ਆਉਂਦਾ ਹੈ।
ਕੁਝ ਮਾਹਿਰਾਂ ਮੁਤਾਬਕ ਇਹ ਸੰਖਿਆ ਵਧਾ-ਚੜ੍ਹਾ ਕੇ ਦੱਸੀ ਗਈ ਹੈ।
ਤਾਲਿਬਾਨ ਅਕਸਰ ਨਸ਼ਿਆਂ ਦੇ ਵਪਾਰ ਵਿਚ ਆਪਣੀ ਭੂਮਿਕਾ ਤੋਂ ਇਨਕਾਰ ਕਰਦਾ ਹੈ ਅਤੇ ਇਹ ਗੱਲ ਬੜੇ ਮਾਣ ਨਾਲ ਦੱਸਦਾ ਹੈ ਕਿ ਸਾਲ 2000 ਦੌਰਾਨ ਆਪਣੇ ਰਾਜ ਸਮੇਂ ਉਨ੍ਹਾਂ ਨੇ ਅਫੀਮ ਦੀ ਖੇਤੀ ਉੱਪਰ ਪਾਬੰਦੀ ਲਗਾਈ ਸੀ।
ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀ
ਟਰੰਪ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਦੇ ਚਲਦੇ, ਅਮਰੀਕੀ ਫੌਜ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ। ਜਿਸਦੇ ਤਹਿਤ ਤਾਲਿਬਾਨ ਦੀ ਕਮਾਈ ਦੇ ਸਰੋਤਾਂ ਨੂੰ ਤਬਾਹ ਕਰਨ ਲਈ ਉਨ੍ਹਾਂ ਥਾਵਾਂ 'ਤੇ ਬੰਬਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿੱਥੇ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Reuters
ਅਮਰੀਕੀ ਫੌਜ ਦਾ ਕਹਿਣਾ ਹੈ ਕਿ ਤਾਲਿਬਾਨ ਦੀ ਆਮਦਨ ਦਾ 60 ਫ਼ੀਸਦੀ ਹਿੱਸਾ ਨਸ਼ੇ ਦੇ ਕਾਰੋਬਾਰ ਤੋਂ ਆਉਂਦਾ ਹੈ।
ਸਾਲ 2018 ਦੇ ਅਗਸਤ ਮਹੀਨੇ ਵਿੱਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਮੌਜੂਦ ਸੰਭਾਵੀ 400 ਤੋਂ 500 ਦੇ ਕਰੀਬ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਹੈ। ਜਿਨ੍ਹਾਂ ਵਿੱਚੋਂ ਅੱਧੀ ਤੋਂ ਵੱਧ ਦੱਖਣੀ ਹੇਲਮੰਡ ਸੂਬੇ ਵਿੱਚ ਸਥਿਤ ਸਨ।
ਇਸਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਵਾਈ ਹਮਲੇ ਨੇ ਤਾਲਿਬਾਨ ਦੀ ਅਫ਼ੀਮ ਦੇ ਵਪਾਰ ਤੋਂ ਹੋਣ ਵਾਲੀ ਕੁੱਲ ਕਮਾਈ ਦੇ ਇੱਕ ਚੌਥਾਈ ਹਿੱਸੇ ਨੂੰ ਖ਼ਤਮ ਕਰ ਦਿੱਤਾ ਹੈ।
ਪਰ ਲੰਬੇ ਸਮੇਂ ਵਿੱਚ ਇਸ ਹਵਾਈ ਹਮਲੇ ਦੇ ਕੀ ਪ੍ਰਭਾਵ ਹੁੰਦੇ ਹਨ, ਇਹ ਦੇਖਣਾ ਅਜੇ ਬਾਕੀ ਹੈ।
ਭਾਵੇਂ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਮੁੜ ਖੜ੍ਹਾ ਕਰਨ ਵਿੱਚ ਜ਼ਿਆਦਾ ਸਮਾਂ ਅਤੇ ਪੈਸੇ ਨਹੀਂ ਲਗਦੇ ਹਨ।
ਆਮ ਤੌਰ 'ਤੇ ਤਾਲਿਬਾਨ ਨਸ਼ੇ ਦੇ ਕਰੋਬਾਰ ਵਿੱਚ ਸ਼ਾਮਲ ਹੋਣ ਦੀ ਗੱਲ ਨੂੰ ਨਕਾਰਦਾ ਹੈ। ਸਿਰਫ਼ ਇਹ ਹੀ ਨਹੀਂ, ਆਪਣੇ ਸ਼ਾਸਨ ਦੌਰਾਨ ਅਫੀਮ ਦੀ ਕਾਸ਼ਤ 'ਤੇ ਬੈਨ ਲਗਾਉਣ ਦੇ ਫ਼ੈਸਲੇ 'ਤੇ ਸ਼ੇਖ਼ੀ ਵੀ ਤਾਲਿਬਾਨ ਹੀ ਮਾਰਦਾ ਹੈ।
ਆਮਦਨ ਦੇ ਹੋਰ ਕਿਹੜੇ ਸਰੋਤ ਹਨ?
