ਪਾਕ ਫੌਜ ਨੇ ਤਾਲੀਬਾਨ ਤੋਂ ਛੁਡਾਇਆ ਪਰਿਵਾਰ

ਪਾਕਿਸਤਾਨੀ ਫੌਜ ਨੇ ਪੰਜ ਮੈਂਬਰੀ ਉੱਤਰੀ ਅਮਰੀਕੀ ਪਰਿਵਾਰ ਨੂੰ ਅਫ਼ਗਾਨ ਤਾਲੀਬਾਨ ਦੀ ਕੈਦ 'ਚੋਂ ਛੁਡਾ ਲਿਆ ਹੈ।
ਕਨੇਡੀਅਨ ਜੋਸ਼ੂਆ ਬੁਆਇਲ ਅਤੇ ਉਸ ਦੀ ਅਮਰੀਕੀ ਪਤਨੀ ਕੈਟਲੇਨ ਕੋਲਮੈਨ ਨੂੰ 2012 ਵਿੱਚ ਉਸ ਵੇਲੇ ਅਗਵਾ ਕਰ ਲਿਆ ਗਿਆ ਜਦੋਂ ਉਹ ਅਫ਼ਗਾਨੀਸਤਾਨ ਛੱਡ ਰਹੇ ਸਨ। ਉਸ ਵੇਲੇ ਕੋਲਮੈਨ ਗਰਭਵਤੀ ਸੀ।
ਪਾਕਿਸਤਾਨੀ ਫੌਜ ਦਾ ਦਾਅਵਾ ਹੈ ਕਿ ਅਫ਼ਗਾਨ ਸਰਹੱਦ ਨੇੜੇ ਇੱਕ ਅਪਰੇਸ਼ਨ ਦੇ ਦੌਰਾਨ ਅਮਰੀਕਾ ਵੱਲੋਂ ਸੁਨੇਹਾ ਮਿਲਣ 'ਤੇ ਇਸ ਪਰਿਵਾਰ ਨੂੰ ਬਚਾਇਆ ਗਿਆ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਹ ਅਮਰੀਕਾ-ਪਾਕਿਸਤਾਨ ਵਿਚਾਲੇ ਗਠਜੋੜ ਦਾ 'ਸਕਾਰਾਤਮਕ ਪਲ' ਹੈ।
ਵਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਟਰੰਪ ਨੇ ਕਿਹਾ, "ਕੈਟਲੇਨ ਕੋਲਮੈਨ ਨੇ ਤਾਲੀਬਾਨੀਆਂ ਦੇ ਕਬਜ਼ੇ 'ਚ ਰਹਿੰਦੇ ਹੋਏ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਅੱਜ ਉਹ ਅਜ਼ਾਦ ਹਨ।"
ਉਨ੍ਹਾਂ ਅੱਗੇ ਕਿਹਾ, "ਪਾਕਿਸਤਾਨੀ ਸਰਕਾਰ ਦਾ ਸਹਿਯੋਗ ਇਸ ਗੱਲ ਦਾ ਸੰਕੇਤ ਹੈ ਕਿ ਪਾਕਿਸਤਾਨ ਇਸ ਤਰ੍ਹਾਂ ਅਮਰੀਕਾ ਦੀਆਂ ਮੰਗਾਂ ਦਾ ਸਨਮਾਨ ਕਰਦਾ ਹੈ।"
ਤਾਲੀਬਾਨੀਆਂ ਦੀ ਮੰਗ ਕੀ ਹੈ?
ਹੱਕਾਨੀ-ਸਮਰਥਿਤ ਤਾਲੀਬਾਨ ਦੀ ਕੈਦ ਵਿੱਚ ਇਸ ਜੋੜੇ ਦਾ ਵੀਡੀਓ ਵੀ ਤਾਲੀਬਾਨ ਵੱਲੋਂ ਜਾਰੀ ਕੀਤਾ ਗਿਆ ਸੀ। ਇਹ ਤਾਲੀਬਾਨੀ ਸੰਗਠਨ ਅਫ਼ਗਾਨੀਸਤਾਨੀ ਜੇਲ੍ਹ ਵਿੱਚ ਬੰਦ ਤਿੰਨ ਕੈਦੀਆਂ ਦੀ ਰਿਹਾਈ ਮੰਗ ਕਰ ਰਿਹਾ ਹੈ।
ਅਮਰੀਕਾ-ਪਾਕਿਸਤਾਨ ਦੀ ਸਾਂਝੀ ਕਾਰਵਾਈ
ਪਾਕਿਸਤਾਨੀ ਫੌਜ ਨੇ ਦੱਸਿਆ ਕਿ ਅਮਰੀਕੀ ਇੰਟੈਲੀਜੈਂਸ ਏਜੰਸੀਆਂ ਅਫ਼ਗਾਨੀਸਤਾਨ ਵਿੱਚ ਪਰਿਵਾਰ ਨੂੰ ਲੱਭ ਰਹੀਆਂ ਸਨ। 11 ਅਕਤੂਬਰ ਨੂੰ ਉਹ ਸਰਹੱਦ ਪਾਰ ਕਰ ਗਏ ਅਤੇ ਪਾਕਿਸਤਾਨ ਦੇ ਕਬਾਇਲੀ ਇਲਾਕੇ ਕੁਰੱਮ ਵਿੱਚ ਪਹੁੰਚ ਗਏ।
ਟੋਰੰਟੋ ਸਟਾਰ ਅਖ਼ਬਾਰ ਨੂੰ ਜਾਰੀ ਕੀਤੇ ਇੱਕ ਵੀਡੀਓ ਵਿੱਚ ਲਿੰਡਾ ਬੁਆਇਲ ਨੇ ਕਿਹਾ ਉਸ ਨੇ ਅਤੇ ਉਸ ਦੇ ਪਤੀ ਪੈਟਰਿਕ ਨੇ ਰਿਹਾਈ ਤੋਂ ਬਾਅਦ ਆਪਣੇ ਬੇਟੇ ਜੋਸ਼ੂਆ ਨਾਲ ਫੋਨ 'ਤੇ ਗੱਲਬਾਤ ਕਰ ਲਈ ਹੈ।

