1947 ਦੀ ਵੰਡ: ਜਦੋਂ ਫਿਰੋਜ਼ਪੁਰ ਪਾਕਿਸਤਾਨ ਦੇ ਹਿੱਸੇ ਆਇਆ ਸੀ

ਭਾਰਤ ਦੀ ਵੰਡ
ਤਸਵੀਰ ਕੈਪਸ਼ਨ, ਭਾਰਤ ਦੀ ਵੰਡ ਵੇਲੇ ਇਲਾਕਿਆਂ ਦੀ ਵੰਡ ਤੈਅ ਕਰਨ ਦੀ ਜ਼ਿੰਮੇਵਾਰੀ ਸਿਰਿਲ ਰੈਡਕਲਿਫ ਨੂੰ ਦਿੱਤੀ ਸੀ
    • ਲੇਖਕ, ਇਸ਼ਲੀਨ ਕੌਰ ਅਤੇ ਸ਼ੀਰਾਜ਼ ਹਸਨ
    • ਰੋਲ, ਬੀਬੀਸੀ ਪੱਤਰਕਾਰ

ਇਹ ਕਹਾਣੀ ਹੈ, 77 ਸਾਲ ਪਹਿਲਾਂ ਦੀ ਜਦੋਂ ਇਸ ਬਾਰੇ ਫੈਸਲਾ ਹੋ ਚੁੱਕਾ ਸੀ ਕਿ ਭਾਰਤ ਦੀ ਵੰਡ ਹੋਵੇਗੀ ਅਤੇ ਇੱਕ ਨਵਾਂ ਦੇਸ ਪਾਕਿਸਤਾਨ ਬਣੇਗਾ।

ਭਾਰਤ ਦੀ ਵੰਡ ਕਿਵੇਂ ਹੋਵੇਗੀ ਯਾਨੀ ਕਿ ਕਿਹੜਾ ਹਿੱਸਾ ਭਾਰਤ ਵਿੱਚ ਰਹੇਗਾ ਅਤੇ ਕਿਹੜਾ ਪਾਕਿਸਤਾਨ ਦੇ ਹਿੱਸੇ ਵਿੱਚ ਆਵੇਗਾ। ਇਸ ਨੂੰ ਤੈਅ ਕਰਨ ਦੀ ਜ਼ਿੰਮੇਵਾਰੀ ਬਰਤਾਨਵੀ ਵਕੀਲ ਸਿਰਿਲ ਰੈਡਕਲਿਫ਼ ਨੂੰ ਦਿੱਤੀ ਗਈ ਸੀ।

ਸਿਰਿਲ ਰੈਡਕਲਿਫ ਵੰਡ ਤੋਂ ਪਹਿਲਾਂ ਦੇ ਹਿੰਦੁਸਤਾਨ ਦੇ ਨਕਸ਼ੇ 'ਤੇ ਪੰਜਾਬ ਦੀ ਵੰਡ ਦੀ ਲਕੀਰ ਖਿੱਚ ਚੁੱਕੇ ਸਨ।

ਕੁਝ ਹੀ ਦਿਨਾਂ ਬਾਅਦ ਤਤਕਾਲੀ ਵਾਇਸਰੌਇ ਲੌਰਡ ਮਾਊਂਟਬੇਟਨ ਨੇ ਸਿਰਿਲ ਰੈਡਕਲਿਫ਼ ਨੂੰ ਆਪਣੇ ਘਰ ਖਾਣੇ 'ਤੇ ਸੱਦਿਆ ਸੀ।

ਖਾਣੇ ਦੀ ਮੇਜ਼ 'ਤੇ ਦੋਵਾਂ ਵਿਚਾਲੇ ਪਾਕਿਸਤਾਨ ਨੂੰ ਲੈ ਕੇ ਲੰਬੀ ਗੱਲਬਾਤ ਹੋਈ ਜਿਸ ਨੇ ਪਾਕਿਸਤਾਨ ਦੇ ਕਈ ਜ਼ਿਲ੍ਹਿਆਂ ਦੀ ਤਕਦੀਰ ਬਦਲ ਦਿੱਤੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਖਾਣੇ ਦੀ ਮੇਜ਼ 'ਤੇ ਖਿੱਚੀ ਲਕੀਰ

