ਭਾਰਤ ਬਨਾਮ ਇੰਡੀਆ ਵਿਵਾਦ: ਭਾਰਤ ਨਾਂ ਦਾ ਪੰਜਾਬ ਨਾਲ ਕੀ ਹੈ ਰਿਸ਼ਤਾ, ਕੀ ਹੈ 'ਅੱਗ' ਤੇ 'ਦਰਿਆ' ਵਾਲੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਅਜੀਤ ਵਡਨੇਰਕਰ
- ਰੋਲ, ਭਾਸ਼ਾ ਸ਼ਾਸਤਰੀ, ਬੀਬੀਸੀ ਹਿੰਦੀ ਲਈ
ਜੀ-20 ਸਿਖ਼ਰ ਸੰਮੇਲਨ ਮੌਕੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਜਾਣ ਵਾਲੇ ਡਿਨਰ ਦੇ ਸੱਦਾ ਪੱਤਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਰਾਸ਼ਟਰਪਤੀ ਵੱਲੋਂ ਭੇਜੇ ਗਏ ਇਸ ਸੱਦਾ ਪੱਤਰ ਵਿੱਚ ਆਮ ਤੌਰ ’ਤੇ ਵਰਤੇ ਜਾਂਦੇ ਸ਼ਬਦ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਲਿਖਣ ਦੀ ਥਾਂ 'ਪ੍ਰੈਜ਼ੀਡੈਂਟ ਆਫ਼ ਭਾਰਤ' ਲਿਖਿਆ ਹੋਇਆ ਹੈ।
ਸਾਰਾ ਵਿਵਾਦ ਇਸੇ ਨੂੰ ਲੈ ਕੇ ਪੈਦਾ ਹੋਇਆ ਹੈ।
ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਦੇਸ ਦੇ ਨਾਂ ਵਜੋਂ 'ਇੰਡੀਆ' ਸ਼ਬਦ ਦੀ ਵਰਤੋਂ ਬੰਦ ਕਰ ਰਹੀ ਹੈ ਅਤੇ ਹੁਣ ਸਿਰਫ਼ 'ਭਾਰਤ' ਕਹੇ ਜਾਣ ਦੀ ਯੋਜਨਾ ਬਣਾ ਰਹੀ ਹੈ।
ਵਿਰੋਧੀ ਪਾਰਟੀਆਂ ਦੇ ਇਨ੍ਹਾਂ ਇਲਜ਼ਾਮਾਂ 'ਤੇ ਕੇਂਦਰ ਸਰਕਾਰ ਜਾਂ ਰਾਸ਼ਟਰਪਤੀ ਦਫ਼ਤਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਟਵਿੱਟਰ 'ਤੇ ਆਪਣਾ ਸੱਦਾ ਪੱਤਰ ਪੋਸਟ ਕੀਤਾ ਹੈ, ਜਿਸ 'ਚ 'ਪ੍ਰੈਜ਼ੀਡੈਂਟ ਆਫ਼ ਭਾਰਤ' ਲਿਖਿਆ ਹੋਇਆ ਹੈ।
ਭਾਵੇਂ ਕਿ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਮੀਡੀਆ ਨਾਲ ਗੱਲਬਾਤ ਦੌਰਾਨ 'ਭਾਰਤ' ਸ਼ਬਦ ਦੀ ਵਰਤੋਂ ਨੂੰ ਜਾਇਜ਼ ਠਹਿਰਾ ਰਹੇ ਹਨ।
ਇਸ ਦੀ ਆਲੋਚਨਾ ਕਰਦਿਆਂ ਕਾਂਗਰਸ ਪਾਰਟੀ ਨੇ ਕਿਹਾ, ''ਰਾਸ਼ਟਰਪਤੀ ਵੱਲੋਂ ਜੀ-20 ਸੰਮੇਲਨ ਲਈ ਮਹਿਮਾਨਾਂ ਨੂੰ ਭੇਜੇ ਗਏ ਸੱਦਾ ਪੱਤਰ 'ਚ ਪ੍ਰੈਜ਼ੀਡੈਂਟ ਆਫ਼ 'ਇੰਡੀਆ' ਦੀ ਥਾਂ ਪ੍ਰੈਜ਼ੀਡੈਂਟ ਆਫ਼ 'ਭਾਰਤ' ਸ਼ਬਦ ਦੀ ਵਰਤੋਂ ਕੀਤੀ ਗਈ ਹੈ। 'ਇੰਡੀਆ' ਗੱਠਜੋੜ ਤੋਂ ਇੰਨਾ ਡਰ? ਕੀ ਇਹ ਮੋਦੀ ਸਰਕਾਰ ਦੀ ਵਿਰੋਧੀ ਧਿਰ ਲਈ ਨਫ਼ਰਤ ਹੈ ਜਾਂ ਇੱਕ ਡਰੇ ਹੋਏ ਅਤੇ ਸਹਿਮੇ ਹੋਏ ਤਾਨਾਸ਼ਾਹ ਦੀ ਸਨਕ?
ਇਹ ਸੱਦਾ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਕ ਪਾਸੇ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਹਨ ਕਿ ਭਾਜਪਾ 'ਭਾਰਤ' ਗੱਠਜੋੜ ਤੋਂ ਡਰੀ ਹੋਈ ਹੈ, ਜਦਕਿ ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ 'ਭਾਰਤ' ਨਾਂ ਵਰਤਣ ਵਿੱਚ ਕੁਝ ਵੀ ਗਲਤ ਨਹੀਂ ਹੈ ਕਿਉਂਕਿ ਇਹ ਸੰਵਿਧਾਨ ਦਾ ਹਿੱਸਾ ਹੈ।

ਤਸਵੀਰ ਸਰੋਤ, TWITTER@DHARMENDRA PRADHAN
ਭਾਰਤ ਨਾਮ ਕਿਵੇਂ ਪਿਆ ਇਸ ਬਾਰੇ 3 ਜੂਨ, 2020 ਨੂੰ ਬੀਬੀਸੀ ਹਿੰਦੀ ਨੇ ਅਜੀਤ ਵਡਨੇਰਕਰ ਦਾ ਇਹ ਵਿਸਤ੍ਰਿਤ ਲੇਖ ਪ੍ਰਕਾਸ਼ਿਤ ਕੀਤਾ ਸੀ। ਇਸ ਲੇਖ ਰਾਹੀਂ ਜਾਣਦੇ ਹਾਂ 'ਭਾਰਤ' ਨਾਮ ਦੀ ਕਹਾਣੀ...
