ਨਜ਼ਰੀਆ: ਕੀ ਜੈ ਸ਼ਾਹ ਦੇ ਮਾਮਲੇ ਤੋਂ ਫ਼ਾਇਦਾ ਚੁੱਕ ਸਕਣਗੇ ਰਾਹੁਲ?

ਤਸਵੀਰ ਸਰੋਤ, Getty Images
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ ਦਿੱਲੀ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ 'ਮੋਦੀ-ਸ਼ਾਹ' ਦੇ ਗੜ੍ਹ ਗੁਜਰਾਤ ਦੇ ਦੌਰੇ 'ਤੇ ਗਏ ਇਹ ਗੱਲ ਤਾਂ ਸਮਝ ਆਉਂਦੀ ਹੈ ਕਿਉਂਕਿ ਸੂਬੇ 'ਚ ਦੋ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹਨ।
ਅਮਿਤ ਸ਼ਾਹ ਰਾਹੁਲ ਗਾਂਧੀ ਦੇ ਗੜ੍ਹ ਅਮੇਠੀ 'ਚ ਕੀ ਕਰਨ ਗਏ ਸਨ? ਕੁਝ ਲੋਕ ਸੋਸ਼ਲ ਮੀਡੀਆ 'ਤੇ ਇਹ ਸਵਾਲ ਚੁੱਕ ਰਹੇ ਹਨ।
ਲਾਜ਼ਮੀ ਹੈ ਕਿ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਆਨਾਥ ਨਾਲ ਅਮੇਠੀ 'ਚ ਵਿਕਾਸ ਦੀਆਂ ਨਵੀਆਂ ਯੋਜਨਾਵਾਂ ਦਾ ਉਦਘਾਟਨ ਕਰਨ ਗਏ ਸਨ।
ਅਮਿਤ ਸ਼ਾਹ ਦਾ ਭਾਸ਼ਣ ਸਿਆਸੀ ਸੀ, ਜਿਸ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਚੋਣ ਹਲਕੇ 'ਚ ਵਿਕਾਸ ਦੀ ਘਾਟ ਨੂੰ ਉਜਾਗਰ ਕੀਤਾ।

ਤਸਵੀਰ ਸਰੋਤ, Getty Images
ਸਾਲ 2014 ਦੀਆਂ ਚੋਣਾਂ 'ਚ ਰਾਹੁਲ ਅਮੇਠੀ ਤੋਂ ਤੀਜੀ ਵਾਰ ਜਿੱਤੇ ਸਨ ਪਰ ਸ਼ਾਹ ਮੁਤਾਬਕ ਉਨ੍ਹਾਂ ਨੇ ਉੱਥੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ।
ਸ਼ਾਹ ਨੇ ਕਿਹਾ ਕਿ 'ਸ਼ਹਿਜ਼ਾਦੇ' (ਰਾਹੁਲ ਗਾਂਧੀ) ਨੂੰ ਗੁਜਰਾਤ ਦੀ ਬਜਾਏ ਅਮੇਠੀ ਦਾ ਦੌਰਾ ਕਰਨਾ ਚਾਹੀਦਾ ਹੈ।
ਬੀਜੇਪੀ ਨੇਤਾ ਰਾਹੁਲ ਗਾਂਧੀ ਦੀ ਅਲੋਚਨਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।
2014 ਦੀਆਂ ਆਮ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਇੰਝ ਜਾਪਦਾ ਹੈ ਕਿ ਕਾਂਗਰਸ ਦੇ ਮੀਤ ਪ੍ਰਧਾਨ ਦੀ ਗੁਆਚੀ ਹੋਈ ਆਵਾਜ਼ ਵਾਪਸ ਆ ਗਈ ਹੈ।
ਭਾਜਪਾ ਦਬਾਅ ਹੇਠ?
ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੂੰ ਲੈ ਕੇ ਰਾਹੁਲ ਗਾਂਧੀ ਨੇ ਜਿਵੇਂ ਤਿੱਖਾ ਰੁਖ਼ ਅਪਣਾਇਆ ਹੈ, ਉਸ ਨਾਲ ਉਨ੍ਹਾਂ ਦੀ ਆਵਾਜ਼ ਸਿਆਸੀ ਗਲਿਆਰਿਆਂ 'ਚ ਬੁਲੰਦ ਹੋਈ ਹੈ।