ਖਾਣੇ ਦੀ ਉਸ ਮੇਜ਼ 'ਤੇ ਜਿਨ੍ਹਾਂ ਜ਼ਿਲ੍ਹਿਆਂ ਬਾਰੇ ਫੈਸਲਾ ਕੀਤਾ ਗਿਆ ਉਨ੍ਹਾਂ ਵਿੱਚੋਂ ਇੱਕ ਜ਼ਿਲ੍ਹਾ ਫਿਰੋਜ਼ਪੁਰ ਸੀ।

ਲੰਡਨ ਸਥਿੱਤ ਬਰਤਾਨਵੀ ਲਾਈਬ੍ਰੇਰੀ ਵਿੱਚ ਮੈਨੂੰ ਸਿਰਿਲ ਰੈਡਕਲਿਫ ਦੇ ਨਿੱਜੀ ਸਕੱਤਰ ਕ੍ਰਿਸਟੋਫਰ ਬੋਮੈਂਟ ਦਾ 1992 ਵਿੱਚ 'ਦ ਟੈਲੀਗ੍ਰਾਫ' ਲਈ ਲਿਖਿਆ ਇੱਕ ਲੇਖ ਮਿਲਿਆ। ਉਸ ਲੇਖ ਵਿੱਚ ਉਨ੍ਹਾਂ ਨੇ ਰੈਡਕਲਿਫ ਅਤੇ ਮਾਊਂਟਬੇਟਨ ਦੇ ਇਸ ਲੰਚ ਦਾ ਜ਼ਿਕਰ ਕੀਤਾ ਸੀ।

ਕ੍ਰਿਸਟੋਫਰ ਬੋਮੈਂਟ ਅਨੁਸਾਰ ਰੈਡਕਲਿਫ ਨੇ ਪੰਜਾਬ ਦੀ ਸਰਹੱਦ ਦਾ ਜੋ ਨਕਸ਼ਾ ਬਣਾਇਆ ਸੀ। ਉਸ ਵਿੱਚ ਫਿਰੋਜ਼ਪੁਰ ਪਾਕਿਸਤਾਨ ਨੂੰ ਦਿੱਤਾ ਸੀ ਪਰ ਆਖਰੀ ਪਲਾਂ ਵਿੱਚ ਮਾਊਂਟਬੇਟਨ ਦੇ ਕਹਿਣ 'ਤੇ ਰੈਡਕਲਿਫ ਨੇ ਫਿਰੋਜ਼ਪੁਰ ਹਿੰਦੁਸਤਾਨ ਨੂੰ ਦੇ ਦਿੱਤਾ।

ਕ੍ਰਿਸਟੋਫਰ ਬੋਮੈਂਟ ਦੇ ਪੁੱਤਰ ਰੌਬਰਟ ਬੋਮੈਂਟ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਾਊਂਟਬੇਟਨ ਤੋਂ ਨਫ਼ਰਤ ਕਰਦੇ ਸਨ। ਰੌਬਰਟ ਅਨੁਸਾਰ ਉਨ੍ਹਾਂ ਦੇ ਪਿਤਾ ਬੋਮੈਂਟ ਦਾ ਮੰਨਣਾ ਸੀ ਕਿ ਪੰਜਾਬ ਵਿੱਚ ਹੋਏ ਕਤਲੇਆਮ ਦੀ ਜ਼ਿੰਮੇਵਾਰੀ ਮਾਊਂਟਬੇਟਨ ਨੂੰ ਲੈਣੀ ਚਾਹੀਦੀ ਸੀ।