ਅਫ਼ੀਮ ਦੀ ਖੇਤੀ ਤੋਂ ਇਲਾਵਾ ਤਾਲਿਬਾਨ ਕਈ ਹੋਰ ਸਰੋਤਾਂ ਤੋਂ ਵੀ ਪੈਸੇ ਕਮਾਉਂਦਾ ਹੈ।

ਤਸਵੀਰ ਸਰੋਤ, Getty Images
ਸਾਲ 2018 ਦੀ ਸ਼ੁਰੂਆਤ ਵਿੱਚ ਬੀਬੀਸੀ ਦੀ ਇੱਕ ਇਨਵੈਸਟੀਗੇਟਿਵ ਸਟੋਰੀ ਵਿੱਚ ਪਤਾ ਲੱਗਿਆ ਸੀ ਕਿ ਅਫ਼ਗਾਨਿਸਤਾਨ ਦੇ 70 ਫ਼ੀਸਦ ਖੇਤਰ ਵਿੱਚ ਤਾਲਿਬਨ ਸਰਗਰਮ ਹੈ।
ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਹੀ ਤਾਲਿਬਾਨ ਟੈਕਸ ਦੀ ਵਸੂਲੀ ਕਰਦਾ ਹੈ।
ਤਾਲਿਬਾਨ ਦੇ ਆਰਥਿਕ ਕਮਿਸ਼ਨ ਨੇ ਇਸੇ ਸਾਲ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਅਫ਼ਗ਼ਾਨੀ ਵਪਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਆਪਣਾ ਸਾਮਾਨ ਲੈ ਕੇ ਜਾਉਣ ਲਈ ਟੈਕਸ ਦੇਣਾ ਹੋਵੇਗਾ।
ਇਹ ਵੀ ਪੜ੍ਹੋ:
ਇਸ ਤੋਂ ਇਲਾਵਾ ਉਹ ਟੈਲੀਕਾਮ ਅਤੇ ਮੋਬਾਈਲ ਫ਼ੋਨ ਆਪਰੇਟਰਾਂ ਤੋਂ ਵੀ ਕਮਾਈ ਕਰਦਾ ਹੈ।
ਅਫ਼ਗਾਨਿਸਤਾਨ ਦੀ ਇੱਕ ਬਿਜਲੀ ਕੰਪਨੀ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਹਰ ਸਾਲ ਬਿਜਲੀ ਵੇਚ ਕੇ 14 ਕਰੋੜ ਰੁਪਏ ਕਮਾਉਂਦਾ ਹੈ।

ਇਸ ਤੋਂ ਇਲਾਵਾ ਲਗਾਤਾਰ ਹੁੰਦੀਆਂ ਲੜਾਈਆਂ ਤੋਂ ਵੀ ਕਮਾਈ ਹੁੰਦੀ ਹੈ। ਤਾਲਿਬਾਨ ਜਦੋਂ ਵੀ ਕਿਸੇ ਫੌਜ ਦੀ ਚੌਕੀ ਜਾਂ ਫਿਰ ਸ਼ਹਿਰੀ ਇਲਾਕੇ 'ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਇਸਦਾ ਸਿੱਧਾ ਲਾਭ ਹੁੰਦਾ ਹੈ।
ਅਜਿਹੀਆਂ ਕਾਰਵਾਈਆਂ ਵਿੱਚ ਉਹ ਸਰਕਾਰੀ ਤਿਜੋਰੀਆਂ ਖਾਲੀ ਕਰਨ ਦੇ ਨਾਲ ਨਾਲ, ਹਥਿਆਰ, ਗੱਡੀਆਂ ਅਤੇ ਫੌਜੀ ਵਾਹਨ ਵੀ ਹਾਸਿਲ ਕਰ ਲੈਂਦਾ ਹੈ।
ਅਫ਼ਗਾਨਿਸਤਾਨ ਦੇ ਖਣਿਜ ਪਦਾਰਥ
ਖਣਿਜ ਪਦਾਰਥਾਂ ਦੇ ਮਾਮਲੇ ਵਿਚ ਅਫ਼ਗਾਨਿਸਤਾਨ ਬਹੁਤ ਅਮੀਰ ਹੈ। ਪਰ ਖੇਤਰ ਵਿਚ ਲਗਾਤਾਰ ਚੱਲ ਰਹੇ ਸੰਘਰਸ਼ ਕਾਰਨ ਇਨ੍ਹਾਂ ਖਣਿਜ ਪਦਾਰਥਾਂ ਦਾ ਜ਼ਿਆਦਾ ਲਾਭ ਨਹੀਂ ਚੁੱਕਿਆ ਗਿਆ ਹੈ।
ਅਫ਼ਗਾਨਿਸਤਾਨ ਵਿੱਚ ਖਣਿਜ ਉਦਯੋਗ ਘੱਟੋ-ਘੱਟ 70 ਅਰਬ ਰੁਪਏ ਦਾ ਹੈ। ਪਰ ਜ਼ਿਆਦਾਤਰ ਮਾਈਨਿੰਗ ਛੋਟੇ ਪੱਧਰ ਉੱਤੇ ਅਤੇ ਗੈਰ-ਕਾਨੂੰਨੀ ਢੰਗ ਨਾਲ ਹੋ ਰਿਹਾ ਹੈ।