ਭਾਰਤ ਦੇ ਕਿੰਨੇ ਨਾਮ ਤੇ ਕੀ ਹਨ ਉਨ੍ਹਾਂ ਦੀਆਂ ਕਹਾਣੀਆਂ
ਦੇਸ ਦਾ ਨਾਂ ਬਦਲਣ 'ਤੇ ਬਹਿਸ ਛਿੜ ਗਈ ਹੈ, ਸੰਵਿਧਾਨ 'ਚ ਦਰਜ 'ਇੰਡੀਆ ਦੈਟ ਇਜ਼ ਭਾਰਤ' ਨੂੰ ਬਦਲ ਕੇ ਸਿਰਫ਼ ਭਾਰਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਭਾਰਤ ਨੂੰ ਕਿੰਨੇ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਪਿੱਛੇ ਦੀ ਕੀ ਕਹਾਣੀ ਹੈ।
ਪ੍ਰਾਚੀਨ ਕਾਲ ਤੋਂ, ਭਾਰਤ ਦੇ ਵੱਖ-ਵੱਖ ਨਾਮ ਹਨ ਜਿਵੇਂ ਕਿ ਜੰਬੂਦੀਪ, ਭਰਤਖੰਡ, ਹਿਮਵਰਸ਼, ਅਜਨਾਭਵਰਸ਼, ਭਾਰਤਵਰਸ਼, ਆਰੀਆਵਰਤ, ਹਿੰਦ, ਹਿੰਦੁਸਤਾਨ ਅਤੇ ਭਾਰਤ। ਪਰ ਇਨ੍ਹਾਂ ਵਿੱਚੋਂ ਭਾਰਤ ਸਭ ਤੋਂ ਵੱਧ ਪ੍ਰਸਿੱਧ ਅਤੇ ਪ੍ਰਚਲਿਤ ਰਿਹਾ ਹੈ।
ਨਾਮਕਰਨ ਸਬੰਧੀ ਬਹੁਤੀਆਂ ਧਾਰਨਾਵਾਂ ਅਤੇ ਮੱਤਭੇਦ ਭਾਰਤ ਨਾਮ ਨੂੰ ਲੈ ਕੇ ਹੀ ਹਨ। ਭਾਰਤ ਦੇ ਵੰਨ-ਸੁਵੰਨੇ ਸੱਭਿਆਚਾਰ ਵਾਂਗ ਵੱਖੋ-ਵੱਖਰੋ ਸਮੇਂ ਵਿੱਚ ਇਸ ਦੇ ਵੱਖ-ਵੱਖ ਨਾਮ ਮਿਲਦੇ ਹਨ।
ਇਨ੍ਹਾਂ ਨਾਵਾਂ ਵਿੱਚ ਕਦੇ ਭੂਗੋਲ ਉੱਭਰ ਕੇ ਸਾਹਮਣੇ ਆਉਂਦਾ ਹੈ, ਕਦੇ ਜਾਤੀ ਚੇਤਨਾ ਅਤੇ ਕਦੇ ਸੰਸਕਾਰ।
ਹਿੰਦ, ਹਿੰਦੁਸਤਾਨ, ਇੰਡੀਆ ਵਰਗੇ ਨਾਵਾਂ ਵਿੱਚੋਂ ਭੂਗੋਲ ਉੱਭਰ ਰਿਹਾ ਹੈ। ਇਨ੍ਹਾਂ ਨਾਵਾਂ ਦੇ ਮੂਲ ਵਿੱਚ ਉਂਝ ਤਾਂ ਸਿੰਧੂ ਨਦੀ ਪ੍ਰਮੁੱਖ ਰੂਪ ਵਿੱਚ ਦਿਖਾਈ ਦਿੰਦੀ ਹੈ, ਸਿੰਧੂ ਮਹਿਜ਼ ਕਿਸੇ ਖਾਸ ਖੇਤਰ ਦੀ ਨਦੀ ਨਹੀਂ ਹੈ।
ਸਿੰਧੂ ਦਾ ਅਰਥ ਨਦੀ ਵੀ ਹੈ, ਸਮੁੰਦਰ ਵੀ। ਉਸ ਰੂਪ ਵਿੱਚ, ਦੇਸ ਦੇ ਉੱਤਰ-ਪੱਛਮੀ ਖੇਤਰ ਨੂੰ ਕਿਸੇ ਸਮੇਂ ਵਿੱਚ ਸਪਤਸਿੰਧੂ ਜਾਂ ਪੰਜਾਬ ਕਿਹਾ ਜਾਂਦਾ ਸੀ, ਇਸ ਲਈ ਇੱਥੇ ਵਗਦੀਆਂ ਸੱਤ ਜਾਂ ਪੰਜ ਮੁੱਖ ਧਾਰਾਵਾਂ ਦੇ ਨਾਲ ਇੱਕ ਵਿਸ਼ਾਲ ਉਪਜਾਊ ਖੇਤਰ ਦੀ ਪਛਾਣ ਕਰਨ ਦੀ ਗੱਲ ਹੈ।
ਇਸੇ ਤਰ੍ਹਾਂ, ਭਾਰਤ ਨਾਮ ਦੇ ਪਿੱਛੇ ਸਪਤਸੰਧਵ ਖੇਤਰ ਵਿੱਚ ਪ੍ਰਫੁੱਲਿਤ ਅਗਨੀਹੋਤਰ ਸੰਸਕ੍ਰਿਤੀ (ਅੱਗ ਵਿੱਚ ਆਹੁਤੀ ਦੇਣਾ) ਦੀ ਪਛਾਣ ਹੈ।

ਤਸਵੀਰ ਸਰੋਤ, Getty Images
ਭਾਰਤ ਦੇ ਦਾਅਵੇਦਾਰ ਕਈ 'ਭਰਤ'
ਪੁਰਾਣਿਕ ਯੁੱਗ ਵਿੱਚ ਭਰਤ ਨਾਮ ਦੇ ਕਈ ਵਿਅਕਤੀ ਹੋਏ ਹਨ। ਦੁਸ਼ਯੰਤ ਪੁੱਤਰ ਤੋਂ ਇਲਾਵਾ ਦਸ਼ਰਥ ਦੇ ਪੁੱਤਰ ਭਰਤ ਵੀ ਮਸ਼ਹੂਰ ਹਨ, ਜਿਨ੍ਹਾਂ ਨੇ ਆਪਣੇ ਭਰਾ ਰਾਮ ਦੀਆਂ ਖੜਾਵਾਂ ਤਖ਼ਤ ਉੱਤੇ ਰੱਖ ਕੇ ਅਯੁੱਧਿਆ ਉੱਤੇ 14 ਸਾਲ ਰਾਜ ਕੀਤਾ।