ਬੀਬੀਸੀ ਪੰਜਾਬੀ
  • ਮੀਨਾ ਬੀਬੀ ਨੂੰ ਆਪਣੇ ਪਰਿਵਾਰ ਦੇ 19 ਮੈਬਰਾਂ ਨੂੰ ਗੁਆਉਣਾ ਪਿਆ ਸੀ।
  • ਸਿਰਿਲ ਰੈਡਕਲਿਫ ਵੰਡ ਤੋਂ ਪਹਿਲਾਂ ਦੇ ਹਿੰਦੁਸਤਾਨ ਦੇ ਨਕਸ਼ੇ 'ਤੇ ਪੰਜਾਬ ਦੀ ਵੰਡ ਦੀ ਲਕੀਰ ਖਿੱਚ ਚੁੱਕੇ ਸਨ।
  • ਕ੍ਰਿਸਟੋਫਰ ਬੋਮੈਂਟ ਅਨੁਸਾਰ ਰੈਡਕਲਿਫ ਨੇ ਪੰਜਾਬ ਦੀ ਸਰਹੱਦ ਦਾ ਜੋ ਨਕਸ਼ਾ ਬਣਾਇਆ ਸੀ। ਉਸ ਵਿੱਚ ਫਿਰੋਜ਼ਪੁਰ ਪਾਕਿਸਤਾਨ ਨੂੰ ਦਿੱਤਾ ਸੀ।
  • ਪਰ ਆਖਰੀ ਪਲਾਂ ਵਿੱਚ ਮਾਊਂਟਬੇਟਨ ਦੇ ਕਹਿਣ 'ਤੇ ਰੈਡਕਲਿਫ ਨੇ ਫਿਰੋਜ਼ਪੁਰ ਹਿੰਦੁਸਤਾਨ ਨੂੰ ਦੇ ਦਿੱਤਾ।
  • ਵੰਡ ਦੀ ਅੱਗ ਵਿੱਚ ਮੀਨਾ ਬੀਬੀ ਦੇ ਪਰਿਵਾਰ ਦੇ 19 ਲੋਕ ਮਾਰੇ ਗਏ ਸਨ।
ਭਾਰਤ ਪਾਕਿਸਤਾਨ ਦੀ ਵੰਡ
ਤਸਵੀਰ ਕੈਪਸ਼ਨ, ਲਾਰਡ ਮਾਊਂਟਬੇਟਨ ਤੇ ਸਿਰਿਲ ਰੈਡਕਲਿਫ ਨੇ ਕਈ ਅਹਿਮ ਜ਼ਿਲ੍ਹਿਆਂ ਦੇ ਭਵਿੱਖ ਦਾ ਫੈਸਲਾ ਕੀਤਾ ਸੀ

'ਆਖ਼ਰੀ ਵਕਤ ਦਾ ਫੇਰਬਦਲ ਖ਼ਤਰਨਾਕ ਸੀ'

ਉਨ੍ਹਾਂ ਦੱਸਿਆ, "ਮੇਰੇ ਪਿਤਾ ਵੰਡ ਦੀ ਲਕੀਰ ਬਦਲਣ ਦੇ ਫੈਸਲੇ ਤੇਂ ਕਾਫੀ ਪ੍ਰੇਸ਼ਾਨ ਸਨ ਕਿਉਂਕਿ ਲਕੀਰ ਦਾ ਫੈਸਲਾ ਤਾਂ ਪਹਿਲਾਂ ਤੋਂ ਹੀ ਹੋ ਚੁੱਕਾ ਸੀ। ਦਸਤਾਵੇਜ ਪੰਜਾਬ ਦੇ ਤਤਕਾਲੀ ਗਵਰਨਰ ਸਰ ਐਵਨ ਜੇਕਿੰਸ ਨੂੰ ਸੌਂਪ ਦਿੱਤੇ ਗਏ ਸਨ ਅਤੇ ਸਾਰਿਆਂ ਨੂੰ ਪਤਾ ਸੀ ਲਕੀਰ ਕਿੱਥੇ ਬਣਨ ਵਾਲੀ ਹੈ।

"ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਮਾਊਂਟਬੇਟਨ ਨਹਿਰੂ ਦੇ ਦਬਾਅ ਵਿੱਚ ਆ ਗਏ ਜਿਸਦੇ ਕਾਰਨ ਹਜ਼ਾਰਾਂ ਮਾਸੂਮ ਲੋਕਾਂ ਦੀਆਂ ਜਾਨਾਂ ਗਈਆਂ। ਮੇਰੇ ਪਿਤਾ ਨੂੰ ਪਤਾ ਸੀ ਕਿ ਵੰਡ ਦਾ ਨਤੀਜਾ ਬਹੁਤ ਬੁਰਾ ਹੋਵੇਗਾ ਪਰ ਆਖਰੀ ਪਲਾਂ ਵਿੱਚ ਲਕੀਰ ਬਦਲਣ ਨਾਲ ਹਾਲਾਤ ਹੋਰ ਖਰਾਬ ਹੋ ਗਏ।''

