ਗ਼ਦਰ 2: ਸੰਨੀ ਦਿਓਲ ਜੇ 'ਪਾਕਿਸਤਾਨ ਜ਼ਿੰਦਾਬਾਦ' ਵਾਲਾ ਉਹ ਡਾਇਲੌਗ ਅੱਜ ਬੋਲਦੇ ਤਾਂ...

ਗ਼ਦਰ

ਤਸਵੀਰ ਸਰੋਤ, UNIVERSAL PR

    • ਲੇਖਕ, ਵੰਦਨਾ
    • ਰੋਲ, ਸੀਨੀਅਰ ਨਿਊਜ਼ ਐਡੀਟਰ, ਬੀਬੀਸੀ

''ਆਪ ਕਾ ਪਾਕਿਸਤਾਨ ਜ਼ਿੰਦਾਬਾਦ ਹੈ, ਇਸ ਮੇਂ ਹਮੇਂ ਕੋਈ ਇਤਰਾਜ਼ ਨਹੀਂ, ਪਰ ਹਮਾਰਾ ਹਿੰਦੋਸਤਾਨ ਜ਼ਿੰਦਾਬਾਦ ਥਾ, ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ। ਹਿੰਦੁਸਤਾਨ ਜ਼ਿੰਦਾਬਾਦ।''

''ਇਸ ਮੁਲਕ (ਪਾਕਿਸਤਾਨ) ਸੇ ਜ਼ਯਾਦਾ ਮੁਸਲਮਾਨ ਹਿੰਦੁਸਤਾਨ ਮੇਂ ਹੈਂ, ਉਨਕੇ ਦਿਲੋਂ ਕੀ ਧੜਕਨ ਯਹੀ ਕਹਤੀ ਹੈ ਕਿ ਹਿੰਦੁਸਤਾਨ ਜ਼ਿੰਦਾਬਾਦ। ਤੋ ਕਯਾ ਵੋ ਪੱਕੇ ਮੁਸਲਮਾਨ ਨਹੀਂ?''

ਫ਼ਿਲਮ 'ਗ਼ਦਰ' ਜਦੋਂ 2001 ਵਿੱਚ ਰਿਲੀਜ਼ ਹੋਈ ਸੀ ਤਾਂ ਸੰਨੀ ਦਿਓਲ ਦੇ ਇਸ ਡਾਇਲੌਗ 'ਤੇ ਥੀਏਟਰ ਵਿੱਚ ਰੱਜ ਕੇ ਤਾੜੀਆਂ ਵੱਜੀਆਂ ਸਨ।

ਫਿਲਮ ਵਿੱਚ ਇਹ ਦ੍ਰਿਸ਼ 1947 ਤੋਂ ਕੁਝ ਸਾਲ ਬਾਅਦ ਦਾ ਦਿਖਾਇਆ ਗਿਆ ਹੈ, ਜਦੋਂ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ।

ਸਰਹੱਦ ਦੇ ਦੋਵੇਂ ਪਾਸੇ ਨਫ਼ਰਤ ਹੈ। ਇਸ ਸੀਨ ਵਿੱਚ ਇੱਕ ਹਿੰਦੋਸਤਾਨੀ ਸੰਨੀ ਦਿਓਲ (ਤਾਰਾ ਸਿੰਘ) ਆਪਣੀ ਪਾਕਿਸਤਾਨੀ ਪਤਨੀ ਅਮੀਸ਼ਾ ਪਟੇਲ (ਸਕੀਨਾ) ਦੀ ਭਾਲ ਵਿੱਚ ਪਾਕਿਸਤਾਨ ਆਉਂਦੇ ਹਨ, ਜਿੱਥੇ ਉਨ੍ਹਾਂ ਸਾਹਮਣੇ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਜੇਕਰ ਤਾਰਾ ਸਿੰਘ ਨੂੰ ਆਪਣੀ ਪਤਨੀ ਚਾਹੀਦੀ ਹੈ ਤਾਂ ਉਸ ਨੂੰ ਆਪਣਾ ਧਰਮ ਅਤੇ ਵਤਨ ਛੱਡਣਾ ਪਵੇਗਾ।

'ਗ਼ਦਰ' ਜਿੱਥੇ ਆਪਣੇ ਦੌਰ ਦੀਆਂ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ 'ਚੋਂ ਇੱਕ ਰਹੀ ਹੈ, ਉੱਥੇ ਹੀ ਕਈ ਲੋਕਾਂ ਨੇ ਇਸ 'ਤੇ ਪਾਕਿਸਤਾਨ ਵਿਰੋਧੀ ਅਤੇ ਮੁਸਲਿਮ ਵਿਰੋਧੀ ਹੋਣ ਦਾ ਇਲਜ਼ਾਮ ਵੀ ਲਾਇਆ ਸੀ।

ਗ਼ਦਰ

ਤਸਵੀਰ ਸਰੋਤ, UNIVERSAL PR

ਦੇਸ਼ ਵਿਰੋਧੀ ਜਾਂ ਰਾਸ਼ਟਰਵਾਦੀ?

ਹੁਣ ਜਦੋਂ ‘ਗ਼ਦਰ’ ਦਾ ਪਾਰਟ 2 ਰਿਲੀਜ਼ ਹੋ ਰਿਹਾ ਹੈ ਤਾਂ ਇਹ ਸਵਾਲ ਮਨ ਵਿੱਚ ਆਉਂਦਾ ਹੈ ਕਿ ਜਦੋਂ ਤਾਰਾ ਸਿੰਘ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਗਾਉਂਦੇ ਹਨ ਤਾਂ ਕੀ ਅੱਜ ਦੇ ਮਾਹੌਲ ਵਿੱਚ ਉਨ੍ਹਾਂ ਨੂੰ ਦੇਸ਼ ਵਿਰੋਧੀ ਕਿਹਾ ਜਾਂਦਾ?