ਤਸਵੀਰ ਸਰੋਤ, Getty Images
ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਦਾ ਗਵਾਚਿਆ ਹੋਇਆ ਆਤਮ-ਵਿਸ਼ਵਾਸ ਮੁੜ ਆਇਆ ਹੈ।
ਜੈ ਸ਼ਾਹ ਬਾਰੇ ਖ਼ਬਰ ਆਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਟਵਿਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦਿਆਂ ਪੁਛਿਆ, "ਮੋਦੀ ਜੀ ਜੈ 'ਜ਼ਿਆਦਾ' ਖਾ ਗਏ ! ਤੁਸੀਂ ਚੌਂਕੀਦਾਰ ਸੀ ਜਾਂ ਭਾਈਵਾਲ? ਕੁਝ ਤਾਂ ਕਹੋ।"
ਪ੍ਰਧਾਨ ਮੰਤਰੀ ਦੀ 'ਬੇਟੀ ਬਚਾਓ ਮੁਹਿੰਮ ਦੀ ਪਿੱਠਭੂਮੀ ਵਿੱਚ ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ ਕਿ 'ਬੇਟੀ ਬਚਾਓ ਤੋਂ ਬੇਟਾ ਬਚਾਓ' ਦਾ ਬਦਲਾਅ ਛੇਤੀ ਹੀ ਆ ਗਿਆ ਹੈ।

ਤਸਵੀਰ ਸਰੋਤ, TWITTER
ਰਾਹੁਲ ਗਾਂਧੀ ਨੇ ਸਿੱਧਾ ਨਿਸ਼ਾਨਾ ਪ੍ਰਧਾਨ ਮੰਤਰੀ 'ਤੇ ਸਾਧਿਆ। ਨਰੇਂਦਰ ਮੋਦੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਪਿਛਲੀਆਂ ਆਮ ਚੋਣਾਂ ਤੋਂ ਬਾਅਦ ਬੀਜੇਪੀ ਪਹਿਲੀ ਵਾਰ ਦਬਾਅ ਹੇਠ ਨਜ਼ਰ ਆਈ ਹੈ।
ਹਮਲਾਵਰ ਕਾਂਗਰਸ
ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਦੋਵਾਂ ਲਈ ਇੱਕ ਇੱਕ ਸਵਾਲ ਹੈ।
ਅਮਿਤ ਜੀ, ਕੀ ਅਮੇਠੀ ਵਿੱਚ ਰਾਹੁਲ ਦੀ ਬੁਰਾਈ ਕਰਨ ਨਾਲ ਉਨ੍ਹਾਂ ਦੇ ਗੜ੍ਹ 'ਚ ਉਨ੍ਹਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਣਗੀਆਂ?
ਰਾਹੁਲ ਜੀ, ਸਰਕਾਰ ਨੂੰ ਘੇਰਨ ਲਈ ਪਿੱਛਲੇ ਤਿੰਨ-ਚਾਰ ਸਾਲਾਂ ਵਿੱਚ ਬਥੇਰੇ ਮੌਕੇ ਮਿਲੇ ਪਰ ਤੁਸੀਂ ਉਨ੍ਹਾਂ ਨੂੰ ਗਵਾ ਦਿੱਤਾ। ਇਸ ਵਾਰ ਤੁਹਾਡੇ ਕੋਲੋਂ ਇਹ ਮੌਕਾ ਖੁੰਝ ਤਾਂ ਨਹੀਂ ਜਾਵੇਗਾ ?