ਰੌਬਰਟ ਬੋਮੈਂਟ
ਤਸਵੀਰ ਕੈਪਸ਼ਨ, ਰੌਬਰਟ ਬੋਮੈਂਟ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਾਊਂਟਬੇਟਨ ਤੋਂ ਨਫ਼ਰਤ ਕਰਦੇ ਸਨ

ਲਕੀਰ ਵਿੱਚ ਇਸ ਬਦਲਾਅ ਤੋਂ ਫਿਰੋਜ਼ਪੁਰ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਦੀ ਜਾਨ ਦਾਅ 'ਤੇ ਲੱਗ ਗਈ। ਇਸ ਤ੍ਰਾਸਦੀ ਨੂੰ ਕਰੀਬ ਤੋਂ ਦੇਖਣ ਵਾਲੇ ਦੋ ਲੋਕਾਂ ਨਾਲ ਬੀਬੀਸੀ ਨੇ ਗੱਲਬਾਤ ਕੀਤੀ।

100 ਵਰ੍ਹਿਆਂ ਦੀ ਮੀਨਾ ਵੰਡ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਰਹਿੰਦੀ ਸੀ। ਵੰਡ ਹੋਣ ਤੋਂ ਸਿਰਫ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਫਿਰੋਜ਼ਪੁਰ ਛੱਡ ਕੇ ਸਰਹੱਦ ਪਾਰ ਯਾਨੀ ਪਾਕਿਸਤਾਨ ਜਾਣਾ ਪਵੇਗਾ।

ਮੀਨਾ ਬੀਬੀ ਹੁਣ ਪਾਕਿਸਤਾਨ ਵਿੱਚ ਬੁਰੇਵਾਲਾ ਪਿੰਡ ਵਿੱਚ ਰਹਿੰਦੀ ਹੈ। ਵੰਡ ਦੀ ਅੱਗ ਵਿੱਚ ਮੀਨਾ ਬੀਬੀ ਦੇ ਪਰਿਵਾਰ ਦੇ 19 ਲੋਕ ਮਾਰੇ ਗਏ ਸਨ।

ਮੀਨਾ ਬੀਬੀ ਨੇ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਸਰਹੱਦ ਪਾਰ ਕੀਤੀ ਅਤੇ ਨਵੇਂ ਬਣੇ ਦੇਸ ਪਾਕਿਸਤਾਨ ਵਿੱਚ ਕਦਮ ਰੱਖਿਆ।

ਮੀਨਾ ਬੀਬੀ
ਤਸਵੀਰ ਕੈਪਸ਼ਨ, ਮੀਨਾ ਬੀਬੀ ਨੂੰ ਆਪਣੇ ਪਰਿਵਾਰ ਦੇ 19 ਮੈਬਰਾਂ ਨੂੰ ਗੁਆਉਣਾ ਪਿਆ ਸੀ

ਉਨ੍ਹਾਂ ਨਾਲ ਗੱਲ ਕਰਨ 'ਤੇ ਪਤਾ ਲਗਦਾ ਹੈ ਕਿ ਉਸ ਵੇਲੇ ਦੀ ਸਾਰੀ ਘਟਨਾ ਉਨ੍ਹਾਂ ਨੂੰ ਇੰਝ ਯਾਦ ਹੈ ਜਿਵੇਂ ਇਹ ਕੱਲ੍ਹ ਦੀ ਹੋਈ ਹੋਵੇ।