ਜਾਂ ਫਿਰ ਜਦੋਂ ਸੰਨੀ ਦਿਓਲ ਭਾਰਤ ਵਿਰੁੱਧ ਇੱਕ ਵੀ ਸ਼ਬਦ ਬਰਦਾਸ਼ਤ ਕਰਨ ਤੋਂ ਇਨਕਾਰ ਕਰਦੇ ਹਨ, ਤਾਂ ਕੀ ਉਨ੍ਹਾਂ ਨੂੰ ਰਾਸ਼ਟਰਵਾਦੀ ਕਿਹਾ ਜਾਂਦਾ?

ਸੀਨੀਅਰ ਫਿਲਮ ਆਲੋਚਕ ਰਾਮਚੰਦਰਨ ਸ਼੍ਰੀਨਿਵਾਸਨ ਦਾ ਕਹਿਣਾ ਹੈ, "ਅੱਜ ਕੋਈ ਆਪਣੀ ਫਿਲਮ 'ਚ 'ਪਾਕਿਸਤਾਨ ਜ਼ਿੰਦਾਬਾਦ' ਕਹੇਗਾ ਤਾਂ ਲੋਕ ਜ਼ਰੂਰ ਉਸ ਨੂੰ ਰਾਸ਼ਟਰ ਵਿਰੋਧੀ ਕਹਿਣਗੇ, ਖਾਸਕਰ ਜੇਕਰ ਇੱਕ ਸੰਵਾਦ ਨੂੰ ਉਸ ਦੇ ਸੰਦਰਭ ਤੋਂ ਵੱਖਰਾ ਕਰਕੇ ਦੇਖਿਆ ਜਾਵੇਗਾ।''

ਇਰਾ ਭਾਸਕਰ ਜੇਐਨਯੂ ਵਿੱਚ ਸਿਨੇਮਾ ਸਟੱਡੀਜ਼ ਦੇ ਪ੍ਰੋਫੈਸਰ ਹਨ। ਉਹ ਕਹਿੰਦੇ ਹਨ, "ਅੱਜ ਦੀ ਤਾਰੀਖ਼ 'ਚ ਜੇਕਰ ਫਿਲਮ 'ਚ 'ਪਾਕਿਸਤਾਨ ਜ਼ਿੰਦਾਬਾਦ' ਦਾ ਡਾਇਲਾਗ ਹੈ ਤਾਂ ਉਸ ਨੂੰ ਦੇਸ਼-ਵਿਰੋਧੀ ਕਹਿ ਦਿੱਤਾ ਜਾਵੇਗਾ। ਪਰ ਇਹ ਸਭ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਫਿਲਮ ਕਿਵੇਂ ਬਣਾਈ ਹੈ।"

"ਪਠਾਨ ਨੂੰ ਹੀ ਲੈ ਲਓ ਜਿੱਥੇ ਹੀਰੋਇਨ ਨੂੰ ਆਈਐਸਆਈ ਅਤੇ ਪਾਕਿਸਤਾਨ ਨਾਲ ਜੁੜਿਆ ਦਿਖਾਇਆ ਗਿਆ ਹੈ, ਜੋ ਹਿੰਸਾ ਦੇ ਵਿਰੁੱਧ ਹੈ।"

"ਇਹ ਫਿਲਮ ਹਿੱਟ ਹੋ ਗਈ। ਸੰਦੇਸ਼ ਦੇਣ ਲਈ ਕਈ ਤਰੀਕੇ ਵਰਤੇ ਜਾ ਸਕਦੇ ਹਨ। 'ਗ਼ਦਰ' ਵਿੱਚ ਜੋ ਡਾਇਲਾਗ ਹਨ, ਅੱਜ ਟ੍ਰੋਲਰ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ।"

ਗ਼ਦਰ

ਤਸਵੀਰ ਸਰੋਤ, UNIVERSAL PR

ਕੀ 'ਗ਼ਦਰ' ਵੰਡ ਦੀ ਗੁੰਝਲਤਾ ਨੂੰ ਦਿਖਾਉਣ 'ਚ ਕਾਮਯਾਬ ਰਹੀ?

'ਗ਼ਦਰ 1' ਅਤੇ 'ਗ਼ਦਰ 2' ਵਿਚਕਾਰ 22 ਸਾਲ ਦਾ ਅੰਤਰ ਹੈ। ਇਨ੍ਹਾਂ 22 ਸਾਲਾਂ ਵਿੱਚ ਭਾਰਤ ਕਿੰਨਾ ਬਦਲਿਆ ਹੈ, ਸਿਨੇਮਾ ਕਿੰਨਾ ਬਦਲਿਆ ਹੈ?

ਸਿਨੇਮਾ ਅਤੇ ਸਿਨੇਮਾ ਵਿੱਚ ਲਈ ਜਾਣ ਵਾਲੀ ਰਚਨਾਤਮਕ ਛੋਟ ਦੀ ਕਿੰਨੀ ਗੁੰਜਾਇਸ਼ ਹੈ? 2001 ਵਿੱਚ ਜਦੋਂ ਫਿਲਮ ‘ਗ਼ਦਰ’ ਰਿਲੀਜ਼ ਹੋਈ ਸੀ ਤਾਂ ਫਿਲਮ ਦੇ ਕੁਝ ਦ੍ਰਿਸ਼ਾਂ ਕਾਰਨ ਭੋਪਾਲ, ਅਹਿਮਦਾਬਾਦ ਵਰਗੇ ਸ਼ਹਿਰਾਂ ਵਿੱਚ ਹਿੰਸਾ ਹੋਈ ਸੀ।

ਉਸ ਸਮੇਂ ਬੀਬੀਸੀ ਨਾਲ ਗੱਲ ਕਰਦਿਆਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਸੀ, "ਫਿਲਮ ਰਾਸ਼ਟਰਵਾਦ, ਧਰਮ ਅਤੇ ਪਛਾਣ ਦੇ ਮੁੱਦਿਆਂ ਨੂੰ ਲੈ ਕੇ ਉਲਝਾਉਂਦੀ ਹੈ ਅਤੇ ਵੰਡ ਦੇ ਦਰਦ ਦੀ ਗੁੰਝਲਦਾਰਤਾ ਨੂੰ ਦਿਖਾਉਣ ਵਿੱਚ ਅਸਫਲ ਰਹਿੰਦੀ ਹੈ। ਇਹ ਇੱਕ ਭੜਕਾਊ ਫਿਲਮ ਹੈ, ਜੋ ਮੁਸਲਮਾਨਾਂ ਨੂੰ ਪਰਦੇਸੀਆਂ ਵਾਂਗ ਪੇਸ਼ ਕਰਦੀ ਹੈ।"