ਨਾਟਯ ਸ਼ਾਸਤਰ ਵਾਲੇ ਭਰਤਮੁਨੀ ਵੀ ਹੋਏ ਹਨ। ਇੱਕ ਰਾਜਰਿਸ਼ੀ ਭਰਤ ਦਾ ਵੀ ਜ਼ਿਕਰ ਮਿਲਦਾ ਹੈ, ਜਿਨ੍ਹਾਂ ਦੇ ਨਾਂ 'ਤੇ ਜੜਭਾਰਤ ਮੁਹਾਵਰਾ ਵੀ ਪ੍ਰਸਿੱਧ ਹੋਇਆ।
ਮਗਧਰਾਜ ਇੰਦਰਦਿਊਮਨ ਦੇ ਦਰਬਾਰ ਵਿੱਚ ਵੀ ਇੱਕ ਰਿਸ਼ੀ ਭਰਤ ਸਨ। ਇੱਕ ਯੋਗੀ ਭਰਤ ਹੋਏ ਹਨ। ਪਦਮਪੁਰਾਣ ਵਿੱਚ ਇੱਕ ਦੁਸ਼ਟ ਬ੍ਰਾਹਮਣ ਭਰਤ ਦਾ ਜ਼ਿਕਰ ਹੈ।
ਐਤਰੇਯ ਬ੍ਰਾਹਮਣ ਵਿੱਚ ਵੀ ਦੁਸ਼ਯੰਤ ਦੇ ਪੁੱਤਰ ਭਰਤ ਹੀ ਭਾਰਤ ਦੇ ਨਾਮਕਰਨ ਕਰਨ ਪਿੱਛੇ ਖੜ੍ਹੇ ਨਜ਼ਰ ਆਉਂਦੇ ਹਨ। ਗ੍ਰੰਥਾਂ ਅਨੁਸਾਰ, ਭਰਤ ਇੱਕ ਚੱਕਰਵਰਤੀ ਸਮਰਾਟ ਸਨ, ਭਾਵ ਜਿਨ੍ਹਾਂ ਨੇ ਚਾਰੇ ਦਿਸ਼ਾਵਾਂ 'ਚ ਜਿੱਤ ਪ੍ਰਾਪਤ ਕਰਕੇ ਇੱਕ ਵਿਸ਼ਾਲ ਸਾਮਰਾਜ ਬਣਾਇਆ ਸੀ ਅਤੇ ਉਸ ਤੋਂ ਬਾਅਦ, ਉਨ੍ਹਾਂ ਨੇ ਅਸ਼ਵਮੇਧ ਯੱਗ ਕੀਤਾ, ਜਿਸ ਕਾਰਨ ਉਨ੍ਹਾਂ ਦੇ ਰਾਜ ਨੂੰ ਭਾਰਤਵਰਸ਼ ਨਾਮ ਮਿਲਿਆ।
ਇਸੇ ਤਰ੍ਹਾਂ ਮਤਸਯ ਪੁਰਾਣ ਵਿਚ ਜ਼ਿਕਰ ਹੈ ਕਿ ਮਨੂੰ ਨੂੰ ਭਰਤ ਕਿਹਾ ਗਿਆ ਕਿਉਂਕਿ ਉਹ ਲੋਕਾਂ ਨੂੰ ਜਨਮ ਦੇਣ ਵਾਲੇ ਸਨ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਵਾਲੇ ਸਨ। ਜਿਸ ਭੂ-ਭਾਗ ਉੱਤੇ ਉਨ੍ਹਾਂ ਨੇ ਰਾਜ ਕੀਤਾ, ਉਸ ਨੂੰ ਭਾਰਤਵਰਸ਼ ਕਿਹਾ ਗਿਆ।
ਨਾਮਕਰਨ ਦੇ ਸਰੋਤ ਜੈਨ ਪਰੰਪਰਾ ਵਿੱਚ ਵੀ ਮਿਲਦੇ ਹਨ। ਭਗਵਾਨ ਰਿਸ਼ਭਦੇਵ ਦੇ ਵੱਡੇ ਪੁੱਤਰ ਮਹਾਯੋਗੀ ਭਰਤ ਦੇ ਨਾਂ 'ਤੇ ਇਸ ਦੇਸ ਦਾ ਨਾਮ ਭਾਰਤਵਰਸ਼ ਪਿਆ। ਸੰਸਕ੍ਰਿਤ ਵਿੱਚ ਸਾਲ ਦੇ ਕੁਝ ਅਰਥ ਇਲਾਕਾ, ਵੰਡ, ਹਿੱਸਾ ਆਦਿ ਵੀ ਹੁੰਦੇ ਹਨ।

ਤਸਵੀਰ ਸਰੋਤ, Getty Images
ਦੁਸ਼ਯੰਤ-ਸ਼ਕੁੰਤਲਾ ਦੇ ਪੁੱਤਰ ਭਰਤ
ਆਮ ਤੌਰ 'ਤੇ, ਭਾਰਤ ਨਾਮ ਦੇ ਪਿੱਛੇ ਮਹਾਭਾਰਤ ਦੇ ਆਦਿਪਰਵ ਵਿੱਚ ਆਈ ਇੱਕ ਕਹਾਣੀ ਹੈ। ਮਹਾਰਿਸ਼ੀ ਵਿਸ਼ਵਾਮਿੱਤਰ ਅਤੇ ਅਪਸਰਾ ਮੇਨਕਾ ਦੀ ਧੀ ਸ਼ਕੁੰਤਲਾ ਅਤੇ ਪੁਰੂਵੰਸ਼ੀ ਰਾਜਾ ਦੁਸ਼ਯੰਤ ਵਿਚਕਾਰ ਗੰਧਰਵ ਵਿਆਹ ਹੋਇਆ। ਇਨ੍ਹਾਂ ਦੋਹਾਂ ਦੇ ਪੁੱਤਰ ਦਾ ਨਾਂ ਹੋਇਆ ਭਰਤ।
ਕਨਵ ਰਿਸ਼ੀ ਨੇ ਅਸ਼ੀਰਵਾਦ ਦਿੱਤਾ ਕਿ ਭਰਤ ਅੱਗੇ ਚੱਲ ਕੇ ਇੱਕ ਚੱਕਰਵਰਤੀ ਸਮਰਾਟ ਬਣੇਗਾ ਅਤੇ ਉਨ੍ਹਾਂ ਦੇ ਨਾਮ 'ਤੇ ਇਸ ਭੂਮੀ ਦਾ ਨਾਮ ਭਾਰਤ ਵਜੋਂ ਮਸ਼ਹੂਰ ਹੋਵੇਗਾ।