ਤਸਵੀਰ ਸਰੋਤ, Getty Images
ਜੈ ਸ਼ਾਹ ਦੇ ਮੁੱਦੇ ਲੈ ਕੇ ਕਾਂਗਰਸ ਪਾਰਟੀ ਦੀ ਰਣਨੀਤੀ ਹਮਲਾਵਰ ਦਿਖਾਈ ਦੇ ਰਹੀ ਹੈ।
ਜੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਹਮਲਾ ਕੀਤਾ ਤਾਂ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਪ੍ਰੈੱਸ ਕਾਨਫਰੰਸ ਕਰਕੇ ਬੀਜੇਪੀ 'ਤੇ ਜੈ ਸ਼ਾਹ ਨੂੰ ਲੈ ਕੇ ਤਿੱਖੇ ਸਵਾਲ ਕੀਤੇ।
ਇਸ ਤੋਂ ਇਲਾਵਾ ਪਾਰਟੀ ਦੇ ਇੱਕ ਹੋਰ ਸੀਨੀਅਰ ਨੇਤਾ ਅਨੰਦ ਸ਼ਰਮਾ ਨੇ ਪ੍ਰਧਾਨ ਮੰਤਰੀ ਕੋਲੋਂ ਜੈ ਸ਼ਾਹ ਦੇ ਮਾਮਲੇ 'ਚ ਅਦਾਲਤੀ ਜਾਂਚ ਦੀ ਮੰਗ ਕੀਤੀ ਹੈ।
ਕਾਂਗਰਸ ਨੇ ਸਰਕਾਰ ਨੂੰ ਰੱਖਿਆਤਮਕ ਸੁਰ 'ਚ ਜ਼ਰੂਰ ਕੀਤਾ ਹੋਇਆ ਹੈ ਪਰ 2019 ਦੀਆਂ ਆਮ ਚੋਣਾਂ ਤੱਕ ਇਹ ਦਬਾਅ ਕਾਇਮ ਰੱਖਣਾ ਸੌਖਾ ਹੋਵੇਗਾ ?

ਤਸਵੀਰ ਸਰੋਤ, AFP
ਪਿਛਲੀਆਂ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੀ ਪੱਟੀ ਹੀ ਪੁਚ ਗਈ ਸੀ। ਇਸ ਨੂੰ ਸਿਆਸੀ ਅਖਾੜੇ ਵਿੱਚ ਵਾਪਸ ਆਉਣ ਦੇ ਕਈ ਮੌਕੇ ਮਿਲੇ।
ਇਸ ਗੱਲ 'ਤੇ ਸਰਬਸੰਮਤੀ ਹੈ ਕਿ ਕਾਂਗਰਸ ਨੂੰ ਸਭ ਤੋਂ ਵੱਡਾ ਮੌਕਾ ਨੋਟਬੰਦੀ ਵੇਲੇ ਮਿਲਿਆ ਸੀ। ਜਿਸ ਦਾ ਫ਼ਾਇਦਾ ਚੁੱਕਣ 'ਚ ਉਹ ਬਿਲਕੁਲ ਅਸਫ਼ਲ ਰਹੀ।
ਦੂਜੇ ਪਾਸੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਲੈ ਕੇ ਖ਼ੁਦ ਕਾਂਗਰਸ ਦੇ ਅੰਦਰ ਭਰੋਸਾ ਉੱਠਦਾ ਨਜ਼ਰ ਆ ਰਿਹਾ ਸੀ।
ਸੋਸ਼ਲ ਮੀਡੀਆ 'ਤੇ ਕਾਂਗਰਸ ਭਾਰੀ
ਬੀਜੇਪੀ ਨੇ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨੂੰ 'ਪੱਪੂ' ਦੱਸ ਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ।
ਆਮ ਆਦਮੀ ਪਾਰਟੀ ਨੇ ਵੀ ਰਾਹੁਲ ਗਾਂਧੀ ਬਾਰੇ ਇੱਕ ਰਾਏ ਬਣਾਈ ਜਿਸ ਨੂੰ ਰਾਹੁਲ ਗਾਂਧੀ ਸੁਣਨਾ ਪਸੰਦ ਨਹੀਂ ਕਰਨਗੇ, ਪਰ ਪਿਛਲੇ ਕੁਝ ਮਹੀਨਿਆਂ ਤੋਂ ਰਾਹੁਲ ਗਾਂਧੀ ਬਾਰੇ ਲੋਕਾਂ ਦੀ ਰਾਏ ਬਦਲਦੀ ਨਜ਼ਰ ਆ ਰਹੀ ਹੈ।