ਇਸ 'ਤੇ ਈਰਾ ਭਾਸਕਰ ਅਤੇ ਰਾਮਚੰਦਰਨ ਸ਼੍ਰੀਨਿਵਾਸਨ ਦੋਵਾਂ ਦੀ ਵੱਖੋ-ਵੱਖ ਰਾਇ ਹੈ।

ਰਾਮਚੰਦਰਨ ਸ਼੍ਰੀਨਿਵਾਸਨ ਕਹਿੰਦੇ ਹਨ, "ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਵੰਡ ਦੇ ਸਮੇਂ ਦਾ ਜੋ ਸਿਆਸੀ ਮਾਹੌਲ ਸੀ, ਗੰਭੀਰ ਹਾਲਾਤ ਸਨ, ਲੋਕਾਂ ਦੀਆਂ ਭਾਵਨਾਵਾਂ ਸਨ, ਉਨ੍ਹਾਂ ਨੂੰ ਹੀ ਲੇਖਕ ਸ਼ਕਤੀਮਾਨ ਨੇ ਫਿਲਮ 'ਗਦਰ' 'ਚ ਦਿਖਾਇਆ।"

"ਜਿਸ ਤਰ੍ਹਾਂ ਨਾਲ ਵੰਡ ਹੋਈ, ਪਾਕਿਸਤਾਨ ਨੂੰ ਇਸਲਾਮਿਕ ਦੇਸ਼ ਅਤੇ ਹਿੰਦੋਸਤਾਨ ਨੂੰ ਹਿੰਦੂ ਦੇਸ਼ ਮੰਨ ਲਿਆ ਗਿਆ। ਭਾਰਤ ਅਤੇ ਪਾਕਿਸਤਾਨ ਵਿਚਕਾਰ ਨਫ਼ਰਤ ਦਾ ਦੌਰ ਚੱਲ ਪਿਆ ਸੀ। ਦੋਵਾਂ ਪਾਸਿਆਂ ਦੇ ਲੋਕਾਂ ਨੇ ਆਪਣਿਆਂ ਤੇ ਆਪਣੇ ਘਰਾਂ ਨੂੰ ਗੁਆਇਆ ਸੀ, ਜਿਸ ਨੂੰ ਫ਼ਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਕਿਸੇ ਦੇ ਦਰਦ ਨੂੰ ਘੱਟ ਕਰਕੇ ਦਿਖਾਇਆ ਗਿਆ।''

ਗ਼ਦਰ

ਤਸਵੀਰ ਸਰੋਤ, UNIVERSAL PR

ਯਸ਼ ਚੋਪੜਾ ਨੇ ਵੰਡ ਕਿਵੇਂ ਦਿਖਾਈ

ਇਰਾ ਭਾਸਕਰ ਦਾ ਕਹਿਣਾ ਹੈ, ''ਫਿਲਮ 'ਗ਼ਦਰ' 'ਚ ਸੰਤੁਲਿਤ ਐਕਟ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ, ਫਸਟ ਹਾਫ਼ 'ਚ ਇਹ ਜ਼ਿਆਦਾ ਇਨਸਾਨੀ ਭਾਵਨਾ ਵਾਲੀ ਹੈ, ਪਰ ਦੂਜੇ ਹਾਫ਼ 'ਚ ਕਈ ਸਮੱਸਿਆਵਾਂ ਹਨ।''

''ਪਾਕਿਸਤਾਨ ਨੂੰ ਨਕਾਰਾਤਮਕ ਤਰੀਕੇ ਨਾਲ ਦਿਖਾਇਆ ਗਿਆ ਹੈ। ਇੰਝ ਲੱਗਦਾ ਹੈ ਕਿ ਇਹ ਸਾਰੀ ਹਿੰਸਾ ਮੁਸਲਿਮ ਭਾਈਚਾਰੇ ਨੇ ਹੀ ਸ਼ੁਰੂ ਕੀਤੀ ਗਈ ਸੀ। ਅੰਤ ਵਿੱਚ ਇਹ ਜਿੰਗੋਇਸਟਿਕ (ਕੱਟੜ ਰਾਸ਼ਟਰਵਾਦੀ) ਹੋ ਜਾਂਦੀ ਹੈ। 'ਗ਼ਦਰ' 'ਵੀਰ ਜ਼ਾਰਾ' ਵਰਗੀ ਨਹੀਂ ਹੈ। 'ਵੀਰ ਜ਼ਾਰਾ' ਵਿੱਚ ਕਿੰਨੀ ਖੂਬਸੂਰਤੀ ਨਾਲ ਭਾਰਤ ਅਤੇ ਪਾਕਿਸਤਾਨ ਨਾਲ ਜੁੜੀ ਇੱਕ ਪ੍ਰੇਮ ਕਹਾਣੀ ਪੇਸ਼ ਕੀਤੀ ਗਈ ਹੈ।''

"ਦਰਅਸਲ ਯਸ਼ ਚੋਪੜਾ ਨੇ ਭਾਰਤ-ਪਾਕਿਸਤਾਨ ਅਤੇ ਧਰਮ ਬਾਰੇ ਕਈ ਸੰਵੇਦਨਸ਼ੀਲ ਫਿਲਮਾਂ ਬਣਾਈਆਂ ਹਨ, 'ਧੂਲ ਕਾ ਫੂਲ' ਅਤੇ 'ਧਰਮਪੁੱਤਰ'।"