ਜ਼ਿਆਦਾਤਰ ਲੋਕਾਂ ਦੇ ਦਿਮਾਗ 'ਚ ਭਾਰਤ ਨਾਮ ਦੀ ਉਤਪਤੀ ਦੀ ਇਹੀ ਪ੍ਰੇਮ ਕਹਾਣੀ ਪ੍ਰਸਿੱਧ ਹੈ।
ਆਦਿਪਰਵ ਵਿੱਚ ਆਏ ਇਸ ਪ੍ਰਸੰਗ 'ਤੇ ਕਾਲੀਦਾਸ ਨੇ ਅਭਿਗਿਆਨ-ਸ਼ਕੁੰਤਲਮ ਨਾਮਕ ਇੱਕ ਮਹਾਂਕਾਵਿ ਦੀ ਰਚਨਾ ਕੀਤੀ। ਅਸਲ ਵਿੱਚ ਇਹ ਇੱਕ ਪ੍ਰੇਮ ਕਥਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹੀ ਕਾਰਨ ਹੈ ਕਿ ਇਹ ਕਹਾਣੀ ਪ੍ਰਸਿੱਧ ਹੋਈ।
ਦੋ ਪ੍ਰੇਮੀਆਂ ਦੇ ਅਮਰ ਪਿਆਰ ਦੀ ਕਹਾਣੀ ਇੰਨੀ ਮਹੱਤਵਪੂਰਨ ਬਣ ਗਈ ਕਿ ਸ਼ਕੁੰਤਲਾ-ਦੁਸ਼ਯੰਤਪੁਤਰ ਅਰਥਾਤ ਭਰਤ ਬਾਰੇ ਹੋਰ ਗੱਲਾਂ ਜਾਣਨ ਨੂੰ ਹੀ ਨਹੀਂ ਮਿਲਦੀਆਂ।
ਇਤਿਹਾਸ ਦਾ ਅਧਿਐਨ ਕਰਨ ਵਾਲੇ ਆਮ ਤੌਰ 'ਤੇ ਮੰਨਦੇ ਹਨ ਕਿ ਭਰਤ ਤੋਂ ਪਹਿਲਾਂ ਵੀ ਇਸ ਦੇਸ ਵਿੱਚ ਭਰਤਜਨ ਸਨ। ਇਸ ਲਈ ਇਹ ਤਰਕਸੰਗਤ ਹੈ ਕਿ ਭਾਰਤ ਦਾ ਨਾਂ ਜਾਤੀ-ਸਮੂਹ ਦੇ ਨਾਂ 'ਤੇ ਪ੍ਰਸਿੱਧ ਹੋਇਆ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਂ 'ਤੇ।

ਤਸਵੀਰ ਸਰੋਤ, Getty Images
ਭਾਰਤ ਗਣ ਨਾਲ ਭਾਰਤ
ਭਰਤ ਜਨ ਅਗਨੀ-ਪੂਜਕ, ਅਗਨੀ-ਹੋਤਰਾ ਅਤੇ ਯੱਗ ਪ੍ਰੇਮੀ ਸਨ। ਵੈਦਿਕ ਸਾਹਿਤ ਵਿੱਚ, ਭਰਤ/ਭਰਥ ਦਾ ਅਰਥ ਹੈ ਅੱਗ, ਲੋਕਪਾਲ ਜਾਂ ਸੰਸਾਰ ਦਾ ਰੱਖਿਅਕ (ਮੋਨੀਅਰ ਵਿਲੀਅਮਜ਼) ਅਤੇ ਇੱਕ ਰਾਜੇ ਦਾ ਨਾਮ ਹੈ।
ਇਹ ਰਾਜਾ ਉਹੀ 'ਭਰਤ' ਹੈ ਜੋ ਸਰਸਵਤੀ, ਘੱਗਰ ਦੇ ਕੰਢੇ ਰਾਜ ਕਰਦਾ ਸੀ। ਸੰਸਕ੍ਰਿਤ ਵਿਚ ‘ਭਰ’ ਸ਼ਬਦ ਦਾ ਇੱਕ ਅਰਥ ਹੈ - ਯੁੱਧ।
ਦੂਜਾ ਅਰਥ ਹੈ ‘ਸਮੂਹ’ ਜਾਂ ‘ਜਨ-ਗਣ’ ਅਤੇ ਤੀਜਾ ਅਰਥ ਹੈ ‘ਪਾਲਣ-ਪੋਸ਼ਣ’।
ਪ੍ਰਸਿੱਧ ਭਾਸ਼ਾ-ਵਿਗਿਆਨੀ ਡਾਕਟਰ ਰਾਮਵਿਲਾਸ ਸ਼ਰਮਾ ਕਹਿੰਦੇ ਹਨ, ''ਇਹ ਅਰਥ ਇੱਕ ਦੂਜੇ ਦੇ ਵੱਖੋ-ਵੱਖਰੇ ਅਤੇ ਵਿਰੋਧੀ ਜਾਪਦੇ ਹਨ। ਇਸ ਲਈ ਜੇਕਰ 'ਭਾਰਤ' ਦਾ ਅਰਥ ਯੁੱਧ ਅਤੇ ਪਾਲਣ-ਪੋਸ਼ਣ ਦੋਵੇਂ ਹਨ, ਤਾਂ ਇਸ ਸ਼ਬਦ ਦੀ ਆਪਣੀ ਵਿਸ਼ੇਸ਼ਤਾ ਹੀ ਨਹੀਂ ਹੈ।
'ਭਰ' ਦਾ ਮੂਲ ਅਰਥ ਹੈ- ਗਣ, ਭਾਵ ਇਹ ਜਨ ਹੀ ਸੀ। ਗਣ ਵਾਂਗ, ਇਹ ਕਿਸੇ ਵੀ ਜਨ ਲਈ ਵਰਤਿਆ ਜਾ ਸਕਦਾ ਸੀ। ਨਾਲ ਹੀ ਇਹ ਉਸ ਗਣ ਵਿਸ਼ੇਸ਼ ਦਾ ਵੀ ਸੂਚਕ ਸੀ, ਜੋ 'ਭਰਤ' ਦੇ ਨਾਮ ਨਾਲ ਮਸ਼ਹੂਰ ਹੋਇਆ।"

ਤਸਵੀਰ ਸਰੋਤ, Getty Images
ਇਸ ਦਾ ਕੀ ਮਤਲਬ ਹੈ?
