ਰੋਹਿੰਗਿਆ ਮੁਸਲਮਾਨਾਂ ਦੇ ਹੱਕ 'ਚ ਪੀਐਮ ਮੋਦੀ ਨੂੰ ਚਿੱਠੀ

ਤਸਵੀਰ ਸਰੋਤ, Reuters
ਦੇਸ਼ ਦੀਆਂ 51 ਵੱਡੀਆਂ ਸ਼ਖਸੀਅਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਹਿੰਗਿਆ ਮੁਸਲਮਾਨਾਂ ਦੇ ਹੱਕ ਵਿੱਚ ਚਿੱਠੀ ਲਿਖੀ ਹੈ।
ਕਈ ਸਿਆਸਤਦਾਨ, ਅਦਾਕਾਰ , ਸਮਾਜ ਸੇਵੀ, ਕਲਾਕਾਰ ਅਤੇ ਪੱਤਰਕਾਰ ਰੋਹਿੰਗਿਆ ਮੁਸਲਮਾਨਾਂ ਦੇ ਹੱਕ ਵਿੱਚ ਉਤਰੇ ਹਨ।
ਇਨ੍ਹਾਂ 'ਚ ਵਕੀਲ ਪ੍ਰਸ਼ਾਂਤ ਭੂਸ਼ਣ, ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ, ਸਾਬਕਾ ਕੇਂਦਰੀ ਖਜ਼ਾਨਾ ਮੰਤਰੀ ਪੀ.ਚਿੰਦਬਰਮ, ਵਕੀਲ ਰਾਜੂ ਰਾਮਚੰਦਰਨ, ਲੇਖਕ ਫਰਾਹ ਨਕਵੀ, ਪੱਤਰਕਾਰ ਕਰਨ ਥਾਪਰ , ਕਾਰੋਬਾਰੀ ਗੁਲਾਮ ਪੇਸ਼ ਇਮਾਮ, ਆਪ ਵਿਧਾਇਕ ਕੰਵਰ ਸੰਧੂ , ਅਦਾਕਾਰਾ ਸਵਾਰਾ ਭਾਸਕਰ ਦਾ ਨਾਂ ਸ਼ਾਮਲ ਹੈ।
51 ਨਾਮੀ ਲੋਕਾਂ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਮਿਆਂਮਾਰ ਵਿੱਚ ਹੋ ਰਹੇ ਅੱਤਿਆਚਾਰ ਨੂੰ ਰੋਕਣ ਵਿੱਚ ਭੂਮਿਕਾ ਨਿਭਾਉਣ।
ਪੀਐਮ ਨੂੰ ਭੇਜੀ ਗਈ ਚਿੱਠੀ ਵਿੱਚ ਲਿਖਿਆ ਹੈ ਕਿ ਰੋਹਿੰਗਿਆ ਮੁਸਲਮਾਨਾਂ ਅਤੇ ਸ਼ਰਨਾਰਥੀਆਂ ਨੂੰ ਜ਼ਬਰਦਸਤੀ ਭਾਰਤ 'ਚੋ ਵਾਪਸ ਨਾ ਭੇਜਿਆ ਜਾਵੇ ਜਿੱਥੇ ਉਨ੍ਹਾਂ ਨੂੰ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਖ਼ਤਰਾ ਹੈ।

ਤਸਵੀਰ ਸਰੋਤ, AFP
ਰੋਹਿੰਗਿਆਂ ਮੁਸਲਮਾਨਾਂ ਵੱਲੋਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖ਼ਲ ਕੀਤੀ ਗਈ ਸੀ ਜਿਸ ਵਿੱਚ ਭਾਰਤ ਸਰਕਾਰ ਨੂੰ ਰੋਹਿੰਗਿਆ ਮੁਸਲਮਾਨਾਂ ਨੂੰ ਮਿਆਂਮਾਰ ਵਾਪਸ ਭੇਜਣ 'ਤੇ ਚੁਣੌਤੀ ਦਿੱਤੀ ਗਈ ਸੀ।
ਸੁਪਰੀਮ ਕੋਰਟ 'ਚ ਸੁਣਵਾਈ
ਰੋਹਿੰਗਿਆ ਮੁਸਲਮਾਨਾਂ ਦੀ ਇਸ ਅਰਜ਼ੀ 'ਤੇ ਸੁਪਰੀਮ ਕੋਰਟ ਵੱਲੋਂ ਅੱਜ ਸ਼ੁੱਕਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ।
ਸੁਣਵਾਈ ਤੋਂ ਪਹਿਲਾ ਭਾਰਤ ਸਰਕਾਰ ਅਤੇ ਰੋਹਿੰਗਿਆ ਅਰਜ਼ੀਕਰਤਾ ਮੁਸਲਮਾਨਾਂ ਵੱਲੋਂ ਦਲੀਲਾਂ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਚਿੱਠੀ ਵਿੱਚ ਸੈਟੇਲਾਈਟ ਤਸਵੀਰਾਂ ਦੇ ਹਵਾਲੇ ਨਾਲ 25 ਅਗਸਤ ਤੋਂ 19 ਸਤੰਬਰ ਦਰਮਿਆਨ 250 ਰੋਹਿੰਗਿਆ ਪਿੰਡਾਂ ਨੂੰ ਅੱਗ ਲਾ ਕੇ ਸਾੜੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਤਸਵੀਰ ਸਰੋਤ, Reuters
4 ਲੱਖ ਰੋਹਿੰਗਿਆ ਸ਼ਰਨਾਰਥੀ
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ 4 ਲੱਖ ਰੋਹਿੰਗਿਆ ਸ਼ਰਨਾਰਥੀ ਮਿਆਂਮਾਰ ਤੋਂ ਬੰਗਲਾਦੇਸ਼ ਹਿਜਰਤ ਕਰ ਚੁੱਕੇ ਹਨ ਅਤੇ ਬਹੁਤ ਹੀ ਅਣਮਨੁੱਖੀ ਹਾਲਤਾਂ ਵਿੱਚ ਰਹਿ ਰਹੇ ਹਨ।
ਚਿੱਠੀ ਵਿੱਚ ਸਾਰੀਆਂ ਹੀ ਹਸਤੀਆਂ ਨੇ ਸਰਕਾਰ ਨੂੰ ਇੱਕ ਸੁਰ ਵਿੱਚ ਅਪੀਲ ਕੀਤੀ ਹੈ ਕਿ ਇਸ ਸੰਕਟ ਦੇ ਹੱਲ ਲਈ ਕਦਮ ਚੁੱਕੇ ਅਤੇ ਰੋਹਿੰਗਿਆ ਦੀ ਭਲਾਈ ਲਈ ਕੋਈ ਠੋਸ ਰਣਨੀਤੀ ਅਪਣਾਈ ਜਾਵੇ।
ਚਿੱਠੀ ਵਿੱਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਭਾਰਤ ਵਿੱਚ ਰਹਿ ਰਹੇ 40,000 ਰੋਹਿੰਗਿਆ ਨੂੰ ਜਬਰੀ ਦੇਸ਼ ਵਿੱਚੋਂ ਨਾ ਕੱਢਿਆ ਜਾਵੇ।
ਚਿੱਠੀ ਦੇ ਅਖ਼ੀਰ ਵਿੱਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਰੋਕਣ ਲਈ ਆਪਣਾ ਪ੍ਰਭਾਵ ਵਰਤੇ ਅਤੇ ਉੱਜੜੇ ਲੋਕਾਂ ਦੇ ਮੁੜ ਵਸੇਬੇ ਦਾ ਬੰਦੋਬਸਤ ਕਰੇ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