(ਧਰਮਪੁੱਤਰ ਇੱਕ ਹਿੰਦੂ ਨੌਜਵਾਨ ਦੀ ਕਹਾਣੀ ਹੈ, ਜੋ ਵੰਡ ਤੋਂ ਪਹਿਲਾਂ ਉਨ੍ਹਾਂ ਲੋਕਾਂ ਨਾਲ ਕੰਮ ਕਰਦਾ ਸੀ, ਜੋ ਚਾਹੁੰਦੇ ਹਨ ਕਿ ਮੁਸਲਮਾਨ ਭਾਰਤ ਛੱਡ ਕੇ ਚਲੇ ਜਾਣ। ਬਾਅਦ ਵਿੱਚ ਪਤਾ ਲੱਗਦਾ ਹੈ ਕਿ ਹਿੰਦੂ ਪਰਿਵਾਰ 'ਚ ਪਲੇ-ਵੱਡੇ ਹੋਏ ਇਸ ਬੱਚੇ ਦੇ ਅਸਲ ਮਾਂ-ਬਾਪ ਮੁਸਲਮਾਨ ਹਨ।''

"ਧਰਮਪੁੱਤਰ ਫਿਲਮ ਨੂੰ ਲੈ ਕੇ ਸੈਂਸਰ ਬੋਰਡ ਦੁਚਿੱਤੀ 'ਚ ਸੀ। ਜਦੋਂ ਬੀਆਰ ਚੋਪੜਾ ਅਤੇ ਯਸ਼ ਚੋਪੜਾ ਨੇ ਪੰਡਿਤ ਨਹਿਰੂ ਨੂੰ ਇਹ ਫਿਲਮ ਦਿਖਾਈ ਤਾਂ ਉਨ੍ਹਾਂ ਕਿਹਾ ਕਿ ਇਹ ਹਰ ਕਾਲਜ ਵਿੱਚ ਦਿਖਾਈ ਜਾਣੀ ਚਾਹੀਦੀ ਹੈ। ਅੱਜ ਦੀ ਸਰਕਾਰ ਵਿੱਚ ਤਾਂ ਅਜਿਹਾ ਨਹੀਂ ਹੁੰਦਾ।"

ਗ਼ਦਰ 2

ਤਸਵੀਰ ਸਰੋਤ, UNIVERSAL PR

ਆਮਨਾ ਹੈਦਰ ਪਾਕਿਸਤਾਨ ਵਿੱਚ ਸਮਥਿੰਗ ਹੌਟ ਨਾਮ ਦਾ ਇੱਕ ਯੂਟਿਊਬ ਚੈਨਲ ਚਲਾਉਂਦੇ ਹਨ ਅਤੇ ਸਿਨੇਮਾ 'ਤੇ ਨਜ਼ਰ ਰੱਖਦੇ ਹਨ।

ਉਹ ਕਹਿੰਦੇ ਹਨ, "ਸਿਆਸੀ ਧਰੁਵੀਕਰਨ ਕਾਰਨ ਅੱਜ ਦੀ ਤਾਰੀਖ਼ 'ਚ ਦੋਵਾਂ ਦੇਸ਼ਾਂ ਦੇ ਫ਼ਿਲਮਕਾਰਾਂ ਲਈ ਭਾਰਤ-ਪਾਕਿ ਥੀਮ 'ਤੇ ਫ਼ਿਲਮਾਂ ਬਣਾਉਣੀਆਂ ਔਖੀਆਂ ਹੋ ਗਈਆਂ ਹਨ। ਫਿਲਮ ਤਾਂ ਕੀ ਇੱਕ-ਦੂਜੇ ਦੇ ਕਿਰਦਾਰ ਲੈਣਾ ਵੀ ਔਖਾ ਹੋ ਗਿਆ ਹੈ ਅਤੇ ਜੇ ਲੈਂਦੇ ਵੀ ਹਨ ਤਾਂ ਬੇਭਰੋਸਗੀ ਤੇ ਸ਼ੱਕ ਦਾ ਮਾਹੌਲ ਬਣ ਜਾਂਦਾ ਹੈ।''

''ਹਾਲਾਂਕਿ, ਇਹ ਦੇਖ ਕੇ ਵੀ ਬਹੁਤ ਚੰਗਾ ਲੱਗਦਾ ਹੈ ਕਿ ਕਿਵੇਂ ਪਾਕਿਸਤਾਨੀ ਡਰਾਮਿਆਂ ਨੂੰ ਭਾਰਤ ਵਿੱਚ ਇੰਨਾ ਪਿਆਰ ਮਿਲਦਾ ਹੈ ਜਾਂ ਫ਼ਿਰ ਕਮਲੀ ਜਾਂ ਜਾਏਲੈਂਡ ਵਰਗੀਆਂ ਫ਼ਿਲਮਾਂ ਸਰਾਹੀਆਂ ਜਾ ਰਹੀਆਂ ਹਨ।''

''ਉਸੇ ਤਰ੍ਹਾਂ ਪਾਕਿਸਤਾਨ ਵਿੱਚ ਬਾਲੀਵੁੱਡ ਦਾ ਬਹੁਤ ਕ੍ਰੇਜ਼ ਹੈ ਅਤੇ ਫਿਲਹਾਲ ਰਣਵੀਰ ਸਿੰਘ ਦੇ ਫੈਨ ਇਸ ਜੁਗਾੜ 'ਚ ਲੱਗੇ ਹਨ ਕਿ ਕਿਵੇਂ ਰੌਕੀ ਤੇ ਰਾਨੀ ਦੀ ਪ੍ਰੇਮ ਕਹਾਣੀ ਦੇਖੀ ਜਾਵੇ। (ਪਾਕਿਸਤਾਨ ਵਿੱਚ ਅਜੇ ਹਿੰਦੀ ਫ਼ਿਲਮਾਂ ਨਹੀਂ ਲੱਗ ਰਹੀਆਂ ਹਨ।)

ਲਾਈਨ

'ਸਿੱਖ, ਹਿੰਦੂ, ਮੁਸਲਮਾਨ ਚਲਤੀ-ਫਿਰਤੀ ਲਾਸ਼ੇ ਹੈਂ'