ਉਹ ਕਹਿੰਦੇ ਹਨ, "ਅਸੀਂ ਸਭ ਕੁਝ ਛੱਡ ਕੇ ਆ ਗਏ, ਬਸ ਆਪਣੀ ਜਾਨ ਬਚਾਈ ਅਤੇ ਆ ਗਏ। ਮੇਰੇ ਮਾਪੇ ਸਾਨੂੰ ਕਸੂਰ ਵਿੱਚ ਮਿਲੇ ਅਤੇ ਮੇਰੇ ਪਿਤਾ ਨੇ ਇੱਕ ਸਾਫਾ ਪਹਿਨਿਆ ਹੋਇਆ ਸੀ ਉਨ੍ਹਾਂ ਕੋਲ ਕੁਰਤਾ ਵੀ ਨਹੀਂ ਸੀ। ਮੈਂ ਆਪਣੀ ਇੱਕ ਕੁਰਤੀ ਉਨ੍ਹਾਂ ਨੂੰ ਦਿੱਤੀ। ਮੇਰੇ ਕੋਲ ਕੱਪੜਿਆਂ ਦਾ ਟ੍ਰੰਕ ਸੀ, ਉਸ ਵਿੱਚੋਂ ਮੈਂ ਕਿਸੇ ਨੂੰ ਸਲਵਾਰ ਦਿੱਤੀ ਅਤੇ ਕਿਸੇ ਨੂੰ ਕੁੜਤੀ ਦਿੱਤੀ।

ਉੱਥੇ ਹੀ ਬੁਰੇਵਾਲਾ ਤੋਂ ਤਕਰੀਬਨ 200 ਕਿਲੋਮੀਟਰ ਦੂਰ, ਸਰਹੱਦ ਦੇ ਦੂਜੇ ਪਾਸੇ ਮੌਜੂਦਾ ਹਿੰਦੁਸਤਾਨ ਵਿੱਚ ਰਾਮ ਪਾਲ ਸ਼ੌਰੀ ਪਿਛਲੇ 85 ਸਾਲਾਂ ਤੋਂ ਫਿਰੋਜ਼ਰਪੁਰ ਵਿੱਚ ਰਹਿ ਰਹੇ ਹਨ।

ਰਾਮ ਪਾਲ ਸ਼ੌਰੀ
ਤਸਵੀਰ ਕੈਪਸ਼ਨ, ਰਾਮ ਪਾਲ ਸ਼ੌਰੀ 85 ਸਾਲਾਂ ਤੋਂ ਫਿਰੋਜ਼ਪੁਰ ਰਹਿ ਰਹੇ ਹਨ

ਭੇਸ ਬਦਲ ਕੇ ਸਰਹੱਦ ਪਾਰ ਕੀਤੀ

ਵੰਡ ਵੇਲੇ ਸ਼ੋਰੀ ਕਰੀਬ 13-14 ਸਾਲ ਦੇ ਸਨ। ਹਿੰਦੂ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਮੁਲਕ ਨਹੀਂ ਛੱਡਣਾ ਪਿਆ ਪਰ ਆਪਣਿਆਂ ਨੂੰ ਖੋਹਣ ਦਾ ਗਮ ਉਨ੍ਹਾਂ ਨੂੰ ਅੱਜ ਵੀ ਹੈ।

ਸ਼ੌਰੀ ਦੱਸਦੇ ਹਨ ਕਿ ਉਨ੍ਹਾਂ ਨੂੰ ਅੱਜ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਕਰੀਬੀ ਦੋਸਤਾਂ ਦਾ ਕੀ ਹੋਇਆ।

ਸ਼ੋਰੀ ਅਨੁਸਾਰ ਉਨ੍ਹਾਂ ਦੇ ਇੱਕ ਅਧਿਆਪਕ ਅਬਦੁਲ ਮਜੀਦ ਇੱਕ ਮੁਸਲਮਾਨ ਸਨ। ਸ਼ੋਰੀ ਅਨੁਸਾਰ ਅਬਦੁਲ ਮਜੀਦ ਭੇਸ ਬਦਲ ਕੇ ਪਾਕਿਸਤਾਨ ਪਹੁੰਚੇ ਸਨ।