ਅਸਲ ਵਿੱਚ, ਆਰੀਆ ਇਤਿਹਾਸ ਵਿੱਚ ਭਰਤਾਂ ਦੀ ਕਹਾਣੀ ਇੰਨੀ ਪਿੱਛੇ ਚਲੀ ਜਾਂਦੀ ਹੈ ਕਿ ਕਈ ਵਾਰ ਯੁੱਧ, ਅੱਗ, ਮਿਲਾਪ ਨਾਲ ਜੁੜੇ ‘ਭਰਤ’ ਦੇ ਅਰਥਾਂ ਨੂੰ ਮਹਿਜ਼ ਇੱਕ ਵਿਅਕਤੀ ਵਿਸ਼ੇਸ਼ ਨਾਲ ਜੋੜ ਕੇ ਦੇਖ ਲਿਆ ਜਾਂਦਾ ਹੈ।
ਜਿਵੇਂ ਕਦੇ ਇਸ ਨੂੰ 'ਦਾਸ਼ਰਥੇਯ ਭਰਤ' ਅਤੇ ਕਦੇ ਦੁਸ਼ਯੰਤ ਦੇ ਪੁੱਤਰ ਭਰਤ ਨੂੰ ਭਾਰਤ ਦੇ ਮੂਲ ਦੇ ਸੰਦਰਭ ਵਿੱਚ ਯਾਦ ਕੀਤਾ ਜਾਂਦਾ ਹੈ।

'ਭਾਰਤੀ' ਅਤੇ 'ਸਰਸਵਤੀ' ਦਾ ਭਰਤਾਂ ਨਾਲ ਸਬੰਧ
ਪਰ ਹਜ਼ਾਰਾਂ ਸਾਲ ਪਹਿਲਾਂ ਅਗਨੀ-ਪ੍ਰੇਮੀ ਭਰਤਾਂ ਦਾ ਸਦਾਚਾਰ ਇਸ ਤਰ੍ਹਾਂ ਵੱਧ ਗਿਆ ਸੀ ਕਿ ਲਗਾਤਾਰ ਯੱਗ ਕਰਨ ਨਾਲ ਭਰਤ ਅਤੇ ਅਗਨੀ ਸ਼ਬਦ ਇੱਕ-ਦੂਜੇ ਨਾਲ ਜੁੜ ਗਏ ਸਨ।
ਭਰਤ, ਭਾਰਤ ਸ਼ਬਦ ਤਾਂ ਜਿਵੇਂ ਅੱਗ ਦਾ ਹੀ ਵਿਸ਼ੇਸ਼ਣ ਬਣ ਗਏ।
ਹਵਾਲੇ ਦੱਸਦੇ ਹਨ ਕਿ ਦੇਵਸ਼ਰਵਾ ਅਤੇ ਦੇਵਵਾਤ ਇਨ੍ਹਾਂ ਦੋ ਭਰਤਾਂ ਭਾਵ ਭਰਤਜਨ ਦੇ ਦੋ ਰਿਸ਼ੀਆਂ ਨੇ ਮੰਥਨ ਰਾਹੀਂ ਅੱਗ ਜਲਾਉਣ ਦੀ ਤਕਨੀਕ ਦੀ ਖੋਜ ਕੀਤੀ ਸੀ।
ਡਾਕਟਰ ਰਾਮ ਵਿਲਾਸ ਸ਼ਰਮਾ ਅਨੁਸਾਰ, ਰਿਗਵੇਦ ਦੇ ਕਵੀ ਅੱਗ ਨਾਲ ਭਰਤਾਂ ਦੇ ਸਬੰਧ ਦੀ ਇਤਿਹਾਸਕ ਪਰੰਪਰਾ ਬਾਰੇ ਜਾਣੂ ਸਨ।
ਭਰਤਾਂ ਨਾਲ ਨਿਰੰਤਰ ਸੰਬੰਧ ਕਾਰਨ ਅਗਨੀ ਨੂੰ ਭਾਰਤ ਕਿਹਾ ਗਿਆ। ਇਸੇ ਤਰ੍ਹਾਂ, ਯੱਗ ਵਿੱਚ ਕਵਿਤਾ ਦੇ ਨਿਰੰਤਰ ਪਾਠ ਹੋਣ ਕਾਰਨ ਕਵੀਆਂ ਦੀ ਬਾਣੀ ਨੂੰ ਭਾਰਤੀ ਕਿਹਾ ਗਿਆ।
ਇਹ ਕਾਵਿ ਪਾਠ ਸਰਸਵਤੀ ਕੰਢੇ ਹੁੰਦਾ ਸੀ, ਇਸ ਲਈ ਇਹ ਨਾਮ ਕਵੀਆਂ ਦੀ ਬੋਲੀ ਨਾਲ ਵੀ ਜੁੜਿਆ।
ਕਈ ਵੈਦਿਕ ਮੰਤਰਾਂ ਵਿੱਚ ਭਾਰਤੀ ਅਤੇ ਸਰਸਵਤੀ ਦਾ ਜ਼ਿਕਰ ਮਿਲਦਾ ਹੈ।
ਦਸ ਰਾਜਿਆਂ ਦੀ ਲੜਾਈ

ਤਸਵੀਰ ਸਰੋਤ, Getty Images
ਪ੍ਰਾਚੀਨ ਗ੍ਰੰਥਾਂ ਵਿੱਚ ਵੈਦਿਕ ਯੁੱਗ ਦੀ ਇੱਕ ਪ੍ਰਸਿੱਧ ਜਾਤੀ, ਭਰਤ ਦਾ ਨਾਮ ਕਈ ਸੰਦਰਭਾਂ ਵਿੱਚ ਆਉਂਦਾ ਹੈ। ਇਹ ਇੱਕ ਸਮੂਹ ਸੀ ਜੋ ਸਰਸਵਤੀ ਨਦੀ ਜਾਂ ਅੱਜ ਦੇ ਘੱਗਰ ਦੇ ਕੰਢੇ ਵੱਸਦਾ ਸੀ। ਜੋ ਕਿ ਯੱਗ ਪ੍ਰੇਮੀ ਸਨ।
ਇਨ੍ਹਾਂ ਭਾਰਤ ਜਨਾਂ ਦੇ ਨਾਂ 'ਤੇ ਹੀ ਉਸ ਸਮੇਂ ਦੇ ਸਾਰੇ ਇਲਾਕੇ ਦਾ ਨਾਮ ਭਾਰਤਵਰਸ਼ ਪਿਆ। ਵਿਦਵਾਨਾਂ ਅਨੁਸਾਰ ਭਰਤ ਜਾਤੀ ਦੇ ਮੁਖੀ ਸੁਦਾਸ ਸਨ।
ਵੈਦਿਕ ਯੁੱਗ ਤੋਂ ਵੀ ਪਹਿਲਾਂ, ਉੱਤਰ-ਪੱਛਮੀ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਦੇ ਅਨੇਕ ਸੰਘ ਸਨ, ਜਿਨ੍ਹਾਂ ਨੂੰ ਜਨ ਕਹਿੰਦੇ ਸਨ।
ਇਸ ਤਰ੍ਹਾਂ ਭਰਤਾਂ ਦੇ ਇਸ ਸੰਘ ਨੂੰ ਭਾਰਤ ਜਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਬਾਕੀ ਹੋਰ ਆਰਿਆਸੰਘ ਵੀ ਕਈ ਲੋਕਾਂ ਵਿਚ ਵੰਡੇ ਹੋਏ ਸਨ, ਜਿਨ੍ਹਾਂ ਵਿਚ ਪੁਰੂ, ਯਦੁ, ਤੁਰਵਸੂ, ਤ੍ਰਿਤਸੂ, ਅਨੁ, ਦੁਰਹਯੁ, ਗੰਧਾਰ, ਵਿਸ਼ਾਣਿਨ, ਪਖਤ, ਕੇਕਯ, ਸ਼ਿਵ, ਅਨਿਲ, ਭਲਾਨ, ਤ੍ਰਿਤਸੂ ਅਤੇ ਸੰਜੇ ਆਦਿ ਸਮੂਹ ਸਨ।
ਇਨ੍ਹਾਂ ਜਨਾਂ ਵਿੱਚੋਂ ਦਸ ਜਨਾਂ ਨਾਲ ਸੁਦਾਸ ਅਤੇ ਉਨ੍ਹਾਂ ਦੇ ਤ੍ਰਿਤਸੂ ਕਬੀਲੇ ਦੀ ਲੜਾਈ ਹੋਈ।
ਸੁਦਾਸ ਖ਼ਿਲਾਫ਼ ਲੜਨ ਵਾਲੇ ਕਬੀਲਿਆਂ ਵਿੱਚ ਸਨ - ਪੰਚਜਨ ਭਾਵ ਪੁਰੂ (ਜਿਸ ਨੂੰ ਅਣਵੰਡਿਆ ਪੰਜਾਬ ਸਮਝਿਆ ਜਾਵੇ), ਯਦੂ, ਤੁਰਵਸੂ, ਅਨੂ ਅਤੇ ਦੁਰਹਯੁ, ਤੋਂ ਇਲਾਵਾ ਭਾਲਾਨਸ (ਬੋਲਾਨ ਪਾਸ ਵਾਲਾ ਖੇਤਰ) ਅਲੀਨ (ਕਾਫ਼ਿਰਿਸਤਾਨ), ਸ਼ਿਵ (ਸਿੰਧ), ਪਖਤ (ਪਸ਼ਤੂਨ) ਅਤੇ ਵਿਸ਼ਾਣਿਨ।
ਮਹਾਭਾਰਤ ਤੋਂ ਢਾਈ ਹਜ਼ਾਰ ਸਾਲ ਪਹਿਲਾਂ 'ਭਾਰਤ'

ਤਸਵੀਰ ਸਰੋਤ, Getty Images
ਇਹ ਮਹਾਨ ਯੁੱਧ ਨੂੰ ਮਹਾਭਾਰਤ ਤੋਂ ਵੀ ਢਾਈ ਹਜ਼ਾਰ ਸਾਲ ਪਹਿਲਾਂ ਹੋਇਆ ਦੱਸਿਆ ਜਾਂਦਾ ਹੈ। ਸਧਾਰਨ ਜਿਹੀ ਗੱਲ ਹੈ ਕਿ ਉਹ ਯੁੱਧ ਜਿਸ ਦਾ ਨਾਮ ਹੀ 'ਮਹਾ ਭਾਰਤ' ਹੈ, ਕਦੋਂ ਹੋਇਆ ਹੋਵੇਗਾ?