ਗ਼ਦਰ

ਤਸਵੀਰ ਸਰੋਤ, UNIVERSAL PR

ਜੇਕਰ 'ਗ਼ਦਰ' ਦੀ ਗੱਲ ਕਰੀਏ ਤਾਂ ਜਿੱਥੇ ਇਸ ਦੀ ਆਲੋਚਨਾ ਹੁੰਦੀ ਹੈ, ਉਥੇ ਹੀ ਕਈ ਥਾਵਾਂ 'ਤੇ ਇਹ ਫ਼ਿਲਮ ਹਿੰਸਾ ਨਾਲ ਪੀੜਤ ਹਰ ਉਸ ਵਿਅਕਤੀ ਦਾ ਦਰਦ ਬਿਆਨ ਕਰਦੀ ਵੀ ਨਜ਼ਰ ਆਉਂਦੀ ਹੈ, ਜਿਸ ਦੀ ਜ਼ਿੰਦਗੀ ਵੰਡ ਕਾਰਨ ਤਬਾਹ ਹੋ ਗਈ ਸੀ।

ਮਿਸਾਲ ਵਜੋਂ, ਵੰਡ ਦੇ ਸਮੇਂ ਸਕੀਨਾ (ਅਮੀਸ਼ਾ ਪਟੇਲ) ਆਪਣੇ ਪਰਿਵਾਰ ਨਾਲ ਲਾਹੌਰ ਜਾਣ ਵਾਲੀ ਰੇਲਗੱਡੀ 'ਤੇ ਨਹੀਂ ਚੜ੍ਹ ਪਾਉਂਦੀ ਅਤੇ ਕੁਝ ਲੋਕ ਉਸ 'ਤੇ ਹਮਲਾ ਕਰ ਦਿੰਦੇ ਹਨ। ਪਰ ਡਰੀ-ਸਹਿਮੀ ਸਕੀਨਾ ਨੂੰ ਦੇਖ ਕੇ ਦੰਗਾਕਾਰੀਆਂ ਦੀ ਭੀੜ ਵਿੱਚ ਮੌਜੂਦ ਤਾਰਾ ਸਿੰਘ (ਸੰਨੀ ਦਿਓਲ)ਦੇ ਹੱਥ ਰੁਕ ਜਾਂਦੇ ਹਨ।

ਬਾਅਦ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਸਕੀਨਾ ਸੰਨੀ ਦਿਓਲ ਨੂੰ ਸਵਾਲ ਕਰਦੀ ਹੈ ਕਿ 'ਤੁਮ ਭੀ ਤੋ ਮੁਸਲਮਾਨੋਂ ਕੋ ਮਾਰ ਰਹੇ ਥੇ, ਤੁਮਨੇ ਮੁਝੇ ਕਿਉਂ ਛੋੜ ਦੀਯਾ?'

ਪੂਰੀ ਫ਼ਿਲਮ 'ਚ ਜਿੱਥੇ ਸੰਨੀ (ਤਾਰਾ ਸਿੰਘ) ਗਰਜਦੇ, ਦਹਾੜਦੇ, ਨਲਕਾ ਪੁੱਟਦੇ ਤੇ ਪੈਸਾ ਵਸੂਲ ਡਾਇਲੌਗ ਬੋਲਦੇ ਨਜ਼ਰ ਆਉਂਦਾ ਹਨ, ਉਸੇ ਤਾਰਾ ਸਿੰਘ ਨੂੰ ਸੰਨੀ ਦਿਓਲ ਦਾ ਇਹ ਸਵਾਲ ਸੋਚਣ ਨੂੰ ਮਜਬੂਰ ਕਰ ਦਿੰਦਾ ਹੈ।

ਉਹ ਕਹਿੰਦੇ ਹਨ, ''ਯੇ (ਬਂਟਵਾਰੇ) ਕੀ ਕਹਾਨੀ ਸਿਰਫ਼ ਆਪਕੀ ਔਰ ਮੇਰੀ ਨਹੀਂ, ਹਜ਼ਾਰੋਂ ਸਿੱਖ, ਹਿੰਦੂ, ਮੁਸਲਮਾਨੋਂ ਕੀ ਹੈ ਜੋ ਚਲਤੀ-ਫਿਰਤੀ ਲਾਸ਼ੇ ਹੈਂ। ਉਨ ਮੇਂ ਨਾ ਕੋਈ ਧੜਕਨ ਹੈ, ਨਾ ਜੀਨੇ ਕੀ ਤਮੰਨਾ।''

ਉਹ ਵੀ ਦੰਗਿਆਂ 'ਚ ਆਪਣੇ ਸਿੱਖ ਪਰਿਵਾਰ ਦੇ ਕਤਲ ਦੇ ਗ਼ਮ ਨਾਲ ਜੂਝ ਰਿਹਾ ਹੈ।

ਅਮੀਸ਼ਾ ਅਤੇ ਸੰਨੀ ਦਾ ਟਕਰਾਅ

ਗ਼ਦਰ

ਤਸਵੀਰ ਸਰੋਤ, UNIVERSAL PR

ਦੋ ਤਰ੍ਹਾਂ ਦੇ ਬਿਰਤਾਂਤਾਂ ਵਿਚਕਾਰ ਝੂਲਦੀ ਇਸ ਫ਼ਿਲਮ ਵਿੱਚ ਸਕੀਨਾ (ਅਮੀਸ਼ਾ ਪਟੇਲ) ਹੀ ਸ਼ਾਇਦ ਇੱਕੋ-ਇੱਕ ਅਜਿਹਾ ਪਾਤਰ ਹੈ ਜੋ ਧਰਮ ਦੇ ਨਾਂ 'ਤੇ ਹੋ ਰਹੀ ਹਿੰਸਾ 'ਤੇ ਸਵਾਲ ਉਠਾਉਣ ਦੀ ਹਿੰਮਤ ਰੱਖਦੀ ਹੈ।