ਉਨ੍ਹਾਂ ਕਿਹਾ, "ਪੰਜ ਸਾਲਾਂ ਵਿੱਚ ਪਹਿਲੀ ਵਾਰੀ ਅਸੀਂ ਉਸ ਦੀ ਅਵਾਜ਼ ਸੁਣੀ ਹੈ। ਇਹ ਮਜ਼ੇਦਾਰ ਸੀ।"
ਛੁਡਾਏ ਗਏ ਜੋੜੇ ਨੇ ਪਾਕਿਸਤਾਨੀ ਫੌਜ ਦਾ ਧੰਨਵਾਦ ਕੀਤਾ, ਜਿੰਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਪਰਿਵਾਰ ਨੂੰ ਬਚਾਇਆ।
ਅਮਰੀਕਾ ਆਉਣ ਤੋਂ ਡਰ
ਹਾਲਾਂਕਿ ਖ਼ਬਰ ਏਜੰਸੀ ਰਿਊਟਰ ਨੇ ਬੇਨਾਮ ਅਮਰੀਕੀ ਅਧਿਕਾਰੀ ਦਾ ਬਿਆਨ ਛਾਪਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਨੂੰ ਪਾਕਿਸਤਾਨ 'ਚੋਂ ਲਿਆਉਣ ਲਈ ਅਮਰੀਕੀ ਫੌਜ ਤਿਆਰ ਸੀ, ਪਰ ਬੁਆਇਲ ਨੇ ਉਡਾਨ ਵਿੱਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ।
ਬੁਆਇਲ ਜਿਸ ਨੇ ਇੱਕ ਵਾਰੀ ਕੱਟੜ ਇਸਲਾਮੀ ਵਿਚਾਰਧਾਰੀ ਵਾਲੀ ਅਤੇ ਗੁਆਨਟਾਮੋ ਬੇਅ (ਅਮਰੀਕੀ ਜੇਲ੍ਹ ਜਿਸ ਵਿੱਚ ਬਿਨਾਂ ਅਦਾਲਤੀ ਕਾਰਵਾਈ ਦੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ) ਦੇ ਇੱਕ ਸਾਬਕਾ ਕੈਦੀ ਉਮਰ ਖਦਰ ਦੀ ਭੈਣ ਨਾਲ ਵਿਆਹਿਆ ਗਿਆ ਸੀ।

ਤਸਵੀਰ ਸਰੋਤ, Getty Images
ਸੀਐੱਨਐੱਨ ਦਾ ਕਹਿਣਾ ਹੈ ਕਿ ਉਸ ਨੂੰ ਸ਼ਾਇਦ ਅਮਰੀਕਾ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੈਨੇਡਾ ਸਹਿਯੋਗ ਲਈ ਤਿਆਰ
ਕੈਨੇਡਾ ਦੀ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ, "ਜੋਸ਼ੂਆ ਬੁਇਲ ਜਾਂਚ ਦਾ ਮੁੱਦਾ ਨਹੀਂ ਹੈ। ਸਾਡਾ ਜ਼ਿਆਦਾ ਧਿਆਨ ਪਰਿਵਾਰ ਦੀ ਸੁਰੱਖਿਆ 'ਤੇ ਹੈ।"
ਫ੍ਰੀਲੈਂਡ ਨੇ ਇਹ ਵੀ ਦੱਸਿਆ ਕਿ ਪਰਿਵਾਰ ਨੂੰ ਛੁਡਾਉਣ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ।
"ਜੋਸ਼ੂਆ, ਕੈਟਲੇਨ, ਉਨ੍ਹਾਂ ਦੇ ਬੱਚੇ, ਬੁਆਇਲ ਅਤੇ ਕੋਲਮੈਨ ਪਰਿਵਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਦੁੱਖਾਂ ਭਰਿਆ ਸਫ਼ਰ ਕੱਟਿਆ ਹੈ। ਅਸੀਂ ਉਨ੍ਹਾਂ ਦੇ ਦੁੱਖਾਂ ਦੇ ਮਲਹੱਮ ਲਾਉਣ ਲਈ ਹਰ ਮਦਦ ਕਰਨ ਲਈ ਤਿਆਰ ਹਾਂ।"