ਇਤਿਹਾਸਕਾਰਾਂ ਅਨੁਸਾਰ, ਈਸਾ ਤੋਂ ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਕੌਰਵਾਂ ਅਤੇ ਪਾਂਡਵਾਂ ਵਿਚਕਾਰ ਬਹੁਤ ਵੱਡਾ ਯੁੱਧ ਹੋਇਆ ਸੀ।
ਇੱਕ ਘਰੇਲੂ ਝਗੜਾ ਜੋ ਇੱਕ ਮਹਾਨ ਯੁੱਧ ਵਿੱਚ ਬਦਲ ਗਿਆ, ਇਹ ਤਾਂ ਠੀਕ ਹੈ, ਪਰ ਇਸ ਦੇਸ ਦਾ ਨਾਮ ਭਾਰਤ ਹੈ ਅਤੇ ਦੋ ਪਰਿਵਾਰਾਂ ਦੇ ਆਪਸੀ ਕਲੇਸ਼ ਦੀ ਫੈਸਲਾਕੁੰਨ ਲੜਾਈ ਵਿੱਚ ਦੇਸ ਦਾ ਨਾਮ ਕਿਉਂ ਆਇਆ?
ਇਸ ਦਾ ਕਾਰਨ ਇਹ ਹੈ ਕਿ ਇਸ ਲੜਾਈ ਵਿੱਚ ਭਾਰਤ ਦੀਆਂ ਭੂਗੋਲਿਕ ਸਰਹੱਦਾਂ ਵਿੱਚ ਆਉਣ ਵਾਲੇ ਲਗਭਗ ਸਾਰੇ ਸਾਮਰਾਜਾਂ ਨੇ ਹਿੱਸਾ ਲਿਆ ਸੀ, ਇਸੇ ਕਾਰਨ ਇਸ ਨੂੰ ਮਹਾਭਾਰਤ ਕਿਹਾ ਜਾਂਦਾ ਹੈ।
ਦਸ ਰਾਜਿਆਂ ਵਾਲਾ ਯੁੱਧ ਇਸ ਮਹਾਭਾਰਤ ਤੋਂ ਵੀ ਢਾਈ ਹਜ਼ਾਰ ਸਾਲ ਪਹਿਲਾਂ ਹੋਇਆ ਦੱਸਿਆ ਜਾਂਦਾ ਹੈ। ਮਤਲਬ ਅੱਜ ਤੋਂ ਸਾਢੇ ਸੱਤ ਹਜ਼ਾਰ ਸਾਲ ਪਹਿਲਾਂ।
ਇਸ ਵਿੱਚ, ਤ੍ਰਿਤਸੂ ਜਾਤੀ ਦੇ ਲੋਕਾਂ ਨੇ ਦਸ ਜਨਾਂ (ਰਾਜਾਂ) ਦੇ ਸੰਘ ਉੱਤੇ ਇੱਕ ਬੇਮਿਸਾਲ ਜਿੱਤ ਪ੍ਰਾਪਤ ਕੀਤੀ ਸੀ। ਤ੍ਰਿਤਸੂ ਲੋਕਾਂ ਨੂੰ ਭਰਤਾਂ ਦਾ ਸੰਘ ਕਿਹਾ ਜਾਂਦਾ ਸੀ। ਇਸ ਯੁੱਧ ਤੋਂ ਪਹਿਲਾਂ ਇਹ ਖੇਤਰ ਕਈ ਨਾਵਾਂ ਨਾਲ ਮਸ਼ਹੂਰ ਸੀ।
ਇਸ ਜਿੱਤ ਤੋਂ ਬਾਅਦ ਤਤਕਾਲੀ ਆਰੀਆਵਰਤ ਵਿੱਚ ਭਾਰਤ ਜਨਾਂ ਦਾ ਨਾਮ ਵਧਿਆ ਅਤੇ ਉਸ ਸਮੇਂ ਜਨਪਦਾਂ ਦੇ ਸੰਘ ਦਾ ਨਾਂ 'ਭਾਰਤ' ਪੈ ਗਿਆ, ਜਿਸ ਦਾ ਮਤਲਬ ਹੈ - ਭਰਤਾਂ ਦਾ।
ਭਾਰਤੀ-ਇਰਾਨੀ ਸੱਭਿਆਚਾਰ

ਤਸਵੀਰ ਸਰੋਤ, Getty Images
ਸਪੱਸ਼ਟ ਹੈ ਕਿ ਮਹਾਂਭਾਰਤ ਵਿੱਚ ਦੱਸਿਆ ਗਿਆ ਸ਼ਕੁੰਤਲਾ ਦੇ ਪੁੱਤਰ ਭਰਤ ਦਾ ਜ਼ਿਕਰ ਇੱਕ ਦਿਲਚਸਪ ਘਟਨਾ ਹੈ।
ਹੁਣ ਗੱਲ ਕਰਦੇ ਹਾਂ, ਹਿੰਦ, ਹਿੰਦੁਸਤਾਨ ਦੀ। ਈਰਾਨੀ-ਹਿੰਦੁਸਤਾਨੀ ਪੁਰਾਣੇ ਸਬੰਧੀ ਸਨ। ਈਰਾਨ ਪਹਿਲਾਂ ਫ਼ਾਰਸ ਸੀ। ਉਸ ਤੋਂ ਪਹਿਲਾਂ ਵੀ ਅਰੀਅਨਮ, ਆਰੀਆ ਜਾਂ ਆਰੀਅਨ। ਇਨ੍ਹਾਂ ਨਾਵਾਂ ਦਾ ਜ਼ਿਕਰ ਅਵੇਸਤਾ ਵਿੱਚ ਮਿਲਦਾ ਹੈ।