ਉਹ ਪੁੱਛਦੀ ਹੈ, "ਕਿਸੀ ਕੋ ਹਿੰਦੁਸਤਾਨ ਚਾਹੀਏ ਤਾ ਕਿਸੀ ਕੋ ਪਾਕਿਸਤਾਨ, ਇੰਸਾਨੋਂ ਕੋ ਤੋਂ ਇਨਸਾਨ ਕੀ ਜ਼ਰੂਰਤ ਹੀ ਨਹੀਂ। ਸਿਆਸੀ ਲੋਗ ਫਾਸਲੇ ਪੈਦਾ ਕਰੇਂ ਔਰ ਅੰਜਾਮ ਆਵਾਮ ਕੋ ਭੁਗਤਨਾ ਪੜੇ। ਏ ਹਮ ਕਭੀ ਬਰਦਾਸ਼ਤ ਨਹੀਂ ਕਰੇਂਗੀ।''

ਮਜ਼ਹਬੀ ਰੌਲ਼ੇ ਅਤੇ ਪਗਲਪਣੇ ਵਿਚਕਾਰ ਫ਼ਿਲਮ 'ਗ਼ਦਰ' 'ਚ ਇੱਕ ਪਾਗਲ ਵਿਅਕਤੀ ਦਾ ਕਿਰਦਾਰ ਵਲੀ ਵੀ ਇੱਥੇ ਯਾਦ ਆਉਂਦਾ ਹੈ। ਵਲੀ ਵੰਡ ਮਗਰੋਂ ਪਾਕਿਸਤਾਨ ਦਾ ਨਾਗਰਿਕ ਬਣ ਜਾਂਦਾ ਹੈ ਪਰ ਦਿਮਾਗੀ ਤੌਰ 'ਤੇ ਉਹ ਗਾਂਧੀ ਦੇ ਹਿੰਦੁਸਤਾਨ 'ਚ ਹੀ ਹੈ।

ਇਸ ਲਈ ਜਦੋਂ ਲਾਹੌਰ ਹਵਾਈ ਅੱਡੇ ਕੋਲ ਗਾਜੇ-ਬਾਜੇ ਨਾਲ ਇਕ ਜਲਸਾ ਨਿਕਲ ਰਿਹਾ ਹੁੰਦਾ ਹੈ ਤਾਂ ਉਹ ਕਹਿੰਦਾ ਹੈ, ''ਨਹਿਰੂ ਜੀ ਆ ਰਹੇ ਹੈਂ ਕਯਾ? ਅੰਗਰੇਜੋਂ ਵਾਪਸ ਜਾਓ। ਯੇ ਮੁਲਕ ਹੈ, ਕੋਈ ਖੇਤ ਦਾ ਟੁਕੜਾ ਨਹੀਂ ਜੋ ਕਭੀ ਵੀ ਬਂਟ ਜਾਏਗਾ।''

ਕਾਰਗਿਲ ਯੁੱਧ ਤੋਂ ਬਾਅਦ ਆਈ ਸੀ 'ਗ਼ਦਰ'

ਗ਼ਦਰ

ਤਸਵੀਰ ਸਰੋਤ, UNIVERSAL PR

ਵਲੀ ਦਾ ਇਹ ਕਿਰਦਾਰ ਮੰਟੋ ਦੀ ਕਹਾਣੀ ਟੋਬਾ ਟੇਕ ਸਿੰਘ ਦੇ ਕਿਰਦਾਰ ਬਿਸ਼ਨ ਸਿੰਘ ਦੀ ਯਾਦ ਦਿਵਾਉਂਦਾ ਹੈ।

ਜੇ ਤੁਸੀਂ ਜਾਣੂ ਨਾ ਹੋਵੋ ਤਾਂ ਵੰਡ ਮਗਰੋਂ ਬਿਸ਼ਨ ਸਿੰਘ ਨੂੰ ਲਾਹੌਰ ਦੇ ਪਾਗਲਖਾਨੇ ਤੋਂ ਹਿੰਦੁਸਤਾਨ ਦੇ ਪਾਗਲਖਾਨੇ 'ਚ ਭੇਜਣ ਦਾ ਹੁਕਮ ਆਉਂਦਾ ਹੈ, ਪਰ ਉਹ ਇਹ ਮੰਨਣ ਤੋਂ ਹੀ ਇਨਕਾਰ ਕਰ ਦਿੰਦਾ ਹੈ ਕਿ ਹੁਣ ਉਸ ਦਾ ਕਸਬਾ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਅਤੇ ਉਹ ਭਾਰਤ ਭੇਜਿਆ ਜਾ ਰਿਹਾ ਹੈ।

ਗ਼ਦਰ ਦੇ ਵਲੀ ਨੂੰ ਵੀ ਲੋਕ ਪਾਗਲ ਸਮਝਦੇ ਹਨ, ਪਰ ਸਮਝਦਾਰਾਂ ਦੀ ਜਮਾਤ 'ਚ ਸ਼ਾਇਦ ਉਹੀ ਹੈ ਜੋ ਤਰਕ ਵਾਲੀ ਗੱਲ ਕਰਦਾ ਹੈ।

ਇਸ ਫ਼ਿਲਮ ਨੂੰ ਲੈ ਕੇ ਅਜੇ ਵੀ ਵੰਡੀ ਹੋਈ ਰਾਇ ਹੈ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸ ਦੌਰ 'ਚ ਇਸ ਨੇ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ ਸਨ।

ਇਹ ਫ਼ਿਲਮ ਕਾਰਗਿਲ ਜੰਗ ਦੇ ਦੋ ਸਾਲ ਬਾਅਦ ਰਿਲੀਜ਼ ਹੋਈ ਸੀ।

ਅਜਿਹੇ ਮਾਹੌਲ 'ਚ ਜਦੋਂ ਗ਼ਦਰ ਆਈ ਤਾਂ ਇੱਕ ਹਿੰਦੁਸਤਾਨੀ ਨੂੰ ਸਰਹੱਦ ਪਾਰ ਕਰਕੇ ਸਾਰਿਆਂ ਨਾਲ ਟੱਕਰ ਲੈਣ ਵਾਲੇ ਦਰਸ਼ਕਾਂ ਦਾ ਵਰਗ ਸ਼ਾਇਦ ਪਹਿਲਾਂ ਤੋਂ ਹੀ ਤਿਆਰ ਸੀ।