ਉਨ੍ਹਾਂ ਦਾ ਜ਼ਿਕਰ ਕਰਦੇ ਹੋਏ ਸ਼ੋਰੀ ਦੱਸਦੇ ਹਨ, "ਉਹ ਲੁਕ ਕੇ ਭੇਸ ਬਦਲ ਕੇ ਨਿਕਲੇ। ਉਹ ਹਿੰਦੂਆਂ ਵਾਂਗ ਜਨੇਊ ਪਾ ਲੈਂਦੇ ਸਨ। ਉਹ ਆਪਣਾ ਭੇਸ ਬਦਲ ਕੇ ਹਿੰਦੁਸਤਾਨ ਤੋਂ ਨਿਕਲੇ। ਕਿਸੇ ਨੇ ਸਾਨੂੰ ਬਾਅਦ ਵਿੱਚ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਮੁੱਛਾਂ ਵੀ ਮੁੰਡਵਾ ਲਈਆਂ ਸਨ ਤਾਂ ਜੋ ਉਨ੍ਹਾਂ ਨੂੰ ਕੋਈ ਪਛਾਣ ਨਾ ਸਕੇ।''

ਫਿਰੋਜ਼ਪੁਰ
ਤਸਵੀਰ ਕੈਪਸ਼ਨ, ਆਖਰੀ ਪਲਾਂ ਵਿੱਚ ਫਿਰੋਜ਼ਪੁਰ ਨੂੰ ਭਾਰਤ ਨੂੰ ਸੌਂਪਿਆ ਗਿਆ ਸੀ

ਮੀਨਾ ਬੀਬੀ ਵਾਂਗ ਸ਼ੋਰੀ ਵੀ ਉਹ ਮੰਜਰ ਨਹੀਂ ਭੁੱਲ ਸਕੇ ਹਨ ਜੋ ਉਨ੍ਹਾਂ ਨੇ ਆਪਣੇ ਬਚਪਨ ਵਿੱਚ ਵੇਖਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਲਾਹੌਰ ਤੋਂ ਜਦੋਂ ਰੇਲ ਗੱਡੀਆਂ ਆਉਂਦੀਆਂ ਸਨ ਤਾਂ ਉਨ੍ਹਾਂ ਵਿੱਚ ਜ਼ਖ਼ਮੀ ਲੋਕ ਲੈਂਦੇ ਹੁੰਦੇ ਸਨ।

ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ, "ਕਿਸੇ ਦੀ ਬਾਂਹ ਵੱਢੀ ਹੁੰਦੀ, ਕਿਸੇ ਦੇ ਸਿਰ 'ਤੇ ਸੱਟ ਲੱਗੀ ਹੁੰਦੀ ਸੀ, ਹਾਲਾਤ ਬਹੁਤ ਖਰਾਬ ਹੋ ਗਏ ਸਨ ਜਿਵੇਂ ਲੋਕ ਇਨਸਾਨੀਅਤ ਨੂੰ ਪੂਰੇ ਤਰੀਕੇ ਨਾਲ ਭੁੱਲ ਚੁੱਕੇ ਸਨ।''

ਸਿਰਿਲ ਰੈਡਕਲਿਫ ਅਤੇ ਮਾਊਂਟਬੇਟਨ ਦੇ ਇੱਕ ਛੋਟੇ ਜਿਹੇ ਫੈਸਲੇ ਨੇ ਸਿਰਫ ਮੀਨਾ ਬੀਬੀ ਅਤੇ ਸ਼ੋਰੀ ਦੀ ਹੀ ਨਹੀਂ ਬਲਕਿ ਅਜਿਹੀਆਂ ਹਜ਼ਾਰਾਂ ਜ਼ਿੰਦਗੀਆਂ ਬਦਲੀਆਂ ਅਤੇ ਵੰਡ ਦੇ ਜ਼ਖ਼ਮ ਕਈ ਸਾਲ ਬੀਤੇ ਜਾਣ 'ਤੇ ਵੀ ਤਾਜ਼ਾ ਹਨ।

(ਇਸਦਾ ਮੂਲ ਲੇਖ 2017 ਵਿੱਚ ਬੀਬੀਸੀ ਦੀ ਖਾਸ ਲੜੀ 'ਵੰਡ ਦੇ 70 ਸਾਲ' ਤਹਿਤ ਛਪਿਆ ਸੀ।)

(ਇਹ ਲੇਖ ਪਹਿਲੀ ਵਾਰ14 ਅਗਸਤ 2018 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)