ਮੰਨਿਆ ਜਾਂਦਾ ਹੈ ਕਿ ਹਿੰਦੂਕੁਸ਼ ਤੋਂ ਪਾਰ ਜਿਹੜੇ ਆਰੀਅਨ ਸਨ, ਉਨ੍ਹਾਂ ਦਾ ਸੰਘ ਈਰਾਨ ਕਹਾਇਆ ਅਤੇ ਜੋ ਪੂਰਬ ਵਿੱਚ ਸਨ ਉਨ੍ਹਾਂ ਦੇ ਸੰਘ ਨੂੰ ਆਰੀਆਵਰਤ ਕਿਹਾ ਗਿਆ। ਇਹ ਦੋਵੇਂ ਸਮੂਹ ਮਹਾਨ ਅਤੇ ਪ੍ਰਭਾਵਸ਼ੈਲੀ ਸਨ।
ਅਸਲ ਵਿਚ ਇਹ ਈਰਾਨੀ ਹੀ ਸਨ ਜਿਨ੍ਹਾਂ ਨੇ ਭਾਰਤ ਦਾ ਨਾਂ ਦੂਰ ਪੱਛਮ ਤੱਕ ਪਹੁੰਚਾਇਆ ਸੀ। ਕੁਰਦ ਸਰਹੱਦ 'ਤੇ ਬੇਹਿਸਤੂਨ ਸ਼ਿਲਾਲੇਖ 'ਤੇ ਉੱਕਰਿਆ ਹਿੰਦੂਸ਼ ਸ਼ਬਦ ਇਸ ਗੱਲ ਦੀ ਗਵਾਹੀ ਦਿੰਦਾ ਹੈ।
ਫਾਰਸੀਆਂ ਨੇ ਵੀ ਅਰਬੀ ਸਿੱਖੀ, ਪਰ ਆਪਣੇ ਹੀ ਅੰਦਾਜ਼ ਵਿੱਚ।
ਕਿਸੇ ਸਮੇਂ ਅੱਗ ਦੀ ਪੂਜਾ ਕਰਨ ਵਾਲੇ ਜ਼ਰਸਥਰੂਤੀਆਂ ਦੀ ਅਜਿਹੀ ਮੌਜੂਦਗੀ ਸੀ, ਉੱਥੇ ਇਸਲਾਮ ਉੱਭਰ ਵੀ ਨਾ ਸਕਦਾ। ਇਹ ਗੱਲਾਂ ਤਾਂ ਇਸਲਾਮ ਤੋਂ ਵੀ ਸਦੀਆਂ ਪਹਿਲਾਂ ਅਤੇ ਈਸਾ ਤੋਂ ਚਾਰ ਸਦੀਆਂ ਪਹਿਲਾਂ ਦੀਆਂ ਹਨ।
ਸੰਸਕ੍ਰਿਤ-ਅਵੇਸਤਾ ਵਿਚ ਨਾੜੂਏ ਵਾਲਾ ਸਬੰਧ ਹੈ। ਜੇਕਰ ਹਿੰਦੂਕੁਸ਼-ਬਾਮਿਆਨ ਦੇ ਇਸ ਪਾਸੇ ਯੱਗ ਕੀਤਾ ਜਾਂਦਾ ਤਾਂ ਦੂਜੇ ਪਾਸੇ ਯਸ਼ਨ। ਆਰਿਆਮਨ, ਅਥਰਵਨ, ਹੋਮ, ਸੋਮ, ਹਵਨ ਵਰਗੇ ਸ਼ਬਦ ਇੱਥੇ ਵੀ ਸਨ ਅਤੇ ਉੱਥੇ ਵੀ।
ਫ਼ਾਰਸੀ, ਫ਼ਾਰਸੀ, ਫਾਰਸੀਆਂ ਨੂੰ ਸਵੀਕਾਰ ਕਰਨ ਦੀ ਗੁੰਜਾਇਸ਼ ਇੱਥੇ ਤੱਕ ਹੀ ਨਹੀਂ ਰਹੀ, ਸਨਾਤਨ ਦਾ ਇਹ ਆਪਣਾਪਨ ਇਸਲਾਮ ਦੇ ਖੇਤਰ ਵਿਚ ਵੀ ਦਿਖਾਈ ਦਿੰਦਾ ਹੈ।
ਹਿੰਦ, ਹਿੰਦਸ਼, ਹਿੰਦਵਾਨ
ਹਿੰਦੂਸ਼ ਸ਼ਬਦ ਤਾਂ ਈਸਾ ਤੋਂ ਵੀ ਦੋ ਹਜ਼ਾਰ ਸਾਲ ਪਹਿਲਾਂ ਅਕਾਦੀ ਸੱਭਿਅਤਾ ਵਿਚ ਮੌਜੂਦ ਸੀ।
ਅੱਕਦ, ਸੁਮੇਰ ਅਤੇ ਮਿਸਰ ਨਾਲ ਭਾਰਤ ਦੇ ਸਬੰਧ ਸਨ। ਇਹ ਹੜੱਪਾ ਕਾਲ ਦੀ ਗੱਲ ਹੈ।
ਸਿੰਧ ਸਿਰਫ਼ ਇੱਕ ਨਦੀ ਨਹੀਂ ਸੀ, ਸਗੋਂ ਸਾਗਰ, ਧਾਰਾ ਅਤੇ ਜਲ ਸਮਾਨਆਰਥਕ ਸੀ।
ਸਿੰਧ ਦੇ ਸੱਤ ਦਰਿਆਵਾਂ ਵਾਲੇ ਪ੍ਰਸਿੱਧ 'ਸਪਤਸਿੰਧ', 'ਸਪਤਸਿੰਧੂ' ਖੇਤਰ ਨੂੰ ਪ੍ਰਾਚੀਨ ਫ਼ਾਰਸੀ ਵਿੱਚ 'ਹਫ਼ਤਹਿੰਦੂ' ਕਿਹਾ ਜਾਂਦਾ ਸੀ।
ਕੀ ਇਸ 'ਹਿੰਦੂ' ਦਾ ਕੋਈ ਹੋਰ ਅਰਥ ਹੈ?