'ਲਗਾਨ' ਅਤੇ 'ਗ਼ਦਰ' ਦਾ ਦੇਸ਼ ਪ੍ਰੇਮ

ਗ਼ਦਰ

ਤਸਵੀਰ ਸਰੋਤ, UNIVERSAL PR

ਫ਼ਿਲਮ 'ਗ਼ਦਰ' ਅਤੇ 'ਲਗਾਨ' ਇੱਕੋ ਦਿਨ ਰਿਲੀਜ਼ ਹੋਈਆਂ ਸਨ।

ਮੈਨੂੰ ਯਾਦ ਹੈ ਕਿ ਭੋਪਾਲ ਦੇ ਉਹ ਦਿਨ ਜਦੋਂ ਲੋਕ 'ਗ਼ਦਰ' ਦੇ ਸ਼ੋਅ 'ਚੋਂ ਨਿਕਲ ਕੇ 'ਲਗਾਨ' ਦੇਖਣ ਜਾਂਦੇ ਸਨ ਅਤੇ 'ਲਗਾਨ' ਦੇ ਸ਼ੋਅ 'ਚੋਂ ਨਿਕਲ ਕੇ 'ਗ਼ਦਰ' ਦੇਖਣ।

ਇਹ ਦੋਵੇਂ ਹੀ ਫ਼ਿਲਮਾਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰੀਆਂ ਹੋਈਆਂ ਸਨ ਪਰ ਫਿਰ ਵੀ ਬਹੁਤ ਵੱਖਰੀਆਂ ਸਨ।

'ਲਗਾਨ' ਦਾ ਦੇਸ਼ ਪ੍ਰੇਮ ਇੱਕਜੁੱਟਤਾ ਵਾਲੀ ਭਾਵਨਾ 'ਚ ਡੁੱਬਿਆ ਹੋਇਆ ਸੀ, ਜਿੱਥੇ ਹਿੰਸਾ ਨਹੀਂ ਸਗੋਂ ਕ੍ਰਿਕਟ ਨੂੰ ਹਥਿਆਰ ਬਣਾਇਆ ਗਿਆ ਸੀ।

ਜਦਕਿ 'ਗ਼ਦਰ' ਦਾ ਦੇਸ਼ ਪ੍ਰੇਮ ਲਾਊਡ ਅਤੇ ਹਮਲਾਵਰ ਸੁਭਾਅ ਵਾਲਾ ਸੀ, ਜਿਸ ਦੇ ਕੇਂਦਰ 'ਚ ਇੱਕ ਪ੍ਰੇਮ ਕਹਾਣੀ ਸੀ।

'ਗ਼ਦਰ' ਦੀ ਸਫ਼ਲਤਾ ਦਾ ਰਾਜ

ਗ਼ਦਰ

ਤਸਵੀਰ ਸਰੋਤ, Getty Images

ਕਮੀਆਂ ਦੇ ਬਾਵਜੂਦ 'ਗ਼ਦਰ 1' ਨੂੰ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਸੀ।

ਇਰਾ ਭਾਸਕਰ ਕਹਿੰਦੇ ਹਨ, ''ਫ਼ਿਲਮ ਨੂੰ ਮਿਲੀ ਜ਼ਬਰਦਸਤੀ ਕਾਮਯਾਬੀ ਦੇ ਕਈ ਕਾਰਨ ਹਨ। 'ਗ਼ਦਰ' ਵੰਡ ਦੀ ਦਾਸਤਾਨ ਹੈ ਅਤੇ ਉਸ 'ਚ ਬਹੁਤ ਹੀ ਪਿਆਰੀ ਪ੍ਰੇਮ ਕਹਾਣੀ ਦਿਖਾਈ ਗਈ ਹੈ।''

''ਹਿੰਸਾ ਤੇ ਨਫ਼ਰਤ ਵਿਚਕਾਰ ਦੋ ਵੱਖ-ਵੱਖ ਮਜ਼ਹਬਾਂ ਦੇ ਲੋਕਾਂ ਦੀ ਨਾਜ਼ੁਕ ਪ੍ਰੇਮ ਕਹਾਣੀ ਬਹੁਤ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਆਈ ਸੀ। ਵੰਡ ਦੀਆਂ ਕਈ ਫ਼ਿਲਮਾਂ ਵਾਂਗ ਇਹ ਦੁਖਾਂਤ ਵਾਲੀ ਨਹੀਂ ਸਗੋਂ ਸੁਖਾਂਤ ਵਾਲੀ ਕਹਾਣੀ ਸੀ।''

''ਇਸ ਨਾਲ ਵੀ ਫਿਲਮ ਨੂੰ ਫਾਇਦਾ ਹੋਇਆ ਕਿ 'ਗ਼ਦਰ' 'ਚ ਨੈਸ਼ਨਲਿਸਟਿਕ ਸੰਦੇਸ਼ ਸੀ, ਜਿੱਥੇ ਭਾਰਤ ਨੂੰ ਪਾਕਿਸਤਾਨ 'ਤੇ ਹਾਵੀ ਹੁੰਦੇ ਦਿਖਾਇਆ ਗਿਆ ਸੀ - ਇਨ੍ਹਾਂ ਸਾਰੇ ਕਾਰਨਾਂ ਨੇ ਫ਼ਿਲਮ ਨੂੰ ਹਿੱਟ ਹੋਣ 'ਚ ਮਦਦ ਕੀਤੀ।''

ਢਾਈ ਕਿੱਲੋ ਦੇ ਹੱਥ ਵਾਲੇ ਸਨੀ ਦਿਓਲ ਦਾ ਹੱਥ ਨਾਲ ਨਲਕਾ ਪੁੱਟ ਦੇਣਾ, ਇਕੱਲਿਆਂ ਹੀ ਪਾਕਿਸਤਾਨੀ ਫੌਜ ਦਾ ਸਾਹਮਣਾ ਕਰਦੇ ਨਜ਼ਰ ਆਉਣਾ ਅਤੇ ਉਸ ਵਿਚਕਾਰ ਪ੍ਰੇਮ ਦੀ ਕਹਾਣੀ ਤੇ ਅਤਿ ਰਾਸ਼ਟਰਵਾਦ ਦਾ ਤੜਕਾ, ਇਨ੍ਹਾਂ ਸਭ ਨੇ 'ਗ਼ਦਰ' ਨੂੰ ਸਫਲ ਬਣਾਇਆ।