ਤਸਵੀਰ ਸਰੋਤ, AFP
ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿੱਚ ਉਨ੍ਹਾਂ ਦੇ ਭਾਸ਼ਣ ਦੀ ਬਹੁਤ ਪ੍ਰਸ਼ੰਸਾ ਹੋਈ।
ਉਨ੍ਹਾਂ ਦੇ ਭਾਸ਼ਣ ਨਾਲ ਬੀਜੇਪੀ ਡਰੀ ਹੋਈ ਨਜ਼ਰ ਆਈ, ਨਹੀਂ ਤਾਂ ਰਾਹੁਲ ਗਾਂਧੀ ਨਾਲ ਨਜਿੱਠਣ ਲਈ ਕੇਂਦਰੀ ਮੰਤਰੀਆਂ ਅਤੇ ਬੁਲਾਰਿਆਂ ਦੀ ਫੌਜ ਮੈਦਾਨ 'ਚ ਕਿਉਂ ਆਉਂਦੀ ?
ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਹੋਏ ਹਮਲਿਆਂ ਲਈ ਭਾਜਪਾ ਨੇ ਸੋਸ਼ਲ ਮੀਡੀਆ ਦੀ ਖ਼ੂਬ ਵਰਤੋਂ ਕੀਤੀ। ਇਸ ਵਾਰ ਸੋਸ਼ਲ ਮੀਡੀਆ ਨੇ ਬੀਜੇਪੀ ਦੇ ਮੰਤਰੀਆਂ ਦੇ ਬਿਆਨਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ।
ਜੈ ਸ਼ਾਹ ਨਾਲ ਸਬੰਧਤ ਖ਼ਬਰਾਂ 'ਤੇ ਰਾਹੁਲ ਗਾਂਧੀ ਦੇ ਤਿੱਖੇ ਰੁੱਖ ਤੋਂ ਬਾਅਦ ਹੁਣ ਬੀਜੇਪੀ ਇਹ ਨਹੀਂ ਲੁਕਾ ਸਕਦੀ ਕਿ ਉਹ ਅਸਲ 'ਚ ਦਬਾਅ 'ਚ ਹੈ।
ਰਾਹੁਲ ਦੀ ਸੁਧਰੀ ਹਾਲਤ
ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਰਾਹੁਲ ਗਾਂਧੀ ਨੂੰ ਛੇਤੀ ਹੀ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੀ ਥਾਂ ਪਾਰਟੀ ਪ੍ਰਧਾਨ ਬਣਾ ਦਿੱਤਾ ਜਾਵੇਗਾ।

ਤਸਵੀਰ ਸਰੋਤ, AFP/Getty Images
ਪਾਰਟੀ ਦੀ ਦਿੱਲੀ ਅਤੇ ਜੰਮੂ ਤੇ ਕਸ਼ਮੀਰ ਦੀਆਂ ਬ੍ਰਾਂਚਾਂ ਨੇ ਇਸ 'ਤੇ ਇਕ ਮਤਾ ਪਾਸ ਕਰ ਦਿੱਤਾ ਹੈ। ਕਾਂਗਰਸ 'ਚ ਹੁਣ ਰਾਹੁਲ ਗਾਂਧੀ ਦੀ ਲੀਡਰਸ਼ਿਪ 'ਤੇ ਸ਼ੱਕ ਦੂਰ ਹੁੰਦਾ ਦਿੱਖ ਰਿਹਾ ਹੈ।
ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗਠਜੋੜ ਵਿੱਚ ਵੀ ਉਨ੍ਹਾਂ ਨੂੰ ਹੀ ਕਾਂਗਰਸ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਣ ਲੱਗਾ ਹੈ।
ਪਰ ਕਾਂਗਰਸ ਦਾ 'ਸ਼ਹਿਜ਼ਾਦਾ' ਕੀ ਹੁਣ ਵਿਰੋਧੀ ਧਿਰ ਦਾ 'ਸ਼ਾਹਿਨਸ਼ਾਹ' ਬਣ ਗਿਆ ਹੈ ?
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