ਤਸਵੀਰ ਸਰੋਤ, Getty Images
ਸਪੱਸ਼ਟ ਹੈ ਕਿ ਹਿੰਦ, ਹਿੰਦੂ, ਹਿੰਦਵਾਨ, ਹਿੰਦੂਸ਼ ਵਰਗੇ ਕਈ ਨਾਮ ਬਹੁਤ ਪ੍ਰਾਚੀਨ ਹਨ।
ਇੰਡਸ, ਇਸੇ ਹਿੰਦਸ਼ ਦਾ ਗ੍ਰੀਕ (ਯੂਨਾਨੀ) ਰੂਪ ਹੈ। ਇਹ ਇਸਲਾਮ ਤੋਂ ਵੀ ਸਦੀਆਂ ਪਹਿਲਾਂ ਦੀ ਗੱਲ ਹੈ।
ਯੂਨਾਨੀ ਵਿੱਚ ਭਾਰਤ ਲਈ ਇੰਡੀਆ ਜਾਂ ਸਿੰਧੂ ਲਈ ਇੰਡਸ ਸ਼ਬਦਾਂ ਦੀ ਵਰਤੋਂ ਅਸਲ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਹਿੰਦ ਇੱਕ ਬਹੁਤ ਪ੍ਰਾਚੀਨ ਸ਼ਬਦ ਹੈ ਅਤੇ ਭਾਰਤ ਦੀ ਪਛਾਣ ਹੈ। ਸੰਸਕ੍ਰਿਤ ਦਾ ‘ਸਥਾਨ’ ਫਾਰਸੀ ਵਿੱਚ ‘ਸਤਾਨ’ ਹੋ ਜਾਂਦਾ ਹੈ।
ਇਸ ਤਰ੍ਹਾਂ ਹਿੰਦ ਨਾਲ ਜੁੜ ਕੇ ਹਿੰਦੁਸਤਾਨ ਬਣਿਆ, ਭਾਵ ਜਿੱਥੇ ਹਿੰਦੀ ਲੋਕ ਰਹਿੰਦੇ ਹਨ, ਹਿੰਦੂ ਰਹਿੰਦੇ ਹਨ।
ਭਾਰਤ-ਯੂਰਪੀਅਨ ਭਾਸ਼ਾਵਾਂ ਵਿੱਚ 'ਹ' 'ਅ' ਵਿੱਚ ਬਦਲ ਜਾਂਦਾ ਹੈ। 'ਸ' ਦਾ 'ਅ' ਨਹੀਂ ਹੁੰਦਾ।
ਮੇਸੋਪੋਟੇਮੀਆ ਦੇ ਸੱਭਿਆਚਾਰਾਂ ਨਾਲ ਹਿੰਦੂਆਂ ਦਾ ਹੀ ਸੰਪਰਕ ਸੀ। ਹਿੰਦੂ ਅਸਲ ਵਿੱਚ ਗ੍ਰੀਕ-ਇੰਡਸ, ਅਰਬ, ਅੱਕਾਦ, ਫਾਰਸੀ ਸਬੰਧਾਂ ਦਾ ਨਤੀਜਾ ਹੈ।
ਅਸੀਂ ਹਾਂ 'ਭਾਰਤਵਾਸੀ'
'ਇੰਡਿਕਾ' ਦਾ ਇਸਤੇਮਾਲ ਮੇਗਾਸਥੀਨੀਜ਼ ਨੇ ਕੀਤਾ। ਉਹ ਪਾਟਲੀਪੁੱਤਰ ਵਿੱਚ ਵੀ ਕਾਫੀ ਸਮਾਂ ਰਿਹਾ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਉਹ ਬਖਤਰ, ਬਖਤਰੀ (ਬੈਕਟਰੀਆ), ਗੰਧਾਰ, ਤਕਸ਼ਸ਼ਿਲਾ (ਟੈਕਸਲਾ) ਇਲਾਕਿਆਂ ਵਿੱਚੋਂ ਦੀ ਲੰਘਿਆ ਸੀ।
ਇੱਥੇ ਹਿੰਦ, ਹਿੰਦਵਾਨ, ਹਿੰਦੂ ਆਦਿ ਸ਼ਬਦ ਪ੍ਰਚਲਿਤ ਸਨ।
ਉਸ ਨੇ ਯੂਨਾਨੀ ਵੋਕਲ ਪ੍ਰਣਾਲੀ (ਬੋਲਣ ਦਾ ਢੰਗ) ਅਨੁਸਾਰ ਇੰਡਸ, ਇੰਡੀਆ ਵਰਗੇ ਰੂਪ ਅਪਣਾਏ। ਇਹ ਈਸਾ ਮਸੀਹ ਤੋਂ ਤਿੰਨ ਸਦੀਆਂ ਪਹਿਲਾਂ ਅਤੇ ਪੈਗ਼ੰਬਰ ਮੁਹੰਮਦ ਤੋਂ 10 ਸਦੀਆਂ ਪਹਿਲਾਂ ਦੀ ਗੱਲ ਹੈ।
ਜਿੱਥੋਂ ਤੱਕ ਜੰਬੂਦੀਪ ਦੀ ਗੱਲ ਹੈ, ਇਹ ਸਭ ਤੋਂ ਪੁਰਾਣਾ ਨਾਮ ਹੈ। ਅੱਜ ਦੇ ਭਾਰਤ, ਆਰੀਆਵਰਤ ਅਤੇ ਭਾਰਤਵਰਸ਼ ਤੋਂ ਵੀ ਵੱਡਾ।
ਪਰ ਇਹ ਸਾਰੇ ਵੇਰਵੇ ਬਹੁਤ ਵਿਸਥਾਰ ਮੰਗਦੇ ਹਨ ਅਤੇ ਇਨ੍ਹਾਂ ਸਬੰਧੀ ਅਜੇ ਅਧਿਐਨ ਜਾਰੀ ਹਨ।
ਜਾਮੁਨ ਦੇ ਫ਼ਲ ਨੂੰ ਸੰਸਕ੍ਰਿਤ ਵਿੱਚ 'ਜੰਬੂ' ਕਿਹਾ ਜਾਂਦਾ ਹੈ। ਬਹੁਤ ਸਾਰੇ ਜ਼ਿਕਰ ਹਨ ਕਿ ਇਸ ਕੇਂਦਰੀ ਭੂਮੀ ਅਰਥਾਤ ਅੱਜ ਦੇ ਭਾਰਤ ਵਿੱਚ ਜਾਮੁਨ ਦੇ ਰੁੱਖਾਂ ਦੀ ਬਹੁਤਾਤ ਸੀ। ਇਸ ਕਾਰਨ ਇਸ ਨੂੰ ਜੰਬੂ ਦੀਪ ਕਿਹਾ ਜਾਂਦਾ ਸੀ।
ਜੋ ਵੀ ਹੋਵੇ, ਸਾਡੀ ਚੇਤਨਾ ਜੰਬੂਦੀਪ ਨਾਲ ਨਹੀਂ, ਭਾਰਤ ਨਾਮ ਨਾਲ ਜੁੜੀ ਹੋਈ ਹੈ। 'ਭਾਰਤ' ਨਾਂਵ ਦੀਆਂ ਸਾਰੀਆਂ ਪਰਤਾਂ ਵਿੱਚ ਭਾਰਤ ਹੋਣ ਦੀ ਕਹਾਣੀ ਉੱਕਰੀ ਹੋਈ ਹੈ।