ਬਾਕੀ ਚੀਜ਼ਾਂ ਨੂੰ ਜੋੜਨ ਦਾ ਕੰਮ ਸੰਗੀਤ ਨੇ ਕੀਤਾ। ਆਨੰਦ ਬਖ਼ਸ਼ੀ ਦੇ ਗੀਤ ਅਤੇ ਉੱਤਮ ਸਿੰਘ ਦਾ ਸੰਗੀਤ ਫ਼ਿਲਮ ਦੇ ਹਿੱਟ ਹੋਣ ਦਾ ਇੱਕ ਹੋਰ ਕਾਰਨ ਬਣ ਗਏ।

ਜਦੋਂ ਸਾਂਸਦ ਸੰਨੀ ਨੇ ਕਿਹਾ - ਆਖਿਰ ਹੈ ਤਾਂ ਸਾਰੇ ਇਸੇ ਮਿੱਟੀ ਦੇ

ਗ਼ਦਰ

ਤਸਵੀਰ ਸਰੋਤ, Getty Images

ਫ਼ਿਲਮ ਦੇ ਡਾਇਲੌਗਸ 'ਤੇ ਸਿਨੇਮਾ ਘਰਾਂ 'ਚ ਰੱਜ ਕੇ ਸੀਟੀਆਂ ਤੇ ਤਾੜੀਆਂ ਪੈਂਦੀਆਂ ਸਨ। ਉਹ ਸੀਨ ਜਦੋਂ ਤਾਰਾ ਸਿੰਘ ਦਾ ਸਾਥੀ ਦਰਮਿਆਨ ਸਿੰਘ (ਵਿਵੇਕ ਸੌਕ) ਪਾਕਿਸਤਾਨ ਜਾ ਕੇ ਤੰਜ ਕੱਸਦਾ ਹੈ ਕਿ 'ਬੇਟਾ ਬੇਟਾ ਹੋਤਾ ਹੈ ਔਰ ਬਾਪ ਬਾਪ ਹੋਤਾ ਹੈ।

ਦਰਮਿਆਨ ਸਿੰਘ ਉਂਝ ਤਾਂ ਸਾਈਡ ਰੋਲ 'ਚ ਸੀ ਪਰ ਇਹ ਨਾਮ ਇੱਕ ਤਰ੍ਹਾਂ ਨਾਲ 'ਗ਼ਦਰ' ਦੀ ਅਸਲ ਰੂਹ ਨੂੰ ਦਰਸਾਉਂਦਾ ਹੈ - ਦੋ ਮੁਲਕਾਂ ਵਿਚਕਾਰ ਆਏ ਫਾਸਲੇ ਦਰਮਿਆਨ ਫਸੇ ਲੋਕਾਂ ਦੀ ਕਹਾਣੀ।

ਸਵਾਲ ਉਹੀ ਜੋ ਸ਼ੁਰੂ 'ਚ ਸੀ ਕਿ ਅੱਜ ਦਾ ਤਾਰਾ ਸਿੰਘ ਕਿਹੋ-ਜਿਹਾ ਹੁੰਦਾ - ਦੇਸ਼ ਦੀ ਇੱਜਤ ਲਈ ਕੁਝ ਵੀ ਕਰ ਸਕਣ ਵਾਲਾ, ਮਜ਼ਹਬੀ ਹਿੰਸਾ 'ਚ ਕਤਲ ਕਰਨ ਵਾਲਾ, ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਦੀ ਗੱਲ ਕਰਨ ਵਾਲਾ, ਪਿਆਰ ਲਈ ਆਪਣਾ ਮਜ਼ਹਬ ਤੱਕ ਛੱਡਣ ਲਈ ਰਾਜ਼ੀ ਹੋਣ ਵਾਲਾ? ਜਾਂ ਫਿਰ ਇਨ੍ਹਾਂ ਸਾਰਿਆਂ ਦੇ ਦਰਮਿਆਨ ਕਿਤੇ।

'ਗ਼ਦਰ 2' ਦੀ ਰਿਲੀਜ਼ ਤੋਂ ਪਹਿਲਾਂ ਤਾਰਾ ਸਿੰਘ ਭਾਵ ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਦੇ ਤਾਜ਼ਾ ਬਿਆਨ ਦੀ ਮੰਨੀਏ ਤਾਂ ''ਸਾਰੀ ਗੱਲ ਇਨਸਾਨੀਅਤ ਦੀ ਹੈ।''

''ਸਰਹੱਦ ਦੇ ਦੋਵੇਂ ਪਾਸੇ ਓਨਾ ਹੀ ਪਿਆਰ ਹੈ। ਇਹ ਸਿਆਸੀ ਖੇਡ ਹੁੰਦੀ ਹੈ ਜੋ ਨਫਰਤਾਂ ਪੈਦਾ ਕਰਦੀ ਹੈ। ਆਮ ਲੋਕ ਇੱਕ-ਦੂਜੇ ਨਾਲ ਲੜਨਾ ਨਹੀਂ ਚਾਹੁੰਦੇ। ਆਖਿਰ ਹੈ ਤਾਂ ਸਾਰੇ ਇਸੇ ਮਿੱਟੀ ਦੇ।''

ਫ਼ਿਲਮ ਦਾ ਤਾਂ ਪਤਾ ਨਹੀਂ ਪਰ ਇਸ ਬਿਆਨ ਲਈ ਹੁਣੇ ਤੋਂ ਉਨ੍ਹਾਂ ਦੀ ਟਰੋਲਿੰਗ ਸ਼ੁਰੂ ਹੋ ਗਈ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)