ਤਾਲਿਬਾਨ ਨੇ ਇਨ੍ਹਾਂ ਮਾਈਨਿੰਗ ਖੇਤਰਾਂ 'ਤੇ ਕਾਬੂ ਕਰਕੇ ਗੈਰ-ਕਾਨੂੰਨੀ ਅਤੇ ਕਾਨੂੰਨੀ ਮਾਈਨਿੰਗ ਕਰਨ ਵਾਲੀ ਪਾਰਟੀਆਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਾਲਿਬਾਨ ਦੱਖਣੀ ਹੇਲਮੰਡ ਸੂਬੇ 'ਚ ਕੰਮ ਕਰਨ ਵਾਲੀ 25-30 ਮਾਈਨਿੰਗ ਕੰਪਨੀਆਂ ਤੋਂ ਹਰ ਸਾਲ 70 ਕਰੋੜ ਰੁਪਏ ਹਾਸਿਲ ਕਰਦਾ ਹੈ।
ਪੂਰਬੀ ਨੰਗਰਹਾਰ ਸੂਬੇ ਦੇ ਗਵਰਨਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਖੇਤਰ ਵਿਚ ਮਾਈਨਿੰਗ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਜਾਂ ਤਾਂ ਤਾਲਿਬਾਨ ਨੂੰ ਜਾਂਦਾ ਹੈ ਜਾਂ ਫਿਰ ਇਸਲਾਮਿਕ ਸਟੇਟ ਨੂੰ।

ਤਸਵੀਰ ਸਰੋਤ, AFP
ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਸੰਗਠਨ ਇੱਥੋਂ ਲੰਘਣ ਵਾਲੇ ਹਰ ਟਰੱਕ ਤੋਂ 35 ਹਜ਼ਾਰ ਰੁਪਏ ਲੈਂਦੇ ਹਨ ਅਤੇ ਇਸ ਇਲਾਕੇ ਤੋਂ ਲੰਘਣ ਵਾਲੇ ਟਰੱਕਾਂ ਦੀ ਗਿਣਤੀ ਸੈਂਕੜਿਆਂ ਵਿਚ ਹੁੰਦੀ ਹੈ।
ਤਾਲਿਬਾਨ, ਸਥਾਨਕ ਵਪਾਰੀ ਅਤੇ ਅਫ਼ਗ਼ਾਨੀ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਤਾਲਿਬਾਨ ਹੁਣ ਹਰ ਸਾਲ ਮਾਈਨਿੰਗ ਖੇਤਰਾਂ ਤੋਂ 350 ਕਰੋੜ ਰੁਪਏ ਵਸੂਲਦਾ ਹੈ।
ਵਿਦੇਸ਼ੀ ਸਰੋਤਾਂ ਤੋਂ ਆਮਦਨ
ਕਈ ਅਫ਼ਗ਼ਾਨੀ ਅਤੇ ਅਮਰੀਕੀ ਅਧਿਕਾਰੀ ਦੱਸਦੇ ਹਨ ਕਿ ਕਈ ਸਰਕਾਰਾਂ, ਜਿਨ੍ਹਾਂ ਵਿੱਚ ਪਾਕਿਸਤਾਨ, ਇਰਾਨ ਅਤੇ ਰੂਸ ਸ਼ਾਮਲ ਹਨ, ਅਫ਼ਗ਼ਾਨੀ ਤਾਲਿਬਾਨ ਨੂੰ ਵਿੱਤੀ ਸਹਾਇਤਾ ਦਿੰਦੀਆਂ ਹਨ। ਪਰ ਇਹ ਦੇਸ ਇਸ ਤੋਂ ਇਨਕਾਰ ਕਰਦੇ ਹਨ।
ਕਈ ਖਾੜੀ ਦੇਸ, ਜਿਵੇਂ ਕਿ ਸਾਊਦੀ ਅਰਬ, ਯੂਏਈ, ਪਾਕਿਸਤਾਨ ਅਤੇ ਕ਼ਤਰ ਵਿੱਚ ਰਹਿਣ ਵਾਲੇ ਕਈ ਲੋਕ ਨਿੱਜੀ ਪੱਧਰ 'ਤੇ ਤਾਲਿਬਾਨ ਨੂੰ ਵੱਡੀ ਵਿੱਤੀ ਸਹਾਇਤਾ ਦਿੰਦੇ ਹਨ।
ਹਾਲਾਂਕਿ ਤਾਲਿਬਾਨ ਦੀ ਕਮਾਈ ਦਾ ਸਹੀ ਅੰਦਾਜ਼ਾ ਲਗਾਉਣਾ ਤਾਂ ਸੰਭਵ ਨਹੀਂ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਤਾਲਿਬਾਨ ਦੀ ਸਾਲਾਨਾ ਕਮਾਈ 35 ਅਰਬ ਰੁਪਏ ਤੱਕ ਹੋ ਸਕਦੀ ਹੈ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













